WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਇਰਾਕ ਦੀਆਂ ਚੋਣਾਂ ਤੇ ਅਸ਼ਾਂਤ ਸਥਿਤੀ
- ਚੰਦਰ ਸ਼ੇਖਰ

ਇਰਾਕ ਵਿਚ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਪਰ ਇਸਦੇ ਨਾਲ ਹੀ ਉਥੇ ਲੋਕਤੰਤ੍ਰਿਕ ਸ਼ਾਸਨ ਲਿਆਉਣ ਲਈ ਜਨਵਰੀ ਦੇ ਅਖੀਰ ਤੱਕ ਚੋਣਾਂ ਕਰਾਉਣ ਦੀਆਂ ਤਿਆਰੀਆਂ ਚਲ ਰਹੀਆਂ ਹਨ, ਜਿਸਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਸੰਯੁਕਤ ਰਾਸਟਰ ਨੇ ਕੋਫੀ ਅੰਨਾਨ ਦੇ ਜ਼ਰੀਏ ਚੋਣਾਂ ਕਰਵਾਉਣ ਵਿਚ ਮਦਦ ਦੇਣ ਦਾ ਭਰੋਸਾ ਵੀ ਦਿਤਾ ਹੈ। ਬੇਸ਼ਕ ਪਹਿਲਾਂ ਜੰਗ ਰੋਕਣ ਦੇ ਨਾਂ ਤੇ ਇਰਾਕ ਤੇ ਕੀਤੇ ਗਏ ਹਮਲੇ ਨੂੰ ਗੈਰ ਕਾਨੂੰਨੀ ਕਰਾਰ ਦਿਤਾ ਗਿਆ ਸੀ ਪਰ ਹੁਣ ਲਗਦਾ ਹੈ ਕਿ ਉਨ੍ਹਾਂ ਨੇ ਆਪਣਾ ਵਿਚਾਰ ਬਦਲ ਲਿਆ ਹੈ। ਆਪਣੀ ਇਰਾਕ ਨੀਤੀ ਦੇ ਤਿਖੇ ਵਿਰੋਧ ਦੇ ਬਾਵਜੂਦ ਰਾਸ਼ਟਰਪਤੀ ਬੁਸ਼ ਚੋਣਾਂ ਜਿੱਤ ਕੇ ਆਪਣਾ ਦੂਜਾ ਕਾਰਜਕਾਲ ਸੁਰੂ ਕਰਨ ਲਈ ਅਮਰੀਕੀ ਰਾਸ਼ਟਰਪਤੀ ਭਵਨ ਵਿਚ ਪਹੁੰਚ ਚੁੱਕੇ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਟੋਨੀ ਬਲੇਅਰ ਆਪਣੀਆਂ ਫੌਜਾ ਦਾ ਮਨੋਬਲ ਵਧਾਉਣ ਲਈ ਬਗਦਾਦ ਦੀ ਅਚਾਨਕ ਯਾਤਰਾ ਕਰ ਚੁਕੇ ਹਨ। ਇਸ ਤੋਂ ਸਾਫ ਹੈ ਕਿ ਉਹ ਅੱਜ ਵੀ ਬੁਸ਼ ਦਾ ਸਮਰਥਨ ਕਰ ਰਹੇ ਹਨ।

ਅਮਰੀਕੀ ਰਾਸਟਰਪਤੀ ਦੇ ਅਹੁਦੇ ਲਈ ਹੋਈਆਂ ਚੋਣਾਂ ਦੇ ਪ੍ਰਚਾਰ ਦੌਰਾਨ ਬੁਸ਼ ਇਹ ਮੰਨ ਚੁਕੇ ਹਨ ਕਿ ਇਰਾਕ ਵਿਚ ਜੰਗ ਸ਼ੁਰੂ ਕਰਨ ਦਾ ਉਨ੍ਹਾਂ ਦਾ ਅਨੁਮਾਨ ਸਹੀ ਨਹੀਂ ਸੀ। ਸਪਸ਼ਟ ਤੌਰ ਤੇ ਉਸਦਾ ਫੈਸਲ਼ਾ ਸਮੂਹਿਕ ਤੌਰ ਤੇ ਮਾਰੂ ਹਥਿਆਰਾਂ ਬਾਰੇ ਗਲਤ ਗੁਪਤ ਸੂਚਨਾਵਾਂ ਦੇ ਅਧਾਰ ਤੇ ਕਰ ਲਿਆ ਗਿਆ ਸੀ। ਟੋਨੀ ਬਲੇਅਰ ਆਪਣੀ ਸੰਸਦ ਵਿਚ ਉਨ੍ਹਾਂ ਵਲੋਂ ਦੋ ਕਦਮ ਅੱਗੇ ਵਧ ਗਏ ਤੇ ਉਨ੍ਹਾਂ ਨੇ ਇਰਾਕ ਬਾਰੇ ਗਲਤ ਗੁਪਤ ਸੂਚਨਾਵਾਂ ਲਈ ਸੰਸਦ ਤੋਂ ਮਾਫੀ ਵੀ ਮੰਗ ਲਈ ਪਰ ਉਨ੍ਹਾਂ ਨੇ ਸਦਾਮ ਹੁਸੈਨ ਨੂੰ ਹਟਾਉਣ ਬਾਰੇ ਕਿਸੇ ਵੀ ਤਰ੍ਹਾਂ ਦੀ ਮੁਆਫੀ ਮੰਗਣ ਤੋਂ ਇਨਕਾਰ ਕਰ ਦਿਤਾ। ਉਨ੍ਹਾਂ ਦਾ ਕਹਿਣਾ ਸੀ ਕਿ ਜੰਗ ਦਾ ਫੈਸਲ਼ਾ ਲੈਣਾ ਮੁਸ਼ਕਿਲ ਸੀ ਪਰ ਉਨ੍ਹਾਂ ਨੇ ਇਸ ਬਦਲ ਨੂੰ ਚੁਣਿਆ ਤੇ ਹੁਣ ਉਹ ਇਸ ਤੇ ਕਾਇਮ ਹਨ।

ਮੌਤ ਤੇ ਤਬਾਹੀ ਦਾ ਸਿਲਸਿਲਾ ਜਾਰੀ

ਸਿਆਸਤ ਤੇ ਕੂਟਨੀਤੀ ਵਿਚ ਸ਼ਬਦੀ ਧੋਖਾ ਅਕਸਰ ਚਲਦਾ ਰਿਹਾ ਹੈ ਪਰ ਇਸ ਦੀ ਵੀ ਕੋਈ ਹੱਦ ਹੁੰਦੀ ਹੈ। ਅਮਰੀਕਾ ਨੇ ਇਕ ਮਈ ਨੂੰ ਲੜਾਈ ਖਤਮ ਹੋਣ ਦਾ ਐਲਾਨ ਕਰ ਦਿਤਾ ਪਰ ਇਰਾਕ ਵਿਚ ਅਜੇ ਵੀ ਸ਼ਾਂਤੀ ਕਾਇਮ ਨਹੀਂ ਹੋਈ। ਉਥੇ ਮੌਤ ਤੇ ਤਬਾਹੀ ਦਾ ਸਿਲਸਿਲਾ ਜਾਰੀ ਹੈ{ ਬਾਹਰੀ ਫੌਜਾਂ ਦਾ ਵਿਰੋਧ ਕਰਨ ਵਾਲਾ ਅੰਦੋਲਨ ਬੇਸ਼ਕ ਕਮਜ਼ੋਰ ਹੋ ਗਿਆ ਹੋਵੇ ਪਰ ਉਸਦੇ ਨੇੜੇ ਭਵਿਖ ਵਿਚ ਖਤਮ ਹੋਣ ਦੇ ਸੰਕੇਤ ਨਹੀਂ ਹਨ। ਅਮਰੀਕੀ ਕਮਾਨ ਤੇ ਅੰਤ੍ਰਿਮ ਸਰਕਾਰ ਦੇ ਫੌਜੀਆਂ ਨੂੰ  ਹਥਿਆਰਬੰਦ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਮਰਨ ਵਾਲਿਆਂ ਦੀ ਗਿਣਤੀ ਆਏ ਦਿਨ ਵਧ ਰਹੀ ਹੈ। ਮੀਡੀਆ ਦੇ ਅਨੁਮਾਨ ਮੁਤਾਬਕ ਬਾਹਰੀ ਫੌਜਾਂ ਨਾਲੋਂ ਦਸ ਗੁਣਾਂ ਜ਼ਿਆਦਾ ਇਰਾਕੀ ਮਾਰੇ ਜਾ ਰਹੇ ਹਨ।

ਇਸ ਜੰਗ ਦਾ ਸਭ ਤੋਂ ਜ਼ਿਆਦਾ ਮੰਦਭਾਗਾ ਪਖ ਬਾਹਰਲੇ ਲੋਕਾਂ ਨੂੰ ਬੰਧਕ ਬਣਾਏ ਜਾਣ ਦਾ ਹੈ। ਭਾਰਤੀ ਬੰਧਕ ਬੇਸ਼ਕ ਸੁਰਖਿਅਤ ਘਰ ਪਰਤਣ ਵਿਚ ਸਫਲ ਰਹੇ ਪਰ ਇਹੀ ਸਥਿਤੀ ਨੇਪਾਲੀ ਤੇ ਬ੍ਰਿਟਿਸ਼ ਬੰਧਾਂ ਦੀ ਨਹੀਂ ਹੋ ਸਕੀ। ਅਜੇ ਕੁਝ ਹਫਤੇ ਪਹਿਲਾਂ ਇਕ ਬੰਧਕ ਬ੍ਰਿਟਿਸ਼ ਇੰਜੀਨੀਅਰ ਦੀ ਹਤਿਆ ਕਰ ਦਿਤੀ ਗਈ।

ਅਮਰੀਕਾ ਤੇ ਇਰਾਕ ਦੀ ਅੰਤਿਮ ਸਰਕਾਰ ਦੋਵੇਂ ਹੀ ਆਮ ਸਥਿਤੀ ਬਹਾਲ ਕਰਨ ਲਈ ਉਤਾਵਲੀਆਂ ਹਨ ਪਰ ਅਜਿਹੀ ਸਥਿਤੀ ਹੋਣ ਦੇ ਕੋਈ ਸੰਕੇਤ ਨਹੀਂ ਹਨ। ਸਦਾਮ ਹੁਸੈਨ ਨੂੰ ਸੁਰਖਿਆ ਲਈ ਖਤਰਾ ਮੰਨ ਕੇ ਉਨ੍ਹਾਂ ਨੂੰ ਗਦੀਓਂ ਲਾਹ ਦਿਤਾ ਗਿਆ ਤੇ ਹੁਣ ਉਨ੍ਹਾਂ ਵਿਰੁਧ ਮੁਕਦਮਾ ਚਲਾਇਆ ਜਾ ਰਿਹਾ ਹੈ ਪਰ ਸਮੂਹਿਕ ਕਤਲੇਆਮ ਦੇ ਹਥਿਆਰ ਅਜੇ ਤਕ ਵੀ ਮਰਿਗ ਤ੍ਰਿਸ਼ਨਾ ਬਣੇ ਹੋਏ ਹਨ। ਸੰਯੁਕਤ ਰਾਸਟਰ ਹਥਿਆਰ ਨਿਰੀਖਣ ਦਲ ਦੇ ਲੀਡਰ ਹਾਂਸ ਬਲਿਕਸ ਨੇ ਜੰਗ ਸੁਰੂ ਹੋਣ ਤੋਂ ਪਹਿਲਾਂ ਹੀ ਕਹਿ ਦਿਤਾ ਸੀ ਕਿ ਉਨ੍ਹਾਂ ਦੀ ਟੀਮ ਨੂੰ ਅਜਿਹੇ ਹਥਿਆਰਾਂ ਦਾ ਕੋਈ ਨਾਮੋ ਨਿਸ਼ਾਨਾ ਵੀ ਨਹੀਂ ਮਿਲਿਆ। ਬ੍ਰਿਟਿਸ਼ ਮਾਹਿਰ ਡੇਵਿਡ ਕੈਲੀ ਨੇ ਇਨ੍ਹਾਂ ਹਥਿਆਰਾਂ ਬਾਰੇ ਗੁਪਤ ਰਿਪੋਰਟ ਨੂੰ ਗਲਤ ਕਰਾਰ ਦਿਤਾ ਸੀ, ਜਿਸਦੀ ਉਨ੍ਹਾਂ ਨੂੰ ਕੀਮਤ ਚੁਕਾਉਣੀ ਪਈ ਸੀ।

ਚੋਣਾਂ ਕਿਵੇਂ ਹੋਣਗੀਆਂ

ਮੌਜੂਦਾ ਸਥਿਤੀਆਂ ਵਿਚ ਇਹ ਅੰਦਾਜ਼ਾ ਲਾਉਣਾ ਔਖਾ ਹੈ ਕਿ ਚੋਣਾਂ ਅਜ਼ਾਦ ਤੇ ਨਿਰਪਖ ਕਿਵੇਂ ਹੋ ਸਕਣਗੀਆਂ ਪਰ ਇਸ ਸਥਿਤੀ ਦੇ ਬਾਵਜੂਦ ਸ਼ੀਆ ਮੁਸਲਮਾਨਾਂ ਦਾ ਧੜਾ ਚੋਣ ਸੰਯੁਕਤ ਮੋਰਚੇ ਵਿਚ ਸ਼ਾਮਲ ਹੋ ਗਿਆ ਹੈ?

ਸ਼ੀਆ ਮੁਸਲਮਾਨਾਂ ਦੇ ਧਾਰਮਿਕ ਨੇਤਾ ਅਲੀ ਅਲ ਸਿਸਤਾਨੀ ਦਾ ਇਨ੍ਹਾਂ ਉਪਰ ਅਸਰ ਹੈ ਪਰ ਇਰਾਕੀਆਂ ਦੇ ਇਕ ਵਰਗ ਨੇ ਇਸਦਾ ਵਿਰੋਧ ਕੀਤਾ ਹੈ। ਸੰਯੁਕਤ ਰਾਸਟਰ ਵੀ ਚੋਣਾਂ ਦੀ ਤਿਆਰੀ ਵਿਚ ਲਗੇ ਆਪਣੇ ਅਧਿਕਾਰੀਆਂ ਦੀ ਸੁਰਖਿਆ ਨੂੰ ਲੈ ਕੇ ਚਿੰਤਤ ਹੈ। ਅਜੇ ਕੁਝ ਹੀ ਸਮਾਂ ਪਹਿਲਾਂ ਇਥੇ ਇਕ ਸੀਨੀਅਰ ਅਧਿਕਾਰੀ ਦੀ ਹਤਿਆ ਕਰ ਦਿਤੀ ਗਈ ਸੀ।

ਅਜਿਹਾ ਲਗਦਾ ਹੈ ਕਿ ਅਮਰੀਕਾ ਇਰਾਕ ਵਿਚ ਚੋਣਾਂ ਲਈ ਅਫਗ਼ਾਨਿਸਤਾਨ ਵਾਲਾ ਤਰੀਕਾ ਅਪਣਾਉਣਾ ਚਾਹੁੰਦਾ ਹੈ ਪਰ ਅਫਗ਼ਾਨਿਸਤਾਨ ਵਿਚ ਚੁਣੀ ਹੋਈ ਸਰਕਾਰ ਦੇ ਆਦੇਸ਼ ਪੂਰੇ ਦੇਸ਼ ਵਿਚ ਨਹੀਂ ਚਲਦੇ। ਉਥੇ ਕਬਾਇਲੀ ਸਰਦਾਰਾਂ ਦੇ ਹਥਿਆਰਬੰਦ ਧੜਿਆਂ ਦਾ ਆਪੋ ਆਪਣੇ ਖੇਤਰ ਤੇ ਕਬਜ਼ਾ ਹੈ। ਇਸ ਤੋਂ ਇਲਾਵਾ ਕਾਬੁਲ ਤੇ ਬਗਦਾਦ ਦੇ ਹਾਲਾਤ ਵਿਚ ਫਰਕ ਹੈ। ਪਾਕਿਸਤਾਨ ਸਮਰਥਿਤ ਤਾਲਿਬਾਨ ਹੁਣ ਲਗਭਗ ਅਫਗ਼ਾਨਿਸਤਾਨ ਤੋਂ ਬਾਹਰ ਹਨ ਤੇ ਪਾਕਿਸਤਾਨ ਦੀ ਸਰਹੱਦ ਅੰਦਰ ਉਨ੍ਹਾਂ ਨੇ ਪਨਾਹ ਲਈ ਹੋ ਹੈ।

ਇਰਾਕ ਵਿਚ ਸਥਾਨਕ ਧੜੇ ਹਨ ਜੋ ਵਿਦੇਸ਼ੀ ਫੌਜਾਂ ਦਾ ਵਿਰੋਧ ਕਰ ਰਹੇ ਹਨ। ਸਾਡੀ ਇੱਛਾ ਹੈ ਕਿ ਇਰਾਕ ਵਿਚ ਛੇਤੀ ਤੋਂ ਛੇਤੀ ਸ਼ਾਂਤੀ ਤੇ ਆਮ ਸਥਿਤੀ ਬਹਾਲ ਹੋਵੇ। ਉਥੋਂ ਦੇ ਲੋਕਾਂ ਦੀ ਪੀੜਾ ਕੌਮਾਂਤਰੀ ਚਿੰਤਾ ਦਾ ਕਾਰਨ ਬਣੀ ਹੋਈ ਹੈ। ਅਕਸਰ ਕਿਹਾ ਜਾਂਦਾ ਹੈ ਕਿ ਯੁੱਧ ਨਾਲ ਕੋਈ ਸਮੱਸਿਆ ਹੱਲ ਨਹੀਂ ਹੁੰਦੀ।

ਦੋ ਵਿਸ਼ਵ ਯੁੱਧਾਂ ਦਾ ਇਹੀ ਤਜਰਬਾ ਹੈ। ਠੰਡੀ ਜੰਗ ਅੱਦੀ ਸੱਦੀ ਤਕ ਚਲੀ ਤੇ ਉਸਦੇ ਮਾੜੇ ਨਤੀਜਿਆਂ ਨੂੰ ਸਾਰਿਆਂ ਨੇ ਦੇਖਿਆ।

ਅਜਿਹੇ ਮਾਮਲਿਆਂ ਵਿਚ ਦੈਵੀ ਸ਼ਕਤੀਆਂ ਦੀ ਦਖਲਅੰਦਾਜ਼ੀ ਵੀ ਅਕਸਰ ਦੇਰੀ ਨਾਲ ਹੁੰਦੀ ਹੈ ਤੇ ਉਹ ਵੀ ਹਮਲਾਵਰਾਂ ਦੇ ਪਖ ਵਿਚ ਚਲੀ ਜਾਂਦੀ ਹੈ। ਇਨ੍ਹਾਂ ਹਾਲਾਤ ਵਿਚ ਜੋ ਤੰਤਰ ਕਾਇਮ ਹੁੰਦਾ ਹੈ, ਉਹ ਆਪਣੀ ਦਮਨਕਾਰੀ ਤਾਕਤ ਜ਼ਰੀਏ ਵਿਰੋਧ ਕਰਨ ਵਾਲਿਆਂ ਤਾਕਤਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ। ਅਜਿਹੇ ਤੰਤਰ ਦਾ ਸਾਹਮਣਾ ਜਨਤਾ ਦੀ ਨੈਤਿਕ ਹਿੰਮਤ ਦੇ ਬਲ ਤੇ ਸਿਰਫ ਅਹਿੰਸਾ ਰਾਹੀਂ ਕੀਤਾ ਜਾ ਸਕਦਾ ਹੈ।

ਸ਼ੁਰੂ ਵਿਚ ਦਮਨਕਾਰੀ ਤੰਤਰ ਸਫਲ ਹੁੰਦਾ ਲਗਦਾ ਹੈ ਪਰ ਅਖੀਰ ਵਿਚ ਉਸਦੀ ਹਾਰ ਹੀ ਹੁੰਦੀ ਹੈ ਦੁਨੀਆ ਨੂੰ ਅਜਿਹੇ ਮਾਮਲਿਆਂ ਵਿਚ ਮਹਾਤਮਾ ਗਾਂਧੀ ਦੀ ਅਗਵਾਈ ਵਾਲੇ ਭਾਰਤ ਦੇ ਤਜਰਬਿਆਂ ਤੇ ਅਮਲ ਕਰਨਾ ਚਾਹੀਦਾ ਹੈ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com