WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਸਹਿਕ ਰਿਹਾ ਪੰਜਾਬੀ ਸੱਭਿਆਚਾਰਕ ਵਿਰਸਾ ਤੇ ਪੰਜਾਬੀ ਬੋਲੀ
ਡਾ: ਅਮਰਜੀਤ ਸਿੰਘ ਟਾਂਡਾ, ਸਿਡਨੀ

ਡਾ: ਟਾਂਡਾ

ਪੰਜਾਬੀ ਸੱਭਿਆਚਾਰ, ਵਿਰਸਾ ਤੇ ਪੰਜਾਬੀ ਬੋਲੀ ਦੁਨੀਆਂ ਚ ਇਕ ਸੱਜਰੀ ਨਵੀਂ ਵਿਲੱਖਣਤਾ ਰੱਖਦੀ ਹੈ। ਇਸ ਦੀ ਝਲਕ ਕਿਸੇ ਨਵ-ਵਿਆਹੇ ਜੋੜੇ ਦੇ ਅੰਗ ਸੰਗ ਹੋ ਕੇ ਹੀ ਜਾਂ ਦੇਖ ਕੇ ਹੀ ਪਤਾ ਲਗਦੀ ਹੈ। ਅਗਾਂਹ ਨੂੰ ਨੱਠੇ ਜਾ ਰਹੇ ਅੱਜ ਕਲ ਦੇ ਤੇਜ ਗਤੀ ਵਾਲੇ ਜ਼ਮਾਨੇ ਚ, ਟੀ ਵੀ, ਫ਼ਿਲਮਾਂ, ਸੰਗੀਤਕਾਰਾਂ, ਗਾਇਕਾਂ ਦੇ ਪੈਰਾਂ ਹੇਠ ਦਰੜਿਆ ਜਾ ਰਿਹਾ ਹੈ, ਪੰਜਾਬੀ ਸੱਭਿਆਚਾਰ, ਪੰਜਾਬੀ ਬੋਲੀ ਤੇ ਵਿਰਸਾ। ਫ਼ਿਲਮਾਂ, ਟੀ ਵੀ, ਤੇ ਗਾਇਕਾਂ ਨੇ ਪੱਛਮ ‘ਚੋਂ ਰੋਲ ਕੇ ਕਈ ਤਰ੍ਹਾਂ ਨਿਕਸੁਕ ਸਾਡੀਆਂ ਜੇਬਾਂ ‘ਚ ਏਨਾ ਕੁਝ ਰਲਾ ਮਿਲਾ ਕੇ ਪਾ ਦਿੱਤਾ ਹੈ ਤੇ ਪਾਈ ਜਾ ਰਹੇ ਹਨ, ਕਦੇ 2 ਇੰਜ਼ ਲੱਗਦਾ ਹੈ ਕਿ ਨਾ ਇਹ ਪੰਜਾਬੀ ਰਹਿਣੀ ਹੈ ਤੇ ਨਾ ਹੀ ਸਾਡਾ ਪੰਜਾਬੀ ਸੱਭਿਆਚਾਰ, ਸੰਗੀਤ ਚ, ਪਹਿਰਾਵੇ ਚ, ਬੋਲਚਾਲ ਚ, ਰਹਿਣ ਸਹਿਣ ਚ ਕਾਫ਼ੀ ਤਬਦੀਲੀ ਆ ਚੁੱਕੀ ਹੈ-ਪਰ ਕਈ ਕਹਿਣਗੇ ਕਿ ਨਹੀਂ ਅਜੇਹਾ ਕੁਝ ਨਹੀਂ ਹੋਣ ਲੱਗਾ ਭਵਿੱਖ ਤਾਂ ਸਗੋਂ ਸੁਨਹਿਰੀ ਆ ਰਿਹਾ ਹੈ-ਤੁਹਾਡੀ ਸੋਚ ਹੀ ਗਲਤ ਹੈ। ਘਰਾਂ ਚ ਪੰਜਾਬੀ ਬੋਲਣੀ ਲੋਕ ਆਪਣੀ ਹੱਤਕ ਜਾਂ ਨੀਵਾਂਪਣ ਸਮਝਦੇ ਹਨ, ਸਗੋਂ ਇਹ ਸਮਝੋ ਕਿ ਪੰਜਾਬੀ ਦੀ ਪੀੜ੍ਹੀ ‘ਤੇ ਅੰਗਰੇਜ਼ੀ ਜਾਂ ਹਿੰਦੀ ਆ ਕੇ ਬੈਠਣ ਲੱਗ ਪਈ ਹੈ ਜਾਂ ਕਹੋ ਕਿ ਅਸੀਂ ਇਹਨਾਂ ਲਈ ਆਪਣੀ ਪੀੜ੍ਹੀ ਛੱਡੀ ਜਾ ਰਹੇ ਹਾਂ-ਫ਼ਿਲਮਾਂ ਚ ਪੰਜਾਬੀ ਸਾਡਾ ਮਜ਼ਾਕ ਬਣ ਗਈ ਹੈ, ਸਿੱਖ ਜਾਂ ਪੰਜਾਬੀ ਦਾ ਰੱਜ ਕੇ ਮਜ਼ਾਕ ਉਡਾਇਆ ਜਾਂਦਾ ਹੈ। ਮੈਂ ਸ਼੍ਰੀਮਤੀ ਅ ਕੌਰ ਦਾ ਤੇ ਰਾਜ ਭੁਪਿੰਦਰ ਸਿੰਘ ਹੋਰਾਂ ਦਾ ਰਿਣੀ ਰਹਾਂਗਾ ਕਿ ਉਹਨਾਂ ਮੈਨੂੰ ਹੁੰਗਾਰਾ ਦਿਤਾ ਹੈ ਤੇ ਆਪਣੇ ਸੁਝਾਅ ਘੱਲੇ। ਦੋਸਤੋ ਇਹ ਮਾਂਬੋਲੀ ਵਾਸਤੇ ਤੜਫ ਮੇਰੀ ਕੱਲੇ ਦੀ ਨਹੀਂ ਹੈ ਸਗੋਂ ਕਈ ਕਲਮਾਂ ਤੇ ਮੱਥਿਆਂ ਦੀ ਹੈ-ਜੋ ਘੱਟ ਬੋਲਦੀਆਂ ਹਨ-ਪਰ ਜਾਣਦੀਆਂ ਜਰੂਰ ਨੇ। ਇਹ ਸਭ ਕੁਝ ਨੂੰ ਮਹਿਸੂਸ ਕਰਕੇ ਜੀਅ ਕੀਤਾ ਕਿ ਮੈਂ ਵੀ ਆਪਣੇ ਹੋਰ ਪੰਜਾਬੀ ਵੀਰਾਂ ਦੇ ਨਾਲ ਆਪਣਾ ਇਹ ਦੁੱਖ ਵੰਡਾਵਾਂ ਤੇ ਲੋਕਾਂ ਨੂੰ ਸ਼ਰੀਕ ਕਰਨ ਦੀ ਕੋਸ਼ਿਸ਼ ਕਰਾਂ। ਵੈਸੇ ਗੱਲ ਠੀਕ ਹੈ ਕਿ ਸੁੱਤੇ ਨੂੰ ਤਾਂ ਕੋਈ ਜਗਾ ਲਏਗਾ ਪਰ ਮਦਹੋਸ਼ ਦਾ ਕੀ ਕਰੂ ਕੋਈ। ਪਰ ਖੈਰ ਹੀਲਾ ਵਸੀਲਾ ਕਰਨਾਂ ਇਨਸਾਨ ਦਾ ਫਰਜ ਹੈ, ਸ਼ਾਇਦ ਕੋਈ ਗਾਰੜੂ ਮੰਤਰ ਲੱਭ ਲਈਏ ਜਿਵੇਂ ਦੋਸਤਾਂ ਨੇ ਸਲਾਹ ਦਿਤੀ ਹੈ।

ਸ਼ਰਮ ਅਤੇ ਹਯਾ ਨਾਰੀ ਦੇ ਦੋ ਗਹਿਣੇ ਆਪਾਂ ਹੀ ਬਚਾ ਸਕਦੇ ਹਾਂ। ਜਿੱਥੇ ਬੇ-ਲੋੜਾ ਪਰਦਾ ਠੀਕ ਨਹੀਂ ਉੱਤੇ ਬੇਲੋੜਾ ਨੰਗੇਜ ਲੱਚਰਤਾ ਪੈਦਾ ਕਰ ਰਿਹਾ ਹੈ, ਕਾਫੀ ਵਿਚਾਰਨ ਵਾਲੀ ਗ‘ਲ ਹੈ। ਸਿੱਖ ਸਮਾਜ ਨੇ ਦਸਤਾਰ ਨੂੰ ਜੇ ਆਪਣੀ ਪਛਾਣ ਬਣਾਇਆ ਹੈ ਤਾਂ ਇਹ ਸਿਰਫ ਮਰਦਾਂ ਵਾਸਤੇ ਨਹੀਂ ਹੈ, ਇੱਕ ਔਰਤ ਵਾਸਤੇ ਵੀ ਉਨੀ ਹੀ ਜਰੂਰੀ ਹੈ। ਇੱਕ ਦਸਤਾਰਧਾਰੀ ਮਰਦ ਨਾਲ ਜਦੋਂ ਉਸਦੀ ਔਰਤ ਨੰਗੇ ਸਿਰ ਸਮਾਜ ਵਿੱਚ ਵਿਚਰਦੀ ਹੈ ਤਾਂ ਸਵਾਲੀਆ ਚਿੰਨ ਲੱਗਣਾਂ ਹੀ ਲੱਗਣਾਂ ਹੈ-ਅਜਿਹਾ ਕਿਉਂ ਹੈ? ਆਪ ਨੰਗੇ ਸਿਰ ਰਹਿਣ ਵਾਲੀ ਸਿੱਖ ਔਰਤ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਸਿਰ ਢੱਕਣ ਲਈ ਕਹਿ ਸਕਦੀ ਹੈ, ਇਹ ਬਹੁਤ ਹੀ ਸਲਾਉਣਯੋਗ ਉਦਾਹਰਣ ਬਣ ਕੇ ਕਈ ਕੁਝ ਸੁਆਰ ਸਕਦੀ ਹੈ, ਜੇ ਵਿਗਾੜ ਨਹੀਂ ਸਕਦੀ ਤਾਂ।

ਪੰਜਾਬੀ-ਬੋਲੀ ਤੇ ਪੰਜਾਬੀ-ਸਭਿਆਚਾਰ ਨੂੰ ਬਚਾਉਣ ਦੀ ਪੁਕਾਰ: ਇਸ ਨੂੰ ਸਮੇਂ ਦੀ ਲੋੜ ਸਮਝ ਕੇ, ਤਰਜੀਹ ਦਿਤੀ ਜਾਵੇਗੀ। ਪੰਜਾਬੀ ਸਮਾਜ, ਭਾਸ਼ਾ, ਗੀਤ, ਰੀਤੀ-ਰਿਵਾਜ ਜੇ ਏਦਾਂ ਹੀ ਵਿਗੜਦੇ ਗਏ ਜਾਂ ਮਰ ਗਏ ਤਾਂ ਪੰਜਾਬੀ ਸਭਿਆਚਾਰ ਦਾ ਕੁਝ ਨਹੀਂ ਬਚਣਾਂ, ਤੇ ਨਵੀਂ ਪੀੜ੍ਹੀ ਨੇ ਸਾਨੂੰ ਮੁਆਫ ਨਹੀਂ ਕਰਨਾ। ਪੰਜਾਬੀ ਸਮਾਜ ਵਿਚ ਵੱਖ ਵੱਖ ਤਰਾਂ ਦੇ ਲੋਕ ਸਮੂਹ ਵਿਚ ਵਿਚਰਦੇ ਪੰਜਾਬੀ ਪਹਿਰਾਵੇ ਚ ਰਹਿਣ ਤਾਂ ਹੀ ਆਪੋ ਆਪਣੀ ਪਛਾਣ ਕਾਇਮ ਰੱਖ ਸਕਦੇ ਹਨ । ਆਪੋ ਆਪਣੇ ਮੇਲੇ ਤਿਉਹਾਰ ਦੂਜਿਆਂ ਨਾਲ ਸਾਂਝੇ ਤੌਰ ਤੇ ਮਨਾਉਂਦੇ ਪੱਛਮੀ ਸਭਿਆਚਾਰ ਲਈ ਬੂਹੇ ਨਾ ਖੋਲ੍ਹੋ, ਜੇ ਮਾਂ ਆਪਣੇ ਹੱਥਾਂ ਚ ਹੀ ਸਹਿਕਦੀ ਮਰ ਗਈ ਤਾਂ ਦੇਖ ਲੈਣਾ ਸਾਨੂੰ ਕਿਤੇ ਵੀ ਢੋਈ ਨਹੀਂ ਮਿਲਣੀ।

ਮੀਡੀਏ ਵਿਚ ਬਤੌਰ ਪੰਜਾਬੀ ਅਸੱਭਿਆਚਾਰ ਦੀ ਪੇਸਕਸ ’ਤੇ ਵਿਦਰੋਹ ਕਰੋ: ਅਸਲ ਚ ਮੀਡੀਏ ਨੇ ਹੀ ਪੰਜਾਬੀ-ਬੋਲੀ ਤੇ ਪੰਜਾਬੀ-ਸਭਿਆਚਾਰ ਦੀ ਬੇੜੀ ਚ ਵੱਟੇ ਪਾਏ ਨੇ। ਮੌਜੂਦਾ ਸਮੇਂ ਵਿਚ ਪੰਜਾਬੀ ਸਭਿਆਚਾਰ ਨੂੰ ਮੀਡੀਏ ਵਿਚ ਬਤੌਰ ਪੰਜਾਬੀ ਅਸਭਿਆਚਾਰ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਤੇ ਅਸੀਂ ਵੇਖ 2 ਹੱਸ ਛੱਡਦੇ ਹਾਂ ਜਾਂ ਟੀਵੀ, ਫਿਲਮ ਨੂੰ ਛੱਡ ਕੇ ਆਪਣੇ ਕਮਰੇ ਚ ਜਾ ਬੈਠਦੇ ਹਾਂ। ਐਸਾ ਕੋਈ ਵੀ ਮਾੜੇ ਤੋਂ ਮਾੜਾ ਸੀਨ ਨਹੀਂ ਜੋ ਕਿ ਪੰਜਾਬੀ ਵੀਡੀਓ ਵਿਚ ਨਾਂ ਦਿਖਾਇਆ ਗਿਆ ਹੋਵੇ । ਕੌਣ ਹੈ ਇਹਨਾਂ ਨੂੰ ਪਾਸ ਕਰਦਾ-ਕੀ ਸਰਕਾਰਾਂ ਦੀਆਂ ਅੱਖਾਂ ਤੇ ਫੇਹੇ ਬੰਨ੍ਹੇ ਹੋਏ ਨੇ ਜਾਂ ਓਦਾਂ ਹੀ ਏਸ ਗੱਲੋਂ ਅਵੇਸਲੇ ਨੇ। ਪਰ ਇਸ ਸਭ ਨੂੰ ਉਤਸ਼ਾਹਿਤ ਕਰਨ ਵਿਚ ਬਹੁਤੇ ਪੰਜਾਬੀ ਹੀ ਜਿੰਮੇਵਾਰ ਹਨ । ਅਸ਼ਲੀਲਤਾ ਅਤੇ ਲੱਚਰਤਾ ਬਾਰੇ ਫਿਲਮਾਂ ਅਤੇ ਟੀ.ਵੀ ਵਾਲਿਆਂ ਨੂੰ ਮਜਬੂਰ ਕੀਤਾ ਜਾਵੇਗਾ ਕਿ ਬੇਸ਼ਰਮ ਕੁੜੀਆਂ ਦਾ ਡਿਸਕੋ ਡਾਂਸ ਨਾਂ ਦਿਖਾਇਆ ਜਾਏ। ਪਹਿਲਾਂ ਸਿਰ ਨੰਗਾ ਹੋਇਆ ਫਿਰ ਹੌਲੀ ਹੌਲ਼ੀ ਉਸ ਦਾ ਨੰਗੇਜ ਵੱਧਦਾ ਜਾ ਰਿਹਾ ਹੈ, ਜਿਸ ਦਾ ਨਤੀਜਾ ਲੱਚਰਤਾ ਸਾਡੇ ਸਭ ਦੇ ਸਾਹਮਣੇ ਹੈ। ਸੋ ਇਸ ਅਸ਼ਲੀਲਤਾ ਅਤੇ ਲੱਚਰਤਾ ਨੂੰ ਬੰਦ ਕਰਨਾਂ ਹੈ ਤਾਂ ਯੋਗ ਪਰਦਾ ਕਰਨਾ ਪਏਗਾ।

ਦੋਸਤੋ ਕੁਝ ਤਾਂ ਸੋਚੋ, ਕਿਉਂ ਨਹੀਂ ਵਧੀਆ ਪੰਜਾਬੀ-ਬੋਲੀ ਤੇ ਪੰਜਾਬੀ-ਸਭਿਆਚਾਰ ਦੇ ਮੀਡੀਏ ਨੂੰ ਸ਼ਿੰਗਾਰਦੇ।

ਲੱਚਰ ਗਾਣੇ: ਲੱਚਰਤਾ ਵਾਲੇ ਗਾਣੇ ਲਿਖਣ ਗਾਉਣ ਵਾਲਿਆਂ ਨੂੰ ਪਹਿਲਾਂ ਮਨਾਂਵਾਂਗੇ-ਕਿ ਪੰਜਾਬੀ ਚ ਬਹੁਤ ਸ਼ਬਦ ਨੇ ਲਿਖਣ ਵਾਲੇ-ਹੋ ਸਕੇ ਤਾਂ ਪਹਿਲਾਂ ਨੰਦ ਲਾਲ ਨੂਰ ਪੁਰੀ, ਧਨੀ ਰਾਮ ਚਾਤ੍ਰਿਕ, ਸ਼ਿਵ ਕੁਮਾਰ, ਜਾਂ ਹੋਰ ਵਧੀਆ ਸ਼ਾਇਰਾਂ ਨੂੰ ਪੜ੍ਹ ਕੇ ਦੇਖ ਲੈਣ-ਏਦਾਂ ਹੀ ਗਲਪ ਵਾਸਤੇ ਵੀ ਅਨੇਕਾਂ ਕਲਮਾਂ ਹਨ- ਬਹੁਤ ਭੰਡਾਰ ਹੈ ਸਾਡੇ ਵਿਹੜੇ ਚ।

ਘਟੀਆ ਗੀਤਾਂ ਦੀਆਂ ਐਲਬਮਾਂ ’ਤੇ ਰੋਕਾਂ ਲਾਓ: ਜਦੋਂ ਵੀ ਕੋਈ ਘਟੀਆ ਗੀਤਾਂ ਦੀ ਐਲਬਮ ਬਾਜਾਰ ਵਿਚ ਆਉਂਦੀ ਹੈ ਤਾਂ ਇਸ ਦੀ ਖਰੀਦ ਧੜਾ ਧੜ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਖਰੀਦਦਾਰ ਕੌਣ ਹੁੰਦੇ ਹਨ-ਅਸੀਂ ਪੰਜਾਬੀ ਪਹਿਲਾਂ ਹੁੰਦੇ ਹਾਂ । ਬਾਣੀਏ ਨੇ ਤਾਂ ਵਪਾਰ ਕਰਨਾ ਹੈ ਯਾਰੋ, ਉਹਨੂੰ ਤਾਂ ਚਾਹੀਦਾ ਹੈ ਪੈਸਾ। ਇਸ ਤਰਾਂ ਦੀਆਂ ਐਲਬਮਾਂ ਵੇਚਣ ਵਾਲੇ ਦੁਕਾਨਦਾਰਾਂ ਦਾ ਸ਼ਿੰਗਾਰ ਕਰੂਪ ਕੀਤਾ ਜਾਵੇ ਤਾਂਹੀ ਕੁਝ ਬਣੇਗਾ।

ਫਿਲਮਾਂ ਵਿਚ ਸਿੱਖਾਂ ਦਾ ਤੇ ਪੰਜਾਬੀ ਦਾ ਮਜਾਕ ਰੋਕਿਆ ਜਾਵੇ: ਫਿਲਮਾਂ ਵਿਚ ਸਿੱਖਾਂ ਦਾ ਤੇ ਪੰਜਾਬੀ ਦਾ ਮਜਾਕ ਰੱਜ ਕੇ ਉਡਾਇਆ ਜਾਂਦਾ ਹੈ ਉਹ ਸਦਾ ਲਈ ਰੋਕਿਆ ਜਾਊ। ਫਿਲਮਾਂ ਦੇ ਪ੍ਰਡਿਊਸਰਾਂ ਨੂੰ ਪਹਿਲਾਂ ਅਰਜ ਕੀਤੀ ਜਾਊ, ਫੇਰ ਲੋਕਾਂ ਦੇ ਕਟਹਿਰੇ ਚ ਲਿਆਂਦਾ ਜਾਊ, ਜੇ ਫੇਰ ਵੀ ਉਹੀ ਕਰਨਗੇ ਤਾਂ ਅਗਲੀ ਕੋਈ ਸੋਚ ਧਾਰਨੀ ਕਰਨੀ ਪਊ। ਨਾ ਅਸਲੀ ਪੰਜਾਬੀ ਬੋਲੀ ਜਾਂਦੀ ਹੈ, ਨਾ ਅਸਲੀ ਪਹਿਰਾਵਾ ਹੁੰਦਾ ਹੈ। ਪੰਜਾਬਣ ਤਾਂ ਹੁਣ ਰਹੀ ਹੀ ਨਹੀਂ, ਕਿਸੇ ਕਨੇਡੇ ਜਾਂ ’ਮਰੀਕਾ ਤੋਂ ਸਦਾ ਆਉਦੀ ਹੈ।

ਔਰਤਾਂ ਵਿੱਚ ਚੇਤਨਾਂ : ਔਰਤਾਂ ਵਿੱਚ ਚੇਤਨਾਂ ਪੈਦਾ ਕੀਤੀ ਜਾਏ ਕਿ ਉਹ ਕੋਈ ਸ਼ੋ ਪੀਸ ਨਹੀਂ ਹੈ ਜੋ ਦੂਸਰਿਆਂ ਦੇ ਮਨੋਰੰਜਨ ਵਾਸਤੇ ਆਪਣੀ ਸ਼ਰਮ ਹਯਾ ਨੂੰ ਛਿੱਕੇ ਟੰਗ ਦੇਣ। ਉਸ ਨੇ ਸਮਾਜ ਉਸਾਰੀ ਵਾਸਤੇ ਹੋਰ ਵੀ ਬਹੁਤ ਸਾਰੇ ਕੰਮ ਕਰਨੇ ਹਨ, ਭਾਵ ਨਾਰੀ ਵਰਗ ਨੂੰ ਆਪਣੇ ਫਰਜਾਂ ਦਾ ਅਹਿਸਾਸ ਕਰਇਆ ਜਾਵੇਗਾ।

ਘਰਾਂ ਵਿਚ ਪੰਜਾਬੀ ਦੀ ਥਾਂ ਅੰਗਰੇਜੀ ਬੋਲਣ ਨੂੰ ਪਹਿਲ ਦੇਣੀ: ਘਰਾਂ ਚ ਪੰਜਾਬੀ ਬੋਲਣੀ ਲੋਕ ਆਪਣੀ ਹੱਤਕ ਜਾਂ ਨੀਵਾਂਪਣ ਸਮਝਦੇ ਹਨ, ਸਗੋਂ ਇਹ ਸਮਝੋ ਕਿ ਪੰਜਾਬੀ ਦੀ ਪੀੜ੍ਹੀ ‘ਤੇ ਅੰਗਰੇਜ਼ੀ ਜਾਂ ਹਿੰਦੀ ਆ ਕੇ ਬੈਠਣ ਲੱਗ ਪਈ ਹੈ ਜਾਂ ਕਹੋ ਕਿ ਅਸੀਂ ਇਹਨਾਂ ਲਈ ਪੀੜ੍ਹੀ ਛੱਡ ਦਿੱਤੀ ਹੈ-ਫਿਲਮਾਂ ਚ ਪੰਜਾਬੀ ਸਾਡਾ ਮਜ਼ਾਕ ਬਣ ਗਈ ਹੈ, ਸਿੱਖ ਜਾਂ ਪੰਜਾਬੀ ਦਾ ਰੱਜ ਕੇ ਮਜ਼ਾਕ ਉਡਾਇਆ ਜਾਂਦਾ ਹੈ। ਬਾਹਰਲੇ ਦੇਸ਼ਾਂ ਚ ਤਾਂ ਸ਼ਾਇਦ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਬੋਲੀ ਕਾਫ਼ੀ ਪਹਿਲਾਂ ਦਮ ਤੋੜ ਜਾਵੇ, ਲੋਕ ਜਾਣਦੇ ਵੀ ਅੱਗੋਂ ਅੰਗਰੇਜ਼ੀ ਚ ਬੋਲਦੇ ਹਨ, ਇਹੀ ਹਾਲ ਬੱਚਿਆਂ ਦਾ ਹੈ। ਭਲਾ ਦੱਸੋ ਲੰਗਰ ਹਾਲ ਚ ਜਾਂ ਰਸੋਈ ਚ ਪੰਜਾਬੀ ਨਾਲ ਨਹੀਂ ਸਰਦਾ, ਹੋਰ ਤਾਂ ਹੋਰ ਬੇਬੇ ਨਹੀਂ ਹਟਦੀ ਅੰਗਰੇਜ਼ੀ ਨੂੰ ਮੂੰਹ ਮਾਰਨ ਤੋਂ, ਬਾਪੂ ਵੀ ਕਦੇ 2 ਪੂਰੀ ਧੂਆ ਘਸੀਟੀ ਕਰਦਾ ਹੈ ਵਿਚਾਰੀ ਦੀ ਜਾਂ ਕਹਿ ਲਓ ਕਿ ਪੂਰਾ 2 ਟੋਚਨ ਪਾਉਂਦਾ ਹੈ ਅੰਗਰੇਜ਼ੀ ਨੂੰ।

ਬਹੁਤ ਸਾਰੇ ਪੰਜਾਬੀ ਅੰਗਰੇਜ਼ ਦੋਸਤ ਘਰਾਂ ਵਿਚ ਪੰਜਾਬੀ ਦੀ ਥਾਂ ਅੰਗਰੇਜੀ ਬੋਲਣ ਨੂੰ ਪਹਿਲ ਦੇਣ ਵਾਲੇ ਗੁਲਾਮ ਮਾਨਸਿਕਤਾ ਜਾਹਿਰ ਕਰਦੇ ਹੋਏ ਆਪਣੇ ਆਪ ਨੂੰ " ਅਗਾਂਹ- ਵਧੂ " ਕਹਿਣ ਤੋਂ ਬਾਜ ਨਹੀਂ ਆਉਂਦੇ।

ਪੰਜਾਬੀ ਪਹਿਰਾਵੇ ਦੀ ਗੱਲ: ਪੰਜਾਬੀ ਪਹਿਰਾਵਾ ਵੀ ਹੁਣ ਘਰ ਅੰਦਰ ਹੀ ਪਾਇਆ ਜਾਂਦਾ ਹੈ ਤੇ ਬਾਹਰ ਪੈਂਟ-ਕਮੀਜ-ਕੋਟ ਅਤੇ ਸਕਰਟ-ਬਲਾਊਜ-ਸਾੜੀ ਨੂੰ ਪਹਿਲ ਦਿਤੀ ਜਾਂਦੀ ਹੈ । ਪਰ ਵਿਰਲੇ ਨਾਂ-ਮਾਤਰ ਪੰਜਾਬੀ ਆਪਣੇ ਪਹਿਰਾਵੇ ਨੂੰ ਪਹਿਨਣ ਵਿਚ ਮਾਨ ਮਹਿਸੂਸ ਕਰਦੇ ਹਨ । ਇਹ ਰਿਵਾਜ ਪੰਜਾਬੀ ਪਹਿਰਾਵਾ ਦਾ ਮੁਸਲਮਾਨਣੀਆਂ ਚ ਦੇਖ ਸਕਦੇ ਹੋ।

ਵਿਆਹਾਂ ਵਿਚ ਨੱਚਣ ਵਾਲੇ ਤੇ ਸੁਹਾਗ, ਘੋੜੀਆਂ: ਵਿਆਹਾਂ ਵਿਚ ਨਚਣ ਵਾਲੇ ਤੇ ਸੁਹਾਗ, ਘੋੜੀਆਂ ਆਦਿ ਤਾਂ ਫਿਲਮਾਂ ਵਿਚ ਹੀ ਵੇਖਣ ਨੂੰ ਰਹਿ ਗਏ ਹਨ । ਕਈ ਵਿਆਹਾਂ ਵਿਚ ਨਚਣ ਵਾਲੇ ਗਰੁਪ ਵੀ ਸੁਹਾਗ-ਘੋੜੀ ਆਦਿ ਗਾ ਦਿੰਦੇ ਹਨ ਪਰ ਇਹ ਸਭ ਕਿਰਾਏ ਦਾ ਨਾ ਬਣਨ ਦਿਓ।

ਸੈਮੀਨਾਰ / ਕਾਨਫਰੰਸਾਂ ਵੀ ਪੰਜਾਬੀ ਦਾ ਕਾਫੀ ਕੁਝ ਸਵਾਰ ਸਕਦੀਆਂ ਹਨ , ਜੇ ਕਰ ਸਾਰੇ ਪੰਜਾਬੀ ਮਨੋਂ ਪੰਜਾਬੀ ਨੂੰ ਪ੍ਰਵਾਨ ਕਰਨ। ਜਰੂਰੀ ਹੈ ਕਿ ਅੰਤਰ-ਰਾਸ਼ਟਰੀ ਪੱਧਰ ਤੇ ਕੋਈ ਸਹਿਕ ਰਹੇ  “ਪੰਜਾਬੀ ਸੱਭਿਆਚਾਰਕ ਵਿਰਸਾ ਤੇ ਪੰਜਾਬੀ ਬੋਲੀ ਨੂੰ ਬਚਾਉਣ ਲਈ ਕੋਈ ਸੰਸਥਾ ਬਣਾਈ ਜਾਵੇ ਜਿਸ ਦੇ ਪ੍ਰਤੀਨਿਧ ਸਾਰੇ ਦੇਸਾਂ ਚੋਂ ਹੋਣ।

ਮਨ ਦਾ ਤੋਖ਼ਲਾ ਹੈ ਕਿ ਪੰਜਾਬੀ ਪਹਿਰਾਵਾ ਬਹੁਤ ਜਲਦੀ ਗੁਆਚ ਜਾਵੇਗਾ, ਜਿਵੇਂ ਪੰਜਾਬੀ ਭੋਜਨ ਗੁੰਮ ਚੱਲੇ ਹਨ, ਹਾਂ ਭੰਗੜਾ ਜ਼ਰੂਰ ਕਦੇ ਦਿਸ ਪੈਂਦਾ ਹੈ ਜੇ ਦੋ ਮੋਟੇ ਪੈੱਗ ਲੱਗੇ ਹੋਣ ਤਾਂ, ਗਿੱਧਾ ਵੀ ਸਟੇਜ਼ਾਂ ਤੇ ਹੀ ਨਜ਼ਰ ਕਿਤੇ ਪਿਆ ਕਰੇਗਾ ਜਦੋਂ ਤੱਕ ਆਪਣੀ ਪੀੜ੍ਹੀ ਰਹੀ, ਪੰਜਾਬੀ ਬਰਤਨ ਸੱਭ ਖ਼ਤਮ ਨੇ, ਰੀਤਾਂ ਵਿਸਰ ਗਈਆ ਹਨ, ਸੁਹਾਗ ਤੇ ਘੋੜੀਆਂ ਕਿਤੇ ਬਨੇਰੇ ਤੇ ਵੀ ਨਹੀਂ ਦਿਸਦੀਆਂ, ਕਿੱਕਲੀਆਂ, ਤਰਿੰਝਣਾਂ, ਪੀਘਾਂ ਪਹਿਲਾਂ ਹੀ ਕਿਤੇ ਗੁਆਚ ਗਈਆਂ ਹਨ-ਖ਼ਬਰੇ ਅਸੀਂ ਤਰੱਕੀ ਕੁਝ ਜ਼ਾਦਾ ਹੀ ਕਰ ਗਏ ਹਾਂ-ਜਾਂ ਮੇਰੀ ਸੋਚ ਨੂੰ ਹੀ ਕੋਈ ਦਗਾੜਾ ਵੱਜ ਗਿਆ ਹੈ।

ਇਹ ਵਿਚਾਰ ਮਨ ਚ ਵਾਰ 2 ਉੱਠਦੇ ਬੈਠਦੇ ਜਾਗਦੇ ਸੌਂਦੇ ਰਹਿੰਦੇ ਹਨ-ਸੋਚਿਆ ਕੋਈ ਸੈਮੀਨਾਰ ਜਾਂ ਕਾਨਫ਼ਰੰਸ ਕਰੀਏ-ਪਰ ਇੰਟਰਨਿੱਟ ਦਾ ਲਾਹਾ ਲੈਣ ਲਈ ਸਮਝਿਆ ਕਿ ਇਸ ਸਮੱਸਿਆ ਨੂੰ ਹੁਣ ਤੋਂ ਹੀ ਕਿਉੰ ਨਾ ਅੰਤਰ-ਰਾਸ਼ਟਰੀ ਪੱਧਰ ਤੇ ਦੋਸਤਾਂ ਨਾਲ ਸਾਂਝੀ ਕਰੀਏ ਤਾਂ ਕਿ ਕੋਈ ਸੁਝਾਅ ‘ਕੱਠੇ ਹੋ ਸਕਣ ਤੇ ਕੁਝ ਹੱਲ ਸੋਚੇ ਜਾਣ-

ਸੋ ਵੀਚਾਰਵਾਨ, ਗੁਣੀ ਗਿਆਨੀ, ਲੇਖਕ, ਬੁੱਧੀਜੀਵੀ ਤੇ ਹੋਰ ਵਿਦਵਾਨਾਂ ਲਈ ਇਹ ਮਸਲਾ ਵੀਚਾਰ ਅਧੀਨ ਲਿਆਉਣ ਲਈ ਮਨ ‘ਚ ਤਾਂਘ ਜਾਗੀ ਹੈ, ਆਸ ਹੈ ਤੁਸੀਂ ਸਾਰੇ ਇਸ ਬਾਰੇ ਆਪਣੇ 2 ਬਹੁਮੁੱਲੇ ਵੀਚਾਰ ਲਿਖ ਕੇ ਸਾਰਿਆਂ ਨਾਲ ਸਾਂਝੇ ਕਰੋਗੇ, ਮੈਨੂੰ ਆਸ ਹੀ ਨਹੀਂ ਪੂਰੀ 2 ਉਮੀਦ ਹੈ ਕਿ ਤੁਸੀਂ ਸਾਰੇ ਆਪਣਾ ਕੀਮਤੀ ਸਮਾਂ ਇਸ ਵੀਚਾਰ ਦੀਆਂ ਬਰੂਹਾਂ ‘ਚ ਅਰਪਣ ਕਰੋਗੇ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com