WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਗੁਰੂਦੁਆਰਿਆਂ ਦੀਆਂ ਧੜੇਬੰਧਕ ਲੜਾਈਆਂ ਰੋਕਣ ਲਈ
ਸਿਖ ਭਾਈਚਾਰਾ ਆਪਣੀ ਜੁੰਮੇਵਾਰੀ ਨੂੰ ਨਿਭਾਉਣ ਲਈ ਅਗੇ ਆਏ
ਕੈਲੇਫੋਰਨੀਆ ਤੋਂ ਸਤਨਾਮ ਸਿੰਘ ਚਾਹਲ

ਸਤਨਾਮ ਸਿੰਘ ਚਾਹਲ

ਸਿੱਖ ਕੌਮ ਦੀ ਇਹ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਸਾਡੇ ਗੁਰੂਦੁਆਰੇ ਜਿਹੜੇ ਸਿੱਖਾਂ ਲਈ ਧਾਰਮਿਕ ਸੇਧ ਲੈਣ ਵਾਲੇ ਤੇ ਰੂਹਾਨੀਅਤ ਦੇ ਕੇਂਦਰ ਹਨ ਉਹ ਅੱਜ ਵਖ ਵਖ ਸਿਖ ਗਰੁਪਾਂ ਦੀ ਆਪਸੀ ਖਿਚੋਤਾਣ ਤੇ ਲੜਾਈ ਝਗੜਿਆਂ ਦੇ ਕੇਂਦਰ ਹੀ ਬਣ ਕੇ ਰਹਿ ਗਏ ਲਗ ਰਹੇ ਹਨ। ਜਿਸ ਕਾਰਣ ਅੱਜ ਮਹਿਸੂਸ ਇਹ ਹੋ ਰਿਹਾ ਹੈ ਕਿ ਗੁਰੂਦੁਆਰਾ ਸਾਹਿਬ ਦੀ ਮਹਾਨਤਾਂ ਕੇਵਲ ਦੋ ਦੋ ਜੌਬਾਂ ਕਰਨ ਵਾਲੇ ਸਿੱਖਾਂ ਜਾਂ ਫਿਰ ਵੀਹ ਵੀਹ ਘੰਟੇ ਘੰਟੇ ਕੰਮ ਕਰਨ ਵਾਲੇ ਸਿੱਖਾਂ ਲਈ ਹੀ ਰਹਿ ਗਈ ਹੈ ਜਿਹੜੇ ਗੁਰੂਦੁਆਰਾ ਸਾਹਿਬ ਵਿਖੇ ਆਪਣੀ ਆਤਮਿਕ ਸ਼ਾਂਤੀ ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਲੈਣ ਲਈ ਆਉਂਦੇ ਹਨ।

ਸਚ ਜਾਣੋ ਜਦੋਂ ਇਕ ਸਾਧਾਰਣ ਸਿੱਖ ਗੁਰੂਦੁਆਰਾ ਸਾਹਿਬ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਤੇ ਆਪਣੀ ਆਤਮਿਕ ਸ਼ਾਂਤੀ ਲਈ ਆਉਂਦਾ ਹੈ ਤਾਂ ਰੂਹਾਨੀਅਤ ਦੇ ਇਸ ਕੇਂਦਰ ਵਿਚ ਅਸ਼ਾਂਤੀ ਵਾਲਾ ਮਾਹੌਲ ਵੇਖ ਕੇ ਉਸ ਦਾ ਮਨ ਬਹੁਤ ਦੁਖੀ ਹੋ ਉਠਦਾ ਹੈ। ਇਥੇ ਹੀ ਬਸ ਨਹੀਂ ਗੁਰੂਦੁਆਰਿਆਂ ਵਿਚ ਹੋ ਰਹੀਆਂ ਸਿੱਖਾਂ ਦੀਆਂ ਲੜਾਈਆਂ ਨਾਲ ਸਿੱਖ ਕੌਮ ਦਾ ਅਕਸ ਬਹੁਤ ਖਰਾਬ ਹੋ ਰਿਹਾ ਹੈ ਜਿਸ ਨਾਲ ਅੱਜ ਵਿਦੇਸ਼ਾਂ ਵਿਚ ਵਸਦਾ ਸਿੱਖ ਭਾਈਚਾਰਾ ਨਫਰਤ ਦਾ ਸ਼ਿਕਾਰ ਹੋ ਰਿਹਾ ਹੈ। ਦੁਖ ਇਸ ਗਲ ਦਾ ਹੈ ਕਿ ਇਸ ਗਲ ਦਾ ਦਰਦ ਇਕ ਸਾਧਾਰਣ ਸਿੱਖ ਤਾਂ ਬੜੀ ਗੰਭੀਰਤਾ ਨਾਲ ਮਹਿਸੂਸ ਕਰ ਰਿਹਾ ਹੈ ਪਰ ਧੜੇਬੰਦਕ ਲੜਾਈਆਂ ਵਿਚ ਲਗੇ ਹੋਏ ਸਾਡੇ ਆਗੂ ਸਿੱਖਾਂ ਦੇ ਇਸ ਦਰਦ ਨੂੰ ਸਮਝਣ ਦੀ ਲੋੜ ਹੀ ਮਹਿਸੂਸ ਨਹੀਂ ਕਰਦੇ। ਜਿਸ ਕਾਰਣ ਅੱਜ ਗੁਰੂਦੁਆਰਿਆਂ ਦੇ ਧਾਰਮਿਕ ਤੇ ਰੂਹਾਨੀਅਤ ਦੇ ਵਾਤਾਵਰਣ ਵਿਚ ਘੁਲ ਰਹੀ ਜ਼ਹਿਰ ਬੰਦ ਹੁੰਦੀ ਦਿਖਾਈ ਨਹੀਂ ਦੇ ਰਹੀ। ਆਮ ਤੌਰ ਤੇ ਸਿੱਖ ਜਦੋਂ ਕਿਤੇ ਇਸ ਸਾਰੇ ਵਰਤਾਰੇ ਬਾਰੇ ਆਪਸੀ ਗਲਬਾਤ ਕਰਦੇ ਹਨ ਤਾਂ ਉਹ ਗੁਰੂਦੁਆਰਿਆਂ ਵਿਚ ਹੋ ਰਹੀਆਂ ਧੜੇਬੰਦਕ ਲੜਾਈਆਂ ਲਈ ਸਿੱਖ ਆਗੂਆਂ ਨੂੰ ਜੁੰਮੇਵਾਰ ਠਹਿਰਾ ਕੇ ਜਾਂ ਫਿਰ ਚੌਧਰ ਦੀ ਲੜਾਈ ਕਹਿ ਕੇ ਆਪਣੀ ਜੁੰਮੇਵਾਰੀ ਤੋਂ ਪੱਲਾ ਝਾੜ ਲੈਂਦੇ ਹਨ।

ਲੇਕਿਨ ਅਸਲੀਅਤ ਇਹ ਹੈ ਕਿ ਗੁਰੂਦੁਆਰਿਆਂ ਵਿਚ ਹੋ ਰਹੀਆਂ ਇਹਨਾਂ ਲੜਾਈਆਂ ਲਈ ਜਿਥੇ ਇਹਨਾਂ ਧੜੈਬੰਧਕ ਲੜਾਈਆਂ ਵਿਚ ਲੱਗੇ ਹੋਏ ਸਿੱਖ ਜੁੰਮੇਵਾਰ ਹਨ ਉਥੇ ਸਿੱਖ ਸੰਗਤਾਂ ਵੀ ਇਹਨਾਂ ਲੜਾਈਆਂ ਲਈ ਆਪਣੀ ਜੁੰਮੇਵਾਰੀ ਤੋਂ ਨਹੀਂ ਬਚ ਨਹੀਂ ਸਕਦੀਆਂ ਕਿਉਂਕਿ ਅੱਜ ਅਸੀਂ ਵੀ ਆਪਣੀਆਂ ਨਿਜੀ ਗਰਜਾਂ ਤੇ ਹੋਰ ਹਿਤਾਂ ਲਈ ਧੜੇਬੰਧਕ ਲੜਾਈਆਂ ਵਿਚ ਲਗੇ ਹੋਏ ਸਿੱਖਾਂ ਦਾ ਸਾਥ ਦੇ ਰਹੇ ਹਾਂ ਜਿਸ ਕਾਰਣ ਗੁਰੂਦਆਰਿਆਂ ਵਿਚ ਹੋ ਰਹੀਆਂ ਧੜੇਬੰਧਕ ਲੜਾਈਆਂ ਦਾ ਅੰਤ ਹੋ ਰਿਹਾ ਨਜਰ ਨਹੀਂ ਆ ਰਿਹਾ। ਅਜ ਕੋਈ ਦਿਨ ਐਸਾ ਖਾਲੀ ਨਹੀਂ ਜਾਂਦਾ ਜਦੋਂ ਦੁਨੀਆਂ ਦੇ ਕਿਸੇ ਨਾ ਕਿਸੇ ਕੋਨੇ ਤੋਂ ਸਿੱਖ ਗੁਰੂਦੁਆਰਿਆਂ ਵਿਚ ਹੋ ਰਹੀਆਂ ਧੜੇਬੰਧਕ ਲੜਾਈਆਂ ਦੀ ਖਬਰ ਪੜਨ ਸੁਣਨ ਨੂੰ ਨਾ ਮਿਲੀ ਹੋਵੇ। ਇਥੇ ਹੀ ਬਸ ਨਹੀਂ ਅਜ ਇਹਨਾਂ ਧੜੇਬੰਧਕ ਲੜਾਈਆਂ ਵਿਚ ਇਕ ਸਿੱਖ ਆਪਣੇ ਵਿਰੋਧੀ ਸਮਝੇ ਜਾਣ ਵਾਲੇ ਸਿੱਖ ਦੀ ਗੁਰੂਦੁਆਰੇ ਅੰਦਰ ਹੀ ਪਗ ਉਤਾਰ ਕੇ ਆਪਣੀ ਮਹਾਨ ਪਰਾਪਤੀ ਸਮਝ ਰਿਹਾ ਹੈ। ਅਜ ਅਸੀਂ ਆਪਣੇ ਇਸ਼ਟ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਮਾਣ ਸਨਮਾਨ ਲਈ ਕੁਝ ਵੀ ਕਰਨ ਦੀਆ ਗੱਲਾਂ ਤਾਂ ਕਰਦੇ ਹਾਂ ਲੇਕਿਨ ਆਪਣੀਆਂ ਅੱਖਾਂ ਦੇ ਸਾਹਮਣੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਸਿੱਖਾਂ ਦੀਆਂ ਧੜੇਬੰਦਕ ਲੜਾਈਆਂ ਨੂੰ ਰੋਕਣ ਲਈ ਆਈ ਸਥਾਨਕ ਪੁਲੀਸ ਨੂੰ ਜੁੱਤੀਆਂ ਸਮੇਤ ਖੜੀ ਦੇਖ ਕੇ ਚੁਪ ਚਾਪ ਬਰਦਾਸ਼ਤ ਕਰ ਲੈਂਦੇ ਹਾਂ।

ਇਥੇ ਇਕ ਉਦਾਹਰਣ ਦੇਣੀ ਚਾਹੁੰਦਾ ਹਾਂ।

ਪਿਛਲੇ ਸਾਲ ਦੀਵਾਲੀ ਵਾਲੇ ਦਿਨ ਆਸਟਰੇਲੀਆ ਦੇ ਇਕ ਸ਼ਹਿਰ ਦੇ ਗੁਰੂਦੁਆਰਾ ਸਾਹਿਬ ਵਿਖੇ ਸਿੱਖਾਂ ਦੇ ਦੋ ਗਰੁਪਾਂ ਵਿਚਕਾਰ ਗੁਰੂਦੁਆਰਾ ਸਾਹਿਬ ਅੰਦਰ ਹੀ ਧੜੇਬੰਦਕ ਲੜਾਈ ਇਤਨੀ ਗੰਭੀਰ ਰੂਪ ਧਾਰਣ ਕਰ ਗਈ ਕਿ ਸਥਾਨਕ ਪੁਲੀਸ ਨੂੰ ਇਸ ਲੜਾਈ ਨੂੰ ਰੋਕਣ ਲਈ ਦਖਲਅੰਦਾਜੀ ਕਰਨੀ ਪਈ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਪੁਲੀਸ ਜੁੱਤੀਆ ਸਮੇਤ ਇਹ ਲੜਾਈ ਰੋਕਣ ਲਈ ਗੁਰੂਦੁਆਰਾ ਸਾਹਿਬ ਅੰਦਰ ਦਾਖਲ ਹੋ ਗਈ। ਉਸ ਵਕਤ ਅਖਬਾਰੀ ਖਬਰਾਂ ਵਿਚ ਦੱਸਿਆ ਗਿਆ ਸੀ ਜਿਸ ਵਕਤ ਸਾਧਾਰਣ ਸਿੱਖਾਂ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਪੁਲੀਸ ਅਧਿਕਾਰੀਆਂ ਨੂੰ ਖੜਿਆਂ ਦੇਖਿਆ ਤਾਂ ਗੁੱਸੇ ਵਿਚ ਆਏ ਸਿੱਖਾਂ ਨੇ ਪੁਲੀਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਜੁਤੀਆਂ ਸਮੇਤ ਗੁਰੁ ਗ੍ਰੰਥ ਸਾਹਿਬ ਜੀ ਦੇ ਆਲੇ ਦੁਆਲੇ ਖੜੇ ਹੋ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹਨਾਂ ਸਿੱਖਾਂ ਦੀ ਇਹ ਗਲ ਸੁਣ ਕਿ ਪੁਲੀਸ ਅਧਿਕਾਰੀਆਂ ਨੇ ਜਵਾਬ ਦਿਤਾ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਇਸ ਬੇਅਦਬੀ ਲਈ ਪੁਲੀਸ ਅਧਿਕਾਰੀ ਨਹੀਂ ਸਗੋਂ ਸਿੱਖ ਖੁਦ ਜੁੰਮੇਵਾਰ ਹਨ ਕਿਉਂਕਿ ਪੁਲੀਸ ਨੇ ਤਾਂ ਆਪਣੇ ਫਰਜ ਦੀ ਪਾਲਣਾ ਕੀਤੀ ਹੈ ਤੇ ਜੇਕਰ ਸਿੱਖ ਆਪਣੇ ਫਰਜ ਦੀ ਪਾਲਣਾ ਨਾ ਕਰਦੇ ਹੋਏ ਗੁਰੂਦੁਆਰੇ ਅੰਦਰ ਪੁਲੀਸ ਨੂੰ ਦਾਖਲ ਹੋਣ ਲਈ ਮਜਬੂਰ ਕਰਦੇ ਹਨ ਤਾਂ ਇਸ ਲਈ ਸਿੱਖ ਖੁਦ ਜੁੰਮੇਵਾਰ ਹਨ। ਜੇਕਰ ਦੇਖਿਆ ਜਾਵੇ ਪੁਲੀਸ ਅਧਿਕਾਰੀ ਦੀ ਇਹ ਟਿੱਪਣੀ ਬਿਲਕੁਲ ਸਚਾਈ ਦੇ ਨੇੜੇ ਹੈ।

ਕੀ ਨਵੇਂ ਸਾਲ ਦੇ ਇਸ ਮੌਕੇ ਉੱਪਰ ਸਿੱਖ ਭਾਈਚਾਰਾ ਆਉਣ ਵਾਲੇ ਸਮੇਂ ਵਿਚ ਗੁਰੂਦੁਆਰਿਆਂ ਅੰਦਰ ਹੋ ਰਹੀਆਂ ਧੜੇਬੰਦਕ ਲੜਾਈਆਂ ਨੂੰ ਰੋਕਣ ਲਈ ਆਪਣੇ ਫਰਜ ਦੀ ਪਾਲਣਾ ਕਰਨ ਦਾ ਯਤਨ ਕਰੇਗਾ ਤਾਂ ਕਿ ਸਿੱਖਾਂ ਦੇ ਹੋਰ ਜਿਆਦਾ ਖਰਾਬ ਹੋ ਰਹੇ ਅਕਸ ਨੂੰ ਖਰਾਬ ਹੋਣ ਤੋਂ ਰੋਕਿਆ ਜਾ ਸਕੇ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com