WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਦੇਸ਼ ਵਿਚ ‘ਪੇਜ਼-3’ ਦੀ ਸੱਭਿਅਤਾ- ਸਰਸਵਤੀ ਰਹਿਤ ਲਕਸ਼ਮੀਪਤੀ
-         ਸਈਦ ਨਕਵੀ

ਪੇਜ-3 ਕਲਚਰ ਨੂੰ ਲੈ ਕੇ ਇਨ੍ਹੀਂ ਦਿਨੀਂ ਇਕ ਚਿੜ੍ਹ ਤੇ ਵਿਵਾਦ ਵਾਲੀ ਸਥਿਤੀ ਪੈਦਾ ਹੋ ਗਈ ਹੈ। ਅਸਲ ਵਿਚ ਅਖਬਾਰਾਂ ਵਿਚ ਪੰਜ ਨੰਬਰ ਤਿੰਨ ਤੇ ਮਹਾਨਗਰਾਂ ਦੇ ਖੁਸ਼ਹਾਲ ਵਰਗਾਂ ਦੀਆਂ ਸਰਗਰਮੀਆਂ, ਮਾਰਕੀਟਿੰਗ ਤੇ ਹੋਰ ਇਸੇ ਤਰ੍ਹਾਂ ਦੀਆਂ ਗਲਾਂ ਨੂੰ ਲੈ ਕੇ ਖਬਰਾਂ ਤੇ ਤਸਵੀਰਾਂ ਆਦਿ ਛਪਦੀਆਂ ਹਨ। ਇਸਦਾ ਸਿਰਫ ਇਕ ਨਾਂਹ ਪਖੀ ਪਹਿਲੂ ਹੀ ਨਹੀਂ ਹੈ, ਸਗੋਂ ਇਹ ਕੁਝ ਮਾਮਲਿਆਂ ਵਿਚ ਸਫਲ ਲੋਕਾਂ ਨੂੰ ਵੀ ਸਾਹਮਣੇ ਲਿਆਉਂਦਾ ਹੈ।

ਇਸ ਗੱਲ ਦੀ ਕਲਪਨਾ ਕਰਨਾ ਮੂਰਖਤਾ ਹੀ ਹੋਵੇਗੀ ਕਿ ਪੇਜ-3 ਅਕਸਰ ਦਿਖਾਈ ਦੇਣ ਵਾਲੇ ਖੁਸ਼ਹਾਲ ਵਰਗਾਂ ਦੇ ਔਰਤਾਂ ਮਰਦ ਆਪਣੀਆਂ ਆਲੋਚਨਾਵਾਂ ਨਾਲ ਇਸ ਸਫੇ ਤੇ ਆਪਣੀ ਚਰਚਾ ਕਰਵਾਉਣ ਜਾਂ ਆਪਣੀ ਚਰਚਾ ਕਰਵਾਉਣ ਜਾਂ ਆਪਣੀ ਛੋਟੇ ਛਪਵਾਉਣ ਤੋਂ ਸੰਕੋਚ ਕਰਨਾ ਸ਼ੁਰੂ ਕਰ ਦੇਣਗੇ। ਸਚ ਗਲ ਤਾਂ ਇਹ ਹੈ ਕਿ ਅਜ ਅਜਿਹੀਆਂ ਆਲੋਚਨਾਵਾਂ ਪ੍ਰਤੀ ਸੰਵੇਦਨਸ਼ੀਲਤਾ ਫੈਸ਼ਨ ਤੋਂ ਬਾਹਰ ਦੀ ਗੱਲ ਬਣ ਚੁਕੀ ਹੈ। ਹੁਣ ਤਾਂ ਚੀਕਣੇ ਘੜੇ ਬਣਨ ਜਾਂ ਮੋਟੀ ਖਲ ਦੇ ਹੋਣ ਦਾ ਫੈਸ਼ਨ ਹੈ। ਅਜਕਲ ਦੀ ਦੌੜ ਭਜ ਤੇ ਧੱਕਾ ਮਾਰ ਕੇ ਅਗੇ ਨਿਕਲਣ ਵਾਲੀ ਸਭਿਅਤਾ ਦੇ ਦੌਰ ਵਿਚ ਮੋਟੀ ਖਲ ਦਾ ਹੋਣਾ ਪਹਿਲੀ ਸ਼ਰਤ ਹੈ। ਪੇਜ-3 ਵਿਚ ਆਉਣ ਲਈ ਅਜਿਹੀ ਦੌੜ ਭੱਜ ਤੇ ਪ੍ਰਦਰਸ਼ਨ ਸਭਿਅਤਾ ਦਾ ਅੰਗ ਹੋਣਾ ਬਹੁਤ ਜ਼ਰੂਰੀ ਹੈ।

ਬਦਨਾਮ ਅਗਰ ਹੋਂਗੇ ਤੋਂ ਕਯਾ ਨਾਮ ਨਾ ਹੋਗਾ?

ਇਹ ਸਾਡੇ ਅਜੋਕੇ ਦੌਰ ਤੇ ਸ਼ਾਇਰ ਦੀ ਸਟੀਕ ਟਿਪਣੀ ਹੈ, ਜਦਕਿ ਕਿਸੇ ਪ੍ਰਤੀ ਨਿੰਦਾਤਮਕ ਟਿਪਣੀ ਨੂੰ ਵੀ ਇਕ ਪ੍ਰਚਾਰ ਦਾ ਹੀ ਕੰਮ ਮੰਨਿਆ ਜਾਂਦਾ ਹੈ। ਸ਼ਾਇਦ ਪੇਜ-3 ਤੇ ਚਰਚਿਤ ਕਈ ਲੋਕਾਂ ਬਾਰੇ ਕਈਆਂ ਦੀ ਇਹ ਧਾਰਨਾ ਵੀ ਹੋ ਸਕਦੀ ਹੈ। ਸਚ ਤਾਂ ਇਹ ਹੈ ਕਿ ਇਹ ਚਰਚਿਤ ਲੋਕ ਸਾਡੇ ਸਮਾਜ ਦੀ ਪ੍ਰਦਰਸ਼ਨ ਪਿਆਰਤਾ ਤੇ ਕੁਝ ਹੱਦ ਤਕ ਖੁਸ਼ਹਾਲ ਸਮਾਜ ਦੇ ਪੈਮਾਨਿਆਂ ਦੇ ਅਕਸ ਨੂੰ ਹੀ ਦਰਸਾਉਂਦੇ ਹਨ।

ਉਦੋਂ ਤੇ ਹੁਣ

ਪੇਜ-3 ਅਖਬਾਰਾਂ ਵਿਚ ਪਹਿਲਾਂ ਵੀ ਰਿਹਾ ਹੈ ਤੇ ਅਗਾਹ ਵੀ ਰਹੇਗਾ ਪਰ ਇਹ 60 ਤੇ 70 ਦੇ ਦਹਾਕੇ ਵਿਚ ਜਦੋਂ ਸਾਡੇ ਵਿਚੋਂ ਕੁਝ ਪਤਰਕਾਰੀ ਦੇ ਖੇਤਰ ਵਿਚ ਆਏ ਸਨ, ਬਿਲਕੁਲ ਵਖਰਾ ਹੁੰਦਾ ਸੀ। ਉਦੋਂ ਦਿ ਸਟੇਟਸਮੈਨ ਵਿਚ ਪੇਜ-3 ਨਵੀਂ ਦਿਲੀ ਨੋਟਬੁਕ ਦੇ ਨਾਂ ਹੇਠ ਬਹੁਤ ਅਹਿਮ ਸਫਾ ਮੰਨਿਆ ਜਾਂਦਾ ਸੀ। ਕਲਕਤਾ ਵਿਚ ਸੰਪਾਦਕ ਤੇ ਨਵੀਂ ਦਿਲੀ ਵਿਚ ਰੈਜ਼ੀਡੈਂਟ ਐਡੀਟਰ ਇਸ ਸਫੇ ਤੇ ਆਪਣੀ ਨਿੱਜੀ ਨਿਗ੍ਹਾ ਰਖਦੇ ਸਨ। ਇਸ ਵਿਚ ਹਫਤਾਵਾਰੀ ਕਾਲਮ ਵਿਚ ਛਾਪਣ ਲਈ ਲੇਖ ਮੰਗੇ ਜਾਂਦੇ ਸਨ। ਸੰਪਾਦਕੀ ਸਟਾਫ ਦੇ ਕਰਮਚਾਰੀ ਇਸ ਵਿਚ 300 ਸ਼ਬਦਾਂ ਤਕ ਦੇ ਆਪਣੇ ਲੇਖ ਦੇਣ ਲਈ ਲਲਚਾਉਂਦੇ ਰਹਿੰਦੇ ਸਨ। ਇਨ੍ਹਾਂ ਵਿਚ ਜੀਵਨ ਨਾਲ ਸਬੰਧਤ ਹਲਕੇ ਫੁਲਕੇ ਵਿਸ਼ਿਆਂ ਤੇ ਵਿਚਾਰ ਪ੍ਰਗਟਾਏ ਜਾਂਦੇ ਸਨ। ਜਿਸ ਮੈਂਬਰ ਦੀ ਸਮਗਰੀ ਛਪਦੀ ਸੀ ਉਸ ਨੂੰ ਪ੍ਰੈਸ ਕਲਬ ਵਿਚ ਉਸ ਸ਼ਾਮ ਨੂੰ ਪ੍ਰਸੰਸਾ ਮਿਲਦੀ ਸੀ। ਇਹ ਵਖਰੀ ਗੱਲ ਹੈ ਕਿ ਉਸ ਦਿਨ ਦੇ ਸਮਾਰੋਹ ਦਾ ਖਰਚਾ ਉਸਦੀ ਹੀ ਜੇਬ ਤੇ ਪੈਂਦਾ ਸੀ।

ਸਮਾਂ ਬਦਲਣ ਦੇ ਨਾਲ ਹੀ ਅਖਬਾਰਾਂ ਵਿਚ ਸਥਿਤੀਆਂ ਬਦਲੀਆਂ। ਅਖਬਾਰਾਂ ਦੇ ਸੰਪਾਦਕੀ ਵਿਭਾਗ ਵੀ ਦੋ ਹਿਸਿਆਂ ਵਿਚ ਵੰਡੇ ਗਏ।ਇਕ ਨੋਟ ਬੁੱਕ ਵਾਲੇ ਤੇ ਦੂਜੇ ਬਿਨਾਂ ਨੋਟ ਬੁਕ ਵਾਲੇ। ਰਿਪੋਰਟਰ ਦਿੱਲੀ ਵਿਚ ਵਖ ਵਖ ਡਿਸਟ੍ਰਿਕਟ ਬੀਟ ਵਾਲੇ ਹੁੰਦੇ ਸਨ, ਜਿਨ੍ਹਾਂ ਵਿਚ ਦਿੱਲੀ ਨਗਰ ਨਿਗਮ ਤੋਂ ਲੈ ਕੇ ਦਿੱਲੀ ਨਗਰ ਪਾਲਿਕਾ, ਅਦਾਲਤਾਂ, ਅਪਰਾਧਾਂ ਤੇ ਹੋਰ ਖੇਤਰਾਂ ਵਿਚ ਕੰਮ ਕਰਦੇ ਸਨ। ਕਈ ਰਿਪੋਰਟਰ ਦੇ ਇੰਨੇ ਲੰਮੇ ਸਮੇਂ ਤਕ ਇਕ ਹੀ ਬੀਟ ਵਿਚ ਰਹਿਣ ਕਰਕੇ ਅਕਸਰ ਇਹ ਹੁੰਦਾ ਸੀ ਕਿ ਪਾਠਕਾਂ ਦੀ ਉਸ ਪ੍ਰਤੀ ਭਰੋਸੇਯੋਗਤਾ ਵਧ ਜਾਂਦੀ ਸੀ ਤੇ ਸਬੰਧਤ ਪਤਰਕਾਰ ਪੇਜ-3 ਨੂੰ ਪੜ੍ਹਨਯੋਗ ਬਣਾਉਣ ਲਈ ਹੋਰ ਜ਼ਿਆਦਾ ਮਿਹਨਤ ਕਰਦੇ ਸਨ। ਅਸਲੀਅਤ ਇਹ ਹੈ ਕਿ ਉਦੋਂ ਪੇਜ-3 ਨੂੰ ਆਮ ਲੋਕ ਆਪਣੇ ਨਾਲ ਜੁੜਿਆ ਦੇਖਦੇ ਸਨ। ਕਈ ਵਾਰ ਤਾਂ ਅਜਿਹਾ ਵੀ ਹੋਇਆ ਹੈ ਕਿ ਇਕ ਰਿਪੋਰਟਰ ਦੇ ਨਾਂ ਦੀ ਬਾਈ ਲਾਈਨ 15 ਸਾਲ ਬਾਅਦ ਅਖਬਾਰਾਂ ਨਾਲ ਛਪਣੀ ਸੁਰੂ ਹੋ ਸਕੀ, ਜਦਕਿ ਅਜ ਦੇ ਰਿਪੋਰਟਰਾਂ ਦੇ ਕੈਰੀਅਰ ਦੀ ਸੁਰੂਆਤ ਉਨ੍ਹਾਂ ਦੇ ਨਾਂ ਦੀ ਬਾਈ ਲਾਈਨ ਨਾਲ ਹੀ ਹੁੰਦੀ ਹੈ। ਅਰਥਾਤ ਕੁਲ ਮਿਲਾ ਕੇ ਉਹ ਉਸ ਸਟਾਰ ਸਿਸਟਮ ਦੇ ਹੀ ਅੰਗ ਬਣ ਜਾਂਦੇ ਹਨ, ਜੋ ਪੇਜ-3 ਤੇ ਛਾਇਆ ਰਹਿੰਦਾ ਹੈ।

ਉਦੋਂ ਸਿਆਸਤਦਾਨ, ਕਲਾਕਾਰ, ਚਿਤਰਕਾਰ ਜਾਂ ਇਸੇ ਤਰ੍ਹਾਂ ਦੀਆਂ ਲਲਿਤ ਕਲਾਵਾਂ ਦਾ ਪ੍ਰਦਰਸ਼ਨ ਕਰਨ ਵਾਲੇ ਜੋ ਲੋਕ ਸਸਤਾ ਪ੍ਰਚਾਰ ਚਾਹੁੰਦੇ ਸਨ, ਉਸ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ। ਇਸ ਨੂੰ ਪ੍ਰਚਾਰ ਦਾ ਗਲਤ ਤਰੀਕਾ ਮੰਨਿਆ ਜਾਂਦਾ ਸੀ। ਅਜਿਹੇ ਵਪਾਰਕ ਪ੍ਰਚਾਰ ਦੀ ਖਬਰਾਂ ਤੇ ਸੰਪਾਦਕੀ ਵਿਭਾਗ ਦਾ ਕਠੋਰ ਨਜ਼ਰ ਹੁੰਦੀ ਸੀ। ਉਦੋਂ ਵੀ ਵਪਾਰਕ ਅਦਾਰੇ ਰਿਪੋਰਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਸਨ ਤੇ ਇਸ ਦੇ ਲਈ ਉਨ੍ਹਾਂ ਦੇ ਹਥਿਆਰਾਨੇ ਵਿਚ ਕਈ ਹਥਿਆਰ ਵੀ ਹੁੰਦੇ ਸਨ ਪਰ ਉਦੋਂ ਵੀ ਉਹ ਘੱਟ ਹੀ ਸਫਲ ਹੁੰਦੇ ਸਨ।

ਉਦੋਂ ਪੇਜ-3 ਤੇ ਕਿਸੇ ਪ੍ਰਚਾਰਤਮਕ ਖਬਰ ਨੂੰ ਛਾਪਣਾ ਕਿਸੇ ਵੱਡੇ ਅਪਰਾਧ ਤੋਂ ਘੱਟ ਨਹੀਂ ਹੁੰਦਾ ਸੀ। ਉਨੀਂ ਦਿਨੀ ਪਤਰਕਾਰ ਇਕ ਵਖਰਾ ਹੀ ਨੈਤਿਕ ਪੈਮਾਨਾ ਅਪਣਾਉਂਦੇ ਸਨ ਪਰ 1990 ਤੋਂ ਬਾਅਦ ਦੁਨੀਆ ਤੇਜ਼ੀ ਨਾਲ ਬਦਲਣ ਲਗੀ। ਆਰਥਿਕ ਸੁਧਾਰਾਂ ਨੇ ਆਖਿਰ ਬਾਜ਼ਾਰ ਵਿਵਸਥਾ ਨੂੰ ਹੀ ਆਖਰੀ ਨਿਰਧਾਰਕ ਬਣਾ ਦਿਤਾ ਹੈ।

ਟੀ ਵੀ ਨੈਟਵਰਕ

ਅਖਬਾਰਾਂ ਦਾ ਤਾਂ ਆਪਣਾ ਇਕ ਸਦੀ ਪੁਰਾਣਾ ਇਤਿਹਾਸ ਤੇ ਪ੍ਰੰਪਰਾ ਹੈ  ਪਰ ਟੀ ਵੀ ਨੈਟਵਰਕ ਸਾਡੇ ਦੇਸ਼ ਦੇ ਖਬਰ ਜਗਤ ਵਿਚ ਇਸ ਤਰਾਂ ਸਾਹਮਣੇ ਆਇਆ ਕਿ ਉਸ ਸਾਹਮਣੇ ਕੋਈ ਪੈਮਾਨੇ ਹੀ ਨਹੀਂ ਸਨ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਨਿੱਜੀ ਟੀ ਵੀ ਚੈਨਲਾਂ ਦਾ ਆਗਮਨ ਤੇ ਪਸਾਰ ਸਾਡੇ ਦੇਸ਼ ਵਿਚ 90 ਦੇ ਦਹਾਕੇ ਵਿਚ ਹੋਇਆ ਸੀ। 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਢਾਹੀ ਗਈ ਸੀ ਤਾਂ ਉਦੋਂ ਦੂਰਦਰਸ਼ਨ ਤੋਂ ਇਲਾਵਾ ਹੋਰ ਕੋਈ ਵੀ ਟੀ ਵੀ ਨੈਟਵਰਕ ਨਹੀਂ ਸੀ, ਜੋ ਉਸ ਘਟਨਾਚਕਰ ਦਾ ਪ੍ਰਸਾਰਣ ਕਰਦਾ। ਉਨੀਂ ਦਿਨੀਂ ਇੰਡੀਆ ਟੂਡੇ ਦੀ ਇਕ ਵੀਡੀਓ ਨਿਊਜ਼ ਮੈਗਜ਼ੀਨ ਨਿਊਜ਼ ਸਟਾਰਕ ਸੀ ਜਿਸ ਨੇ ਇਸ ਦੀ ਵੀਡੀਓ ਰਿਕਾਰਡਿੰਗ ਕੀਤੀ ਸੀ। ਆਰਥਿਕ ਉਦਾਰੀਕਰਣ ਕਰਕੇ ਬਾਜ਼ਾਰ ਵਿਵਸਥਾ ਦੇ ਪ੍ਰਸਾਰ, ਟੀ ਵੀ ਨੈਟਵਰਕ ਕਾਰਨ ਵਧਦੇ ਗਲੈਮਰ ਦੀ ਵਜ੍ਹਾ ਕਰਕੇ ਅਖਬਾਰਾਂ ਦੇ ਤੀਜੇ ਸਫੇ ਤੇ ਰੰਗੀਨ ਫੋਟੋਆਂ ਨਾਲ ਵਖ ਵਖ ਖੁਸ਼ਹਾਲ ਵਰਗਾਂ ਦੇ ਖੁਬਸੂਰਤ ਚਿਹਰੇ ਛਪਣ ਲਗੇ। ਪੇਜ-3 ਖਾਸ ਕਰਕੇ ਅੰਗਰੇਜ਼ੀ ਅਖਬਾਰਾਂ ਦੀ ਇਕ ਨਵੀਂ ਸਭਿਅਤਾ ਦਾ ਅੰਗ ਬਣ ਗਏ।

ਸਟਾਰ ਸਿਸਟਮ ਇਕ ਤਰ੍ਹਾਂ ਨਾਲ ਅਮਰੀਕੀ ਭੌਤਿਕਵਾਦੀ ਸਭਿਅਤਾ ਦੀ ਹੀ ਦੇਣ ਹੈ। ਉਥੇ ਪੇਜ 3 ਦੇ ਅਜਿਹੇ ਲੋਕਾਂ ਵਿਚ ਪ੍ਰਮੁਖ ਹਸਤੀਆਂ ਵੀ ਹੁੰਦੀਆਂ ਹਨ ਪਰ ਭਾਰਤ ਵਿਚ ਪੇਜ 3 ਦੀ ਸਬਿਅਤਾ ਵਾਲੇ ਲੋਕਾਂ ਵਿਚ ਅਜਿਹੇ ਲੋਕਾਂ ਦੀ ਗਿਣਤੀ ਨਾਮਾਤਰ ਹੀ ਹੋਵੇਗੀ। ਇਨ੍ਹਾਂ ਵਿਚ ਜ਼ਿਆਦਾਤਰ ਸ਼ਾਨੋ ਸ਼ੌਕਤ ਵਾਲੀਆਂ ਪਾਰਟੀਆਂ ਵਿਚ ਹਿੱਸਾ ਲੈਣ ਵਾਲੇ ਲੋਕ ਹੀ ਹੁੰਦੇ ਹਨ।

ਅਜਿਹੀਆਂ ਸਥਿਤੀਆਂ ਵਿਚ ਭਰਮ ਪੈਦਾ ਹੋਣ ਦੇ ਵੀ ਖਤਰੇ ਹੁੰਦੇ ਹਨ। ਦੌਲਤ ਦਾ ਫੂਹੜ ਪ੍ਰਦਰਸ਼ਨ ਹਮੇਸ਼ਾ ਖਤਰਨਾਕ ਹੁੰਦਾ ਹੈ। ਸਭਿਅਤਾ ਰਹਿਤ ਜਾਇਦਾਦ ਨਾਸਮਝੀ ਨੂੰ ਜਨਮ ਦਿੰਦੀ ਹੈ। ਸਾਡੇ ਪੇਜ 3 ਦੇ ਕਈ ਲੋਕਾਂ ਨੂੰ ਦੇਖ ਕੇ ਤਾਂ ਇਹੀ ਮਹਿਸੂਸ ਹੁੰਦਾ ਹੈ।

ਅਜ ਦੀ ਇਸ ਸਭਿਅਤਾ ਵਿਚ  ਰੰਗੇ ਲੋਕਾਂ ਦੀ ਸਥਿਤੀ ਸਰਸਵਤੀ ਰਹਿਤ ਲਕਸ਼ਮੀਪਤੀਆਂ ਵਰਗੀ ਹੈ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com