WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਚੁਣੌਤੀਆਂ ਦੇ ਬਾਵਜੂਦ ਅੱਗੇ ਵਧ ਰਹੀ ਹੈ ਤਰਕਸ਼ੀਲ ਲਹਿਰ
ਸੁਖਦੀਪ ਸਿੰਘ ਸਿੱਧੂ

ਪੰਜਾਬ ਵਿਚ ਅਗਾਂਹਵਧੂ ਵਿਗਿਆਨਕ ਸੋਚ ’ਤੇ ਪਹਿਰਾ ਦੇ ਕੇ ਆਮ ਲੋਕਾਂ ਨੂੰ ਅੰਧਵਿਸ਼ਵਾਸਾਂ ਅਤੇ ਵਹਿਮਾਂ ਭਰਮਾਂ ਪ੍ਰਤੀ ਜਾਗਰੂਕ ਕਰਨ ਤੇ ਉਨ੍ਹਾਂ ਪਾਖੰਡੀ ਬਾਬਿਆਂ ਆਦਿ ਤੋਂ ਬਚਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਅਤੇ ਇਸ ਦੀਆਂ ਹੋਰ ਹਮ ਖਿਆਲੀ ਧਿਰਾਂ ਵੱਲੋਂ ਤਰਕਸ਼ੀਲ ਮੇਲੇ ਅਤੇ ਚੇਤਨਾ ਰੈਲੀਆਂ ਕਰਵਾਉਣ ਤੋਂ ਇਲਾਵਾ ਵੱਡੀ ਮਾਤਰਾ ’ਚ ਤਰਕਸ਼ੀਲ ਸਾਹਿਤ ਪ੍ਰਕਾਸ਼ਿਤ ਕਰਕੇ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਜਾਂਦਾ ਹੈ। ਪਰ ਇਸ ਪ੍ਰਚਾਰ ਲਈ ਵਸੀਲਿਆਂ ਦੀ ਘਾਟ ਅਤੇ ਸੰਵਿਧਾਨ ਵਿਚ ਦਰਜ ਮੱਦਾਂ ’ਤੇ ਪਹਿਰਾ ਦੇਣ ਤੋਂ ਸਾਜ਼ਿਸ਼ੀ ਕੰਨਾ-ਘੇਸਲ ਮਾਰ ਰਹੀਆਂ ਸਰਕਾਰਾਂ ਦੀ ਚੁੱਪ ਕਾਰਨ ਹਨੇਰੇ ਦੇ ਪੁਜਾਰੀ ਅਖੌਤੀ ਬਾਬਿਆਂ, ਸਿਆਣਿਆਂ, ਤਾਂਤਰਿਕਾਂ ਅਤੇ ਭੇਖੀਆਂ ਆਦਿ ਦਾ ਕਾਰੋਬਾਰ ਸੂਬੇ ਵਿਚ ਉਲਟਾ ਹੋਰ ਵਧ ਫੁੱਲ ਰਿਹਾ ਪ੍ਰਤੀਤ ਹੁੰਦਾ ਹੈ।

ਪੰਜਾਬ ਵਿਚ ਸੰਤਾਪੇ ਸਮਿਆਂ ਦੌਰਾਨ 1984 ਵਿਚ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ, ਭੂਤਾਂ-ਪ੍ਰੇਤਾਂ ਅਤੇ ਚਮਤਕਾਰਾਂ ਦੀਆਂ ਕਲਪਿਤ ਕਹਾਣੀਆਂ ਤੋਂ ਇਲਾਵਾ ਪਾਖੰਡੀਆਂ ਵੱਲੋਂ ਫੈਲਾਏ ਜਾ ਰਹੇ ਕੂੜ ਦੇ ਹਨੇਰੇ ਨੂੰ ਚੁਣੌਤੀ ਦੇਣ ਲਈ ਕੁਝ ਕੁ ਅਗਾਂਹਵਧੂ ਆਗੂਆਂ ਨੇ ਇਕ ਮੁਹਾਜ਼ ’ਤੇ ਇਕੱਠੇ ਹੋ ਕੇ ਤਰਕਸ਼ੀਲ ਸੰਸਥਾ ‘ਰੈਸ਼ਨੇਲਿਸਟ ਸੁਸਾਇਟੀ ਆਫ ਇੰਡੀਆ’ ਕਾਇਮ ਕੀਤੀ ਸੀ। ਉਦੋਂ ਮੁੱਠੀ ਭਰ ਤਰਕਸ਼ੀਲਾਂ ਵੱਲੋਂ ਕੀਤੇ ਯਤਨ ਦੀ ਕਾਮਯਾਬੀ ਉਤੇ ਬੜੇ ਸਵਾਲੀਆ ਚਿੰਨ੍ਹ ਲੱਗੇ ਅਤੇ ਗਲ੍ਹ-ਸੜ੍ਹ ਰਹੇ ਸਮਾਜ ਦੀ ਹਾਲਤ ਤੋਂ ਨਿਰਾਸ਼ ਤੇ ਥੱਕੇ ਹਾਰੇ ਲੋਕਾਂ ਨੇ ਇਸ ਨੂੰ ‘ਝੋਟੇ ਨਾਲ ਟੱਕਰ ਮਾਰਨ’ ਦਾ ਯਤਨ ਕਿਹਾ ਪਰ ਪਿਛਲੇ ਦੋ ਦਹਾਕਿਆਂ ਵਿਚੋਂ 10 ਸਾਲਾਂ ਤੱਕ ਰਹੇ ਉਲਟ ਹਾਲਤਾਂ ਦੇ ਬਾਵਜੂਦ ਤਰਕਸ਼ੀਲਾਂ ਦਾ ਇਹ ਯਤਨ ਹੁਣ ਇਕ ਵੱਡਾ ਕਾਫਲਾ ਬਣ ਕੇ ਲੰਮੇ ਸਫਰ ਲਈ ਨਿਕਲ ਤੁਰਿਆ ਹੈ। ਇਸ ਸਫਰ ਦੌਰਾਨ ਇਹ ਕਾਫਲਾ ਤਰਕਸ਼ੀਲ ਸੁਸਾਇਟੀ ਭਾਰਤ (ਰਜਿ:) ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੇ ਰੂਪ ਵਿਚ ਦੋ ਵੱਖ-ਵੱਖ ਜਥਿਆਂ ਵਜੋਂ ਵੀ ਤੁਰਿਆ ਪਰ ਮੰਜ਼ਿਲ ਨੂੰ ਜਾਂਦੇ ਰਾਹਾਂ ਦੀ ਦਿਸ਼ਾ ਇਕੋ ਹੋਣ ਕਰਕੇ ਬੀਤੇ ਵਰ੍ਹੇ ਤੋਂ ਦੋਹਵੇਂ ਜਥੇਬੰਦੀਆਂ ਏਕਤਾ ਉਪਰੰਤ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੇ ਨਾਂਅ ਹੇਠ ਹੋਰ ਜ਼ੋਰ-ਸ਼ੋਰ ਨਾਲ ਸਰਗਰਮ ਹੋ ਗਈਆਂ ਹਨ। ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ‘ਭਾਰਤੀ ਸੰਵਿਧਾਨ ਦੀ ਧਾਰਾ 51-ਏ (ਐਚ)’ ਤਹਿਤ ਮੁਲਕ ਵਿਚ ਵਿਗਿਆਨਕ ਵਿਚਾਰਧਾਰਾ ਅਤੇ ਪੜਤਾਲੀਆ ਪਹੁੰਚ ਫੈਲਾਉਣ ਦੇ ਫਰਜ਼ ਨਿਭਾਉਣ, ‘ਡਰੱਗਜ਼ ਐਂਡ ਮੈਜਿਕ ਰੈਮਡੀ ਆਬਜੈਕਸ਼ਨੇਬਲ ਐਡਵਰਟਾਈਜ਼ਮੈਂਟ ਐਕਟ 1954’ ਤਹਿਤ ਧਾਗੇ, ਜਲ ਤੇ ਹੋਰ ਤਰੀਕੇ ਨਾਲ ਮਾਨਸਿਕ ਸਰੀਰਿਕ ਬਿਮਾਰੀਆਂ ਦਾ ਇਲਾਜ ਕਰਨ ਦਾ ਦਾਅਵਾ ਕਰਨ ਵਾਲਿਆਂ ਨੂੰ ਬੇਨਕਾਬ ਕਰਨ, ‘ਮੈਂਟਲ ਹੈਲਥ ਐਕਟ-1987’ ਤਹਿਤ ਮਾਨਸਿਕ ਰੋਗੀਆਂ ਦੇ ਸਿਰ ਘੁੰਮਾ ਕੇ, ਡੋਲੀਆਂ ਖਿਡਾਅ ਕੇ ਕਥਿਤ ਭੂਤ ਭਜਾਉਣ ਵਾਲਿਆਂ ਨੂੰ ਚੁਣੌਤੀ ਦੇਣ ਅਤੇ ‘ਮੈਡੀਕਲ ਰਜਿਸਟ੍ਰੇਸ਼ਨ ਐਕਟ’ ਤਹਿਤ ਚਮਤਕਾਰੀ ਢੰਗਾਂ ਤੇ ਹੋਰ ਵਸਤਾਂ ਰਾਹੀਂ ਅਣਅਧਿਕਾਰਤ ਤੌਰ ’ਤੇ ਮਨੋਰੋਗੀਆਂ ਦਾ ਇਲਾਜ ਕਰਦੇ ਪਾਖੰਡੀਆਂ ਖਿਲਾਫ ਕਾਰਵਾਈ ਕਰਨ ਵਰਗੇ ਅਹਿਮ ਕਾਰਜ ਕਰ ਰਹੀ ਹੈ। ਇਸ ਵਾਸਤੇ ਸਭ ਤੋਂ ਅਹਿਮ ਕਦਮ ਆਮ ਜਨਤਾ ਨੂੰ ਇਸ ਸਭ ਕਾਸੇ ਤੋਂ ਜਾਗਰੂਕ ਕਰਨਾ ਹੈ ਤਾਂ ਜੋ ਲੋਕਾਂ ਵਿਚੋਂ ਅਨਪੜ੍ਹਤਾ, ਲਾਈਲੱਗਪੁਣਾ ਅਤੇ ਭੇਡ ਚਾਲ ਵਰਗੇ ਰੁਝਾਨ ਖ਼ਤਮ ਕੀਤੇ ਜਾ ਸਕਣ। ਇਸ ਦਿਸ਼ਾ ਵਿਚ ਸੁਸਾਇਟੀ ਹੁਣ ਤੱਕ ਪੰਜਾਬ ਦੇ ਕੋਨੇ-ਕੋਨੇ ਵਿਚ ਤਰਕਸ਼ੀਲ ਮੇਲੇ ਕਰਵਾ ਚੁੱਕੀ ਹੈ, ਜਿਨ੍ਹਾਂ ਵਿਚ ਨਾਟਕ ਤੇ ਕੋਰੀਓਗ੍ਰਾਫੀਆਂ ਰਾਹੀਂ ਪਾਖੰਡੀਆਂ ਤੇ ਸਮਾਜਿਕ ਬੁਰਾਈਆਂ ਖਿਲਾਫ਼ ਆਵਾਜ਼ ਬੁਲੰਦ ਕਰਨ ਦੇ ਨਾਲ-ਨਾਲ ਜਾਦੂ ਦੇ ਟ੍ਰਿੱਕਾਂ ਤੋਂ ਇਲਾਵਾ ਅੱਗ ’ਤੇ ਚੱਲਣ ਆਦਿ ਵਰਗੇ ਕਰਤਬ ਕਰਕੇ ਲੋਕਾਂ ਦੇ ਮਨਾਂ ਵਿਚੋਂ ਕਾਲੇ ਇਲਮ, ਦੈਵੀ ਸ਼ਕਤੀ, ਰਿੱਧੀ-ਸਿੱਧੀ ਅਤੇ ਹੋਰ ਕਲਪਿਤ ਸ਼ਕਤੀਆਂ ਦਾ ਪਰਦਾ ਫਾਸ਼ ਕੀਤਾ ਜਾਂਦਾ ਹੈ। ਤਰਕਸ਼ੀਲ ਮੇਲਿਆਂ ਅਤੇ ਤਰਕਸ਼ੀਲ ਕਾਫ਼ਲਿਆਂ ਵਿਚ ਪ੍ਰਦਰਸ਼ਨੀਆਂ ਤੇ ਝਾਕੀਆਂ ਰਾਹੀਂ ਪ੍ਰਚਾਰ ਕਰਨ ਤੋਂ ਇਲਾਵਾ ਭਾਰੀ ਮਾਤਰਾ ਵਿਚ ਤਰਕਸ਼ੀਲ ਸਾਹਿਤ ਪ੍ਰਕਾਸ਼ਿਤ ਕਰਕੇ ਵੇਚਿਆ ਜਾ ਰਿਹਾ ਹੈ। ਸੁਸਾਇਟੀ ਵੱਲੋਂ ਦੋ-ਮਾਸਿਕ ਰਸਾਲੇ ‘ਤਰਕਸ਼ੀਲ’ ਦੀ ਲਗਾਤਾਰ ਪ੍ਰਕਾਸ਼ਨਾ ਵੀ ਜਥੇਬੰਦੀ ਦੀ ਵੱਡੀ ਪ੍ਰਾਪਤੀ ਹੈ। ਤਰਕਸ਼ੀਲਾਂ ਨੇ ਦੁਨੀਆ ਭਰ ਦੇ ਅਖੌਤੀ ਦੈਵੀ ਸ਼ਕਤੀ ਦੇ ਮਾਲਕ ਹੋਣ ਦਾ ਦਾਅਵਾ ਕਰਨ ਵਾਲਿਆਂ ਨੂੰ ਉਸ ਸ਼ਕਤੀ ਦਾ ਲੋਕ ਕਚਹਿਰੀ ਵਿਚ ਤਰਕਸ਼ੀਲਾਂ ਸਾਹਮਣੇ ਪ੍ਰਗਟਾਵਾ ਕਰਕੇ 5 ਲੱਖ ਰੁਪਏ ਦਾ ਇਨਾਮ ਜਿੱਤਣ ਦੀ ਚੁਣੌਤੀ ਦੇ ਰੱਖੀ ਹੈ, ਜੋ ਲਗਾਤਾਰ 20 ਸਾਲਾਂ ਤੋਂ ਅਜਿੱਤ ਹੈ। ਇਸ ਚੁਣੌਤੀ ਦੇ ਆਧਾਰ ’ਤੇ ਜਿਥੇ ਤਰਕਸ਼ੀਲ ਹੁਣ ਤੱਕ ਛੋਟੇ-ਵੱਡੇ ਹਜ਼ਾਰਾਂ ਪਾਖੰਡੀਆਂ ਦਾ ਭਾਂਡਾ ਭੰਨ ਕੇ ਸੱਚ ਸਾਹਮਣੇ ਝੂਠ ਨੂੰ ਭਾਂਜ ਦੇ ਚੁੱਕੇ ਹਨ, ਉਥੇ ਮਨੋਵਿਗਿਆਨਕ ਢੰਗਾਂ ਰਾਹੀਂ ਅਨੇਕਾਂ ਮਾਨਸਿਕ ਰੋਗੀਆਂ ਦਾ ਮੁਫ਼ਤ ਅਤੇ ਸਫਲ ਇਲਾਜ ਵੀ ਕੀਤਾ ਜਾ ਚੁੱਕਾ ਹੈ। ਸਥਿਤੀ ਇਹ ਬਣ ਗਈ ਹੈ ਕਿ ਸਮਾਜ ਵਿਚ ਸਮੇਂ-ਸਮੇਂ ਪ੍ਰਚਾਰੀਆਂ ਜਾਂਦੀਆਂ ਕਥਿਤ ਪੁਨਰ ਜਨਮ ਤੇ ਹੋਰ ਚਮਤਕਾਰੀ ਘਟਨਾਵਾਂ ਦੀ ਪੜਤਾਲ ਵਾਸਤੇ ਲੋਕ ਹੁਣ ਫੌਰਨ ਤਰਕਸ਼ੀਲਾਂ ਨਾਲ ਸੰਪਰਕ ਕਰਨ ਵਾਸਤੇ ਦੌੜ-ਭੱਜ ਕਰਦੇ ਹਨ। ਨਿਰਸੰਦੇਹ ਲੋਕਾਂ ਵਿਚ ਅਜਿਹੀ ਚਿਣਗ ਜਗਾਉਣੀ ਅਤੇ ਸੂਬੇ ਦੇ ਕੋਨੇ-ਕੋਨੇ ਤੱਕ ਤਰਕਸ਼ੀਲਤਾ ਅਤੇ ਵਿਗਿਆਨਕ ਵਿਚਾਰਧਾਰਾ ਦੇ ਚਾਨਣ ਦਾ ਛੱਟਾ ਦੇਣਾ ਆਪਣੇ ਆਪ ਵਿਚ ਵੱਡੀ ਕਾਮਯਾਬੀ ਹੈ।

ਤਰਕਸ਼ੀਲਾਂ ਦੀਆਂ ਇਨ੍ਹਾਂ ਸਰਗਰਮੀਆਂ ਦੇ ਬਾਵਜੂਦ ਅਖੌਤੀ ਬਾਬਿਆਂ, ਨਕਲੀ ਸਾਧਾਂ, ਤਾਂਤਰਿਕਾਂ, ਸਿਆਣਿਆਂ ਅਤੇ ਹੋਰ ਅਜਿਹੇ ਪਾਖੰਡੀਆਂ ਦਾ ਕਾਰੋਬਾਰ ਦਿਨ-ਬ-ਦਿਨ ਵਧ ਫੁੱਲ ਰਿਹਾ ਹੈ। ਇਨ੍ਹਾਂ ਦੇ ਡੇਰਿਆਂ ਜਾਂ ਦੁਕਾਨਾਂ ’ਤੇ ਲੋਕਾਂ ਦੀ ਭੀੜ ਲਗਾਤਾਰ ਵਧਦੀ ਜਾ ਰਹੀ ਹੈ। ਉਂਜ ਭਾਵੇਂ ਇਨ੍ਹਾਂ ਥਾਵਾਂ ’ਤੇ ਔਰਤਾਂ ਅਤੇ ਅਨਪੜ੍ਹਾਂ ਦੀ ਹਾਜ਼ਰੀ ਵੱਧ ਹੁੰਦੀ ਹੈ, ਪਰ ਪੜ੍ਹੇ-ਲਿਖੇ ਲੋਕਾਂ, ਅਫਸਰਾਂ, ਸਿਆਸੀ ਆਗੂਆਂ ਦੀ ਮੌਜੂਦਗੀ ਰੜਕਵੀਂ ਹੋਣ ਕਾਰਨ ਡੇਰਿਆਂ ਦੀ ਚਰਚਾ ਆਪ ਮੁਹਾਰੇ ਹੀ ਵਧਦੀ ਜਾਂਦੀ ਹੈ। ਇਕ ਅੰਦਾਜ਼ੇ ਮੁਤਾਬਿਕ ਪੰਜਾਬ ਵਿਚ ਲੁੱਟ ਦਾ ਕਾਰੋਬਾਰ ਕਰ ਰਹੇ ਅਜਿਹੇ ਛੋਟੇ-ਵੱਡੇ ਡੇਰਿਆਂ ਦੀ ਗਿਣਤੀ 10 ਹਜ਼ਾਰ ਦੇ ਕਰੀਬ ਹੈ, ਜਿਨ੍ਹਾਂ ਵਿਚੋਂ 500 ਦੇ ਕਰੀਬ ਡੇਰੇ ਪ੍ਰਮੁੱਖਤਾ ਨਾਲ ਕਾਰੋਬਾਰ ਕਰ ਰਹੇ ਹਨ। ਪੈਦਲ ਅਤੇ ਪੁਰਾਣੇ ਸਾਈਕਲਾਂ ’ਤੇ ਆਉਣ ਵਾਲਿਆਂ ਤੋਂ ਲੈ ਕੇ ਝੰਡੀ ਵਾਲੀਆਂ ਕਾਰਾਂ ਵਾਲਿਆਂ ਤੱਕ ਇਨ੍ਹਾਂ ਦੇ ਪੱਕੇ ਪੈਰੋਕਾਰ ਹਨ। ਤਰਕਸ਼ੀਲਾਂ ਨੇ ਜੋਤਸ਼ੀਆਂ ਨੂੰ ਵੀ ਇਸੇ ਕਤਾਰ ਵਿਚ ਰੱਖਿਆ ਹੈ ਅਤੇ ਹੁਣ ਵਾਸਤੂ-ਸ਼ਾਸਤਰ ਮਾਹਿਰਾਂ ਨੂੰ ਵੀ ਚੁਣੌਤੀ ਦੇਣ ਦਾ ਕੰਮ ਸ਼ੁਰੂ ਹੋ ਗਿਆ ਹੈ। ਤਰਕਸ਼ੀਲਾਂ ਦੇ ਨਿਰੰਤਰ ਯਤਨਾਂ ਦੇ ਬਾਵਜੂਦ ਵੀ ਲੋਕ ਮਾਨਸਿਕਤਾ ’ਚ ਆ ਰਹੇ ਨਿਘਾਰ ਅਤੇ ਪਛੜੇਪਨ ਦੇ ਕਾਰਨਾਂ ਬਾਰੇ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੇ ਪੁਰਾਣੇ ਆਗੂਆਂ ਮਾਸਟਰ ਮੇਘਰਾਜ ਰੱਲਾ ਅਤੇ ਸੂਬਾਈ ਮੀਡੀਆ ਮੁਖੀ ਸੁਮੀਤ ਸਿੰਘ ਨੇ ਕਿਹਾ ਕਿ ਜੇਕਰ ਤਰਕਸ਼ੀਲਾਂ ਵੱਲੋਂ ਪਿਛਲੇ 20 ਸਾਲਾਂ ’ਚ ਕੀਤੀ ਸਰਗਰਮੀ ਮਨਫ਼ੀ ਕਰ ਦੇਈਏ ਤਾਂ ਇਸ ਤੋਂ ਵੀ ਵਿਗੜੇ ਹੋਏ ਸਮਾਜ ਦੀ ਕਲਪਨਾ ਕਰਨੀ ਔਖੀ ਨਹੀਂ ਹੈ। ਉਨ੍ਹਾਂ ਕਿਹਾ ਕਿ ਤਰਕਸ਼ੀਲਾਂ ਕੋਲ ਸੀਮਿਤ ਵਸੀਲੇ ਹਨ ਅਤੇ ਬਹੁਗਿਣਤੀ ਲੋਕ, ਸਿਆਸੀ ਢਾਂਚਾ, ਸਰਕਾਰਾਂ, ਮੀਡੀਆ, ਖਾਸ ਕਰਕੇ ਟੀ.ਵੀ. ਚੈਨਲ ਅਤੇ ਧਨਾਢ ਲੋਕਾਂ ’ਤੇ ਆਧਾਰਿਤ ਅੰਧਵਿਸ਼ਵਾਸੀ ਤਾਣੇ-ਬਾਣੇ ਦਾ ਮੁਕਾਬਲਾ ਕਰਨਾ ਖਾਲਾ ਜੀ ਦਾ ਵਾੜਾ ਨਹੀਂ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਭੂਤਰੇ ਹੋਏ ਸਾਨ੍ਹ ਨੂੰ ਨੰਗੇ ਸਿਰ ਟੱਕਰ ਮਾਰਨ ਵਾਂਗ ਹੈ, ਪਰ ਇਹ ਤਰਕਸ਼ੀਲਾਂ ਦੀ ਵੱਡੀ ਜਿੱਤ ਹੈ ਕਿ ਜਿਥੇ ਵੀ ਤਰਕਸ਼ੀਲਾਂ ਨੇ ਅਗਿਆਨਤਾ ਦੇ ਭੂਤਰੇ ਸਾਨ੍ਹ ਨੂੰ ਟੱਕਰ ਮਾਰੀ ਹੈ, ਉਥੇ ਤਰਕਸ਼ੀਲ ਨਹੀਂ ਸਗੋਂ ਇਹ ਸਾਨ੍ਹ ਹੀ ਚਿੱਤ ਹੋਇਆ ਹੈ। ਤਰਕਸ਼ੀਲ ਆਗੂਆਂ ਅਨੁਸਾਰ ਪਰੰਪਰਾ ਦੇ ਵਹਿਣ ਵਿਚ ਵਹਿ ਜਾਣਾ ਸੁਭਾਵਿਕ ਤਾਂ ਹੈ ਪਰ ਕੇਵਲ ਜਿਊਂਦੀਆਂ ਮੱਛੀਆਂ ਹੀ ਵਹਿਣ ਦੇ ਉਲਟ ਤੈਰਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਤਰਕਸ਼ੀਲ ਲਹਿਰ ਨੂੰ ਬੇਮਿਸਾਲ ਕਾਮਯਾਬੀ ਮਿਲ ਰਹੀ ਹੈ ਅਤੇ ਚੁੱਪ-ਚੁਪੀਤੇ ਇਹ ਲੋਕ-ਲਹਿਰ ਬਣਨ ਵੱਲ ਜਾ ਰਹੀ ਹੈ ਪਰ ਸਰਕਾਰਾਂ ਦੀ ਸੰਵਿਧਾਨ ਦੀਆਂ ਮੱਦਾਂ ’ਤੇ ਪਹਿਰਾ ਦੇਣ ਪ੍ਰਤੀ ਸਾਜ਼ਿਸ਼ੀ ਚੁੱਪ ਅਤੇ ਨਲਾਇਕੀ ਕਾਰਨ ਸਾਰਾ ਬੋਝ ਤਰਕਸ਼ੀਲਾਂ ਨੂੰ ਹੀ ਚੁੱਕਣਾ ਪੈ ਰਿਹਾ ਹੈ। ਤਰਕਸ਼ੀਲ ਆਗੂਆਂ ਨੇ ਦੱਸਿਆ ਕਿ ਭਾਵੇਂ ਜਥੇਬੰਦੀ ਦੇ ਕਾਰਕੁੰਨ ਹਜ਼ਾਰਾਂ ਪਾਖੰਡੀਆਂ ਨੂੰ ਲੋਕ ਕਚਹਿਰੀ ’ਚ ਚੁਣੌਤੀ ਦੇਣ ਤੋਂ ਬਾਅਦ ਬੇਨਕਾਬ ਕਰ ਚੁੱਕੇ ਹਨ ਅਤੇ ਇਹ ਪਾਖੰਡੀ ਲਿਖਤੀ ਮੁਆਫ਼ੀਆਂ ਵੀ ਮੰਗ ਚੁੱਕੇ ਹਨ ਪਰ ਸਰਕਾਰ ਅਤੇ ਲੋਕਾਂ ਨੂੰ ਦਬਾਉਣ ਲਈ ਵਰਤੀ ਜਾ ਰਹੀ ਪੁਲਿਸ ਨੇ ਅਜੇ ਤੱਕ ਇਕ ਵੀ ਮਾਮਲਾ ਦਰਜ ਨਹੀਂ ਕੀਤਾ। ਉਲਟਾ ਪੁਲਿਸ ਕਈ ਵਾਰ ਸਿਆਸੀ ਦਬਾਅ ਹੇਠ ਜਾਂ ਮਾਇਆ ਦੇ ਲਿਸ਼ਕਾਰੇ ਨਾਲ ਅੰਨ੍ਹੀ ਹੋ ਕੇ ਤਰਕਸ਼ੀਲਾਂ ਖਿਲਾਫ਼ ਹੀ ਕੇਸ ਦਰਜ ਕਰ ਚੁੱਕੀ ਹੈ। ਤਰਕਸ਼ੀਲਾਂ ਨੇ ਇਹ ਦੋਸ਼ ਵੀ ਲਾਇਆ ਕਿ ਕਈ ਵਾਰ ਆਪਣਾ ਤੋਰੀ ਫੁਲਕਾ ਬੰਦ ਹੁੰਦਾ ਵੇਖ ਕੇ ਧਾਰਮਿਕਤਾ ਦੀ ਆੜ ਵਿਚ ਪਾਖੰਡ ਦਾ ਕਾਰੋਬਾਰ ਚਲਾ ਰਹੇ ਅਖੌਤੀ ਬਾਬੇ ਲੋਕਾਂ ਦੇ ਧਾਰਮਿਕ ਜਜ਼ਬਾਤ ਭੜਕਾ ਕੇ ਤਰਕਸ਼ੀਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਏਨੀਆਂ ਚੁਣੌਤੀਆਂ ਅਤੇ ਖ਼ਤਰਿਆਂ ਦੇ ਬਾਵਜੂਦ ਵੀ ਲਹਿਰ ਵੱਲੋਂ ਦਿਨ-ਬ-ਦਿਨ ਜ਼ੋਰ ਫੜਨਾ ਹੌਸਲਾ-ਵਧਾਊ ਵਰਤਾਰਾ ਹੈ। ਵਿਗਾੜ ਯੁਕਤ ਧਾਰਮਿਕਤਾ ਦੇ ਫੈਲਾਅ ਬਾਰੇ ਉਨ੍ਹਾਂ ਕਿਹਾ ਕਿ ਇਸ ਵਾਸਤੇ ਟੀ.ਵੀ. ਚੈਨਲ ਤੇ ਅਜੋਕੀ ਰਾਜਨੀਤੀ ਮੁੱਖ ਤੌਰ ’ਤੇ ਜ਼ਿਮੇਵਾਰ ਹੈ। ਹੋਰ ਤਾਂ ਹੋਰ ਦੂਰਦਰਸ਼ਨ ਵੀ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਅ ਰਿਹਾ ਅਤੇ ਅੰਧਵਿਸ਼ਵਾਸੀ ਲੜੀਵਾਰ ਤੇ ਪ੍ਰੋਗਰਾਮ ਪੇਸ਼ ਕਰਕੇ ਸੰਵਿਧਾਨਕ ਮੱਦਾਂ ਦੀ ਸ਼ਰੇਆਮ ਉਲੰਘਣਾ ਕਰ ਰਿਹਾ ਹੈ।

ਇਸ ਸਭ ਕਾਸੇ ਬਾਰੇ ਤਰਕਸ਼ੀਲ ਸੁਸਾਇਟੀ ਨੇ ਬੀਤੇ ਦਿਨੀਂ ਰਾਸ਼ਟਰਪਤੀ ਨੂੰ ਇਕ ਯਾਦ-ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਸਰਕਾਰ ਤੇ ਇਸ ਦੇ ਅੰਗਾਂ ਨੂੰ ਸੰਵਿਧਾਨਿਕ ਮੱਦਾਂ ਦੀ ਪਾਲਣਾ ਤੇ ਪੈਰਵੀ ਕਰਨ ਲਈ ਹੁਕਮ ਦਿੱਤੇ ਜਾਣ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com