WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਇਕ ਸਿਦਕੀ, ਸਿਰੜੀ ਤੇ ਮਿਹਨਤੀ ਪੰਜਾਬੀ ਦਾ ਨਾਂ ਹੈ: ਜ਼ੋਰਾਵਰ ਸਿੰਘ ਗਾਖਲ
ਐਸ ਅਸ਼ੋਕ ਭੋਰਾ

ਜਦੋ ਵੀ ਸਾਨੂੰ ਕੋਈ ਅਜਿਹਾ ਇਨਸਾਨ ਮਿਲ ਪਵੇ ਜਿਹੜਾ ਵਿਸ਼ਵਾਸਯੋਗ ਹੋਵੇ, ਦਲੇਰ ਵੀ ਹੋਵੇ ਪਰ ਸਿਆਣਾ ਵੀ ਤਾਂ ਸੱਚ ਇਹ ਹੈ ਕਿ ਸਾਡੀ ਅਕਲ ਦੇ ਦਰਵਾਜ਼ੇ ਆਪਣੇ ਆਪ ਖੁਲ੍ਹ ਜਾਂਦੇ ਹਨ ਤੇ ਸੋਚ ਅਤੇ ਦਿਲ ਸਿਆਣਾ ਹੋ ਜਾਂਦਾ ਹੈ। ਇਵੇਂ ਸਿਆਣੇ ਕਹਿੰਦੇ ਹਨ ਕਿ ਜਦੋਂ ਗੁਆਂਢਣ ਕੰਧ ਦੇ ਉਪਰੋਂ ਦੀ ਬੋਲੀ ਮਾਰੇ ਤਾਂ ਅਣਖੀ ਬੰਦਾ ਚੁਬਾਰਿਆਂ ਨੂੰ ਉਸਾਰਨ ਦੀ ਸੋਚ ਕਾਇਮ ਕਰ ਲੈਂਦਾ ਹੈ ਜਿਉਂ ਜੋ ਨੀਵੀਆਂ ਕੰਧਾਂ ਦਾ ਰੌਲਾ ਹੀ ਨਾ ਰਹੇ।

ਇਕ ਸਿਰੜੀ, ਸਿਦਕੀ, ਮਿਹਨਤੀ ਤੇ ਅਣਖੀ ਬੰਦਾ ਜ਼ੋਰਾਵਰ ਸਿੰਘ ਗਾਖਲ ਇਸ ਵੇਲੇ ਇੰਗਲੈਂਡ ‘ਚ ਰਹਿੰਦਾ ਹੈ। ਉਹ ਉਨ੍ਹਾਂ ਚੋਂ ਹੈ ਜਿਹੜੇ ਪਿੱਠ ਘੁਮਾ ਕੇ ਨਹੀਂ ਵੇਖਦੇ। ਜਦੋਂ ਗਾਉਣ ਵਾਲਿਆਂ ਦੀ ਭੀੜ ਨਹੀਂ ਪਈ ਸੀ ਤਾਂ ਉਸ ਨੇ ਬਹੁਤ ਸਾਰਿਆਂ ਨੂੰ ਇੰਗਲੈਂਡ ਬੁਲਾ ਪੌਂਡਾਂ ਨਾਲ ਉਨ੍ਹਾਂ ਦੀਆਂ ਜੇਬਾਂ ਹੀ ਨਹੀਂ ਭਰੀਆਂ ਬਲਕਿ ਉਨ੍ਹਾਂ ਨੂੰ ਚੁਰਾਹੇ ਦੀ ਲਾਲ ਬੱਤੀ ਲੰਘਾ ਕੇ ਕਾਮਯਾਬੀ ਦਾ ਹਰਾ ਸਿਗਨਲ ਵੀ ਲੈ ਕੇ ਦਿੱਤਾ।

ਦੋ ਤਿੰਨ ਕੰਮ ਜ਼ੋਰਾਵਰ ਸਿੰਘ ਗਾਖਲ ਨੇ ਹੀ ਪਹਿਲੀ ਵਾਰ ਕੀਤੇ ਹਨ। ਹੰਸ ਰਾਜ ਹੰਸ ਨੂੰ ਪਹਿਲੀ ਵਾਰ ਇੰਗਲੈਂਡ ਮੰਗਵਾ ਕੇ ਰੱਜ ਕੇ ਪਿਆਰ ਤੇ ਸ਼ੋਹਰਤ ਦੁਆਉਣਾ, ਸਿੰਗਮਾ ਜਰੀਏ ਗੀਤਾਂ ਦੀਆਂ ਰੀਲਾਂ ਨੂੰ ਵਲੈਤ ਵਿੱਚ ਜਾਰੀ ਕਰਨਾ, ਪੰਜਾਬੀ ਫਿਲਮਾਂ ਦੇ ਕਲਾਕਾਰਾਂ ਦੀ ਹਾਜ਼ਰੀ ਸੁਖਦੇਵ ਬਾਹਿਲ ਵਰਗੇ ਨਵੇਂ ਗਾਇਕ ਮੁੰਡੇ ਨੂੰ ਕਾਮਯਾਬ ਕਰਨਾ, ਬਿੰਦਰਖੀਏ ਦਾ ਦੁਪੱਟਾ ਵਲੈਤ ‘ਚ ਉਡਾਉਣਾ ਤੇ ਇਕ ਨਹੀਂ ਦੋ ਰੇਡੀਓ ਸਟੇਸ਼ਨ, ਨਿਰੋਲ ਗੁਰਬਾਣੀ ਚੈਨਲ ਸੁੱਖ ਸਾਗਰ ਦਲ ਬਣੋਂ ਤੇ ਹਿੰਦੀ, ਉਰਦੂ, ਪੰਜਾਬੀ, ਗੁਜਰਾਤੀ, ਸਿੰਧੀ ਜ਼ੁਬਾਨਾਂ ਦਾ ਸੁਮੇਲ ਕਰਕੇ ਡਿਜੀਟਲ 901 ਸੈਟੇਲਾਈਟ ਚੈਨਲ ‘ਤੇ ਏਸ਼ੀਅਨ ਗੋਲਡ ਵਰਗਾ ਰੇਡੀਓ ਚੈਨਲ ਚਲਾ ਕੇ ਬਰਤਾਨਵੀ ਸਰਕਾਰ ਦਾ ਸਭ ਤੋਂ ਵੱਡਾਂ ਮੀਡੀਆਂ ਪੁਰਸਕਾਰ ‘ਹਾਉਸ ਆਫ ਲਾਰਡ’ ਪ੍ਰਾਪਤ ਕਰਨ ਵਾਲਾ ਜ਼ੋਰਾਵਰ ਸਿੰਘ ਗਾਖਲ ਹੀ ਹੋ ਸਕਦਾ ਹੈ।

ਜਿਵੇਂ ਕਹਿੰਦੇ ਹਨ ਕਿ ਗਲ ‘ਚ ਬਾਹਾਂ ਪਾ ਕੇ ਵੇਖੋ ਸਭ ਭਰਮ ਭੁਲੇਖੇ, ਗਿਲੇ ਸ਼ਿਕਵੇ ਦੂਰ ਹੋ ਜਾਣਗੇ, ਓਪਰੇ ਵੀ ਆਪਣੇ ਲੱਗਣਗੇ। ਇਹੋ ਗੁਣ ਹੈ ਗਾਖਲ ਇਚ। ਉਹ ਅੱਖੜ ਹੈ, ਕੋਰਾ ਹੈ, ਮੁੰਹ ‘ਤੇ ਵਸਾਹ ਕੇ ਕਹਿੰਦਾ ਹੈ। ਸੱਚ ਇਹ ਹੈ ਕਿ ਸਖਤ ਬਦਾਮੀ ਛੱਲੀ ਵਿਚਲੀ ਨਰਮ ਗਿਰੀ ਹੈ। ਚੌਵੀ ਘੰਟੇ ਸ਼ੁੱਧ ਗੁਰਬਾਣੀ ਪ੍ਰੋਗਰਾਮ ਕਰਕੇ, ਗੁਰਪੁਰਬਾਂ, ਹਰ ਰੋਜ਼ ਚਾਰੇ ਬਾਣੀਆਂ ਤੇ ਪਾਠ ਕਰਕੇ, ਭਗਤਾਂ, ਭੱਟਾਂ ਤੇ ਪੀਰਾਂ-ਫਕੀਰਾਂ ਦੀ ਬਾਣੀ, ਇਲਮ ਤੇ ਸੋਚ ਦਾ ਅਧਿਆਤਮਕ ਪ੍ਰਚਾਰ ਕਰਕੇ, ਆਪ ਗੁਰਸਿੱਖ ਨਾ ਵੀ ਹੋ ਕੇ ਇਸ ਗੱਲ ਦੀ ਆਸ ਨਹੀਂ ਰੱਖਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੀ ਮਦਦ ਕਰੇ। ਉਹ ਆਪਣੇ ਹਠ ਤੇ ਸਿਰੜ ਨੂੰ ਲਗਾਮ ਨਹੀਂ ਦੇਣੀ ਚਾਹੁੰਦਾ। ਨਿਰੰਤਰ ਤੁਰਨਾ ਤੇ ਸਫਲਤਾ ਦੀ ਲਛਮਣ ਰੇਖਾ ਖਿੱਚਣੀ ਵਾਕਿਆ ਸਿਰਫ ਗਾਖਲ ਵਰਗੇ ਮਨੁੱਖ ਨੂੰ ਹੀ ਆ ਸਕਦੀ ਹੈ।

ਹੰਸ ਦਾ ਮਿੱਤਰ ਹੈ ਗਾਖਲ ਜਾਂ ਗਾਖਲ ਦਾ ਮਿੱਤਰ ਹੈ ਹੰਸ, ਇਹਦੇ ਬਾਰੇ ਪਤਾ ਨਹੀ ਲੱਗ ਸਕਦਾ। ਇਵੇਂ ਜਦੋ ਇਹ ਨਾ ਪਤਾ ਲੱਗੇ ਕਿ ਪੈਰ ਤਬਲੇ ਦੀ ਤਾਲ ਨਾਲ ਉੱਠ ਰਹੇ ਹਨ ਜਾਂ ਤਬਲਾ ਪੈਰਾਂ ਦੀ ਤਾਲ ਨਾਲ ਵੱਜ ਰਿਹਾ ਹੈ। ਉਂਜ ਦੋਵੇਂ ਗੁਆਂਢੀ ਵੀ ਹਨ। ਜਲੰਧਰ ਜ਼ਿਲੇ ‘ਚ ਗਾਖਲ ਤੇ ਸਫੀਪੁਰ ਪਿੰਡ ਦੇ ਸਾਂਝੇ ਵਸੀਵੇਂ ਹਨ ਪਰ ਜ਼ੋਰਾਵਰ ਬੇਪ੍ਰਵਾਹ ਵੀ ਹੈ ਉਹਨੂੰ ਕਿਸੇ ਨਾਲ ਸੁਆਰਥ ਨਹੀਂ ਤੇ ਨਾ ਹੀ ਉਹ ਅਜਿਹੀ ਕਿਸੇ ਆਸ-ਉਮੀਦ ਮਗਰ ਭੱਜਿਆਂ ਫਿਰਦਾ ਹੈ। ਬ੍ਰਿਟਿਸ਼ ਤੇ ਸੁਰੱਖਿਆਂ ਮੰਤਰਾਲੇ ਵਿਚ ਉਹ 14 ਵਰ੍ਹੇ ਸੀਨੀਅਰ ਇਲੈਕਟ੍ਰਾਨਿਕ ਇੰਜੀਨੀਅਰ ਰਿਹਾ, ਲੰਡਨ ਯੁਨੀਵਰਸਿਟੀ ਦਾ ਉਹ ਪੋਸਟ ਗਰੈਜੁਏਟ ਹੈ, ਤਗਮੇ ਨਾਲ।

ਹੋਰ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਬਹੁਤ ਨਿੱਕੀ ਉਮਰੇ ਗੋਰਿਆਂ ਦੇ ਮੁਲਕ ਦਾ ਵਸਨੀਕ ਬਣਨ ਵਾਲਾ ਗਾਖਲ ਪੰਜਾਬੀ ਦੇ ਗਿਆਨੀ ਅਧਿਆਪਕ ਵਰਗੀ ਮੁਹਾਰਤ ਰੱਖਦਾ ਹੈ, ਵਾਰਤਿਕ ਦਾ ਹੀ ਮਾਹਿਰ ਨਹੀਂ ਸਗੋਂ ਪੰਜਾਬ ਦੇ ਨਾਮਵਰ ਸ਼ਾਇਰਾਂ ਅਮ੍ਰਿਤਾ ਪ੍ਰੀਤਮ, ਸ਼ਿਵ, ਪ੍ਰੌ: ਪੂਰਨ ਸਿੰਘ ਤੇ ਸੁਰਜੀਤ ਪਾਤਰ ਤੀਕਰ ਉਹ ਕਾਵਿ ਜਗਤ ਤੇ ਪੂਰੀ ਪਕੜ ਰੱਖਦਾ ਹੈ। ਜਿਵੇਂ ਸਿਆਣੇ ਕਹਿੰਦੇ ਹਨ ਮੁੜ ਮੁੜ ਪਿਛਾਂਹ ਵੇਖਣ ਨਾਲ ਧੌਣ ਦੁਖਣ ਲੱਗ ਜਾਂਦੀ ਹੈ, ਬੀਤੇ ਨੂੰ ਘੜੀ-ਮੁੜੀ ਚੇਤੇ ਕਰਨ ਵਾਲੇ ਸਿਰਫ ਝੁਰਦੇ ਹਨ ਪਰ ਗਾਖਲ ਨੇ ਜੋ ਲੰਘ ਗਿਆ, ਜੋ ਕਰ ਲਿਆ ਜੋ ਕਰ ਦਿੱਤਾ ਉਹ ਕਦੇ ਬਹੁਤਾ ਵਿਆਖਿਆ ਵਿਸ਼ਲੇਸ਼ਣ ਨਹੀ।

ਰੇਡੀਓ ਲਾਇਨ ਨਾਲ ਸਬੰਧਤ ਲੋਕ ਜਾਣਦੇ ਹਨ ਕਿ ਉਹਨੂੰ ਕਿਸੇ ਵੀ ਵਿਸ਼ੇ ‘ਤੇ ਪ੍ਰੋਗਰਾਮ, ਕਿਸੇ ਨਾਲ ਵੀ ਮੁਲਾਕਾਤ, ਵਕਤੀ ਘਟਨਾ ‘ਤੇ ਗੱਲ ਦਾ ਅਵਸਰ ਮਿਲੇ ਤਾਂ ਉਹਦੀ ਪਕੜ ਵੇਖਣ ਹੀ ਵਾਲੀ ਹੁੰਦੀ ਹੈ। ਉਹਦੀਆਂ ਗੱਲਾਂ ਵੇਖੋ ਤਾਂ ਉਹ ਫਿਲਾਸਫਰ, ਵਿਗਿਆਨੀ, ਧਾਰਮਿਕ ਹਸਤੀ, ਰਾਜਨੀਤੀਵਾਨ ਤੇ ਵਿਅੰਗਮਈ ਹਸਤੀ ਵੀ ਇੱਕੇ ਵੇਲੇ ਲਗਦਾ ਹੈ। ਉਹਨੇ ਬਹੁਤ ਸਾਰੀਆਂ ਕਹਾਣੀਆਂ ਲਿਖਕੇ ‘ਦੇਸ ਪ੍ਰਦੇਸ’ ਤੇ ਪੰਜਾਬੀ ਟ੍ਰਿਬਿਊਨ ‘ਚ ਛਪਵਾਈਆਂ। ਲਿਖਣਾ ਤੇ ਬੋਲਣਾ ਉਹਦਾ ਨਿਰੰਤਰ ਸ਼ੋਕ ਹੈ। ਉਹਨੇ ਜਿਨ੍ਹਾਂ ਰਾਹਾਂ ਵਿਚ ਕਦਮ ਰੱਖਿਆਂ ਹੈ ਉਨ੍ਹਾਂ ਨੂੰ ਜਰਨੈਲੀ ਸੜਕਾਂ ਬਣਾ ਦਿੱਤਾ ਹੈ। ਉਹਦੀ ਪਤਨੀ ਜਸਪਾਲ ਕੌਰ ਗਾਖਲ ਐਮ ਏ ਬੀ ਐੱਡ ਹੈ, ਬੇਟਾ ਮਨਰਾਜ ਗਾਖਲ ਦੰਦਾ ਦਾ ਸਰਜਨ ਤੇ ਛੋਟਾ ਕਵੀਰਾਜ ਹਾਲੇ ਵਿਗਿਆਨ ਦਾ ਵਿਦਿਆਰਥੀ ਹੈ।

ਪੈਸਾ ਬਹੁਤ ਸਾਰੇ ਲੋਕਾਂ ਨੇ ਕਮਾਇਆ ਪਰ ਖਰਚਣਾ ਤੇ ਨਾਮਣਾ ਨਹੀ ਆਇਆ, ਭੁੱਖ ਉਨ੍ਹਾਂ ਦੀਆਂ ਬਰੂਹਾਂ ਤੇ ਰਹੀ ਪਰ ਜ਼ੋਰਾਵਰ ਸਿੰਘ ਗਾਖਲ ਜ਼ਿੰਦਗੀ ਨੂੰ ਮਾਨਣਾ, ਹੰਢਾਉਣਾ ਤੇ ਵੇਖਣ ਵਾਲਾ ਮਹਾਨ ਪੰਜਾਬੀ ਹੈ। ਉਹ ਪੈਸੇ ਪਿੱਛੇ ਨਹੀਂ ਪੈਸਾ ਉਹਦੇ ਪਿੱਛੇ ਦੌੜਿਆ ਪਰ ਲਾਲਚ ਦੇ ਬੂਹੇ ਬੰਦ ਕਰਕੇ ਰੱਖੇ। ਸਾਉਥਾਲ ‘ਚ ਕਿੰਗ ਸਟਰੀਟ ‘ਤੇ ਗਾਖਲ ਨੂੰ ਮਿਲਣ ਦਾ ਪੱਕਾ ਟਿਕਾਣਾ ਕਿਸੇ ਵੀ ਸਾਹਿਤਕਾਰ, ਪੰਜਾਬੀ ਤੇ ਜ਼ੁਬਾਨ ਦੇ ਆਸ਼ਕ ਨੂੰ ਪੁੱਛ ਸਕਦੇ ਹੋ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

 

Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com