WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

 

ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ

 

5_cccccc1.gif (41 bytes)

ਇਨਸਾਨ ਦਾ ਮੁੱਢ ਕਦੀਮ ਤੋਂ ਚੱਲਿਆ ਸਫ਼ਰ ਲਗਾਤਾਰ ਜਾਰੀ ਹੈ ਅਤੇ ਜਾਰੀ ਰਹੇਗਾ ਜਦੋਂ ਤੱਕ ਪਰਲੋਂ ਨਹੀਂ ਆਉਂਦੀ ਅਤੇ ਸਭ ਕੁੱਝ ਤਹਿਸ ਨਹਿਸ ਨਹੀਂ ਹੋ ਜਾਂਦਾ। ਇਸੇ ਤਰ੍ਹਾਂ ਇਨਸਾਨ ਦੇ ਪੈਦਾ ਕੀਤੇ ਸਭਿਆਚਾਰ, ਰਸਮੋਂ ਰਿਵਾਜ ਅਤੇ ਬੋਲੀਆਂ ਬਣਦੀਆਂ, ਬਦਲਦੀਆਂ ਅਤੇ ਵਿਗੜਦੀਆਂ ਰਹਿਣਗੀਆਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਤਬਦੀਲੀਆਂ ਨੂੰ ਨਾ ਕੋਈ ਰੋਕ ਸਕਿਆ ਹੈ ਅਤੇ ਨਾ ਹੀ ਕੋਈ ਰੋਕ ਸਕੇਗਾ। ਮੇਰੇ ਖਿਆਲ ਵਿੱਚ ਇਹ ਸਾਰਾ ਪ੍ਰਕਰਣ ਕੁੱਝ ਅਜਿਹੇ ਦੌਰਾਂ ਵਿੱਚੋਂ ਲੰਘਦਾ ਹੈ ਜਿਨ੍ਹਾਂ ਦੌਰਾਨ ਇਨ੍ਹਾਂ ਸਾਰੀਆਂ ਤਬਦੀਲੀਆਂ ਵਿੱਚ ਕੁੱਝ ਠਹਿਰਾਓ ਆਉਂਦੇ ਹਨ। ਇਨ੍ਹਾਂ ਠਹਿਰਾਓ ਦੇ ਸਮਿਆਂ ਵਿੱਚ ਜੋ ਨਵੇਂ ਪ੍ਰਚਲਣ ਸਥਾਪਤ ਹੁੰਦੇ ਹਨ, ਉਨ੍ਹਾਂ ਨੂੰ ਪਨਪਣ ਅਤੇ ਹਰਮਨ ਪਿਆਰੇ ਹੋਣ ਦਾ ਮੌਕਾ ਮਿਲਦਾ ਹੈ। ਅਜਿਹੇ ਮੌਕੇ ਹਰ ਸਭਿਆਚਾਰ ਵਿੱਚ ਹਰ ਫ਼ਲਸਫ਼ੇ ਅਤੇ ਹਰ ਬੋਲੀ ਨੂੰ ਮਿਲਦੇ ਹਨ।

ਮੇਰੇ ਖਿਆਲ ਅਨੁਸਾਰ ਅਜਿਹਾ ਮੌਕਾ ਪੰਜਾਬੀ ਬੋਲੀ ਨੂੰ ਵੀ ਮਿਲਦਾ ਰਿਹਾ ਹੈ ਜਿਸ ਦੌਰਾਨ ਇਸ ਨੇ ਆਪਣੀ ਨੁਹਾਰ ਕਾਇਮ ਕੀਤੀ, ਨਿਖਾਰੀ ਅਤੇ ਪ੍ਰਚੱਲਤ ਕੀਤੀ ਹੈ। ਸਮੇਂ ਦੀ ਲੋੜ ਅਨੁਸਾਰ ਗੁਰੂ ਸਾਹਿਬਾਨ ਦੇ ਸਮਿਆਂ ਤੋਂ ਲੈਕੇ ਇਸ ਦੀ ਲਿੱਪੀ ਨੂੰ ਸੁਧਾਰਿਆ ਅਤੇ ਸੰਵਾਰਿਆ ਗਿਆ। ਇਸ ਤਰ੍ਹਾਂ ਹੁੰਦੇ ਹੁੰਦੇ ਇਹ ਅੱਜ ਦੇ ਦੌਰ ਵਿੱਚ ਪਹੁੰਚੀ ਹੈ। ਪਰ ਅੱਜ ਦੇ ਜ਼ਮਾਨੇ ਵਿੱਚ ਇਹ ਦੇਖਣ, ਸੁਣਨ ਅਤੇ ਮਹਿਸੂਸ ਕਰਨ ਤੋਂ ਪਤਾ ਲੱਗਦਾ ਹੈ ਕਿ ਇਸ ਨੂੰ ਵਿਗਾੜਨ ਲਈ ਅਤੇ ਇਸ ਦੀ ਮਹੱਤਤਾ ਨੂੰ ਖ਼ਤਮ ਕਰਨ ਲਈ ਜਾਣ ਬੁੱਝ ਕੇ ਕੋਝੇ ਯਤਨ ਕੀਤੇ ਜਾ ਰਹੇ ਹਨ, ਜਿਹੜੇ ਮੇਰੇ ਵਰਗੇ ਪੰਜਾਬੀ ਪ੍ਰੇਮੀਆਂ ਨੂੰ ਸਮੇਂ ਸਮੇਂ ਸਿਰ ਬਹੁਤ ਚੁਭਦੇ ਅਤੇ ਤਕਲੀਫ਼ ਦਿੰਦੇ ਹਨ। ਇਸ ਕੰਮ ਵਿੱਚ ਪੱਛਮੀ ਸਭਿਆਚਾਰ ਅਤੇ ਭਾਰਤੀ ਲੋਕਾਂ ਦਾ ਇਸ ਵੱਲ ਰੁਝਾਨ ਅਤੇ ਭਾਰਤੀ ਸਿਨਮੇ ਦੇ ਰੋਲ ਕਾਫ਼ੀ ਨਿੰਦਣਯੋਗ ਹਨ। ਖ਼ੈਰ ਇਸ ਗੱਲ ਨੂੰ ਹਾਲ ਦੀ ਘੜੀ ਇੱਕ ਪਾਸੇ ਰੱਖ ਕੇ ਅਤੇ ਬਾਕੀ ਗਲਤ ਮਲਤ ਤਰੀਕੇ ਨਾਲ ਪੰਜਾਬੀ ਲਿਖਣ ਦੇ ਰੁਝਾਨ ਤੋਂ ਬਿਨਾ ਜੋ ਸਭ ਤੋਂ ਚੁਭਵੀਂ ਗੱਲ ਮੇਰੇ ਸਾਹਮਣੇ ਬਾਰ ਬਾਰ ਆਉਂਦੀ ਹੈ, ਉਹ ਹੈ ‘ਜ’ ਦੇ ਪੈਰ ਵਿੱਚ ਬਿੰਦੀ ਦੀ ਸਹੀ ਵਰਤੋਂ ਕਰਨ ਵਿੱਚ ਕੁਤਾਹੀ ਕਰਨਾ ਹੈ।

ਅੱਜਕਲ ਛਪਣ ਵਾਲੇ ਕਿਸੇ ਵੀ ਪੰਜਾਬੀ ਦੇ ਪਰਚੇ, ਕਿਤਾਬਾਂ, ਜਾਂ ਇੰਟਰਨੈੱਟ ਉਤੇ ਪ੍ਰਚੱਲਤ ਪੰਜਾਬੀ ਵੈੱਬਸਾਈਟਾਂ ਨੂੰ ਦੇਖ ਲਵੋ, ਸਭਨਾ ਵਿੱਚ ਹੋਰ ਗਲਤੀਆਂ ਤੋਂ ਇਲਾਵਾ ਇਸ ‘ਜ’ ਅਤੇ ‘ਜ਼’ ਨਾਲ ਬਦਸਲੂਕੀ ਰੱਜ ਕੇ ਕੀਤੀ ਜਾ ਰਹੀ ਹੈ। ਕਈ ਮਸ਼ਹੂਰ ਲੇਖਕਾਂ ਅਤੇ ਵਿਦਵਾਨਾਂ ਦੀਆਂ ਰਚਨਾਵਾਂ ਵੀ ਇਸ ਦਾ ਸ਼ਿਕਾਰ ਹੋ ਰਹੀਆਂ ਹਨ। ਪਤਾ ਨਹੀਂ ਇਸ ਪੱਧਰ ਦੀ ਕਾਬਲੀਅਤ ਵਾਲੇ ਲੋਕ ਆਪਣੀਆਂ ਛਪੀਆਂ ਹੋਈਆਂ ਲਿਖਤਾਂ ਨੂੰ ਕਿਵੇਂ ਬਰਦਾਸ਼ਤ ਕਰ ਜਾਂਦੇ ਹਨ ਜਾਂ ਜਾਣਬੁੱਝ ਕੇ ਕਰ ਕਰਾ ਰਹੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਤੰਦ ਉਲਝੀ ਹੈ ਜਾਂ ਤਾਣੀ। ਮੇਰੇ ਖਿਆਲ ਅਨੁਸਾਰ ਤਾਣੀ ਹੀ ਉਲਝੀ ਪਈ ਹੈ। ਕਿਉਂਕਿ ਜੇਕਰ ਤੰਦ ਹੀ ਉਲਝਦੀ ਤਾਂ ਹੁਣ ਤੱਕ ਕਿਸੇ ਯੂਨੀਵਰਸਿਟੀ ਦਾ ਪੰਜਾਬੀ ਖੋਜੀ, ਬੁੱਧੀਜੀਵੀ ਜਾਂ ਕੋਈ ਲੰਬੜਦਾਰ ਜ਼ਰੂਰ ਇਸ ਬਾਰੇ ਕੁੱਝ ਕਹਿੰਦਾ ਜਾਂ ਲਿਖਦਾ। ਪਰ ਹੁਣ ਤੱਕ ਮੇਰੀ ਨਿਗ੍ਹਾ ਵਿੱਚ ਅਜਿਹੇ ਕਿਸੇ ਵੀ ਭੱਦਰ ਪੁਰਸ਼ ਜਾਂ ਇਸਤਰੀ ਦੀ ਕੋਈ ਲਿਖਤ ਨਹੀਂ ਆਈ ਜਿਸ ਵਿੱਚ ਇਸ ਮਸਲੇ ਬਾਰੇ ਕੁੱਝ ਕਿਹਾ ਗਿਆ ਹੋਵੇ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਕਿਸੇ ਨੂੰ ਵੀ ਇਸ ਦੀ ਪ੍ਰਵਾਹ ਨਹੀਂ। ਲੱਗਦਾ ਹੈ ਕਿ ਇਸ ਲਾਈਨ ਵਿੱਚ ਕੰਮ ਕਰਨ ਵਾਲੇ ਸਾਰੇ ਲੋਕ ਸਸਤੇ ਭਾਅ ’ਤੇ ਠੇਕੇ ਉੱਤੇ ਕਚਘਰੜ ਲੋਕਾਂ ਕੋਲੋਂ ਕੰਮ ਕਰਾ ਕੇ ਸਿਰਫ਼ ਆਪਣੀਆਂ ਜੇਬਾਂ ਭਰਨ ਤੱਕ ਹੀ ਸੀਮਤ ਹੋ ਗਏ ਹਨ। ਲੱਗਦਾ ਹੈ ਉਨ੍ਹਾਂ ਦੇ ਮਨਾਂ ਵਿੱਚੋਂ ਪੰਜਾਬੀ ਦੀ ਉੱਚੀ ਪੱਧਰ ਨਾਲ ਪਿਆਰ ਖ਼ਤਮ ਹੋ ਗਿਆ ਹੈ।

ਅਜਿਹੀਆਂ ਕੱਚੀਆਂ ਪਿੱਲੀਆਂ ਲਿਖਤਾਂ ਦੀ ਵੰਨਗੀ ਦੀਆਂ ਲੱਖਾਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ, ਜਿਹੜੀਆਂ ਕਈ ਦਫ਼ਾ ਮੈਂ ਇੰਗਲੈਂਡ ਦੇ ਛਪਦੇ ਪਰਚਿਆਂ ਨਾਲ ਸਾਂਝੀਆਂ ਵੀ ਕੀਤੀਆਂ ਹਨ, ਪਰ ਹੁਣ ਤੱਕ ਨਿਰਾਸਤਾ ਹੀ ਹੱਥ ਲੱਗੀ ਹੈ।

ਅਜਿਹੀ ਲਿਖਤ ਦੀ ਉਸ ਸਮੇਂ ਹੱਦ ਹੀ ਹੋ ਗਈ ਜਦੋਂ ਸਾਡੇ ਘਰ ਇੱਕ ਇੰਡੀਆ ਤੋਂ ਛਪਾ ਕੇ ਭੇਜਿਆ ਗਿਆ ਵਿਆਹ ਦਾ ਕਾਰਡ ਆਇਆ। ਆਮ ਤੌਰ ’ਤੇ ਹਰ ਅਜਿਹੇ ਕਾਰਡ ਦੇ ਸ਼ੁਰੂ ਵਿੱਚ ਇੱਕ ਜਾਂ ਦੋ ਤੁਕਾਂ ਗੁਰਬਾਣੀ ਦੀਆਂ ਹੀ ਪੰਜਾਬੀ ਵਿੱਚ ਹੁੰਦੀਆਂ ਹਨ, ਬਾਕੀ ਸਾਰਾ ਕਾਰਡ ਅੰਗਰੇਜ਼ੀ ਵਿੱਚ ਹੀ ਹੁੰਦਾ ਹੈ, ਸੋ ਅਜਿਹੇ ਕੰਮਾਂ ਵਿੱਚ ਪੰਜਾਬੀ ਨੂੰ ਤਾਂ ਵੈਸੇ ਹੀ ਤਿਲਾਂਜਲੀ ਦੇ ਦਿੱਤੀ ਗਈ ਹੈ, ਜਿਸ ਨੂੰ ਇਸ ਕੰਮ ਦੇ ਕਾਬਲ ਹੀ ਨਹੀਂ ਸਮਝਿਆ ਜਾਂਦਾ ਕਿ ਸਾਰਾ ਕਾਰਡ ਪੰਜਾਬੀ ਵਿੱਚ ਹੋਵੇ। ਇਹ ਗੱਲ ਪੰਜਾਬ ਤੋਂ ਬਾਹਰਲੇ ਇਲਾਕਿਆਂ ਜਾਂ ਮੁਲਕਾਂ ਵਾਸਤੇ ਤਾਂ ਜਾਇਜ਼ ਮੰਨੀ ਜਾ ਸਕਦੀ ਹੈ ਜਿੱਥੇ ਲੋਕ ਅੰਗਰੇਜ਼ੀ ਹੀ ਪੜ੍ਹ ਸਕਦੇ ਹੋਣ, ਪਰ ਪੰਜਾਬ ਵਿੱਚ ਨਹੀਂ। ਖ਼ੈਰ ਇਹ ਕਾਰਡ ਸ਼ਾਇਦ ਕਿਸੇ ਅਜਿਹੇ ਬੰਦੇ ਵਲ੍ਹੋਂ ਛਪਾਇਆ ਜਾਂ ਛਾਪਿਆ ਗਿਆ ਸੀ ਜੋ ਗੁਰਬਾਣੀ ਨਾਲ ਸ਼ਾਇਦ ਪ੍ਰੇਮ ਨਹੀਂ ਰੱਖਦਾ ਸੀ।

ਦੋ ਤੁਕਾਂ ਸਨ:
ਕਰਮਾਂ ਬਾਜ਼ ਨਾ ਚੰਗੇ ਸਾਕ ਮਿਲਦੇ, ਸਾਕਾਂ ਬਾਜ਼ ਨਾ ਕਾਜ਼ ਰਚਾਏ ਜਾਂਦੇ।
ਕਾਜ਼ਾਂ ਬਾਜ਼ ਨਾ ਕੱਠੀਆਂ ਹੋਣ ਚੀਜਾਂ, ਚੀਜਾਂ ਬਾਜ਼ ਨਾ ਜਸ਼ਨ ਮਨਾਏ ਜਾਂਦੇ।

ਇਸ ਨੂੰ ਪੜ੍ਹ ਕੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਵੋ ਕਿ ਜੱਜੇ ਵਿਚਾਰੇ ਨਾਲ ਕਿੰਨੀ ਜ਼ਿਆਦਤੀ ਕੀਤੀ ਗਈ ਹੈ। ਇਹ ਇੱਕ ਐਸਾ ਸਤਨਾਜਾ ਹੈ ਜਿਸ ਵਿੱਚੋਂ ਕੋਈ ਸਵਾਦ ਨਹੀਂ ਆ ਸਕਦਾ। ਜੇਕਰ ਇਹ ਖਿਚੜੀ ਵੀ ਹੁੰਦੀ ਤਾਂ ਵੀ ਸ਼ਾਇਦ ਕੁੱਝ ਸਵਾਦ ਆ ਜਾਂਦਾ। ਇਸੇ ਤਰ੍ਹਾਂ ਹੋਰ ਸ਼ਬਦ ਜਿਵੇਂ ਕਿ ਤਜ਼ਰਬਾ, ਤਰਜ਼ੀਹ, ਵਿਲੇਜ਼, ਹੈਰਿਟੇਜ਼ ਆਦਿਕ ਵੀ ਪੜ੍ਹਨ ਨੂੰ ਮਿਲਦੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਬਹੁਤ ਮਾਯੂਸੀ ਹੁੰਦੀ ਹੈ।

ਹਾਲ ਹੀ ਵਿੱਚ ਪੰਜਾਬ ਟਾਈਮਜ਼ ਵਿੱਚ ਇੱਕ ਲੇਖਕ ਨਿਸ਼ਾਨ ਸਿੰਘ ਰਠੌਰ ਦੀ ਪਹਿਲੀ ਦਿੱਲੀ ਯਾਤਰਾ ਨੂੰ ਪੜ੍ਹਨ ਦਾ ਮੌਕਾ ਮਿਲਿਆ। ਕਿਹਾ ਨਹੀਂ ਜਾ ਸਕਦਾ ਕਿ ਉਨ੍ਹਾਂ ਨੇ ਜਾਣਬੁੱਝ ਕੇ ਇਨ੍ਹਾਂ ਸ਼ਬਦਾਂ ਦਾ ਜੋੜ ਇਸ ਤਰ੍ਹਾਂ ਕੀਤਾ ਹੈ ਜਾਂ ਉਨ੍ਹਾਂ ਦੀ ਲਿਖਤ ਦਾ ਕਿਸੇ ਟਾਈਪ ਸੈੱਟਰ ਨੇ ਹੀ ਇੰਨੀ ਬੇਦਰਦੀ ਨਾਲ ਘਾਣ ਕੀਤਾ ਹੈ। ਉਨ੍ਹਾਂ ਦੀ ਲਿਖਤ ਵਿੱਚ ਮਜ਼ਾਕ ਨੂੰ ਮਜਾਕ, ਹਜ਼ਾਰ ਨੂੰ ਹਜਾਰ, ਜ਼ਰੂਰ ਨੂੰ ਜਰੂਰ, ਇੱਜ਼ਤ ਨੂੰ ਇੱਜਤ, ਖੱਜਲ ਖ਼ੁਆਰ ਨੂੰ ਖੱਜ਼ਲ ਖੁਆਰ, ਮੁਜਰਮ ਨੂੰ ਮੁਜ਼ਰਮ ਲਿਖਿਆ ਗਿਆ ਹੈ।

ਇਹ ਸਭ ਕੁੱਝ ਪੜ੍ਹ ਕੇ ਕੀ ਮੇਰੇ ਵਰਗੇ ਹੋਰ ਕਈ ਸੱਜਣ ਵੀ ਹੋਣਗੇ ਜਿਹੜੇ ਇਸ ਬਾਰੇ ਆਪਣੀ ਆਵਾਜ਼ ਉਠਾਉਣਗੇ, ਜਾਂ ਸਾਰੇ ਚੁੱਪ ਕਰਕੇ ਇਸ ਬਦਲ ਰਹੇ ਰੁਝਾਨ ਨੂੰ ਝੱਲਦੇ ਰਹਿਣਗੇ? ਮੈਂ ਉਮੀਦ ਕਰਦਾ ਹਾਂ ਕਿ ਇਸ ਸੰਬੰਧ ਵਿੱਚ ਬਾਕੀ ਲੇਖਕ ਵੀ ਆਪਣੇ ਵਿਚਾਰ ਪੇਸ਼ ਕਰਕੇ ਇੱਕ ਅਜਿਹੀ ਮੁਹਿੰਮ ਚਲਾਉਣਗੇ ਤਾਂਕਿ ਆਪਣੀ ਪਿਆਰੀ ਮਾਂ ਬੋਲੀ ਪੰਜਾਬੀ ਨਾਲ ਹੋਣ ਵਾਲਾ ਅਜਿਹਾ ਕੋਝਾ ਮਜ਼ਾਕ ਬੰਦ ਹੋ ਸਕੇ। ਮੈਨੂੰ ਤਾਂ ਇਸ ਗੱਲ ਦਾ ਵੀ ਡਰ ਹੈ ਕਿ ਕਿਤੇ ਮੇਰਾ ਇਹ ਲੇਖ ਵੀ ਉਨ੍ਹਾਂ ਭੱਦਰ ਪੁਰਸ਼ਾਂ ਦੇ ਹੱਥ ਚੜ੍ਹ ਕੇ ਇਸੇ ਹੀ ਜ਼ਿਆਦਤੀ ਦਾ ਸ਼ਿਕਾਰ ਨਾ ਹੋ ਜਾਵੇ।

ਖ਼ੈਰ ਦੇਖਦੇ ਹਾਂ ਅੱਗੇ ਅੱਗੇ ਕੀ ਹੋਵੇਗਾ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ


 

hore-arrow1gif.gif (1195 bytes)


Terms and Conditions
Privacy Policy
© 1999-2009, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2009, 5abi.com