ਅੱਜ
ਦਾ ਕਾਲਮ ਲਿਖਣਾ ਸ਼ੁਰੂ ਕਰਨ ਸਮੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ
ਉਹ ਤੁਕ ਵਾਰ-ਵਾਰ ਯਾਦ ਆ ਰਹੀ ਹੈ, ਜੋ ਉਨ੍ਹਾਂ ਨੇ ਬਾਬਰ ਵਲੋਂ ਭਾਰਤ 'ਤੇ ਕੀਤੇ
ਹਮਲੇ ਦੌਰਾਨ ਹੋਏ ਕਤਲੇਆਮ ਦੀ ਪੀੜ੍ਹ ਨੂੰ ਮਹਿਸੂਸ ਕਰਦਿਆਂ ਪਰਮਪਿਤਾ ਪਰਮਾਤਮਾ ਨੂੰ
ਦਿੱਤੇ ਇਕ ਨਿਹੋਰੇ ਵਜੋਂ ਉਚਾਰੀ ਸੀ:
ਏਤੀ ਮਾਰ ਪਈ ਕਰਲਾਣੇ ਤੈਂ ਕੀ
ਦਰਦੁ ਨ ਆਇਆ॥
(ਆਸਾ ਮ. 1, ਅੰਗ : 360)
ਹੁਣ ਜੋ ਕੁਝ ਜੰਮੂ-ਕਸ਼ਮੀਰ ਦੇ
'ਪਹਿਲਗਾਮ' ਵਿਚ ਵਾਪਰਿਆ ਹੈ, ਜਿਸ ਤਰ੍ਹਾਂ ਦਾ ਕਤਲੇਆਮ ਉਥੇ ਕੀਤਾ ਗਿਆ ਹੈ, ਬੇਸ਼ੱਕ
ਉਹ ਕੋਈ ਪਹਿਲੀ ਘਟਨਾ ਜਾਂ ਹਮਲਾ ਨਹੀਂ ਹੈ। ਇਤਿਹਾਸ ਵਿਚ ਇਸ ਤੋਂ ਵੀ ਵੱਡੇ ਕਤਲੇਆਮ
ਹੋਏ ਹਨ, ਪਰ ਇਹ ਤਾਜ਼ਾ ਹਮਲਾ ਸੱਭਿਅਕ ਵਿਸ਼ਵ ਦੇ ਮੱਥੇ 'ਤੇ ਇਕ ਹੋਰ ਬਦਨੁਮਾ ਦਾਗ਼
ਹੈ, ਜਿਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਉਹ ਘੱਟ ਹੈ।
ਇਸ ਦੁਰਘਟਨਾ ਨੇ ਪੂਰੇ ਭਾਰਤ ਨੂੰ ਭਾਵੁਕਤਾ ਤੇ ਪੀੜ ਦੇ
ਅਹਿਸਾਸ ਵਿਚ ਵਹਾ ਦਿੱਤਾ ਹੈ। ਵਿਸ਼ਵ ਭਰ ਵਿਚ ਇਸ ਦੀ ਨਿਖੇਧੀ ਹੋ ਰਹੀ ਹੈ, ਪਰ ਇਸ
ਪੀੜ, ਗ਼ਮ ਤੇ ਗੁੱਸੇ ਦੇ ਬਾਵਜੂਦ ਸਾਨੂੰ ਇਸ ਗੱਲ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਕਿ
ਇਸ ਬੇ-ਇੰਤਹਾ ਜ਼ੁਲਮ ਦੇ ਬਾਵਜੂਦ ਇਸ ਦਰਮਿਆਨ ਹਿੰਦੂ-ਮੁਸਲਿਮ ਕਰਨ ਵਾਲੀਆਂ ਫਿਰਕੂ
ਤਾਕਤਾਂ ਕਿਤੇ ਨਾ ਕਿਤੇ ਹਾਰਦੀਆਂ ਨਜ਼ਰ ਆ ਰਹੀਆਂ ਹਨ। ਇਹ ਪਹਿਲੀ ਵਾਰ ਹੈ ਕਿ ਜਦੋਂ
ਜੰਮੂ ਤੇ ਕਸ਼ਮੀਰ ਵਿਚ ਇਸ ਬੇ-ਰਹਿਮ ਕਤਲੋਗਾਰਤ ਦੇ ਖਿਲਾਫ਼ ਮਸਜਿਦਾਂ ਵਿਚੋਂ ਐਲਾਨ
ਕੀਤੇ ਗਏ ਹਨ। ਜਦੋਂ ਘਾਟੀ ਦੀ ਬਹੁਗਿਣਤੀ ਮੁਸਲਿਮ ਆਬਾਦੀ ਇਸ ਦੇ ਖਿਲਾਫ਼ ਖੁੱਲ੍ਹ ਕੇ
ਸਾਹਮਣੇ ਆਈ ਹੈ। ਜਦੋਂ ਮੁਸਲਮਾਨਾਂ ਵਲੋਂ ਅਤੇ ਬਾਕੀਆਂ ਨੇ ਮਿਲ ਕੇ ਹਿੰਦੂ,
ਮੁਸਲਿਮ, ਸਿੱਖ, ਇਸਾਈ ਸਾਰੇ ਭਾਰਤੀ ਭਾਈ-ਭਾਈ ਦੇ ਨਾਅਰੇ ਲਾਏ ਹਨ।
ਜ਼ਿਕਰਯੋਗ ਹੈ ਕਿ ਪਹਿਲਗਾਮ ਦੀ 'ਬੈਸਰਨ' ਘਾਟੀ ਵਿਚ ਹੋਏ ਇਸ ਕਤਲੇਆਮ 'ਚ ਬੇਗੁਨਾਹ
ਹਿੰਦੂਆਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਇਕ ਮੁਸਲਮਾਨ ਨੌਜਵਾਨ 'ਆਦਿਲ ਹੁਸੈਨ
ਸ਼ਾਹ' ਵੀ ਗੋਲੀ ਖਾ ਕੇ ਸ਼ਹੀਦ ਹੋ ਗਿਆ। ਇਹ ਪਹਿਲੀ ਵਾਰ ਹੈ ਜੰਮੂ-ਕਸ਼ਮੀਰ ਦੇ
ਮੁਸਲਮਾਨ ਅਜਿਹੇ ਹਮਲੇ ਦੇ ਖਿਲਾਫ਼ ਖੁੱਲ੍ਹ ਕੇ ਬੋਲੇ ਹਨ। ਆਦਿਲ ਵਿਚਾਰਾ 9 ਜੀਆਂ ਦੇ
ਪਰਿਵਾਰ ਵਿਚੋਂ ਇਕੱਲਾ ਕਮਾਉਣ ਵਾਲਾ ਸੀ, ਭਾਰਤ ਸਰਕਾਰ ਦਾ ਫ਼ਰਜ਼ ਹੈ ਕਿ ਉਸ ਦਾ ਯੋਗ
ਸਨਮਾਨ ਕਰੇ ਤੇ ਉਸ ਦੇ ਪਰਿਵਾਰ ਨੂੰ ਵੱਡੀ ਆਰਥਿਕ ਸਹਾਇਤਾ ਤੇ ਨੌਕਰੀ ਵੀ ਦੇਵੇ। ਪਰ
ਅਫ਼ਸੋਸ ਹੈ ਕਿ ਸਾਡਾ ਮੁੱਖ ਸੂਚਨਾ ਮਾਧਿਅਮ ਇਨ੍ਹਾਂ ਹਾਂ-ਪੱਖੀ ਖ਼ਬਰਾਂ ਨੂੰ ਉਭਾਰਨ
ਦੀ ਥਾਂ ਹਿੰਦੂ-ਮੁਸਲਮਾਨ/ਹਿੰਦੂ-ਮੁਸਲਮਾਨ ਕਰਨ ਨੂੰ ਹੀ ਤਰਜੀਹ ਦੇ ਰਿਹਾ ਹੈ। ਕਿਸੇ
ਮੁੱਖ ਮਾਧਿਅਮ ਨੇ ਨਜ਼ਾਕਤ ਅਲੀ ਦੀ ਬਹਾਦਰੀ ਤੇ ਇਨਸਾਨੀਅਤ ਨੂੰ ਸਲਾਮ ਕਰਨਾ ਆਪਣਾ
ਫ਼ਰਜ਼ ਨਹੀਂ ਸਮਝਿਆ, ਜਿਸ ਨੇ 4 ਹਿੰਦੂ ਪਰਿਵਾਰਾਂ ਦੇ 11 ਜੀਆਂ ਨੂੰ ਇਸ ਅੱਤਵਾਦੀ
ਹਮਲੇ ਦੌਰਾਨ ਬਚਾਇਆ।
ਇਸ ਦਰਮਿਆਨ ਜੰਮੂ-ਕਸ਼ਮੀਰ ਦੀ ਆਲ ਪਾਰਟੀ ਸਿੱਖ
ਤਾਲਮੇਲ ਕਮੇਟੀ (ਏ.ਪੀ.ਐਸ.ਸੀ.ਸੀ.) ਦੇ ਚੇਅਰਮੈਨ ਜਗਮੋਹਨ ਸਿੰਘ
ਰੈਣਾ ਦੇ ਬਿਆਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਜਿਸ ਵਿਚ ਉਨ੍ਹਾਂ ਨੇ
ਇਸ ਦੁਰਘਟਨਾ ਦੀ ਨਿੰਦਾ ਕਰਦਿਆਂ, ਇਸ ਦੀ ਡੂੰਘਾਈ ਨਾਲ ਜਾਂਚ ਕਰਾਉਣ ਦੀ ਮੰਗ
ਕਰਦਿਆਂ 20 ਮਾਰਚ, 2000 ਵਿਚ ਜੰਮੂ-ਕਸ਼ਮੀਰ ਦੇ ਹੀ ਚਿੱਟੀ ਸਿੰਘਪੁਰਾ ਦੀ ਘਟਨਾ ਜਿਸ
ਵਿਚ 35 ਸਿੱਖ ਮਾਰੇ ਗਏ ਸਨ, ਦੀ ਇਸ ਘਟਨਾ ਨਾਲ ਤੁਲਨਾ ਕੀਤੀ ਹੈ, ਕਿ ਉਸ ਵੇਲੇ ਵੀ
ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਭਾਰਤ ਆਏ ਹੋਏ ਸਨ, ਹੁਣ ਵੀ ਅਮਰੀਕੀ ਉਪ-ਰਾਸ਼ਟਰਪਤੀ
'ਜੇ.ਡੀ. ਵੇਂਸ' ਭਾਰਤ ਵਿਚ ਹਨ। ਉਸ ਵੇਲੇ ਵੀ ਸਿਰਫ਼ ਮਰਦ ਮਾਰੇ ਗਏ ਸਨ, ਹੁਣ ਵੀ
ਸਿਰਫ਼ ਮਰਦ ਹੀ ਮਾਰੇ ਗਏ ਹਨ। ਉਨ੍ਹਾਂ ਨੇ ਹੋਰ ਕਈ ਸਮਾਨਤਾਵਾਂ ਦਾ ਜ਼ਿਕਰ ਵੀ ਕੀਤਾ
ਹੈ। ਉਨ੍ਹਾਂ ਦੀ ਮੰਗ ਬਹੁਤ ਜਾਇਜ਼ ਲਗਦੀ ਹੈ ਕਿ ਇਸ ਘਟਨਾ ਦੀ ਜਾਂਚ ਨੂੰ ਕਿਸੇ
ਤਰਕਪੂਰਨ ਸਿੱਟੇ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਚਿੱਟੀ ਸਿੰਘਪੁਰਾ ਦਾ
ਕਤਲੇਆਮ ਤੇ ਹੁਣ ਪਹਿਲਗਾਮ ਦਾ ਕਤਲੇਆਮ ਦੋਵੇਂ ਹੀ ਗਿਣੇ-ਮਿੱਥੇ ਕਤਲੇਆਮ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਇਕ ਆਮ ਕਸ਼ਮੀਰੀ ਕਦੇ ਕਿਸੇ ਵਿਅਕਤੀ ਨੂੰ ਨੁਕਸਾਨ
ਪਹੁੰਚਾਉਣ ਬਾਰੇ ਸੋਚ ਵੀ ਨਹੀਂ ਸਕਦਾ, ਅਸਲ ਵਿਚ ਇਹ ਘਟਨਾ ਬਹੁਤ ਹੀ ਗ਼ਮਜ਼ਦਾ ਕਰਨ
ਵਾਲੀ ਹੈ। ਜੋ ਕਿਸੇ ਦਾ ਵੀ ਦਿਲ ਭਰ ਆਉਣ 'ਤੇ ਮਜਬੂਰ ਕਰ ਰਹੀ ਹੈ।
ਦਿਲ ਹੀ ਤੋ ਹੈ ਨ ਸੰਗ-ਓ-ਖਿਸ਼ਤ ਦਰਦ ਸੇ ਭਰ ਨਾ ਆਏ ਕਿਉਂ। ਰੋਏਂਗੇ ਹਮ ਹਜ਼ਾਰ
ਬਾਰ ਕੋਈ ਹਮੇਂ ਸਤਾਏ ਕਿਉਂ। - (ਮਿਰਜ਼ਾ
ਗ਼ਾਲਿਬ)
ਭਾਰਤ ਦੇ ਸ਼ੁਰੂਆਤੀ ਕਦਮ
ਔਰ ਤੋ ਕੌਨ ਹੈ ਜੋ ਮੁਝ ਕੋ ਤਸੱਲੀ ਦੇਤਾ, ਹਾਥ ਰਖ ਦੇਤੀ ਹੈਂ ਦਿਲ ਪਰ ਤੇਰੀ ਬਾਤੇਂ
ਅਕਸਰ। (ਜਾਂ ਨਿਸਾਰ ਅਖ਼ਤਰ)
ਭਾਰਤ ਸਰਕਾਰ ਨੇ ਇਸ ਹਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਹੈ, ਬੇਸ਼ੱਕ ਇਸ
ਗੱਲ 'ਤੇ ਸਵਾਲ ਉਠਾਏ ਜਾ ਰਹੇ ਹਨ ਕਿ 'ਪਹਿਲਗਾਮ' ਦੀ 'ਬੈਸਰਨ' ਘਾਟੀ ਜਿਥੇ ਦਿਨ
ਨੂੰ ਹਰ ਸਮੇਂ ਸੈਲਾਨੀਆਂ ਦਾ ਵੱਡਾ ਜਮਾਵੜਾ ਰਹਿੰਦਾ ਸੀ, ਵਿਚ ਸੁਰੱਖਿਆ ਕਰਮੀ ਕਿਉਂ
ਤਾਇਨਾਤ ਨਹੀਂ ਸਨ? ਪਰ ਭਾਰਤ ਸਰਕਾਰ ਨੇ ਇਸ ਘਟਨਾ ਤੋਂ ਫੌਰੀ ਬਾਅਦ ਜੋ 5 ਕਦਮ ਉਠਾਏ
ਹਨ, ਉਨ੍ਹਾਂ ਵਿਚੋਂ ਸਭ ਤੋਂ ਸਖ਼ਤ ਕਦਮ 'ਸਿੰਧੂ ਜਲ ਸਮਝੌਤਾ' ਮੁਅੱਤਲ ਕਰਨ ਦਾ ਹੈ।
ਗੌਰਤਲਬ ਹੈ ਕਿ ਸੰਨ 2016 ਵਿਚ 'ਉੜੀ' ਹਮਲੇ ਵੇਲੇ ਵੀ ਪ੍ਰਧਾਨ ਮੰਤਰੀ ਨਰਿੰਦਰ
ਮੋਦੀ ਨੇ ਇਹ ਕਦਮ ਉਠਾਉਣ ਦੀ ਧਮਕੀ ਦਿੰਦਿਆਂ ਕਿਹਾ ਸੀ 'ਖ਼ੂਨ ਤੇ ਪਾਣੀ ਨਾਲ-ਨਾਲ
ਨਹੀਂ ਵਹਿ ਸਕਦੇ' ਪਰ ਉਸ ਵੇਲੇ ਇਹ ਧਮਕੀ ਸਿਰਫ਼ ਧਮਕੀ ਰਹੀ ਸੀ, ਜਦੋਂਕਿ ਹੁਣ ਭਾਰਤ
ਨੇ ਇਹ ਸੰਧੀ ਮੁਅੱਤਲ ਕਰਕੇ ਇਕ ਵੱਡਾ ਕਦਮ ਚੁੱਕਿਆ ਹੈ। ਇਸ ਨੂੰ ਪਾਕਿਸਤਾਨ ਲਈ ਇਕ
'ਜਲ ਬੰਬ' ਮੰਨਿਆ ਜਾ ਰਿਹਾ ਹੈ। ਪਾਕਿਸਤਾਨ ਦੇ ਅਟਾਰਨੀ ਜਨਰਲ ਤੇ ਹੋਰ
ਲੋਕਾਂ ਨੇ ਇਸ ਨੂੰ ਐਟਮੀ ਹਮਲੇ ਤੋਂ ਵੀ ਖ਼ਤਰਨਾਕ ਕਰਾਰ ਦਿੱਤਾ ਹੈ। ਭਾਰਤ ਤੇ
ਪਾਕਿਸਤਾਨ ਵਿਚ ਕਈ ਜੰਗਾਂ ਹੋਣ ਦੇ ਬਾਵਜੂਦ ਵੀ ਇਹ ਸੰਧੀ ਬਰਕਰਾਰ ਰਹੀ ਸੀ।
ਇਸ ਸੰਧੀ ਅਧੀਨ ਸਾਂਝੇ ਭਾਰਤ ਦੇ 3 ਪੱਛਮੀ ਦਰਿਆ ਸਿੰਧ, ਝਨਾਅ (ਚਨਾਬ) ਤੇ
ਜਿਹਲਮ ਜਿਨ੍ਹਾਂ ਦਾ 80 ਮਿਲੀਅਨ ਏਕੜ ਫੁੱਟ ਦੇ ਕਰੀਬ ਪਾਣੀ ਹੈ। ਪਾਕਿਸਤਾਨ ਦੇ
ਹਿੱਸੇ ਆਏ ਸਨ। ਜਦੋਂਕਿ 3 ਪੂਰਬੀ ਦਰਿਆ ਸਤਲੁਜ, ਰਾਵੀ ਤੇ ਬਿਆਸ, ਜਿਨ੍ਹਾਂ ਵਿਚ
ਕਰੀਬ 33 ਮਿਲੀਅਨ ਏਕੜ ਫੁੱਟ ਪਾਣੀ ਵਗਦਾ ਹੈ, ਭਾਰਤ ਦੇ ਹਿੱਸੇ ਵਿਚ ਆਏ ਸਨ।
ਗੌਰਤਲਬ ਹੈ ਕਿ ਇਨ੍ਹਾਂ 3 ਦਰਿਆਵਾਂ ਦਾ ਪਾਣੀ ਪਾਕਿਸਤਾਨ ਦੀਆਂ ਪਾਣੀ ਦੀਆਂ 76
ਫ਼ੀਸਦੀ ਲੋੜਾਂ ਪੂਰੀਆਂ ਕਰਦਾ ਹੈ। ਫਿਰ ਪਾਕਿਸਤਾਨ ਦੇ 'ਤਰਬੇਲਾ' ਤੇ 'ਮੰਗਲਾ'
ਬਿਜਲੀ ਡੈਮ ਵੀ ਇਨ੍ਹਾਂ ਦੇ ਆਸਰੇ ਹੀ ਚਲਦੇ ਹਨ। ਇਸ ਲਈ ਜੇਕਰ ਭਾਰਤ ਹੁਣ ਸੰਧੀ ਰੱਦ
ਕਰਨ ਉਪਰੰਤ ਇਨ੍ਹਾਂ ਦਰਿਆਵਾਂ ਦਾ ਪਾਣੀ ਰੋਕ ਦਿੰਦਾ ਹੈ ਤਾਂ ਪਾਕਿਸਤਾਨ ਵਿਚ
ਤ੍ਰਾਹੀ-ਤ੍ਰਾਹੀ ਮਚ ਜਾਵੇਗੀ। ਪਾਕਿਸਤਾਨ ਰੇਗਿਸਤਾਨ ਵਿਚ ਬਦਲ ਜਾਵੇਗਾ। ਲੱਖਾਂ ਲੋਕ
ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ। ਪਾਕਿਸਤਾਨ ਬਰਬਾਦ ਹੋ ਜਾਵੇਗਾ, ਪਰ ਇਹ ਤਸਵੀਰ ਦਾ
ਇਕ ਹੀ ਪੱਖ ਹੈ।
ਦੂਸਰਾ ਪੱਖ
ਪਰ ਕੀ ਸੰਧੀ
ਰੱਦ ਕਰਨ ਉਪਰੰਤ ਪਾਣੀ ਦਾ ਵਹਾਅ ਰੋਕਣ ਲਈ ਭਾਰਤ ਕੋਲ ਸਾਧਨ ਹਨ? ਕੀ ਉਹ ਪਾਣੀ ਰੋਕ
ਕੇ ਸੰਗ੍ਰਹਿ ਕਰ ਲਵੇਗਾ ਜਾਂ ਆਪਣੇ ਖੇਤਰਾਂ ਵਿਚ ਵਰਤ ਲਵੇਗਾ। ਜਵਾਬ ਹੈ ਨਹੀਂ
ਬਿਲਕੁਲ ਨਹੀਂ। ਸਗੋਂ ਸੱਚ ਇਹ ਹੈ ਕਿ ਕਈ ਬਿਆਨਾਂ ਦੇ ਬਾਵਜੂਦ ਸਾਡੇ ਹਿੱਸੇ ਦੀਆਂ 3
ਨਦੀਆਂ ਦਾ ਕਾਫੀ ਪਾਣੀ ਵੀ ਅਜੇ ਪਾਕਿਸਤਾਨ ਨੂੰ ਜਾ ਰਿਹਾ ਹੈ। ਹਾਂ, ਇਸ ਪਾਣੀ ਨੂੰ
ਭਾਰਤ ਇਕ ਹਥਿਆਰ ਵਜੋਂ ਜ਼ਰੂਰ ਵਰਤ ਸਕਦਾ ਹੈ ਕਿ ਪਹਿਲਾਂ ਜਿੰਨੀ ਸਮਰੱਥਾ ਹੈ, ਓਨਾ
ਪਾਣੀ ਜਮ੍ਹਾਂ ਕਰ ਲਿਆ ਜਾਵੇ ਤੇ ਫਿਰ ਅਚਾਨਕ ਪਾਕਿਸਤਾਨ ਵੱਲ ਛੱਡ ਦਿੱਤਾ ਜਾਵੇ। ਇਹ
ਪਾਕਿਸਤਾਨ ਦੀ ਬਰਬਾਦੀ ਦਾ ਵੱਡਾ ਕਾਰਨ ਬਣ ਸਕਦਾ ਹੈ। ਸਾਡੇ ਸਾਹਮਣੇ ਹੈ ਕਿ ਸਾਡੇ
ਪਾਣੀ ਛੱਡੇ ਬਿਨਾਂ ਹੀ ਮੌਨਸੂਨ ਦੀ ਬਹੁਤਾਤ ਕਾਰਨ ਸੰਨ 2010 ਵਿਚਲੇ ਹੜ੍ਹਾਂ ਕਾਰਨ
ਪਾਕਿਸਤਾਨ ਦੇ 2,000 ਲੋਕਾਂ ਦੀ ਮੌਤ ਹੋ ਗਈ ਸੀ ਤੇ 2022 ਦੇ ਹੜ੍ਹਾਂ ਵਿਚ ਲੱਖਾਂ
ਪਾਕਿਸਤਾਨੀ ਬੇਘਰ ਹੋ ਗਏ ਸਨ।
ਪਰ ਕੀ ਅਮਲੀ ਤੌਰ 'ਤੇ ਭਾਰਤ ਲਈ ਅਜਿਹਾ
ਕਰਨਾ ਸੰਭਵ ਹੈ? ਸ਼ਾਇਦ ਨਹੀਂ। ਕਿਉਂਕਿ ਅਜਿਹਾ ਕਰਨ ਨਾਲ ਸਾਡੇ ਗੁਆਂਢੀ ਚੀਨ, ਨਿਪਾਲ
ਤੇ ਬੰਗਲਾਦੇਸ਼ ਵੀ ਸਾਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਣਗੇ। ਦੂਜੇ ਪਾਸੇ ਚੀਨ ਜੋ
'ਬ੍ਰਹਮ ਪੁੱਤਰ' ਅਤੇ 'ਸਤਲੁਜ' ਦਰਿਆਵਾਂ ਦੇ ਮਾਮਲੇ ਵਿਚ ਸਾਡੇ ਉੱਪਰ ਬੈਠਾ ਹੈ, ਉਸ
ਦੇ ਸਾਹਮਣੇ ਸਾਡੀ ਸਥਿਤੀ ਵੀ ਇਹੋ ਜਿਹੀ ਹੀ ਹੈ, ਜੋ ਪਾਕਿਸਤਾਨ ਦੀ ਸਾਡੇ ਸਾਹਮਣੇ
ਹੈ। ਜੇ ਚੀਨ ਪਾਕਿਸਤਾਨ ਦੀ ਮਦਦ ਲਈ ਇਹੀ ਰਸਤਾ ਅਪਣਾ ਲੈਂਦਾ ਹੈ ਤਾਂ ਫਿਰ ਕੀ
ਹੋਵੇਗਾ। ਦੂਸਰਾ ਪਾਕਿਸਤਾਨ ਆਪਣੀ ਇਸ ਬਰਬਾਦੀ ਤੋਂ ਬਚਣ ਲਈ ਕੀ ਰਸਤਾ ਅਪਣਾਏਗਾ, ਇਸ
ਬਾਰੇ ਵੀ ਵਿਚਾਰ ਕਰਨ ਦੀ ਲੋੜ ਹੈ। ਫਿਰ ਅਸੀਂ ਜੋ ਰਾਸ਼ਟਰ ਸੰਘ ਵਿਚ ਸੁਰੱਖਿਆ ਕੌਂਸਲ
ਦੇ ਸਥਾਈ ਮੈਂਬਰ ਬਣਨ ਦੇ ਚਾਹਵਾਨ ਹਾਂ, ਕੀ ਇਸ ਨਾਲ ਸਾਡੀ ਸਾਖ਼ ਠੀਕ ਰਹੇਗੀ?
ਪਰ ਜੇਕਰ ਭਾਰਤ ਨੇ ਸੱਚਮੁੱਚ ਹੀ ਪਾਕਿਸਤਾਨ ਨੂੰ ਇਨ੍ਹਾਂ ਦਰਿਆਵਾਂ ਦਾ ਪਾਣੀ
ਵਰਤਣ ਤੋਂ ਰੋਕਣਾ ਹੈ ਤਾਂ ਇਕੋ ਇਕ ਰਸਤਾ ਹੈ ਕਿ ਭਾਰਤ ਪਾਣੀ ਸੰਭਾਲਣ ਅਤੇ ਆਪਣੇ
ਖੇਤਰਾਂ ਵਿਚ ਵਰਤਣ ਦਾ ਪ੍ਰਬੰਧ ਕਰੇ। ਦਰਿਆਵਾਂ ਨੂੰ ਆਪਸ ਵਿਚ ਜੋੜਨ ਦਾ ਢਾਂਚਾ
ਉਸਾਰੇ ਜਿਸ 'ਤੇ ਸਾਨੂੰ ਆਪਣੀ ਕੁੱਲ ਆਮਦਨ ਦਾ ਵੱਡਾ ਹਿੱਸਾ ਕਈ ਸਾਲਾਂ ਤੱਕ ਖਰਚਣਾ
ਪਵੇਗਾ। ਸੋ, ਸਾਫ਼ ਹੈ ਕਿ ਬੇਸ਼ੱਕ ਅਸੀਂ ਇਹ ਸੰਧੀ ਰੱਦ ਕਰ ਦਿੱਤੀ ਹੈ, ਪਰ ਫੌਰੀ ਤੌਰ
'ਤੇ ਪਾਕਿਸਤਾਨ ਨੂੰ ਜਾਂਦੇ ਪਾਣੀ ਨੂੰ ਰੋਕਣ ਦੇ ਆਧਾਰ ਬਹੁਤ ਹੀ ਘੱਟ ਨਜ਼ਰ ਆਉਂਦੇ
ਹਨ। ਹਾਂ, ਇਸ ਸੰਧੀ ਨੂੰ ਰੱਦ ਕਰਨਾ ਪਾਕਿਸਤਾਨ ਨੂੰ ਸਹੀ ਰਾਹ 'ਤੇ ਆਉਣ ਲਈ ਮਜਬੂਰ
ਕਰਨ ਦੇ ਕੰਮ ਜ਼ਰੂਰ ਆ ਸਕਦਾ ਹੈ।
ਤਸੱਲੀ ਦੇਨੇ ਵਾਲੇ ਤੋ ਤਸੱਲੀ ਦੇਤੇ
ਰਹਤੇ ਹੈਂ, ਮਗਰ ਵੋ ਕਯਾ ਕਰੇ ਜਿਸ ਕਾ ਭਰੋਸਾ ਟੂਟ ਜਾਤਾ ਹੈ।
(ਹਸੀਬ ਸੋਜ਼)br> ਪਪਿਛਲੇ ਕੁਝ ਸਮੇਂ ਤੋਂ
ਭਾਰਤੀ ਤੇ ਪਾਕਿਸਤਾਨੀ ਪੰਜਾਬ ਦੇ ਲੋਕ, ਕਿਸਾਨ, ਉਦਯੋਗਪਤੀ ਤੇ ਸਾਹਿਤਕਾਰ ਇਕ ਦਬਾਅ
ਬਣਾ ਰਹੇ ਸਨ ਕਿ ਦੋਵਾਂ ਦੇਸ਼ਾਂ ਵਿਚ ਵਪਾਰ ਮੁੜ ਸ਼ੁਰੂ ਹੋਵੇ, ਪਰ ਇਸ ਦੁਰਘਟਨਾ ਨੇ
ਇਸ ਸੰਭਾਵਨਾ ਨੂੰ ਹੋਰ ਦੂਰ ਵਗਾਹ ਮਾਰਿਆ ਹੈ। ਇਸ ਸਥਿਤੀ ਦਾ ਭਾਰਤ ਵਿਚ ਜੇਕਰ ਕਿਸੇ
ਨੂੰ ਕੋਈ ਨੁਕਸਾਨ ਹੋਏਗਾ ਤਾਂ ਉਹ ਸਭ ਤੋਂ ਵੱਧ ਪੰਜਾਬ ਤੇ ਪੰਜਾਬੀਆਂ ਦਾ ਹੀ
ਹੋਵੇਗਾ। ਜੇ ਜੰਗ ਛਿੜਦੀ ਹੈ, ਤਦ ਵੀ।
ਇਸ ਹਮਲੇ ਨੇ ਪੰਜਾਬ ਦੀ ਆਰਥਿਕਤਾ
ਸੁਧਾਰਨ ਲਈ ਪਾਕਿਸਤਾਨ ਨਾਲ ਪੰਜਾਬ ਦੇ ਰਸਤੇ ਵਪਾਰ ਖੁੱਲ੍ਹਣ ਦੀ ਆਸ ਹਾਲ ਦੀ ਘੜੀ
ਦੂਰ ਕਰ ਦਿੱਤੀ ਹੈ। ਹੁਣ ਇਸ ਦੀ ਮੰਗ ਕਰਨੀ ਵੀ ਔਖੀ ਗੱਲ ਲਗਦੀ ਹੈ।
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
|