ਵਿਗਿਆਨ ਪ੍ਰਸਾਰ

ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ

 

ਐਮ ਡੀ ਦੀ ਪੜ੍ਹਾਈ ਕਰਦੇ ਹੋਏ ਇਕ ਦਿਨ ਮੇਰੀ ਹਸਪਤਾਲ ਵਿਚ ਸੋਲਾਂ ਘੰਟੇ ਦੀ ਡਿਊਟੀ ਸੀ। ਥੱਕ ਟੁੱਕ ਕੇ ਘਰ ਪਹੁੰਚਦੇ ਸਾਰ ਮੈਂ ਵੇਖਿਆ ਮੇਰੇ ਭਾਪਾ ਜੀ, ਪ੍ਰੋ ਪ੍ਰੀਤਮ ਸਿੰਘ ਜੀ ਨੂੰ ਮਿਲਣ ਲਈ ਢੇਰ ਸਾਰੇ ਬੰਦੇ ਆਏ ਬੈਠੇ ਸਨ ਅਤੇ ਮੇਰੇ ਮੰਮੀ ਨਰਿੰਦਰ ਕੌਰ ਜੀ ਰਸੋਈ ਵਿਚ ਖਾਣਾ ਬਣਾਉਣ ਵਿਚ ਰੁੱਝੇ ਹੋਏ ਸਨ। ਵੈਸੇ ਤਾਂ ਇਹ ਆਮ ਹੀ ਹੁੰਦਾ ਰਹਿੰਦਾ ਸੀ। ਮੈਨੂੰ ਘਰ ਵੜਦੇ ਸਾਰ ਨੂੰ ਉਸ ਦਿਨ ਮੰਮੀ ਨੇ ਹਾਲ ਚਾਲ ਪੁੱਛੇ ਬਗ਼ੈਰ ਫਟ ਕਿਹਾ, “ਚਲ ਬੱਚੀਏ, ਫਟਾਫਟ ਹੱਥ ਮੂੰਹ ਧੋ ਕੇ, ਕਪੜੇ ਬਦਲ ਕੇ, ਅੰਦਰ ਰੋਟੀ ਖੁਆ। ਮੈਂ ਸਾਰਾ ਕੁੱਝ ਬਣਾ ਦਿੱਤਾ ਹੋਇਆ ਹੈ।”

ਮੈਂ ਥੱਕੀ ਹੋਣ ਕਰ ਕੇ ਖਿੱਝ ਗਈ ਅਤੇ ਔਖੀ ਹੋ ਕੇ ਆਪਣੇ ਕਮਰੇ ਵਿਚ ਚਲੀ ਗਈ ਕਿ ਮੈਂ ਨਹੀਂ ਹੋਰ ਕੰਮ ਕਰ ਸਕਦੀ। ਰਾਤ ਭਰ ਜਾਗ ਕੇ ਮੇਰਾ ਸਿਰ ਘੁੰਮਿਆ ਪਿਆ ਸੀ। ਨਾ ਤਾਂ ਮੈਂ ਰੋਟੀ ਖਾਧੀ ਤੇ ਨਾ ਹੀ ਖੁਆਈ। ਬੱਸ ਗੁੱਸੇ ਵਿਚ ਭੁੱਖੀ ਹੀ ਸੌਂ ਗਈ। ਮੇਰੇ ਮੰਮੀ ਨੇ ਇਕੱਲਿਆਂ ਹੀ ਦਸ ਮਹਿਮਾਨਾਂ ਨੂੰ ਰੋਟੀ ਖੁਆਈ। ਜਦੋਂ ਸਾਰੇ ਚਲੇ ਗਏ ਤਾਂ ਮੇਰੇ ਮੰਮੀ ਮੇਰੇ ਕੋਲ ਕਮਰੇ ਵਿਚ ਆ ਕੇ ਮੇਰਾ ਸਿਰ ਪਲੋਸ ਕੇ ਕੋਲ ਬਹਿ ਗਏ।

ਜਦੋਂ ਦੀ ਮੈਂ ਹੋਸ਼ ਸੰਭਾਲੀ ਸੀ, ਮੈਂ ਕਦੇ ਵੀ ਆਪਣੀ ਮੰਮੀ ਤੇ ਮੱਥੇ ਉੱਤੇ ਵੱਟ ਪਿਆ ਨਹੀਂ ਸੀ ਵੇਖਿਆ। ਭਾਵੇਂ ਪੈਸੇ ਵਜੋਂ ਕਿੱਲਤ ਹੋਵੇ ਤੇ ਭਾਵੇਂ ਮਹਿਮਾਨਾਂ ਦਾ ਢੇਰ, ਮੇਰੇ ਮੰਮੀ ਖਿੜੇ ਮਥੇ ਕੰਮ ਵਿਚ ਲੱਗੇ ਹੀ ਰਹਿੰਦੇ ਸਨ।

ਜਦੋਂ ਮੈਂ ਆਪਣੇ ਮੰਮੀ ਦੇ ਬੁਲਾਏ’ਤੇ ਵੀ ਨਾ ਬੋਲੀ ਤਾਂ ਉਹ ਕਹਿਣ ਲੱਗੇ, “ਮੇਰੀ ਬੱਚੀਏ ਮੈਨੂੰ ਫਿਕਰ ਹੋਣ ਲਗ ਪਿਆ ਹੈ। ਤੇਰਾ ਹੁਣ ਵਿਆਹ ਹੋਵੇਗਾ ਤਾਂ ਤੂੰ ਕਿਵੇਂ ਘਰ ਸੰਭਾਲੇਂਗੀ ? ਜੇ ਤੂੰ ਰਾਤ ਡਿਊਟੀ ’ਤੇ ਸੀ ਤਾਂ ਮੈਂ ਵੀ ਰਾਤ ਬਾਰਾਂ ਜਣਿਆਂ ਦੀ ਰੋਟੀ ਇਕੱਲੀ ਨੇ ਬਣਾਈ ਸੀ। ਸਵੇਰੇ ਫੇਰ ਤੇਰੇ ਭਾਪਾ ਜੀ ਦੇ ਮਹਿਮਾਨ ਆ ਗਏ ਤਾਂ ਫੇਰ ਖੁਆਏ ਬਗ਼ੈਰ ਥੋੜਾ ਤੋਰਨੇ ਸਨ। ਏਸੇ ਲਈ ਮੈਂ ਪੈਦਲ ਬਜ਼ਾਰੋਂ ਸਬਜ਼ੀਆਂ ਲਿਆ ਕੇ ਬਣਾ ਕੇ ਸਾਰਿਆਂ ਨੂੰ ਖੁਆਈਆਂ ਹਨ। ਕਪੜੇ ਵੀ ਧੋਤੇ। ਭਾਂਡੇ ਵੀ ਮਾਂਜੇ। ਸਫਾਈਆਂ ਵੀ ਕੀਤੀਆਂ। ਮੈਂ ਵੀ ਥੱਕ ਗਈ ਸਾਂ ਪਰ ਰੁੱਸ ਕੇ ਬਹਿ ਜਾਣ ਨਾਲ ਤਾਂ ਕੰਮ ਨਹੀਂ ਚੱਲਣ ਲੱਗਿਆ। ਢਿੱਡ ਨੇ ਤਾਂ ਆਪਣਾ ਕੰਮ ਕਰਨਾ ਹੀ ਹੈ।”

ਮੈਨੂੰ ਸ਼ਰਮਿੰਦਗੀ ਜਿਹੀ ਮਹਿਸੂਸ ਹੋਈ ਪਰ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦਿਆਂ ਮੈਂ ਕਿਹਾ, “ਡਾਕਟਰੀ ਕਰਨੀ ਕੋਈ ਸੌਖੀ ਨਹੀਂ। ਰੋਟੀ ਬਣਾਉਣੀ ਕੀ ਔਖੀ ਹੈ ?” ਮੈਨੂੰ ਚੰਗੀ ਤਰ੍ਹਾਂ ਸਮਝ ਸੀ ਕਿ ਮੇਰਾ ਗੁੱਸਾ ਅਤੇ ਮਾਂ ਨਾਲ ਲੜਾਈ ਉੱਕਾ ਹੀ ਫਜ਼ੂਲ ਹੈ ਕਿਉਂਕਿ ਮੇਰੀ ਮਾਂ ਜ਼ਿੰਦਗੀ ਦੀ ਹਕੀਕਤ ਬਿਆਨ ਕਰ ਰਹੀ ਸੀ। ਮੈਂ ਸਿਰਫ਼ ਨਾਜਾਇਜ਼ ਫ਼ਾਇਦਾ ਉਠਾ ਰਹੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਮੇਰੇ ਗੁੱਸੇ ਬਦਲੇ ਵੀ ਮਾਂ ਤੋਂ ਝਿੜਕਾਂ ਨਹੀਂ ਮਿਲਣੀਆਂ ਬਲਕਿ ਪਿਆਰ ਹੀ ਮਿਲੇਗਾ।

ਮੇਰੇ ਮੰਮੀ ਨੇ ਮੇਰਾ ਗੁੱਸਾ ਕੁੱਝ ਹੋਰ ਠੰਡਾ ਕਰਨ ਲਈ ਆਪਣੇ ਬਚਪਨ ਦੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ, “ਮੇਰੀ ਇਕ ਸਹੇਲੀ ਸੀ ਜਿਸ ਨਾਲ ਮੈਂ ਰੱਜ ਕੇ ਖੇਡਦੀ ਹੁੰਦੀ ਸੀ। ਸਾਡੀ ਕਦੇ ਵੀ ਲੜਾਈ ਨਹੀਂ ਸੀ ਹੁੰਦੀ। ਇਕ ਦਿਨ ਉਸਨੇ ਮਜ਼ਾਕ ਵਿਚ ਆ ਕੇ ਕਿਹਾ ਕਿ ਚਲ ਲੜ ਕੇ ਵੇਖੀਏ। ਮੈਂ ਕਿਹਾ ਨਾ ਬਈ ਮੈਂ ਨਹੀਂ ਲੜਨਾ। ਉਸ ਫੇਰ ਕਿਹਾ ਚਲ ਲੜ ਕੇ ਵੇਖੀਏ ਤਾਂ ਸਹੀ। ਮੈਂ ਫੇਰ ਹਸ ਕੇ ਨਾ ਕਰ ਦਿੱਤੀ।” ਏਨਾ ਕਹਿ ਕੇ ਉਹ ਚੁੱਪ ਕਰ ਗਏ।

ਹਾਲੇ ਤਕ ਮੈਂ ਪਾਸਾ ਮੋੜ ਕੇ ਹੀ ਪਈ ਸੀ। ਗੱਲ ਵਿਚ ਕੁੱਝ ਖਿੱਚ ਜਿਹੀ ਮਹਿਸੂਸ ਕਰ ਕੇ ਅਤੇ ਅੱਗੋਂ ਹੋਰ ਗੱਲ ਸੁਣਨ ਲਈ ਮੈਂ ਪਿਛਾਂਹ ਸਿਰ ਘੁਮਾਇਆ ਤਾਂ ਮੇਰੇ ਮੰਮੀ ਹੱਥ ਵਿਚ ਪਲੇਟ ਲਈ ਬੈਠੇ ਸਨ ਜਿਸ ਵਿਚ ਰਾਜਮਾਂਹ ਤੇ ਚੌਲ ਸਨ। ਮੈਨੂੰ ਰਾਜਮਾਂਹ ਚੌਲ ਏਨੇ ਪਸੰਦ ਸਨ ਕਿ ਮੇਰੇ ਭਾਪਾ ਜੀ ਏਥੋਂ ਤਕ ਕਹਿ ਦਿੰਦੇ ਹੁੰਦੇ ਸਨ ਕਿ ਹਰਸ਼ਾਂ ਨੂੰ ਰਾਜਮਾਂਹ ਚੌਲ ਦੀ ਪਲੇਟ ਵਿਖਾ ਕੇ ਭਾਵੇਂ ਵਾਹਗਾ ਬੌਰਡਰ ਤਕ ਤੋਰ ਕੇ ਲੈ ਚੱਲੋ, ਇਹ ਮਗਰ ਮਗਰ ਤੁਰੀ ਜਾਏਗੀ।

ਭੁੱਖੇ ਪੇਟ ਰਾਜਮਾਂਹ ਚੌਲ ਦੀ ਪਲੇਟ ਸਾਹਮਣੇ ਪਈ ਵੇਖ ਮੇਰਾ ਚਿਤ ਕਰੇ ਕਿ ਮੰਮੀ ਦੇ ਹੱਥੋਂ ਖੋਹ ਕੇ ਖਾ ਲਵਾਂ। ਮੈਨੂੰ ਪਤਾ ਸੀ ਇਹ ਲਿਆਏ ਵੀ ਮੇਰੇ ਲਈ ਗਏ ਹਨ ਪਰ ਹਾਲੇ ਵੀ ਆਪਣੀ ਈਨ ਮਨਵਾਉਣ ਲਈ ਮੈਂ ਸਿਰ ਫੇਰ ਘੁਮਾ ਲਿਆ।

ਮੇਰੇ ਮੰਮੀ ਉਠ ਖੜੇ ਹੋਏ ਤੇ ਕਹਿਣ ਲੱਗੇ, “ਚੰਗਾ ਬਈ ਤੂੰ ਨਹੀਂ ਖਾਣਾ ਤਾਂ ਮੈਂ ਵੀ ਭੁੱਖੀ ਹੀ ਪੈ ਜਾਂਦੀ ਹਾਂ। ਬਚੇ ਹੋਏ ਚੌਲ ਰਾਜਮਾਂਹ ਗੁਆਂਢੀਆਂ ਨੂੰ ਦੇ ਦਿੰਦੇ ਹਾਂ।”

ਇਹ ਮੈਂ ਕਿਵੇਂ ਬਰਦਾਸ਼ਤ ਕਰ ਸਕਦੀ ਸੀ। ਫਟ ਉਠ ਖੜੀ ਹੋਈ ਤੇ ਦਬਾਦਬ ਪਲੇਟ ਖਿੱਚ ਕੇ ਖਾਲੀ ਕਰ ਦਿੱਤੀ। ਮੇਰੇ ਮੰਮੀ ਮੁਸਕੁਰਾਉਂਦੇ ਹੋਏ ਮੇਰੇ ਵਲ ਵੇਖਦੇ ਰਹੇ। ਮੈਂ ਵੀ ਗੁੱਸੇ ਅਤੇ ਥਕਾਨ ਬਾਰੇ ਭੁੱਲ ਗਈ ਅਤੇ ਕਹਾਣੀ ਸੁਣਨ ਨੂੰ ਉਤਾਵਲੀ ਹੋਈ ਨੇ ਪੁੱਛਿਆ ਕਿ ਫੇਰ ਉਨ੍ਹਾਂ ਦੀ ਆਪਸ ਵਿਚ ਲੜਾਈ ਹੋਈ ਕਿ ਨਹੀਂ ?

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਹੇਲੀ ਨੇ ਅੱਗੋਂ ਔਖੀ ਹੋ ਕੇ ਕਿਹਾ, “ਜਾ ਫੇਰ, ਲੜੇ ਮੇਰੀ ਜੁੱਤੀ।” ਮੇਰੇ ਮੰਮੀ ਵੀ ਬੋਲ ਪਏ, “ਜੁੱਤੀ ਕਿਉਂ ਕਿਹਾ ?” ਲਓ ਜੀ ਏਸੇ ਗੱਲ ਉੱਤੇ ਦੋਵੇਂ ਪਿੱਠ ਮੋੜ ਕੇ ਆਪੋ ਆਪਣੇ ਘਰ ਚਲੀਆਂ ਗਈਆਂ। ਘਰ ਵਾਪਸ ਜਾ ਕੇ ਜਦੋਂ ਦੋਹਾਂ ਸਹੇਲੀਆਂ ਨੇ ਆਪਣੇ ਘਰ ਵਾਲਿਆਂ ਨੂੰ ਇਹ ਗੱਲ ਸੁਣਾਈ ਤਾਂ ਸਾਰੇ ਖਿੜਖਿੜਾ ਕੇ ਹੱਸੇ। ਮੇਰੇ ਨਾਨਾ ਜੀ, ਪ੍ਰੋ ਸਾਹਿਬ ਸਿੰਘ ਜੀ, ਨੇ ਮੇਰੇ ਮੰਮੀ ਨੂੰ ਬਾਹਰ ਵਿਹੜੇ ਵਿਚ ਲਿਜਾ ਕੇ ਗਮਲੇ ਵਿਚ ਗਰਮੀ ਕਾਰਣ ਇਕ ਮੁਰਝਾਇਆ ਹੋਇਆ ਬੂਟਾ ਵਿਖਾਇਆ ਤੇ ਫੇਰ ਉਸ ਵਿਚ ਪਾਣੀ ਪਾਉਣ ਨੂੰ ਕਿਹਾ। ਘੰਟੇ ਕੁ ਬਾਅਦ ਹੀ ਬੂਟਾ ਸਿਧਾ ਖੜਾ ਹੋ ਗਿਆ। ਫੇਰ ਉਨ੍ਹਾਂ ਮੇਰੇ ਮੰਮੀ ਤੇ ਉਨ੍ਹਾਂ ਦੀ ਸਹੇਲੀ ਨੂੰ ਬੁਲਾ ਕੇ ਸਮਝਾਇਆ, “ਗੁੱਸਾ ਤਾਂ ਸਰੀਰ ਉੱਤੇ ਬਿਲਕੁਲ ਇੰਝ ਅਸਰ ਕਰਦਾ ਹੈ ਜਿਵੇਂ ਧੁੱਪ ਨੇ ਇਸ ਬੂਟੇ ਉੱਤੇ ਕਹਿਰ ਵਰਤਾਇਆ ਹੋਇਆ ਸੀ। ਦੋਸਤੀ ਤੇ ਪਿਆਰ ਪਾਣੀ ਵਾਂਗ ਅਸਰ ਵਿਖਾਉਂਦੇ ਹਨ ਤੇ ਮੁਰਦੇ ਸਰੀਰ ਅੰਦਰ ਵੀ ਜਾਨ ਪਾ ਦਿੰਦੇ ਹਨ। ਤੁਸੀਂ ਅੱਜ ਲੜਾਈ ਅਜ਼ਮਾ ਕੇ ਵੇਖ ਲਈ। ਹੁਣ ਦੁਬਾਰਾ ਕਦੇ ਵੀ ਲੜਨ ਦੀ ਲੋੜ ਨਹੀਂ। ਖਿੜੇ ਰਹੋ ਤੇ ਖੇੜਾ ਵੰਡੋ।”

ਏਨਾ ਕੁੱਝ ਸੁਣਾ ਕੇ ਮੇਰੇ ਮੰਮੀ ਮੈਨੂੰ ਜੱਫੀ ਵਿਚ ਲੈ ਕੇ ਕਹਿਣ ਲੱਗੇ, ‘ਮੇਰੀਏ ਬੱਚੀਏ ! ਜੀਊਂਦੀ ਰਹੁ ! ਮੈਂ ਸਮਝਦੀ ਹਾਂ ਕਿ ਬੀਮਾਰ ਬੱਚਿਆਂ ਦੀ ਸੇਵਾ ਵਿਚ ਲੱਗੀ ਤੂੰ ਰਾਤ ਭਰ ਜਾਗ ਕੇ ਥੱਕ ਟੁੱਟ ਕੇ ਮੁੜੀ ਸੀ। ਏਥੇ ਬੈਠੇ ਮਹਿਮਾਨਾਂ ਨੇ ਤੇਰੀ ਇਹ ਪੀੜ ਨਹੀਂ ਸਮਝਣੀ। ਇਨ੍ਹਾਂ ਵਿੱਚੋਂ ਬਹੁਤ ਸਾਰੇ ਵੱਡੇ ਵੱਡੇ ਲਿਖਾਰੀ ਵੀ ਹਨ ਤੇ ਕੋਈ ਨਾ ਕੋਈ ਤੇਰੀ ਥਕਾਨ ਨੂੰ ਸਮਝੇ ਬਗ਼ੈਰ ਲਿਖ ਦੇਵੇਗਾ ਕਿ ਪ੍ਰੋ ਸਾਹਿਬ ਦੀ ਧੀ ਬਹੁਤ ਆਕੜ ਵਾਲੀ ਹੈ। ਸਾਡੀ ਜ਼ਬਾਨ ਵਿਚ ਕੋਈ ਹੱਡੀ ਜਾਂ ਤਲਵਾਰ ਨਹੀਂ ਪਰ ਇਹ ਤਗੜੇ ਤਗੜੇ ਬੰਦਿਆਂ ਦੇ ਦਿਲ ਦੇ ਟੋਟੇ ਕਰ ਸਕਦੀ ਹੈ ਤੇ ਇਹੀ ਜ਼ਬਾਨ ਮੁਰਦੇ ਵਿਚ ਜਾਨ ਪਾ ਕੇ ਉਸਨੂੰ ਥੰਮ ਵਾਂਗ ਵੀ ਖੜਾ ਕਰ ਸਕਦੀ ਹੈ। ਏਸੇ ਹੀ ਤਰ੍ਹਾਂ ਕਿਸੇ ਨੂੰ ਲਟਕੇ ਮੂੰਹ ਨਾਲ ਸਵਾਗਤ ਕਰਨਾ ਜਾਂ ਹਲਕੀ ਮੁਸਕਾਨ ਨਾਲ, ਇਨ੍ਹਾਂ ਵਿਚ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਤੇ ਕਈ ਵਾਰ ਤਾਂ ਪਹਿਲੀ ਅਜਿਹੀ ਝਲਕ ਹੀ ਯਾਦਗਾਰੀ ਹੋ ਨਿਬੜਦੀ ਹੈ ਕਿ ਕੋਈ ਕਿਵੇਂ ਮਿਲਿਆ।”

ਮੈਨੂੰ ਮੇਰੇ ਮੰਮੀ ਨੇ ਪਿਆਰ ਨਾਲ ਸਮਝਾਇਆ ਕਿ ਮੇਰਾ ਨਾਂ ‘ਹਰਸ਼’ ਭਾਪਾ ਜੀ ਨੇ ਰੱਖਿਆ ਹੀ ਤਾਂ ਸੀ ਕਿ ਇਸਦਾ ਮਤਲਬ ‘ਖ਼ੁਸ਼ੀ’ ਹੈ। ਏਸੇ ਲਈ ਖੇੜਾ ਵੰਡਦੀ ਰਹੇਂਗੀ ਤਾਂ ਮਰੀਜ਼ ਵੀ ਛੇਤੀ ਠੀਕ ਹੋਣਗੇ। ਗੱਲ ਮੈਨੂੰ ਸਮਝ ਆ ਗਈ ਸੀ ਕਿ ਭਾਵੇਂ ਕਿੰਨੀ ਹੀ ਥਕਾਨ ਮਹਿਸੂਸ ਹੋ ਰਹੀ ਹੋਵੇ, ਪਰ ਦੂਜਾ ਬੰਦਾ ਇਹ ਨਹੀਂ ਸਮਝ ਸਕਦਾ ਅਤੇ ਕੁੱਝ ਸਕਿੰਟ ਲਈ ਕਿਸੇ ਨੂੰ ਮੁਸਕੁਰਾ ਕੇ ਮਿਲ ਲਵੋ ਤਾਂ ਉਹ ਵਖਰਾ ਹੀ ਅਸਰ ਛਡਦਾ ਹੈ।

ਮੈਨੂੰ ਇਸ ਗੱਲ ਵਿੱਚੋਂ ਜ਼ਿੰਦਗੀ ਦਾ ਇਕ ਗੁਰ ਸਮਝ ਆ ਗਿਆ ਕਿ ਗੁੱਸਾ ਜ਼ਾਹਰ ਕਰਨਾ ਅਤੇ ਬੜਬੋਲਾ ਹੋਣਾ ਦਰਅਸਲ ਕਿਸੇ ਕਮਜ਼ੋਰ ਬੰਦੇ ਵੱਲੋਂ ਵਿਖਾਇਆ ਆਪਣਾ ਫੋਕਾ ਜ਼ੋਰ ਹੀ ਹੁੰਦਾ ਹੈ ਪਰ ਨਿਮਰਤਾ ਅਤੇ ਹਲੀਮੀ ਬੁਲੰਦ ਸ਼ਖ਼ਸ਼ੀਅਤ ਦਾ ਪ੍ਰਗਟਾਵਾ ਹੁੰਦਾ ਹੈ।

ਇਹ ਵੀ ਹਕੀਕਤ ਹੈ ਕਿ ਜੇ ਇਨਸਾਨ ਔਖੇ ਸਮੇਂ ਮੁਸਕੁਰਾਉਣ ਦੀ ਕੋਸ਼ਿਸ਼ ਕਰ ਵੇਖੇ ਅਤੇ ਸਫਲ ਵੀ ਹੋ ਜਾਏ ਤਾਂ ਫੇਰ ਵੱਡੀ ਤੋਂ ਵੱਡੀ ਮੁਸ਼ਕਲ ਵੀ ਅਜਿਹੇ ਇਨਸਾਨ ਦਾ ਮਨੋਬਲ ਨਹੀਂ ਡੇਗ ਸਕਦੀ। ਇਹ ਤਾਂ ਹੀ ਹੋ ਸਕਦਾ ਹੈ ਕਿ ਜੇ ਅਸੀਂ ਅਗਾਂਹ ਵਧਣ ਵੇਲੇ ਪਿਛਲੀਆਂ ਮੁਸ਼ਕਲਾਂ ਨੂੰ ਯਾਦ ਕਰ ਕੇ ਨਾ ਚੱਲੀਏ ਬਲਕਿ ਉਨ੍ਹਾਂ ਮੁਸ਼ਕਲਾਂ ਤੋਂ ਮਿਲੀ ਸਿੱਖਿਆ ਨਾਲ ਲੈ ਕੇ ਚੱਲੀਏ। ਮਤਲਬ ਸਾਫ ਹੈ ਕਿ ਹਰ ਮੁਸ਼ਕਲ ਸਮਾਂ ਲੰਘ ਜਾਂਦਾ ਹੈ, ਬੱਸ ਮਨੋਬਲ ਕਾਇਮ ਰੱਖਣ ਦੀ ਲੋੜ ਹੈ।

ਉਹ ਦਿਨ ਗਿਆ ਤੇ ਅੱਜ ਦਾ ਦਿਨ। ਮੈਨੂੰ ਬਹੁਤ ਜਣੇ ਪੁੱਛਦੇ ਹਨ ਕਿ ਤੁਸੀਂ ਏਨੇ ਰੁਝੇਵੇਂ ਵਿਚ ਰਾਤ ਨੂੰ ਥੱਕੇ ਟੁੱਟੇ ਆਏ ਕਿਸੇ ਨੂੰ ਮੁਸਕੁਰਾ ਕੇ ਕਿਵੇਂ ਮਿਲ ਲੈਂਦੇ ਹੋ ? ਕਿਸਨੂੰ ਦੱਸਾਂ ਕਿ ਮੈਨੂੰ ਆਪਣੀ ਮਾਂ ਦੀ ਜੱਫੀ ਤੇ ਪਿਆਰ ਨਾਲ ਸਮਝਾਈ ਗੱਲ ਅਤੇ ਨਾਨਾ ਜੀ ਦਾ ਗੁਰ ਯਾਦ ਆ ਜਾਂਦੇ ਹਨ। ਹਾਲੇ ਵੀ ਕਦੇ ਕਦੇ ਜ਼ਿਆਦਾ ਥਕਾਵਟ ਵੇਲੇ ਇਹ ਗੱਲ ਮੇਰੇ ਚੇਤੇ ਵਿੱਚੋਂ ਵਿਸਰ ਜਾਂਦੀ ਹੈ ਪਰ ਬਹੁਤੀ ਵਾਰ ਮੈਂ ਯਾਦ ਰੱਖਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹਾਂ।

ਵੱਡੀਆਂ ਵੱਡੀਆਂ ਲੜਾਈਆਂ ਵੀ ਏਸੇ ਨੁਕਤੇ ਨਾਲ ਟਾਲੀਆਂ ਜਾ ਸਕਦੀਆਂ ਹਨ।

ਡਾਕਟਰੀ ਪੱਖੋਂ ਵੀ ਸਰੀਰ ਅੰਦਰ ਥਕਾਨ ਦੌਰਾਨ ਸੈੱਲਾਂ ਦੀ ਕਾਫ਼ੀ ਤੋੜ ਭੰਨ ਹੋ ਜਾਂਦੀ ਹੈ ਅਤੇ ਟੁੱਟੇ ਸੈੱਲਾਂ ਵਿੱਚੋਂ ਨਿਕਲੇ ਤੱਤ ਅਤੇ ਰਸ ਸਰੀਰ ਦਾ ਸਾਹ ਸੱਤ ਖਿੱਚ ਲੈਂਦੇ ਹਨ। ਇਕ ਤਰੀਕੇ ਸਰੀਰ ਮੁਰਝਾਇਆ ਹੋਇਆ ਬੂਟਾ ਬਣ ਜਾਂਦਾ ਹੈ। ਸਾਹ ਲੈਣ ਦੀ ਕਿਰਿਆ ਹੌਲੀ ਹੋਣ ਕਾਰਣ ਸਰੀਰ ਅੰਦਰ ਕਾਰਬਨ ਡਾਇਆਕਸਾਈਡ ਦੀ ਮਾਤਰਾ ਵਧ ਜਾਂਦੀ ਹੈ ਜਿਸ ਨਾਲ ਸਰੀਰ ਸ਼ਕਤੀਹੀਣ ਜਾਪਣ ਲਗ ਪੈਂਦਾ ਹੈ।

ਅਜਿਹੇ ਮੌਕੇ ਜਾਂ ਤਾਂ ਸਰੀਰ ਨੂੰ ਸੰਪੂਰਨ ਅਰਾਮ ਮਿਲਣਾ ਜ਼ਰੂਰੀ ਹੈ ਤਾਂ ਜੋ ਨਵੇਂ ਸੈੱਲ ਨਵੇਂ ਸਿਰਿਓਂ ਆਪਣਾ ਕੰਮ ਕਾਰ ਸੰਭਾਲ ਲੈਣ। ਦੂਜਾ ਤਰੀਕਾ ਕੁੱਝ ਪਲਾਂ ਦੀ ਛੇਤੀ ਸਫੂਰਤੀ ਦਾ ਹੈ ਕਿ ‘ਐਨਰਜੀ ਡਰਿੰਕ’ ਜਾਂ ਗਲੂਕੋਜ਼ ਨਮਕ ਦਾ ਘੋਲ ਸਹੀ ਮਾਤਰਾ ਵਿਚ ਲੈ ਲਿਆ ਜਾਏ। ਪਰ ਅਰਾਮ ਤਾਂ ਫੇਰ ਵੀ ਕਰਨਾ ਹੀ ਪੈਂਦਾ ਹੈ।

ਤੀਜਾ ਤੇ ਸਭ ਤੋਂ ਸੌਖਾ ਤਰੀਕਾ ਹੈ ਮੁਸਕਾਨ ਜਾਂ ਖਿੜਖਿੜਾ ਕੇ ਹੱਸ ਲੈਣਾ। ਇਸ ਨਾਲ ਕਾਰਬਨ ਡਾਇਆਕਸਾਈਡ  (CO2) ਦੀ ਮਾਤਰਾ ਸਾਹ ਲੈਣ ਦੀ ਤੇਜ਼ ਕਿਰਿਆ ਕਾਰਣ ਫਟ ਘਟ ਜਾਂਦੀ ਹੈ ਤੇ ਬਾਅਦ ਵਿਚ ਨੀਂਦਰ ਵੀ ਬਹੁਤ ਸੋਹਣੀ ਆਉਂਦੀ ਹੈ ਤੇ ਥਕਾਵਟ ਕਿਤੇ ਦੀ ਕਿਤੇ ਗਈ।

ਆਪੇ ਹੀ ਸੋਚ ਵੇਖੋ ਕਿ ਦਫਤਰੋਂ ਥੱਕੇ ਟੁੱਟੇ ਘਰ ਵੜਦਿਆਂ ਅੱਗੋਂ ਸਵਾਗਤ ਲਟਕੇ ਹੋਏ ਚਿਹਰੇ ਨਾਲ ਹੋਵੇ ਜਾਂ ਮੁਸਕਾਨ ਨਾਲ, ਤਾਂ ਕਿਹੜਾ ਚੰਗਾ ਲਗਦਾ ਹੈ ਤੇ ਕਿਸ ਨਾਲ ਤੁਹਾਡੇ ਅੰਦਰ ਨਵੀਂ ਸਫੂਰਤੀ ਜਾਗੀ ਜਾਪਦੀ ਹੈ।

ਹਾਲਾਂਕਿ ਕਪੜੇ ਢਿੱਲੇ ਕਰ ਕੇ ਅਰਾਮ ਕੁਰਸੀ ਉੱਤੇ ਬਹਿ ਕੇ ਕੁੱਝ ਦੇਰ ਅੱਖਾਂ ਬੰਦ ਕਰਕੇ ਪੈ ਜਾਣਾ ਜਾਂ ਹਲਕਾ ਮਧੁਰ ਸੰਗੀਤ ਵੀ ਅਰਾਮ ਦੇ ਦਿੰਦਾ ਹੈ ਪਰ ਗਲੇ ਦੁਆਲੇ ਪਿਆਰ ਨਾਲ ਪਾਈਆਂ ਬਾਹਵਾਂ ਤਾਂ ਗਜ਼ਬ ਢਾਹ ਸਕਦੀਆਂ ਹਨ।

ਜੇ ਇਹ ਬਾਹਵਾਂ ਆਪਣੇ ਹੀ ਜਿਗਰ ਦੇ ਟੁਕੜੇ ਦੀਆਂ ਹੋਣ ਤਾਂ ਕੁੱਝ ਪਲਾਂ ਲਈ ਸੁਰਗ ਦਾ ਝੂਟਾ ਵੀ ਮਿਲ ਜਾਂਦਾ ਹੈ।

ਥਕ ਟੁਟ ਕੇ ਘਰ ਆਏ ਬੰਦੇ ਨੂੰ ਵੀ ਚਾਹੀਦਾ ਹੈ ਕਿ ਉਡੀਕਦੇ ਬੈਠੇ ਘਰ ਅੰਦਰਲੇ ਆਪਣਿਆਂ ਵਾਸਤੇ ਚਿਹਰੇ ਉੱਤੇ ਮੁਸਕਾਨ ਲਿਆ ਕੇ ਹੀ ਮਿਲੇ। ਇਸ ਨਾਲ ਜਵਾਬੀ ਹੁੰਗਾਰਾ ਬਿਲਕੁਲ ਵਖਰੀ ਕਿਸਮ ਦਾ ਹੋ ਜਾਂਦਾ ਹੈ ਅਤੇ ਸਾਰੇ ਘਰ ਵਾਲੇ ਉਸਦੀ ਹਾਲਤ ਸਮਝਦੇ ਹੋਏ ਨਿਮਰ ਹੋ ਜਾਂਦੇ ਹਨ। ਮੈਂ ਤਾਂ ਇਹ ਸ਼ਿਕਾਇਤ ਵੀ ਕਿਸੇ ਪਤਨੀ ਤੋਂ ਸੁਣੀ ਹੋਈ ਹੈ, “ਸੜਿਆ ਭੁਜਿਆ ਜਦੋਂ ਮੇਰਾ ਪਤੀ ਘਰ ਆਉਂਦਾ ਹੈ ਤਾਂ ਬੱਚੇ ਖੇਡਣਾ ਬੰਦ ਕਰ ਕੇ ਸਹਿਮ ਜਾਂਦੇ ਹਨ। ਬੱਸ ਫੇਰ ਉਸੇ ਦੀਆਂ ਚੀਕਾਂ ਹੀ ਹਰ ਨਿੱਕੀ ਨਿੱਕੀ ਗੱਲ ਉੱਤੇ ਸੁਣਦੇ ਹਾਂ।” ਇਸਦੀ ਬਜਾਏ ਇਹ ਕਿਸਤਰ੍ਹਾਂ ਦਾ ਲੱਗੇਗਾ, “ਘਰ ਵਿਚ ਸਾਰੇ ਮੇਰੇ ਪਤੀ ਨੂੰ ਉਡੀਕਦੇ ਹਨ। ਜਿਉਂ ਹੀ ਉਹ ਅੰਦਰ ਵੜਦੇ ਹਨ ਉਨ੍ਹਾਂ ਦੀ ਪਿਆਰ ਭਰੀ ਅਵਾਜ਼ ਸਾਰਿਆਂ ਵਿਚ ਜਾਨ ਫੂਕ ਦਿੰਦੀ ਹੈ। ਕੋਈ ਭੱਜ ਕੇ ਉਨ੍ਹਾਂ ਦਾ ਸੂਟਕੇਸ ਫੜਦਾ ਹੈ, ਕੋਈ ਹੱਥੋਂ ਲਿਫਾਫਾ ਤੇ ਕੋਈ ਪਾਣੀ ਲੈ ਕੇ ਦਰਵਾਜ਼ੇ ਅੱਗੇ ਹੀ ਖੜਾ ਰਹਿੰਦਾ ਹੈ।”

ਥਕਾਨ ਤੋਂ ਬਾਅਦ ਸਰੀਰ ਨੂੰ ਅਰਾਮ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਜ਼ਿਆਦਾ ਦੇਰ ਜਾਗਣ ਤੋਂ ਬਾਅਦ ਸੋਚਣ ਸਮਝਣ ਦੀ ਸ਼ਕਤੀ ਘਟਣ ਲਗ ਪੈਂਦੀ ਹੈ। ਚੁਸਤੀ ਘਟਦੇ ਸਾਰ ਹੀ ਕੰਮ ਕਾਰ ਦੇ ਦੌਰਾਨ ਐਕਸੀਡੈਂਟ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਏਸੇ ਲਈ ਡਾਕਟਰ ਵੱਲੋਂ ਇਲਾਜ ਵਿਚ ਕੋਤਾਹੀ ਜਾਂ ਮਕੈਨਿਕ ਦਾ ਮਸ਼ੀਨ ਵਿਚ ਹੱਥ ਆ ਜਾਣਾ, ਆਦਿ ਵਰਗੀਆਂ ਘਟਨਾਵਾਂ ਵਾਪਰ ਸਕਦੀਆਂ ਹਨ।

ਡਾਕਟਰ ਸਲਾਹ ਦਿੰਦੇ ਹਨ ਕਿ ਲੰਬੀ ਡਿਊਟੀ ਦੌਰਾਨ ਹਰ ਤਿੰਨ ਸਾਢੇ ਤਿੰਨ ਘੰਟੇ ਬਾਅਦ ਪੰਦਰਾਂ ਕੁ ਮਿੰਟਾਂ ਦੀ ਚਾਹ ਜਾਂ ਜੂਸ ਪੀਣ ਦੀ ਛੁੱਟੀ ਹੋਣੀ ਜ਼ਰੂਰੀ ਹੈ ਜਿਸ ਨਾਲ ਥਕਾਨ ਘਟ ਜਾਂਦੀ ਹੈ ਤੇ ਦੁਬਾਰਾ ਚੁਸਤੀ ਨਾਲ ਕੰਮ ਕਾਰ ਉੱਤੇ ਜੁਟਿਆ ਜਾ ਸਕਦਾ ਹੈ।

ਇਹ ਪੰਦਰਾਂ ਮਿੰਟ ਦੀ ਛੁੱਟੀ ਨੂੰ ਘੰਟੇ ਵਿਚ ਤਬਦੀਲ ਕਰ ਕੇ ਵਿਹਲੇ ਗੱਪਾਂ ਮਾਰਨ ਨਾਲ ਵੀ ਸਰੀਰ ਬੇਲੋੜਾ ਹਲਕਾ ਪੈ ਜਾਂਦਾ ਹੈ ਅਤੇ ਠੀਕ ਨਹੀਂ ਰਹਿੰਦਾ। ਇਸਤਰ੍ਹਾਂ ਕੰਮ ਕਾਰ ਦਾ ਵੀ ਨੁਕਸਾਨ ਹੁੰਦਾ ਹੈ। ਇਹ ਵੇਲਾ ਹਲਕੀ ਚਾਹ ਦਾ ਹੀ ਹੁੰਦਾ ਹੈ। ਜੇ ਨਾਲ ਖਾਣ ਪੀਣ ਨੂੰ ਬਹਿ ਜਾਓ ਤਾਂ ਭਾਰ ਵਿਚ ਵਾਧਾ ਹੋ ਸਕਦਾ ਹੈ।

ਜੇ ਸਿਰਫ਼ ਤਿੰਨ ਘੰਟੇ ਦੇ ਕੰਮ ਬਾਅਦ ਵੀ ਜ਼ਿਆਦਾ ਥਕਾਵਟ ਮਹਿਸੂਸ ਹੋ ਰਹੀ ਹੋਵੇ ਤਾਂ ਡਾਕਟਰੀ ਮੁਆਇਨਾ ਜ਼ਰੂਰੀ ਹੈ ਕਿਤੇ ਜਿਗਰ, ਦਿਲ, ਗੁਰਦੇ ਆਦਿ ਦੀ ਕੋਈ ਬੀਮਾਰੀ ਤਾਂ ਨਹੀਂ ਹੋ ਚੁੱਕੀ ! ਸ਼ੱਕਰ ਰੋਗ, ਲਹੂ ਦੀ ਕਮੀ, ਬਿਨਾਂ ਕਾਰਣ ਥੱਕੇ ਟੁੱਟੇ ਮਹਿਸੂਸ ਕਰਦੇ ਰਹਿਣਾ (ਕਰੌਨਿਕ ਫਟੀਗ ਸਿੰਡਰੋਮ), ਭਿਆਨਕ ਹਾਦਸੇ’ਚੋਂ ਲੰਘਣ ਤੋਂ ਬਾਅਦ (ਪੋਸਟ ਟਰੌਮੈਟਿਕ ਸਟਰੈਸ ਡਿਸਔਰਡਰ), ਪਿੱਠ ਤੇ ਹੱਡੀਆਂ ਦੀ ਪੀੜ ਤੇ ਸਾਰਾ ਸਰੀਰ ਦਰਦ ਹੁੰਦਾ ਮਹਿਸੂਸ ਹੋਣਾ (ਫਾਈਬਰੋਮਾਇਐਲਜੀਆ), ਤਣਾਓ, ਢਹਿੰਦੀ ਕਲਾ, ਵਾਇਰਲ ਬੁਖ਼ਾਰ, ਨੀਂਦਰ ਪੂਰੀ ਨਾ ਹੋਣੀ, ਮੋਟਾਪਾ, ਥਾਇਰਾਇਡ ਹਾਰਮੋਨਾਂ ਦਾ ਘਟਣਾ ਆਦਿ, ਵਿਚ ਵੀ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਰਹਿੰਦੀ ਹੈ।

ਬਲੱਡ ਪ੍ਰੈੱਸ਼ਰ ਘਟਾਉਣ ਦੀਆਂ ਕੁੱਝ ਦਵਾਈਆਂ ਖਾਣ ਨਾਲ ਜਿਵੇਂ ਬੀਟਾ ਬਲੌਕਰ ਅਤੇ ਨਸ਼ਾ ਛੱਡਣ ਤੋਂ ਬਾਅਦ ਵੀ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋ ਸਕਦੀ ਹੈ।

ਥਕਾਵਟ ਮਹਿਸੂਸ ਹੁੰਦੇ ਸਾਰ ਹੀ ਪੱਠਿਆਂ ਦੇ ਕੰਮ ਕਾਰ ਦੀ ਸ਼ਕਤੀ ਬਹੁਤ ਜ਼ਿਆਦਾ ਘਟ ਜਾਂਦੀ ਹੈ ਪਰ ਜੇ ਫੇਰ ਵੀ ਕੰਮ ਲਗਾਤਾਰ ਕੀਤਾ ਜਾਵੇ ਤਾਂ ਨਸਾਂ ਤੇ ਪੱਠੇ ਉੱਕਾ ਹੀ ਜਵਾਬ ਦੇ ਜਾਂਦੇ ਹਨ ਤੇ ਬੰਦਾ ਡਿਗ ਪੈਂਦਾ ਹੈ।

ਦਖਣੀ ਅਫਰੀਕਾ ਵਿਚ ਹੋਈ ਖੋਜ ਨੇ ਸਾਬਤ ਕੀਤਾ ਹੈ ਕਿ ਸਰੀਰ ਅੰਦਰ ਇੰਟਰਲਿਊਕਿਨ-ਛੇ  ਵਧਣ ਕਾਰਣ ਹੀ ਥਕਾਵਟ ਮਹਿਸੂਸ ਕੀਤੀ ਜਾ ਸਕਦੀ ਹੈ ਜਿਸ ਨਾਲ ਦਿਮਾਗ਼ ਨੂੰ ਇਹ ਸੁਣੇਹਾ ਪਹੁੰਚਦਾ ਹੈ ਕਿ ਪੱਠੇ ਲੋੜ ਤੋਂ ਵਧ ਕੰਮ ਕਰ ਚੁੱਕੇ ਹਨ। ਜੇ ਹੁਣ ਅਰਾਮ ਨਾ ਕੀਤਾ ਗਿਆ ਤਾਂ ਪੱਠੇ ਟੁੱਟ ਸਕਦੇ ਹਨ ਜਾਂ ਨਸਾਂ ਖ਼ਰਾਬ ਹੋ ਸਕਦੀਆਂ ਹਨ।

ਏਸੇ ਲਈ ਸਰੀਰ ਅੰਦਰਲਾ ਤਾਪਮਾਨ ਕੁੱਝ ਚਿਰ ਲਈ ਵਧ ਜਾਂਦਾ ਹੈ ਜਿਸ ਨਾਲ ਬੰਦਾ ਥੱਕਿਆ ਟੁੱਟਿਆ ਮਹਿਸੂਸ ਕਰਦਾ ਹੈ ਜਿਵੇਂ ਅੰਜਰ ਪੰਜਰ ਢਿੱਲੇ ਪੈ ਗਏ ਹੋਣ। ਸਰੀਰ ਦਾ ਬਾਹਰਲਾ ਤਾਪਮਾਨ ਤਾਂ ਘਟਿਆ ਜਾਂ ਨਾਰਮਲ ਵੀ ਰਹਿ ਸਕਦਾ ਹੈ।

ਜੇ ਅਜਿਹੇ ਮੌਕੇ ਅਰਾਮ ਕਰ ਲਿਆ ਜਾਏ ਤਾਂ ਸਰੀਰ ਪੂਰੀ ਤਰ੍ਹਾਂ ਨਾਰਮਲ ਹੋ ਸਕਦਾ ਹੈ।

ਇਸਤਰ੍ਹਾਂ ਦੀ ਹਾਲਤ ਵਿਚ ਜੇ ਕਿਸੇ ਨੂੰ ਮਿਲ ਕੇ ਮੁਸਕੁਰਾਉਣਾ ਵੀ ਪਵੇ ਅਤੇ ਬਹਿ ਕੇ ਗੱਪਾਂ ਵੀ ਮਾਰਨੀਆਂ ਪੈਣ ਤਾਂ ਰੱਬ ਰਾਖਾ !

ਮੈਂ ਡਾਕਟਰੀ ਨੁਕਤੇ ਦੱਸਣ ਤੋਂ ਬਾਅਦ ਵਾਪਸ ਪਹਿਲੇ ਵਾਲੀ ਗੱਲ ਉੱਤੇ ਹੀ ਆਉਣਾ ਚਾਹੁੰਦੀ ਹਾਂ ਕਿ ਥਕਾਨ ਨੂੰ ਕਿਵੇਂ ਸਹਿਜੇ ਅਤੇ ਵਧੀਆ ਤਰੀਕੇ ਘਟਾਉਣਾ ਹੈ ਤਾਂ ਜੋ ਲੋਕ ਸਾਡੇ ਬਾਰੇ ਆਪਣੀ ਰਾਏ ਮਾੜੀ ਨਾ ਬਣਾਉਣ। ਮਿਲਣ ਆਏ ਬੰਦੇ ਨਾਲ ਬਹਿ ਕੇ ਚਾਹ ਪੀਤੀ ਜਾ ਸਕਦੀ ਜਾਂ ਉਸਨੂੰ ਕੁੱਝ ਦੇਰ ਉਡੀਕ ਕਰਨ ਲਈ ਕਹਿ ਕੇ ਕੋਸੇ ਪਾਣੀ ਨਾਲ ਨਹਾ ਧੋ ਕੇ ਤਾਜ਼ਾ ਹੋ ਕੇ ਬੈਠਿਆ ਜਾ ਸਕਦਾ ਹੈ।

ਹੁਣ ਮੇਰਾ ਹਾਲ ਵੇਖੋ ਕਿ ਮੈਨੂੰ ਹਾਲੇ ਤਕ ਪਤਾ ਨਹੀਂ ਉਸ ਦਿਨ ਸਾਡੇ ਘਰ ਕਿਹੜੇ ਕਿਹੜੇ ਲਿਖਾਰੀ ਜਾਂ ਉੱਚ ਪੱਧਰੀ ਲੋਕ ਭਾਪਾ ਜੀ ਨਾਲ ਗੱਲਾਂ ਕਰਨ ਆਏ ਖਾਣਾ ਖਾਣ ਬੈਠੇ ਸਨ ਕਿਉਂਕਿ ਮੈਂ ਕਿਸੇ ਨੂੰ ਮਿਲੀ ਹੀ ਨਹੀਂ ਸੀ। ਮੈਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਵਿੱਚੋਂ ਕਿੰਨਿਆਂ ਨੇ ਮੇਰੇ ਬਾਰੇ ਆਪਣੀ ਮਾੜੀ ਰਾਏ ਬਣਾ ਲਈ ਹੋਵੇਗੀ। ਮੈਨੂੰ ਤਾਂ ਉਸ ਵਾਕਿਆ ਤੋਂ ਹੀ ਵਧੀਆ ਗੁਰ ਸਿਖਣ ਨੂੰ ਮਿਲ ਗਿਆ। ਮੈਂ ਹਾਲੇ ਤਕ ਵੀ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਵਿਚ ਲੱਗੀ ਰਹਿੰਦੀ ਹਾਂ ਕਿਉਂਕਿ ਹੁਣ ਵੀ ਮੇਰੇ ਰੁਝੇਵੇਂ ਬਹੁਤ ਜ਼ਿਆਦਾ ਹੋਣ ਕਾਰਣ ਕਈ ਵਾਰ ਥਕ ਟੁੱਟ ਕੇ ਵਿਹਲੇ ਹੋਣ ਬਾਅਦ ਪੂਰਾ ਜ਼ੋਰ ਲਾਉਣ ਉੱਤੇ ਵੀ ਕਿਸੇ ਮਿਲਣ ਆਏ ਬੰਦੇ ਨਾਲ ਓਨੇ ਵਧੀਆ ਤਰੀਕੇ ਨਾਲ ਗੱਲ ਬਾਤ ਨਹੀਂ ਕੀਤੀ ਜਾਂਦੀ ਜਿੰਨੀ ਅਗਲਾ ਸੋਚ ਕੇ ਆਇਆ ਹੁੰਦਾ ਹੈ !

ਏਨਾ ਕੁੱਝ ਜਾਣ ਲੈਣ ਤੋਂ ਬਾਅਦ ਮੈਂ ਤਾਂ ਇਹੀ ਲੋਚਦੀ ਹਾਂ ਕਿ ਆਪਣਾ ਵਿਹਾਰ ਬਦਲ ਕੇ ਜੇ ਘਰ ਖੁਸ਼ੀਆਂ ਨਾਲ ਭਰਿਆ ਜਾ ਸਕਦਾ ਹੈ ਤਾਂ ਇੱਥੇ ਹੀ ਜੰਨਤ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਹੁਣ ਹੋਰ ਕੀ ਕਹਾਂ,

“ਤੁਹਾਡੇ ਉੱਤੇ ਰੱਬ ਦੀ ਰਜ਼ਾ ਹੋ ਜਾਏ।
ਖੁਸ਼ੀਆਂ ਮਿਲਣ ਏਨੀਆਂ ਕਿ
ਦੁਖ ਲਫਜ਼ ਹੀ ਜ਼ਿੰਦਗੀ ਵਿੱਚੋਂ ਫ਼ਨਾਹ ਹੋ ਜਾਏ !”

ਡਾ ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ  0175-2216783

/੦੫/੨੦੧੩
 

ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com