5_cccccc1.gif (41 bytes)

ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ


ਉਨ੍ਹਾਂ ਨੇ ਅੱਜ ਦੀ ਦਿਹਾੜੀ ਦਾ ਕੰਮ ਖ਼ਤਮ ਕੀਤਾ ਤਾਂ ਸਿੱਧੇ ਪੱਬ ਵਿਚ ਜਾ ਬੜੇ। ਬਿਲਡਿੰਗ ਕੌਨਟਰੈਕਟਰ ਦੀ ਵੈਨ ਖ਼ਰਾਬ ਸੀ ਤੇ ਉਸ ਦੀ ਤਬੀਅਤ ਵੀ ਨਾਸਾਜ਼ ਸੀ। ਇਸ ਲਈ ਉਹ ਇਹ ਕਹਿਕੇ ਬਿਲਡਿੰਗ ਸਾਈਟ ਤੋਂ ਪਹਿਲਾਂ ਹੀ ਆਪਣੇ ਘਰ ਚਲਾ ਗਿਆ ਸੀ ਕਿ ਉਸ ਦੇ ਤਿੰਨੋਂ ਹੀ ਕਾਮੇ ਬੱਸ ਫ਼ੜਕੇ ਆਪਣੇ ਰੈਣ ਬਸੇਰੇ ਉੱਤੇ ਪਹੁੰਚ ਜਾਣ। ਪਰ ਉਹ ਉਨ੍ਹਾਂ ਨੂੰ ਸੁਚੇਤ ਵੀ ਕਰ ਗਿਆ ਸੀ ਕਿ ਕੋਈ ਪੰਗੇ ਵਾਲ਼ੇ ਕੰਮ ਨਾ ਕਰਨ ਜਿਸ ਨਾਲ਼ ਪੁਲੀਸ ਨਾਲ਼ ਕੋਈ ਵਾਸਤਾ ਪੈ ਜਾਵੇ ਕਿਉਂਕਿ ਉਹ ਇੱਲੀਗਲ ਇੰਗਰਾਂਟਸ ਸਨ ਤੇ ਛੇਕੜ ਨੂੰ ਡੀਪੋਰਟ ਵੀ ਹੋ ਸਕਦੇ ਸਨ। ਇਥੋਂ ਤੀਕ ਕਿ ਕੌਨਟਰੈਕਟਰ  ਨੂੰ ਵੀ ਜੁਰਮਾਨਾ ਹੋ ਸਕਦਾ ਸੀ ਤੇ ਉਸ ਦੇ ਟੈਕਸ ਆਦਿ ਨਾ ਦੇਣ ਉੱਤੇ ਪ੍ਰਸ਼ਨ ਚਿੰਨ੍ਹ ਖ਼ੜ੍ਹੇ ਹੋ ਸਕਦੇ ਸਨ।ਕੈਸ਼ ਜੌਬਾਂ ਕਰਕੇ ਉਹ ਸਾਰੀ ਹੀ ਆਮਦਨ ਡੀਕਲੇਅਰ ਥੋੜ੍ਹਾ ਹੀ ਕਰਦਾ ਹੁੰਦਾ ਸੀ ? ਸਰਕਾਰਾਂ ਦਾ ਕੀ ਹੈ ਉਹ ਤਾਂ ਲਹੂ ਚੂਸਣ ਤੱਕ ਜਾਂਦੀਆਂ ਨੇ। ਸਾਰਾ ਦਿਨ ਜਾਨ ਮਾਰ ਕੇ ਕੰਮ ਕਰੀਦਾ ਹੈ। ਸਾਰੀ ਕਮਾਈ ਸਾਲ਼ੇ ਇਨ੍ਹਾਂ ਨੂੰ ਤਾਂ ਨ੍ਹੀ ਦੇ ਦੇਣੀ। ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਏ ਨੇ। ਪੈਸਿਆਂ ਦੀਆਂ ਪੰਡਾਂ ਖ਼ਰਚੀਆਂ ਨੇ। ਦੋਹਾਂ ਕੁੜੀਆਂ ਦਾ ਵਿਆਹ ਵਾਹਵਾ ਗੱਜ ਵੱਜ ਕੇ ਕੀਤਾ। ਭਾਈਚਾਰੇ 'ਚ ਧੰਮਾਂ ਪਾ ਦਿੱਤੀਆਂ। ਮੁੰਡੇ ਦਾ ਵੀ ਵਿਆਹ ਕਰਾਂਗੇ ਟੌਹਰ ਨਾਲ਼ ਇੰਡੀਆ ਵੀ ਪੈਸੇ ਭੇਜਣੇ ਹੁੰਦੇ ਆ। ਚੰਡੀਗੜ੍ਹ ਕੋਠੀ ਵੀ ਬਣਦੀ ਆ । ਐਸ ਕੈਸ਼ ਨਾਲ਼ ਹੀ ਸਭ ਕੁਝ ਹੁੰਦ। ਵਾਹਿਗੁਰੂ ਸੁੱਖ ਰੱਖ਼ੇ ਬੁੜ੍ਹੇ ਹੋ ਕੇ ਆਪਾਂ ਛੇ ਮਹੀਨੇ ਇਥੇ ਤੇ ਛੇ ਮਹੀਨੇ ਉਥੇ ਚੰਡੀਗੜ੍ਹ ਕੱਟਿਆ ਕਰਨੇਂ ਆਂ। ਐਸ਼ਾਂ ਕਰਨੀਆਂ ਪੂਰੀਆਂ।

ਇਹ ਗੱਲਾਂ ਉਹ ਅਕਸਰ ਹੀ ਆਪਣੇ ਕਾਮਿਆਂ ਨੂੰ ਦਸਦਾ ਹੁੰਦਾ ਸੀ। ਸ਼ਾਇਦ ਉਹਨੂੰ ਬਹੁਤ ਸੁਆਦ ਆਉਂਦਾ ਹੁੰਦਾ ਸੀ ਇਨ੍ਹਾਂ ਮਜਬੂਰ ਬੰਦਿਆਂ ਦੀ ਸੈਨਸਿਟਿਵਿਟੀ ਨੂੰ ਛੁਹ ਕੇ। ਇਹ ਕਾਮੇ ਉਹਦੀ ਪਿੱਠ ਪਿੱਛੇ ਉਹਨੂੰ ਰੱਜ ਰੱਜ ਗਾਲ਼੍ਹਾਂ ਕੱਢਦੇ। "ਭੈਣ ਦਾ ਟਕਾ ਸਾਥੋਂ ਤਾਂ ਸਸਤੇ ਭਾਅ ਕੰਮ ਕਰਾਉਂਦਾ ਤੇ ਆਪ ਇੰਡੀਆ 'ਚ ਕੋਠੀਆਂ ਪਾਈ ਜਾਂਦਾ। ਸਾਡਾ ਵੀ ਖ਼ੂਨ ਪੀਂਦਾ ਤੇ ਗੋਰਿਆਂ ਦੀ ਸਰਕਾਰ ਦਾ ਵੀ। ਅਸੀਂ ਤਾਂ ਬੱਸ ਈਹਦੇ ਲਈ ਸਸਤੇ ਬੰਦੇ ਹੀ ਹਾਂ।" ਪਰ ਫ਼ਿਰ ਵੀ ਉਹ ਇਸ ਠੇਕੇਦਾਰ ਦੇ ਸ਼ੁਕਰਗ਼ੁਜ਼ਾਰ ਸਨ ਕਿ ਉਸ ਨੇ ਇੰਨਿਆਂ ਸਾਲਾਂ ਤੋਂ ਉਨ੍ਹਾਂ ਨੂੰ ਬਕਾਇਦਾ ਕੰਮ ਦੇਈ ਰੱਖਿਆ ਸੀ। ਇਸੇ ਕੰਮ ਕਰਕੇ ਹੀ ਤਾਂ ਉਨ੍ਹਾਂ ਨੇ ਪਿਛਾਂਹ ਪੈਸੇ ਭੇਜ ਕੇ ਕਰਜ਼ੇ ਲਾਹ ਲਏ ਸਨ। ਵਰਨਾ ਉਨ੍ਹਾਂ ਨੂੰ ਉਹ ਦਿਨ ਵੀ ਯਾਦ ਸਨ ਜਦੋਂ ਉਹ ਸਰਦੀ, ਗਰਮੀ ਤੇ ਮੀਂਹ ਤੇ ਬਰਫ਼ਾਂ ਦੇ ਮੌਸਮ ਵਿਚ ਸ਼ਹਿਰ ਦੇ ਚੌਂਕ ਵਿਚ ਲੁਧਿਆਣੇ ਦੇ ਭਈਆਂ ਵਾਂਗ ਖ਼ੜ੍ਹਿਆ ਕਰਦੇ ਸਨ। ਕਦੇ ਕੰਮ ਮਿਲ਼ ਜਾਂਦਾ ਸੀ ਤੇ ਕਦੇ ਨਹੀਂ ਸੀ ਮਿਲ਼ਦਾ। ਉਹ ਬੁਰੀ ਹਾਲਤ ਵਿਚ ਇਕ ਟੁੱਟੇ ਜਿਹੇ ਮਕਾਨ ਵਿਚ ਰਹਿੰਦੇ ਸਨ। ਏਸ ਠੇਕੇਦਾਰ ਨੇ ਨਾਲ਼ੇ ਕੰਮ ਦੇ ਦਿੱਤਾ ਤੇ ਨਾਲ਼ੇ ਅਕੌਂਮੋਡੇਸ਼ਨ। ਠੀਕ ਹੈ ਕਿ ਉਹ ਮਾਰਕੀਟ ਨਾਲ਼ੋਂ ਜ਼ਿਆਦਾ ਰੈਂਟ ਲੈਦਾ ਸੀ ਤੇ ਦਿਹਾੜੀ ਵੀ ਘੱਟ ਦਿੰਦਾ ਸੀ ਪਰ ਹੋਰ ਚਾਰਾ ਵੀ ਕੀ ਸੀ ਭਲਾ। ਜੇ ਉਹ ਇਸ ਦੇਸ ਵਿਚ ਪੱਕੇ ਹੁੰਦੇ ਤਾਂ ਸਰਕਾਰ ਵਲੋਂ ਮਿਨੀਮੰਮ ਰੇਟ ਲੈ ਕੇ ਪੈਸਿਆਂ ਦਾ ਢੇਰ ਲਗਾ ਦਿੰਦੇ। ਕਿਸਮਤ ਦੀਆਂ ਗੱਲਾਂ ਹੁੰਦੀਆਂ ਹਨ। ਕੀ ਕੀਤਾ ਜਾ ਸਕਦਾ ਹੈ!

ਇਹ ਰੈਗੂਲਰ ਕਾਮੇ ਸਨ;  ਭਜਨਾ, ਸੰਧੂ ਅਤੇ ਗੇਲਾ। ਇਹ ਤਿੰਨੇ ਜਣੇ ਰੂਸ, ਗਰੀਸ, ਜਰਮਨੀ ਅਤੇ ਫ਼ਰਾਂਸ ਆਦਿ ਤੋਂ ਖ਼ੱਜਲ ਖੁਆਰ ਹੁੰਦੇ ਹੋਏ ਸਮੁੰਦਰੀ ਬੇੜਿਆਂ ਅਤੇ ਟਰਾਲਿਆਂ ਰਾਹੀਂ ਯੂ ਕੇ ਪੁਹੰਚੇ ਸਨ। ਇਹ ਤਿੰਨੋਂ 'ਕੱਠੇ ਹੀ ਪੰਜਾਬੋਂ ਟੁਰੇ ਸਨ - ਘਰ ਦੀ ਪੂੰਜੀ ਤੇ ਆਪਣੇ ਖ਼ੇਤ ਵੇਚ ਕੇ। ਇਨ੍ਹਾਂ ਚੋਂ ਭਜਨਾ ਵਿਆਹਿਆ ਵਰ੍ਹਿਆ ਸੀ ਤੇ ਦੋ ਬੱਚਿਆਂ ਦਾ ਬਾਪ ਵੀ ਸੀ ਤੇ ਹਰ ਵੇਲੇ ਆਪਣੇ ਨਿਆਣਿਆ ਨੂੰ ਯਾਦ ਕਰ ਕਰਕੇ ਤੜਫ਼ਦਾ ਰਹਿੰਦਾ ਸੀ। ਉਹਦੀ ਬੁੱਢੀ ਮਾਂ ਵੀ ਹਾਲੀਂ ਜਿਉਂਦੀ ਸੀ। ਇਹ ਤਿੰਨੋਂ ਪਿਛਲੇ ਨੌਂ ਸਾਲਾਂ ਤੋਂ ਗ਼ੈਰ ਕਾਨੂੰਨੀ ਤੌਰ ਤੇ ਰਹਿ ਰਹੇ ਸਨ। ਜਾਨੀ ਕਿ ਪਿਛਲੇ ਨੌਂ ਵਰ੍ਹਿਆਂ ਤੋਂ ਇਹ ਦੇਸ ਹੀ ਨਹੀਂ ਸਨ ਗਏ। ਪੱਕੇ ਹੋਣ ਲਈ ਉਹ ਲੰਡਨ ਦੇ ਇਮੀਗਰੇਸ਼ਨ ਦੇ ਮਾਹਿਰ ਵਕੀਲਾਂ ਨੂੰ ਪੈਸੇ ਦੇਈ ਜਾ ਰਹੇ ਸਨ ਤੇ ਆਸ ਦੀ ਟੁਟਦੀ ਤੰਦ ਨੂੰ ਹਰ ਹੀਲੇ ਕਾਇਮ ਰੱਖ਼ੀ ਜਾ ਰਹੇ ਸਨ। ਉਨ੍ਹਾਂ ਦੀ ਇਹ ਤ੍ਰਿਕੜੀ ਆਪਸ ਵਿਚ ਕਾਫ਼ੀ ਘੁਲ਼ੀ ਮਿਲ਼ੀ ਹੋਈ ਸੀ। ਉਹ ਇਕ ਦੂਜੇ ਦੀ ਕੇਅਰ ਕਰਦੇ ਸਨ ਤੇ ਵਧੀਆ ਯਾਰ ਵੀ ਸਨ। ਉਹ ਇਕ ਦੂਜੇ ਦਾ ਦੁੱਖ ਸੁੱਖ ਸਾਂਝਾ ਕਰਦੇ ਸਨ। ਇਕੱਠੇ ਰੋਟੀ ਖ਼ਾਦੇ ਤੇ ਦਾਰੂ ਪੀਂਦੇ ਸਨ। ਵੀਕਐਂਡ ਉਤੇ ਫ਼ਿਲਮਾਂ ਵੇਖ਼ਦੇ ਸਨ ਤੇ ਫ਼ੱਕੜ ਤੋਲਦੇ ਸਨ। ਕਦੇ ਕਦਾਈਂ ਉਹ ਕਿਸੇ ਬਜ਼ਾਰੂ ਤੀਵੀਂ ਦਾ ਸੰਗ ਵੀ ਮਾਣ ਲੈਂਦੇ ਸਨ। ਮਾਵਾਂ ਤੇ ਭੈਣਾ ਭਰਾਵਾਂ ਨੂੰ ਯਾਦ ਕਰਕੇ ਕਿੰਨੀ ਵੇਰੀ ਕੌਣ ਰੋਂਦਾ ਸੀ, ਉਹ ਸੱਭੋ ਇਕ ਦੂਜੇ ਦੇ ਭੇਤ ਜਾਣਦੇ ਸਨ। ਉਨ੍ਹਾਂ ਨੇ ਇਕ ਦੂਜੇ ਨੂੰ ਇਹ ਵੀ ਕਹਿ ਰੱਖ਼ਿਆ ਸੀ ਕਿ ਉਨ੍ਹਾਂ ਚੋਂ ਕੋਈ ਜਣਾ ਅਗ਼ਰ ਪੁਲੀਸ ਦੇ ਹੱਥ ਆ ਜਾਵੇ ਤਾਂ ਕਦਾਚਿਤ ਦੂਜਿਆਂ ਵਾਰੇ ਨਾ ਦੱਸੇ। ਪੁਲੀਸ ਦੇ ਛਾਪੇ ਦੌਰਾਨ ਬਾਕੀ ਦੇ ਭੱਜ ਜਾਣ। ਅਗ਼ਰ ਕਿਸੇ ਦਾ ਇਥੇ ਰਹਿਣ ਦਾ ਜੁਗਾੜ ਬਣਦਾ ਹੋਵੇ ਜਿਵੇਂ ਕਿਸੇ ਬ੍ਰਿਟਿਸ਼ ਪਾਸਪੋਰਟ ਵਾਲੀ ਜਨਾਨੀ ਨਾਲ਼ ਗੰਢ ਤੁੱਪ ਹੁੰਦੀ ਹੋਵੇ ਤਾਂ ਬਾਕੀ ਜਣੇ ਉਹਦੇ ਨਾਲ਼ ਜੈਲਿਸੀ ਕਰਨ ਦੀ ਥਾਂ ਉਹਨੂੰ ਸੱਪੋਰਟ ਕਰਨ ਤੇ ਉਹਦੇ ਭਵਿੱਖ਼ ਵਾਸਤੇ ਖ਼ੈਰਾਂ ਮੰਗਣ।

ਉਹ ਪੱਬ ਵਿਚ ਗਏ ਤਾਂ ਉਨ੍ਹਾਂ ਨੇ ਬੀਅਰ ਦੇ ਜੱਗਾਂ ਦੇ ਨਾਲ਼ ਵਿਸਕੀ ਦੇ ਡਬਲ ਪੈਗ ਵੀ ਇੱਕੋ ਹੀ ਵੇਲੇ ਭਰਵਾ ਲਏ ਕਿਉਂਕਿ ਇਸ ਪੱਬ ਦਾ ਇਹ ਹੈਪੀ ਆਵਰ ਸੀ ਜਾਨੀ ਕਿ ਛੇ ਤੋਂ ਸੱਤ ਦੇ ਸਮੇਂ 'ਚ ਸਸਤੀ ਬੀਅਰ ਦੀ ਆਫ਼ਰ ਸੀ। ਉਨ੍ਹਾ ਤਿੰਨਾਂ ਵਿਚੋਂ ਭਜਨਾ ਹੀ ਹਿਸਾਬ ਕਿਤਾਬ ਰੱਖ਼ਣ ਵਿਚ ਵਧੀਆ ਬੰਦਾ ਸੀ। ਹਫ਼ਤੇ ਭਰ ਦਾ ਖ਼ਰਚ ਉਹ ਉਸੇ ਨੂੰ ਫ਼ੜਾ ਦਿੰਦੇ ਤੇ ਉਹੋ ਹੀ ਰਾਸ਼ਨ ਪਾਣੀ ਲਿਆਉਂਦਾ ਤੇ ਉਹੋ ਹੀ ਕਮਰੇ ਦਾ ਕਿਰਾਇਆ ਦਿੰਦਾ। ਵੈਸੇ ਕਿਰਾਇਆ ਤਾਂ ਕੰਟਰੈਕਟਰ ਉਨ੍ਹਾ ਦੀ ਤਨਖ਼ਾਹ ਚੋ ਹੀ ਕੱਟ ਲੈਂਦਾ ਹੁੰਦਾ ਸੀ ਪਰ ਹੀਟੰਗ ਤੇ ਗੈਸ ਦੇ ਵੱਖ਼ਰੇ ਪੈਸੇ ਦੇਣੇ ਪੈਂਦੇ ਸਨ। ਸ਼ਹਿਰ ਵਿਚ ਜਿਸ ਘਰ ਵਿਚ ਉਹ ਰਹਿੰਦੇ ਸਨ ਉਹ ਇਸੇ ਠੇਕੇਦਾਰ ਦਾ ਹੀ ਘਰ ਸੀ। ਠੇਕੇਦਾਰ ਦਾ ਆਪਣਾ ਵਧੀਆ ਰਿਹਾਇਸ਼ੀ ਘਰ ਸੀ ਜਿਹੜਾ ਸ਼ਹਿਰ ਤੋਂ ਬਾਹਰ ਗ਼ੋਰਿਆ ਵਾਲ਼ੇ ਇਲਾਕੇ ਵਿਚ ਸੀ। ਉਸ ਦਾ ਇਹ ਸ਼ਹਿਰ ਵਾਲ਼ਾ ਘਰ ਇੱਲੀਗਲ ਬੰਦਿਆਂ ਨਾਲ਼ ਤੂੜਿਆ ਪਿਆ ਸੀ। ਇਥੋਂ ਤੀਕ ਕਿ ਗਾਰਡਨ ਵਿਚ ਛੱਤੇ ਗ਼ੈਰਕਾਨੂੰਨੀ ਕਮਰਿਆ ਵਿਚ ਵੀ ਪੋਲਿਸ਼ ਜਾਂ ਹੋਰ ਕਿਸਮ ਦੇ ਯੁਰਪੀਅਨ ਰਹਿੰਦੇ ਸਨ। ਜਦੋਂ ਉਹ ਤਿੰਨੋਂ ਇੰਡੀਆ ਵਿਚ ਸਨ ਤਾਂ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਵਲਾਇਤ ਵਿਚ ਵੀ ਇਸ ਕਿਸਮ ਨਾਲ਼ ਲੋਕੀਂ ਰਹਿੰਦੇ ਹੋਣਗੇ। ਲ਼ੰਡਨ ਵਿਚ ਕਾਰਡ ਬੋਰਡ ਬੌਕਸਾਂ ਵਿਚ ਸੌਣ ਵਾਲ਼ੇ ਬੇਘਰਿਆਂ ਨੂੰ ਦੇਖ਼ ਕੇ ਤਾਂ ਉਨ੍ਹਾਂ ਨੂੰ ਬਹੁਤ ਹੀ ਹੈਰਾਨੀ ਹੁੰਦੀ ਸੀ। ਪੁਲਾਂ ਹੇਠ ਸੌਣ ਵਾਲ਼ੇ ਇੱਲੀਗਲ ਬੰਦਿਆਂ ਦੀ ਗੱਲ ਤਾਂ ਸਮਝ ਆਉਂਦੀ ਹੈ ਪਰ ਐਸ ਦੇਸ ਵਿਚ ਜੰਮੇ ਪਲੇ ਲੋਕ ਬੇਘਰੇ ਕਿਓਂ ਹੋਣ? ਫ਼ੇਰ ਉਸ ਦੇਸ ਵਿਚ ਜਿੱਥੇ ਵੈਲਫ਼ੇਅਰ ਸਿਸਟਮ ਵੀ ਹੋਵੇ।

ਬੀਅਰ ਦੀਆਂ ਚੁਸਕੀਆਂ ਲੈਂਦਿਆਂ ਭਜਨੇ ਨੇ ਅੱਧ-ਭਰੇ ਗਲਾਸਾਂ ਵੱਲ ਇਸ਼ਾਰਾ ਕਰਕੇ ਤਾੜਨਾ ਕੀਤੀ, "ਸੁੱਟੋ ਸੁੱਟੋ ਅੰਦਰ ਬਈ ਫ਼ਟਾ ਫ਼ੱਟ ਜੁਆਨੋ। ਘਰ ਜਾ ਕੇ ਰੋਟੀ ਟੁੱਕ ਵੀ ਕਰਨਾ। ਕੱਲ ਦੀ ਗੋਭੀ ਦੀ ਸਬਜ਼ੀ ਵੀ ਕਾਫ਼ੀ ਨਹੀਂ ਹੈ। ਚਿਕਨ ਬਣਾ ਲਵਾਂਗੇ। ਟੈਸਕੋ ਤੋਂ ਲਿਆਦੀ ਸੀ। ਬਹੁਤੀ ਦੇਰ ਨੀ ਫ਼ਰਿੱਜ 'ਚ ਰੱਖ਼ੀ ਜਾਂਦੀ। ਸੈਲ ਬਾਈ ਡੇਟ ਦਾ ਖ਼ਿਆਲ ਰੱਖ਼ਣਾ ਚਾਹੀਦਾ। ਇਹ ਕੋਈ ਇੱਡੀਆ ਥੋੜ੍ਹਾ ਕਿ ਲੋਕਾਂ ਦੀ ਹੈਲਥ ਨਾਲ਼ ਖ਼ੇਡੀ ਜਾਵੋ। ਬਕਾਇਦਾ ਡੇਟਾਂ ਪੈਂਦੀਆਂ। ਖ਼ੈਰ ਆਟਾ ਗੇਲਿਆ ਤੂੰ ਗੁੰਨ੍ਹਣਾ। ਰੋਟੀਆਂ ਪਕਾਉਣ ਦੀ ਵਾਰੀ ਅੱਜ ਤੇਰੀ ਆ ਸੰਧੂ।"

"ਬਾਈ ਜੀ ਬਹੁਤੀ ਟੈਨਸ਼ਨ ਨਾ ਲਿਆ ਕਰੋ।" ਸੰਧੂ ਬੋਲਿਆ, "ਚਲੇ ਜਾਨੇਂ ਆਂ ਛੇਤੀ ਹੀ। ਐਵੇਂ ਵਰੀਆਂ ਨਾ ਲਾ। ਆਪਣੇ ਕਿਹੜਾ ਨਿਆਣੇ ਰੋਂਦੇ ਆ, ਨਾਲ਼ੇ ਕੱਲ ਨੂੰ ਹੈਗਾ ਵੀ ਸੰਢਾ। ਆਰਾਮ ਨਾਲ਼ ਉਠਾਂਗੇ...। ਸਾਲਿਓ ਆਹ ਗੋਰੀ ਨੂੰ ਤਾਂ ਦੇਖ਼ੋ। ਸੁਲਫ਼ੇ ਦੀ ਲਾਟ ਆ ਸਾਲ਼ੀ।" ਇਕ ਉਚੀ ਲੰਮੀ ਤੇ ਨਿਹਾਇਤ ਖ਼ੂਬਸੂਰਤ ਗੋਰੀ ਵੱਲ ਉਸ ਨੇ ਇਸ਼ਾਰਾ ਕੀਤਾ। ਉਹ ਉਨ੍ਹਾਂ ਦੇ ਨਾਲ ਦੇ ਟੇਬਲ ਉਤੇ ਬੈਠੀ ਆਪਣੇ ਕਾਲ਼ੇ ਬੁਆਏਫ਼ਰੈਂਡ ਨਾਲ਼ ਸ਼ਰਾਬ ਪੀ ਰਹੀ ਸੀ। ਉਸ ਦੀਆਂ ਭਰਵੀਆਂ ਛਾਤੀਆਂ ਨਿਹਾਇਤ ਆਕਰਸ਼ਤ ਸਨ। ਕਾਲ਼ੇ ਮਿੰਨੀ ਸਕਰਟ ਵਿਚ ਉਸ ਦੇ ਭਰਵੇਂ ਪੱਟ ਕਿਸੇ ਦਾ ਵੀ ਧਿਆਨ ਆਪਣੇ ਵੱਲ ਖ਼ਿੱਚ ਸਕਦੇ ਸਨ। ਉਸ ਦੇ ਕੱਕੇ ਵਾਲ਼ ਬੜੇ ਸਲੀਕੇ ਅਤੇ ਫ਼ੈਸ਼ਨਦਾਰ ਢੰਗ ਨਾਲ਼ ਡਰੈਸ ਕਰਵਾਏ ਹੋਏ ਸਨ। ਜਾਮਣੀ ਡਰੈਸ ਵਿਚ ਉਨ੍ਹਾਂ ਨੂੰ ਉਹ ਹੂਰ ਤੋਂ ਘੱਟ ਨਹੀਨ ਸੀ ਲੱਗ ਰਹੀ।

"ਸਾਲ਼ਿਆ ਖ਼ਿਆਲ ਨਾਲ਼ ਗੱਲ ਕਰ।" ਗੇਲੇ ਨੇ ਉਹਨੂੰ ਵਰਜਿਆ," ਨਾਲ਼ ਖ਼ੜੱਪਾ ਸੱਪ ਵੀ ਬੈਠਾ। ਡੰਗ ਮਾਰੂ। ਪਾਣੀ ਮੰਗਣ ਜੋਗੇ ਵੀ ਨਹੀਂ ਰਹਿਣਾ।"

"ਬਈ ਧਰਮ ਨਾਲ਼ ਗੋਰੀਆਂ ਸੁਹਣੀਆਂ ਬੜੀਆਂ। ਰੱਬ ਨੇ ਵੀ ਹੱਦ ਹੀ ਕੀਤੀ ਹੋਈ ਆ ਮਿਹਰਬਾਨੀ ਕਰਨ ਲੱਗਿਆਂ ਇਸ ਕੌਮ ਉੱਤੇ। ਜਿੱਦਾਂ ਇਨ੍ਹਾਂ ਕੋਲ਼ ਪੈਸੇ ਬਹੁਤ ਆ ਤਿਵੇਂ ਹੀ ਇਨ੍ਹਾਂ ਕੋਲ਼ ਹੁਸਨ ਬਹੁਤ ਆ।" ਸੰਧੂ ਉਪਰਾਮ ਹੋ ਰਿਹਾ ਸੀ। ਉਸ ਨੇ ਬੀਅਰ ਦਾ ਲੰਮਾ ਘੁੱਟ ਭਰਕੇ ਵਿਸਕੀ ਦਾ ਵੀ ਤਕੜਾ ਪੈਗ ਅੰਦਰ ਸੁੱਟਦਿਆ ਆਪਣੀ ਵਾਰਤਾਲਾਪ ਜਾਰੀ ਰੱਖੀ, "ਐਹੋ ਜਿਹੀ ਤੀਮੀ ਨਾਲ਼ੋਂ ਇਹੋ ਜਿਹਾ ਖ਼ੜੱਪਾ ਸੱਪ ਚੰਬੜਿਆ ਕਿਤੇ ਲੱਥਦਾ?" ਸੰਧੂ ਨੇ ਭਰਵੀਂ ਨਜ਼ਰ ਨਾਲ਼ ਉਸ ਤੀਮੀ ਵੱਲ ਫ਼ੇਰ ਤੱਕਿਆ। ਇੰਝ ਤੱਕਦੇ ਨੂੰ ਉਸ ਗੋਰੀ ਅਤੇ ਉਹਦੇ ਪਰੇਮੀ ਨੇ ਤੱਕ ਲਿਆ। ਕਾਲ਼ਾ ਬੰਦਾ ਗਰਜਿਆ, "ਵੱਟ ਇਜ਼ ਯੁਅਰ ਟਰੱਬਲ ਮੈਨ? ਵਾੲਹੀ ਆਰ ਯੂ ਸਟੇਅਰਿੰਗ ਐਟ ਮਾਈ ਵੋਮੈਨ? ਆਈ ਵਿੱਲ ਬਰੇਕ ਯੁਅਰ ਫ਼ੱਕਿੰਗ ਨੈੱਕ।"

ਉਹ ਤਿੰਨੋਂ ਡਰ ਗਏ। ਭਜਨੇ ਨੇ ਮੌਕਾ ਸੰਭਾਲਦਿਆਂ ਉਸ ਬੰਦੇ ਨੂੰ ਠੰਡਾ ਕਰਨ ਦੀ ਕੌਸ਼ਸ਼ ਕੀਤੀ," ਸੌਰੀ ਮੇਟ ਸੌਰੀ। ਦੇਅ ਆਰ ਸਿੱਲੀ ਬੁਆਏਜ਼। ਫ਼ੌਰਗਿਵ ਫ਼ੌਰਗਿਵ। ਮਾਈ ਫ਼ਰੈਂਡਜ਼ ਆਰ ਸਟੂਪਿਡ।" ਕਾਲ਼ੇ ਬੰਦੇ ਨੇ ਅਜੇ ਜਵਾਬ ਨਹੀਂ ਸੀ ਦਿੱਤਾ ਕਿ ਉਨ੍ਹਾ ਦੇ ਕੁਝ ਹੋਰ ਕਾਲ਼ੇ ਗੋਰੇ ਦੋਸਤ ਮੁੰਡੇ ਕੁੜੀਆਂ ਹੈਪੀ ਬਰਥਦੇਅ ਹੈਪੀ ਬਰਥਡੇਅ ਕਹਿੰਦੇ ਹੋਏ ਅੰਦਰ ਆ ਗਏ। ਗੋਰੀ ਮੁਟਿਆਰ ਦਾ ਬਰਥਡੇਅ ਲਗਦਾ ਸੀ।

ਮੌਕਾ ਤਾੜ ਕੇ ਭਜਨੇ, ਗੇਲੇ ਅਤੇ ਸੰਧੂ ਨੇ ਇੱਕੋ ਡੀਕੇ ਆਪਣੀਆਂ ਡਰਿੰਕਾਂ ਮੁਕਾ ਦਿੱਤੀਆਂ ਤੇ ਉਥੋਂ ਇਕ ਦਮ ਹੀ ਖ਼ਿਸਕ ਗਏ।

ਪੱਬ ਚੋਂ ਨਿਕਲਦਿਆ ਹੀ ਭਜਨੇ ਨੇ ਗੇਲੇ ਅਤੇ ਸੰਧੂ ਨੂੰ ਗਾਲ਼੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ,"ਸਾਲਿਓ ਕੁੱਤਿਓ ਕਿਉਂ ਨਹੀਂ ਹਟਦੇ ਤੁਸੀਂ ਪੰਗੇ ਲੈਣੋ? ਬਹੁਤੀ ਅੱਗ ਲੱਗੀ ਹੋਈ ਆ ਤਾਂ ਜਾਓ ਪਿੱਕਾਡਿਲੀ ਅਤੇ ਖ਼ੇਹ ਖ਼ਾ ਆਓ। ਵੀਹ ਪੱਚੀ ਪੌਂਡ 'ਚ ਟੈਨਸ਼ਨ ਨਿਕਲ਼ ਜਾਂਦੀ ਆ। ਕੰਜਰੋ ਲੜਾਈ ਹੋ ਜਾਂਦੀ ਤਾਂ ਪੁਲੀਸ ਆ ਜਾਂਦੀ। ਪਲੀਸ ਆਉਂਦੀ ਤਾਂ ਅਰੈਸਟ ਹੋ ਜਾਂਦੇ। ਅਰੈਸਟ ਹੋ ਜਾਂਦੇ ਤਾਂ ਡੀਪੋਰਟ ਹੋ ਜਾਂਦੇ। ਫ਼ੇਰ ਰੋਂਦੇ ਕਰਮਾਂ ਨੂੰ। ਭੈਣ ਦੇ ਯਾਰ ਗੱਧੇ ਨਾ ਹੋਣ ਤਾਂ.....।"

ਉਸ ਦੀਆਂ ਗਾਲ੍ਹਾਂ ਸੁਣਕੇ ਗੇਲਾ ਅਤੇ ਸੰਧੂ ਤੇਜੀ ਨਾਲ਼ ਸੜਕ ਪਾਰ ਕਰਕੇ ਬੱਸ ਸਟੈਂਡ ਵੱਲ ਵਧਣ ਲੱਗੇ। ਪਰ ਜਦੋਂ ਭਜਨਾ ਸੜਕ ਪਾਰ ਕਰਨ ਲੱਗਾ ਤਾਂ ਅਚਾਨਕ ਇਕ ਤੇਜ਼ ਸਪੀਡ ਵਾਲ਼ੀ ਕਾਰ ਉਸ ਵਿਚ ਆਣ ਵੱਜੀ। ਜਦੋਂ ਗੇਲੇ ਅਤੇ ਸੰਧੂ ਨੇ ਪਰਤ ਕੇ ਵੇਖ਼ਿਆ ਤਾਂ ਭਜਨਾ ਪੇਵਮੈਂਟ ਉਤੇ ਬੈਠਾ ਆਪਣੇ ਸਿਰ ਨੂੰ ਟੋਹ ਤੇ ਪਲੋਸ ਰਿਹਾ ਸੀ। ਗੇਲੇ ਅਤੇ ਸੰਧੂ ਨੇ ਉਹਨੂੰ ਉਠਾਇਆ ਅਤੇ ਉਹਦੇ ਸਿਰ ਨੂੰ ਟੋਹ ਕੇ ਵੇਖ਼ਣ ਲੱਗੇ। ਉਸ ਦੇ ਤਲ਼ੂਏ ਉਤੇ ਇਕ ਦਮ ਹੀ ਇਕ ਘਮੋੜਾ ਜਿਹਾ ਉੱਭਰ ਆਇਆ ਸੀ। ਉਨ੍ਹਾਂ ਨੂੰ ਹੋਰ ਕਿਧਰੇ ਕੋਈ ਜ਼ਖ਼ਮ ਨਾ ਦਿਸਿਆ। ਘਬਰਾਇਆ ਹੋਇਆ ਭਜਨਾ ਘੜੀ ਮੁੜੀ ਇਹੋ ਕਹੀ ਜਾ ਰਿਹਾ ਸੀ,"ਅੱਜ ਤਾਂ ਵਾਹਿਗੁਰੂ ਨੇ ਬਚਾ ਲਏ। ਸੱਚੇ ਪਾਤਸ਼ਾਹ ਕਲਗ਼ੀਆਂ ਵਾਲ਼ੇ ਨੇ ਮਿਹਰ ਕੀਤੀ ਆ। ਕਾਰ ਵਾਲ਼ਾ ਭੈਣ ਦੇਣਾ ਪਤਾ ਨਹੀਂ ਕਿਧਰੋਂ ਇਕ ਦਮ ਆ ਗਿਆ? ਸੁਹਰੀ ਦਾ ਐਕਸੀਡੈਂਟ ਕਰਕੇ ਖ਼ੜ੍ਹਾ ਵੀ ਨਹੀਂ ਹੋਇਆ। ਮਰ ਗਏ ਸੀ ਅੱਜ ਸਾਲ਼ਿਓ।"

ਉਦੋਂ ਤੀਕ ਬੱਸ ਆ ਗਈ ਤੇ ਉਹ ਤਿੰਨੋਂ ਜਣੇ ਉਸ ਵਿਚ ਜਾ ਚੜ੍ਹੇ। ਭਜਨੇ ਨੂੰ ਉਨ੍ਹਾਂ ਦੋਹਾਂ ਨੇ ਸਹਾਰਾ ਦੇ ਕੇ ਬਿਠਾਇਆ। ਉਦੋਂ ਤੀਕ ਉਹ ਸਿਰ ਦੇ ਦਰਦ ਕਾਰਨ ਹਾਏ ਹਾਏ ਕਰਨ ਲੱਗ ਪਿਆ ਸੀ। ਉਸ ਦੇ ਸਿਰ ਵਿਚਲੇ ਉਭਰੇ ਹੋਏ ਘਮੋੜੇ ਵਿਚ ਦਰਦ ਹੋਣ ਲੱਗ ਪਿਆ ਸੀ। ਉਹ ਤੇਜ਼ ਤੇਜ਼ ਸਾਹ ਲੈ ਰਿਹਾ ਸੀ।ਘਰ ਪਹੁੰਚਿਦਿਆ ਹੀ ਭਜਨਾ ਸੋਫ਼ੇ ਉਤੇ ਲੇਟ ਗਿਆ। ਗੇਲੇ ਨੇ ਫ਼ਟਾ ਫ਼ਟ ਦੁਧ ਗਰਮ ਕਰਕੇ ਉਹਨੂੰ ਦਿੱਤਾ ਤੇ ਸੰਧੂ ਨੇ ਪੈਰਾਸੁਟੇਮੌਲ  ਦੀਆਂ ਦੋ ਗੋਲੀਆਂ ਲਿਆ ਧਰੀਆਂ ਉਹਦੇ ਹੱਥ ਉੱਤੇ।

ਭਜਨਾ ਬਹੁਤਾ ਬੋਲ ਨਹੀਂ ਸੀ ਰਿਹਾ। ਉਹਦੇ ਦੋਵੇਂ ਸਾਥੀ ਉਸ ਨੂੰ ਹੌਸਲਾ ਦੇ ਰਹੇ ਸਨ। "ਬਾਈ ਸਿਆਂ ਘਬਰਾ ਨਾ। ਬਾਬਾ ਗੁਰੂ ਨਾਨਕ ਠੀਕ ਕਰੂਗਾ। ਉਹੀ ਹੁਣ ਤੀਕ ਰਕਸ਼ਾ ਕਰਦਾ ਆਇਆ। ਮਾਰ ਲਏ ਇਸ ਸਾਲ਼ੀ ਵਲਾਇਤ ਨੇ। ਸਾਡੇ ਵਰਗੇ ਕਿੰਨੇ ਜਣੇ ਖਾ ਲਏ ਹੋਣੇ ਨੇ ਇਸ ਡੈਣ ਨੇ।"

"ਮੈਨੂੰ ਬਈ ਹਸਪਤਾਲ਼ ਲੈ ਚੱਲੋ,"ਭਜਨਾ ਦਰਦ ਨਾਲ਼ ਕਰਾਹੁਣ ਲੱਗ ਪਿਆ ਸੀ,"ਸਿਰ ਦੀ ਸੱਟ ਮਾੜੀ ਹੁੰਦੀ ਆ। ਛੇਤੀ ਕਰੋ। ਐਂਬੂਲੈਂਸ ਨਾ ਮੰਗਵਾਇਓ। ਘਰ ਦਾ ਐਡਰੈਸ ਪਤਾ ਲੱਗ ਜਾਊ ਉਨ੍ਹਾ ਨੂੰ ਤੇ ਫ਼ੇਰ ਪੁਲੀਸ ਤੇ ਫ਼ੇਰ ਬਾਰਡਰ ਏਜੰਸੀ ਵਾਲਿਆਂ ਨੂੰ ਵੀ। ਠੇਕੇਦਾਰ ਪ੍ਰੀਤਮਪਾਲ ਸਿੰਘ ਨੂੰ ਬੁਲਾ ਲਓ। ਵੈਨ ਲੈਕੇ ਆ ਜੂਗਾ।" ਫ਼ਿਰ ਉਹ ਜੇਬਾਂ ਟੋਹਣ ਲੱਗਿਆ,"ਲਗਦੈ ਮੇਰਾ ਫ਼ੋਨ ਵੀ ਉਥੇ ਕਿਤੇ ਸੜਕ ਉਤੇ ਹੀ ਡਿਗ ਪਿਆ। ਹੁਣ ਤੱਕ ਤਾਂ ਕਾਰਾਂ ਨੇ ਹੀ ਕਰੱਸ਼ ਕਰ ਦਿੱਤਾ ਹੋਣਾ। ਹਾਏ ਉਇ ਮੇਰੀ ਮਾਂ। ਮਰ ਚੱਲਿਆ ਸੀ ਤੇਰਾ ਪਰਦੇਸੀ ਪੁੱਤ ਅੱਜ।...ਬਈ ਛੇਤੀ ਕਰੋ।"

ਸੰਧੂ ਨੇ ਠੇਕੇਦਾਰ ਦੇ ਘਰ ਫ਼ੋਨ ਕੀਤਾ। ਉਧਰੋਂ ਉਸ ਦੀ ਘਰ ਵਾਲ਼ੀ ਨੇ ਕਿਹਾ ਕਿ ਉਹ ਤਾਂ ਆਰਾਮ ਕਰ ਰਹੇ ਆ। ਸਾਰਾ ਦਿਨ ਬੁਖ਼ਾਰ ਰਿਹਾ। ਹਸਪਤਾਲ਼ ਲੈ ਜਾਓ ਆਪਣੇ ਫ਼ਰੈਂਡ ਨੂੰ ਟੈਕਸੀ ਜਾਂ ਐਂਬੂਲੈਂਸ ਰਾਹੀਂ । ਉਥੇ ਲੀਗਲ ਇੱਲੀਗਲ ਵਾਰੇ ਕੋਈ ਨਹੀਂ ਪੁੱਛਦਾ। ਹਿਉਮਨ ਰਾਈਟਸ ਦੇ ਐਕਟ ਕਰਕੇ ਇਹ ਹਰ ਇਕ ਦਾ ਐਮਰਜੈਂਸੀ ਦੀ ਹਾਲਤ ਵਿਚ ਇਲਾਜ ਕਰਦੇ ਨੇ। ਇਨਕਾਰ ਨਹੀਂ ਕਰ ਸਕਦੇ। ਡੋਂਟ ਵਰੀ। ਜੇ ਸਰਨਾਵਾਂ ਪੁੱਛਿਆ ਤਾਂ ਸਾਡਾ ਤੇ ਆਪਣਾ ਕੁਰੈਕਟ ਐਡਰੈਸ ਨਾ ਦੱਸਿਓ।

ਸੰਧੂ ਨੇ ਇਕ ਦਮ ਮੀਰਪੁਰੀਏ ਟੈਕਸੀ ਡਰਾਈਵਰਾਂ ਦੇ ਦਫ਼ਤਰ ਫ਼ੋਨ ਕੀਤਾ ਤਾਂ ਉਹ ਪੰਦਰਾਂ ਪੌਂਡ ਮੰਗਣ। ਪਰ ਭਜਨੇ ਦਾ ਹਾਲ ਦੇਖ਼ਕੇ ਭਲਾ ਪੈਸਿਆਂ ਵਾਰੇ ਕੌਣ ਸੋਚੇ?
ਹਸਪਤਾਲ ਪਹੁੰਚਣ ਤੀਕ ਭਜਨਾ ਹੌਲ਼ੀ ਹੌਲ਼ੀ ਹੋਸ਼ ਖੋ ਰਿਹਾ ਸੀ। ਉਸ ਨੇ ਆਪਣੇ ਦੋਹਾਂ ਸਾਥੀਆਂ ਨੂੰ ਮੁਸ਼ਕਲ ਨਾਲ਼ ਕਿਹਾ,"ਹਸਪਤਾਲ ਮੈਨੂੰ ਛੱਡ ਕੇ ਪੱਤਰਾ ਵਾਚ ਜਾਇਓ। ਐਕਸੀਡੈਂਟ ਦਾ ਕੇਸ ਹੋਣ ਕਾਰਨ ਕਿਧਰੇ ਪੁਲੀਸ ਨਾ ਬੁਲਾ ਲੈਣ ਕੰਜਰ ਦੇ। ਮੇਰੀ ਤਾਂ ਹੁਣ ਖ਼ੈਰ ਹੀ ਮੰਗੋ। ਜੋ ਹੋਵੇਗਾ ਦੇਖ਼ਿਆ ਜਾਵੇਗਾ। ਯੂ ਲੁਕ ਆਫ਼ਟਰ ਯੁਅਰਸੈਲਫ਼ ਭਰਾਵੋ। ਮੇਰੀ ਜੇ ਸਾ ਸਰੀ ਕਾਲ ਹੋ ਗਈ ਤਾਂ ..." ਉਸ ਤੋਂ ਹੋਰ ਨਾ ਬੋਲਿਆ ਗਿਆ।

ਉਹ ਜਿਓਂ ਹੀ ਹਸਪਤਾਲ ਪੁੱਜੇ ਤਾਂ ਬੰਦੇ ਦੀ ਖ਼ਸਤਾ ਹਾਲਤ ਦੇਖ਼ ਕੇ ਨਰਸਾਂ ਨੇ ਭਜਨੇ ਦੇ ਸਾਥੀਆਂ ਨੂੰ ਪੁੱਛਿਆ," ਹਾਓ ਡਿੱਡ ਇਟ ਹੈਪਨ?"
"ਏ ਕਾਰ ਹਿੱਟ ਹਿੰਮ।" ਗੇਲੇ ਦੇ ਮੁਹੋਂ ਇਕ ਦਮ ਨਿਕਲਿਆ।

"ਵੇਟ ਹੀਅਰ। ਵੀ ਗੌਟ ਟੂ ਕਾਲ ਦਾ ਪਲੀਸ। ਯੂ ਗੌਟ ਟੂ ਗਿਵ ਏ ਸਟੇਟਮੈਂਟ।" ਇਕ ਰੋਅਬਦਾਰ ਗੋਰੀ ਨਰਸ ਨੇ ਹੁਕਮ ਕਰਨ ਵਾਂਗ ਕਿਹਾ।
ਤਿੰਨ ਨਰਸਾਂ ਅਤੇ ਦੋ ਪੇਰਾਮੈਡਿਕ ਦੇ ਬੰਦਿਆਂ ਨੇ ਭਜਨੇ ਨੂੰ ਸਟਰੈਚਰ ਉਤੇ ਪਾਇਆ ਤੇ ਕਾਹਲ਼ੀ ਨਾਲ਼ ਅੰਦਰ ਲੈ ਗਏ।

ਮੌਕਾ ਤਾੜਦਿਆ ਹੀ ਗੇਲਾ ਤੇ ਸੰਧੂ ਉਥੋਂ ਖ਼ਿਸਕ ਗਏ। ਘਰ ਆਕੇ ਉਨ੍ਹਾਂ ਨੇ ਨਿਕਸੁਕ ਸਾਂਭਿਆਂ। ਆਪਣੇ ਤੇ ਭਜਨੇ ਦੇ ਲੁਕਾਏ ਹੋਏ ਪੈਸੇ ਚੁੱਕੇ ਤੇ ਟੈਕਸੀ ਰੈਂਕ ਵੱਲ ਦੌੜ ਪਏ। ਉਨ੍ਹਾਂ ਨੂੰ ਭਜਨੇ ਦਾ ਉਪਦੇਸ਼ ਚੇਤੇ ਆ ਰਿਹਾ ਸੀ ਕਿ ਅਗਰ ਪੁਲੀਸ ਦਾ ਚੱਕਰ ਪੈ ਜਾਵੇ ਤਾਂ ਪਹਿਲਾਂ ਆਪਣੇ ਆਪ ਦੀ ਸੇਫ਼ਟੀ ਅਤੇ ਸਿਕਿਉਰਿਉਟੀ ਵੱਲ ਧਿਆਨ ਦਿਓ। ਭਜਨੇ ਦੇ ਪੈਸੇ ਉਨ੍ਹਾਂ ਨੇ ਤਦ ਚੁੱਕ ਲਏ ਸਨ ਕਿ ਬਾਅਦ ਵਿਚ ਇਹ ਕਿਸੇ ਹੋਰ ਦੇ ਹੱਥ ਲੱਗ ਸਕਦੇ ਸਨ।'ਜਦੋਂ ਭਜਨਾ ਰਾਜ਼ੀ ਹੋ ਕੇ ਮਿਲ਼ੇਗਾ ਤਾਂ ਉਹਦੀ ਅਮਾਨਤ ਉਹਦੇ ਹੱਥ ਫ਼ੜਾ ਦਿੱਤੀ ਜਾਵੇਗੀ'।ਉਨ੍ਹਾਂ ਦੋਹਾਂ ਨੇ ਸੋਚਿਆ ਸੀ।

ਗੇਲੇ ਅਤੇ ਸੰਧੂ ਦਾ ਇਰਾਦਾ ਹੁਣ ਸਾਊਥਾਲੋਂ ਬਰਮਿੰਘਮ ਜਾਣ ਦਾ ਸੀ। ਉਥੇ ਸੰਧੂ ਦੇ ਪੇਂਡੂ ਰਹਿੰਦੇ ਸਨ ਜਿਹੜੇ ਅਕਸਰ ਹੀ ਕਿਹਾ ਕਰਦੇ ਸਨ ਕਿ ਉਹ ਉਨ੍ਹਾ ਕੋਲ਼ ਆ ਜਾਣ। ਉਹ ਇਹ ਵੀ ਕਹਿੰਦੇ ਸਨ ਕਿ ਉਨ੍ਹਾਂ ਦੇ ਇਕ ਭਾਈਬੰਦ ਨੇ ਨਵੀਂ ਨਵੀਂ ਹੀ ਠੇਕੇਦਾਰੀ ਸ਼ੁਰੂ ਕੀਤੀ ਏ। ਇਸ ਕਰਕੇ ਕੰਮ ਕਾਰ ਦੀ ਵੀ ਥੋੜ ਨਹੀਂ ਹੋਵੇਗੀ।

ਟਰੇਨ ਉੱਤੇ ਉਨ੍ਹਾਂ ਨੂੰ ਭਜਨੇ ਦਾ ਕਈ ਵੇਰ ਖ਼ਿਆਲ ਆਇਆ ਪਰ ਉਹ ਇਹ ਕਹਿਕੇ ਆਪਣੇ ਆਪ ਨੂੰ ਤਸੱਲੀ ਦੇਈ ਜਾ ਰਹੇ ਸਨ ਕਿ ਹਸਪਤਾਲ਼ ਵਿਚ ਉਹ ਸੇਫ਼ ਹੈਂਡਜ਼ ਵਿਚ ਸੀ। ਪਰ ਫ਼ੇਰ ਵੀ ਉਨ੍ਹਾਂ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗ ਰਹੀ ਕਿ ਉਹ ਆਪਣੇ ਵਰ੍ਹਿਆਂ ਦੇ ਸਾਥੀ ਨੂੰ ਇਸ ਹਾਲਤ ਵਿਚ ਛੱਡ ਆਏ ਸਨ। ਪਰ ਮਜਬੂਰੀ ਹੈ। ਕੀ ਕੀਤਾ ਜਾਵੇ। ਉਨ੍ਹਾਂ ਨੇ ਠੇਕੇਦਾਰ ਦੀ ਬੀਵੀ ਨੂੰ ਮੈਸੇਜ ਦੇ ਦਿੱਤਾ ਕਿ ਉਹ ਬਰਮਿੰਘਮ ਜਾ ਰਹੇ ਸਨ ਤੇ ਉਸ ਦਾ ਪਤੀ ਉਨ੍ਹਾਂ ਨੂੰ ਉਨ੍ਹਾਂ ਦੇ ਮੋਬਾਇਲਾਂ ਉੱਤੇ ਟੈਲੀਫ਼ੋਨ ਕਰੇ।

ਦੂਜੇ ਦਿਨ ਸਵੇਰੇ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਮੋਬਾਇਲਾਂ ਉਤੇ ਠੇਕੇਦਾਰ ਦਾ ਫ਼ੋਨ ਆਇਆ। ਗੇਲੇ ਅਤੇ ਸੰਧੂ ਨੇ ਠੇਕੇਦਾਰ ਨੂੰ ਸਾਰੀ ਕਹਾਣੀ ਸੁਣਾ ਦਿੱਤੀ। ਪਰੰਤੂ ਉਹ ਗੁੱਸੇ ਨਾਲ਼ ਤਿਲਮਿਲ਼ਾ ਰਿਹਾ ਸੀ।,"ਕੰਜਰੋ ਕੰਮ ਕੀਹਨੇ ਖ਼ਤਮ ਕਰਨਾ ਇੱਥੇ? ਮੇਰਾ ਤਾਂ ਐਗਰੀਮੈਂਟ ਹੈ ਮਾਲਕਾਂ ਨਾਲ਼ ਟਾਈਮ ਸਿਰ ਜੌਬ ਖ਼ਤਮ ਕਰਨ ਦਾ?" ਪਰ ਟੈਕਟਫ਼ੁੱਲ ਬੰਦਾ ਹੋਣ ਕਾਰਨ ਉਹ ਫ਼ਿਰ ਥੋੜ੍ਹਾ ਨਰਮ ਹੋ ਕੇ ਬੋਲਿਆ," ਚਲੋ ਕੋਈ ਗੱਲ ਨਹੀਂ। ਏਸ ਭਾਣੇ ਵਾਰੇ ਕਿਹੜਾ ਤੁਹਾਨੂੰ ਪਤਾ ਸੀ। ਭਜਨੇ ਨੂੰ ਠੀਕ ਹੋ ਲੈਣ ਦਿਓ। ਫ਼ੇਰ ਆ ਜਾਇਓ ਵਾਪਸ। ਮੈਂ ਦੇਖ਼ ਕੇ ਆਊਂਗਾ ਉਹਨੂੰ ਹਸਪਤਾਲ 'ਚ" ਠੇਕੇਦਾਰ ਨੂੰ ਵੀ ਇੱਲੀਗਲ ਬੰਦੇ ਐਂਪਲਾਏ ਕਰਨ ਦੇ ਦੋਸ਼ ਵਿਚ ਫ਼ਸਣ ਦਾ ਡਰ ਸੀ। ਇਸ ਲਈ ਉਹ ਮੌਕੇ ਨੂੰ ਸੰਭਾਲਣਾ ਚਾਹੁੰਦਾ ਸੀ।"ਸਸਤੇ ਬੰਦੇ ਵੀ ਕਈ ਵੇਰ ਮਹਿੰਗੇ ਪੈ ਸਕਦੇ ਹਨ।" ਉਸ ਨੇ ਮਨ ਹੀ ਮਨ ਵਿਚ ਕਿਹਾ।

ਚਾਰ ਕੁ ਘੰਟਿਆਂ ਪਿੱਛੋਂ ਠੇਕੇਦਾਰ ਦਾ ਫ਼ੇਰ ਫ਼ੋਨ ਆਇਆ ਤਾਂ ਉਸ ਨੇ ਜਿਵੇਂ ਬੰਬ ਹੀ ਸੁੱਟ ਦਿੱਤਾ,"ਭਜਨਾ ਪੂਰਾ ਹੋ ਗਿਆਹੈ। ਬਹੁਤ ਮੁਸੀਬਤ ਖੜੀ ਹੋ ਗਈ ਹੈ। ਯੂ ਸਟੇਅ ਵੇਅਰ ਯੂ ਆਰ। ਹੁਣ ਤਾਂ ਭਾਣਾ ਵਰਤ ਗਿਆ ਹੈ। ਹੱਥੋਂ ਡੋਰ ਨਿਕਲ ਚੁੱਕੀ ਹੈ। ਚੰਦਰਾ ਟਾਈਮ ਆ ਗਿਆ ਲਗਦਾ ਹੈ। ਮੈਂ ਹਸਪਤਾਲ਼ ਗਿਆ ਸਾਂ ਖ਼ਬਰ ਲੈਣ। ਪਰ ਉਨ੍ਹਾਂ ਨੇ ਉੱਥੇ ਪੁਲੀਸ ਹੀ ਬੁਲਾ ਲਈ। ਬਿਆਨ ਲੈਣਾ ਚਾਹੁੰਦੇ ਸਨ ਕਿ ਐਕਸੀਡੈਂਟ ਕਿੱਦਾਂ ਹੋਇਆ? ਮੈਂ ਕਿਹਾ ਮੈਨੂੰ ਕੀ ਪਤਾ ਕਿ ਕੀ ਹੋਇਆ ਮੈਂ ਤਾਂ ਘਰ ਸੀ ਆਪਣੇ। ਬੁਖ਼ਾਰ ਸੀ ਮੈਨੂੰ। ਫ਼ੇਰ ਪਲੀਸ ਦੇ ਬੰਦੇ ਤੁਹਾਡੇ ਕਮਰੇ ਦੀ ਤਲਾਸ਼ੀ ਲੈਣ ਆ ਗਏ। ਮੇਰੇ ਲਈ ਪਰਾਬਲਮ ਖੜੀ ਹੋ ਗਈ ਹੈ। ਲੌਟ ਔਫ਼ ਪਰਾਬਲਮ। ਪੁਛਦੇ ਸੀ ਕਿ ਜਿਹੜੇ ਬੰਦੇ ਭਜਨੇ ਨੂੰ ਲੈ ਕੇ ਆਏ ਸਨ ਉਹ ਕਿੱਥੇ ਹਨ। ਮੈਂ ਸਾਫ਼ ਇਨਕਾਰ ਕਰ ਦਿਤਾ ਕਿ ਮੈਨੂੰ ਕੀ ਪਤਾ। ਮੈਂ ਤਾਂ ਇੱਥੇ ਰਹਿੰਦਾ ਹੀ ਨਹੀਂ ਹਾਂ। ਇਹ ਤਾਂ ਮੇਰਾ ਰੈਂਟਲ ਹਾਊਸ ਹੈ। ਪਰ ਉਹ ਕਿੱਥੇ ਮੰਨਦੇ ਆ। ਕਹਿੰਦੇ ਫ਼ੇਰ ਆਵਾਂਗੇ। ਫ਼ਿਊਨਰਲ ਦਾ ਪਤਾ ਨਹੀਂ ਕਿੱਦਾਂ ਹੋਊ। ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਲੁੱਕ ਆਫ਼ਟਰ ਕਰੂਗੇ। ਆਈ ਵਿਲ ਟੌਕ ਟੂ ਯੂ ਲੇਟਰ। ਪੁਲੀਸ ਦੀ ਗੱਡੀ ਆਈ ਹੈ ਤੇ ਉਸ ਨੇ ਅਚਾਨਕ ਫ਼ੋਨ ਰੱਖ ਦਿੱਤਾ।

ਫ਼ੋਨ ਦੇ ਬੰਦ ਹੁੱਦਿਆ ਹੀ ਗੇਲਾ ਤੇ ਸੰਧੂ ਧਾਹੀਂ ਰੋ ਪਏ। ਉਹ ਭਜਨੇ ਨੂੰ ਪਿਆਰ ਕਰਦੇ ਸਨ। ਉਹ ਵੱਡਿਆਂ ਭਰਾਵਾਂ ਵਰਗਾ ਸੀ-ਨੇਕ ਦਿਲ ਤੇ ਵਧੀਆ ਇਨਸਾਨ। ਉਹ ਉਹਦੇ ਪਰਵਾਰ ਲਈ ਸੌਰੀ ਫ਼ੀਲ ਕਰਦੇ ਸਨ। ਪਰ ਉਹ ਕੀ ਕਰਨ, ਉਹ ਬੇਬਸ ਸਨ।

ਠੇਕੇਦਾਰ ਪ੍ਰੀਤਮਪਾਲ ਸਿੰਘ ਚੁਸਤ ਬੰਦਾ ਸੀ। ਇਹੋ ਜਿਹੀ ਟ੍ਰਿੱਕੀ ਸਿਚੁਏਸ਼ਨ ਵਿਚੋਂ ਕਿਵੇਂ ਨਿਕਲਣਾ ਹੈ, ਉਹ ਸਭ ਜਾਣਦਾ ਸੀ। ਉਹ ਆਪਣੇ ਵੱਕਾਰ ਨੂੰ ਵੀ ਕਾਇਮ ਰੱਖਣਾ ਜਾਣਦਾ ਸੀ। ਉਹ ਕਮਿਉਨਿਟੀ ਵਿਚ ਸਤਿਕਾਰਤ ਸੀ ਤੇ ਸਤਿਕਾਰਤ ਹੀ ਰਹਿਣਾ ਚਾਹੁੰਦਾ ਸੀ। ਉਸ ਨੇ ਇਕ ਦਮ ਭਜਨੇ ਦੇ ਪਰਵਾਰ ਨੂੰ ਇੰਡੀਆ ਫ਼ੋਨ ਖ਼ੜਕਾਇਆ। ਰੋਣ ਧੋਣ ਤਾਂ ਹੋਣਾ ਹੀ ਸੀ ਪਰ ਉਧਰੋਂ ਉਸ ਦੇ ਪਰਵਾਰ ਨੇ ਇਹ ਮੰਗ ਰੱਖ ਦਿੱਤੀ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਲਾਸ਼ ਨੂੰ ਇੰਡੀਆ ਭੇਜਣ ਤਾਂ ਜੁ ਉਹ ਆਪਣੇ ਹੱਥੀਂ ਉਸ ਦਾ ਕ੍ਰਿਆ ਕਰਮ ਕਰ ਸਕਣ।

ਠੇਕੇਦਾਰ ਸੋਚੀਂ ਪੈ ਗਿਆ ਕਿਉਂਕਿ ਲਾਸ਼ ਇੰਡੀਆ ਭੇਜਣੀ ਕੋਈ ਏਨੀ ਸੌਖ਼ੀ ਗੱਲ ਨਹੀਂ ਸੀ। ਇਸ ਉੱਤੇ ਹਜ਼ਾਰਾਂ ਹੀ ਪੌਂਡ ਲੱਗ ਸਕਦੇ ਸਨ। ਉਸ ਨੇ ਸਭ ਤੋਂ ਪਹਿਲਾਂ ਗੇਲੇ ਅਤੇ ਸੰਧੂ ਨੂੰ ਫ਼ੋਨ ਖ਼ੜਕਾਇਆ। ਉਹ ਪਹਿਲਾਂ ਹੀ ਇਸ ਵਾਰੇ ਸੋਚ ਚੁੱਕੇ ਸਨ ਤੇ ਭਜਨੇ ਦੇ ਪਰਵਾਰ ਨਾਲ਼ ਵੀ ਗੱਲ ਕਰ ਚੁੱਕੇ ਸਨ। ਉਹ ਠੇਕੇਦਾਰ ਦੇ ਵੀ ਬੜੇ ਆਭਾਰੀ ਸਨ ਜਿਸ ਨੇ ਸਾਰੀ ਜ਼ਿੰਮੇਵਾਰੀ ਚੁੱਕੀ ਸੀ। ਗੇਲੇ ਨੇ ਦਸ ਦਿੱਤਾ ਕਿ ਭਜਨੇ ਦੇ ਦੋ ਹਜ਼ਾਰ ਪੌਂਡ ਉਨ੍ਹਾਂ ਦੇ ਕੋਲ਼ ਸਨ ਤੇ ਇਕ ਇਕ ਹਜ਼ਾਰ ਉਨ੍ਹਾਂ ਕੋਲ਼ ਆਪਣਾ ਵੀ ਹੈ ਜਿਹੜਾ ਉਹ ਇਸ ਕਾਰਜ ਵਾਸਤੇ ਦੇਣਾ ਚਾਹੁਣਗੇ। ਪ੍ਰੀਤਮਪਾਲ ਸਿੰਘ ਨੇ ਹਿਸਾਬ ਕਿਤਾਬ ਲਾਕੇ ਸੋਚ ਲਿਆ ਕਿ ਇਹ ਕੰਮ ਉਸ ਵਲੋਂ ਇਕ ਵੀ ਪੈਨੀ ਲਾਏ ਬਿਨਾ ਸੌਰ ਸਕਦਾ ਹੈ। ਗੇਲੇ ਅਤੇ ਸੰਧੂ ਤੋਂ ਉਸਨੇ ਇਕ ਬੰਦਾ ਭਿਜਵਾ ਕੇ ਚਾਰ ਹਜ਼ਾਰ ਪੌਂਡ ਮੰਗਵਾ ਲਿਆ। ਸ਼ਹਿਰ ਦੇ ਵੱਡੇ ਗੁਰਦੁਆਰੇ ਨੂੰ ਇਹ ਦਰਦਨਾਕ ਕਥਾ ਅਤੇ ਲੋੜ ਸੁਣਾਈ ਤਾਂ ਉਨ੍ਹਾਂ ਨੇ ਵੀ ਸੰਗਤ ਕੋਲੋਂ ਮਾਇਆ ਇਕੱਤਰ ਕਰਵਾ ਦਿੱਤੀ ਤੇ ਭਜਨੇ ਦੀ ਲਾਸ਼ ਬ੍ਰਿਟਿਸ਼ ਏਅਰਵੇਜ਼ ਰਾਹੀਂ ਇੰਡੀਆ ਪਹੁੰਚਾ ਦਿੱਤੀ ਗਈ। ਠੇਕੇਦਾਰ ਨੂੰ ਸਸਤੇ ਬੰਦੇ ਫ਼ਿਰ ਵੀ ਮਹਿੰਗੇ ਨਹੀਂ ਸਨ ਪਏ ਤੇ ਇਮੀਗਰੇਸ਼ਨ ਵਾਲਿਆ ਨੇ ਵੀ ਕੋਈ ਬਹੁਤੀ ਪੁੱਛ ਗਿੱਛ ਨਾ ਸੀ ਕੀਤੀ।

ਇਕ ਦਿਨ ਸਵੇਰ ਸਾਰ ਪ੍ਰੀਤਮਪਾਲ ਸਿੰਘ ਕੰਮ ਲਈ ਤਿਆਰ ਹੀ ਹੋ ਰਿਹਾ ਸੀ ਕਿ ਪੁਲੀਸ ਦੀਆਂ ਦੋ ਕਾਰਾਂ ਤੇ ਇਕ ਵੈਨ, ਹੂਟਰ ਵਜਾਉਂਦੀਆਂ ਆ ਪਹੁੰਚੀਆਂ।ਉਨ੍ਹਾ ਨੇ ਆਉਂਦਿਆ ਹੀ ਪ੍ਰੀਤਮਪਾਲ ਸਿੰਘ ਦੇ ਹੱਥਕੜੀਆਂ ਲਗਾ ਲਈਆਂ ਤੇ ਆਖ਼ਿਆ ਕਿ ਉਸ ਨੂੰ ਇਕ ਵਕੀਲ ਕਰਨ ਦੀ ਇਜਾਜ਼ਤ ਹੈ।ਸਾਰੇ ਗੋਰੇ ਅਫ਼ਸਰਾਂ ਵਿਚ ਇਕ ਜੁਆਨ ਪੰਜਾਬਣ ਅਫ਼ਸਰ ਵੀ ਸੀ।ਠੇਕੇਦਾਰ ਨੂੰ ਪੁਛਿਆ ਗਿਆ ਕਿ ਅਗਰ ਉਹ ਜ਼ਰੂਰਤ ਸਮਝਦਾ ਹੈ ਤਾਂ ਉਸ ਨੂੰ ਉਹ ਲੇਡੀ ਅਫ਼ਸਰ ਤਰਜਮੇਂ ਦੀ ਸੇਵਾ ਵੀ ਦੇ ਸਕਦੀ ਹੈ।ਠੇਕੇਦਾਰ ਅੰਗਰੇਜ਼ੀ ਬੋਲ ਸਕਦਾ ਸੀ।ਉਸ ਨੇ ਨਾਂਹ ਕਰ ਦਿੱਤੀ।ਉਸ ਨੂੰ ਉਸ ਦੇ ਕਿਰਾਏ ਵਾਲ਼ੇ ਘਰ ਲਿਜਾਇਆ ਗਿਆ ਜਿਥੇ ਬੋਰਡਰ ਏਜੰਸੀ ਅਤੇ ਪੁਲੀਸ ਨੇ ਛਾਪਾ ਮਾਰਿਆ ਸੀ ਤੇ ਸੱਭੋ ਕਿਰਾਏਦਾਰ ਗ੍ਰਿਫ਼ਤਾਰ ਕਰ ਲਏ ਸਨ।ਉਸ ਉੱਤੇ ਦੋਸ਼ ਲੱਗਾ ਕਿ ਉਹ ਗ਼ੈਰਕਾਨੂੰਨੀ ਬੰਦਿਆ ਨੂੰ ਕਿਰਾਏ ਉਤੇ ਰਖ਼ਦਾ ਸੀ ਤੇ ਗੈਰਕਾਨੂਨੀਆਂ ਨੂੰ ਸਸਤੇ ਰੇਟਾਂ ਉਤੇ ਜੌਬਾਂ ਵੀ ਦਿੰਦਾ ਸੀ ਤੇ ਇਮੀਗਰੇਸ਼ਨ ਦੇ ਕਨੂਨਾਂ ਦੀਆਂ ਧਜੀਆਂ ਉਡਾਉਂਦਾ ਸੀ।ਉਸ ਦੇ ਟੈਕਸ ਰੀਕਾਰਡ ਵੀ ਚੈਕ ਕੀਤੇ ਜਾਣਗੇ ਆਦਿ।

ਪੁਲੀਸ ਦੀ ਵੈਨ ਪੁਲੀਸ ਸਟੇਸ਼ਨ ਵੱਲ ਦੌੜੀ ਜਾ ਰਹੀ ਸੀ। ਠੇਕੇਦਾਰ ਪ੍ਰੀਤਮਪਾਲ ਸਿੰਘ ਨਿੰਮੋਝੂਣਾ ਹੋਇਆ ਹੋਇਆ ਸਿਰ ਸੁੱਟੀ ਬੈਠਾ ਸੀ। ਉਸ ਨੂੰ ਆਪਣਾ ਭਵਿੱਖ਼ ਡਰਾਉਣਾ ਲੱਗਣ ਲੱਗਿਆ। ਉਸ ਨੂੰ ਸਾਕਾਂ ਸੰਬੰਧੀਆਂ ਮੂਹਰੇ ਸ਼ਰਮਸਾਰ ਹੋਣਾ ਪੈਣਾ ਹੈ। ਲੋਕਲ ਪੰਜਾਬੀ ਅਖ਼ਬਾਰ ਨੇ ਸੁਰਖ਼ੀ ਲਾਉਣੀ ਹੈ। ਰੇਡੀਓ ਉੱਤੇ ਚਰਚਾ ਹੋਵੇਗੀ। ਇੰਟਰਨੈਟ, ਈ ਮੇਲ ਤੇ ਫ਼ੇਸਬੁੱਕ ਦੇ ਯੁਗ ਵਿਚ ਇੰਡੀਆ, ਕੈਨੇਡਾ, ਅਮਰੀਕਾ ਆਦਿ ਵਿਚ ਮਿੰਟਾਂ ਵਿਚ ਹੀ ਖ਼ਬਰ ਪੁੱਜ ਜਾਣੀ ਹੈ। ਉਸ ਦੇ ਜੁਆਈਆਂ ਅਤੇ ਕੁੜਮਾਂ ਵਿਚਕਾਰ ਉਸ ਦੀ ਕਾਣੀ ਕੌਡੀ ਜਿੰਨੀ ਵੀ ਇੱਜ਼ਤ ਨਹੀਂ ਰਹਿਣੀ। ਕਿੱਥੇ ਤਾਂ ਉਹ ਕੌਂਸਲ ਦੀਆਂ ਇਲੈਕਸ਼ਨਾਂ ਵਿਚ ਖ਼ੜ੍ਹਨ ਲਈ ਸੋਚ ਰਿਹਾ ਸੀ ਤੇ ਕਿਥੇ ਇਹ ਹੱਥਕੜੀਆਂ? ਉਸ ਦਾ ਸਿਰ ਚਕਰਾਅ ਰਿਹਾ ਸੀ।....ਉਹ ਕਦੇ ਵੀ ਸੂਟ ਅਤੇ ਟਾਈ ਬਿਨਾ ਬਾਹਰ ਨਹੀਂ ਸੀ ਨਿਕਲਿਆ। ਜਦੋਂ ਉਹ ਕੁਝ ਦਹਾਕੇ ਪਹਿਲਾਂ ਇਸ ਦੇਸ ਵਿਚ ਨਵਾਂ ਨਵਾਂ ਆਇਆ ਸੀ ਤਾਂ ਪਹਿਲਾਂ ਦੇ ਰਹਿੰਦੇ ਬੰਦਿਆਂ ਨੇ ਇਹੋ ਹੀ ਤਾਂ ਨਵਿਆਂ ਬੰਦਿਆਂ ਨੂੰ ਸਿਖ਼ਾਇਆ ਸੀ ਕਿ ਬਿਨਾਂ ਚੰਗੀ ਤਰ੍ਹਾਂ ਡਰੈਸ ਅੱਪ ਹੋਇਆਂ ਤੁਸੀਂ ਬਾਹਰ ਨਹੀਂ ਜਾਣਾ। ਅੱਜ ਵਾਂਗ ਨਹੀਂ ਕਿ ਲੋਕੀਂ ਬਿਗਾਨੇ ਦੇਸ ਵਿਚ ਜਿਹੋ ਜਿਹੇ ਹੋਣ ਉਹੋ ਜਿਹੇ ਕੱਪੜਿਆਂ ਵਿਚ ਬਾਜ਼ਾਰੀਂ ਚਲੇ ਜਾਂਦੇ ਹਨ। ਸਾਲ਼ੇ ਜਲੂਸ ਕੱਢੀ ਫ਼ਿਰਦੇ ਨੇ। ਪਰ ਅੱਜ ਉਹ ਖ਼ੁਦ ਬਿਨਾਂ ਟਾਈ ਤੇ ਇਸਤਰੀ-ਰਹਿਤ ਕੱਪੜਿਆਂ ਵਿਚ ਬੈਠਾ ਸੀ। ਅੱਜ ਪੁਲੀਸ ਦੇ ਅਚਾਨਕ ਛਾਪੇ ਕਾਰਨ ਉਹਨੂੰ ਜੋ ਲੱਭਿਆ ਉਸ ਨੇ ਪਾ ਲਿਆ ਸੀ- ਕਾਲ਼ੀ ਪੈਂਟ, ਵਲ਼ਾਂ ਵਾਲ਼ੀ ਚਿੱਟੀ ਕਮੀਜ਼, ਉਪਰ ਨੀਲਾ ਸਵੈਟਰ ਤੇ ਫ਼ਿਰ ਕੋਟ। ਹਫ਼ੜਾ ਦਫ਼ੜੀ ਵਿਚ ਉਹਨੂੰ ਟਾਈ ਦਾ ਤਾਂ ਖ਼ਿਆਲ ਹੀ ਨਾ ਆਇਆ। ਉਸ ਨੇ ਸ਼ੇਵ ਵੀ ਨਹੀਂ ਸੀ ਕੀਤੀ ਹੋਈ। ਕਮਿਉਨਿਟੀ ਵਿਚ ਸ਼ੌਕੀਨ ਮੰਨਿਆ ਜਾਂਦਾ ਬੰਦਾ ਇੰਝ ਤਾਂ ਕਦੇ ਡਰੈਸ ਅੱਪ ਹੋਇਆ ਹੀ ਨਹੀਂ ਸੀ। ਉਸ ਨੂੰ ਆਪਣੇ ਆਪ ਤੋਂ ਨਮੋਸ਼ੀ ਜਿਹੀ ਹੋਣ ਲੱਗੀ। ਦੋ ਪੁਲੀਸ ਅਫ਼ਸਰਾਂ ਅਤੇ ਸੁੰਦਰ ਪੰਜਾਬਣ ਅਫ਼ਸਰ ਕੁੜੀ ਨਾਲ਼ ਬੈਠਾ ਉਹ ਬੜਾ ਵਿਚਾਰਾ ਜਿਹਾ ਲੱਗ ਰਿਹਾ ਸੀ।

ਪੰਜਾਬਣ ਅਫ਼ਸਰ ਬੀਬੀ ਨੇ ਅਚਾਨਕ ਪੁੱਛਿਆ," ਤੁਸੀਂ ਇੱਲੀਗਲ ਇਮੀਗਰਾਂਟ ਬੰਦਿਆ ਨੂੰ ਕੰਮ ਉੱਤੇ ਕਿਉਂ ਰੱਖ਼ਿਆ? ਟੈਨ ਥਾਊਜ਼ੈਂਡ ਪਾਊਂਡ ਪਰ ਇੱਲੀਗਲ ਐਂਮਪਲਾਈ ਫ਼ਾਈਨ ਹੁੰਦਾ।"

ਪ੍ਰੀਤਮਪਾਲ ਸਿੰਘ ਖ਼ਾਮੋਸ਼ ਰਿਹਾ।

"ਕੋਰਟ ਵਿਚ ਤੁਹਾਨੂੰ ਇਹੋ ਪੁਛਣਾ ਉਨ੍ਹਾਂ ਨੇ ਕਿ ਇੱਲੀਗਲ ਬੰਦੇ ਕਿਉਂ ਰੱਖ਼ੇ? ਸੋ ਵ੍ਹਾਈ ਡਿੱਡ ਯੂ ਡੂ ਇੱਟ ਮਿਸਟਰ ਸਿੰਘ?" ਇਥੋਂ ਦੀ ਜੰਮੀ ਪਲੀ ਕੁੜੀ ਨੇ ਆਪਣੇ ਹੀ ਅੰਦਾਜ਼ ਵਿਚ ਪੁਛਿਆ। ਉਹ ਜਦੋਂ ਆਪਣੇ ਕਿਸੇ ਬੰਦੇ ਨੂੰ ਗਰਿਫ਼ਤਾਰ ਹੋਇਆ ਦੇਖ਼ਦੀ ਸੀ ਤਾਂ ਖ਼ੁਸ਼ ਨਹੀਂ ਸੀ ਹੁੰਦੀ।

"ਇੱਲੀਗਲ ਬੰਦੇ ਸਸਤੇ ਹੁੰਦੇ ਨੇ।" ਠੇਕੇਦਾਰ ਨੇ ਧੀਮੀ ਆਵਾਜ਼ ਵਿਚ ਉੱਤਰ ਦਿੱਤਾ।

ਅਫ਼ਸਰ ਪੰਜਾਬੀ ਕੁੜੀ ਪੰਜਾਬੀ ਤਾਂ ਜਾਣਦੀ ਸੀ ਪਰ ਏਨੀ ਨਹੀਂ। ਪੁੱਛਣ ਲੱਗੀ," ਵੱਟ ਇਜ਼ ਸਸਤੇ?"

"ਚੀਪ ਬੰਦੇ ਮੈਡਮ ਜੀ, ਚੀਪ ਬੰਦੇ। ਪੰਜਾਬੀ 'ਚ ਇਨ੍ਹਾਂ ਨੂੰ ਕਹਿੰਦੇ ਨੇ ਸਸਤੇ ਬੰਦੇ। ਯੂ ਅੰਡਰਸਟੈਂਡ?" ਗ੍ਰਿਫ਼ਤਾਰ ਹੋਏ ਹੋਏ ਬੰਦੇ ਨੇ ਹੱਥਾਂ ਦੇ ਇਸ਼ਾਰਿਆ ਨਾਲ਼ 'ਸਸਤੇ' ਸ਼ਬਦ ਦੀ ਮਹੱਤਤਾ ਉਤੇ ਜ਼ੋਰ ਦਿੰਦਿਆ ਕਿਹਾ।ਹੁਣ ਉਹਦੀ ਆਵਾਜ਼ ਦਾ ਵੌਲੀਅਮ ਵੀ ਉੱਚਾ ਸੀ। ਗੱਲ ਕਰਦਾ ਹੋਇਆ ਪ੍ਰੀਤਮਪਾਲ ਸਿੰਘ ਆਪਣੇ ਹੱਥਾਂ ਦੀਆਂ ਤਲ਼ੀਆਂ ਇੰਝ ਮਲ਼ ਰਿਹਾ ਸੀ ਜਿਵੇਂ ਅਚਾਨਕ ਉਨ੍ਹਾਂ ਵਿਚੋਂ ਚੰਗਿਆੜੇ ਨਿਕਲਣ ਲੱਗ ਪਏ ਹੋਣ।

ਪੰਜਾਬਣ ਅਫ਼ਸਰ ਕੁੜੀ ਨੇ ਆਪਣੀ ਜੌਬ ਦੇ ਐਥਿਕਸ ਦਾ ਖ਼ਿਆਲ ਰਖ਼ਦਿਆਂ ਹੋਇਆਂ ਗਰਿਫ਼ਤਾਰ ਕੀਤੇ ਹੋਏ ਬੰਦੇ ਨਾਲ਼ ਹੋਰ ਗੱਲ ਕਰਨੀ ਉਚਿਤ ਨਾ ਸਮਝੀ।

drsathi41@gmail.co.uk

26/12/2012

ਹੋਰ ਕਹਾਣੀਆਂ  >>    


  ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2013,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2013,  5abi.com