WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਭਿੰਦਰ ਜਲਾਲਾਬਾਦੀ
ਯੂ ਕੇ

ਚੱਲ ਹਿਸਾਬ ਕਰੀਏ
ਭਿੰਦਰ ਜਲਾਲਾਬਾਦੀ, ਯੂ ਕੇ

ਚੱਲ ਤੇਰੇ ਵਲੋਂ ਅਵਾਮ ਨਾਲ ਲਾਏ
ਆਹਢੇ ਦਾ ਬਰ ਮੇਚੀਏ...!
ਬੀਤੇ ਸਵਾ ਮਹੀਨੇ ਤੋਂ ਪਾਏ ਵਖਤ
ਦਾ ਹਿਸਾਬ ਕਰ ਵੇਖੀਏ ....!

ਇੱਕ ਪਾਸੇ ਹੰਕਾਰ ਵੱਡਾ ਏ
ਤੇ ਵਪਾਰੀਆਂ ਦਾ ਥਾਪੜਾ ਏ...!
ਦੂਜੇ ਪਾਸੇ ਸਬਰ ਵੱਡਾ ਏ
ਤੇ ਨਾਨਕ ਦੀ ਸੋਚ ਦਾ ਆਸਰਾ ਏ..!

ਲੱਗਦੈ ਸਿਕੰਦਰ ਮਹਾਨ ਹੋਣ ਦਾ
ਭਰਮ ਅੱਜ ਤੈਨੂੰ ਹੋਣ ਲੱਗ ਪਿਐ..!
ਜਾਂ ਪਰਛਾਵਾਂ ਅਡੌਲਫ ਹਿਟਲਰ ਦਾ
ਤੇਰੇ ਨਾਲ ਡਟ ਕੇ ਖਲੋਣ ਲੱਗ ਪਿਐ..!

ਸੋਚਦਾ ਹੋਵੇਗਾ ਕਿ ’ਹੋਂਦ’ ਬਚਾਉਣ
ਵਾਲੀ ਗੱਲ ਇਨ੍ਹਾਂ ਕਿਥੋਂ ਸਿੱਖੀ ਏ..!
ਜਾਹ ਪੜ੍ਹ ਲੈ ਆਪ ਜਾ ਕੇ ਸਰਹੰਦ
ਦੀ ਕੰਧ 'ਤੇ ਇਹ ਸ਼ਰੇਆਮ ਲਿਖੀ ਏ..!

ਪੰਜਵੇਂ ਪਾਤਸ਼ਾਹ ਨੂੰ ਕਰ ਚੇਤੇ ਤੱਤੀਆਂ
ਤਵੀਆਂ ਵਾਲਾ ਸਬਰ ਅਸਾਂ ਡੀਕ ਲਿਆ..!
ਭਗਤ ਸਿੰਘ, ਨਲੂਏ, ਸਰਾਭੇ, ਜੱਸਾ ਸਿੰਘ
ਤੋਂ ਲਿਆ ਹੌਸਲਾ, ਸਦਾ ਸਾਡਾ ਮੀਤ ਰਿਹਾ..!

ਅੱਜ ਲੜੀਆਂ ਛਿੜਦੀਆਂ ਨੇ ਭਾਗੋ ਤੇ
ਗੁਜਰੀ ਮਾਂ ਦੇ ਜਜ਼ਬੇ ਦੀਆਂ ਜੱਗ ਉਤੇ...!
ਵਾਰਸਾਂ ੳਨ੍ਹਾਂ ਦੀਆਂ ਹੀ ਨੇ, ਜੋ ਬੈਠੀਆਂ
ਰੜੇ ਮੈਦਾਨ ਦਿੱਲੀ ਦੀ ਹੱਦ ਉੱਤੇ...!

ਜ਼ਿੱਦ ਕਰਕੇ ਲਾਗੂ ਕਾਨੂੰਨ ਕਰ ਲਏ
ਰਲ ਕੇ ਤੂੰ ਤੇ ਤੇਰੇ ਆੜੀਆਂ ਨੇ...!
ਪਾ-ਪਾ ਵਾਸਤੇ ਦੱਸਦੇ ਰਹੇ ਕਿਸਾਨ
ਮਾਰੂ ਸ਼ਰਤਾਂ ਡਾਹਢੀਆਂ ਮਾੜੀਆਂ ਨੇ..!

ਨਾ ਕਰੀ ਜਾਹ ਰਿਹਾੜ ਤੂੰ ਬਹੁਤੀ
ਨਾ ਤਾਰੀਕ ਤੇ ਤਾਰੀਕ ਪਾਈ ਜਾਹ..!
ਨਾ ਮਾਵਾਂ ਦੇ ਪੁੱਤ ਮਰਨ ਹਰ ਰੋਜ਼
ਨਾ ਘਰਾਂ 'ਚ ਸੱਥਰ ਵਿਛਾਈ ਜਾਹ..!

ਸਿਖਰਲੇ ਛੱਡ ਕੇ ਹਿੱਤ ਵੇ ਤੂੰ
ਇਹ ਕਾਨੂੰਨ ਹੁਣ ਰੱਦ ਕਰ ਦੇਹ ..!
ਮਿੰਨਤ ‘ਭਿੰਦਰ ਜਲਾਲਾਬਾਦੀ’ ਵੀ ਕਰੇ
ਰਾਜਿਆ ਵੇ, ਹਣੁ ਤੂੰ ਬੱਸ ਕਰ ਦੇਹ
ਵਾਸਤਾ ਈ ਰੱਬ ਦਾ, ਤੂੰ ਬੱਸ ਕਰ ਦੇਹ!
ਹਾੜਾ ਹੁਣ ਬਸ ਕਰ ਦੇਹ....!
11/01/2021


ਕਿਸਾਨ ਮੋਰਚਾ

ਭਿੰਦਰ ਜਲਾਲਾਬਾਦੀ, ਯੂ ਕੇ
 
ਵੋਟਾਂ ਲੈ ਕੇ ਕਰਨੇ ਧੱਕੇ
‘ਮਨ ਕੀ ਬਾਤ’ ਨੂੰ ਸੁਣ- ਸੁਣ ਥੱਕੇ
ਨੀ ਦਿੱਲੀਏ ਤੈਨੂੰ ਦੱਸਣ ਲੱਗੇ
ਤੇਰੇ ਲਾਉਣ ਬਰੂਹੀਂ ਡੇਰੇ ਲੱਗੇ
ਇਨਸਾਫ ਨਾ ਮਿਲਿਆ ਜਦ ਤਾਈਂ, ਇਥੇ ਹੀ ਦੇਗਾਂ ਚੜ੍ਹਨਗੀਆਂ
ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ
ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . . !
 
ਆਪਣੇ ਖੇਤ ਅਸਾਂ ਹੀ ਵਾਹੁਣੇ
ਨਹੀਂ ਸਰਮਾਏਦਾਰ ਲਿਆਉਣੇ
‘ਤਿੰਨ ਕਾਨੂੰਨ’ ਇਹ ਕਿਉਂ ਬਣਾਏ?
ਨਹੀਂ ਅਸੀਂ ਚਾਹੁੰਦੇ, ਨਹੀਂ ਅਸਾਂ ਚਾਹੇ
ਬਹਿ ਗਏ ਜੇ ਚੁੱਪ ਕਰਕੇ ਤਾਂ ਫਿਰ ਪੀੜ੍ਹੀਆਂ ਲੇਖੇ ਭਰਨਗੀਆਂ
ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ
ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . !
 
ਡਿੱਗਦਾ ਪਾਰਾ ਵੱਧਦੇ ਹੌਸਲੇ
ਜਜ਼ਬੇ ਵੇਖੇ ਸ਼ੇਰਾਂ ਦੇ
ਸਾਰੇ ਆਖਣ ਕੁਝ ਨ੍ਹੀ ਹੁੰਦਾ
ਗੁਰੂ ਦੀਆਂ ਸਭ ਮੇਹਰਾਂ ਨੇ
ਵਾਪਸ ਮੁੜੀਏ ਨਾ ਮੁੜੀਏ ਪਰ, ਫੌਜਾਂ ਇਹ ਨਹੀਂ ਹਰਨਗੀਆਂ
ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ
ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . !
 
ਕਰਦੇ ਸੀ ਪ੍ਰਚਾਰ ਜੋ ਉਲਟਾ,
ਸੋਚ ਨੂੰ ਹੁਣ ਉਹ ਨਾਪਣਗੇ
ਜਿਹੜੇ ‘ਉੜਤਾ’ ਆਖ ਕੇ ਭੰਡਦੇ ਸੀ,
ਹੁਣ ਜਿੱਤਦਾ, ਜਿੱਤ ਗਿਆ ਆਖਣਗੇ
ਬੁਲੰਦ ਹੌਸਲੇ ਵੇਖ ਉਨ੍ਹਾਂ ਦੀਆਂ,  ਰੂਹਾਂ ਅੰਦਰੋਂ ਡਰਨਗੀਆਂ
ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ
ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . . !
 
ਪੁੱਛਿਆ ਸੀ ਕਿਸੇ ਬੇਬੇ ਤਾਂਈ
ਕਾਸ ਨੂੰ ਮਾਂ ਧਰਨੇ ਵਿੱਚ ਆਈ?
‘ਉਮਰ ਨਹੀਂ ਪੁੱਤ ਹਿੰਮਤ ਵੇਖ
ਨਹੀਂ ਅਸੀਂ ਖੁੱਸਣ ਦੇਣੇ ਖੇਤ’
ਇਨ੍ਹਾਂ ਹੌਸਲਿਆਂ ਦੀਆਂ ਵਾਰਾਂ ਤੁਰਿਆ ਕਰਨਗੀਆਂ
ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ
ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . . !
 
ਇਤਿਹਾਸ ਕਹਿੰਦੇ ਆਪਾ ਦੁਹਰਾਉਂਦਾ
ਪੋਹ ਮਹੀਨੇ ਚੇਤਾ ਆਉਂਦਾ
ਨਿੱਕੀਆਂ ਜਿੰਦਾਂ ਦਾ ਸੀ ਕਹਿਣਾ
ਹਠ ਨਹੀਂ ਛੱਡਣਾ, ਡਟ ਕੇ ਰਹਿਣਾ
ਮਾਂ ਗੁਜਰੀ ਤੋਂ ਬਲ ਲੈ ਕੇ ਹੁਣ, ਸੰਗਤਾਂ ਫਿਰ ਤੋਂ ਜੁੜਨਗੀਆਂ
ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ
ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . . !
 
ਵੰਡ ਛਕਣ ਦੀ ਪਿਰਤ ਵੇਖ ਕੇ
ਸਿਰ ਝੁਕਦਾ ਏ ‘ਭਿੰਦਰ’ ਦਾ
ਮਾਨਵਤਾ ਇਥੇ ਡੁੱਲ੍ਹ-ਡੁੱਲ੍ਹ ਪੈਂਦੀ
ਵੇਖ ਕੇ ਜਲਵਾ ਲੰਗਰ ਦਾ
ਜਿੱਤ ਜ਼ਰੂਰੀ ਕਿਰਤੀ ਜਾਣਾ, ‘ਜਲਾਲਾਬਾਦ’ ਵੀ ਖੁਸ਼ੀਆਂ ਚੜ੍ਹਨਗੀਆਂ
ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ
ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . .!
ਫਿਰ, ਗੱਲਾਂ ਹੋਇਆ ਕਰਨਗੀਆਂ
26/12/2020


ਯਾਦਾਂ ਵਾਲੀ ਅੱਖ

ਭਿੰਦਰ ਜਲਾਲਾਬਾਦੀ, ਯੂ ਕੇ

ਯਾਦਾਂ ਵਾਲੀ ਅੱਖ ਮੇਰੀ ਵਿੱਚ
ਤਰਦੇ ਰਹੇ ਨੇ ਸੁਫਨੇ
ਨਸੀਬ ਤੇਰੇ, ਤੇਰੀ ਕਿਸਮਤ
ਹੱਥਾਂ ਦੀਆਂ ਲਕੀਰਾਂ,
ਨਾਲੇ..,
‘ਲੋਕੀਂ ਚੰਗਾ ਆਖਣ’
ਸੁਣ-ਸੁਣ ਮਰਦੇ ਰਹੇ ਨੇ ਸੁਫਨੇ

ਭੁੱਲ ਸਕੀ ਨਾ ਬੋਲ ਅਵੱਲੇ
ਕਈ ਵਾਰੀ ਮੈਂ ਤੜਫੀ
ਅਖੇ..,
ਸੁਹਣੇ ਲੱਗਦੇ ਹੱਥ ਤੇਰੇ ਵਿੱਚ
‘ਝਾੜੂ ਨਾਲੇ ਕੜਛੀ’
ਇੱਕਵੀਂ ਸਦੀ, ਹੱਕ ਕਿਥੇ ਨੇ?
ਸਿਰ ਵਿੱਚ ਕੜ੍ਹਦੇ ਰਹੇ ਨੇ ਸੁਫਨੇ

ਮਘਦੀਆਂ ਰਹੀਆਂ ਸੋਚਾਂ
ਅੰਦਰ ਧੁੱਖਦੀ ਰਹੀ ਸੀ ਰੀਣੀ
ਸੰਘ ਵਿੱਚ ਅੜੀ ਆਵਾਜ਼ ਮੇਰੀ,
ਕਰ ਸਕਦੀ ਨਾ ਮੈਂ ‘ਸੀਅ’ ਵੀ
ਤਾਂ ਹੀ..,
ਚੱਤੋ ਪਹਿਰ ਮਗਜ਼ ਮੇਰੇ ਵਿੱਚ
ਬੁੜ-ਬੁੜ ਕਰਦੇ ਰਹੇ ਨੇ ਸੁਫਨੇ

ਚੰਗੇ ਵੇਲੇ ਝੋਰਿਆਂ ਛਕ ਲਏ
‘ਸਭ ਅੱਛਾ’ ਮੈਂ ਪਰਦੇ ਕੱਜ ਲਏ
ਜੋ ਹੋਣਾ ਸੀ ਹੋਇਆ ਕਹਿ ਕੇ
ਚਾਅ-ਸੱਧਰਾਂ ਨੇ ਟਿਕ ਕੇ ਬਹਿ ਗਏ
ਨਹੀਂ ਫਾਇਦਾ ਪਛਤਾਏ ਦਾ
ਪਰ..,
ਪਹਿਲਾਂ-ਪਹਿਲ ਬਗਾਵਤ
ਕਰਦੇ ਰਹੇ ਨੇ ਸੁਫਨੇ

ਅਤੀਤ ਚੋਂ ‘ਭਿੰਦਰ’ ਬਾਹਰ ਆ ਕੇ
ਹੌਸਲੇ ਵਾਲੀ ਦਰੀ ਵਿਛਾ ਕੇ
ਅਰਥ ਭਰੇ ਉਤੇ ਅੱਖਰ ਪਾ ਕੇ
ਦੱਸ ਦੇਹ ਆਪਣੀ ਕਵਿਤਾ ਨੂੰ
ਕਿ..,
ਬੀਤੇ ਦੀ ਨਿੱਤ ਧੂਣੀ ਦੇ ਵਿੱਚ
ਐਵੇਂ ਸੜਦੇ ਰਹੇ ਨੇ ਸੁਫਨੇ
ਯਾਦਾਂ ਵਾਲੀ ਅੱਖ ਮੇਰੀ ਵਿੱਚ
ਤਰਦੇ ਰਹੇ ਨੇ ਸੁਫਨੇ..!
04/09/2020


ਬਾਬਾ ਨਾਨਕ

ਭਿੰਦਰ ਜਲਾਲਾਬਾਦੀ, ਯੂ ਕੇ

ਬਾਬਾ ਨਾਨਾਕ, ਮੈਂ ਤੇਰੀ ਬਾਣੀ ਪੜ੍ਹਦੀ ਹਾਂ, ਪੜ੍ਹ ਕੇ, ਪੜ੍ਹ ਛੱਡਦੀ ਹਾਂ
ਹਰ ਰੋਜ਼ ਗੁਟਕਾ ਖੋਲਦੀ ਹਾਂ, ਪੜ੍ਹ ਕੇ ਉਥੇ ਹੀ ਧਰ ਛੱਡਦੀ ਹਾਂ
ਬਾਬਾ ਨਾਨਾਕ, ਮੈਂ ਤੇਰੀ ਬਾਣੀ .....

ਮੇਰੇ ਹਰ ਸਵਾਲ ਦਾ ਜਵਾਬ ਹੈ ਤੇਰੀ ਬਾਣੀ ਵਿੱਚ
ਔਰਤ ਦਾ ਰੱਜ ਕੇ ਸਤਿਕਾਰ ਹੈ ਤੇਰੀ ਬਾਣੀ ਵਿੱਚ
ਪਰ ਮੈਂ ਜਨਣੀ, ਅਗਲੀ ਜਨਣੀ ਦੇ ਜੰਮ ਪੈਣ ਤੋਂ ਫਿਰ ਵੀ ਡਰਦੀ ਹਾਂ।
ਬਾਬਾ ਨਾਨਾਕ, ਮੈਂ ਤੇਰੀ ਬਾਣੀ .....

ਤੂੰ ਕਿਰਤ ਕਰਨ ਤੇ ਵੰਡ ਛਕਣ ਦੀ ਗੱਲ ਸਮਝਾਈ ਸੀ
ਦੱਬੇ-ਕੁਚਲੇ ਲੋਕਾਂ ਨੂੰ ਦੇ ਹਿੰਮਤ, ਤੂੰ ਜੀਣ ਦੀ ਜਾਚ ਸਿਖਾਈ ਸੀ
ਪਰ ਮੈਂ ਨਾ ਵੰਡਣ, ਨਾ ਰਲ ਕੇ ਚੱਲਣ ’ਤੇ ਪੂਰੀ ਖੜ੍ਹਦੀ ਹਾਂ
ਬਾਬਾ ਨਾਨਾਕ, ਮੈਂ ਤੇਰੀ ਬਾਣੀ .....

ਤੂੰ ਜ਼ਾਤ-ਪਾਤ ਦਾ ਖੰਡਨ ਕਰਕੇ, ਊਚ-ਨੀਚ ਦਾ ਭੇਤ ਮਿਟਾਇਆ ਸੀ
‘ਏਕ ਪਿਤਾ ਏਕਸ ਕੇ ਹਮ ਬਾਰਿਕ’ ਦਾ ਪਾਠ ਪੜ੍ਹਾ ਸਾਨੂੰ
ਇਨਸਾਨੀਅਤ ਦਾ ਸਬਕ ਸਿਖਾਇਆ ਸੀ
ਪਰ ਮੈਂ ਆਪਣੇ, ਉੱਚੇਪਣ ਦਾ ਰੱਟਾ ਲਾ ਛੱਡਦੀ ਹਾਂ
ਬਾਬਾ ਨਾਨਾਕ, ਮੈਂ ਤੇਰੀ ਬਾਣੀ .....

ਤੂੰ ਰਹਿਬਰ ਸਾਡਾ, ਤੂੰ ਚਿੰਤਕ, ਉਪਦੇਸ਼ਕ ਤੇ ਅਭਿਆਸੀ ਵੀ,
ਤੈਨੂੰ ਸਾਰ ਸੀ ਸੱਜੇ ਖੱਬੇ ਦੀ
ਤੂੰ ਨਿਮਰਤਾ ਦੀ ਮਿਸਾਲ ਸੀ
ਤੇਰੀ ਸੋਚ ਵਿਗਿਆਨ ਤੋਂ ਵੀ ਅੱਗੇ ਸੀ,
ਪਰ ਮੈਂ ਪਤਾ ਨਹੀਂ ਜੀਹਨੂੰ ਕਾਸੇ ਦਾ, ਮੈਂ-ਮੈਂ ਲਾ ਛੱਡਦੀ ਹਾਂ
ਬਾਬਾ ਨਾਨਾਕ, ਮੈਂ ਤੇਰੀ ਬਾਣੀ .....

ਤੇਰੇ ਦੱਸੇ ਰਾਹ ’ਤੇ ਚੱਲ ਸਕਾਂ, ਤੇਰੀ ਸੋਚ ਦਾ ਪੱਲਾ ਫੜ ਸਕਾਂ
ਆਪਣੀ ‘ਮੈਂ’ ਨੂੰ ਮਾਰਨ ਲਈ, ਮੈਂ ਆਪਣੇ ਆਪ ਨਾਲ ਲੜ ਸਕਾਂ
ਭਾਵੇਂ ਅਗਿਆਨੀ, ਅਨਜਾਣ, ਬੇਸਮਝ ਹੈ ਭਿੰਦਰ ਬਾਬਾ ਜੀ
ਪਰ, ਅੱਗੇ ਤੋਂ ਤੇਰੀ ਬਾਣੀ ਸਮਝ ਸਕਣ ਦੀ ਕੋਸਿ਼ਸ਼ ਤਾਂ ਕਰ ਸਕਦੀ ਹਾਂ
ਬਾਬਾ ਨਾਨਾਕ, ਮੈਂ ਤੇਰੀ ਬਾਣੀ ਪੜ੍ਹਦੀ ਹਾਂ, ਪੜ੍ਹ ਕੇ, ਪੜ੍ਹ ਛੱਡਦੀ ਹਾਂ
04/11/17

 

ਪੋਸਟਮਾਰਟਮ !
ਭਿੰਦਰ ਜਲਾਲਾਬਾਦੀ, ਯੂ ਕੇ

ਅੱਜ ਜਦ!
ਸਾਰਾ ਤਾਣ ਲਾ ਕੇ
ਦਿਲ ਦੀ ਉਦਾਸੀ ਦਾ
ਪੋਸਟਮਾਰਟਮ ਕੀਤਾ
ਤਾਂ ਸੋਚਾਂ ਦੀਆਂ ਪਰਤਾਂ
ਵਿੱਚ ਸਵਾਲਾਂ ਦੀ
ਭੀੜ ਸੀ,
ਜਵਾਬਾਂ ਵਿੱਚ
‘ਲੋਕ ਕੀ ਕਹਿਣਗੇ’
ਦਾ ਡਰ ਵੜਿਆ ਸੀ...।

ਹਾਦਸਿਆਂ ਦੀ
ਲੰਬੀ ਸੂਚੀ ਵਿੱਚ
ਇਕ ਧਿਰੇ
ਅਧਿਕਾਰਾਂ ਦੀ ਮੰਨਤਾ
ਪਾਬੰਦੀਆਂ ਦਾ ਝੁਰਮਟ
ਸੁਪਨਿਆਂ ਦੇ ਟੁਕੜੇ
ਸੱਧਰਾਂ ਨੂੰ ਦੰਦਲਾਂ
ਉਖੜੇ ਖਿਆਲਾਂ ਨੂੰ
ਪੈਂਦੇ ਦੌਰੇ,
ਸਬਰ ਦਾ ਘੁੱਟ ਪੀ ਬੈਠੀ
ਸਿਦਕੀ ਵਫਾ
ਤੇ ਸਮਝੌਤਿਆਂ ਦੇ
ਵੱਡੇ ਢੇਰ ਸੀ...।

ਅੰਦਰ ਵੜਕੇ
ਹੋਰ ਖੂੰਜੇ ਫਰੋਲੇ ਤਾਂ
ਹਨ੍ਹੇਰੇ ਵਿੱਚ
ਹੌਸਲੇ ਦੇ ਖੁੱਸੇ ਖੰਭ
ਨਜ਼ਰੀਂ ਪਏ,
ਵਿਸ਼ਵਾਸ ’ਤੇ
ਥਾਂ-ਥਾਂ ਲੱਗੀਆਂ
ਟਾਕੀਆਂ
ਤੇ ਇਤਬਾਰ ਦੇ
ਥਿੜਕੇ ਪੈਰ ਸੀ...।

ਅੱਗੇ, ਸ਼ਰਤਾਂ ਵਿੱਚ
ਦਮ ਘੁੱਟੀ
ਵਕਤ ਨੂੰ ਤੱਕਦੀ
ਉਦਾਸ ਸੜਕ ’ਤੇ ਚੱਲਦੀ
ਕੋਹਾਂ ਦੀ ਵਾਟ ਨਿਬੇੜੀ
ਵੈਰਾਗੇ ਜਿਹੇ ਸਾਹ ਲੈਂਦੀ
ਸਿਸਕਦੀ
ਜ਼ਿੰਦਗੀ ਤੋਂ ਥੱਕੀ
ਮੇਰੀ ਔਕਾਤ ਸੀ...।

ਤਾਂ ਉਸੇ ਵਕਤ
ਸ਼ਿਕਵਿਆਂ ਨੂੰ
ਚੁੱਪ ਕਰਾਉਂਦਿਆਂ
ਪਤਝੜ ਜਿਹੀ ਸੁੰਗੜੀ
ਉਮੀਦ ਨੂੰ ਉਤਸ਼ਾਹ ਦਾ
ਤਰੌਂਕਾ ਦੇ ਕੇ
ਜ਼ਿੰਦਗੀ ਨੂੰ ਕਰਿੰਗੜੀ
ਪਾਉਂਦਿਆਂ
‘ਭਿੰਦਰ’ ਨੇ
ਪੋਸਟਮਾਰਟਮ ਰਿਪੋਰਟ
ਲਿਖਣੀ ਬੰਦ ਕਰ ਦਿੱਤੀ...।
05/01/16

 

ਦੁਆ
ਭਿੰਦਰ ਜਲਾਲਾਬਾਦੀ, ਯੂ ਕੇ

ਚਲੋ, ਸੁੱਖ ਮੰਗੀਏ
ਅਰਦਾਸ ਕਰੀਏ ਪੰਜਾਬ ਲਈ।
ਸਤਲੁਜ, ਰਾਵੀ, ਬਿਆਸ
ਤੇ ਜੇਹਲਮ, ਚਨਾਬ ਲਈ।

ਇਧਰ ਲਈ, ਓਧਰ ਲਈ
ਅੱਜ ਸੁਲ੍ਹਾ ਦੀ, ਸੰਧੀ ਦੀ
ਦੁਆ ਕਰੀਏ ਮਿਲਾਪ ਦੀ
ਆਪਸੀ ਰਜ਼ਾਮੰਦੀ ਦੀ

ਗੱਲ ਕਰੀਏ ਅਪਣੱਤ ਦੀ
ਜਨਤਾ ਦੇ ਦੁੱਖ-ਸੁੱਖ ਦੀ
ਰੱਬ ਤੋਂ ਆਸ ਕਰੀਏ
ਸਭ ਵਾਸਤੇ
ਦੋ ਵੇਲਿਆਂ ਦੇ ਟੁੱਕ ਦੀ

ਯੁੱਧ ਨਾ ਹੋਵਣ, ਜੰਗਾਂ ਨਾ ਲੱਗਣ
ਜ਼ਹਿਨੀਅਤ ਦੀ ਜੰਗ ਨੂੰ ਲਾਹੀਏ
ਨਫਰਤਾਂ ਦੀ ਕੁੰਜ ਲਾਹ ਸੁੱਟੀਏ
ਅਗਿਅਨਤਾ ਦੇ ਜੰਗਲਾਂ ’ਚ
ਧੱਕੇ ਨਾ ਖਾਈਏ

ਸੱਸੀ-ਸੋਹਣੀ-ਹੀਰ
ਪੁਨੂੰ-ਮਹੀਂਵਾਲ-ਰਾਂਝੇ
ਦੇ ਸੋਹਲਿਆਂ ਦੀ ਸਾਂਝ ਸਾਡੀ
ਜੁਗਨੀ ਸਾਂਝੀ ਤੇ ਛੱਲੇ ਦੇ
ਦੁਖੜਿਆਂ ਦੀ ਸਾਂਝ ਸਾਡੀ

ਸਵਾਰਥਾਂ ਦੀਆਂ ਸੀਟਾਂ ’ਤੇ
ਬੈਠ ਕੇ ਕੀਤੇ ਫੈਸਲੇ
ਫਿਰ ਜਨਤਾ ਨੂੰ ਕੋਹਣ ਨਾ ਕਦੇ
ਮਰਜ਼ੀ ਦੀਆਂ ਚਾਲਾਂ ਚੱਲ ਕੇ
ਧਰਮਾਂ ਨੂੰ ਆਧਾਰ ਬਣਾਉਣ ਨਾ ਕਦੇ

ਡਰਦਾ ਹੈ ਮਨ ਕਿ ਜੇ ਡੁਲ੍ਹਿਆ ਖੂਨ
ਤਬਾਹੀ ਦੋਵੇਂ ਪਾਸੇ ਹੋਵੇਗੀ
ਇਧਰ ਵੀ ਭੈਣ ਤੜਪੇਗੀ
ਉਧਰ ਵੀ ਮਾਂ ਰੋਵੇਗੀ
ਦਰਦ ਵਿਚਲੀ ਚੀਸ
ਦੋਵੇਂ ਪਾਸੇ ਇਕੋ ਜਿਹੀ ਹੋਵੇਗੀ

‘ਭਿੰਦਰ’ ਦੀ ਰੂਹ ਦੀ ਅਰਜ਼ ਹੈ!
ਮੁਹੱਬਤਾਂ ਦੀ ਮਰ੍ਹਮ ਲਾਈਏ
ਨਫਰਤਾਂ ਨੂੰ ਛੱਡੀਏ।
ਦੀਵਾਲੀ, ਗੁਰਪੁਰਬ, ਈਦ,
ਕ੍ਰਿਸਮਸ ਮੌਕਿਆਂ ’ਤੇ
ਦੁਆਵਾਂ ਦੇ ਤੋਹਫੇ ਵੰਡੀਏ।
ਅਸੀਸਾਂ ਦੇ ਤੋਹਫੇ ਵੰਡੀਏ।
24/10/2016

 

ਵਜਾਹ
ਭਿੰਦਰ ਜਲਾਲਾਬਾਦੀ, ਯੂ ਕੇ

ਅੱਜ ਸੋਚਾਂ ਦੇ ਮਲਬੇ
ਵਿੱਚ ਫਸੇ ਮੇਰੇ ਹਰ
ਸ਼ਬਦ ਦੀ ਅਵਾਜ਼
ਬੰਦ ਹੈ!
ਦਿਮਾਗ ਦੀਆਂ ਕੰਧਾਂ ’ਤੇ
ਉਕਰੇ ਮੇਰੇ ਹਰ
ਸਵਾਲ ਨੂੰ ਬੇਦਖਲੀ ਦੀ
‘ਵਜਾਹ’ ਜਾਨਣ ਦੀ
ਪਿਆਸ ਹੈ!
24/10/2016

ਕਵਿਤਾ
ਭਿੰਦਰ ਜਲਾਲਾਬਾਦੀ, ਯੂ ਕੇ

ਸੁਪਨਿਆਂ ਦੀ ਲੰਬੀ ਉਮਰ
ਬੀਤ ਜਾਣ ਤੋਂ ਬਾਅਦ
ਫਿੱਕੇ ਪਏ ਉਤਸ਼ਾਹ ਨੂੰ
ਗਲੇ ਮਿਲਦਿਆਂ
ਹੁਣ ‘ਕਵਿਤਾ’
ਬੇਵਕਤ ਆ ਕੇ
ਮੈਨੂੰ ਹਲੂਣ ਦਿਆ ਕਰਦੀ ਏ!
24/10/2016
 

ਔਕਾਤ
ਭਿੰਦਰ ਜਲਾਲਾਬਾਦੀ, ਯੂ ਕੇ

ਮੈਂ ਤੈਨੂੰ ਸਮਝਣ ’ਚ
ਤੂੰ ਮੈਨੂੰ ਜਾਨਣ ’ਚ
ਸਮਾਂ ਲਗਾ ਦਿੱਤਾ!
ਅਸਫਲਤਾਵਾਂ ਦੇ
ਢੇਰ ’ਤੇ ਖੜ੍ਹ ਕੇ
ਜਦ ਮੈਂ ਤੱਕਿਆ
ਤਾਂ
ਇਛਾਵਾਂ ਅਤੇ ਔਕਾਤ ’ਚ
ਲੰਬਾ ਫਾਸਲਾ ਦਿੱਸਿਆ!
24/10/2016

ਸਾਜਿ਼ਸ਼
ਭਿੰਦਰ ਜਲਾਲਾਬਾਦੀ, ਯੂ ਕੇ

ਸੋਚਾਂ ਦਾ ਢਾਸਣਾ ਲਾ ਕੇ
ਜ਼ਿੰਦਗੀ ਦੇ ਹਾਸ਼ੀਏ ਤੋਂ
ਅੱਜ ਮੈਂ
ਇਕਾਗਰ ਹੋ ਕੇ ਤੱਕਿਆ
ਤਾਂ ਲੱਗਾ,
ਇਹ ਜ਼ਰੂਰ ਹਵਾ ਦੀ
ਸਾਜਿ਼ਸ਼ ਹੋਵੇਗੀ
ਵਰਨਾ, ਸਾਡੇ ਸੁਪਨਿਆ ਦਾ
ਮੇਚਾ ਤਾਂ ਇੱਕ ਹੀ ਸੀ!
24/10/2016
 

ਮੁਖਬਰ
ਭਿੰਦਰ ਜਲਾਲਾਬਾਦੀ, ਯੂ ਕੇ

ਸਮੇਂ ਦੇ ਥੇਹ ਅੰਦਰ ਧੱਸੀਆਂ
ਮੁਖਬਰ ਦੀਆਂ ਪੈੜਾਂ,
ਵਿੱਥਾਂ ਦੇ ਪਾੜੇ ਬਣਾਉਂਦੀਆਂ
ਕੋਝੀਆਂ ਚਾਲਾਂ,
ਗੱਠਜੋੜ ’ਚ ਰੁੱਝੀਆਂ
ਇਨਸਾਨੀ ਗਿਰਝਾਂ
ਮਨਮਰਜ਼ੀ ਨਾਲ
ਨੋਚ ਰਹੀਆਂ ਨੇ ਸਾਨੂੰ ਹੁਣ..!

ਵਕਤ ਦੀ ਹੇਰਾ-ਫੇਰੀ ’ਚ
ਭਰੇ ਸੁਪਨਿਆਂ ਨੂੰ
ਬੀਆਬਾਨ ਵੱਲ ਨੂੰ ਧੱਕ ਕੇ
ਕੋਸ ਰਹੀਆਂ ਨੇ ਸਾਨੂੰ ਹੁਣ..!

ਤੇਰੇ ਗੀਤ ਦਾ ਮੁਖੜਾ
ਮੇਰੀ ਕਵਿਤਾ ਦਾ ਚਿਹਰਾ
ਆਪਣੇ ਮਖੌਟਿਆਂ ’ਚ ਲਪੇਟ ਕੇ
ਦਬੋਚ ਰਹੀਆਂ ਨੇ ਸਾਨੂੰ ਹੁਣ..!
24/10/2016

 

ਅੱਜ ਫਿਰ....
ਭਿੰਦਰ ਜਲਾਲਾਬਾਦੀ, ਯੂ ਕੇ

ਅੱਜ ਫਿਰ ਇਕ ਹੁਕਮ ਦੀ
ਅਵੱਗਿਆ ਹੋ ਗਈ ਸੀ ਮੈਥੋਂ
ਮੇਰੀ ਰੂਹ ਨੂੰ ਕਾਂਬਾ ਛਿੜ ਗਿਆ ਸੀ
ਹੰਝੂਆਂ ਦੀ ਰੂਪ ਰੇਖਾ ਬਦਲਣ ਵਾਲੇ
ਮੇਰੇ ਖਿਆਲਾਂ ਦੇ ਤੋਪੇ ਫਿਰ ਉਧੜ ਗਏ
ਮੈਂ ਸਿਰ ’ਚ ਧੜਕਦੀਆਂ ਸੋਚਾਂ ’ਤੇ ਪਹਿਰਾ ਲਗਾ
ਸਬਰ ਦਾ ਇਕ ਹੋਰ ਘੁੱਟ ਡੀਕ ਗਈ ਸੀ
ਪ੍ਰੰਪਰਾ ਦੀ ਦਲਦਲ ’ਚ ਸੀਸ ਝੁਕਾਉਂਦਿਆਂ
ਆਪਾ ਗੁਲਾਮ ਹੋ ਗਿਆ ਸੀ ਮੇਰਾ।

ਮੈਂ ਖੁਦ ਨਾਲ ਤਬਸਰੇ ਕੀਤੇ
ਕਿ ਕਦ ਤੱਕ ਖੁਰਦੀ ਰਹਾਂਗੀ
ਫਰਜ਼ਾਂ ਦੇ ਕਰਜ਼ ਲਾਹੁੰਦਿਆਂ
ਕਦ ਤੱਕ ਤੁਰਦੀ ਰਹਾਂਗੀ
ਅਟਕਲ-ਪੱਚੂ ਜਿਹੇ ਰਾਹਾਂ ’ਤੇ
ਕਦ ਹੋਵਾਂਗੀ ਆਪਣੇ ਆਪ ਨਾਲ ਇਕਸੁਰ ਮੈਂ
ਪਰ, ਬੰਦਿਸ਼ਾਂ ਦੇ ਜੰਗਲ ਵਿੱਚ ਤੁਰਦਿਆਂ
ਇਕ ਹੋਰ ਹੀਲਾ ਨਾਕਾਮ ਹੋ ਗਿਆ ਸੀ ਮੇਰਾ।

ਅੱਜ ਫਿਰ ਮੈਂ ਖੁਦ ਨੂੰ ਨਸੀਬਾਂ ਹਵਾਲੇ ਕਰਕੇ
ਆਪਣੇ ਭਾਗਾਂ ਵਿੱਚ ਕਿੰਨੇ ਹੀ ਕਸੂਰ ਲਿਖ ਲਏ
ਹੌਸਲੇ ਨੂੰ ਬੇਜਾਨ ਕਰਕੇ
ਸ਼ਬਦਾਂ ਦੇ ਸਾਹ ਸੂਤ ਲਏ ਸੀ ਮੈਂ
ਮੇਰੇ ਅੰਦਰ ਸੱਧਰਾਂ ਦੇ ਕਤਲਕਾਂਡ ਨਾਲ
ਦਿਲ ਕਬਰਸਤਾਨ ਹੋ ਗਿਆ ਸੀ ਮੇਰਾ।

ਮੱਥੇ ’ਚ ਹਾਉਕਾ ਦੱਬ ਕੇ
ਜ਼ੇਹਨ ’ਚ ਤੁਰਦੇ ਖਿਆਲਾਂ ਨੂੰ
ਸਿਰ ਵਿੱਚ ਨਚੋੜ ਕੇ
ਅਣਮੰਨੇ ਜਿਹੇ ਮਨ ਨਾਲ ‘ਭਿੰਦਰ’
ਸੋਚ ਰਹੀ ਸੀ ਕਿ ਚੰਦਰੀ ਗੁਲਾਮੀ ਨਾਲ
ਫਿਰ ਰਿਸ਼ਤਾ ਬਹਾਲ ਹੋ ਗਿਆ ਸੀ ਮੇਰਾ।
09/12/15
 

ਅੰਨ੍ਹੀ ਗਲੀ
ਭਿੰਦਰ ਜਲਾਲਾਬਾਦੀ, ਯੂ ਕੇ

ਕੁਝ ਲੋਕ ਕਹਿੰਦੇ ਨੇ ਕਦੇ ਵੀ
ਸੱਚ ਨਹੀਂ ਹੁੰਦੇ ਸੁਪਨੇ!
ਕੁਝ ਕਹਿੰਦੇ ਨੇ, ਦੇਖਣ ਨਾਲ ਹੀ
ਸਾਕਾਰ ਹੁੰਦੇ ਨੇ ਸੁਪਨੇ!

ਇਕ ਸੁਪਨਾ ਮੈਂ ਵੀ ਦੇਖਿਆ ਸੀ
ਜੋ, ਮੇਰੀ ਤਕਦੀਰ ਸੀ, ਤਦਬੀਰ ਸੀ
ਮੇਰੇ ਲਈ ਖਾਸ ਸੀ, ਵਿਸ਼ਵਾਸ ਸੀ
ਮੇਰਾ ਫਰਜ਼ ਸੀ, ਹਮਦਰਦ ਸੀ
ਮੇਰੀ ਜਾਨ ਸੀ, ਈਮਾਨ ਸੀ
ਮੇਰਾ ਮਾਣ ਸੀ, ਪਰਾਣ ਸੀ
ਉਹ ਬਸ ਉਹ ਸੀ, ਉਹ ਕੀ ਸੀ
ਮੇਰੇ ਲਈ ਰੱਬ ਦੀ ਤਸ਼ਬੀਹ ਸੀ

ਫਿਰ-
ਸੁਪਨਾ ਚੁਣੌਤੀਆਂ ਨਾਲ ਭਰ ਗਿਆ
ਮੈਨੂੰ ਮਸ਼ਕਰੀਆਂ ਕਰਨ ਲੱਗ ਗਿਆ

ਚੁਣੌਤੀਆਂ -
ਅਣਕੀਤਾ ਗੁਨਾਹ ਮਨਵਾਉਂਦੀਆਂ
ਮੇਰੇ ਅਕਸ ਨੂੰ ਟੇਢਾ ਦਿਖਾਉਂਦੀਆਂ
ਮੇਰੇ ਵਜੂਦ ਦੇ ਅਰਥ ਮਿਟਾਉਂਦੀਆਂ
ਮੇਰੀ ਹਸਰਤ ਨੂੰ ਦਫਨਉਂਦੀਆਂ
ਕਈ-ਕਈ ਕੋਝੇ ਦੂਸ਼ਣ ਲਾਉਂਦੀਆਂ
ਤੇ-
ਦਿਲ ’ਚ ਕਿੱਲਾਂ ਗੱਡਦੇ ਮਿਹਣੇ
ਬਦ-ਜ਼ਬਾਨੀ, ਬਦ-ਇਖਲਾਕੀ
ਅਸਭਿਅਕ ਅਵਾਰਾਗਰਦ ਭਾਸ਼ਾ
ਸਹਿਮ, ਡਰਾਵੇ, ਬਦਲਾਖੋਰੀ
ਦਹਿਸ਼ਤੀ ਆਲਾ-ਦੁਆਲਾ
ਸਮਾਜਿਕ ਸ਼ਹਿ, ਸਾਜਿ਼ਸ਼ੀ ਮਾਹੌਲ
ਰਿਸ਼ਤਿਆਂ ਦੀ ਅਦਲਾ-ਬਦਲੀ
ਹਾਊਮੈ ਦੀ ਗਰਦ ਤੋਂ ਡਰਦੀ
‘ਭਿੰਦਰ’ ਆਪਣੀ ਨਿਹੱਥੀ ‘ਵਫਾ’ ਨੂੰ ਸਾਂਭ
ਅੰਨ੍ਹੀ ਗਲੀ ਦੇ ਸੰਘਣੇ ਹਨ੍ਹੇਰੇ ਵਿੱਚ
ਇਕੱਲੀ ਗੁਣ-ਗੁਣਾਉਂਦੀ ਤੁਰ ਪਈ
‘‘ਮੈਂ ਤੁਰਨਾ ਸਿੱਖ ਗਈ ਆਂ
ਖਿਆਲਾਂ ਦੀ ਬੇੜੀ ਚੜ੍ਹਕੇ’’
09/12/15

 

ਮੈਂ, ਮਾਂ ਤੇ ਧੀ
ਭਿੰਦਰ ਜਲਾਲਾਬਾਦੀ, ਯੂ ਕੇ

ਤੂੰ ਆਪਣੀਆਂ ਖੁਸ਼ੀਆਂ ਦੇ ਸਾਹ ਰੋਕ ਕੇ,
ਮੇਰੀ ਜ਼ਿੰਦਗੀ ’ਚ ਹਰਿਆਲੀ ਭਰਦੀ ਰਹੀ
ਮੈਂ ਤੇਰੀ ਦੇਣਦਾਰ ਹਾਂ ਮਾਂ!
ਮੇਰੀ ਪ੍ਰਵਿਰਸ਼ ਲਈ ਤੂੰ
ਅਣਗਿਣਤ ਔਕੜਾਂ ਸਹੀਆਂ
ਮੈਂ ਤੇਰੀ ਦੇਣਦਾਰ ਹਾਂ ਮਾਂ!

....ਤੈਨੂੰ ਚੇਤੈ?
ਮੇਰੇ ਜਨਮ ਵੇਲੇ ਤੂੰ ਮੈਨੂੰ
‘ਜਰਨ’ ਦੀ ਗੁੜਤੀ ਦੇ ਕੇ ਆਖਿਆ ਸੀ-
‘ਜਰ ਲਵੀਂ ਪਰ ਕੁਸਕੀਂ ਨਾ’,
ਤੇ ਮੈਂ, ਮੈਂ ਤੇਰੇ ਬੋਲਾਂ ’ਤੇ ਸ਼ਰਧਾ ਨਾਲ
ਫੁੱਲ ਚੜ੍ਹਾਏ ਸੀ ਮਾਂ!
ਸਮਾਜ ਦੀਆਂ ਜਮਾਂਦਰੂ ਭਾਵਨਾਵਾਂ ਦੇ ਅਹਿਸਾਸ
ਆਪਣੇ ਅੰਦਰ ਪੂਰੀ ਤਰ੍ਹਾਂ ਸਮਾ ਲਏ ਸੀ ਮਾਂ!

.....ਫਿਰ
ਰੀਤਾਂ ਅੱਗੇ ਸਿਰ ਝੁਕਾਅ ਕੇ
ਇਕ-ਇਕ ਕਰਕੇ ਸੁਪਨਿਆਂ ਨੂੰ
ਜਾਗਣ ਤੋਂ ਵਰਜ ਕੇ
ਮੈਂ ਕਿਸਮਤ ਦੀ ਸ਼ਰਨ ’ਚ ਬਿਠਾ ਲਿਆ ਸੀ ਮਾਂ!
ਆਸਾਂ ਦੇ ਤਾਰੇ ਬੁਝਾ ਕੇ
ਅੱਖਾਂ ’ਚ ਰੜਕਦੀ ਨੀਂਦ ਨਾਲ
ਮੈਂ ਰੁੱਸੀ ਹੋਈ ਤਕਦੀਰ ਨੂੰ ਮਨਾ ਲਿਆ ਸੀ ਮਾਂ!
ਬੇ-ਹਰਕਤ ਜਿਹੀ ਸੋਚ ਵਿੱਚ ਸਾਹ ਲੈਂਦਿਆਂ
ਆਪ ਨੂੰ ਦੁਨੀਆਂ ਦੇ ਸਾਕਾਂ ਨਾਲ ਜੋੜ ਕੇ
ਮੈਂ ਖਾਰੇ ਜਿਹੇ ਰੰਗਾਂ ਵਾਲੇ ਰਿਸ਼ਤਿਆਂ ਦੀ
ਵਲਗਣ ’ਚ ਰਲਾ ਲਿਆ ਸੀ ਮਾਂ!
ਮਨ ਦੀ ਸੱਖਣੀ ਧਰਤੀ ਵਿੱਚੋਂ
ਜਿ਼ੰਦਗੀ ਦੇ ਅਰਥ ਲੱਭਦਿਆਂ
ਮੈਂ ਝੋਰੇ ਨੂੰ ਸੀਨੇ ਲਾ ਲਿਆ ਸੀ ਮਾਂ!
‘ਸੁਪਨੇ ਹੋਰ ਤੇ ਜ਼ਿੰਦਗੀ ਹੋਰ’ ਦੇ ਸਵਾਲ
ਖਹਿੰਦੇ ਰਹੇ ਸੀ ਮੇਰੇ ਅੰਦਰ ਚਾਹੇ,
ਪਰ ਮੈਂ ਜੱਦੀ-ਪੁਸ਼ਤੀ ਵਿਚਾਰਾਂ ਨੂੰ
ਅਪਣਾ ਲਿਆ ਸੀ ਮਾਂ!
ਹੋਂਦ ਤੇ ਅਣਹੋਂਦ ਦੇ ਅਨੁਪਾਤ ਵਿੱਚ ਵੀ
ਮੈਂ ਮਨਫ਼ੀ ਹੋ ਕੇ, ਖੁਦ ਨੂੰ ਮਿਟਾ ਲਿਆ ਸੀ ਮਾਂ!

....ਤੇ ਹੁਣ
ਜਦ ਮੈਂ ਆਪਣੀ ਧੀ ਅੱਗੇ
ਇਹੀ ਫਰਜ਼ਾਂ ਦੇ ਸਬਕ ਰੱਖੇ ਤਾਂ
ਉਸ ਮੇਰੇ ਵਿਚਾਰਾਂ ਦਾ ਦਹੇਜ ਲੈਣ ਤੋਂ
ਕੋਰਾ ਇਨਕਾਰ ਕਰ ਦਿੱਤਾ ਏ ਮਾਂ!
ਮੇਰੀ ਸੋਚ ਦੀ ਪੁਸ਼ਾਕ ਪਹਿਨਣ ਤੋਂ ਉਸਨੇ
ਨਾਂਹ ’ਚ ਸਿਰ ਹਿਲਾ ਦਿੱਤਾ ਏ ਮਾਂ!
ਜ਼ਮੀਰ ਮਾਰ ਕੇ ਜੀਣ ਵਾਲੀ ਸੋਚ ਨੂੰ ਉਸਨੇ
ਸਿਰ ਫੇਰ ਕੇ ਨਕਾਰ ਦਿੱਤਾ ਏ ਮਾਂ!
ਮੈਂ ਮੱਥੇ ਦੇ ਲੇਖਾਂ ਤੇ ਹੱਥ ਦੀਆਂ ਲਕੀਰਾਂ
ਦੀ ਗੱਲ ਕੀਤੀ ਤਾਂ ਮੇਰੇ ਸਿਧਾਂਤ ਨੂੰ
ਉਸ ਆਪਣੀ ਸਮਝ ਵਿੱਚ
ਜੋੜਨ ਦੀ ਬਜਾਏ ਘਟਾ ਦਿੱਤਾ ਏ ਮਾਂ!

.....ਹੁਣ ਤੱਕ
ਮੇਰੇ ਅੰਦਰਲੇ ਸਬਰ ਨੂੰ ਰੱਜ ਕੇ ਕੋਸਦੀ
ਉਹ ਹਾਦਸਿਆਂ ਨੂੰ ਨਿਰੰਤਰ ਪੜ੍ਹਦੀ ਰਹੀ ਸੀ ਮਾਂ!
ਮੇਰੇ ਉਦਾਸ ਰੁੱਤਾਂ ਦੇ ਪਲ, ਇਕੱਲਤਾ ਦੀ ਸੁੰਝ,
ਝਰੀਟੀਆਂ ਸੱਧਰਾਂ ’ਤੇ ਤਬਸਰਾ ਕਰਦੀ ਰਹੀ ਸੀ ਮਾਂ!
ਮੇਰੇ ਹਾਉਕਿਆਂ ਦੀ ਭਾਫ਼ ਜਰਦੀ ਤੇ ਕਰੜੀ ਜ਼ਿੰਦਗੀ ਨੂੰ
ਉਹ ਆਪਣੇ ਅਸੂਲਾਂ ਨਾਲ ਨਾਪਦੀ ਰਹੀ ਸੀ ਮਾਂ!

.....ਤੇ ਸੁਣ?
ਜਦ ਮੈਂ ਉਸਨੂੰ ‘ਬੇਗਾਨਾ ਧਨ’ ਆਖ ਬੈਠੀ
ਤਾਂ ਆਪਣੇ ‘ਵਜੂਦ’ ਦੀ ਤਰਫਦਾਰੀ ’ਚ
ਉਹ ਅੱਜ ਉਛਲ ਪਈ ਸੀ ਮਾਂ!
ਮਲਾਲਾ ਯੂਸਫਜ਼ਾਈ ਦੀ ਬਹਾਦਰੀ ਵਰਗੀਆਂ
ਅਨੇਕਾਂ ਮਿਸਾਲਾਂ ਮੇਰੇ ਅੱਗੇ ਕੱਢ ਲਿਆਈ ਸੀ ਮਾਂ!
ਫੌਜ, ਪੁਲੀਸ, ਵਿਗਿਆਨ, ਟੈਕਨਾਲੋਜੀ
ਤੇ ਹਰ ਖੇਤਰ ਵਿੱਚ ਔਰਤ ਬਰਾਬਰੀ ਦੇ
ਕਿੱਸਿਆਂ ਦੇ ਢੇਰ ਮੇਰੇ ਅੱਗੇ ਉਹ
ਲਗਾਤਾਰ ਲਗਾਈ ਗਈ ਸੀ ਮਾਂ!

.....ਤੇ ਅੱਜ
ਉਹਦੇ ਖਿਆਲਾਂ ਦੀ ਨਬਜ਼ ਟੋਹ ਕੇ
ਮੈਂ ਜਾਣ ਗਈ ਹਾਂ-
ਉਹ ਸਾਡੀਆਂ ਪਲੀਆਂ-ਪਲੋਸੀਆਂ
ਰਹੁ-ਰੀਤਾਂ ਦਾ ਵਿਰੋਧ ਨਹੀਂ,
ਸਗੋਂ ਦਲੇਰੀ ਦਾ ਪੱਖ ਪੂਰਦੀ ਏ ਮਾਂ!
ਉਹ ਮਾਤਾ ਗੁਜਰੀ, ਮਾਈ ਭਾਗੋ
ਬੀਬੀ ਭਾਨੀ, ਮਾਤਾ ਖੀਵੀ ਦੇ ਦਿੱਤੇ
ਸੰਕਲਪ ਦੀ ਹਾਮੀ ਭਰਦੀ ਏ ਮਾਂ!

.....ਤੇ ਮਾਂ
ਦੋ ਪੀੜ੍ਹੀਆਂ ਦੀ ਜੂਨ ਹੰਡਾਉਂਦੀ
ਹੁਣ ਤੇਰੀ ‘ਭਿੰਦਰ’ ਦੀ ਸੋਚ ਵੀ ਕੁਝ ਕੁ
ਜੁਅਰਤ ਵੱਲ ਨੂੰ ਉਲਰ ਗਈ ਏ ਮਾਂ!
ਥਾਂ-ਥਾਂ ਤੋਂ ਟੁੱਟੀ ਪਈ ਸੀ ਜੋ,
ਥੋੜ੍ਹੀ-ਥੋੜ੍ਹੀ ਫਿਰ ਤੋਂ ਜੁੜ ਗਈ ਏ ਮਾਂ!
07/03/15

 

ਗੁਨਾਹ
ਭਿੰਦਰ ਜਲਾਲਾਬਾਦੀ

ਬਚਪਨ ਵਿੱਚ-
ਵਹੀਰਾਂ ਘੱਤ ਘਰ ਨੂੰ ਪਰਤ ਰਹੇ
ਕੀੜੀਆਂ ਦੇ ਭੌਣ ਨੂੰ ਨਿਖੇੜ ਦੇਣਾ
ਉਹਦੀਆਂ ਆਸਾਂ ’ਤੇ ਪਾਣੀ ਫੇਰ
ਮੇਰਾ ਔਹ ਜਾਣਾ।

ਕਦੇ ਦੀਵਾਰ ’ਤੇ ਚੜ੍ਹਦੀ ਜਾਂਦੀ
ਤਿੱਤਲੀ ਨੂੰ ਹੇਠਾਂ ਸੁੱਟ ਦੇਣਾ
ਉਤਸ਼ਾਹ ਮਾਰ ਕੇ ਉਹਦੀ
ਬਾਰ-ਬਾਰ ਦੀ ਕੋਸਿ਼ਸ਼
ਨਾਕਾਮ ਕਰ ਦੇਣਾ।

ਆਪਣੇ ਸਾਥੀ ਦੇ ਇੰਤਜ਼ਾਰ ’ਚ
ਟਾਹਣੀ ’ਤੇ ਬੈਠੀ ਚਿੜੀ ਦੇ
ਆਲ੍ਹਣੇ ਦਾ ਮਲਬਾ
ਐਵੇਂ ਹੀ ਖਿਲਾਰ ਦੇਣਾ।

ਕਦੇ ਧਰਤੀ ’ਤੇ ਰੀਂਗਦੇ ਗੰਡੋਏ
ਉਪਰ ਲੂਣ ਦੀ ਡਲੀ ਪਾ ਕੇ
ਉਹਦਾ ਅਕਸ ਹੀ ਮਿਟਾ ਦੇਣਾ।

ਫਿਰ ਜ਼ਿੰਦਗੀ ਦੀ ਸੜਕ ’ਤੇ
ਚਲਦਿਆਂ ਕਿੰਨੇ ਵਰ੍ਹੇ ਇਸ ਦੋਸ਼ ਨੂੰ
ਬਚਪਨ ਸਿਰ ਮੜ੍ਹਦਿਆਂ,
ਮੇਰਾ ਖੁਦ ਨੂੰ ਦੋਸ਼-ਮੁਕਤ
ਕਰਾਰ ਦੇ ਲੈਣਾ।

ਜਦ ਆਪਣੀ ਵਾਰੀ ਆਈ
ਮਨ ਦੇ ਤਹਿਖਾਨੇ ਵਿੱਚ
ਚਰਚਾ ਛਿੜ ਪਈ
ਪੀੜਾਂ ਦੀ ਵਿਆਖਿਆ ਹੋਈ
ਸੋਚਾਂ ’ਤੇ ਪਹਿਰੇ ਲੱਗੇ,
ਹਸਰਤਾਂ ਦੇ ਖੰਭ ਖੋਹੇ ਗਏ।
ਬੇਬਸੀ ’ਚ ਰੀਂ-ਰੀਂ ਕਰਦਾ ਮਨ,
ਦਰਦ ’ਚ ਮਘਦੇ ਸਾਹ,
ਹੱਥੀਂ ਉਣੇ ਖਵਾਬ
ਅੱਖਾਂ ਸਾਮ੍ਹਣੇ ਉਧੜਦੇ ਰਹੇ।
ਫਰਜ਼ਾਂ ਦੀ ਭੀੜ ’ਚ ਹਫਿਆ ਮਨ
ਤੇ ਚੁੱਪ ਦੇ ਭੋਰੇ ’ਚ ਸਹਿਮਿਆ ਵਜੂਦ,
ਅੰਦਰਲੇ ਹਨ੍ਹੇਰੇ ’ਚ ਸੁੱਤੇ ਪਏ
ਲੇਖਾਂ ਨੂੰ ਸਾਖਸ਼ਾਤ ਤੱਕਦੇ ਰਹੇ।

ਤਾਂ ਫਿਰ, ਪਛਤਾਵਿਆਂ ਦੇ ਗਲ ਲੱਗ
ਸ਼ਰਮ ਦੀ ਵਿਰਾਸਤ ਤੋਂ ਬਾਹਰ ਆ
ਮਨ ਦੀ ਦਹਿਲੀਜ਼ ’ਤੇ ਖੜ੍ਹ
‘ਭਿੰਦਰ’ ਨੇ ਸਾਰੇ ਕੀਤੇ ਗੁਨਾਹ
ਇਕਸਾਰ ਹੀ ਕਬੂਲ ਲਏ!
ਮੈਂ ਸਾਰੇ ਗੁਨਾਹ ਕਬੂਲ ਕਰ ਲਏ!!!
25/01/15

ਕਾਸ਼!
ਭਿੰਦਰ ਜਲਾਲਾਬਾਦੀ

ਮੇਰੇ ਖਿਆਲਾਂ ਵਿੱਚ ਕਦੇ-ਕਤਾਈਂ
ਖਾਹਸ਼ਾਂ ਦੇ ਸੁਪਨੇ ਉੱਗ ਆਉਂਦੇ ਨੇ
ਤੇ ਅੰਦਰ ਬਹਿਸ ਧੁੱਖ ਪੈਂਦੀ ਏ।
ਤੇਰੇ ਅਸੀਸਾਂ ਵਰਗੇ ਬੋਲਾਂ ਤੇ ਇਕਰਾਰਾਂ ਵਿਚ,
ਅਪਣੱਤ ਦੇ ਜੋ ਹਰਫ ਹੋਇਆ ਕਰਦੇ ਸਨ,
ਉਨ੍ਹਾਂ ਅਰਥਾਂ ਨੂੰ ਜੀਅ ਭਿਆਣੀ ਜਾਨ
ਫਿਰ ਲੱਭਣ ਲੱਗ ਜਾਂਦੀ ਏ...।

ਭਾਵੇਂ ਮੇਰੀਆਂ ਇਛਾਵਾਂ ਦੀ ਤੋਰ
ਹੁਣ ਮੱਧਮ ਪੈ ਗਈ ਏ
ਤੇ ਸੰਭਾਵਨਾਵਾਂ ਦਾ ਹੱਥ ਵੀ
ਤੰਗ ਹੋ ਗਿਆ ਏ
ਪਰ ਇਕ ਰਿਹਾੜ ਮੇਰੇ ਅੰਦਰ,
ਹੱਥੋਂ ਨਿਕਲ ਗਏ ਪਲਾਂ ਦੇ ਵੇਰਵਿਆਂ
ਦੇ ਬਰ ਮੇਚਦੀ ਰਹਿੰਦੀ ਏ...।
ਫਿਰ,
ਨਿਹੋਰਾ ਮਾਰਨ ਦੇ ਇਕੋ ਇੱਕ
ਬਚੇ-ਖੁਚੇ ਹੱਕ ਨਾਲ ‘ਭਿੰਦਰ’
ਹੱਥ ਜੋੜ ਮੁਖਾਤਿਬ ਹੋ ਜਾਂਦੀ ਏ-

‘‘ਜੋ ਲਿਖਿਆ ਏ ਨਸੀਬਾਂ ਵਿੱਚ ਮੇਰੇ
ਉਹ ਤਾਂ ਦੇਈ ਹੀ ਜਾਂਦਾ ਹੈਂ,
ਪਰ ਜੋ ਨਹੀਂ ਲਿਖਿਆ
ਕਾਸ਼! ਉਹ ਵੀ ਦੇ ਦੇਂਦਾ ਤੂੰ ਮੈਨੂੰ?
ਕਾਸ਼......!!!!
25/01/15

 

ਕੁਝ ਨਾ ਆਖ ਮੈਨੂੰ
ਭਿੰਦਰ ਜਲਾਲਾਬਾਦੀ

ਮੈਂ ਵਖਰੇਵਿਆਂ ਭਰੇ ਸਮਾਜ ਦੀ ਕੁੱਖੋਂ ਜਾਈ ਹਾਂ
ਰੀਤਾਂ ਦੀ ਬਲੀ ਚੜ੍ਹ ਕੇ ਕਾਲੇ ਪਹਿਰਾਂ ਦੇ
ਸਿਰਜੇ ਨਕਸ਼ਿਆਂ ’ਤੇ ਚੱਲਦੀ ਰਹੀ ਹਾਂ
ਜਿਹਦੀ ਸਾਜ਼ਿਸ਼ੀ ਸੋਚ ਦਾ ਭਾਰ ਹੁਣ
ਮੇਰੇ ਖਿ਼ਆਲਾਂ ਤੋਂ ਸਹਿ ਨ੍ਹੀ ਹੁੰਦਾ
ਮੇਰੇ ਅੰਦਰ ਅਪ੍ਰਵਾਨਗੀ ਦਾ
ਗਿਲ੍ਹਾ ਧੁਖ਼ਦਾ ਰਹਿੰਦਾ ਏ
ਤਾਂ ਹੀ ਹੁਣ ਮੈਨੂੰ ਆਵਾਜ਼ਾਂ ਦੇ ਨੀਝ ਨਾਲ
ਅਰਥ ਕੱਢਣ ਦੀ ਵਾਦੀ ਪੈ ਗਈ ਹੈ

ਇਕ ਅਰਜ਼ ਕਰਾਂ ਤੇਰੇ ਅੱਗੇ?
ਤੂੰ ਬੇਜਾਨ ਹਰਫ਼ਾਂ ਨਾਲ ਮੇਰੀ ਤੁਲਨਾ ਕਰ ਕੇ
ਮੈਨੂੰ ਮੇਰੇ ਵਿਚੋਂ ਮਨਫ਼ੀ ਨਾ ਕਰਿਆ ਕਰ!
ਇਵੇਂ ਮੇਰੇ ਸੁਪਨਿਆਂ ਦੇ ਨਕਸ਼ ਖੁੰਢੇ ਹੋ ਜਾਂਦੇ ਨੇ
ਮੇਰੀ ਜਾਗਦੀ ਹਿਰਸ, ਬੁਝਣ ਲੱਗਦੀ ਏ
...ਤੇ ਮੇਰੇ ਮੱਥੇ ’ਤੇ ਉਦਾਸੀ ਚਿਪਕ ਜਾਂਦੀ ਏ
ਮੇਰੇ ਅੰਦਰਲੇ ਅਹਿਸਾਸਾਂ ਦੀ ਜੜ੍ਹ, ਸੁੰਗੜ ਜਾਂਦੀ ਏ
ਤੇ ਮੇਰੀ ਸੋਚ ਨੂੰ ਪੀਲੀਆ ਹੋ ਜਾਂਦਾ ਏ
ਚਾਨਣੀ ਲੋਅ ਨੂੰ ਵੀਰਾਨਗੀ ਘੇਰ ਲੈਂਦੀ ਏ

ਵਫ਼ਾ ਦੀ ਸਰਦਲ ’ਤੇ ਖੜ੍ਹ ਕੇ
ਮੇਰੀ ਇਬਾਦਤ ਵਿੱਚ ਵਿਘਨ ਪੈ ਜਾਂਦਾ ਏ
ਤੇ ਪੀੜ ਵਿੱਚ ਸਜਾਵਟ ਦੇ ਮਨਫ਼ੀ ਹੋਏ ਅਰਥਾਂ ਵਾਂਗ
ਮੈਂ ਬੇਮਤਲਬ, ਬੇਅਰਥ ਹੋ ਜਾਂਦੀ ਹਾਂ
ਤੈਨੂੰ ਪਤੈ, ਟੁੱਟੀ ਹੋਈ ਉਮੀਦ ਨੂੰ ਚੁੱਕੀ ਫਿਰਨਾ
ਸੁਖ਼ਾਲਾ ਨਹੀਂ ਹੁੰਦਾ

ਨਾ ਕਿਹਾ ਕਰ ਕੁਝ ਮੈਨੂੰ, ਮੇਰੇ ਅੰਦਰ ਸਮੇਂ ਦੇ
ਕਿਰ ਜਾਣ ਦਾ ਅਹਿਸਾਸ ਮੁੜ ਜਾਗ ਪੈਂਦਾ ਏ
ਹਾਲੇ ਕੁਝ ਦੇਰ ਪਹਿਲਾਂ ਹੀ ਤਾਂ
ਵਾ-'ਵਰੋਲਿਆਂ ਵਿੱਚ ਮੇਰੀ ਤਕਦੀਰ ਘੜ੍ਹਨ ਦੀ ਕੋਸਿ਼ਸ਼
ਨਾਕਾਮ ਹੋਈ ਸੀ
ਮੇਰੀ 'ਇਬਾਰਤ' ਦੇ ਹਰਫ਼ ਫਿੱਕੇ ਪੈ ਗਏ ਸੀ
ਨਾ ਆਖ ਮੈਨੂੰ ਕੁਝ, ਮੇਰਾ ਅੰਦਰ ਉਛਲ ਪੈਂਦਾ ਏ
ਜੀਅ ਲੈਣ ਦੇ ‘ਭਿੰਦਰ’ ਵਿਚਲੀ ਹਸਰਤ ਨੂੰ
ਤੇ ਤੂੰ ਕੁਝ ਨਾ ਆਖ ਮੈਨੂੰ, ਕੁਝ ਨਾ....!
16/11/14

ਸੁੰਨ੍ਹੇ ਰਾਹ
ਭਿੰਦਰ ਜਲਾਲਾਬਾਦੀ

ਤੂੰ ਮੈਨੂੰ ਕਵਿਤਾ ਕਿਹਾ
ਪਰ ਮੈਂ ਨਾਂਹ ਕਹੀ
ਕਿਉਂਕਿ ਕਵਿਤਾ ਯਥਾਰਥ ਤੋਂ ਪਰ੍ਹੇ ਹੁੰਦੀ ਏ
ਤਾਂ, ਫਿਰ ਤੂੰ ਮੇਰਾ ਗੀਤ ਬਣਾਇਆ

ਮੈਂ ਮੋੜਵਾਂ ਉੱਤਰ ਦਿੱਤਾ ਕਿ
ਗੀਤ ਤਾਂ ਸੁਰਾਂ ’ਚ ਸਮਾ ਜਾਂਦੈ!
ਫਿਰ ਤੂੰ ਮੈਨੂੰ ਕਹਾਣੀ ’ਚ ਸਮਾਇਆ
ਮੈਂ ਕਹਾਣੀ ਤੋਂ ਵੀ ਕੋਹਾਂ ਦੂਰ ਰਹੀ।
ਕਦੇ ਤੂੰ ਮੈਨੂੰ ਬੁਝਾਰਤ ਸੱਦਿਆ
ਤਾਂ ਵੀ ਮੈਂ ਨਾਂਹ ’ਚ ਸਿਰ ਹਿਲਾਇਆ

...ਪਰ, ਜਦ ਤੂੰ ਉਹ ‘ਬੋਲ’ ਕਹੇ
ਮੈਂ ਬੋਲ ਸੁਣ, ਸਦਮੇ ’ਚ ਝੁਣਝੁਣੀ ਲਈ
ਅਣਕੀਤਾ ਗੁਨਾਹ ਕਬੂਲ ਕਰਕੇ
ਸੰਤਾਪ ਚੁੱਕ ਸੁੰਨ੍ਹੇ ਰਾਹਾਂ ’ਤੇ ਤੁਰ ਪਈ
‘ਭਿੰਦਰ’ ਫਿਰ ਹਨ੍ਹੇਰਿਆਂ ’ਚ ਖੁਰ ਗਈ!!
16/11/2014

 

ਭਿੰਦਰ ਜਲਾਲਾਬਾਦੀ, ਯੂ ਕੇ
bjalalabadi@hotmail.co.uk

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2020, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com