WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਗੁਰਪ੍ਰੀਤ ਕੌਰ ਗੈਦੂ
ਯੂਨਾਨ

GurpreetK Gaidu

ਦੁਆ
ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਇਹ ਰੂਹਾਨੀਅਤ 
ਇਹ ਅਜਬ ਰੂਹਦਾਰੀ
ਮੈਂ ਰੂਹ ਨਾਲ ਮਾਨਣਾ
ਚਾਹੁੰਦੀ ਹਾਂ।
 
ਕਿਸੇ ਦਾ ਚੰਗਾ ਹੋਵੇ
ਜਾਂ ਨਾ ਹੋਵੇ,
ਬੁਰਾ ਨਾ ਕਿਸੇ ਦਾ ਹੋਵੇ ਮੈਥੋਂ, 
ਇਹੀ ਸੋਚਦੀ ਰਹਿੰਦੀ ਹਾਂ।
 
ਦਿਓ ਦੁਆਵਾਂ 
ਰਲ ਮਿਲ ਮੈਨੂੰ 
ਕਿੱਧਰੇ ਗੁੰਮ ਨਾ ਜਾਵਾਂ 
ਇਹਨਾਂ  ਘੁੰਮਣ ਘੇਰੀਆਂ ਵਿੱਚ ਰਹਿੰਦੀ ਹਾਂ।
 
ਇਹ ਦੁਨੀਆਂ ਦੇ ਦੁੱਖ ਦਰਦ ਘਟਾ ਸਕਾਂ, 
ਵੰਡਾ ਸਕਾਂ 
ਇਸੇ ਕੋਸ਼ਿਸ਼ ਵਿੱਚ ਰਹਿੰਦੀ ਹਾਂ।
 
ਪਤਾ ਹੈ ਕਿ,
ਮਿੱਠਤ ਨੀਵੀਂ ਨਾਨਕਾ,
ਗੁਣ ਚੰਗਿਆਈਆਂ ਤੱਤ ਹੈ,
ਇਸੇ ਕਰਕੇ ਨਿਮਾਣੀ ਹੋ ਕੇ ਰਹਿੰਦੀ ਹਾਂ।
26/09/2020


ਤਾਲਮੇਲ

ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਜੇ ਦਿਲ ਤੇ ਦਿਮਾਗ ਦਾ ਤਾਲ -ਮੇਲ ਖਤਮ
ਕਰ ਦਿੱਤਾ ਜਾਵੇ ਤਾਂ ਬੰਦਾ ਮਸ਼ੀਨ ਬਣ ਜਾਂਦਾ ਹੈ
ਸੋਚਣਾ ਦਿਮਾਗ ਦਾ ਕੰਮ ਹੈ
ਤੇ ਨਤੀਜੇ ਦਿਲ ਭੁਗਤਦਾ ਹੈ
ਜੇ ਦਿਲ ਨੂੰ ਬਚਾਉਣਾ ਹੈ ਤਾਂ
ਦਿਮਾਗ ਦੀ ਗੱਲ ਕਦੇ ਵੀ ਦਿਲ ਤੱਕ
ਨਾ ਪਹੁੰਚਣ ਦਿਓ
ਉਸ ਨੂੰ ਆਪਣਾ ਕੰਮ ਕਰਨ ਦਿਓ
ਖੂਨ ਨੂੰ ਸਰੀਰ ਦੇ ਸਾਰੇ ਭਾਗਾਂ ਤੱਕ
ਪਹੁੰਚਾਉਣ ਵਾਲਾ
ਜਿਸਦਾ ਸਾਨੂੰ ਹਰ ਵੇਲੇ
ਧੰਨਵਾਦ ਕਰਨਾ ਚਾਹੀਦਾ ਹੈ
ਕਿਉਂਕਿ ਖੂਨ ਵਿੱਚ ਉਤਰਾਅ -ਚੜ੍ਹਾਅ
ਹੀ ਜੀਵਨ ਦੀ ਹਿੱਲਜੁਲ ਦਾ ਕਾਰਨ ਬਣਦਾ ਹੈ
ਦਿਮਾਗ ਤਾਂ ਇੱਕ ਯੂਨੀਵਰਸਲ ਵਿਚਾਰਾਂ ਵਾਲੀਆਂ
ਰੇਲਾਂ ਦਾ ਇੱਕ ਵਿਸ਼ਾਲ ਜੰਕਸ਼ਨ ਹੈ
ਜਿੱਥੇ ਹਮੇਸ਼ਾਂ ਇਹਨਾਂ ਦਾ
ਆਉਣ ਜਾਣ ਚੱਲਦਾ ਹੀ ਰਹਿੰਦਾ ਹੈ
ਜੇ ਇਸ ਵਿੱਚ ਨਵੇਂ ਵਿਚਾਰਾਂ
ਨੂੰ ਪਰਗਟ ਕਰਨਾ ਹੈ
ਤਾਂ ਪੁਰਾਣਿਆਂ ਨੂੰ ਇੱਕ ਪਾਸੇ ਕਰ ਦਿਓ
ਇੱਕ ਸੰਦੂਕ ਵਰਗੀ ਚੀਜ਼ ਦੀ
ਸਿਰਜਣਾ ਆਪੇ ਹੀ ਕਰੋ
ਤੇ ਹਰ ਚੰਗੀ ਮਾੜੀ ਯਾਦ
ਇਸ ਵਿੱਚ ਸਾਂਭ ਦਿਓ
ਲੋੜ ਪੈਣ ਤੇ ਕਿਸੇ ਵੀ ਯਾਦ ਨੂੰ
ਉਸ ਡੱਬੇ ਵਿੱਚੋਂ ਬਾਹਰ ਕੱਢੋ
ਉਸ ਦਾ ਆਨੰਦ ਲਓ
ਜਾਂ ਅਫਸੋਸ ਕਰੋ
ਬੇਸ਼ਰਤੇ,,,
ਇਸ ਨੂੰ ਦਿਲ ਤੱਕ
ਨਹੀਂ ਪਹੁੰਚਣ ਦੇਣਾ।
ਯਾਦ ਨੂੰ ਯਾਦ ਕਰ ਵਾਪਸ
ਓਸੇ ਸੰਦੂਕ ਵਿੱਚ ਸਾਂਭ ਦਿਓ।।
 23/06/2020


ਐ ਹਵਾ 

ਗੁਰਪ੍ਰੀਤ ਕੌਰ ਗੈਦੂ, ਯੂਨਾਨ

ਐ ਹਵਾ! ਤੂੰ ਮੇਰੇ ਹਮੇਸ਼ਾਂ ਖਿਲਾਫ਼ ਕਿਉਂ ਹੋਈ ਰਹਿੰਦੀ ਏਂ?
ਮੈਂ ਤੇਰਾ ਕੀ ਵਿਗਾੜਿਆ 
ਮੈਂ ਜਿੱਧਰ ਜਾਵਾਂ 
ਤੂੰ ਮੇਰੇ ਉਲਟ ਹੀ ਵਹਿੰਦੀ ਰਹਿੰਦੀ ਏਂ
ਐ ਹਵਾ! ਤੂੰ ਹਮੇਸ਼ਾਂ ਮੇਰੇ ਖਿਲਾਫ ਕਿਉਂ ਹੋਈ ਰਹਿੰਦੀ ਏਂ?
ਤੂੰ ਕਰੇਂ ਵੀ ਕੀ?
ਮੈਂ ਤੈਨੂੰ ਸਮਝ ਲਿਆ ਹੈ
ਉਲਟ ਵਹਿਣਾ ਹੀ ਤੇਰਾ ਸੁਭਾਅ ਹੈ
ਮੈਂ ਤੈਨੂੰ ਇਸ ਤਰ੍ਹਾਂ ਹੀ ਸਾਥੀ ਸਮਝ ਲਿਆ 
ਕਿਉਂਕਿ ਤੇਰੇ ਮੇਰੇ ਉਲਟ ਦਿਸ਼ਾ ਵਿੱਚ ਹੋਣ ਤੋਂ ਬਿਨਾਂ ਮੈਥੋਂ ਚੱਲ ਵੀ ਤਾਂ ਨਹੀਂ ਹੋਣਾ 
ਪਰ ਹਾਂ, 
ਇੱਕ ਮੇਰੇ ਤੇ ਮਿਹਰਬਾਨੀ ਕਰੀਂ 
ਤੂੰ ਚੱਲੀਂ ਮੇਰੇ ਉਲਟ ਪਰ ਉਲਟ
ਹੋਵੀਂ ਨਾ ਕਦੇ
ਤੂੰ ਬਥੇਰਾ ਮੇਰੇ ਉਲਟ ਚੱਲੀ ਏਂ
ਤੂੰ ਮੇਰੀ ਜ਼ਿੰਦਗੀ ਵਿੱਚ ਕਈ ਵਾਰੀ ਤੂਫਾਨ ਲੈ ਕੇ ਆਈ
ਤੂੰ ਮੇਰੇ ਕਈ ਪਿਆਰੇ ਰਿਸ਼ਤਿਆਂ ਵਾਲੇ ਬੂਝੇ ਉਖਾੜ ਸੁੱਟੇ 
ਤੂੰ ਮੇਰੇ ਵਿਹੜੇ ਦਾ ਬੋਹੜ ਲੈ ਗਈ 
ਬੋਹੜ ਦੀ ਛਾਂ ਲੈ ਗਈ 
ਤੂੰ ਮੇਰਾ ਬਾਪੂ ਤੇ ਮੇਰੀ ਮਾਂ ਲੈ ਗਈ 
ਮੈਂ ਤੈਨੂੰ ਫੇਰ ਵੀ ਕੁਝ ਨਾ ਕਿਹਾ 
ਪਰ ਫਿਰ ਤੂੰ ਤਾਂ ਹੱਦ ਕਰ ਅਗਾਂਹਾਂ ਹੋ ਗਈ 
ਦੱਸ ਕਿਹੜੀ ਡੇਕ ਤੇ ਕਿਹੜਾ ਤੂਤ  ਛੱਡਿਆ 
ਮੇਰੇ ਭਰਾ
ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਲੈ ਗਈ 
ਹੁਣ ਬੱਸ ਕਰ 
ਹੋਰ ਸਹਿ ਨਹੀਂ ਹੋਣਾ 
ਹੁਣ ਮੇਰੇ ਖਿਲਾਫ ਨਾ ਹੋਵੀਂ ਕਦੇ
ਭੈਣ ਬਣ ਕੇ
ਰੱਬ ਦਾ ਈ ਵਾਸਤਾ ਹੈ
ਹੁਣ ਤੂੰ ਮੇਰੇ ਉਲਟ ਵਹਿਣਾ ਛੱਡ ਦੇ!!
 16/03/2020


ਕਵਿਤਾ ਦਾ ਰੂਪ

ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਕਵਿਤਾ ਨਾਲ ਮੇਰੀ 
ਸਾਂਝ ਪੁਰਾਣੀ 
ਕਦੇ ਲੱਗੇ ਨਾਨੀ- ਪੜਨਾਨੀ 
ਕਦੇ ਪੜਨਾਨੀ ਦੀ ਵੀ ਪੜਨਾਨੀ 
 
ਕਦੇ ਚਾਚੀ -ਤਾਈ
ਕਦੇ ਸੋਹਣੀ ਮੁਟਿਆਰ ਲੱਗੇ
ਤੇ ਕਦੇ ਭੈਣ- ਭਾਈ
 
ਬੋਹੜ ਦੀ ਕਦੇ ਮੈਨੂੰ 
ਇਹ ਬੜੀ ਠੰਢੀ ਤੇ ਮਿੱਠੀ ਛਾਂ ਲੱਗੇ 
ਤੇ ਕਦੇ ਮੈਨੂੰ ਇਹ ਅਜ਼ਲਾਂ ਤੋਂ
ਮੇਰੀ ਮੁਸਕਰਾਉਂਦੀ ਮਾਂ ਲੱਗੇ 
 
ਕਦੇ ਇਹ ਕਵਿਤਾ ਨਿਆਰੀ
ਨੰਨ੍ਹੀ- ਮੁੰਨ੍ਹੀ ਲੱਗੇ ਬਾਲੜੀ ਪਿਆਰੀ 
ਕਦੇ ਕਵਿਤਾ ਲੱਗੇ ਫੁੱਲ ਤੇ
ਕਦੇ ਕੰਡੇ ਤੇਜ਼ ਧਾਰੀ 
 
ਕਦੇ ਖੇਡੇ ਤੇ ਪਾਵੇ ਰੌਲਾ ਤੇ
ਕਦੇ ਲੱਗੇ ਬੈਠੀ ਵਿੱਚ ਸਮਾਧੀ 
ਕਦੇ ਮੈਨੂੰ ਲੱਗੇ ਬਾਤਾਂ ਪਾਉਂਦੀ 
ਮੇਰੇ ਬਾਬਲ ਦੀ ਮਾਈ ਤੇ
 ਮੇਰੀ ਦਾਦੀ ਪੜਦਾਦੀ 
 
ਕਦੇ ਲੱਗੇ ਆਈ ਨਾਨਕਿਓਂ 
ਮੇਰੀ ਮਾਮੀ-ਮਾਸੀ ਤੇ
ਕਦੇ ਭੂਆ ਆਈ 
ਮੇਰੀ ਦਾਦੀ ਜਾਈ 
 
ਇਹ ਕਵਿਤਾ ਲੱਗੇ ਸ਼ਿਵ ਕਦੇ 
ਬੈਠੀ ਵਿੱਚ ਸਮਾਧੀ ਤੇ
ਛੁਡਾਵੇ ਹਰ ਯੁੱਗ ਵਿੱਚ 
ਵੱਡੇ -ਵੱਡੇ ਅਪਰਾਧੀ (ਕਰਮ ਚੱਕਰ ਵਾਲੇ ਅਪਰਾਧੀ)
 
ਕਦੇ ਵੇਦ ਪਾਠ- ਪੁਰਾਣ ਦੇ
ਰੂਪ ਲੈ ਧਰਤੀ ਤੇ ਆਈ 
ਕਦੇ ਗੀਤਾ ,ਕੁਰਾਨ ਤੇ ਕਦੇ ਮਹਾਂਭਾਰਤ ਤੇ ਰਮਾਇਣ 
ਕਦੇ ਗੁਰੂ ਗ੍ਰੰਥ ਸਾਹਿਬ ਜੀ ਰਾਮ ਰਸਾਇਣ 
 
ਸਦਾ ਮਹਾਨ ਕਵੀਆਂ ਨੂੰ ਕਰੀਏ
ਕੋਟਿ -ਕੋਟਿ ਨਮਸਕਾਰ 
ਸਾਨੂੰ ਵੀ ਬਖਸ਼ੋ ਕਲਾਕਾਰੀ
ਦੇਵੋ ਵਰ ਤੇ ਕਰੀਏ ਆਵਿਸ਼ਕਾਰ
 
ਕਵਿਤਾ ਦਾ ਕਦੇ ਨਾ ਅੰਤ ਹੋਇਆ
ਤੇ ਨਾ ਹੀ  ਹੋਣਾ ਹੈ 
ਕਵਿਤਾ ਯੁੱਗਾਂ- ਯੁੱਗਾਂਤਰਾਂ ਤੋਂ ਤੁਰੀ ਆਉਂਦੀ
ਤੇ ਸਦਾ ਤੁਰਦੀ ਆਉਣਾ ਹੈ
ਤੇ ਸਦਾ ਤੁਰਦੀ ਆਉਣਾ ਹੈ ।
27/01/2020


ਸੁਪਨ - ਸੁੱਖ

ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਮਸਾਂ ਮਸਾਂ ਤਾਂ ਬਹੁਤ ਚਿਰਾਂ ਤੋਂ 
ਕੋਈ ਸਾਡੇ ਘਰ ਸੀ ਆਇਆ
ਉੱਠੀ, ਉੱਠ ਕੇ ਚਾਈਂ- ਚਾਈਂ ਮਿਲੀ ਉਹਨਾਂ ਨੂੰ 
ਇੱਕ- ਇੱਕ ਕਰਕੇ ਸਭ ਨੇ ਗਲੇ ਲਗਾਇਆ 
 
ਮਿਲ ਕੇ ਸਭਨਾਂ ਭੈਣਾਂ ਭਾਈ
ਮੈਨੂੰ ਚਾਹ ਦੀ ਪਿਆਲੀ ਚੇਤੇ ਆਈ
ਉੱਠ ਕੇ ਤੇ ਭੱਜ ਕੇ ਮੈਂ ਚਾਹ ਬਣਾ ਕੇ ਫੁਰਨੇ ਵਿੱਚ ਲੈ ਆਈ
 
ਖੁਸ਼ੀਆਂ ਖੁਫ਼ੀਆ ਘਰੇ ਸੀ ਆਈਆਂ 
ਨਾ ਉਮੀਦ ਤੇ ਨਾ ਹੀ ਕੋਈ  ਉਡੀਕ  ਸੀ 
ਸਬੱਬ ਨਾਲ ਮੇਰਾ ਜੀ ਲਗਾਵਣ ਆਈਆਂ  
 
ਨਾ ਕੋਈ ਨੀਂਦਰ ਰੜਕੇ
ਨਾ ਨੈਣ ਤਰਕ ਵਿੱਚ ਫਰਕੇ
ਬਸ ਦੁਆਵਾਂ ਦਾ ਫੁੱਲ ਮਹਿਕੇ 
ਗਮ ਦੇ ਪਾਂਧੀ ਬੱਦਲ ਤਿੜਕੇ 
 
ਇਹ ਮੈਂ ਕਿਹੜੀ ਦੁਨੀਆਂ ਵਿੱਚ ਸੀ ਆਈ  
ਮਸਤ ਮਲੰਗ ਜਿਹੀ ਮਸਤੀ ਸੀ ਛਾਈ 
ਕਿੱਧਰੇ ਰੋਣਾ ਭੁੱਲ, ਹਾਸਿਆਂ ਦੀ ਟੋਲੀ ਜਿਹੀ ਆਈ 
 
ਮੈਂ ਖੁਸ਼ੀਆਂ ਖੀਵੇ ਖਿੜਦੇ ਦੇਖੇ 
ਜੁੱਗੜਿਆਂ ਬਾਅਦ ਆਪਣੇ ਦੇਖੇ 
ਮੈਂ ਸਮਝ ਸੋਚ ਕੇ ਹਾਰੀ ਜਾਵਾਂ 
ਕਿਤੇ ਸੋਚ- ਸੋਚ ਕੇ ਟੇਵਾ ਲਾਈ ਜਾਵਾਂ  
 
ਇਹ ਕਿਹੜੀ ਮਿੱਟੀ ਦੇ ਦੇਸ਼ ਸੀ ਮੈਂ  ਆ ਗਈ 
ਮੈਨੂੰ ਮੇਰੀ ਹੀ ਸਮਝ ਨਹੀਂ ਸੀ ਆ ਰਹੀ 
ਆਪਣੇ ਆਪ ਨੂੰ ਸਮਝਣ ਦੇ ਲਈ ਜਦ ਮੈਂ ਮੈਨੂੰ ਹਲੂਣਿਆ 
ਹੋ ਗਿਆ ਸਭ ਕੁਝ ਸਾਫ ਓਏ ਮਨਾ ਊਣਿਆ 
ਤੂੰ ਕਿੱਥੇ ਫਿਰਦਾ ਸੁਪਨਿਆਂ ਦੀ
ਦੁਨੀਆਂ ਦੇ ਅੰਦਰ 
ਤੂੰ ਤਾਂ ਬਿਲਕੁਲ ਕੱਲ੍ਹਾ ਈ ਰਹਿ ਗਿਆ ਏਂ 
ਬੁੜ -ਬੜਾਇਆ ਅਸਲ ਦੁਨੀਆਂ ਦੇ ਅੰਦਰ 
 
ਇੱਕ ਮੇਰੇ ਅੰਦਰ ਭਾਂਬੜ ਮੱਚੇ 
ਇੱਕ ਸਿਵੇ ਦੇ ਅੰਦਰ ਮੱਚੇ 
ਬਾਹਰ ਵਾਲਾ ਸ਼ਾਂਤ ਸੀ ਹੋ ਗਿਆ 
ਪਰ ਅੰਦਰ ਵਾਲਾ ਹੋਰ ਡਾਢਾ ਸੀ ਹੋ ਗਿਆ
ਸ਼ਾਂਤ ਕੀਹਨੇ ਕਰਣਾ 
ਮਨ ਸਤਿਗੁਰ ਦੀ ਮਤਿ ਭੁੱਲ ਭੁਲਾ ਗਿਆ 
ਇੱਕ ਸਵਾਲ ਮੈਂ ਮੇਰੇ ਤੇ ਸੀ ਉਠਾ ਲਿਆ
ਪਰ ਕਿੱਥੇ ਸੁਣਦਾ ਜਾ ਜ਼ੋਰ 
ਮੋਹ ਮਾਇਆ ਨੇ ਸੀ ਪਾ ਲਿਆ 
 
ਇੱਕ ਬਾਹਰ ਕਬਰਸਤਾਨ ਹੈ
ਚੁੱਪ- ਚਾਪ ਬਹੁਤ ਕੁਝ ਸੀ ਦਫ਼ਨ 
ਮੇਰੇ ਅੰਦਰ ਵੀ ਇੱਕ ਸ਼ਮਸ਼ਾਨ ਹੈ
 
ਕਬਰੀਂ ਸੁੱਤੇ ਕਦੇ ਨਹੀਓਂ ਬੋਲਦੇ 
ਇਹ ਮਿੱਟੀ 'ਚ ਰਲੇ ਮਿੱਟੀ ਦੇ ਬਾਵੇ 
ਹੁਣ ਦਿਲ ਦੇ ਭੇਤ ਨਹੀਓਂ ਖੋਲ੍ਹਦੇ 
 
ਰੋਂਦੇ ਨੈਣਾਂ ਨੂੰ ਕੋਈ ਜਾ ਕੇ
ਇਹ ਸਭ ਕੁਝ ਬੋਲਦੇ 
ਕਿੱਥੇ ਆਉਂਦੇ ਨੇ ਉਹ, ਜਿਹੜੇ ਅਜਿਹਾ ਜਾਂਵਦੇ ਨੇ
ਐਵੇਂ ਤੇਰੀ ਭਟਕਣ ਨੂੰ ਹੋਰ ਭਟਕਾਵਦੇਂ ਨੇ
 
ਭਲਾ ਹੋਵੇ ਤੇਰਾ ਸੁਪਨਿਆਂ
ਤੂੰ ਸੁਲਤਾਨ ਬਾਦਸ਼ਾਹ 
ਸਦਾ ਰਹੇ ਵਸਦਾ ਤੇਰਾ ਖੇੜਾ
ਤੂੰ ਵਿੱਛੜਿਆਂ ਨੂੰ ਜਦ ਮਿਲਾਵਾਂਦਾ ਏਂ
ਦੁਆਵਾਂ ਵਾਲੀਆਂ ਝੋਲੀਆਂ ਭਰ ਭਰ ਲੈ ਜਾਵੇਂ ਤੂੰ  
ਤੂੰ ਸਭਨਾਂ ਦੇ ਦਿਲਾਂ ਨੂੰ ਭਾਂਵਦਾ ਏਂ।
 
ਤੇਰੀਆਂ ਤੂੰ ਹੀ ਜਾਣੇ 
ਐ ਸੁਪਨਿਆ !
ਤੇਰੀ ਦੁਨੀਆਂ ਕਮਾਲ 
ਮੈਂ ਮਿਲ ਲਈ ਸਭ ਆਪਣਿਆਂ 
ਮੈਂ ਮਿਲ ਲਈ ਸਭ ਆਪਣਿਆਂ !
 27/12/2019


 ਪਹਾੜ ਜਿੱਡਾ ਜੇਰਾ
ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਮੇਰੇ ਪਹਾੜਾਂ ਜਿੱਡੇ 
ਜੇਰੇ ਨੂੰ ਕੋਈ 
ਧੱਕਾ ਮਾਰ 
ਗਿਰਾ ਗਿਆ 
ਕੋਈ ਹੋਰ ਨਹੀਂ ਸੀ 
ਉਹ ਮੇਰਾ ਆਪਣਾ ਹੀ
ਰੱਬ ਮੇਰੀ 
ਆਪਣੀ ਹੀ ਮੁੱਠੀ ਵਿੱਚੋਂ ਰੇਤ ਗਿਰਾ ਗਿਆ
ਲੈ ਹੋਰ ਸੁਣ ਲਓ
ਆ ਕੇ ਮੇਰੇ ਹੀ ਘਰੇ
ਮੈਨੂੰ ਬਾਹਰ ਬੂਹੇ ਤੇ 
ਕਰਾ ਗਿਆ 
ਦਿਲ ਉੱਤੇ ਰੱਖ ਹੱਥ 
ਮੈਂ ਜੇਰਾ ਰੱਬ ਜਿੱਡਾ ਕਰ
ਉੱਤਰੀ ਗਮਾਂ ਵਾਲੇ ਖੂਹ ਵਿੱਚ 
ਮੇਰੇ ਦੀਦਿਆਂ ਦੀਆਂ ਟਿੰਡਾਂ 
ਗੇੜਨੀਆਂ ਸਿਖਾ ਗਿਆ 
ਬੰਦ ਕਿਵੇਂ ਕਰਾਂ 
ਇਹ ਮੁੱਖੋਂ  ਬੋਲ ਕੇ 
ਪੁੱਛਾਂ ਕਿਵੇਂ 
ਮੇਰੇ ਬੁੱਲ੍ਹਾਂ ਉੱਤੇ 
ਸਿਉਣ ਜਿਹੀ ਮਰਵਾ ਗਿਆ
25/11/2019
 


ਆ ਨੀ ਜਿੰਦੇ ਬਹਿ ਨੀ ਜਿੰਦੇ

ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਆ ਨੀ ਜਿੰਦੇ ,ਬਹਿ ਨੀ ਜਿੰਦੇ 
ਲੈ ਭੋਰਾ ਸਾਹ ਨੀ ਅੜੀਏ
ਕਿਉਂ ਹਰ ਵੇਲੇ ਹੁੰਦੀ ਫਿਰਦੀ 
ਸਾਹੋਂ ਬੇ- ਸਾਹ ਨੀ ਅੜੀਏ ।
 
ਤੇਰੇ ਵਰਗੀਆਂ ਲੱਖਾਂ ਆਈਆਂ 
ਤੇ ਲੱਖਾਂ ਈ ਗਈਆਂ
ਮੋੜੇ ਪਾ ਨੀ ਅੜੀਏ
 
ਇੱਕ ਦਮੀ ਤੂੰ ਹੈਗੀ ਏਂ 
ਇੱਕ ਸਾਹ ਆਵੇ .ਦੂਜਾ ਆਏ ਕਿ ਨਾ
ਕੀ ਕਰੀਏ ਤੇਰਾ ਵਸਾਹ ਨੀ ਅੜੀਏ
 
ਕਰ ਲੈ ਦੋ ਬੋਲ ਸਾਂਝੇ ਇਸ ਪਾਰ 
ਜਾਂ ਉਸ ਪਾਰ ਦੇ 
ਵਜਾ ਕੋਈ ਧੁਨ 
ਸੁਣਾ ਦੇ ਕੋਈ ਗਾਣ ਨੀ ਅੜੀਏ
 
ਉਂਜ ਤਾਂ ਕਣ -ਕਣ ਸਾਈਂ ਹਰਦਮ ਵੱਸੇ 
ਤੂੰ ਵੀ ਹਿੱਸਾ ਤਾਂ ਹੈਗੀ ਓਸੇ ਕਣ -ਕਣ ਦਾ
ਪਰ ਤੂੰ ਏਸ ਗੱਲੋਂ ਲਗਦੈ ਹੈਂ ਬੇਪਰਵਾਹ 
ਕਰ ਹੋਸ਼ ਨੀ ਅੜੀਏ
 
ਜਿਹੜੀ ਸਤਰੰਗੀ ਝੂਟੇਂ ਤੂੰ ਪੀਂਘ ਤੇਰੀ 
ਲਵੇਂ ਨਜ਼ਾਰੇ ਨਿੱਤ ਸਮਿਆਂ ਦੇ ਚੱਕਰਾਂ 
ਕਰਕੇ ਇਹ ਸੋਹਣੇ ਨਜ਼ਾਰੇ ਹੋਏ ਕਦੇ ਸਦਾ 
ਨਾ ਕਿਸੇ ਦੇ ਮਿੱਤ ਨੀ 
ਜਿੰਦ ਮੇਰੀਏ ਸੁਣ ਮੇਰੀ ਕੂਕ ਨੀ ਅੜੀਏ
 
ਤੇਰੀਆਂ ਤੂੰ ਨਾ ਜਾਣੇ ਜਾਣੇ ਕੋਈ ਹੋਰ 
ਅਣ-ਦਿਸਦੀ ਤੰਦ ਨੀ ਅੜੀਏ 
ਬੱਸ ਮੈਂ ਤਾਂ ਤੈਨੂੰ ਇੱਕੋ ਵਾਸਤਾ ਪਾਵਾਂ 
ਆਜਾ ਭੋਰਾ ਲੈ ਲਾ ਸਾਹ ਨੀ ਅੜੀਏ
ਕਰ ਲੈ ਦੋ ਬੋਲ ਸਾਂਝੇ ਮੇਰੇ ਸੰਗ 
ਕਰਾਂ ਅਰਜ਼ੋਈ ਨਾ ਸਮਾਂ ਕਾਲ ਗੁਆ
 ਇਹ ਨਾ ਕਦੇ ਰੁਕਿਆ ਤੇ ਨਾ ਕਦੇ ਰੁਕੇਗਾ
ਚੱਲੇ ਚਾਲ ਆਪਣੀ ਸੁਣੇ ਨਾ ਕਿਸੇ ਦੀ ਪੁਕਾਰ 
ਨਾ ਪਿੱਛੇ ਮੁੜ ਦੇਖੇ  ਨੀ ਅੜੀਏ ।
 
ਆ ਨੀ ਜਿੰਦੇ ਬਹਿ ਨੀ ਜਿੰਦੇ 
ਲੈ ਭੋਰਾ ਸਾਹ ਨੀ ਅੜੀਏ 
ਕਿਉਂ ਹਰ ਵੇਲੇ ਹੁੰਦੀ ਫਿਰਦੀ 
ਸਾਹੋਂ ਬੇ-ਸਾਹ ਨੀ ਅੜੀਏ ।
30/09/2019


ਨਾ-ਮੁਮਕਿਨ 

 ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਜਦ ਦਰਦ ਹੱਦੋਂ ਪਾਰ ਸਤਾਵੇ
ਕੋਈ ਸਾਥ ਦੇਣਾ ਚਾਹੇ
ਤਾਂ ਵੀ ਨਹੀਂ ਦੇ ਸਕਦਾ
ਹੌਸਲਿਆਂ ਦੇ ਵਾਰਿਸ 
ਕਹਿੰਦੇ ਨੇ ਕਿ
ਦੁਨੀਆਂ ਤੇ ਕੁਝ ਵੀ 
ਨਾ-ਮੁਮਕਿਨ ਨਹੀਂ 
ਪਰ ਮੈਂ ਉਹਨਾਂ ਨੂੰ 
ਆਪਣੇ ਦਰਦਾਂ ਵਾਲੀ
ਕੂਕ ਸੁਣਾ ਕੇ ਆਖਾਂ ਤੇ 
ਪੁੱਛਾਂ ਇੱਕੋ ਸਵਾਲ 
ਲੈ ਫਿਰ ਫੜੋ
ਤੇ ਵੰਡਾਓ ਮੇਰਾ ਦਰਦ 
ਪਰ ਮੈਨੂੰ ਪਤੈ 
ਉਹਨਾਂ ਸ਼ਰਮਸਾਰ ਹੋ 
ਇਹੀ ਕਹਿਣਾ ਕਿ 
ਇਹ ਨਾ-ਮੁਮਕਿਨ ਹੈ 
ਜੇ ਇਹ ਨਾ-ਮੁਮਕਿਨ ਹੈ 
ਤਾਂ ਫਿਰ ਮੰਨਣਾ ਪੈਣੈ 
ਹੌਸਲੇ ਬੁਲੰਦ ਬਾਦਸ਼ਾਹਾਂ ਨੂੰ 
ਕਿ ਦੁਨੀਆਂ ਵਿੱਚ ਸਭ ਕੁਝ 
ਮੁਮਕਿਨ ਨਹੀਂ ਹੈ 
ਕੁਝ ਸਬਰ ਕਰਨੇ ਪੈਂਦੇ ਨੇ 
ਕਿਸੇ ਨਾਲ ਵੰਡੇ ਨਹੀਂ ਜਾ ਸਕਦੇ 
ਹਾਂ ਬਿਲਕੁਲ ਸਾਹ ਦੇ ਨਾਲ ਸਾਹ
ਲੈਣ ਵਾਲਾ ਵੀ ਦਰਦ ਨਹੀਂ ਲੈ ਸਕਦਾ
ਝੋਲੀ ਨਹੀਂ ਪੁਆ ਸਕਦਾ
ਸਿਰਫ ਮਹਿਸੂਸ ਕਰ ਸਕਦਾ ਹੈ
ਦੇਖ ਕੇ ਦੁਖੀ ਹੋ ਸਕਦਾ ਹੈ 
ਹਾਂ ਮੈਂ ਦਰਦਾਂ ਦੇ ਸਮੁੰਦਰਾਂ 
ਵਿੱਚ ਗੋਤੇ ਖਾ ਰਹੀ ਹਾਂ 
ਸੰਘਰਸ਼ ਮੇਰਾ ਜਾਰੀ ਹੈ 
ਸ਼ਾਇਦ ਇੱਕ ਦਿਨ ਇਸ ਦੀ 
ਕੈਦ ਤੋਂ ਬਾ-ਇਜ਼ਤ ਬਰੀ ਹੋ 
ਜਾਵਾਂ 
ਪਰ ਹਾਂ ਸ਼ੁਕਰੀਆ ਉਸ ਹਰ 
ਇਨਸਾਨ ਦਾ ਜੀਹਨੇ 
ਹਾਅ ਦਾ ਨਾਅਰਾ ਮਾਰਿਆ 
ਮੇਰੇ ਲਈ ਮੇਰੇ ਦਰਦ ਲਈ 
ਪਰ ਜੇ ਕੋਈ ਲੈ ਵੀ ਸਕਦਾ ਹੁੰਦਾ 
ਤਾਂ ਮੈਂ ਦੇਣਾ ਨਹੀਂ ਸੀ 
ਕਿਉਂਕਿ ਐਨਾ ਦਰਦ ਭਲਾਂ ਕੋਈ 
ਕਿਸੇ ਆਪਣੇ ਨੂੰ ਦੇ ਹੁੰਦੈ 
ਮੈਂ ਤਾਂ ਕਿਸੇ ਪਰਾਏ ਨੂੰ ਵੀ ਨਾ
ਦੇਵਾਂ 
ਚੰਗਾ ਹੋਇਆ ਭਲਾ ਹੋਇਆ 
ਕਿ ਦਰਦ ਕੋਈ ਲੈ ਨਹੀਂ ਸਕਦਾ
ਸਿਰਫ ਮਹਿਸੂਸ ਕਰ ਸਕਦੈ !!
 12/09/2019

ਐ ਦਰਦ ਤੂੰ ਚਲਾ ਜਾਹ 
 ਗੁਰਪ੍ਰੀਤ ਕੌਰ ਗੈਦੂ, ਯੂਨਾਨ

ਚੰਗੀ ਭਲੀ ਤੁਰਦੀ 
ਦੌੜਦੀ ਭੱਜਦੀ 
ਖੁਸ਼ਗਵਾਰ ਜ਼ਿੰਦਗੀ 
ਦੇ ਪਿੜਾਂ ਵਿੱਚ 
ਆ ਹਨੇਰੇ ਡੇਰੇ ਲਾਏ
ਦੁੱਖਾਂ ਨੇ ਮੰਜੇ ਡਾਹੇ 
ਹਰ ਵਾਰੀ ਜਦ ਗਮ ਆਏ
ਖਿੜੇ ਮੱਥੇ ਸਹਾਰੇ 
ਪਰ ਇਸ ਵਾਰੀ 
ਕੁਝ ਭਾਰੀ ਪੈਣ
ਇਹ ਅਹਿਸਾਸ ਜਿਹਾ ਹੋਏ
ਐ ਦੁੱਖੋ!
ਇਸ ਵਾਰ ਮੈਂ 
ਲਲਕਾਰਾਂ ਨਾ 
ਮਿੰਨਤ ਕਰਾਂ 
ਮੈਂ ਹਾਰੀ
ਮੈਂ ਹਾਰੀ 
ਦੂਰ ਚਲੇ ਜਾਓ
ਲਾਓ ਕਿਤੇ ਹੋਰ ਡੇਰੇ 
ਲਾਓ ਕਿਤੇ ਹੋਰ ਡੇਰੇ
ਤੁਸੀਂ ਆਏ 
ਜਦ ਵੀ ਚੜ੍ਹਦੇ ਤੋਂ ਚੜ੍ਹਦੇ ਆਏ
ਪਰ ਮੈਂ ਨਾ ਹਾਰੀ
ਪਰ ਹੁਣ ਮੇਰੀ ਤੌਬਾ
ਤੌਬਾ ਤੌਬਾ ਤੌਬਾ 
ਇਹ ਪੀੜਾਂ ਝੱਲੀਆਂ ਨਹੀਂ 
ਜਾਂਦੀਆਂ 
ਐ ਦਰਦ !
ਕੁਝ ਤਰਸ ਖਾਹ 
ਮੈਨੂੰ ਬਖ਼ਸ਼ਦੇ
ਦੂਰ ਜਾਹ ਮੈਥੋਂ 
ਜਾਹ ਤੇਰਾ ਭਲਾ ਹੋਵੇ
ਮੇਰਾ ਸਾਥ ਛੱਡ 
ਤੈਨੂੰ ਵਾਸਤੇ ਪਾਵਾਂ 
ਜਾਹ ਹੁਣ ਤੂੰ ਚਲਾ ਜਾਹ !!!
 12/09/2019


ਮਸ਼ਵਰਾ 

ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਰਾਤ ਨੂੰ ਗੜ੍ਹ ਗੜ੍ਹ
ਕਰਦੇ, ਸ਼ੋਰ ਮਚਾਉਂਦੇ 
ਇੰਦਰ ਦੇਵਤੇ ਦੇ ਦੂਤਾਂ ਨੇ 
ਮੈਨੂੰ ਇੰਜ ਜਗਾ ਦਿੱਤਾ
ਜਿਵੇਂ ਮੇਰੇ ਨਾਲ ਕੋਈ 
ਮਸ਼ਵਰਾ ਕਰਨਾ ਹੋਵੇ ।
ਉਹ ਮਸ਼ਵਰਾ ਜੋ ਹਰੇਕ 
ਨਾਲ ਨਹੀਂ ਕਰ ਹੁੰਦਾ 
ਅਜਿਹਾ ਮਸਲਾ ਜਿਸਨੂੰ 
ਹੱਲ ਕਰਨ ਦੀ ਮਾਰਫ਼ਤ 
ਸਾਰਿਆਂ 'ਚ ਨਹੀਂ ਹੁੰਦੀ ।
ਮੈਨੂੰ ਅਜਿਹਾ ਹਲੂਣਿਆ ਕਿ
ਮੁੜ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ।
ਨੀਂਦ ਆਉਂਦੀ ਵੀ ਕਿਵੇਂ !
ਕਿਸੇ ਅਣਜਾਣੇ ਤੇ ਦਰਦ ਭਰੇ ਖਿਆਲ 
ਵਿੱਚ ਮੈਂ ਖੋ ਗਈ ਸਾਂ ।
ਇਹ ਮਹਿਜ਼ ਇੱਕ ਫੁਰਨਾ ਨਹੀਂ ਸੀ ,
ਸਗੋਂ ਇੱਕ ਫਿਕਰ ਸੀ ਜੋ ਮੇਰੇ ਜ਼ਿਹਨ ਵਿੱਚ ਆ ਵੱਸਿਆ ਸੀ 
ਉਹ ਮੇਰੇ ਆਪਣੇ ਨਹੀਂ ਸਨ
ਜੋ ਮੇਰੇ ਸਾਹਮਣੇ ਵਾਰ-ਵਾਰ ਆ ਆ ਰਹੇ ਸਨ
ਪਰ ਫਿਰ ਵੀ ਐਨੇ ਆਪਣੇ 
ਕਿ ਉਹਨਾਂ ਦੀ ਚਿੰਤਾ ਦੀ 
ਕੰਡਿਆਲੀ ਵਾੜ ਵਿੱਚ ਮੈਂ ਫਸ ਗਈ ਸਾਂ,
ਇਹ ਉਹ ਗਰੀਬੜੀ ਦੀ ਯਾਦ ਸੀ ,
ਜਿਸ ਦਾ ਘਰ ਚਿਉਂਦਾ ਤੇ
ਇੱਕ ਰਜਾਈ ਵਿੱਚ ਲਪੇਟੇ ਤਿੰਨ ਨਿਆਣੇ
ਬਾਦਸ਼ਾਹੀ ਨੀਂਦ ਲੈਂਦੇ ਨਜ਼ਰ ਆ ਰਹੇ ਸਨ ।
ਉਹ ਆਪ ਖੂੰਜੇ ਵਿੱਚ ਨਿੱਘ ਲੱਭਦੀ ,
ਕੂੰਗੜ ਕੇ ਸਾਖਸ਼ਾਤ ਮੇਰੇ ਸਾਹਮਣੇ ਬੈਠੀ 
ਮਹਿਸੂਸ ਹੋ ਰਹੀ ਸੀ ।
ਨਾਲ ਹੀ ਜਵਾਕਾਂ ਤੋਂ ਰਜਾਈ 
ਲਹਿੰਦੀ ਦੇਖ ਤ੍ਰਭਕ ਕੇ ਵੱਜਦੀ
ਇਹ ਮੋਹ-ਮਾਇਆ ਤੇ ਫਿਕਰ
ਵਿੱਚ ਡੁੱਬੀ ਮਾਂ ਮੈਨੂੰ ਬੁਲਾ 
ਰਹੀ ਸੀ । ਗਰੀਬੀ ਦੀ ਤਪਸ਼ ਨਾਲ ਝੁਲਸਿਆ ਮੱਥਾ ,
ਮੇਰੇ ਮਸਤਕ ਨਾਲ ਟਕਰਾ ਰਿਹਾ ਸੀ ।
ਮੈਂ ਕਿੱਥੇ ਲੱਭਾਂ ਇਹਨੂੰ ?
 ਮੈਂਨੂੰ ਓਹਦਾ ਪਤਾ ਨਹੀਂ ਮਾਲੂਮ , 
ਪਰ ਮੈਂਨੂੰ ਦਿੱਸ ਰਹੀ ਸੀ 
ਮੈਨੂੰ ਰਾਹ ਨਹੀਂ ਲੱਭ ਰਿਹਾ ਸੀ 
ਕਿ ਉਹਨੂੰ ਕਿੱਧਰ ਲੱਭਣ ਜਾਵਾਂ ?
ਉਹ ਮਾਂ ਜਿਸ ਨੇ ਇੱਕ ਰੋਟੀ ਨੂੰ 
ਤਿੰਨ ਹਿੱਸਿਆਂ ਵਿੱਚ ਵੰਡਿਆ ।
 ਉਹ ਕਿਹੜੀ ਜਗ੍ਹਾ ਹੈ ,
ਜਿੱਥੇ ਇਹ ਸਭ ਕੁਝ ਵਾਪਰ ਰਿਹਾ ਹੈ ?
ਮੈਂ ਉੱਠੀ ,ਸਵੇਰ ਹੋਣ ਦਾ ਇੰਤਜਾਰ ਕੀਤਾ ,
ਹੱਥ ਵਿੱਚ ਕੁਝ ਕੁ ਦਿੱਤੀਆਂ ਦਾਤਾਂ ਚੋਂ
ਦਸਵੰਧ ਕੱਢਿਆ ਤੇ ਜੋ ਵੀ ਮੈਨੂੰ ਓਹੋ ਜਿਹੀ 
ਮਾਂ ਲੱਭੀ , ਓਹਨੂੰ ਅਰਪਣ ਕੀਤੀਆਂ 
ਐਨੀਆਂ ਅਜੀਬ ਘੜੀਆਂ 'ਚ ਘੜਿਆ 
ਸਭ ਕੁਝ ਬੀਤ ਜਾਵੇ
ਤੇ ਉਸ ਅਸੀਮ ਡਾਢੇ ਘੜਨ ਵਾਲੇ 
ਸਾਈਂ ਦੀ ਯਾਦ ਨਾ ਆਵੇ ,
ਤੇ ਓਹਦੇ ਅੱਗੇ ਸਿਰ ਨਾ ਝੁਕੇ,
ਇਹ ਭਾਵੇਂ ਹੋ ਸਕਦਾ ਸੀ !!
18/07/2019 

ਭੁੱਖ 
ਗੁਰਪ੍ਰੀਤ ਕੌਰ ਗੈਦੂ, ਯੂਨਾਨ

ਦੋ ਤਰ੍ਹਾਂ ਦੀ
ਮਨੁੱਖ ਦੀ ਭੁੱਖ 
ਹੁੰਦੀ ਹੈ 
ਇੱਕ ਸੋਚ ਦੀ 
ਤੇ ਦੂਜੀ 
ਇੰਦਰੀ ਦੀ 
ਇਸ ਵਿੱਚ 
ਕੋਈ ਸ਼ੱਕ ਨਹੀਂ 
ਕਿ ਇੰਦਰੀ ਦੀ 
ਭੁੱਖ ਬੁਝਾਉਣ
ਦਾ ਜੁਗਾੜ 
ਹੋ ਸਕਦਾ ਹੈ
ਪਰ ਜੇ ਮਨੁੱਖ 
ਦੀ ਸੋਚ 
ਵਿੱਚ ਭੁੱਖ ਵੱਸ 
ਜਾਏ ਤਾਂ 
ਉਸ ਨੂੰ 
ਕਿਸੇ ਵੀ 
ਕਿਸਮ ਦਾ 
ਪਦਾਰਥ 
ਮਿਟਾ ਨਹੀਂ ਸਕਦਾ ।
18/07/2019
 

ਖਾਮੋਸ਼ 
ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਸੁਣ ਕੇ ਬੇ-ਅਦਬ
ਨਿ-ਧੜਕ ਸ਼ਬਦਾਂ ਨੂੰ 
ਅੱਜ ਮੇਰੀ ਕਵਿਤਾ ਖਾਮੋਸ਼ ਹੈ।
ਸੁਣ ਕੇ ਬੇ-ਸਹਾਰਾ ਖ਼ਲਕਤ ਦੀਆਂ
ਅਣ-ਬੋਲੀਆਂ ਫੁਹਾਰਾਂ 
ਅੱਜ ਮੇਰੀ ਕਲਮ ਬੇਹੋਸ਼ ਹੈ ।
ਵਿਕਣੋਂ ਕਦੋਂ ਹਟੇ ਨੇ 
ਤੇ ਕਦੋਂ ਝੱਕਦੇ ਨੇ 
ਅਕ੍ਰਿਤਘਣ, ਬੇ- ਈਮਾਨ 
ਅਹਿਸਾਨ ਫਰਾਮੋਸ਼ ਨੇ ।
ਇਹਨਾਂ ਨੂੰ ਨਾ ਕੋਈ 
ਜਗਾ ਹੀ ਸਕਿਆ 
ਇਹ ਜਿਉਂਦੇ ਜਾਗਦੇ ਲੋਥ ਨੇ
ਸੁਣ ਕੇ ਬੇ-ਅਦਬ 
ਨਿ-ਧੜਕ ਸ਼ਬਦਾਂ ਨੂੰ 
ਮੇਰੀ ਕਵਿਤਾ ਖਾਮੋਸ਼ ਹੈ ।
13/07/2019

ਪੱਥਰ ਵੀ ਬੋਲਦੇ ਨੇ
ਗੁਰਪ੍ਰੀਤ ਕੌਰ ਗੈਦੂ, ਯੂਨਾਨ  
 
ਮੈਂ ਸੁਣਿਆ ਪੱਥਰ ਵੀ ਬੋਲਦੇ ਨੇ
ਗੱਲ ਸਮਝਣ ਦੀ ਐ
ਲੈ ਪੱਥਰ ਕਿਹੜਾ ਘੱਟ ਨੇ
ਇਹ ਵੀ ਦਿਲ ਦੀ ਘੁੰਡੀ 
ਖੋਲਦੇ ਨੇ 
ਮੈਂ ਸੁਣਿਆ ਪੱਥਰ ਵੀ ਬੋਲਦੇ ਨੇ 
 
ਪੱਥਰ ਕੋਲੇ ਪੱਥਰ ਘੜਿਆ 
ਇੱਕ ਤੋਂ ਇੱਕ ਵਧ ਕੇ ਤੜਿਆ
ਇੱਕ ਦੂਜੇ ਦੀ ਸ਼ਾਨ ਦੇ ਉੱਤੇ 
ਬਿਨਾਂ ਗੱਲਬਾਤ ਤੋਂ ਸੜਿਆ ।
 
ਪੱਥਰਾਂ ਵਰਗੇ ਸਾਰੇ  ਹੋ ਗਏ 
ਮੋਏ ਮੋਏ ਲਗਦੇ ਨੇ 
ਕਿੱਧਰੇ ਹਾਸੇ ਕਿੱਧਰੇ ਠੱਠੇ
ਗੁਆਚੇ -ਗੁਆਚੇ ਤੇ ਖੋਏ -ਖੋਏ  ਨੇ।
 
ਰਿਸ਼ੀਆਂ ਤੇ ਮੁਨੀਆਂ ਨੇ ਵੀ
ਪੱਥਰਾਂ ਨਾਲ ਘੱਟ ਨੀ ਕੀਤੀ 
ਜਿਉਂਦੇ ਮਾਨਸ ਪੱਥਰ ਕੀਤੇ 
ਇਹ ਮੈਂ ਕਦੇ ਨਾ ਆਖਾਂ 
ਮਿਥਿਹਾਸ ਪਏ ਬੋਲਦੇ ਨੇ 
 
ਪੱਥਰਾਂ ਨੂੰ ਹੁਣ ਕੌਣ  ਸਮਝਾਵੇ 
ਅਜਬ ਮੋੜ ਜਿਹਾ ਆਇਆ
ਪੱਥਰੋ ਪੱਥਰੀ ਹੋ ਜਾਵਾਂ ਮੈਂ 
ਇਹੀ ਜੁਗਤ ਜਿਹੀ ਆਵੇ
 
ਕੀਮਤ ਪੱਥਰ ਦੱਸਣ ਓਦੋਂ 
ਜਦ ਤੱਕੜੀ ਵਿੱਚ ਤੋਲਦੇ ਨੇ 
ਲੈ ਪੱਥਰਾਂ ਨੂੰ ਜੇ ਸਮਝੇ ਕੋਈ 
ਪੱਥਰ ਕਿਹੜਾ ਘੱਟ ਨੇ 
ਲੋੜ ਸਮਝਣ ਦੀ ਐ 
ਪੱਥਰ ਵੀ ਬੋਲਦੇ ਨੇ ।
 13/07/2019


ਟੁੱਟੀਆਂ ਫੁੱਟੀਆਂ ਰਾਹਾਂ 
ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਕਦੇ ਕਦੇ ਇਹਨਾਂ 
ਟੁੱਟੀਆਂ ਫੁੱਟੀਆਂ ਰਾਹਾਂ ਤੇ
ਤੁਰਨਾ ਵੀ ਪਸੰਦ ਹੈ ਮੈਨੂੰ 
ਇਹ ਬਹੁਤ ਕੁਝ ਚੇਤ ਅਚੇਤ 
ਯਾਦ ਕਰਵਾ ਜਾਂਦੀਆਂ ਨੇ ।
 
ਕਦੇ ਕਦੇ ਇਹਨਾਂ ਰਾਹਾਂ 
ਨਾਲ ਮਨ ਹੀ ਮਨ 
ਗੱਲਾਂ ਕਰਨਾ 
ਅੱਛਾ ਲਗਦਾ ਹੈ 
ਇਹ ਖੂਬਸੂਰਤ  ਜ਼ਿੰਦਗੀ ਦੇ
ਉਤਰਾਅ ਚੜ੍ਹਾਅ ਵੀ ਚੇਤੇ 
ਕਰਵਾ ਜਾਂਦੀਆਂ ਨੇ ।
 
ਇਹ ਕਿੰਨੇ ਹੀ ਮੁਹਾਂਦਰੇ 
ਕਿੰਨੀਆਂ ਹੀ ਰੂਹਾਂ 
ਤੇ ਬੇ-ਸ਼ੁਮਾਰ ਮੂਰਤਾਂ ਦਾ
ਮਨ ਮੰਦਿਰ ਵਿੱਚ 
ਦੀਦਾਰ ਕਰਵਾ ਜਾਂਦੀਆਂ ਨੇ ।
 
ਜੇ ਪਿੱਛੇ ਕਿਤੇ ਝਾਤ ਪਾ ਲਈਏ ਤਾਂ 
ਇਹ ਪਤਾ ਨਹੀਂ ਕਿੰਨਾ ਕੁ
ਭੁੱਲਿਆ ਵਿੱਸਰਿਆ ਚੇਤੇ 
ਕਰਵਾ ਜਾਂਦੀਆਂ ਨੇ ।
 
ਇਹਨਾਂ ਤਿੜਕ ਚੁੱਕੇ ਪਾਟੇ 
ਪੱਥਰ ਵੱਲ ਝਾਤੀ ਮਾਰਾਂ ਤੇ
ਕੁਝ ਤਬਾਹੀ ਦੇ ਪਏ ਕਦਮਾਂ ਦਾ
ਚੇਤਾ ਕਰਵਾ ਜਾਂਦੀਆਂ ਨੇ।
 
ਇਹਨਾਂ ਟੁੱਟੀਆਂ ਫੁੱਟੀਆਂ 
ਰਾਹਾਂ ਦੀ ਕੁੱਖ ਚੋਂ ਫੁੱਟੀਆਂ 
ਨਵੀਆਂ ਕਰੂੰਬਲਾਂ ਦੀ ਆਮਦ 
ਕੁਝ ਵੀ ਨਹੀਂ ਰੁਕਦਾ ਏਥੇ 
ਸਭ ਕੁਝ ਸਦਾ ਈ 
ਚਲਦੇ ਰਹਿਣ ਦਾ ਚੇਤਾ
ਕਰਵਾ ਜਾਂਦੀਆਂ ਨੇ ।
 
ਇਹਨਾਂ ਟੁੱਟੀਆਂ ਫੁੱਟੀਆਂ 
ਰਾਹਾਂ ਤੇ ਤੁਰਨਾ 
ਮਨ ਨੂੰ ਬੜਾ ਭਾਉਂਦਾ ਹੈ 
ਇਹ ਬੜਾ ਕੁਝ ਚੇਤ ਅਚੇਤ 
ਯਾਦ ਕਰਵਾ ਜਾਂਦੀਆਂ ਨੇ ।
08/07/2019
 
ਮੈਨੂੰ ਲਗਦੈ

ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਕਈ ਗੱਲਾਂ ਦੇ 
ਜਵਾਬ ਈ ਨੀ ਹੁੰਦੇ 
ਇਹ ਮੈਨੂੰ ਲਗਦੈ !
 
ਕੁਝ ਉਮਰਾਂ ਦੇ 
ਖਾਬ ਈ ਨੀ ਹੁੰਦੇ 
ਇਹ ਮੈਨੂੰ ਲਗਦੈ !
 
ਕਈ ਤਾਰਾਂ ਦੇ 
ਸੋਹਣੇ ਸਾਜ਼ ਈ ਨੀ ਹੁੰਦੇ 
ਇਹ ਮੈਨੂੰ ਲਗਦੈ !
 
ਕਈ ਘਰਾਂ ਵਿੱਚ 
ਖੇਡਣ ਵਾਲੇ ਨਵਾਬ (ਬੱਚੇ) ਈ ਨੀ ਹੁੰਦੇ
ਇਹ ਮੈਨੂੰ ਲਗਦੈ !
 
ਕਈ ਬੁੱਲ੍ਹਾਂ ਨੂੰ 
ਦੁਨੀਆਂ ਉੱਪਰ ਆਵਾਜ਼ ਈ ਨੀ ਮਿਲਦੀ
ਇਹ ਮੈਨੂੰ ਲਗਦੈ !
 
ਕਈ ਸ਼ਬਦਾਂ ਨੂੰ , ਕਈ ਵਾਰੀ 
ਅਲਫਾਜ਼ ਈ ਨੀ ਮਿਲਦੇ
ਇਹ ਮੈਨੂੰ ਲਗਦੈ!
 
ਕਈ ਵਾਰੀ ਇਸ ਦੁਨੀਆਂ ਅੰਦਰ 
ਕਾਬਿਲ ਸਿਰਾਂ ਨੂੰ ਤਾਜ ਈ ਨੀ ਮਿਲਦੇ
ਇਹ ਮੈਨੂੰ ਲਗਦੈ !
 
ਕਈ ਬਦਨਸੀਬ ਖੰਭਾਂ ਨੂੰ 
ਉੱਡਣ ਲੱਗਿਆਂ ਪਰਵਾਜ਼ (ਉਡਾਣ) ਈ ਨੀ ਮਿਲਦੀ 
ਇਹ ਮੈਨੂੰ ਲਗਦੈ !
 
ਕਈ ਵਾਰੀ ਬੰਦੇ ਨੂੰ 
ਸਾਰੀ ਉਮਰੇ ਗੁਰੂ ਗਰੀਬ ਨਿਵਾਜ਼ ਈ ਨੀ ਮਿਲਦਾ
ਇਹ ਮੈਨੂੰ ਲਗਦੈ
 
ਕਈ ਵਾਰੀ ਕੁਝ 
ਅਜਿਹੀਆਂ ਸੱਟਾਂ ਲੱਗਣ
ਜਿੰਨ੍ਹਾਂ ਨੂੰ ਪਾਜ (ਜੋੜ) ਈ ਨੀ ਮਿਲਦਾ 
ਇਹ ਮੈਨੂੰ ਲਗਦੈ !
 
ਕਈ ਵਾਰੀ ਲੱਖ ਕੋਸ਼ਿਸ਼ਾਂ ਕਰੀਏ 
ਕੋਈ ਕਾਜ ਈ ਨੀ ਹੁੰਦਾ
ਇਹ ਮੈਨੂੰ ਲਗਦੈ !
 
ਕਈ ਵਾਰੀ ਲੱਖ ਆਪਣਾ
ਬਣਾਈਏ, ਪਰ ਦਿਲੀ ਸਾਂਝ ਈ ਨੀ ਬਣਦੀ 
ਇਹ ਮੈਨੂੰ ਲਗਦੈ !
 
ਦਿਲ ਦਾ ਟੁਕੜਾ ਦੇਵੇ ਬਾਬੁਲ (ਧੀ)
ਪਰ ਲੋਕੀਂ ਇਹਨੂੰ ਦਾਜ ਈ ਨੀ ਮੰਨਦੇ 
ਇਹ ਮੈਨੂੰ ਲਗਦੈ !
 
ਕਈ ਨੈਣ ਅੰਤਾਂ ਦੇ ਸੋਹਣੇ
ਪਰ ਉਹਨਾਂ ਵਿੱਚ ਲਾਜ ਈ ਨੀ ਹੁੰਦੀ 
ਇਹ ਮੈਨੂੰ ਲਗਦੈ !
 
ਕਈ ਉਡਾਣਾਂ ਉੱਡਣ
ਜਿੰਨ੍ਹਾਂ ਥੱਲੇ ਜਹਾਜ਼ ਈ ਨੀ ਹੁੰਦਾ (ਸੁਪਨੇ ਤੇ ਖਿਆਲ )
ਇਹ ਮੈਨੂੰ ਲਗਦੈ !
 
ਮਾਂ ਹੁੰਦੀ ਐ ਮਾਂ
ਕੋਈ ਲੱਖ ਬੇਟੀ ਆਖੇ 
ਧਰਵਾਸ ਈ ਨੀ ਆਉਂਦਾ 
ਇਹ ਮੈਨੂੰ ਲਗਦੈ !
 
ਜਿੱਥੇ ਰਹੀਏ
ਜੇ ਦਿਲ ਲੱਗ ਜਾਵੇ ਤਾਂ 
ਫਿਰ ਪ੍ਰਵਾਸ ਈ ਨੀ ਲਗਦਾ 
ਇਹ ਮੈਨੂੰ ਲਗਦੈ !
 
ਕਈ ਕੰਮੀ ਕਾਮੇ ,
ਲੱਗਣ ਪਿਆਰੇ
ਆਪਣੇ ਮਾਲਕ ਨੂੰ ,
ਦਾਸ ਹੁੰਦਿਆਂ,
ਦਾਸ ਈ  ਨੀ ਲਗਦਾ 
ਇਹ ਮੈਨੂੰ ਲਗਦੈ !
 
ਜੇ ਆ ਜਾਵੇ ਮਨ ਚੰਚਲ 
ਵਿੱਚ ਸਹਿਜ ਅਵਸਥਾ ਤਾਂ ਫਿਰ 
ਉਦਾਸ ਈ ਨੀ ਹੁੰਦਾ 
ਇਹ ਮੈਨੂੰ ਲਗਦੈ !
 
ਮਨ ਵਿੱਚ ,
ਨਾ ਹੋਵੇ ਇੱਜ਼ਤ ,
ਤਾਂ ਕੋਈ ਕਿਸੇ ਲਈ  
ਕੁਝ ਖਾਸ ਨਹੀਂ ਹੁੰਦਾ , 
ਇਹ ਮੈਨੂੰ ਲਗਦੈ !
 
ਜਦੋਂ ਭੁੱਖ ਦਾ ਤਾਂਡਵ ਹੁੰਦਾ 
ਢਿੱਡਾਂ ਅੰਦਰ ਫਿਰ 
ਅੰਤਰ ਭੋਜਨ ਮੱਛੀ-ਮਾਸ ਈ ਨੀ ਹੁੰਦਾ,
ਇਹ ਮੈਨੂੰ ਲਗਦੈ !
 
ਜਦੋਂ ਮਨਾਂ 'ਚ ਪੈਣ ਦੂਰੀਆਂ 
ਫਿਰ ਕੋਈ ਪਾਸ ਹੋ ਕੇ ਵੀ ਪਾਸ ਈ ਨੀ ਹੁੰਦਾ,
ਇਹ ਮੈਨੂੰ ਲਗਦੈ !
 
ਇਸ਼ਕ ਜਦੋਂ ਹੁੰਦਾ ਕਿਸੇ ਨੂੰ 
ਫਿਰ ਕੋਈ ਜਾਤ -ਪਾਤ ਈ ਨੀ ਹੁੰਦਾ
ਇਹ ਮੈਨੂੰ ਲਗਦੈ !
 
ਪੁੱਤਰ ਦੇ ਘਰ ਪੁੱਤਰ ਜੰਮੇ
ਫਿਰ ਦਾਦੀ ਨੂੰ ਇਹ ਮੂਲੋਂ  ਪਿਆਰਾ 
ਵਿਆਜ਼ ਈ ਲਗਦੈ 
ਇਹ ਮੈਨੂੰ ਲਗਦੈ !
 
ਮਰਨ ਭੁੱਖ ਨਾਲ ਮਾਤ ਪਿਤਾ ਜੇ ,
ਦਿੱਤਾ ਦਾਨ ਮੰਦਰਾਂ, ਗੁਰਦੁਆਰਿਆਂ ਵਿੱਚ ਰਾਸ ਈ ਨੀ ਆਉਂਦਾ ,
ਇਹ ਮੈਨੂੰ ਲਗਦੈ !
 
ਖਿਆਲੋ ਖਿਆਲ ਵਿੱਚ ਜਾਵੇ ,
ਮਨ ਪਾਰ ,
ਕਿਸੇ ਹੋਰ ਦੁਨੀਆਂ ਵਿੱਚ , 
ਪਾਸ ਹੋ ਕੇ ਵੀ ਮਨ ਪਾਸ ਈ ਨੀ ਹੁੰਦਾ,
ਇਹ ਮੈਨੂੰ ਲਗਦੈ !
 
ਜੇ ਹੋਵੇ ਨਾ ਮਨੋਂ ਤਾਂ 
ਉਹ ਕਦੇ ਵੀ ਪੂਰੀ ਅਰਦਾਸ ਈ ਨੀ ਹੁੰਦੀ 
ਇਹ ਮੈਨੂੰ ਲਗਦੈ !
 
ਗੁਰਬਾਣੀ ਆਖੇ 
ਨਾਮ ਬਿਨਾਂ ਕੋਈ ਸਫਲਾ
ਸਵਾਸ ਈ ਨੀ ਹੁੰਦਾ 
ਇਹ ਮੈਨੂੰ ਲਗਦੈ !
 
ਕਈ ਸੰਜੋਗ
ਐਪਰ ਹੋਵਣ ਐਨੇ ਸੰਜੀਦਾ 
ਆਖਣ ਨੂੰ ਫਿਰ ਬਸ ,
ਕਾਸ਼ ਈ ਹੀ ਮਿਲਦਾ,
ਇਹ ਮੈਨੂੰ ਲਗਦੈ !
 
ਵਿਗੜਨ ਮਸਲੇ ਕਈ ਵਾਰੀ ਤਾਂ 
ਸੁਲਝਾਉਣ ਦੇ ਲਈ ਜਾਂ-ਬਾਜ਼ ਈ ਨੀ ਮਿਲਦਾ,
ਇਹ ਮੈਨੂੰ ਲਗਦੈ !
 
ਇਹ ਕਵਿਤਾ 
ਹੋਈ ਐਨੀ ਵੱਡੀ 'ਗੁਰਪ੍ਰੀਤ' ਦੀ
ਇਹਨੂੰ ਕਿੱਥੋਂ ਤੱਕ ਲਿਖੇ
ਇਹਨੂੰ ਥਾਂ ਈ ਨੀ ਮਿਲਦੀ ,
ਇਹ ਮੈਨੂੰ ਲਗਦੈ !
20/06/2019


ਜ਼ਿੰਦਗੀ

ਗੁਰਪ੍ਰੀਤ ਕੌਰ ਗੈਦੂ, ਯੂਨਾਨ  
 
ਨਾ ਦਰਦ ਮੰਨੀਂ ,
ਨਾ ਹਾਏ-ਸੀ ਕਰੀਂ
ਨਾ ਚੰਗੇ ਸਮੇਂ 'ਚ
ਮਾਣ ਤੇ ਨਾ ਮਾੜੇ 'ਚ
ਦੁੱਖ ਨਾਲ ਮਰੀਂ ।
ਰੱਖੀਂ ਹਿੰਮਤ ਸਦਾ... 
ਦੁੱਖਾਂ -ਸੁੱਖਾਂ ਦਾ
ਹਿਸਾਬ ਨਾ ਕਰੀਂ । 
ਜ਼ਿੰਦਗੀ ਦੀਆਂ
ਉੱਚੀਆਂ ਸਿਖਰਾਂ
ਤੇ ਡੂੰਘਾਈ ਦਾ...
ਮਾਪ ਨਾ ਕਰੀਂ। 
ਜ਼ਿੰਦਗੀ 'ਚ 
ਕਿੰਨੇ ਹੁਲਾਰੇ ਅਗਾਂਹ , 
ਕਿੰਨੇ ਪਿਛਾਂਹ
ਕੋਈ ਗਾਣ ਨਾ ਕਰੀਂ ।
ਕੋਈ ਆਵੇ,ਕੋਈ ਜਾਵੇ 
ਜ਼ਿੰਦਗੀ ਨੂੰ  
ਨਰਾਜ਼ ਨਾ ਕਰੀਂ ।
ਦੁੱਖਾਂ ਦੀ ਪੰਡ ਵੀ
ਹੋ ਜਾਊ ਖਾਲੀ
ਇੱਕ ਦਿਨ ਆਪੇ ਹੀ .....
' ਗੁਰਪ੍ਰੀਤ ' ਕਿਸੇ ਕੋਲ
ਇਸਨੂੰ ਬਿਆਨ ਨਾ ਕਰੀਂ ।
22/06/2019 


ਕੁਦਰਤ 

ਗੁਰਪ੍ਰੀਤ ਕੌਰ ਗੈਦੂ, ਯੂਨਾਨ  

ਪਾਣੀ ਤੋਂ ਪਤਲਾ
ਕਹਿੰਦੇ ਕੁਝ ਵੀ ਨਹੀਂ 
ਪਾਣੀ ਦੀ ਲੱਗੀ 
ਪਿਆਸ ਨੂੰ ਕੋਈ 
ਕੀਮਤੀ ਤੋਂ ਕੀਮਤੀ 
ਤਰਲ ਵੀ ਨਹੀਂ ਬੁਝਾ 
ਸਕਦਾ !
ਹੈ ਨਾ ਕੁਦਰਤ ਦੀ
ਅਨੋਖੀ ਦਾਸਤਾਨ !!
ਇੱਕ ਅਜਬ ਤੇ
ਨਿੱਕੀਆਂ - ਨਿੱਕੀਆਂ 
ਮਿਸਾਲਾਂ ਰਾਹੀਂ 
ਕੁਦਰਤ ਆਪਣੀ 
ਤਾਕਤ ਦਾ ਪ੍ਰਗਟਾਵਾ 
ਕਰਦੀ ਨਜ਼ਰ ਤਾਂ 
ਆਉਂਦੀ ਹੈ 
ਪਰ ਮਹਿਸੂਸ
ਕੋਈ ਕੋਈ ਕਰਦਾ ਹੈ !!
12/06/2019 


ਅਣ-ਸੁਣਿਆ

ਗੁਰਪ੍ਰੀਤ ਕੌਰ ਗੈਦੂ, ਯੂਨਾਨ  
 
ਪਤਾ ਨਹੀਂ ਕਿਉਂ ?
ਅੱਜ ਮੈਨੂੰ ਆਪਣਾ ਆਪ 
ਬੁਲਾ ਰਿਹਾ ਹੈ !
ਕੁਝ ਕਹਿਣਾ ਚਾਹੁੰਦਾ ਹੈ ।
ਇੱਕ ਉਲਾਂਭੇ ਦਾ
ਅਹਿਸਾਸ ਹੋਇਆ ਹੈ ।
ਹਾਂ ! ਕਦੇ ਨਾ ਸੁਣਨ ਦਾ 
ਉਲਾਂਭਾ ।
ਬਹੁਤ ਡੂੰਘਾ ਸਮੁੰਦਰ ਹੈ 
ਮੇਰੇ ਅੰਦਰ !
ਅੱਜ ਸੋਚਾਂ ਦੀ
ਡੁਬਕੀ ਲਗਾ ਕੇ 
ਬੇ-ਸ਼ੁਮਾਰ ਕੀਮਤੀ 
ਮੋਤੀ ਚੁਗਣ ਨੂੰ 
ਦਿਲ ਕਰ ਰਿਹਾ ਹੈ !
ਆਖ਼ਿਰ ਕੀ 
ਕਹਿਣਾ ਚਾਹੁੰਦਾ ਹੈ ?
ਸੁਣਨਾ ਹੈ ।
ਮੇਰਾ ਇਹ ਸਦੀਆਂ ਦਾ 
ਹਮਸਫਰ !
ਕੋਈ ਹਿਸਾਬ -ਕਿਤਾਬ 
ਕਰਨਾ ਚਾਹੁੰਦਾ ਹੈ ਸ਼ਾਇਦ !
ਦੇਖਦੀ ਹਾਂ  ਅੱਜ ਬੈਠ ਕੇ 
ਇਸ ਮਹਿਫਲ ਵਿੱਚ ਵੀ !
ਕੋਈ ਗੀਤ ਹੀ 
ਸੁਣਾ ਦੇਵੇ ਸ਼ਾਇਦ !!
ਜੋ ਅਜੇ ਅਣ-ਸੁਣਿਆ ਹੋਵੇ ।
ਸ਼ਾਇਦ ਅਜਿਹੀ ਧੁਨ 
ਜਿਸ ਦੇ ਤਾਰ ਰਲ ਜਾਣ 
ਦੁਨੀਆਂ ਦੇ ਪਾਰ ਦੀ
ਧੁਨ ਨਾਲ ।
ਚੱਲ ਆ ! ਤੈਨੂੰ ਸੁਣਾ !!
10/06/2019
 
ਮਾਂ ਨੂੰ ਸੁਨੇਹਾ
ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਮਾਂ ਮੇਰੀਏ ਨੀ 
ਤੂੰ ਵੱਸ ਗਈ ਐਂ 
ਕਿਹੜੇ ਦੇਸ਼ ਨੀ
ਮੈਂ ਆਵਾਂ ਤੇ
ਕਿਵੇਂ ਲੱਭੂੰ ਤੈਨੂੰ ?
ਕੀ ਪਤਾ
ਤੂੰ ਵਟਾਇਆ
ਕਿਹੜਾ ਭੇਸ ਨੀ ?
ਮਾਂ ਮੇਰੀਏ ਨੀ 
ਤੂੰ ਵੱਸ ਗਈ ਐਂ 
ਕਿਹੜੇ ਦੇਸ਼ ਨੀ 
ਮਾਏ ਮੇਰੀਏ ਨੀ !
 
ਤੇਰੇ ਲਡਾਏ ਲਾਡ ਨੀ
ਹੁਣ ਆਉਂਦੇ ਨੇ
ਬੜੇ ਯਾਦ ਨੀ
ਭਾਉਂਦੀ ਨਾ
ਕੋਈ ਬਾਤ ਨੀ 
ਮਾਏ ਮੇਰੀਏ ਨੀ 
ਉਮਰਾਂ ਦਿੱਤੇ ਸਰਾਪ ਨੀ
ਮਾਏ ਮੇਰੀਏ ਨੀ !
 
ਤੂੰ ਮੇਰਾ ਰੱਬ 
ਤੂੰ ਮੇਰਾ ਪੀਰ ਸੀ
ਖੇਡਣ ਨੂੰ ਇੱਕ 
ਲੱਭਿਆ ਵੀਰ ਸੀ 
ਉਹ ਵੀ ਲੈ ਗਈ ਨਾਲ ਨੀ
ਹੁਣ ਕਿਥੋਂ ਲਵਾਂ ਮੈਂ ਭਾਲ ਨੀ
ਮਾਏ ਮੇਰੀਏ ਨੀ !
 
ਤੂੰ ਸਭ ਕੁਝ ਮੈਨੂੰ 
ਸਿਖਾ ਗਈ 
ਪਰ ਇੱਕ ਗੱਲ ਦਾ
ਚੇਤਾ ਭੁਲਾ ਗਈ 
ਕਿਵੇਂ ਰਹਾਂ ਤੇਰੇ ਬਾਝੋਂ ਨੀ
ਕੋਈ ਜੁਗਤ ਕਿਉਂ ਨਾ
ਸਿਖਾ ਗਈ  
ਮਾਏ ਮੇਰੀਏ ਨੀ !
 
ਹੁਣ ਤੇਰੇ ਕਿਹੜਾ ਵੱਸ ਸੀ 
ਹੁਣ ਮੈਨੂੰ ਜ਼ਰਾ ਦੱਸ ਨੀ
ਤੂੰ ਛੱਡ ਸਾਨੂੰ ਕਿਤੇ
ਰਹਿੰਦੀ ਨਾ ਰਾਤ ਸੈਂ 
ਕਿਹੜਿਆਂ ਖਿਆਲਾਂ ਦੀ
ਤੂੰ ਪਾਉਂਦੀ ਰਹਿੰਦੀ ਬਾਤ ਸੈਂ
ਹੁਣ ਤੇਰਾ ਸਾਡੇ ਬਿਨਾਂ 
ਲੱਗਿਆ ਕਿੱਥੇ ਜੀਅ ਐ
ਤੈਨੂੰ ਇਹ ਵੀ ਭੁੱਲ ਗਿਆ 
ਤੂੰ ਜੰਮੀ ਵੀ ਇੱਕ ਧੀ ਐ
ਮਾਏ ਮੇਰੀਏ ਨੀ !
 
ਹਾਂ ਹਾਂ ਤੂੰ ਬੜੀ ਸਿਆਣੀ
ਛਾਣੇ ਦੁੱਧੋਂ ਪਾਣੀ 
ਤੂੰ ਰੱਬ ਦੀ ਰੀਤ 
ਨਿਭਾਈ ਨੀ 
ਤਾਈਓਂ ਤਾਂ ਵਾਪਿਸ 
ਹੁਣ ਤੱਕ ਤੂੰ 
ਮੁੜ ਕੇ ਨਾ ਆਈ ਨੀ
ਮਾਏ ਮੇਰੀਏ ਨੀ !
 
ਮਾਏ ਮੇਰੀਏ ਨੀ 
ਤੂੰ ਵੱਸ ਗਈ ਐਂ 
ਕਿਹੜੇ ਦੇਸ਼ ਨੀ 
ਮੈਂ ਆਵਾਂ ਤੇ
ਕਿਵੇਂ ਲੱਭੂੰ ਤੈਨੂੰ ?
ਕੀ ਪਤਾ 
ਤੂੰ ਵਟਾਇਆ 
ਕਿਹੜਾ ਭੇਸ ਨੀ
ਮਾਏ ਮੇਰੀਏ ਨੀ !
ਤੂੰ ਵੱਸ ਗਈ ਐਂ 
ਕਿਹੜੇ ਦੇਸ਼ ਨੀ
ਮਾਏ ਮੇਰੀਏ ਨੀ!
08/06/2019

ਰਾਤ ਦਾ ਸਫਰ
 ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਇਹ ਰਾਤ ਦਾ ਸਫਰ 
ਜ਼ਮੀਨ ਉਤਲਾ ਨਾ ਜਾਪੇ ਮੈਨੂੰ  
ਕੀ ਦੱਸਾਂ ਕੀ ਦੱਸਾਂ ਤੈਨੂੰ ।
ਤਾਰਿਆਂ ਵਾਲੀ ਚੁੰਨੀ 
ਓੜੀ ਖੜ੍ਹੀ
ਇਹ ਕਾਇਨਾਤ 
ਇੰਜ ਜਾਪੇ ਮੈਨੂੰ ।
ਹਰ ਬੂਝੇ- ਬੂਝੇ,
ਟਾਹਣੀ - ਟਾਹਣੀ ਉੱਤੇ 
ਐਨੇ ਜੁਗਨੂੰ ਕਿੱਥੋਂ ਆਏ ?
ਮੈਨੂ ਸਮਝ ਨਾ ਆਏ  ਰਾਤੋ-ਰਾਤ !
 
ਐਨੇ ਜਾਣੇ ਬਸ 'ਚ ਬੈਠੇ 
ਫਿਰ ਵੀ ਲੱਗਣ
ਜਕੜੇ ਇਕਲਾਪੇ ।
 
ਐਨਾ ਸ਼ਾਂਤਮਈ 
ਸਰੂਰੀ ਮਾਹੌਲ ਹੈ  
ਹਰ ਕੋਈ ਲਗਦਾ
ਖੋਇਆ ਹੈ ਵਿੱਚ ਆਪੇ ।
 
ਓਸੇ ਘੜੀ ਮੈਨੂੰ ਵੀ
ਇੰਡੀਆ ਚੇਤੇ ਆਇਆ
ਕਿੱਥੇ ਐ ਉਹ ਬਸ ਦੀ
ਕਾਵਾਂ ਰੌਲੀ ਤੇ ਜ਼ਿੰਦੜੀ ਦੇ ਸੌ ਸਿਆਪੇ ??
08/06/2019


 
ਨਾਮ ਜਪਣਾ
 ਗੁਰਪ੍ਰੀਤ ਕੌਰ ਗੈਦੂ, ਯੂਨਾਨ

ਆਮ ਆਦਮੀ ਹੁਣ ਰੱਬ ਦਾ ਨਾਮ 
ਨਹੀਂ ਜਪ ਸਕਦਾ 
ਉਹ ਸੰਗਤ 
ਨਹੀਂ ਕਰ ਸਕਦਾ 
 
ਉਹ ਬਾਬੇ ਨਾਨਕ ਦਾ ਲੰਗਰ 
ਨਹੀਂ ਛਕ ਸਕਦਾ
ਸਮਾਧੀ-ਹੀਨ ਲੋਕਾਂ ਵਿੱਚ 
ਸਮਾਧੀ ਨਹੀਂ ਲਾ ਸਕਦਾ 
ਇਹ ਵਾਹਿਗੁਰੂ ਵਾਹਿਗੁਰੂ ਜਪਣ ਦੀ ਬਜਾਏ 
ਉਸ ਵਾਹਿਗੁਰੂ ਦੇ ਸ਼ੋਰ ਵਿੱਚ 
ਸ਼ਾਮਿਲ ਨਹੀਂ ਹੋ ਸਕਦਾ 
 
ਧਰਮ ਦੇ ਠੇਕੇਦਾਰਾਂ ਨੇ 
ਇਸ ਤੋਂ ਦਾਨ ਦੀ ਮੰਗ ਕੀਤੀ
ਤਾਂ ਇਹ ਕਿਥੋਂ ਦੇਵੇਗਾ ?
 
ਇਹ ਦਾਨ
ਰੱਬ ਦੀ ਦਿੱਤੀ ਦਾਤ ਨੂੰ 
ਪਾਲੇ ਕਿ ਦਾਨ ਕਰੇ !
 
ਉਹ ਤਾ ਕਿਰਤੀ ਹੈ
ਕਿਰਤ ਕਰਦਾ ਹੈ
ਕਿਥੇ ਹੈ ਉਸ ਕੋਲ
ਮਨ ਦੀ ਮੌਜ ਲਈ
ਵਿਹਲ ?
 
ਉਹ ਕਿਵੇਂ  ਜਪ ਲਵੇ
ਵੰਡ ਕੇ ਛਕੇ
ਉਸ ਕੋਲ ਦੇਣ ਲਈ
ਕੁਝ ਨੀ
 
ਆਮ ਆਦਮੀ
 ਹੁਣ ਨਾਮ ਨਹੀਂ ਜਪ ਸਕਦਾ ?
 
ਵੰਡ ਨੀ ਸਕਦਾ ?
ਉਸ ਦਾ ਮੂੰਹ  ਬੰਦ ਹੈ
ਹੁਣ ਕੀ ਕਰੇ ?
ਕੀ ਕਰੇ ?
01/06/2019

ਮੈਂ ਕੌਣ ਹਾਂ ?
ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਉੱਠ ਸਵੇਰੇ ਕਰਾਂ ਇਸ਼ਨਾਨ 
ਪਾਠ ਕਰਾਂ ਮੈਂ ਬਾਬੇ ਨਾਨਕ ਦਾ 
ਬੈਠਾਂ ਜੋਗੀਆਂ ਵਾਲੀ ਸਮਾਧੀ ਲਾ ।
ਲਵਾਂ ਦੁਪੱਟਾ ਹਿਜਾਬ ਵਾਂਗੂ ਤੇ 
ਅੰਗਰੇਜ਼ਾਂ ਵਾਂਗਰਾਂ ਸੂਟ ਲਵਾਂ ਮੈਂ  ਪਾ।
ਕੌਣ ਹਾਂ ਮੈਂ ? 
ਮੈਂ ਕੀ ਜਾਣਾ ?
ਓਹ ਜਾਣੇ ਜੀਹਨੇ ਘੜਿਆ ਮੈਨੂੰ 
ਕਿੱਥੇ ਲੱਭਾਂ ਵੇ ਅੜਿਆ ਤੈਨੂੰ 
ਜੰਗਲ ਬੇਲੇ ਸੁੰਨ- ਮੁਸੁੰਨੇ 
ਨਾ ਮੰਦਿਰ, ਨਾ ਗੁਰੂਦੁਆਰੇ ਜੁੰਮੇ
ਮਸਜਿਦ ਵੀ ਜਾ-ਜਾ ਘੁੰਮੇ
ਗਾਫਿਲ ਮੈਂ, ਮੇਰੇ ਸੁੱਤੇ ਲੇਖ
ਕਰਾਂ ਵਿਖਾਵਾ ਪਾ ਕੇ  ਵੰਨ-ਸੁਵੰਨੇ ਭੇਖ,
ਭਟਕਦੀਆਂ ਰਾਹਾਂ
ਭਟਕਣ ਡਿੱਠੀ
ਕਰ- ਕਰ ਪਾਠ ਮੇਰੀ
ਰੜਕੇ ਅੱਖੀ,
ਐਵੇਂ ਰੌਲਾ ਪਾ ਕੇ
ਪੱਤ ਗਵਾਈ
ਐਵੇਂ ਵਿੱਚ ਭਰਮਾਂ ਦੇ
"ਪ੍ਰੀਤ" ਪਾਗਲ ਹੋਈ
ਅੰਦਰੇ ਅੰਦਰ ਅਲਖ ਜਗਾਈ 
ਲੱਭਿਆ ਅੰਦਰੋਂ ਅੰਦਰੀ
 ਪਾਰਗਰਾਮੀ ਪਾਰਬ੍ਰਹਮ 
 ਪ੍ਰਭ ਸੋਈ !!
01/06/2019

ਰਬਾਬੀ ਸਾਜ਼
ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਮੇਰੇ ਰਬਾਬੀ ਅੰਤਰ ਮਨ ਵਿੱਚ 
ਕਿਸੇ ਉੱਚੇ ਦਰ ਦੇ
ਰਬਾਬੀ ਸਾਜ਼ ਛਿੜੇ ਨੇ ।
ਪਰੀਆਂ, ਤਾਰੇ ਤੇ ਜੁਗਨੂੰ 
ਵਜਾਵਣ ।
ਸਾਜੋ ਆਵਾਜ਼ ਲੈ ਕੇ 
ਆਵਣ ।
ਬੜੇ ਮਿਜਾਜ਼ੀ ਤੇ 
ਨਿਵਾਜ਼ੀ ਲੱਗਣ ਉਹ
ਕਦੇ ਨਾ ਡਿੱਠੇ ਲੱਗਣ ਉਹ ।
ਮੇਰਾ ਤਨ ਮਨ 
ਫਿਰੇ 
ਨਸ਼ਿਆਇਆ 
ਜੋ ਸੀ ਸਦੀਆਂ ਦਾ ਤਿਰਹਾਇਆ
ਇਸ ਪਾਰ ਦੇ ਉਹ ਲੱਗਣ ਨਾ 
ਓਹ ਪਾਰ ਡਿੱਠਿਆ ਕੀਹਨੇ
ਹੁਣ ਦੱਸੇ ਕੌਣ ?
ਇਸ ਪਾਰ ਦੇ 
ਕਿ ਉਸ ਪਾਰ ਦੇ ।
ਮੈਨੂੰ ਕੋਈ ਤਾਂ  ਸਮਝਾਵੇ ।
 ਪਰ ਮੇਰਾ ਮਨ ਕਰੇ 
ਬਸ 
ਹੁਣ ਵਜਦੇ ਈ ਰਹਿਣ 
ਬਸ ਵਜਦੇ ਈ ਰਹਿਣ ।
01/06/2019 


ਅੱਜ ਕੇਹਾ ਸਵੇਰਾ ਹੋਇਆ 

ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਅੱਜ ਕੇਹਾ ਸਵੇਰਾ ਹੋਇਆ
ਮਨ ਸਮੁੰਦਰੋਂ ਡੂੰਘਾ ਹੋਇਆ
ਪੌਣ ਗਮਾਂ ਵਿੱਚ ਸੁਲਘੇ 
ਅੱਜ ਫਿਰ ਮਨ ਭਰ ਆਇਆ।
ਅੱਜ ਕੇਹਾ ਸਵੇਰਾ ਹੋਇਆ ।
 
ਅੱਜ ਕੇਹਾ ਸਵੇਰਾ ਹੋਇਆ 
ਸੂਰਜ ਮਹਾਂ ਉਦਾਸਿਆ 
ਪੰਛੀ ਨਾ ਨੱਚਦੇ ਨਾ ਟਪਦੇ
ਨਾ ਹੀ ਕੋਈ ਮਿੱਠੜਾ ਗੀਤ ਸੁਣਾਇਆ  
ਅੱਜ ਕੇਹਾ ਸਵੇਰਾ ਹੋਇਆ ।
 
ਅੱਜ ਕੇਹਾ ਸਵੇਰਾ ਹੋਇਆ 
ਚਾਰ ਚੁਫੇਰੇ ਸੁੰਨ ਸਰਾਂ 
ਸਮਝ ਨਾ ਆਵੇ ਅਜਬ
ਇਹ ਸੱਤ ਬੇਗਾਨਾ ਗਰਾਂ
ਮਨ ਸੁਥਰਾ ਬੌਰਾ  ਹੋਇਆ
ਅੱਜ ਕੇਹਾ ਸਵੇਰਾ ਹੋਇਆ
 
ਅੱਜ ਕੇਹਾ ਸਵੇਰਾ ਹੋਇਆ 
ਇੱਕ ਇੱਕ ਕਰਕੇ ਵਾਰੀ-ਵਾਰੀ
ਮੁੱਢ ਤੋਂ ਲੈ ਕੇ ਹਰ ਗਮ ਨੇ 
ਬੰਨ੍ਹ ਕੇ ਤੰਬੂ ਆ ਡੇਰਾ ਲਾਇਆ
ਅੱਜ ਕੇਹਾ ਸਵੇਰਾ ਹੋਇਆ ।
 
ਅੱਜ ਕੇਹਾ ਸਵੇਰਾ ਹੋਇਆ 
ਇਹ ਨੈਣਾਂ ਦੀਆਂ ਸੋਹਜ 
ਸਚਿਆਰੀਆਂ ਵਿਚਾਰੀਆਂ
ਨਦੀਆਂ ਦੇ ਵਿੱਚ ਇਹ ਕੇਹਾ ਹੜ੍ਹ ਆਇਆ 
ਅੱਜ ਕੇਹਾ ਸਵੇਰਾ ਹੋਇਆ 
 
ਅੱਜ ਕੇਹਾ ਸਵੇਰਾ ਹੋਇਆ 
ਮਨ ਸਮੁੰਦਰੋਂ ਡੂੰਘਾ ਹੋਇਆ 
ਪੌਣ ਗਮਾਂ ਵਿੱਚ ਸੁਲਘੇ 
ਅੱਜ ਫਿਰ ਮਨ ਭਰ ਆਇਆ
ਅੱਜ ਕੇਹਾ ਸਵੇਰਾ ਹੋਇਆ ।
31/05/2019 


ਮੇਰੀ ਰੂਹ ਦਾ ਅਣਜਾਣ ਸਫਰ

ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਨਾ ਮੇਰਾ ਰੰਗ , 
ਨਾ ਮੇਰਾ ਰੂਪ ।
ਕਿੱਧਰੋਂ ਆਈ ਤੇ ,
ਕਿੱਧਰ ਜਾਣਾ ।
ਅਕਾਲ ਸਫਰ , 
ਭਟਕਣ ਦਰ-ਬ-ਦਰ ।
ਨਾ ਕੋਈ ਪਤਾ , 
ਨਾ ਕੋਈ ਠਿਕਾਣਾ ।
ਨਾ ਕੋਈ ਜਾਣੇ ,
ਨਾ ਮੈਂ ਜਾਣਾ । 
ਸਦੀਆਂ ਤੋਂ ਅਕਹਿ ,
ਪੀੜਾਂ ਤੋਂ ਅਸਹਿ ।
ਪਰ ਸਫਰ ਨਹੀਂ ਪਤਾ 
ਕਦੋਂ ਹੋਣਾ ਤਹਿ ।
ਕਰਾਂ ਕੋਈ ਹੀਲਾ ,
ਕਰਾਂ ਕੋਈ ਵਸੀਲਾ ।
ਮੁਕਾ ਕੇ ਇਹ ਪੈਂਡਾ 
ਹਸਰਤਾਂ ਦਾ ਇਹ ਕਬੀਲਾ ।
ਕਦੋਂ ਜਾਵਾਂ ਸਾਈਂ ਕੋਲ ,
ਹਰ ਦੁੱਖੜਾ ਲਵਾਂ ਫਰੋਲ ।
ਹੁਣ ਗੱਲ ਇਹੀ ਮੰਨਾ ,
ਬਸ ਇਹੀ ਹੁਣ ਤਮੰਨਾ ।
 30/05/2019
 
ਰੰਗ

ਗੁਰਪ੍ਰੀਤ ਕੌਰ ਗੈਦੂ, ਯੂਨਾਨ
 
gurpreetK-gaidu01ਹਾਂ ਸਖੀ,
ਤੇਰੀ ਗੱਲ ਤਾਂ 
ਵਾਜਿਬ ਐ,
ਦੁਨੀਆਂ ਰੰਗ ਬਿਰੰਗੀ
ਭਾਵੇ ਮਨ ਨੂੰ ।
ਪਰ ਜਦੋਂ ਕਦੇ 
ਰੰਗਾਂ ਨਾਲ ਵੀ
ਧੱਕੇ ਸ਼ਾਹੀ ਹੁੰਦੀ ਦੇਖਾਂ। 
ਫਿਰ ਦਿਲ ਨੂੰ ਤਰਸ ਜਿਹਾ ਆਉਂਦੈ ਰੰਗਾਂ ਤੇ
ਫਿਰ ਦਿਲ ਨੂੰ 
ਖੋਹ ਜਿਹੀ ਪੈਂਦੀ ਐ।
ਫਿਰ ਮਨ ਨੂੰ ਨਾ 
ਇਹ ਭਾਉਂਦੀ ਗੱਲ।
ਫਿਰ ਦਿਲ ਕਰੇ 
ਇਹਨਾਂ ਨੂੰ ਰਲਾ ਕੇ 
ਇੱਕੋ ਈ ਬਣਾ ਦਿਆਂ।
ਸਾਰੇ ਰੰਗਾਂ ਦਾ 
ਭੇਦ ਈ ਮਿਟਾ ਦਿਆਂ
ਬਸ ਸਫੇਦੋ ਸਫੇਦ ਹੀ 
ਬਣਾ ਦਿਆਂ ।
ਚਲਾਕ ਜਿਹਾ ਮਨੁੱਖ 
ਆਪ ਤਾਂ ਵੰਡਿਆ ਈ ਸੀ
ਇਹਨਾਂ ਭੋਲੇ ਭਾਲੇ ਜਿਹੇ 
ਮਾਸੂਮ ਜਿਹੇ ਰੰਗਾਂ ਨੂੰ 
ਵੀ ਨਾ ਬਖਸ਼ਿਆ ।
ਕੋਈ ਖੁਸ਼ੀ ਦਾ
ਤੇ ਕੋਈ ਗਮੀ ਦਾ ਬਣਾ 
ਰੰਗਾਂ ਨੂੰ ਵੀ ਵੰਡ ਕੇ ਰੱਖ ਦਿੱਤਾ ।
 16/05/2019

ਪੈੜਾਂ /ਯਾਦਾਂ 
ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਇਹਨਾਂ ਪੈੜਾਂ ਦਾ
ਮੈਂ ਕੀ ਕਰਾਂ?
ਇਹਨਾਂ ਮੈਨੂੰ
 ਬੜਾ ਸਤਾਇਆ।
 
ਨਾ ਸਰਦੀ ਨਾਲ 
ਸੀਤਲ ਹੋਈਆਂ।
ਨਾ ਗਰਮ ਪਵਨ ਨੇ 
ਲੂਹੀਆਂ। 
 
ਮੈਨੂੰ ਘਰ  ਤੱਕ 
ਸਤਾਵਣ ਆਈਆਂ ।
ਮੇਰੀਆਂ ਪੈੜਾਂ ਮੈਨੂੰ
ਚਿੜ੍ਹਾਵਣ ਆਈਆਂ।
 
ਇਹ ਅਸਮਾਨੀ 
ਪੁੱਜੀਆਂ ਪੈੜਾਂ।
ਮੇਰੇ ਸਿਰ ਉੱਤੇ
ਗਮ ਬਰਸਾਵਣ ਆਈਆਂ।
 
ਮੈਨੂੰ ਧੱਕੇ ਦੇਹ,
ਦੇਣ ਹਲੂਣੇ ।
ਮੇਰੇ ਵਲ ਵਲੇ ਹੋਏ ਦੂਣੇ।
ਮੇਰਾ ਹੌਸਲਾ ਢਾਵਣ ਆਈਆਂ ।
 
ਜੀ ਕਰੇ ਕਿਣਕਾ ਕਿਣਕਾ 
ਕਾਇਨਾਤ ਦਾ
ਜੋੜ ਲਵਾਂ ਮੈਂ।
ਕੱਢਾਂ ਅਰਕ 
ਨਿਚੋੜ  ਲਵਾਂ ਮੈਂ।
ਬੀਤਿਆ ਸਮਾਂ 
ਦਿਖਾਵਣ ਆਈਆਂ।
 
ਕੀ  ਇਹਨਾਂ ਨੇ ਮੈਨੂੰ
ਕਰਨਾ ਕਹਿਣਾ।
ਜੇ ਇਹਨਾਂ ਨੂੰ ਵਾਪਿਸ 
ਮੋੜ ਦਿਆਂ ਮੈਂ।
ਬੱਸ ਸਾਹ ਮੇਰਾ
ਕੱਢਾਵਣ ਆਈਆਂ।
17/05/2019

ਦਰਦ
ਚੱਲ ਵੇ ਦਰਦਾ
ਤੈਨੂੰ ਵੰਡ ਵੰਡਾ ਕੇ ਆਵਾਂ,
ਉਂਗਲੀ ਫੜ੍ਹ ਤੇ ਤੈਨੂੰ ਕਿੱਧਰੇ 
ਛੱਡ ਕੇ ਆਵਾਂ।
 
ਲੋਕੀਂ ਕਹਿਣ 
ਤੂੰ ਵੰਡਿਆ ਘਟਦੈਂ 
ਚੱਲ ਤੈਨੂੰ ਘੱਟ ਘਟਾ ਕੇ 
ਲਿਆਵਾਂ!
ਸੁੱਟਾਂ ਦੂਰ ਤੇ 
ਤੈਥੋਂ ਲੁਕ- ਲੁਕ ਆਵਾਂ ।
 
ਮੁੱਠੀ-ਮੁੱਠੀ ਵੰਡਾਂ 
ਤੇ ਪੰਡ-ਪੰਡ ਚੁੱਕ 
ਲਿਆਵਾਂ।
ਇਹ ਦੂਣਾ ਚੌਣਾ 
ਪਲਾਂ 'ਚ ਕਰ ਲਿਆਵਾਂ।
 
ਡਰਦਾ- ਡਰਦਾ ਦਰਦ ਵੀ 
ਮੇਰੇ ਕੋਲ ਹੀ ਬਹਿ ਗਿਆ 
ਗੋਡੇ ਲੱਗ ਲੱਗ 
ਹੁਬਕੀ-ਹੁਬਕੀ ਰੋਇਆ  
ਦਰਦ ਨੂੰ ਮੇਰੇ ਤੇ
ਦਰਦ ਜਿਹਾ ਸੀ ਆਇਆ।
 
ਗਿਆ ਸੀ ਉਂਗਲੀ ਫੜ੍ਹ ਕੇ 
ਗਲ ਲੱਗ ਕੇ ਮੁੜਿਆ 
ਗਈ ਸੀ ਕਿੱਧਰੇ ਵੰਡਣ-ਵੰਡਾਉਣ,
ਪਰ ਮੇਰੇ ਸਿਰ ਤੇ ਚੜ੍ਹਿਆ 
ਮੇਰਾ ਹੀ ਦਰਦ ਸੀ 
ਮੇਰਾ ਹੀ ਹੋ ਕੇ ਮੁੜਿਆ ।
 
ਦੋਰਾਹਾ
ਦੋਰਾਹਾ ਮੇਰੇ ਸਾਹਮਣੇ ਸੀ,
ਪਰ ਮੇਰਾ ਕਿਸੇ ਵੀ
ਰਾਹ ਵੱਲ ਮੂੰਹ ਨਹੀਂ ਸੀ ਹੋ ਰਿਹਾ,
ਕੋਈ ਇੱਕ ਰਾਹ ਚੁਣਿਆ ਨਹੀਂ ਜਾ ਰਿਹਾ ਸੀ ।
ਉੱਠਦੀ,ਕੋਸ਼ਿਸ਼ ਕਰਦੀ,
ਕਿਸੇ ਰਾਹ ਵੱਲ ਵਧਣ ਦੀ,
ਪਰ ਪਰੇਸ਼ਾਨ ਹੋ 
ਫਿਰ ਬੈਠ ਜਾਂਦੀ।
ਫੈਸਲਾ ਕਰਨਾ ਮੈਨੂੰ,
ਬਹੁਤ ਕਠਿਨ ਤੇ ਮੁਸ਼ਕਿਲ
ਮਾਲੂਮ ਹੋ ਰਿਹਾ ਸੀ।
ਮਨ ਦੋਚਿੱਤੀ ਵਿੱਚ ਫਸਿਆ ਹੋਇਆ  ਸੀ।
ਏਸੇ ਕਸ਼ਮ-ਕਸ਼ ਵਿੱਚ
ਕਿ ਤੁਰਾਂ ਕਿ ਨਾ, 
ਰਾਹ ਵੱਲ ਵਧਾਂ ਕਿ ਨਾ-
ਆਪਣੇ ਆਪ ਨਾਲ ਜੱਦੋ-ਜਹਿਦ
ਕਰ ਰਹੀ ਸੀ।
ਸੋਚ ਵਿੱਚ ਡੁੱਬੀ ਬੈਠੀ ਸਾਂ,
ਕਿ ਏਨੇ ਨੂੰ ਇੱਕ ਆਵਾਜ਼ 
ਮੇਰੇ ਕੰਨਾਂ ਵਿੱਚ ਪਈ ।
ਸਿਰਫ ਆਵਾਜ਼ ਹੀ ਨਹੀਂ ਸੀ, 
ਇੱਕ ਤਾਹਨਾ ਸੀ।
ਮਾਂ ਦੀ ਓਸ ਘੂਰ ਵਰਗੀ ਆਵਾਜ਼-
ਜੀਹਦੇ ਵਿੱਚ ਹੱਲਾਸ਼ੇਰੀ ਵੀ ਸੀ
ਗੁੱਸਾ ਵੀ, ਤਾਹਨਾ ਵੀ, 
ਤੇ ਢੇਰ ਸਾਰਾ ਪਿਆਰ ਵੀ।
ਇਹ ਆਵਾਜ਼ ਮੈਨੂੰ 
ਇਕ ਰਾਹ ਵੱਲੋਂ ਆਈ ਸੀ,
ਦੋਹਾਂ ਵਿੱਚੋਂ ਇੱਕ ਰਾਹ 
ਮੈਨੂੰ ਉਲਾਂਭਾ ਦੇ ਰਿਹਾ ਸੀ।
 ਮੈਂ ਤੇਰਾ ਰਾਹ ਹਾਂ
ਕੋਈ ਹੋਰ ਨਹੀਂ ,
ਮੈਂ ਹੀ ਤੈਨੂੰ ਤੇਰੀ ਮੰਜ਼ਿਲ 'ਤੇ ਪਹੁੰਚਾਵਾਂਗਾ, 
ਮੈਂ ਹੀ ਤੇਰਾ ਸਾਥੀ ਬਣਾਂਗਾ।
ਬਸ ਤੂੰ ਇੰਝ ਕਰ,
ਤੁਰੀ ਚੱਲ ।
"ਰਸਤੇ ਵਿੱਚ ਜੋ ਵੀ ਆਵੇ,
ਜੋ ਵੀ ਹੋਵੇ,
ਤੈਨੂੰ ਸਤਾਵੇ ਤੈਨੂੰ ਭਟਕਾਵੇ, 
ਪਰ ਤੂੰ ਮੈਨੂੰ ਛੱਡੀ ਨਾ।
ਮੈਂ ਹੀ ਇੱਕ ਦਿਨ
ਤੈਨੂੰ ਤੇਰੀ ਮੰਜ਼ਿਲ ਤੇ ਪਹੁੰਚਾਵਾਂਗਾ।"
ਮੈਨੂੰ ਇਸ ਤਾਹਨੇ ਨੇ ਹਲੂਣਿਆ,
ਝਿੜਕਿਆ ਤੇ ਝੰਜੋੜਿਆ,
ਮੈਂ ਉੱਠ ਕੇ ਰਾਹ ਵੱਲ ਨੂੰ ਹੋ ਤੁਰੀ,
ਆਪਣੀ ਮੰਜ਼ਿਲ ਵੱਲ।
ਫੈਸਲਾ ਕਰਨਾ
ਆਸਾਨ ਹੋ ਗਿਆ 
ਤੇ ਮੇਰੇ ਕਦਮ ਆਪ-ਮੁਹਾਰੇ ਹੀ
ਮੰਜ਼ਿਲ ਵੱਲ ਨੂੰ ਹੋ ਤੁਰੇ।
18/05/2019
 

 

ਗੁਰਪ੍ਰੀਤ ਕੌਰ ਗੈਦੂ 
Ajit Singh  rightangleindia@gmail.com


5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2020, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com