WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਕਿਰਨ ਪਾਹਵਾ
ਮੰਡੀ ਗੋਬਿੰਦਗੜ

ਰੋਸ਼ਨ ਫਿਜ਼ਾਵਾਂ
ਕਿਰਨ ਪਾਹਵਾ, ਮੰਡੀ ਗੋਬਿੰਦਗੜ

ਰੋਸ਼ਨ ਫਿਜ਼ਾਵਾਂ ਵਿੱਚ, ਕਾਲੀਆਂ ਘਟਾਵਾਂ ਵਿਚ,
ਤੱਕਦੀ ਆਂ ਚੰਨਾਂ ਤੇਰਾ ਮੁੱਖ ਵੇ!
ਤੇਰੇ ਨਾਲ ਪਿਆਰ ਪਾ ਕੇ, ਨੈਣਾਂ ਨੂੰ ਜੰਜ਼ਾਲ ਪਾ ਕੇ,
ਲਾ ਲਏ ਨੇ ਉਮਰਾਂ ਲਈ ਦੁੱਖ ਵੇ!
ਨੀਂਦ ਏ ਹਰਾਮ ਮੈਨੂੰ, ਰਤਾ ਨਾ ਅਰਾਮ ਮੈਨੂੰ,
ਕਾਨਿਆਂ ਦੇ ਵਾਂਗ ਗਈ ਆਂ ਸੁੱਕ ਵੇ!
ਸੱਜਣਾ ਪਿਆਰਿਆ ਵੇ, ਜੀਣ ਦੇ ਸਹਾਰਿਆ ਵੇ,
ਲੰਘ ਚੱਲੀ ਪਿਆਰਾਂ ਵਾਲੀ ਰੁੱਤ ਵੇ!
ਡਾਢੇ ਇਹ ਵਿਛੋੜੇ ਚੰਨਾਂ, ਸਾਹ ਵੀ ਨੇ ਥੋੜੇ ਚੰਨਾਂ,
ਜਾਣ ਨਾ ਵਿਚਾਲੇ ਚੰਨਾਂ ਮੁੱਕ ਵੇ!
ਹਿਜ਼ਰਾਂ ਦੇ ਗੀਤ ਯਾਰਾ, ਕੱਢਦੇ ਨੇ ਸੀਤ ਯਾਰਾ,
ਛਾਈ ਆ ਬਨੇਰਿਆਂ ਤੇ ਚੁੱਪ ਵੇ!
ਪਿਆਰ ਵਾਲੇ ਰੰਗ ਮੇਰੇ, ਹੋਏ ਆ ਬੇ-ਰੰਗ ਜਿਹੜੇ,
ਆਣ ਕੇ ਤੂੰ ਹਾਲ ਮੇਰਾ ਪੁੱਛ ਵੇ!
20/07/17

 

ਰੋਜ ਰਾਤਾਂ ਨੂੰ
ਕਿਰਨ ਪਾਹਵਾ, ਮੰਡੀ ਗੋਬਿੰਦਗੜ

ਰੋਜ ਰਾਤਾਂ ਨੂੰ ਖੁਆਬਾਂ ਵਿਚ ਸਤਾਵੇਂ ਤੂੰ,
ਜਾਣ ਜਾਣ ਕੇ ਜਾਨ ਮੇਰੀ ਤੜਫਾਵੇਂ ਤੂੰ!

ਤਰਲੇ ਮਿੰਨਤਾਂ ਕਰ ਕਰ ਕੇ ਹਾਂ ਹਾਰੀ ਮੈਂ,
ਫਿਰ ਵੀ ਮੈਨੂੰ ਮਿਲਣ ਕਦੇ ਨਾ ਆਵੇਂ ਤੂੰ!

ਕਦੇ ਕਦੇ ਦਿਲ ਹੋ ਜਾਂਦਾ ਏ ਬੇਚੈਨ ਬੜਾ,
ਜਦ ਕਿਧਰੇ ਵੀ ਨਜ਼ਰ ਨਾ ਮੈਨੂੰ ਆਵੇਂ ਤੂੰ!

ਇਸ਼ਕ ਤੇਰੇ ਵਿਚ ਝੱਲੀ, ਕਮਲੀ, ਦੀਵਾਨੀ,
ਗੀਤ ਹਿਜ਼ਰ ਦੇ ਮੈਥੋਂ ਪਿਆ ਲਿਖਾਵੇਂ ਤੂੰ!

ਕਦਰ ਵੀ ਕਰ ਲੈ ਕੀਤੇ ਕੌਲ ਕਰਾਰਾਂ ਦੀ,
ਹਰ ਪਲ ਸੱਜਣਾ ਮੈਨੂੰ ਕਿਉਂ ਅਜਮਾਵੇਂ ਤੂੰ!

ਕਰਾਂ ਇਬਾਦਤ ਤੇਰੀ ਰੱਬ ਦੇ ਵਾਂਗਰ ਮੈਂ,
ਫਿਰ ਕਿਉਂ ਐਵੇਂ ਦੱਸ ਮੈਨੂੰ ਘਬਰਾਵੇਂ ਤੂੰ!

ਲਾ ਕੇ ਤੀਲੀ ਪਿਆਰ ਦੀ ਸੀਨੇ ਮੇਰੇ ਵੇ,
ਹੁਣ ਵੇ ਸੱਜਣਾ ਪਿੱਛੇ ਹਟਦਾ ਜਾਵੇਂ ਤੂੰ!
05/07/2017

ਦਰਦ
ਕਿਰਨ ਪਾਹਵਾ, ਮੰਡੀ ਗੋਬਿੰਦਗੜ

ਦਰਦ ਕੀ ਹੈ ਇਸ਼ਕ ਅੰਦਰ ਲੁਟ ਗਿਆ ਜੋ ਜਾਣਦਾ,
ਉਹ ਕੀ ਜਾਣੇ ਦਰਦ ਦਿਲ ਦਾ ਜੋ ਹੈ ਮੌਜਾਂ ਮਾਣਦਾ!

ਹੈ, ਮੋਹਾਲ ਜੀਵਣਾ ਫਿਰ ਦੋਸਤੋ ਹੁੰਦਾ ਬੜਾ,
ਛੱਡ ਜਾਏ ਵਿਚਕਾਰ ਜੋ ਕੋਈ ਸਾਥ ਆਪਣੇ ਹਾਣ ਦਾ!

ਜਦ ਦਿਲਾਂ ਦੇ ਆਖੇ ਲੱਗ ਕੇ ਪੀਂਘ ਪਾ ਲੀ ਪਿਆਰ ਦੀ,
ਉਸੇ ਦਿਨ ਤੋਂ ਖ਼ਾਕ ਗਲ਼ੀਆਂ ਦਾ ਹਾਂ ਫਿਰਦਾਂ ਛਾਣਦਾ!

ਇਹ ਮੁੱਹਬਤ ਦੀ ਫਿਜ਼ਾ ਵੀ ਆਈ ਉਸਨੂੰ ਰਾਸ ਨਾ,
ਜੋ ਕਦੇ ਇਸ ਇਸ਼ਕ ਦੀ ਹਰ ਰਗ਼ ਨੂੰ ਸੀ ਪਹਿਚਾਣਦਾ!

ਤੂੰ ਜਦੋਂ ਮੇਰੀ ਕਦੇ ਹੋ ਵੀ ਸਕਦੀ ਨਹੀ, ਐ ਨਦੀ !
ਹੱਕ ਨਈਂ ਫਿਰ ਮੈਨੂੰ ਕੋਈ, ਪਾਸ ਤੇਰੇ ਆਣ ਦਾ!

ਚਲ ਸੁਣੀਏ, ਐ 'ਕਿਰਨ'! ਚਾਹਤ ਉਸਦੀ ਆਖਰੀ,
ਕਹਿ ਰਿਹਾ ਜੋ ਆ ਗਿਆ ਏ ਵਕਤ ਮੇਰੇ ਜਾਣ ਦਾ!
27/02/17


ਹਬਸ਼ੀ ਸੰਗ ਕੂੰਜ
ਕਿਰਨ ਪਾਹਵਾ, ਮੰਡੀ ਗੋਬਿੰਦਗੜ

ਇਕ ਹਬਸ਼ੀ ਸੰਗ ਦੇਖੀ ਜਦ ਮੈਂ, ਬੈਠੀ ਕੂੰਜ ਪਿਆਰੀ,
ਮਨ ਦੇ ਅੰਦਰ ਕੀ ਕੁੱਝ ਆਇਆ, ਸੁਣ ਲਓ ਗਾਥਾ ਸਾਰੀ!

ਕੂੰਜ, ਕਾਂਗ ਨਾਲ ਬੈਠੀ ਸੀ, ਪਰ ਦਿਲੋਂ ਨਹੀ ਸੀ ਰਾਜੀ,
ਕੀ ਕਰਦੀ ਜਦ ਜੋਰਾਂ ਵਾਲੇ, ਕਰ ਲੈ ਗਏ ਜ਼ਰਦਾਰੀ!

ਇਕ ਪਾਸੇ ਹੜ ਜੋਬਨ ਦਾ, ਇਕ ਪਾਸੇ ਝੁਰੜਾ ਚੇਹਰਾ,
ਵਾ ਉਏ ਮੇਰਿਆ ਮੌਲਾ! ਹੈ ਇਹ ਕੈਸੀ ਤਿਲਕਣਬਾਜ਼ੀ!

ਸੱਧਰਾਂ, ਸੁਪਨੇ ਓਸ ਕਲੀ ਦੇ, ਖੌਰੇ ਕਿਧਰ ਗੁਆਚੇ,
ਨਿੱਕੇ ਉਮਰੇ ਕਲੀ ਕੁਆਰੀ, ਮਸਲੀ ਗਈ ਵਿਚਾਰੀ!

ਦੁਨੀਆਂ ਦਾ ਦਿਲ ਰੱਖਣ ਦੇ ਲਈ, ਬੇਸ਼ਕ ਹੈ ਓਹ ਹੱਸਦੀ,
ਲੇਕਿਨ ਓਹਦੇ ਅੰਦਰ ਸੁਲ਼ਗੇ, ਯਾਦਾਂ ਦੀ ਅੰਗਿਆਰੀ!

ਮਾਪੇ ਦੇਖ ਕੁਮਾਪੇ ਬਣ ਕੇ, ਕਰਦੇ ਕੀ ਅਣਹੋਈਆਂ,
ਖੁੰਢਾਂ ਦੇ ਲੜ ਲਾ ਦਿੰਦੇ ਕੂੰਜਾਂ, ਪੁੱਛਦੇ ਨਾ ਇਕ ਵਾਰੀ!

ਨੈਣਾਂ ਦੇ ਵਿਚ ਹੰਝ ਤੇ ਬਿਰਹਾ ਸਾਫ ਹੈ ਨਜਰੀਂ ਆਵੇ,
ਇੰਜ ਲੱਗਦੇ ਜਿਉਂ ਲਾਸ਼ ਨੇ ਕੋਈ, ਲਈ ਹੈ ਰੂਹ ਉਧਾਰੀ!

ਕੁੜੀਆਂ ਚਿੜੀਆਂ ਨੇ ਤਾਂ ਯਾਰੋ, ਐਸੇ ਲੇਖ ਲਿਖਾਏ,
ਘਰ, ਆਹਲਣੇ ਦੋਨੋਂ ਛੱਡ ਕੇ, ਜਾਂਦੀਆਂ ਮਾਰ ਉਡਾਰੀ!

ਕੀ ਕਸੂਰ ਅੱਧਖਿੜੀ ਕਲੀ ਦਾ, ਜੋ ਸੀ ਚਮਨੋਂ ਤੋੜੀ,
ਐਸੀ ਦੁਬਿਧਾ ਅੰਦਰ 'ਕਿਰਨ', ਸੁੱਤੀ ਰਾਤ ਨਾ ਸਾਰੀ!
27/02/17

 

ਮੈਂ ਪਾਣੀ ਹਾਂ...
ਕਿਰਨ ਪਾਹਵਾ, ਮੰਡੀ ਗੋਬਿੰਦਗੜ

ਮੈਨੂੰ ਪਾਣੀ ਹੀ ਰਹਿਣ ਦਿਉ
ਦੂਸ਼ਿਤ ਨਾ ਕਰੋ,
ਪਾਣੀ ਨੂੰ ਪਾਣੀ ਹੀ ਰਹਿਣ ਦਿਉ।
ਜਿਸਮ 'ਚ ਮੇਰੇ
ਜ਼ਹਿਰ ਨਾ ਵਡ਼ਨ ਦਿਉ,
ਮੇਰੇ 'ਤੇ ਕੁਝ ਰਹਿਮ ਕਰੋ।
ਮੈਂ ਕੁਦਰਤ ਹਾਂ
ਕੁਦਰਤ ਹੀ ਰਹਿਣ ਦਿਓ !
ਮੈਨੂੰ ਤਾਂ ਬੱਸ ਆਪਣਾ ਦਰਦ ਕਹੋ
ਆਪਣੀ ਅੱਖ 'ਚ ਵਸਦਾ ਰਹਿਣ ਦਿਓ !!
ਮੈਂ ਪਾਣੀ ਹਾਂ...
ਮੈਨੂੰ ਪਾਣੀ ਹੀ ਰਹਿਣ ਦਿਉ।
10\02\17

 

ਧੁਖਦੇ ਬੋਲਾਂ ਦੀ
ਕਿਰਨ ਪਾਹਵਾ, ਮੰਡੀ ਗੋਬਿੰਦਗੜ

ਮੇਰੇ ਅੰਦਰ ਧੁਖਦੇ ਬੋਲਾਂ ਦੀ,
ਤਰਤੀਬ ਬਣਾਉਣਾ ਚਾਹੁੰਦੀ ਹਾਂ।
ਮੈਂ ਘਰ ਦੀ ਚਾਰ ਦੀਵਾਰੀ ਤੋਂ,
ਛੁਟਕਾਰਾ ਪਾਉਣਾ ਚਾਹੁੰਦੀ ਹਾਂ।
ਪਿਛਲੀਆਂ ਸਾਰੀਆਂ ਗੱਲਾਂ ਨੂੰ,
ਮੈਂ ਨਾ ਦੁਹਰਾਉਣਾ ਚਾਹੁੰਦੀ ਹਾਂ।
ਮੈਂ ਆਵਣ ਵਾਲੇ ਸਮਿਆਂ ਨੂੰ,
ਹੁਣ ਖੂਬ ਹੰਢਾਉਣਾ ਚਾਹੁੰਦੀ ਹਾਂ।
ਆਪਣੇ ਨਾਂ ਤੋਂ ਆਪਣੀ ਮੈਂ,
ਪਹਿਚਾਣ ਬਣਾਉਣਾ ਚਾਹੁੰਦੀ ਹਾਂ।
ਮੈਂ 'ਕਿਰਨ' ਹਾਂ ਚੜਦੇ ਸੂਰਜ ਦੀ
ਹਰ ਥਾਂ ਰੁਸ਼ਨਾਉਣਾ ਚਾਹੁੰਦੀ ਹਾਂ।
06/02/17

ਜ਼ਿੰਦਗੀ
ਕਿਰਨ ਪਾਹਵਾ, ਮੰਡੀ ਗੋਬਿੰਦਗੜ

ਜਿੰਦਗੀ ਦਾ ਹਨੇਰਾ ਕਈ ਵਾਰੀ
ਆਪਾ ਆਪ ਵਧਾ ਦਿੰਦੇ
ਜਦ ਜਖਮਾਂ ਤੇ ਹੁੰਦੇ ਜਖਮਾਂ ਲਈ
ਕਿਸੇ ਨੂੰ ਸਦਾ ਦਿੰਦੇ
ਫਿਰ ਇਹ ਰਾਤਾਂ
ਹੋਰ ਕਾਲ਼ੀਆਂ ਤੇ ਵੱਡੀਆਂ ਲੱਗਦੀਆਂ
ਪਰ ਮੇਰੀਆਂ ਅੱਖਾਂ ਦਾ ਭੁਲੇਖਾ ਸੀ
ਜੋ ਉਸ ਲਈ ਦਰਦ ਦੇਖ ਬੈਠੀਆਂ
ਕੁਝ ਤਾ ਉਸਨੂੰ ਵੀ
ਦਰਦ ਹੋਇਆ ਹੋਣਾਂ
ਮੇਰਾ ਦਿਲ ਤੋੜਕੇ
ਨਹੀਂ ਤਾ ਪਹਿਲਾਂ ਵੀ ਦੁੱਖ ਬਥੇਰੇ
ਪਰ ਮੇਰਾ ਰੋਣਾਂ
ਅੱਖਾਂ ਤੋਂ ਬਾਹਰ ਨਹੀਂ ਆਇਆ
ਪਰ, ਅੱਜ
ਚੀਕਾਂ ਮਾਰ ਮਾਰ ਰੋਈ
ਇੱਕ ਇਸ਼ਕ ਸ਼ਬਦ ਨੇ ਹੀ ਜਿੰਦਗੀ ਰੋਲ਼ੀ ਹੈ
ਜਿਸਮ ਵਿੱਚ ਰੂਹ ਤਾ ਪਹਿਲਾਂ ਹੀ ਨਹੀਂ ਸੀ
ਪਰ ਭੁਲੇਖਾ ਜਿਹਾ ਸੀ
ਜਿਊਂਦੇ ਹੋਣ ਦਾ
ਅੱਜ ਉਹ ਵੀ ਨਿਕਲ਼ ਗਿਆ
ਤੇ ਅਹਿਸਾਸ ਵੀ ਕਰਵਾ ਗਿਆ
ਕਿ 'ਪਾਹਵਾ'
ਲਾਸ਼ ਵਿੱਚ ਵੀ ਮੁਹੱਬਤ ਪਲ਼ਦੀ ਹੈ
27/12/16


ਤੇਰਾ ਝਾਕਾ
ਕਿਰਨ ਪਾਹਵਾ, ਮੰਡੀ ਗੋਬਿੰਦਗੜ

ਤੇਰਾ ਝਾਕਾ ਲੈਣ ਲਈ ਕਦੀ ਅੱਖਾਂ ਬੰਦ ਕਰਦੀ
ਤੇਰਾ ਝਾਕਾ ਲੈਣ ਲਈ ਕਦੀ ਅੱਖਾਂ ਖੋਲਦੀ
ਤੇਰਾ ਝਾਕਾ ਕਦੀ ਆਪਣੀਂ ਪਰਛਾਈ ਵਿੱਚ ਲੱਗਦਾ
ਜਦ ਸ਼ੀਸ਼ੇ ਸਾਹਮਣੇ ਤੇਰੇ ਹੱਥ, ਮੇਰੇ ਹੱਥਾਂ ਦਾ ਸਾਥ ਦਿੰਦੇ
ਤੇਰੇ ਝਾਕੇ ਬਿਨਾ ਮੇਰਾ ਦਿਨ ਨਹੀਂ ਚੜਦਾ
ਤੇਰਾ ਝਾਕਾ ਸਵੇਰੇ ਮੇਰੇ ਮੱਥੇ ਨੂੰ ਚੁੰਮਦਾ
ਤੇਰਾ ਝਾਕਾ ਹੱਥਾਂ ਵਿੱਚ ਚੂੜੀਆਂ ਝੜਾਉਂਦੇ ਲੱਗਦਾ
ਤੇਰਾ ਝਾਕਾ ਪੈਰਾਂ ਵਿੱਚ ਪੰਜੇਬਾਂ ਪਾਉਂਦੇ ਲੱਗਦਾ
ਅਤੇ ਮੈਂ ਤਾਂ ਹੱਥਾਂ ਵਿੱਚ ਰੱਖੀ ਸੀ, ਤੇ ਪਾ ਕੇ ਝਾਕਾ ਦੇ ਗਿਆ
ਤੇਰਾ ਝਾਕਾ, ਸਿਰ ਤੇ ਚੁੰਨੀ ਲੈਂਦੀ ਨੂੰ ਬਹੁਤ ਯਾਦ ਆਉਂਦਾ
ਜਿਵੇਂ ਬਾਲ਼ਾਂ ਨੂੰ ਠੀਕ ਕਰਦਾ ਹੋਵੇ
ਘਰੋਂ ਬਾਹਰ ਜਾਂਦੀ ਦਾ ਚੁੰਨੀ ਦਾ ਦਰਵਾਜੇ ਵਿੱਚ ਅੜ ਜਾਣਾਂ
ਤੇ ਜਿਵੇਂ ਹਿੱਕ ਨਾਲ ਲਾਉਣ ਲਈ ਬੁਲਾਉਂਦਾ ਹੈ
ਤੇਰਾ ਝਾਕਾ ਲੈਣ ਲਈ ਮੇਰੀਆਂ ਅੱਖਾਂ ਵਿੱਚੋਂ ਨੀਂਦ ਖਤਮ ਹੋ ਗਈ
ਜਦ ਤੂੰ ਤੇ ਮੇਰਾ ਇਸ਼ਕ, ਇਬਾਦਤ ਵਿੱਚ ਸ਼ਾਮਿਲ ਹੋ ਗਿਆ
ਜੱਗ ਭੁੱਲ ਗਿਆ
ਜਦ ਅਸਮਾਂਨੀ ਚਾਦਰ ਹੇਠ ਖੁਦ ਨੂੰ ਕੱਲਾ ਦੇਖਦੀ ਹਾਂ
ਉਦੋਂ ਤੇਰੇ ਝਾਕੇ ਲਈ ਬੇਚੈਨੀਂ ਵਿੱਚ ਅੱਖੀਆਂ ਬਰਸਦੀਆਂ ਹਨ
ਉਦੋਂ ਲੱਗਦਾ ਹੈ ਜਿਵੇਂ ਆਸਮਾਂਨ ਵਿੱਚ ਤਾਰੇ ਹੱਸਦੇ ਨੇ ਮੇਰੀ ਹਾਲਤ ਤੇ
ਤੇ ਮੈਂ ਲੈਂਦੀ ਹਾਂ ਉਹਨਾਂ ਵਿੱਚੋਂ ਵੀ ਤੇਰਾ ਝਾਕਾ
ਜਦੋਂ ਤੋਂ ਆਪਣਾਂ ਦਰਦ ਤੇਰੀਆਂ ਅੱਖਾਂ ਵਿੱਚ ਦੇਖਿਆ
ਉਦੋਂ ਤੋਂ ਤੇਰਾ ਝਾਕਾ ਆਪਣੀਆਂ ਅੱਖਾਂ ਵਿੱਚ ਲੱਭਦੀ
ਮੇਰੀ ਇੱਕ ਹਸਰਤ ਹੈ
ਤੇਰੀਆਂ ਅੱਖਾਂ ਵਿੱਚ ਖੁਦ ਨੂੰ ਦੇਖਣਾਂ ਹੈ
ਭਾਵੇਂ ਝਾਕਾ ਹੀ ਹੋਵੇ 'ਪਾਹਵਾ'
27/12/16
 

ਕਿਰਨ ਪਾਹਵਾ,
ਮੰਡੀ ਗੋਬਿੰਦਗੜ
9780326601
pritamludhianvi@yahoo.in

Kiranpahwa888@gmail.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2017, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com