WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਕੁਲਵਿੰਦਰ ਕੌਰ ਮਹਿਕ
ਮੁਹਾਲੀ

ਬੋਲੀਆਂ ਸਾਵਣ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਆਓ ਸਖੀਓ ਕੱਠੀਆਂ ਹੋ ਕੇ ਰਲ-ਮਿਲ ਖੁਸ਼ੀ ਮਨਾਈਏ।
ਪੀਘਾਂ ਪਾਉਣ ਦਾ ਆ ਗਿਆ ਮੌਸਮ, ਪਿੱਪਲੀਂ ਪੀਂਘਾਂ ਪਾਈਏ।
ਲਾ ਲਾ ਸ਼ਰਤਾਂ ਸਿਖਰ ਦੀ ਟਾਹਣੀਓ ਪੱਤਾ ਤੋਹੜ ਲਿਆਈਏ।
ਸਾਵਣ ਚੜ ਆਇਆ, ਚਲੋ ਸੱਥ ਚ ਰੌਣਕਾਂ ਲਾਈਏ। ਸਾਵਣ....

ਮੋਰਨੀ ਨੱਚਦੀ ਬਾਗਾਂ ਦੇ ਵਿਚ, ਆਪਾਂ ਵੀ ਗਿੱਧੇ 'ਚ ਨੱਚੀਏ।
ਢਾਈ ਦਿਨਾਂ ਦੀ ਜਿੰਦ ਪ੍ਰਾਹੁਣੀ, ਰੋਣਾ ਛੱਡ ਕੇ ਹੱਸੀਏ।
ਦਿਲ-ਜਾਨੀ ਤੋ ਸੁਣੀਏ ਦਿਲ ਦੀ, ਆਪਣੇ ਦਿਲ ਦੀ ਦੱਸੀਏ।
ਹੱਥਾਂ ਤੇ ਲਾ ਰੰਗਲੀ ਮਹਿੰਦੀ, ਓਹਦਾ ਨਾਂਓਂ ਲਿਖਵਾਈਏ,
ਸਾਵਣ ਚੜ ਆਇਆ, ...............

ਦਿਲ ਵਿਚ ਵਸਦਿਆ ਸੱਜਣਾ ਆ ਜਏਂ, ਪੰਜੇ ਪੀਰ ਮਨਾਵਾਂ।
ਘੱਗਰਾ ਸੂਫ ਦਾ, ਸਿਰ ਫੁਲਕਾਰੀ, ਸੱਗੀ ਫੁੱਲ ਸਜਾਵਾਂ।
ਸੂਹ ਮਿਲ ਜਾਏ ਆਉਣ ਦੀ ਤੇਰੀ, ਘਿਓ ਦੇ ਦੀਪ ਜਗਾਵਾਂ।
ਪੂੜੇ-ਖੀਰ ਬਣਾ ਬਹਿ ਕੱਠਿਆਂ , ਛਕੀਏ ਖੂਬ ਛਕਾਈਏ,
ਸਾਵਣ ਚੜ ਆਇਆ, ...............

ਪਰਾਂਦਾ ਗੁੱਤ ਦਾ ਮਾਰੇ ਸੈਨਤਾਂ, ਜਿੱਧਰੋਂ ਦੀ ਮੈਂ ਲੰਘਾਂ।
ਕੈਂਠੇ ਵਾਲਿਆ ਦਿਸ ਜਾਏ ਕਿੱਧਰੇ, ਬਿਨਾਂ ਖੰਘ ਤੋਂ ਖੰਘਾਂ।
ਆਪ-ਮੁਹਾਰੇ ਛਣਕ ਪੈਂਦੀਆਂ, ਝਾਂਜਰਾਂ ਤੇ ਨਾਲੇ ਵੰਗਾਂ।
ਝੂਮਰ ਪਾਉਂਦੇ ਕੰਨਾਂ ਦੇ ਵਾਲੇ, ਜਦ ਵੀ ਪੀਂਘ ਚੜਾਈਏ,
ਸਾਵਣ ਚੜ ਆਇਆ, ...............

'ਮਹਿਕ' ਆਖਦੀ ਯਾਦ ਇਹ ਸਖੀਓ, ਕਦੇ ਨਾ ਮਨੋ ਭੁਲਾਉਣਾ।
ਕੱਠੀਆਂ ਹੋ ਕੇ ਪੇਕੇ ਪਿੰਡ ਨੂੰ, ਫੇਰ ਵੀ ਤੀਜ ਤੇ ਆਉਣਾ।
ਕੱਠਿਆਂ ਖੇਡੇ ਗੁੱਡੀਆਂ-ਪਟੋਲੇ, ਅੱਗੋ ਵੀ ਸਾਂਝ ਪੁਗਾਉਣਾ।
ਪੈ ਗਈਆਂ 'ਕੁਲਵਿੰਦਰਾ' ਸ਼ਾਮਾਂ, ਮੁੜ ਹੁਣ ਘਰਾਂ ਨੂੰ ਜਾਈਏ,
ਸਾਵਣ ਚੜ ਆਇਆ, ਚਲੋ ਸੱਥ ਚ ਰੌਣਕਾਂ ਲਾਈਏ।
31/07/2018


ਸਾਵਣ

ਕੁਲਵਿੰਦਰ ਕੌਰ ਮਹਿਕ, ਮੁਹਾਲੀ

mehak3ਸੂਹੇ  ਰੰਗ ਦਾ ਸੂਟ ਸਵਾਇਆ,
ਹੱਥੀਂ ਰੰਗਲਾ ਚੂੜਾ ਪਾਇਆ।  
ਮਨ ਕੱਲੀ ਦਾ ਲੱਗਦਾ ਨਈਉਂ,
ਦਿਲ ਪਿਆ ਵਾਜਾਂ  ਮਾਰੇ।   
ਸਂਜਣਾ ਵੇ ਅੱਖੀਆਂ ਤਰਸ ਗਈਆਂ,
ਸਾਵਣ ਦੇ ਪੈਣ ਫੁਆਰੇ।   
ਸੱਜਣਾ ਵੇ......

ਕਿਣਮਿਣ-ਕਿਣਮਿਣ ਸਾਵਣ ਵਰਸੇ।  
ਬਿਜਲੀ ਗੜ•ਕੇ, ਮਨ ਪਿਆ ਤਰਸੇ,
ਉਡੀਕਾਂ ਕਰ ਕਰ ਹਾਰ ਗਈ,
ਚਾਅ ਰਹਿ ਨਾ ਜਾਣ ਕੁਆਰੇ।  
ਸੱਜਣਾ ਵੇ ਅੱਖੀਆਂ.........

ਸਖੀਆਂ ਸੱਥ 'ਚ ਰੌਣਕਾਂ ਲਾਈਆਂ।  
ਬਾਗੀੱ ਮੋਰਾਂ ਪੈਲਾਂ ਪਾਈਆਂ।  
ਸਭ ਦੇ ਵਿਹੜੇ ਲੱਗੀਆਂ ਰੌਣਕਾਂ,
ਸਾਡੇ ਸੁੰਨੇ ਚੁਬਾਰੇ।   
ਸੱਜਣਾ ਵੇ ਅੱਖੀਆਂ.........

ਜਦ ਮੈੱ ਲੈ ਫੁਲਕਾਰੀ ਆਈ,
ਗਿੱਧੇ ਵਿਚ ਮਚ ਗਈ ਦੁਹਾਈ।  
ਹੁਸਨ ਪਿਆ ਮੇਰਾ ਮਾਰੇ ਠਾਠਾਂ ,
ਝਾਂਜਰ ਪਈ ਪੁਕਾਰੇ।   
ਸੱਜਣਾ ਵੇ ਅੱਖੀਆਂ.........

'ਮਹਿਕ' ਜਦੋੱ ਮੈੱ ਬੋਲੀ ਪਾਵਾਂ,
ਦਿਲ ਦਾ ਆਪਣਾ ਹਾਲ ਸੁਣਾਵਾਂ।   
ਕਾਲਿਆ ਕਾਵਾਂ ਲੈਜਾ ਖਤ ਤੂੰ,
ਭੇਤ ਸੁਣਾਵੀੱ ਸਾਰੇ।  
ਸੱਜਣਾ ਵੇ ਅੱਖੀਆਂ.........
21/07/2018


ਗੀਤ

ਕੁਲਵਿੰਦਰ ਕੌਰ ਮਹਿਕ, ਮੁਹਾਲੀ

ਬਾਜਾਂ ਵਾਲਿਆ ਕਰਾਂ ਕੀ ਸਿਫਤ ਤੇਰੀ,
ਤੇਰੀਆਂ ਰਹਿਮਤਾਂ ਹੀ ਜੱਗ ਤੋਂ ਨਿਆਰੀਆਂ ਨੇ।
ਲੋਕੀਂ ਪੁੱਤਾਂ ਲਈ ਪੂਜਦੇ ਪੱਥਰਾਂ ਨੂੰ,
ਪਰ ਤੂੰ ਜੋੜੀਆਂ ਹੀ ਧਰਮ ਤੋਂ ਵਾਰੀਆਂ ਨੇ।

ਧੰਨ ਬਾਜਾਂ ਵਾਲਿਆ ਤੂ, ਸੱਚਮੁੱਚ ਧੰਨ ਹੈ ਤੇਰੀ ਕਮਾਈ,
ਸਰਬੰਸ ਵਾਰ ਕੇ ਤੂ, ਜਿੰਦੜੀ ਕੌਮ ਦੇ ਲੇਖੇ ਲਾਈ।

ਕਸ਼ਮੀਰੀ ਪੰਡਤਾਂ ਨੇ, ਜਦ ਸੀ ਤੈਨੂੰ ਦੱਸਿਆ ਦਰਦ ਜੁਬਾਨੀ,
ਕਿਹਾ ਝੱਟ ਸੀ ਪਿਤਾ ਜੀ ਨੂੰ ਤੂ, ਤੈਥੋਂ ਵੱਡਾ ਕੋਈ ਨਾ ਦਾਨੀ।
ਪਿਤਾ ਹੱਥੀਂ ਤੋਰ ਕੇ ਤੂ, ਅਣਖੀਆ ਸੁੱਤੀ ਕੌਮ ਜਗਾਈ,
ਧੰਨ ਬਾਜਾਂ ਵਾਲਿਆ ਤੂ,.........

ਕੰਧੇ 'ਸਰਹਿੰਦ' ਦੀਏ, ਚੰਦਰੀਏ ਇਹ ਕੀ ਤੂੰ ਕਹਿਰ ਕਮਾਇਆ!
ਇਨਾਂ ਨਿੱਕੀਆਂ ਜਿੰਦਾਂ ਨੂੰ, ਕਿਉਂ ਸੀ, ਨੀਹਾਂ ਚ ਤੂੰ ਚਿਣਵਾਇਆ !
ਖੁਦ ਤੋਰ ਕੇ ਬੱਚਿਆਂ ਨੂੰ, ਦਾਦੀ ਮਾਂ ਹੱਸਕੇ ਸ਼ਹੀਦੀ ਪਾਈ,
ਧੰਨ ਬਾਜਾਂ ਵਾਲਿਆ ਤੂ,.........

ਲੱਖ ਸਿਜਦੇ 'ਮਹਿਕ' ਕਰੇ, ਧੂੜ ਤੇਰੇ ਚਰਨਾਂ ਦੀ ਮਸਤਕ ਲਾਵੇ,
ਦੀਦ ਦੇਦੇ 'ਕੁਲਵਿੰਦਰ' ਨੂੰ ਸ਼ਹਿਨਸ਼ਾਹਾ ਦਰ ਤੇ ਖੜੀ ਕੁਰਲਾਵੇ।
ਮੈਨੂੰ ਤਾਰ ਨਿਮਾਣੀ ਨੂੰ, ਜਿਵੇਂ ਤੂੰ ਤਾਰ ਕੇ ਰੱਖਤੀ ਲੋਕਾਈ,
ਧੰਨ ਬਾਜਾਂ ਵਾਲਿਆ ਤੂ, ਸੱਚਮੁੱਚ ਧਨ ਹੈ ਤੇਰੀ ਕਮਾਈ।
12/12/2017

 

ਇੰਝ ਕਰ ਨਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਕੱਚ ਦੀਆਂ ਵੰਗਾਂ ਜਹੇ ਤੇਰੇ ਵਾਅਦੇ,
ਟੁੱਟ ਜਾਂਦੇ ਨੇ ਝੱਟ ਵੇ।
ਇੰਝ ਕਰ ਨਾ ਸੱਜਣਾ-
ਸੀਨੇ ਵੱਜਦੀ ਸੱਟ ਵੇ। ਇੰਝ ਕਰ ਨਾ.....

ਸਵੇਰ ਦਾ ਵਾਅਦਾ, ਸ਼ਾਮੀਂ ਭੁੱਲ ਜਾਏਂ, ਸ਼ਾਮ ਦਾ ਭੁੱਲ ਜਾਏਂ ਰਾਤੀਂ।
ੜੰਗ-ਟਪਾਈ ਨਾ ਕਰ ਸੱਜਣਾ, ਸਰਨਾ ਨਹੀਂ ਗੱਲੀਂ-ਬਾਤੀਂ।
ਤੇਰੇ ਮਿੱਠੇ ਲਾਰਿਆਂ 'ਚੋਂ ਵੀ ਅਸੀਂ, ਲੈਣਾ ਬਹੁਤ ਕੁਝ ਖੱਟ ਵੇ,
ਇੰਝ ਕਰ ਨਾ ਸੱਜਣਾ-....

ਸ਼ਹਿਦ ਜਿਹੇ ਤੇਰੇ ਬੋਲ ਵੇ ਚੰਨਾ, ਕਹਿਰ ਦਾ ਮੋਹ ਜਤਾਉਂਦੇ।
ਤਾਰੇ ਤੋੜ ਲਿਆਵਣ ਵਰਗੇ, ਸੁਪਨੇ ਵੀ ਇਹ ਸਜਾਉਂਦੇ।
ਅੰਬਰਾਂ ਵਿਚ ਉਡਾ ਗੁੱਡੀ, ਕਈ ਬਾਰ ਡੋਰ ਲੈਂਦੈਂ ਕੱਟ ਵੇ,
ਇੰਝ ਕਰ ਨਾ ਸੱਜਣਾ....

ਇਕ ਦੂਜੇ ਨਾਲ ਕੌਲ ਨਿਭਾਂਉਂਦੀ, ਚੱਲਦੀ ਦੁਨੀਆਂ ਸਾਰੀ।
ਚੰਨ, ਸੂਰਜ ਤੇ ਅਕਾਸ਼-ਗੰਗਾ ਤੋਂ, ਜਾਵਾਂ ਲੱਖ ਬਲਿਹਾਰੀ।
ਰੱਬ ਨਾਲ ਵਚਨ ਪੁਗਾਵਣ ਸਭੇ, ਕੋਈ ਨਾ ਕਿਸੇ ਤੋਂ ਘੱਟ ਵੇ,
ਇੰਝ ਕਰ ਨਾ ਸੱਜਣਾ....

ਪਿਆਰ 'ਚੋਂ ਤਾਂ ਮਜਾ ਆਉਣਾ ਹੀ ਏ, ਲੜਾਈ 'ਚੋਂ ਵੀ ਆਵੇ।
ਹਰੇਕ ਬੋਲ ਤੇਰਾ 'ਕੁਲਵਿੰਦਰ' ਦੇ, ਸੱਚਮੁੱਚ ਮਨ ਨੂੰ ਭਾਵੇ।
ਰੱਬ ਨੂੰ ਛੱਡ ਕੇ 'ਪਾਲ' ਤੇਰਾ ਨਾਂਓਂ, ਲਿਆ 'ਮਹਿਕ' ਨੇ ਰੱਟ ਵੇ।
ਇੰਝ ਕਰ ਨਾ ਸੱਜਣਾ- ਸੀਨੇ ਵੱਜਦੀ ਸੱਟ ਵੇ। ...
20/03/17

 

ਸੁਪਨੇ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਸੁਪਨੇ ਹੋ ਜਾਂਦੇ ਕਿਆ ਪੂਰੇ ?
ਜਾਂ ਕਿ ਰਹਿ ਜਾਂਦੇ ਅਧੂਰੇ ?
ਕਿਉਂ ਦਿਲ 'ਚ ਤੂੰ ਵਸੇਂ ?
ਕਿਉਂ ਰਵ੍ਹੇਂ ਅੱਖਾਂ ਮੂਹਰੇ ?
ਆਉਂਦੇ ਰਹਿੰਦੇ ਮੈਨੂੰ ਤੇਰੇ ਕਿਉਂ ਖਾਬ ਦੋਸਤਾ ?
ਵੇ ਮੈਨੂੰ ਦੇਵੀਂ ਮੇਰੇ ਸਵਾਲ ਦਾ ਜੁਵਾਬ ਦੋਸਤਾ !

ਰਾਤੀ ਦੇਖਿਆ ਸੀ ਸੁਪਨਾ, ਮੈਂ ਬੜਾ ਹੀ ਅਜੀਬ,
ਅਸੀਂ ਦੋਨੋ ਕਿੰਝ ਆ ਗਏ ਇਕ ਦੂਜੇ ਦੇ ਕਰੀਬ !
ਮੈਂ ਗਾਉਂਦੀ ਸੀ, ਵਜਾਉਂਦਾ ਤੂੰ ਰਬਾਬ ਦੋਸਤਾ !
ਵੇ ਮੈਨੂੰ ਦੇਵੀਂ ਮੇਰੇ ਸਵਾਲ ਦਾ.........

ਬੜੇ ਸੋਗ ਵਿਚ ਗੁਜਰੇ ਨੇ, ਜ਼ਿੰਦਗੀ ਦੇ ਪੱਲ,
ਪਰ ਅੱਜ ਤੱਕ ਲੱਭਿਆ ਨਾ, ਮਸਲੇ ਦਾ ਹੱਲ।
ਡੁੱਲ੍ਹੇ ਨੀਰ ਕਿਓਂ ਅੱਖੋਂ, ਬੇ-ਹਿਸਾਬ ਦੋਸਤਾ,
ਵੇ ਮੈਨੂੰ ਦੇਵੀਂ ਮੇਰੇ ਸਵਾਲ ਦਾ.........

ਲਿਖੀ ਸੁਪਨੇ 'ਚ ਆਪਣੀ ਮੈਂ, ਆਪੇ ਤਕਦੀਰ,
ਪਹਿਲੇ ਤੈਨੂੰ ਸੀ ਧਿਆਇਆ ਤੇ ਧਿਆਏ ਪੰਜ ਪੀਰ।
ਚਿਹਰਾ ਖਿੜ ਗਿਆ, ਵਾਂਗਰਾਂ ਗੁਲਾਬ ਦੋਸਤਾ !
ਵੇ ਮੈਨੂੰ ਦੇਵੀਂ ਮੇਰੇ ਸਵਾਲ ਦਾ.........

'ਮਹਿਕ' ਔਖੀਆਂ ਨੇ ਰਾਹਾਂ, ਜਿੱਥੇ ਪਏ ਅਸੀਂ ਚੱਲ,
ਬਖਸ਼ੇ ਰੱਬ ਸੱਚਾ ਸਾਨੂੰ, ਹਾਏ ਸੰਘਰਸ਼ਾਂ ਦਾ ਬੱਲ !
ਲਿਖ ਜਾਈਏ ਅਸੀਂ ਜ਼ਿੰਦਗੀ ਦੀ ਕਿਤਾਬ ਦੋਸਤਾ,
ਵੇ ਮੈਨੂੰ ਦੇਵੀਂ ਮੇਰੇ ਸਵਾਲ ਦਾ.........
22/02/17

 

ਜ਼ਿੰਦਗੀ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਇਹ ਜ਼ਿੰਦਗੀ ਬੜੀ ਅਨੋਖੀ ਏ,
ਨਿੱਤ ਨਵੇਂ ਹੀ ਰੰਗ ਦਿਖਾਉਂਦੀ ਏ।
ਕਦੀ ਸੇਜ ਸਜਾਵੇ ਫੁੱਲਾਂ ਦੀ,
ਕਦੀ ਕੰਡਿਆਂ ਉਤੇ ਸਲਾਉਂਦੀ ਏ।
ਕਦੀ ਅੰਬਰੀਂ ਪੀਂਘਾਂ ਪਾ ਲੈਂਦੀ,
ਕਦੀ ਧਰਤੀ ਉਤੇ ਪਟਕਾਉਂਦੀ ਏ।
ਕਦੀ ਸੁਪਨੇ ਵੇਖੇ ਮਹਿਲਾਂ ਦੇ,
ਕਦੀ ਝੁੱਗੀ ਵਿਚ ਬਿਠਾਉਂਦੀ ਏ।
ਖਾਬਾਂ ਵਿਚ ਚੰਦ ਨੂੰ ਛੂਹ ਆਵਾਂ,
ਅੱਖ ਖੁੱਲ੍ਹੇ ਤਾਂ ਪਛਤਾਉਂਦੀ ਏ।
ਜਦੋਂ ਹੁੰਦੀ ਗੁੱਡੀ ਅੰਬਰਾਂ 'ਤੇ,
ਫਿਰ ਰਤਾ ਵੀ ਨਾ ਘਬਰਾਉਂਦੀ ਏ।
ਕਦੀ ਬਣ ਕੇ ਬੱਦਲੀ ਸਾਵਣ ਦੀ,
ਖੁਸ਼ੀਆਂ ਦਾ ਮੀਂਹ ਵਰਸਾਉਂਦੀ ਏ।
ਜੋ ਚਿੱਤ-ਚੇਤੇ ਵੀ ਨਹੀਂ ਹੁੰਦਾ,
ਕਦੀ ਐਸਾ ਵੀ ਰਾਗ ਸੁਣਾਉਂਦੀ ਏ।
ਤੁਰੇ ਵਾਂਗ ਸਮੁੰਦਰੀ ਲਹਿਰਾਂ ਦੇ,
ਰੁਕਣਾ ਨਾ ਕਦੀ ਸਿਖਾਉਂਦੀ ਏ।
ਤੂੰ ਸਿੱਖ 'ਕੁਲਵਿੰਦਰ' ਜ਼ਿੰਦਗੀ ਤੋਂ,
ਕਦਮ-ਕਦਮ ਤੇ ਜੋ ਪੜ੍ਹਾਉਂਦੀ ਏ।
'ਮਹਿਕ' ਮੁੜ ਨਾ ਦੇਖ ਪਿਛਾਂਹ ਨੂੰ ਤੂੰ,
ਗਈ ਜ਼ਿੰਦਗੀ ਮੁੜ ਨਾ ਆਉਂਦੀ ਏ।
20/02/17

ਬੇ-ਰੋਜ਼ਗਾਰੀ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਮਾਂਏ ਪੁੱਛ ਨਾ ਤੂੰ, ਬੇ-ਰੋਜਗਾਰੀ ਦੀ,
ਮਾਰ ਝੱਲ ਨਾ ਹੋਏ, ਏਸ ਬੀਮਾਰੀ ਦੀ।

ਲਏ ਡਿਗਰੀ-ਡਿਪਲੋਮੇ ਤਪੱਸਿਆ ਨਾਲ,
ਮਾਂਏ ਰੁਲਦੇ ਪਏ ਵਾਂਗੂੰ ਕੱਖਾਂ ਦੇ!
ਇਹ ਗੱਲ ਨਾ ਮੇਰੇ ਇਕੱਲੇ ਦੀ,
ਇਹ ਤਾਂ ਬੀਤ ਰਹੀ ਏ ਸਿਰ ਲੱਖਾਂ ਦੇ।
ਤੂੰ ਤਾਂ ਕਹਿੰਦੀ-ਸੈਂ, 'ਲੱਗੂਗਾ ਮੇਰਾ ਪੁੱਤ ਡੀ. ਸੀ.',
ਮਿਲੇ ਜੌਬ ਪੁੱਤ ਨੂੰ ਨਾ ਚੌਕੀਦਾਰੀ ਦੀ,
ਮਾਂਏ ਪੁੱਛ ਨਾ ਤੂੰ...........

ਮੇਰੇ ਨਾਲ ਦੇ ਕਾਫੀ ਕਲਾਸ ਫੈਲੋ,
ਨਸ਼ਿਆਂ ਦੇ ਹੋ ਗਏ ਨੇ ਆਦੀ ਹੁਣ।
ਸੰਭਲ ਸਕੇ ਨਾ ਉਹ ਵਿਚ ਨਿਰਾਸ਼ਾ ਦੇ,
ਲਾ ਲਏ ਰੋਗ, ਸਹੇੜੀ ਬਰਬਾਦੀ ਹੁਣ।
ਦਿਲ ਕਰਦਾ ਏ ਟਿਕਟ ਕਟਾ-ਲਾਂ ਮੈਂ ਵੀ,
ਇਹ ਨਸ਼ੱਈਆਂ ਦੇ ਵਾਲੀ ਹੀ ਲਾਰੀ ਦੀ,
ਮਾਂਏ ਪੁੱਛ ਨਾ ਤੂੰ...........

ਮੈਂ ਤਾਂ ਤੇਰੇ ਹੀ ਬੋਲ ਪੁਗਾ ਰਿਹਾ ਮਾਂ,
ਜੋ ਤੂੰ ਕਹਿੰਦੀ ਸੈਂ, 'ਰੱਬ ਇਨਸਾਫ ਕਰੂੰ'।
ਮੈਨੂੰ ਲੱਗਦੈ, ਉਹ ਰੱਬ ਤਾਂ ਸੌਂ ਗਿਆ ਏ,
ਸਾਨੂੰ ਦਿੱਤੀ ਜੋ ਸਜ਼ਾ, ਓਹ ਕਿਵੇਂ ਮਾਫ ਕਰੂੰ!
ਤੇਰੇ ਰੱਬ ਦੇ ਉਤੇ ਵੀ ਰੱਬ ਬੈਠੇ ਜੋ,
ਤੈਨੂੰ ਸਾਰ ਨਾ ਉਹਨਾਂ ਦੀ 'ਸਰਦਾਰੀ' ਦੀ!
ਮਾਂਏ ਪੁੱਛ ਨਾ ਤੂੰ...........

ਕੱਲ੍ਹ ਕਵਿਤਾ ਪੜ੍ਹੀ ਮੈਂ, 'ਕੁਲਵਿੰਦਰ' ਦੀ,
ਜਿਹੜੀ ਰਹਿੰਦੀ ਏ ਵਿਚ ਮੁਹਾਲੀ, ਮਾਂ!
ਉਹਦੀ ਕਲਮ ਨੇ ਭਰ 'ਤਾ ਜੋਸ਼ ਨਵਾਂ,
ਹੁਣ ਹੋਜੂ ਮੇਰੀ ਜਿੰਦ ਸੁਖਾਲੀ, ਮਾਂ!
ਆਖੇ 'ਮਹਿਕ', 'ਅਣਖ ਨਾਲ ਜਿਊਣੇ ਦੀ,
ਹਿਰਦੇ 'ਚੋਂ ਨਹੀਂ ਚਿਣਗ ਵਿਸਾਰੀ-ਦੀ'।
ਮਾਂਏ ਪੁੱਛ ਨਾ ਤੂੰ ਬੇ-ਰੋਜਗਾਰੀ ਦੀ,
ਮਾਰ ਝੱਲ ਨਾ ਹੋਏ ਏਸ ਬੀਮਾਰੀ ਦੀ!
07/02/17

 

ਨੱਚ ਕੁੜੀਏ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਗਿੱਧੇ ਵਿਚ ਨੱਚ ਕੁੜੀਏ, ਸਾਡੇ ਕੈਮਰੇ ਨਿਸ਼ਾਨਾ ਤੇਰਾ ਕੱਸਣਾ।
ਦਿਲ ਨਾ ਛੁਪਾ ਸਕਿਆ, ਨਹੀਂ ਤਾਂ ਬੋਲ ਕੇ ਨਹੀਂ ਸੀ ਅਸੀਂ ਦੱਸਣਾ।
ਇਕ-ਦੋ ਜਾਂ ਚਾਰ-ਪੰਜ ਨਹੀਂ,
ਅਸੀਂ ਲੈਣੇ ਤੇਰੇ ਪੋਜ ਹਜਾਰਾਂ।
ਹਾਏ ਥਾਂ-ਥਾਂ ਤੇ ਛਿੜੂ ਚਰਚਾ,
ਜਦੋਂ ਛਪਕੇ ਆਉਣੇ ਨੇ ਅਖਬਾਰਾਂ।
ਠਾਹ-ਠਾਹ ਕਲਿੱਕ ਕਰਨਾ,
ਜਦੋ ਖੁੱਲ੍ਹਕੇ ਮੈਦਾਨ 'ਚ ਤੂੰ ਹੱਸਣਾ,
ਗਿੱਧੇ ਵਿਚ ........
ਤੂੰ ਵੀ ਰਹਿ ਜਾਊਂ ਹੱਕੀ-ਬੱਕੜੀ,
ਨਾਲੇ ਆਖੇਂਗੀ ਕਮਾਲ ਹੀ ਏ ਕੀਤਾ।
ਕੋਈ ਤੈਥੋਂ ਮੰਗੂ ਪਾਰਟੀ,
ਰਹਿ ਜਾਣਾ ਏ ਕਈਆਂ ਦਾ ਮੂੰਹ ਸੀਤਾ।
ਸੱਸ ਤੇਰੀ ਫਿਰੂ ਹੁੱਬਦੀ,
ਉਹਨੇ ਖੁਸ਼ੀ 'ਚ ਭਬੀਰੀ ਬਣ ਟੱਪਣਾ,
ਗਿੱਧੇ ਵਿਚ ........
ਹੱਸ-ਹੱਸ ਖਿੱਚੇ ਕੈਮਰਾ,
ਤੇਰੇ ਜਿਹੀਆਂ ਕੁੜੀਏ ਤਸਵੀਰਾਂ।
ਸੋਚ ਦਰਵੇਸ਼ਾਂ ਵਰਗੀ,
ਇਹਦੀ ਬਿਰਤੀ ਏ ਵਾਂਗ ਫਕੀਰਾਂ।
ਡਰ ਨਾ ਜਾਂਈਂ ਕੈਮਰੇ ਤੋਂ,
ਇਹਨੇ ਤੇਰਾ ਹੀ ਬੁੱਲ੍ਹਾਂ ਤੇ ਨਾਓਂ ਜੱਪਣਾ,
ਗਿੱਧੇ ਵਿਚ ........
ਪਰੀਆਂ ਦੀ ਰਾਣੀ ਲੱਗਣੈ,
ਜਦੋਂ ਗਿੱਧੇ 'ਚ ਪੰਜਾਬਣੇ ਤੂੰ ਵੜਨਾ।
ਮੀਂਹ ਵਾਂਗੂੰ ਨੋਟ ਵਰ੍ਹਨੇ,
ਆ ਕੇ 'ਪਾਲ' ਨੇ ਬਰਾਬਰ ਜਦੋਂ ਖੜਨਾ।
'ਮਹਿਕ ਕੁਲਵਿੰਦਰ ਕੌਰੇ',
ਸਣੇ ਕੈਮਰੇ ਅਸੀਂ ਵੀ ਤੇਰੇ ਨਾ ਨੱਚਣਾ,
ਗਿੱਧੇ ਵਿਚ ਨੱਚ ਕੁੜੀਏ,
ਸਾਡੇ ਕੈਮਰੇ ਨਿਸ਼ਾਨਾ ਤੇਰਾ ਕੱਸਣਾ।
ਕੁਲਵਿੰਦਰ ਕੌਰ ਮਹਿਕ, ਮੁਹਾਲੀ।

ਜਿਹੜੇ ਦੇਸ਼
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਜਿਹੜੇ ਦੇਸ਼ ਵੱਲ ਮੈਨੂੰ ਤੋਰਿਆ ਸੀ ਬਾਬਲਾ ਤੂੰ,
ਪੱਕਾ ਸੀ ਤੇਰੇ ਕੋ' ਸਿਰਨਾਵਾਂ ਵੇ।
ਪਰ, ਕਿਹੜੇ ਦੇਸ਼ ਤੋਰ ਆਈ ਧੀ ਤੇਰੀ ਤੈਨੂੰ,
ਭੁੱਲ ਗਈ ਏ ਖੁਦ ਹੀ ਉਹ ਰਾਹਵਾਂ ਵੇ।

ਲੱਭਣ ਬਹਾਰਾਂ ਨਾ ਉਹ, ਮਾਣੀਆਂ ਜੋ ਤੇਰੇ ਨਾਲ,
ਤੂੰ ਤਾਂ ਕੋਹੇਨੂਰ-ਹੀਰਾ, ਲਾਲ ਸੈਂ।
ਝੱਲ ਨਹੀਂਓਂ ਹੁੰਦਾ ਸੀ ਜ਼ੁਲਮ ਤੈਥੋਂ ਕਿਸੇ ਨਾਲ,
ਨਿਮਾਣੇ ਤੇ ਨਿਤਾਣੇ ਦੀ ਢਾਲ ਸੈਂ।
ਦਿਲ-ਦਰਿਆ ਸੀ ਸੱਚੀਮੁੱਚੀਂ ਮੇਰੇ ਬਾਬਲਾ ਤੂੰ,
ਕਰਦੈ ਸੈਂ ਠੰਡੀਆਂ ਤੂੰ ਛਾਵਾਂ ਵੇ,
ਪਰ, ਕਿਹੜੇ ਦੇਸ਼...........

ਤਰਸੀ ਪਈ ਏ ਤੇਰੀ ਧੀ, ਗੋਦ ਬੈਠਣੇ ਨੂੰ,
ਕਦੋਂ ਇਹਨੂੰ ਗੋਦ 'ਚ ਬਿਠਾਏਂਗਾ ?
ਛਿੱਲੜੀ ਬੁੱਲ੍ਹਾਂ ਤੇ ਛਾਈ, ਦੁੱਖ ਭਰੀ ਚੁੱਪ ਦੀ ਵੇ,
ਆਕੇ ਦੱਸ ਕਦੋਂ ਤੂੰ ਹਸਾਏਂਗਾ ?
ਦੀਦ ਦੇ ਪਿਆਸੇ ਨੈਣੀਂ, ਉੱਠਦੀਆਂ ਰਹਿਣ ਛੱਲਾਂ,
ਵਗਦੇ ਇਹ ਵਾਂਗ ਦਰਿਆਵਾਂ ਵੇ।
ਪਰ, ਕਿਹੜੇ ਦੇਸ਼...........

ਤੂੰ ਤਾਂ ਸਮਸ਼ਾਨ ਵਿਚ ਲਾ ਲਿਆ ਏ ਪੱਕਾ ਡੇਰਾ,
ਉੱਕਾ ਹੀ ਗਿਓਂ ਏਂ ਮੈਨੂੰ ਭੁੱਲ ਵੇ।
ਆ ਕੇ ਤੂੰ 'ਮੁਹਾਲੀ' ਦੇਖੀਂ, ਹਾਲ ਧੀ ਆਪਣੀ ਦਾ,
ਵਿਛੋੜੇ ਦਾ ਤੂਫਾਨ ਰਿਹਾ ਝੁੱਲ ਵੇ।
ਤੇਰੇ ਬਿਨਾਂ ਸੁਣੇ ਅਰਜੋਈ ਨਾ ਕੋਈ ਬਾਬਲਾ ਵੇ,
ਕੋਠੇ ਚੜ੍ਹ ਰੌਲਾ ਭਾਂਵੇਂ ਪਾਵਾਂ ਵੇ,
ਪਰ, ਕਿਹੜੇ ਦੇਸ਼...........

ਮਾਰਦੀ ਸੀ ਕੂਕ ਜਦੋਂ ਲਾਡੋ 'ਕੁਲਵਿੰਦਰ' ਤੇਰੀ,
ਆਉਂਦਾ ਸੈਂ ਸਮੁੰਦਰਾਂ ਨੂੰ ਚੀਰ ਵੇ।
ਪਰ ਅੱਜ ਮਾਰ-ਮਾਰ ਕੂਕਾਂ 'ਮਹਿਕ' ਥੱਕ ਗਈ ਏ,
ਆਇਆ ਨਾ ਤੂੰ, ਨਾਹੀ ਆਉਂਦਾ ਵੀਰ ਵੇ।
ਮਾਂ ਵੀ ਪਰ-ਦੇਸ ਜਾਕੇ ਭੁੱਲ ਗਈ ਧੀ ਆਪਣੀ ਨੂੰ,
ਗ਼ਮਾਂ ਵਿਚ ਡੁੱਬ ਡੁੱਬ ਜਾਵਾਂ ਵੇ।
ਪਰ, ਕਿਹੜੇ ਦੇਸ਼ ਤੋਰ ਆਈ ਧੀ ਤੇਰੀ ਤੈਨੂੰ,
ਭੁੱਲ ਗਈ ਏ ਖੁਦ ਹੀ ਉਹ ਰਾਹਵਾਂ ਵੇ।
19/01/17

 

ਅਹਿਸਾਨ ਕਰੀਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਐ ਜ਼ਿੰਦਗੀ! ਮੇਰੇ 'ਤੇ, ਇਕ ਹੋਰ ਅਹਿਸਾਨ ਕਰੀਂ,
ਉਹਦੇ ਅਹਿਸਾਨਾਂ ਦਾ, ਮੈਂ ਕਰਜ ਚੁਕਾ ਦੇਵਾਂ।
ਦੇ ਉਧਾਰੇ ਪੱਲ ਮੈਨੂੰ, ਮੇਰੀ ਉਮਰ ਵਧਾ ਦੇ ਤੂੰ,
ਉਹਦੇ ਲਈ ਬਣਦਾ ਜੋ, ਮੈਂ ਫਰਜ ਪੁਗਾ ਦੇਵਾਂ।
ਜੇ ਮੇਰੀ ਜ਼ਿੰਦਗੀ ਦੀ, ਬਣ ਜਾਂਦਾ ਕਿਸ਼ਤੀ ਉਹ,
ਉਹਨੂੰ ਸੱਤ ਸਮੁੰਦਰਾਂ ਤੋਂ, ਮੈਂ ਪਾਰ ਲੰਘਾ ਦੇਵਾਂ।
ਜੇ ਰਾਤਾਂ ਕਾਲੀਆਂ ਤੋਂ, ਦਿਲ ਡਰਦਾ ਹੈ ਉਹਦਾ,
ਮੈਂ ਜੁਗਨੂੰ ਬਣ ਉਹਨੂੰ, ਹਰ ਰਾਹ ਦਿਖਾ ਦੇਵਾਂ।
ਗ਼ਮ ਮਿਲਣ ਉਧਾਰੇ ਜੇ, ਮੈਨੂੰ ਸੋਹਣੇ ਸੱਜਣ ਤੋਂ,
ਆਪਣੀ ਮੈਂ ਝੋਲੀ ਵਿਚ, ਸਭੇ ਗ਼ਮ ਸਜਾ ਦੇਵਾਂ।
ਬਦਲੇ ਉਹਦੀ ਝੋਲੀ 'ਚ, ਮੈਂ ਪਾ ਦੇਵਾਂ ਖੁਸ਼ੀਆਂ,
ਮੈਂ ਸ਼ਿੰਗਾਰ ਦਿਆਂ ਝੋਲੀ, ਫੁੱਲੀਂ ਮਹਿਕਾਅ ਦੇਵਾਂ।
ਨਾ ਕਰਾਂ ਸ਼ਿਕਾਇਤ ਕੋਈ, ਉਹ ਆਪਣੇ ਲੱਗਦੇ ਨੇ,
ਹਰ ਕੀਤੇ ਵਾਅਦੇ ਨੂੰ, ਸਿਰ-ਤੋੜ ਨਿਭਾਅ ਦੇਵਾਂ।
ਨਿੱਤ ਚੜ੍ਹਦੇ ਸੂਰਜ ਤੋਂ, ਉਹ ਕਰੇ ਉਮੀਦਾਂ ਜੋ,
ਉਹਦੇ ਲਈ ਕਿਰਨ ਬਣਕੇ, ਜ਼ਿੰਦਗੀ ਰੁਸ਼ਨਾਅ ਦੇਵਾਂ।
ਮੇਰੇ ਲਈ ਉਹਦੀਆਂ ਤਾਂ, ਯਾਦਾਂ ਹੀ ਕਾਫੀ ਨੇ,
ਉਹਦੇ ਲਈ ਜ਼ਿੰਦਗੀ ਦੇ, ਮੈਂ ਪੰਨੇ ਪਲਟਾਅ ਦੇਵਾਂ।
ਜੇ ਜਿਊਣ ਲਈ ਉਸਨੂੰ, ਮੇਰੇ ਸਾਹਾਂ ਦੀ ਲੋੜ ਪਵੇ,
ਮੈਂ ਦੇਕੇ ਸਾਹ ਆਪਣੇ, ਉਹਦੀ ਉਮਰ ਵਧਾ ਦੇਵਾਂ।
ਆਈ ਧੁਰਾਂ ਤੋਂ ਓਹਦੀ ਹਾਂ, ਉਹ ਧੁਰ ਤੋਂ ਹੈ ਮੇਰਾ,
ਕਰ ਵਸੀਅਤ 'ਪਾਲ' ਦੇ ਨਾਂ, ਉਹਨੂੰ ਸਮਝਾ ਦੇਵਾਂ।
ਕੋਈ ਕਰਜ 'ਮਹਿਕ' ਸਿਰ ਤੇ, ਰਹਿ ਜਾਏ ਫਿਰ ਵੀ ਜੇ,
ਮੈਂ ਅਗਲਾ ਜਨਮ ਹੱਸਕੇ, ਉਸ ਨਾਂ ਲਿਖਵਾ ਦੇਵਾਂ।
13/01/2017

 

ਲੱਭਦੀ ਫਿਰਾਂ ਮੈਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਲੱਭਦੀ ਫਿਰਾਂ ਮੈਂ ਚੰਨਾ, ਅੱਖਰਾਂ ਦੇ ਮੋਤੀਆਂ ਨੂੰ,
ਦਿੰਦੇ ਜਿਹੜੇ ਰੂਹ ਨੂੰ ਰੁਸ਼ਨੋਈ ਵੇ।
ਅੱਖਰਾਂ ਦੇ ਮੋਤੀਆਂ ਬਗੈਰ ਜਿੰਦ ਕਾਹਦੇ ਜੋਗੀ,
ਇਨ੍ਹਾਂ ਬਿਨਾਂ ਕਿੱਧਰੇ ਨਾ ਢੋਈ ਵੇ।
ਵਿਛੜੇ ਮਾਂ, ਬਾਪ, ਭਾਈ, ਮਿਲਦੇ ਨੇ ਅੱਖਰਾਂ 'ਚ,
ਤੇਰੇ ਕੋਲੋਂ ਗੱਲ ਨਾ ਲੁਕਾਵਾਂ ਵੇ।
ਅੰਤਰ ਧਿਆਨ ਹੋ, ਫਰੋਲਾਂ ਜਦੋਂ ਅੱਖਰਾਂ ਨੂੰ,
ਦੀਦ ਮੈਂ ਵਿਛੁਨਿੰਆਂ ਦਾ ਪਾਵਾਂ ਵੇ।
ਅੱਖਰਾਂ ਨੂੰ ਲੱਭਦੀ, ਵਿਯੋਗ ਵਿਚ ਅੱਖਰਾਂ ਦੇ,
ਕਈ ਬਾਰ ਭੁੱਬਾਂ ਥਾਣੀ ਰੋਈ ਵੇ।
ਲੱਭਦੀ ਫਿਰਾਂ ਮੈਂ ......

ਦਿਲ ਤੋਂ ਫਰੋਲਾਂ ਜਦੋਂ ਅੱਖਰਾਂ 'ਚੋਂ ਅੱਖਰਾਂ ਨੂੰ,
ਲੱਭ ਆਉਂਦਾ ਅੱਖਰਾਂ 'ਚੋਂ ਰੱਬ ਵੇ।
ਸਾਰਾ ਹੀ ਜਹਾਨ ਫਿਰ ਝੂਠਾ ਜਿਹਾ ਜਾਪਦਾ ਏ,
ਲੱਗਣ ਰਿਸ਼ਤੇ-ਨਾਤੇ ਝੂਠੇ ਸਭ ਵੇ।
'ਅੱਖਰਾਂ ਦੇ ਮੋਤੀ' ਹੁਣ ਮਨ 'ਚ ਵਸਾ ਲੈ ਤੂੰ ਵੀ,
ਹੱਥ ਜੋੜ ਮੇਰੀ ਅਰਜੋਈ ਵੇ।
ਲੱਭਦੀ ਫਿਰਾਂ ਮੈਂ ......

ਅੱਖਰਾਂ 'ਚੋਂ ਮਿਲਦਾ ਸਕੂਨ ਜਦੋਂ ਦਿਲ ਨੂੰ ਵੇ,
ਬਾਈ-ਗੌਡ ਹੋਜਾਂ ਬਾਗੋ-ਬਾਗ ਵੇ।
ਰੋਮ ਰੋਮ ਕਰੇ ਸ਼ੁਕਰਾਨਾ ਸੱਚੇ ਪਾਤਸ਼ਾਹ ਦਾ,
ਨਿਮਾਣੀ ਦੇ ਜਗਾਏ ਜਿਨ ਭਾਗ ਵੇ।
ਉਹੀ ਪੱਲ ਮੈਨੂੰ ਵੱਡਮੁੱਲੇ ਮੇਰੀ ਜ਼ਿੰਦਗੀ ਦੇ,
ਅੱਖਰਾਂ 'ਚ ਰਵ੍ਹਾਂ ਜਦੋਂ ਖੋਈ ਵੇ।
ਲੱਭਦੀ ਫਿਰਾਂ ਮੈਂ ......

ਅੱਖਰਾਂ ਦਾ ਮੁੱਲ ਨਾ ਪਛਾਣਦਾ ਏ ਜਿਹੜਾ ਚੰਨਾ,
ਸਮਝਾਂ ਮੈਂ ਧਰਤੀ ਤੇ ਭਾਰ ਉਹ।
ਜਿੰਦ ਨਿਰਮੋਹੀ ਕਿੰਝ ਕੱਟਦੀ ਹੋਏਗੀ ਦਿਨ,
ਕਿੰਝ ਕਰੂੰ ਓਸਦਾ ਦੀਦਾਰ ਉਹ।
ਜਿਹਨੀਂ ਰੂਹੀਂ ਬਿਰਹਾ ਦੇ ਅੱਖਰ ਸਮੋ ਗਏ ਹਾਏ,
ਜਾਣਦਾ ਕਦਰ ਉਹਦੀ ਸੋਈ ਵੇ।
ਲੱਭਦੀ ਫਿਰਾਂ ਮੈਂ ......

ਰੂਹ ਦੀ ਖੁਰਾਕ ਮੇਰੀ, ਬਣ ਗਏ ਅੱਖਰ ਹੁਣ,
ਕੱਲੀ ਦਾ ਕੋਈ ਲੰਘਦਾ ਨਾ ਪੱਲ ਵੇ।
ਤੂੰ ਵੀ ਕੋਈ ਅੱਖਰ ਪਿਆਰ ਵਾਲੇ ਦੇਦੇ 'ਪਾਲ',
ਪੌਣਾਂ ਹੱਥ ਛੇਤੀਂ ਮੈਨੂੰ ਘੱਲ ਵੇ।
ਚਿੱਤ ਕਰੇ 'ਲਵਲੀ' ਸੱਚੀਂ, 'ਮਹਿਕ ਕੁਲਵਿੰਦਰ' ਕਹਿੰਦੀ,
ਓਹੜ ਲਾਂ ਮੈਂ ਅੱਖਰਾਂ ਦੀ ਲੋਈ ਵੇ।
ਲੱਭਦੀ ਫਿਰਾਂ ਮੈਂ ਚੰਨਾ.......
10/01/2017

ਗਿੱਧੇ ਦੇ ਪਿੜ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਜਦੋਂ ਗਿੱਧੇ ਦੇ ਪਿੜ 'ਚ ਚਲੀ ਜਾਵਾਂ ਮੈਂ,
ਨੱਚ-ਨੱਚ ਪੂਰੀ ਧਰਤ ਹਿਲਾਵਾਂ ਮੈ।
ਫੋਟੋ ਖਿੱਚਦੇ ਬਨੇਰਿਆਂ ਤੇ ਗੱਭਰੂ-
ਤੇ ਸਿਫਤਾਂ ਬੇ-ਸ਼ੁਮਾਰ ਕਰਦੇ-
ਕਹਿਣ 'ਗਿੱਧਿਆਂ ਦੀ ਰਾਣੀ ਕਿਹੜੇ ਪਿੰਡ ਤੋਂ ?'
ਉਹ ਪੁੱਛਦੇ ਤੇ ਹੌਂਕੇ ਭਰਦੇ।

ਬੋਲੀ ਤੇਰੇ ਨਾਂਓਂ ਦੀ 'ਪਾਲ' ਜਦੋਂ ਪਾਈ ਵੇ,
ਮਚੀ ਸਖੀਆਂ 'ਚ ਸਾਰੇ ਹੀ ਦੁਹਾਈ ਵੇ।
ਭਾਬੋ ਪੁੱਛੇ ਨਾਂਓਂ ਟਿਕਾਣਾ-
ਵਰਤ ਜਾਏ ਨਾ ਕੋਈ ਭਾਣਾ-
ਕਿਹੜੀ ਡੱਬੀ 'ਚ ਛੁਪਾ ਲਾਂ ਤੈਨੂੰ ਸੋਹਣਿਆਂ,
ਵੇ ਲੋਕੀਂ ਦੇਖਕੇ ਨਾ ਜਰਦੇ।
ਕਹਿਣ 'ਗਿੱਧਿਆਂ.........

ਸਿਰ ਸੂਹੀ ਫੁਲਕਾਰੀ, ਪੈਰੀਂ ਝਾਂਜਰਾਂ,
ਤੱਕ ਸਖੀਆਂ ਮਾਰਨ ਸਭੇ ਚਾਂਗਰਾਂ।
ਪੈਰ ਧਰਤੀ ਨਾ ਲਾਵਾਂ-
ਜਦੋਂ ਜੋਸ਼ ਵਿਚ ਆਵਾਂ-
ਚਿੱਤ ਕਰੇ ਫਿਰ ਅੰਬਰਾਂ ਨੂੰ ਛੂਹ ਲਵਾਂ,
ਹਾਏ ਸੀਨੇ 'ਚ ਖੁਆਬ ਤਰਦੇ।
ਕਹਿਣ 'ਗਿੱਧਿਆਂ.........

ਸਾਰੇ 'ਚੰਡੀਗੜ੍ਹ' ਵਿਚ ਗੱਲ ਚੱਲੀ ਵੇ,
ਹੋ ਗਈ 'ਮਹਿਕ ਕੁਲਵਿੰਦਰ' ਹੁਣ ਝੱਲੀ ਏ।
ਕੰਮ ਜੱਗੋਂ ਬਾਹਰੇ ਕਰੇ-
ਰਤਾ ਮੌਤੋਂ ਵੀ ਨਾ ਡਰੇ-
ਗਿਆਰਾਂ ਗਾਗਰਾਂ ਸਿਰ 'ਤੇ ਰੱਖ ਨੱਚਦੀ,
ਹਟਾਉਣ ਭਾਂਵੇ ਸਭੇ ਘਰਦੇ।
ਕਹਿਣ 'ਗਿੱਧਿਆਂ ਦੀ ਰਾਣੀ ਕਿਹੜੇ ਪਿੰਡ ਤੋਂ ?'
ਉਹ ਪੁੱਛਦੇ ਤੇ ਹੌਂਕੇ ਭਰਦੇ।
09/01/17


ਰੌਣਕਾਂ ਇਹ ਵਿਹੜੇ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਰੌਣਕਾਂ ਇਹ ਵਿਹੜੇ ਦੀਆਂ, 'ਆਸ਼ਰਮ' ਨਾ ਪੁਚਾਣੀਆਂ,
ਕੰਧੇ ਚੜ੍ਹ ਜਿਨ੍ਹਾਂ ਦੇ ਛਾਵਾਂ, ਠੰਡੀਆਂ ਤੂੰ ਮਾਣੀਆਂ।

ਪੈਸੇ ਦਾ ਨਾ ਮਾਣ ਕਰ, ਮਾਣ ਟੁੱਟ ਜਾਵਣਾ,
ਇਹਦੇ ਪਿੱਛੇ ਲੱਗ ਕੇ ਨਾ, ਵਕਤ ਗਵਾਵਣਾ।
ਪੈਸੇ ਨਾ' ਖਰੀਦੇਂ ਖੁਸ਼ੀ, ਗੱਲਾਂ ਨਾ ਸਿਆਣੀਆਂ,
ਰੌਣਕਾਂ ਇਹ ਵਿਹੜੇ ਦੀਆਂ,........

ਮੁੱਲ ਨਾ ਕੋਈ ਪਾਵੇ ਇੱਥੇ, ਗਰੀਬ ਦੇ ਸਮਾਨ ਦਾ,
ਅਮੀਰਾਂ ਨਾਲ ਖੜ੍ਹਨ ਸਭੇ, ਦਸਤੂਰ ਹੈ ਜਹਾਨ ਦਾ।
ਜੱਗ ਦੀਆਂ ਮੁੱਕਣ, ਕਦੇ ਨਾ ਇਹ ਵੰਡਾਂ ਕਾਣੀਆਂ,
ਰੌਣਕਾਂ ਇਹ ਵਿਹੜੇ ਦੀਆਂ,........

ਮਾਂ-ਬਾਪ ਖੁੱਸੇ ਹੱਥੋਂ, ਮੁੜ ਨਾ ਹਥਿਆਉਣਗੇ,
ਰੋਂਦੀਆਂ ਨੇ ਅੱਖਾਂ ਭਾਂਵੇਂ, ਮੂੰਹੋਂ ਨਾ ਸੁਣਾਉਣਗੇ।
ਸਭੇ ਚੀਜਾਂ ਬੰਦਿਆ ਵੇ, ਐਥੇ ਈ ਰਹਿ ਜਾਣੀਆ,
ਰੌਣਕਾਂ ਇਹ ਵਿਹੜੇ ਦੀਆਂ,........

'ਮਹਿਕ ਕੁਲਵਿੰਦਰ' ਆਖੇ, ਬੋਝ ਹੈ ਜੋ ਜਾਪਦਾ,
ਹੋ ਸਕੇ ਚੁਕਾ ਦਈਂ ਕਰਜਾ, ਉਸ ਮਾਂ-ਬਾਪ ਦਾ।
ਮਾਂ-ਬਾਪ ਰੱਬ ਹੁੰਦੇ, ਦੇਖ ਪੜ੍ਹ ਕਹਾਣੀਆਂ,
ਰੌਣਕਾਂ ਇਹ ਵਿਹੜੇ ਦੀਆਂ, 'ਆਸ਼ਰਮ' ਨਾ ਪੁਚਾਣੀਆਂ।
09/01/17

ਧੰਨ ਹੈਂ ਤੂੰ ਮਾਤਾ ਗੁਜਰੀ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਧੰਨ ਹੈਂ ਤੂੰ ਮਾਤਾ ਗੁਜਰੀ, ਧੰਨ ਧੰਨ ਤੇਰਾ ਰਾਜ ਦੁਲਾਰਾ।
ਲੈਕੇ ਅਵਤਾਰ ਜੱਗ ਤੇ, ਤਾਰ ਦਿੱਤਾ ਏ ਜਹਾਨ ਜੀਹਨੇ ਸਾਰਾ।

ਜੱਗ ਨੂੰ ਜਗਾਉਣੇ ਦੇ ਲਈ, ਵਾਰ ਦਿੱਤਾ ਪਰਿਵਾਰ ਉਹਨੇ ਹੱਸ ਕੇ।
ਦੁੱਖ ਦੂਰ ਕਰਤੇ ਜੱਗ ਦੇ, ਚੁੱਕ ਲਿਆ ਸਿਰ ਭਾਰ ਉਹਨੇ ਹੱਸ ਕੇ।
ਭੇਦ ਊਚ-ਨੀਚਤਾ ਦਾ, ਮਿਟਾਕੇ ਕਰ ਦਿੱਤਾ ਸੱਚ ਦਾ ਪਸਾਰਾ,
ਧੰਨ ਹੈਂ ਤੂੰ ਮਾਤਾ ਗੁਜਰੀ...............

ਪਹਿਲੇ ਉਹਨੇ ਪਿਤਾ ਵਾਰਿਆ, ਵਾਰ ਦਿੱਤੇ ਫਿਰ ਚਾਰੋ ਹੀ ਦੁਲਾਰੇ।
ਉਸ 'ਸਰਬੰਸ-ਦਾਨੀ' ਦੇ, ਦੇਖੇ ਸੱਚਮੁੱਚ ਚੋਜ ਨੇ ਨਿਆਰੇ।
ਦੇਸ਼ ਤੋਂ ਜਿਹੜਾ ਜਿੰਦ ਵਾਰਦਾ, ਐਸਾ ਸਾਜ ਦਿੱਤਾ ਪੰਥ ਪਿਆਰਾ,
ਧੰਨ ਹੈਂ ਤੂੰ ਮਾਤਾ ਗੁਜਰੀ...............

'ਮਹਿਕ' ਕਿੰਝ ਕਰੇ ਸਿਫਤਾਂ, ਸੁੱਤੀ ਕੌਮ 'ਕੁਲਵਿੰਦਰਾ' ਜਗਾਈ।
ਆਪੇ ਗੁਰੂ, ਆਪੇ ਚੇਲਾ ਉਹ, ਐਸੀ ਨੂਰ ਦੀ ਰਹਿਮਤ ਉਹਨੇ ਪਾਈ।
ਝੂਲਦੇ ਨਿਸ਼ਾਨ ਰਹਿਣਗੇ, ਸਦਾ ਗੂੰਜੂੰ ਉਹਦਾ ਜੱਗ 'ਚ ਜੈਕਾਰਾ।
ਧੰਨ ਹੈਂ ਤੂੰ ਮਾਤਾ ਗੁਜਰੀ, ਧੰਨ ਧੰਨ ਤੇਰਾ ਰਾਜ ਦੁਲਾਰਾ।
09/01/17

 

ਜ਼ਿੰਦਗੀ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਛੱਡ ਦੁਨੀਆਂ ਦੀ ਪ੍ਰਵਾਹ,
ਇਹ ਜ਼ਿੰਦਗੀ ਢਾਈ ਦਿਨ ਦੀ।
ਹੋ ਜਾਣਾ ਏ ਅੰਤ ਫਨਾਹ,
ਇਹ ਜ਼ਿੰਦਗੀ ਢਾਈ ਦਿਨ ਦੀ।

ਇਹ ਦੁਨੀਆਂ ਮਤਲਬ-ਖੋਰਾਂ ਦੀ,
ਸਭ ਰਿਸ਼ਤੇ-ਨਾਤੇ ਝੂਠੇ ਨੇ।
ਖੁਸ਼ੀਆਂ ਵਿਚ ਲੱਗਦੇ ਜੋ ਆਪਣੇ,
ਦੁੱਖਾਂ 'ਚ ਦਿਖਾਂਉਂਦੇ ਗੂਠੇ ਨੇ।
ਤੂੰ ਖੁਦ ਨੂੰ ਲੈ ਸਮਝਾਅ।
ਇਹ ਜ਼ਿੰਦਗੀ ........

ਜ਼ਿੰਦਗੀ ਹੈ ਧੁੱਪ ਤੇ ਛਾਂ ਵਾਂਗੂੰ,
ਇਹਦੇ ਰੰਗ ਬਦਲਦੇ ਰਹਿੰਦੇ ਨੇ।
ਜੋ ਲਾਉਂਦੇ ਅੰਬਰ ਉਡਾਰੀ ਵੀ,
ਕਦੇ ਧਰਤੀ 'ਤੇ ਆ ਬਹਿੰਦੇ ਨੇ।
ਸਿੱਖ ਵਕਤ ਤੋਂ ਸਬਕ ਜਰਾ।
ਇਹ ਜ਼ਿੰਦਗੀ ........

ਅੱਜ ਪੈਸਾ ਮਕਸਦ ਜ਼ਿੰਦਗੀ ਦਾ,
ਸਭ ਕੁਝ ਭੁਲਾਈ ਜਾਂਦਾ ਏ।
ਘਰ ਵਿਚ ਵੀ ਵੰਡੀਆਂ ਪਾ ਦਿੰਦਾ,
ਇਹ ਕਮਲੇ ਬਣਾਈ ਜਾਂਦਾ ਏ।
ਕੋਈ ਕਰ ਨਾ ਬੈਠੀਂ ਗੁਨਾਹ।
ਇਹ ਜ਼ਿੰਦਗੀ ........

'ਨਾਨਕ ਦੁਖੀਆ ਸਭ ਸੰਸਾਰ ਹੈ',
ਬਾਣੀ ਸੱਚ ਫੁਰਮਾਉਂਦੀ।
ਲੱਗ ਕੇ ਚਰਨੀ 'ਮਹਿਕ' ਗੁਰਾਂ ਦੇ,
ਸੋਝੀ ਸੱਚ ਦੀ ਆਉਂਦੀ।
ਬੋਲ ਜਾਣੀ ਤੇਰੀ ਵੀ ਠਾਹ,
ਇਹ ਜ਼ਿੰਦਗੀ ਢਾਈ ਦਿਨ ਦੀ।
10/12/16

ਜ਼ਜਬਾਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਅੱਖੀਆਂ ਵਿਚ ਹੰਝੂ ਆ ਜਾਂਦੇ,
ਜਦੋਂ ਚੇਤੇ ਕਰਾਂ ਜ਼ਜਬਾਤਾਂ ਨੂੰ।
ਕਿਹਨੇ ਸਾਤੋਂ ਸਾਨੂੰ ਖੋਹ ਲਿਆ ਏ,
ਸਾਡੇ ਦੇਖਕੇ ਇਨ੍ਹਾਂ ਹਾਲਾਤਾਂ ਨੂੰ!

ਅੱਖੀਆਂ 'ਚੋਂ ਨੀਂਦਰ ਉਡ ਗਈ ਏ,
ਅਸੀਂ ਚੈਨ ਗਵਾ ਲਿਆ ਸਾਰਾ ਈ।
ਕੋਈ ਕਦਰ ਨਾ ਰਹੀ ਜ਼ਜਬਾਤਾਂ ਦੀ,
ਸਾਹ ਸਾਹ ਵਿਚ ਘੁਲ ਗਿਆ ਪਾਰਾ ਈ।
ਹੋਈ ਹਾਲਤ ਓਸ ਫਕੀਰ ਜਿਹੀ,
ਜਿਹੜਾ ਭੁੱਲ ਗਿਆ ਆਪਣੀਆਂ ਵਾਟਾਂ ਨੂੰ,
ਅੱਖੀਆਂ ਵਿਚ ........

ਭੁੱਲ ਗਏ ਹਾਂ ਪੁਰਾਣੇ ਰਾਹਵਾਂ ਨੂੰ,
ਨਾ ਦਿਸੇ ਸਾਨੂੰ ਕੋਈ ਮੰਜਲ ਹੀ।
ਜੰਜੀਰਾਂ ਵਿਚ ਜਕੜੇ ਬੈਠੇ ਹਾਂ,
ਲੱਗੇ ਚਾਰੇ ਪਾਸਿਓਂ ਸੰਗਲ ਹੀ।
ਦਿਨ ਸੋਚਾਂ ਵਿਚ ਹੀ ਨਿਕਲ ਜਾਏ,
ਰਹੀਏ ਜਾਗਦੇ ਕਾਲੀਆਂ ਰਾਤਾਂ ਨੂੰ,
ਅੱਖੀਆਂ ਵਿਚ ........

ਨਾ ਆਪਣਾ ਰਹਿ ਗਿਆ ਹੁਣ ਕੋਈ,
ਕਿਹਨੂੰ ਦਿਲ ਦੇ ਦਰਦ ਸੁਣਾਵਾਂ ਮੈਂ।
ਨਾ ਸ਼ਿਕਵਾ, ਨਾ ਹੀ ਸ਼ਿਕਾਇਤ ਕਰਾਂ,
ਬਸ ਮਨ ਆਪਣਾ ਸਮਝਾਵਾਂ ਮੈਂ।
ਦੱਸ ਕਿੱਥੇ ਮੈਂ ਛੁਪਾ ਦੇਵਾਂ,
'ਮਹਿਕ' ਮਿਲੀਆਂ ਇਨ੍ਹਾਂ ਸੌਗਾਤਾਂ ਨੂੰ,
ਅੱਖੀਆਂ ਵਿਚ ਹੰਝੂ ਆ ਜਾਂਦੇ,
ਜਦੋਂ ਚੇਤੇ ਕਰਾਂ ਜ਼ਜਬਾਤਾਂ ਨੂੰ।
10/12/16

ਮਾਹੀਏ ਆਵਣਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਬੂਹਾ ਖੋਲ੍ਹਾਂ ਕਦੀ ਬੰਦ ਕਰੀ ਜਾਵਾਂ,
ਵੇ ਅੱਜ ਮੇਰੇ ਮਾਹੀਏ ਆਵਣਾ।
ਮੈਂ ਤਾਂ ਤੱਕ ਤੱਕ ਥੱਕ ਗਈ ਆਂ ਰਾਹਵਾਂ,
ਵੇ ਅੱਜ ਮੇਰੇ ਮਾਹੀਏ ਆਵਣਾ।

ਕਿਹੜੀ ਗੱਲੋਂ ਚੰਨ ਸਾਥੋਂ ਹੋਇਆ ਐਨਾ ਦੂਰ ਵੇ।
ਅੱਖੀਆਂ ਪਿਆਸੀਆਂ ਦਾ ਖੌਰੇ ਕੀ ਕਸੂਰ ਵੇ।
ਆਵੇ ਕਿਹੜੀ ਘੜੀ ਹਾਲ ਮੈਂ ਸੁਣਾਵਾਂ,
ਵੇ ਅੱਜ ਮੇਰੇ ਮਾਹੀਏ ਆਵਣਾ। ਮੈਂ ਤਾਂ .......

ਲੰਬੀਆਂ ਉਡੀਕਾਂ ਕਰ ਕਰ ਕੇ ਮੈਂ ਹਾਰੀ ਆਂ।
ਕਾਲੀਆਂ ਮੈਂ ਰਾਤਾਂ, ਰੋ ਰੋ ਕੇ ਗੁਜਾਰੀਆਂ।
ਕਦੇ ਲਿਖ-ਲਿਖ ਚਿੱਠੀਆਂ ਮੈਂ ਪਾਵਾਂ,
ਵੇ ਅੱਜ ਮੇਰੇ ਮਾਹੀਏ ਆਵਣਾ। ਮੈਂ ਤਾਂ .......

ਕਿਹਦੇ ਲਈ ਕਰਾਂ ਸਭੇ, ਹਾਰ ਤੇ ਸ਼ਿੰਗਾਰ ਵੇ।
ਉਹਦੇ ਬਿਨਾਂ ਲੱਗੇ ਸੁੰਨਾ-ਸੁੰਨਾ ਘਰ ਬਾਰ ਵੇ।
ਦੀਵਾ ਬਾਲਕੇ ਬਨੇਰੇ ਉਤੇ ਆਵਾਂ,
ਵੇ ਅੱਜ ਮੇਰੇ ਮਾਹੀਏ ਆਵਣਾ। ਮੈਂ ਤਾਂ .......

'ਮਹਿਕ' 'ਮਹਿਕ' ਕਹਿੰਦੇ ਉਹਦੇ ਬੋਲ ਕੰਨੀ ਪੈਣ ਵੇ।
ਬਾਰ-ਬਾਰ ਤੱਕਦੇ ਨੇ, ਬੂਹੇ ਵੱਲ ਨੈਣ ਵੇ।
ਕਦੀ ਚਰਖਾ ਗਲੀ ਦੇ ਵਿਚ ਡਾਹਵਾਂ,
ਵੇ ਅੱਜ ਮੇਰੇ ਮਾਹੀਏ ਆਵਣਾ। ਮੈਂ ਤਾਂ .......
01/12/16


ਮੇਰੇ ਬਾਬੁਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਨਾ ਲੁਕ ਲੁਕ ਰੋ ਮੇਰੇ ਬਾਬੁਲਾ,
ਲੈ ਦਿਲ ਨੂੰ ਤੂੰ ਸਮਝਾੱ ਵੇ-
ਮੈਂ ਕੱਲ੍ਹ ਪ੍ਰਦੇਸਣ ਹੋਵਣਾ,
ਤੇਰੇ ਪਿੰਡ ਦਾ ਛੱਡ ਕੇ ਰਾਹ ਵੇ।

ਤੈਨੂੰ ਵਿਹੜਾ ਸੁੰਨਾ ਜਾਪਣਾ,
ਲੈਣਾ ਯਾਦਾਂ ਘੇਰਾ ਪਾ ਵੇ।
ਜਦ ਰੁੱਸਕੇ ਮੈਂ ਕਦੇ ਬੈਠਣਾ,
ਤੂੰ ਆਪੇ ਲਵੇਂ ਮਨਾ ਵੇ।
ਇਹ ਰੀਤ ਬਣਾਈ ਜੱਗ ਨੇ-
ਤੇ ਲਿਖੇ ਲੇਖ ਖੁਦਾ ਵੇ।
ਮੈਂ ਕੱਲ੍ਹ ਪ੍ਰਦੇਸਣ ਹੋਵਣਾ। ਤੇਰੇ ਪਿੰਡ ......

ਮੈਂ ਕਿਵੇਂ ਭੁਲਾਊਂ ਵੀਰਨਾ,
ਤੇਰੇ ਨਾਲ ਬਿਤਾਏ ਸਾਲ ਵੇ।
ਤੂੰ ਆਪੇ ਡੋਲਾ ਤੋਰਨੈ,
ਕਾਹਨੂੰ ਰਿਹਾ ਤੂੰ ਨੀਰ ਵਹਾ ਵੇ।
ਮੈਂ ਕਰੂੰ ਉਡੀਕਾਂ ਤੇਰੀਆਂ,
ਮੇਰੇ ਰਹੇ ਅਧੂਰੇ ਚਾਅ ਵੇ।
ਮੈਂ ਕੱਲ੍ਹ ਪ੍ਰਦੇਸਣ ਹੋਵਣਾ। ਤੇਰੇ ਪਿੰਡ ......

ਹੁਣ ਹੱਥੀਂ ਮਹਿੰਦੀ ਲਾ ਲਈ,
ਲਏ ਸਖੀਆਂ ਸ਼ਗਨ ਮਨਾ ਵੇ।
ਕੱਲ੍ਹ ਚੀਰੇ ਵਾਲੇ ਆਵਣਾ,
ਲੈਣਾ ਡੋਲੀ ਵਿਚ ਬਿਠਾ ਵੇ।
ਧੀਆਂ ਜੰਮਦੀਆਂ ਹੋਣ ਬੇਗਾਨੀਆਂ,
ਨਾ ਐਵੇਂ ਧਾਹੀਂ ਕੁਰਲਾਅ ਵੇ,
ਮੈਂ ਕੱਲ੍ਹ ਪ੍ਰਦੇਸਣ ਹੋਵਣਾ। ਤੇਰੇ ਪਿੰਡ ......

ਕੋਈ ਦਿਉ ਦਿਲਾਸਾ ਮਾਂ ਨੂੰ,
ਜਿਹਤੋਂ ਪਲ ਨਾ ਰਹੀ ਜੁਦਾ ਵੇ।
ਅੱਜ ਰੀਤ ਪੁਗਾ ਕੇ ਜੱਗ ਦੀ,
ਰਹੀ ਅੰਦਰੋਂ ਤਾਂ ਪਛਤਾੱ ਵੇ।
'ਮਹਿਕ' ਧੀਆਂ ਨਾ ਰੱਖੀਆਂ ਰਾਜਿਆਂ,
ਦਿੱਤਾ ਬਾਬੁਲੇ ਫਰਜ ਨਿਭਾ ਵੇ।
ਮੈਂ ਕੱਲ੍ਹ ਪ੍ਰਦੇਸਣ ਹੋਵਣਾ,
ਤੇਰੇ ਪਿੰਡ ਦਾ ਛੱਡ ਕੇ ਰਾਹ ਵੇ।
01/12/16

 

ਗੀਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਆ ਵੇ ਸੋਹਣਿਆ, ਆ ਵੇ ਮਹਿਰਮਾ, ਪਾ ਵਤਨਾਂ ਵੱਲ ਫੇਰਾ,
ਜਿੰਦ ਨਿਮਾਣੀ ਤਰਲੇ ਪਾਵੇ, (ਅਸਾਂ) ਕਰ ਲਿਆ ਸਬਰ ਬਥੇਰਾ।
ਚਿੱਠੀ ਲਿਖਾਂ ਨਾਲੇ ਹਾਲ ਸੁਣਾਵਾਂ, ਤੂੰ ਛੁੱਟੀ ਲੈਕੇ ਆਜਾ ਫੌਜੀਆ,
ਮੈਂ ਤਾਂ ਰੱਬ ਕੋਲੋਂ ਮੰਗਦੀ ਦੁਆਵਾਂ, ਤੂੰ ਛੁੱਟੀ ਲੈਕੇ ਆਜਾ ਫੌਜੀਆ।

ਕਿੰਨਾ ਚਿਰ ਹੋਇਆ ਚੰਨਾ, ਹੋਇਓਂ ਸਾਥੋਂ ਦੂਰ ਵੇ।
ਚਿੱਠੀ ਵੀ ਨਾ ਪਾਈ, ਕਿਹੜੀ ਗੱਲੋਂ ਮਜਬਰ ਵੇ।
ਦੱਸ ਕਿੱਦਾਂ ਹੁਣ ਮਨ ਸਮਝਾਵਾਂ।
ਤੂੰ ਛੁੱਟੀ ਲੈਕੇ ........

ਸੋਚਾਂ ਵਿਚ ਦਿਨ ਲੰਘੇ, ਰਾਤੀਂ ਯਾਦਾਂ ਤੇਰੀਆਂ।
ਮਿਲ ਜਾਣ ਤੈਨੂੰ ਚੰਨਾ, ਖੁਸ਼ੀਆਂ ਜੋ ਮੇਰੀਆਂ।
ਰੱਬ ਕਰੇ ਹੋਣ ਪੂਰੀਆਂ ਇੱਛਾਵਾਂ।
ਤੂੰ ਛੁੱਟੀ ਲੈਕੇ ........

ਫੌਜੀਆ ਭੁਲੇਖੇ ਤੇਰੇ, ਰਾਹੀਆਂ ਵਿਚੋਂ ਪੈਣ ਵੇ।
ਸਾਰੇ ਮੈਨੂੰ ਕਹਿਣ 'ਝੱਲੀ', ਕੋਈ ਕਹੇ ਸੁਦੈਣ ਵੇ।
ਭੱਜ-ਭੱਜਕੇ ਬੂਹੇ ਦੇ ਵੱਲ ਜਾਵਾਂ।
ਤੂੰ ਛੁੱਟੀ ਲੈਕੇ ........

ਜਾ ਕੇ ਛਾਉਣੀ ਵਿਚ, ਗਿਓਂ 'ਮਹਿਕ' ਨੂੰ ਤੂੰ ਭੁੱਲ ਵੇ।
ਜੋਬਨੇ ਦਾ ਪਾਇਆ ਸਾਡਾ, ਕੌਡੀਆਂ ਭਾਅ ਮੁੱਲ ਵੇ।
ਮੈਂ ਤਾਂ ਵਾਂਗ ਪਪੀਹੇ ਕੁਰਲਾਵਾਂ।
ਤੂੰ ਛੁੱਟੀ ਲੈਕੇ ਆ ਜਾ ਫੌਜੀਆ।
'ਸੂਬਿਆ' ਤਰਸ ਨਾ
ਤੈਨੂੰ 'ਸੂਬਿਆ' ਤਰਸ ਨਾ ਆਇਆ,
ਜਲਾਦਾਂ ਦੇ ਵੀ ਹੱਥ ਕੰਬ ਗਏ।
ਜਦੋਂ ਬੱਚਿਆਂ ਨੂੰ ਨੀਹਾਂ 'ਚ ਚਿਣਾਇਆ,
ਜਲਾਦਾਂ ਦੇ ਵੀ ਹੱਥ ਕੰਬ ਗਏ।
ਦੇਖਿਆ ਨਾ ਤੂੰ, ਜਿੰਦਾ ਕਿੰਨੀਆਂ ਨਿਆਣੀਆਂ।
ਧੁਰ ਦਰਗਾਹੇ ਸੁਣੀਆਂ, ਉਨ੍ਹਾਂ ਦੀਆਂ ਜਾਣੀਆਂ।
ਹਾਏ! ਐਡਾ ਵੱਡਾ ਕਹਿਰ ਤੂੰ ਕਮਾਇਆ,
ਜਲਾਦਾਂ ਦੇ ਵੀ ਹੱਥ ਕੰਬ ਗਏ। ਤੈਨੂੰ 'ਸੂਬਿਆ'.....
ਪਾਪੀਆ ਵੇ, ਦਿਲ ਕਿਉਂ ਪੱਥਰ ਬਣਾ ਲਿਆ।
ਦੁਨੀਆਂ 'ਤੇ ਐਡਾ ਤੂੰ ਕਲੰਕ ਮੱਥੇ ਲਾ ਲਿਆ।
ਦਰਗਾਹ ਵਿਚ ਜੋ ਜਾਣਾ ਨਾ ਬਖਸ਼ਾਇਆ,
ਜਲਾਦਾਂ ਦੇ ਵੀ ਹੱਥ ਕੰਬ ਗਏ। ਤੈਨੂੰ 'ਸੂਬਿਆ'.....
ਜਿੰਦਾਂ ਸੀ ਮਸੂਮ ਭਾਂਵੇ, ਹੌਸਲੇ ਬੁਲੰਦ ਸੀ।
ਵਚਨਾਂ ਦੇ ਪੱਕੇ ਤੇ ਅਸੂਲਾਂ ਦੇ ਪਾਬੰਦ ਸੀ।
ਉਨ੍ਹਾਂ ਦਾਦੀ ਮਾਂ ਦਾ ਵਚਨ ਨਿਭਾਇਆ,
ਜਲਾਦਾਂ ਦੇ ਵੀ ਹੱਥ ਕੰਬ ਗਏ। ਤੈਨੂੰ 'ਸੂਬਿਆ'.....
ਅਮਰ ਸ਼ਹੀਦ ਹੋ ਗਏ, ਦੇ ਕੇ ਕੁਰਬਾਨੀਆਂ|
'ਮਹਿਕ ਕੁਲਵਿੰਦਰ ਕੌਰੇ' ਛੱਡ ਗਏ ਨਿਸ਼ਾਨੀਆਂ।
ਜਿਊਣਾ ਅਣਖ ਨਾਲ ਕੌਮ ਨੂੰ ਸਿਖਾਇਆ,
ਜਲਾਦਾਂ ਦੇ ਵੀ ਹੱਥ ਕੰਬ ਗਏ। ਤੈਨੂੰ 'ਸੂਬਿਆ'.....
24/11/16

 

ਸੁਪਨਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਇਕ ਕਾਲੀ ਹਨੇਰੀ ਰਾਤ 'ਚੋਂ
ਤੇ ਤਾਰਿਆਂ ਦੀ ਬਰਾਤ 'ਚੋਂ
ਮੈਂ ਤੱਕਦੀ ਤੇ ਲੱਭਦੀ ਰਹੀ,
ਇੱਧਰ-ਉਧਰ ਭੱਜਦੀ ਰਹੀ।
ਮੇਰੇ ਦਿਲ ਨੂੰ ਪਤਾ ਨਹੀ,
ਕਿਸ ਗੱਲ ਦੀ ਉਮੀਦ ਸੀ,
ਇਕ ਚੰਨ ਦੀ ਉਡੀਕ ਸੀ।
ਮੈਂ ਚੱਲਦੀ ਰਹੀ, ਨਾ ਸੋਚਿਆ,
ਕਿੱਥੋਂ ਤੱਕ ਚੱਲਦੇ ਜਾਣਾ ਏ
ਫਿਰ ਦਿਲ ਆਪਣੇ ਨੂੰ ਰੋਕਿਆ
ਪੁੱਛਿਆ ਤੇ ਕੁਝ ਸੋਚਿਆ
ਨਾ ਉਹੀ ਕੁਝ ਬੋਲਿਆ-
ਇਸ ਚੰਦਰੇ ਨੂੰ ਫਿਰ ਵੀ,
ਜਾਣਾ ਮੰਜਲ ਤੇ ਲੱਗਦਾ ਠੀਕ ਸੀ,
ਮੇਰੇ ਦਿਲ ਨੂੰ ਪਤਾ ਨਹੀ......
ਜੋ ਪਲ ਹੱਥੋਂ ਨੇ ਗੁਜਰ ਗਏ,
ਨਾ ਉਨ੍ਹਾਂ ਤੋਂ ਕੁਝ ਭਾਲਿਆ।
ਨਾ ਲੱਭਿਆ, ਨਾ ਜਾਣਿਆ,
ਨਾ ਖੁਦ ਨੂੰ ਹੀ ਪਹਿਚਾਣਿਆ।
ਸੁਪਨਾ ਸੀ ਕੁਝ ਇਸ ਤਰਾਂ,
ਜਿਉਂ ਪਾਣੀਆਂ ਵਿਚ ਲੀਕ ਸੀ।
ਮੇਰੇ ਦਿਲ ਨੂੰ ਪਤਾ ਨਹੀ......
ਸੁਪਨਾ ਸੀ ਬੜਾ ਡਰਾਵਣਾ,
ਉਂਝ ਅੰਦਰੋਂ ਸੀ ਮਨ-ਭਾਵਣਾ।
ਸੁਪਨਾ ਜਦ 'ਮਹਿਕ' ਟੁੱਟਿਆ,
ਮੇਰੀ ਨਿਕਲ ਗਈ ਚੀਕ ਸੀ।
ਮੇਰੇ ਦਿਲ ਨੂੰ ਪਤਾ ਨਹੀ......
04/11/16

ਕਾਲਜ ਦੇ ਦਿਨ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਗੁਜਰਦੇ ਨਹੀ ਹੁਣ, ਜਿਹੜੇ ਦੋਸਤਾਂ ਤੋਂ ਬਿਨ,
ਕਿੰਨੇ ਚੰਗੇ ਹੁੰਦੇ ਸਨ, ਕਾਲਜ ਦੇ ਦਿਨ।
ਕਦੇ ਰੁੱਸ ਜਾਣਾ, ਕਦੇ ਆਪ ਹੀ ਮਨਾਵਣਾ,
ਹਾਸੇ-ਹਾਸੇ ਵਿਚ, ਸਾਰਾ ਗੁੱਸਾ ਭੁੱਲ ਜਾਵਣਾ।
ਨਹੀਂ ਸਾਂ ਅਲੱਗ ਹੁੰਦੇ, ਇਕ ਪਲ ਛਿਨ,
ਕਿੰਨੇ ਚੰਗੇ ਹੁੰਦੇ ਸਨ........

ਕਦੇ ਖੂਬ ਪੜ੍ਹਨਾ ਤੇ ਕਦੇ ਖੂਬ ਹੱਸਣਾ,
ਦਿਲ ਵਾਲਾ ਭੇਦ ਨਾ ਕੋਈ, ਦੋਸਤਾਂ ਤੋਂ ਰੱਖਣਾ।
ਗੁਜਰੇ ਉਹ ਪੱਲ, ਅੱਜ ਤੋਂ ਬਹੁਤ ਹੀ ਸਨ ਭਿੰਨ,
ਕਿੰਨੇ ਚੰਗੇ ਹੁੰਦੇ ਸਨ........

ਸਾਰਾ ਸਾਲ ਭਾਂਵੇਂ ਖੂਬ ਮਸਤੀਆਂ ਮਨਾਉਣੀਆਂ,
ਪੇਪਰਾਂ ਦੇ ਵਿਚ, ਰਾਤਾਂ ਜਾਗ ਕੇ ਲੰਘਾਉਣੀਆਂ।
ਗੁਜਰ ਗਏ ਪਲ, ਬਿਨ ਕਹੇ ਇਕ, ਦੋ, ਤਿੰਨ,
ਕਿੰਨੇ ਚੰਗੇ ਹੁੰਦੇ ਸਨ........

ਨਾਹੀਂ ਕੋਈ ਡਰ 'ਮਹਿਕ', ਨਾ ਕੋਈ ਪ੍ਰਵਾਹ ਸੀ,
ਜਾਪਦਾ ਸੀ ਇੰਝ, ਸਾਡੇ ਹੱਕ 'ਚ ਖੁਦਾ ਸੀ।
ਗੁਆਚੀਆਂ ਉਹ ਪੈੜਾਂ, ਮੁੜ ਲੱਭਦੇ ਨਾ ਚਿੰਨ,
ਕਿੰਨੇ ਚੰਗੇ ਹੁੰਦੇ ਸਨ, ਕਾਲਜ ਦੇ ਦਿਨ।
24/10/2016

ਰੁੱਖ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਰੁੱਖ ਨੇ ਕੁਦਰਤ ਦਾ ਵਰਦਾਨ,
ਇਹ ਹਨ ਸਾਡੀ ਜਿੰਦ ਤੇ ਜਾਨ।
ਇਹਨਾਂ ਤੋਂ ਹਰਿਆਲੀ ਮਿਲਦੀ,
ਸਭਨਾਂ ਨੂੰ ਖੁਸ਼ਹਾਲੀ ਮਿਲਦੀ।
ਇਹਨਾਂ ਬਿਨਾਂ ਅਧੂਰਾ ਜੀਵਨ,
ਕਿੱਥੋਂ ਮਿਲਦੀ ਫਿਰ ਆਕਸੀਜਨ।
ਨਾ ਕੱਟੋ, ਜਰਾ ਸੋਚ ਵਿਚਾਰੋ,
ਆਪਣਾ ਜੀਵਨ ਆਪ ਸਵਾਰੋ।
ਜੇ ਨਾ ਸਾਥ ਦਿੰਦੇ ਇਹ ਰੁੱਖ,
ਮੁੱਕ ਜਾਂਦੇ ਸਭ ਜੀਵ, ਮਨੁੱਖ।
'ਮਹਿਕ' ਸਾਰਿਆਂ ਨੂੰ ਸਮਝਾਈਏ,
ਵੱਧ ਤੋਂ ਵੱਧ ਆਓ ਰੁੱਖ ਲਗਾਈਏ।
24/10/2016

 

ਦੇਸ਼ ਵਾਸੀਓ !
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਉਠੋ ਦੇਸ਼ ਵਾਸੀਓ !
ਆਪਾਂ ਕਸਮਾਂ ਖਾਈਏ।
ਫਿਰ ਲੱਗੀ ਨਜਰ ਪੰਜਾਬ ਨੂੰ,
ਇਹਨੂੰ ਨਜਰੋ ਬਚਾਈਏ।
ਹੁਣ ਭਾਈਚਾਰੇ ਦੀ ਹੋ ਗਈ ਹੈ ਗੱਲ ਪੁਰਾਣੀ।
ਅੱਜ ਆਪਿਸ ਵਿਚ ਹੀ ਲੜ ਰਹੇ ਉਮਰਾਂ ਦੇ ਹਾਣੀ।
ਚਲੋ ਆਪਾਂ ਸਾਰੇ ਮਿਲ ਕੇ, ਹੁਣ ਇਕ ਹੋ ਜਾਈਏ,
ਫਿਰ ਲੱਗੀ ਨਜਰ........
ਸਾਡਾ ਸੱਭਿਆਚਾਰ ਸਾਡੇ ਤੋ ਕੋਈ ਖੋਹ ਕੇ ਲੈ ਗਿਆ|
ਨਾ ਮਾਂ-ਭੈਣ ਦੀ ਇੱਜਤ ਦਾ, ਕੋਈ ਰਾਖਾ ਰਹਿ ਗਿਆ|
ਅਸੀ ਭਾਰਤ ਮਾਂ ਦੀ ਇੱਜਤ ਨੂੰ, ਕਦੀ ਦਾਗ ਨਾ ਲਾਈਏ,
ਫਿਰ ਲੱਗੀ ਨਜਰ........
ਅੱਜ ਨੱਿਸ਼ਆਂ ਦੇ ਵਿਚ ਰੁੜ੍ਹ ਗਈ, ਸਾਡੀ ਅੱਲ੍ਹੜ ਜਵਾਨੀ|
ਕਿਓ ਭੁੱਲੇ ਆਪਾਂ ਵੀਰਾਂ ਦੀ, ਕੀਤੀ ਕੁਰਬਾਨੀ|
ਚਲੋ ਭਗਤ ਸਿੰਘ ਦੀ ਯਾਦ ਨੂੰ, ਮਹਿਕ ਫਿਰ ਦੁਹਰਾਈਏ,
ਫਿਰ ਲੱਗੀ ਨਜਰ........
11/10/16


ਘਰ-ਬਾਰ ਲੁਟਾਈ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਕਿਓ ਵੈਰੀ ਬਣ ਕੇ ਜਾਨਾਂ ਦੇ,
ਖੁਦ ਨੂੰ ਮਿਟਾਈ ਜਾਨੇ ਓ !
ਤੁਸੀ ਲੈ ਸਹਾਰਾ ਨੱਿਸ਼ਆਂ ਦਾ,
ਘਰ-ਬਾਰ ਲੁਟਾਈ ਜਾਨੇ ਓ !
ਅੱਜ ਪਿਓ ਦੀ ਸਖਤ ਕਮਾਈ ਨੂੰ,
ਪੁੱਤ ਨੱਿਸ਼ਆਂ ਵਿਚ ਗੁਆ ਰਿਹਾ ਏ।
ਮਾਂ ਰੋਦੀ ਬੈਠੀ ਕਰਮਾਂ ਨੂੰ,
ਪੁੱਤ ਨਵੇ ਹੀ ਰੰਗ ਦਿਖਾ ਰਿਹਾ ਏ।
ਕਈ ਸੁਪਨੇ ਬੁੱਢੇ ਬਾਪੂ ਦੇ,
ਹੰਝੂਆਂ ਚੋ ਰੁੜ੍ਹਾਈ ਜਾਨੇ ਓ|..ਤੁਸੀ ਲੈ ....
ਇਹ ਭੈੜਾ ਰੋਗ ਨਸ਼ੇ ਦਾ ਜੋ,
ਘੁਣ ਵਾਂਗੂੰ ਸਾਨੂੰ ਖਾ ਰਿਹਾ ਏ।
ਨਾ ਜਿੰਦ ਦਾ ਕੋਈ ਭਰੋਸਾ ਹੈ,
ਪਲ-ਪਲ ਹੀ ਮਰਦਾ ਜਾ ਰਿਹਾ ਏ।
ਕਿਓ ਪੁੱਠੇ ਮਾਰਗ ਚੱਲ ਚੱਲ ਕੇ,
ਉਮਰਾਂ ਘਟਾਈ ਜਾਨੇ ਓ।..ਤੁਸੀ ਲੈ ....
ਜਰਾ ਮਾਰੋ ਝਾਤੀ ਅੰਦਰ ਵੱਲ,
ਜਾਗੋ ਤੇ ਨਸ਼ੇ ਤਿਆਗ ਦਿਓ|
ਤੇ ਬਣ ਅਣਖੀਲੇ ਗੱਭਰੂ ਹੁਣ,
ਇੱਜਤਾਂ ਨੂੰ ਲੱਗਣ ਨਾ ਦਾਗ ਦਿਓ।
ਮਹਿਕ ਤੁਸੀ ਦੇਸ਼ ਪੰਜਾਬ ਦੀ,
ਕਿਓ ਇੱਜਤ ਗਵਾਈ ਜਾਨੇ ਓ !
ਤੁਸੀ ਲੈ ....
11/10/16

 

ਔਰਤ ਨਾ ਹੁੰਦੀ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਇਸ ਸਮਾਜ ਦੇ ਪਹਿਰੇਦਾਰੋ!
ਜਰਾ ਸੋਚੋ ਤੇ ਵਿਚਾਰੋ|
ਜਿਸਨੂੰ ਪੈਰ-ਪੈਰ ਦੁਰਕਾਰਦੇ ਹੋ,
ਤੇ ਕੁੱਖ ਦੇ ਵਿਚ ਹੀ ਮਾਰਦੇ ਹੋ :
ਜਿਸ ਦੀ ਕੁੱਖੋਂ ਤੁਸੀਂ ਜਨਮੇ-
ਉਹ ਕੌਣ ਸੀ ?
ਇਕ ਔਰਤ ਹੀ ਤਾਂ ਸੀ, ਓਹ!

ਕਿਓਂ ਅੱਜ ਵੀ, ਪਿਛੜੇ ਹਾਂ ਅਸੀਂ ?
ਅੱਖਾਂ 'ਤੇ ਪੱਟੀ ਬੰਨ੍ਹ ਰੱਖੀ ਅਸੀਂ-
ਜਰਾ ਨਜਰ ਮਾਰੋ ਇਤਿਹਾਸ ਵੱਲ,
ਜੋ ਜੰਗ ਦੇ ਵਿਚ ਸੀ, 'ਜੂਝ ਲੜੀ',
ਉਹ ਕੌਣ ਸੀ ?......
ਅੱਜ, ਮਰਦ-ਪ੍ਰਧਾਨ ਸਮਾਜ ਵਿਚ,
ਆਪਾਂ ਕਿਤੇ ਵੀ ਝਾਤੀ ਮਾਰੀਏ-
ਕੀ ਮਰਦ ਦੁਨੀਆਂ ਤੇ ਆ ਜਾਂਦਾ,
ਜੇ ਔਰਤ ਨਾ ਹੁੰਦੀ ?
ਸਦੀਆਂ ਤੋਂ ਪਹਿਰੇ, ਜਿਸਤੇ ਲੱਗਦੇ ਰਹੇ,
ਉਹ ਦੱਬੀ ਤੇ ਕੁਚਲੀ ਗਈ।
ਤੇ ਕਈਆਂ ਦੇ ਹੱਥੋਂ ਵਿਕਦੀ ਰਹੀ।
ਫਿਰ, ... ਦੇਸ਼ ਦੇ ਮਹਾਨ ਸਪੂਤ
'ਸ਼ਹੀਦ ਭਗਤ ਸਿੰਘ' ਦੀ ਮਾਂ!
ਉਹ ਕੌਣ ਸੀ ?......

ਐ ਮਰਦ !
ਇਕ ਗੱਲ ਯਾਦ ਰੱਖੀਂ !
ਤੂੰ ਕਿੰਨਾ ਵੀ ਸਮਝਦਾਰ ਹੈਂ,
ਪਰ, ਅੱਜ ਤੂੰ -
ਇਸ ਔਰਤ ਦਾ ਕਰਜਦਾਰ ਹੈਂ
ਜਿਸ ਕਰਜੇ ਦੀ,
ਕੋਈ ਕੀਮਤ ਨਹੀਂ ਹੁੰਦੀ।
'ਮਹਿਕ', ਕੋਈ ਦੁਨੀਆਂ ਤੇ ਨਾ ਹੁੰਦਾ,
ਜੇ ਔਰਤ ਨਾ ਹੁੰਦੀ।
ਕਿਉਂ ਇਕ ਦੂਜੇ ਨੂੰ ਕੋਸਦੇ ਹੋ ?
ਤੁਸੀਂ ਖੁਦ ਹੀ ਜਿੰਮੇਵਾਰ ਹੋ।
ਇਸ ਸਮਾਜ ਦੀ
ਸਿਰਜਨਾ ਕਰਨ ਵਾਲੀ
ਜਿਸ ਨੇ ਪੀਰ-ਪੈਗੰਬਰਾਂ ਨੂੰ
ਜਨਮ ਦਿੱਤਾ
ਉਹ ਕੌਣ ਸੀ ?
ਇਕ ਔਰਤ ਹੀ ਤਾਂ ਸੀ, ਓਹ !
01/10/16

 

ਗੀਤ
ਪ੍ਰਣਾਮ ਸ਼ਹੀਦਾਂ ਨੂੰ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਪ੍ਰਣਾਮ ਸ਼ਹੀਦਾਂ ਨੂੰ, ਉਨ੍ਹਾਂ ਵੀਰ ਜਵਾਨਾਂ ਨੂੰ,
ਜਿਹੜੇ ਦੇੱਸ਼ ਲਈ ਵਾਰ ਗਏ, ਨੇ ਸੋਹਣੀਆਂ ਜਾਨਾਂ ਨੂੰ।
ਧੰਨ ਜਿਗਰੇ ਮਾਵਾਂ ਦੇ, ਜੋ ਹੱਥੀਂ ਤੋਰਦੀਆਂ,
ਕਰੋ ਰਾਖੀ ਵਤਨਾਂ ਦੀ, ਉਹ ਮੂੰਹੋਂ ਬੋਲਦੀਆਂ।
ਕਾਇਮ ਰੱਖਿਆ ਅਣਖੀਲਿਆਂ ਨੇ ਦੇੱਸ਼ ਦੀਆਂ ਸ਼ਾਨਾਂ ਨੂੰ,
ਪ੍ਰਣਾਮ ਸ਼ਹੀਦਾਂ ਨੂੰ ......

ਧਨ ਵੀਰ ਜਵਾਨ ਜਿਹੜੇ ਸਰਹੱਦਾਂ ਤੇ ਲੜਦੇ ਨੇ,
ਧਰਦੇ ਨੇ ਉਹ ਕਦਮ ਅਗਾਂਹ, ਨਾ ਪਿੱਛੇ ਹਟਦੇ ਨੇ।
ਹੱਸ ਨਿਸ਼ਾਵਰ ਕਰ ਦਿੰਦੇ, ਮਾੜੀ-ਮਹਿਲ ਮਕਾਨਾਂ ਨੂੰ,
ਪ੍ਰਣਾਮ ਸ਼ਹੀਦਾਂ ਨੂੰ ......

ਜਦ ਕਦੀ ਚੇਤਾ ਆ ਜਾਏ, ਜੱਲ੍ਹਿਆਂ ਵਾਲੇ ਬਾਗ ਦਾ,
ਬੰਦਾ ਬਹਾਦਰ ਜੀ ਦੇ ਲਾਏ ਸ਼ਹੀਦੀ ਜਾਗ ਦਾ।
ਮਹਿਕ ਭੁੱਲਦੀ ਨਾ ਨਿੱਕੀਆਂ ਜਿੰਦਾਂ ਦੇ ਬਲੀਦਾਨਾਂ ਨੂੰ,
ਪ੍ਰਣਾਮ ਸ਼ਹੀਦਾਂ ਨੂੰ, ਉਨ੍ਹਾਂ ਵੀਰ ਜਵਾਨਾਂ ਨੂੰ.....
24/09/16


ਕਵਿਤਾ
ਅੱਖਰਾਂ ਦੇ ਮੋਤੀ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਜੋ ਦਿਲ ਵਿਚ ਦਰਦ ਸਮਾਏ ਸੀ,
ਤੇ ਬੁੱਲ੍ਹ ਕਹਿਣੋ ਘਬਰਾਏ ਸੀ,
ਅੱਜ ਕਲਮ ਮੇਰੀ ਨੇ ਖੋਲ੍ਹ ਦਿੱਤੀ-
ਨੈਣਾਂ ਦੀ ਜੋਤੀ,ਮੈਂ ਕਵਿਤਾ ਵਿਚ ਪ੍ਰੋਅ ਦਿੱਤੇ,
ਅੱਖਰਾਂ ਦੇ ਮੋਤੀ।

ਕੀ ਗੱਲ ਕਰਾਂ ਸਮਾਜ ਦੀ, ਇਹਦੇ ਵਿਚ ਲੱਖਾਂ ਬੁਰਾਈਆਂ ਨੇ,
ਕਿਹਨੂੰ ਦੋੱਸ਼ ਦੇਵਾਂਗੇ ਹੁਣ ਆਪਾਂ, ਜੜ੍ਹਾਂ ਖੁਦ ਆਪਾਂ ਨੇ ਲਾਈਆਂ ਨੇ।
ਨਾ ਸਾਂਝੇ ਹੁਣ ਪਰਿਵਾਰ ਰਹੇ, ਦੂਰ ਦਾਦੀ ਤੋ ਪੋਤੀ,
ਮੈਂ ਕਵਿਤਾ ਵਿਚ ਪ੍ਰੋਅ ਦਿੱਤੇ...........

ਸ਼ਰਮ ਆਵੇ, ਸਿਰ ਝੁਕ ਜਾਂਦਾ, ਜਦ ਗੱਲ ਅਣਖ ਦੀ ਆਂਉਂਦੀ ਏ,
ਜੱਗ-ਜਣਨੀ ਅਖਵਾਉਣ ਵਾਲੀ, ਕਲੱਬਾਂ ਵਿਚ ਜੱਸ਼ਨ ਮਨਾਉਂਦੀ ਏ।
ਉਹਨੂੰ ਪਰਦੇ ਵਿਚ ਲੁਕਾ ਦੇਵੋ, ਅਧਨੰਗੀ ਕਿੰਝ ਖਲੋਤੀ,
ਮੈਂ ਕਵਿਤਾ ਵਿਚ ਪ੍ਰੋਅ ਦਿੱਤੇ...........

ਜਰਾ ਨਜਰ ਮਾਰੋ ਇਤਿਹਾਸ ਵੱਲੇ, ਜੋ ਦਿਲ ਤੇ ਜਖਮ ਬਣਾ ਜਾਵੇ,
ਜਦੋਂ ਚੇਤੇ ਕਰਾਂ ਸ਼ਹੀਦਾਂ ਨੂੰ, ਅੱਖਾਂ ਵਿਚ ਪਾਣੀ ਆ ਜਾਵੇ।
ਸਾਥਣ ਬਣੀ ਕਲਮ ਬਰਾਬਰ ਹੁਣ, ਨਾ ਮਹਿਕ ਰਹੀ ਇਕਲੋਤੀ ,
ਮੈਂ ਕਵਿਤਾ ਵਿਚ ਪ੍ਰੋਅ ਦਿੱਤੇ...........
24/09/16

 

ਐ ਔਰਤ!
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਐ ਔਰਤ! ਹੁਣ ਜਾਗ ਜਰਾ ਤੂੰ!
ਤੇਰੇ ਹੱਥ, ਹਥਿਆਰ ਨੇ।
ਤੇਰਾ ਸ਼ੋਸ਼ਣ ਕਰ ਰਹੇ ਅੱਜ,
ਤੇਰੇ ਹੀ ਪਹਿਰੇਦਾਰ ਨੇ।
ਅੱਗੇ ਵਧ ਤੇ ਤੋੜ ਦੇ ਹੁਣ ਤੂੰ,
ਪੈਰੀਂ ਪਈਆਂ ਜੰਜੀਰਾਂ ਨੂੰ।
ਆਪਣੇ ਹੱਥੀਂ ਲਿਖ ਲੈ ਹੁਣ ਤੂੰ,
ਮੱਥੇ ਦੀਆਂ ਲਕੀਰਾਂ ਨੂੰ।
ਤੇਰੇ ਤੇ ਅੱਜ ਹਾਵੀ ਹੋ ਗਏ,
ਦੇਖ ਤੇਰੇ ਕਿਰਦਾਰ ਨੇ।
ਤੇਰਾ ਸ਼ੋਸ਼ਣ........

ਨਿੱਤ ਦੇਖ, ਅਖਬਾਰਾਂ ਵਿਚ ਤੂੰ,
ਕੀ-ਕੀ ਨਹੀਂ ਹੋ ਰਿਹਾ।
ਇਨਸਾਨ, ਹੈਵਾਨ ਬਣਕੇ ਅੱਜ,
ਇੱਜਤ ਤੇਰੀ, ਖੋਹ ਰਿਹਾ।
ਤੂੰ ਆਪੇ ਹੀ ਹੱਲ ਖੁਦ ਕਰਨੇ,
ਮਸਲੇ, ਜੋ ਕਈ ਹਜਾਰ ਨੇ।
ਤੇਰਾ ਸ਼ੋਸ਼ਣ........

ਬੜੀ ਉੱਨਤੀ ਕੀਤੀ ਦੇਸ਼ ਨੇ,
ਕਹਿਣ ਨੂੰ ਸਿਖਰੀਂ ਛੋਹ ਲਿਆ।
(ਪਰ) ਤੇਰੇ 'ਤੇ ਜੋ ਜ਼ੁਲਮ ਕੱਲ੍ਹ ਸੀ,
ਅੱਜ ਵੀ ਉਂਵੇਂ ਵਰਸੋ ਰਿਹਾ।
'ਮਹਿਕ', 'ਰਾਣੀ ਝਾਂਸੀ' ਬਣ ਤੂੰ,
ਤੈਨੂੰ ਰਹੇ ਲਲਕਾਰ ਨੇ।
ਤੇਰਾ ਸ਼ੋਸ਼ਣ........
31/08/16

ਦਿਲ ਨੂੰ ਸਮਝਾਈਏ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਚੱਲ ਜਰਾ, ਦਿਲ ਨੂੰ ਸਮਝਾਈਏ,
ਫਿਰ ਕਿਤੇ ਧੋਖਾ ਖਾਵੇ ਨਾ।
ਧੋਖੇ ਦੀ ਇਹ ਦੁਨੀਆਂ ਸਾਰੀ,
ਐਵੇਂ ਵਕਤ ਗਵਾਵੇ ਨਾ।
ਰੋ-ਰੋ ਕੇ ਅੱਖੀਆਂ ਦਾ ਪਾਣੀ,
ਦੇਖੀਂ ਕਿਤੇ ਵਹਾਵੇ ਨਾ।
ਜਿਨ੍ਹਾਂ ਲਈ ਤੂੰ ਕਰੇਂ ਦੁਆਵਾਂ,
ਮਤਾਂ ਕਦਰ ਉਹ ਪਾਵੇ ਨਾ।
ਹੁਸਨ, ਸੁਹੱਪਣ ਕੁਝ ਦਿਨਾਂ ਦਾ,
ਉਮਰ ਲੰਘੀ, ਪਛਤਾਵੇ ਨਾ।
ਨਾ ਕਰ ਉਡੀਕ ਤੂੰ ਉਸ ਚੰਦਰੇ ਦੀ,
ਸੁਪਨੇ ਦੇ ਵਿਚ ਜੋ ਆਵੇ ਨਾ।
ਉਮੀਦਾਂ ਦਾ ਜੋ ਸੂਰਜ ਚੜ੍ਹਿਆ,
ਸ਼ਾਮ ਪਈ ਰੁਸ਼ਨਾਵੇ ਨਾ।
ਮੇਰੇ 'ਤੇ ਤੂੰ ਤਰਸ ਨਾ ਕੀਤਾ,
ਤੇਰੇ ਤੇ ਕੋਈ ਜਿਤਾਵੇ ਨਾ।
ਦਰਦ ਤੇਰਾ ਮੈਂ ਪਾ ਲਵਾਂ ਝੋਲੀ,
ਭਾਵੇਂ ਤੂੰ ਮੇਰਾ ਵੰਡਾਵੇਂ ਨਾ।
'ਮਹਿਕ' ਦੁਆਵਾਂ ਦੇਵੇ ਤੇਨੂੰ,
ਨਜਰ ਕਿਸੇ ਦੀ ਲੱਗ ਜਾਵੇ ਨਾ।
ਕੁਲਵਿੰਦਰ ਕੌਰ ਮਹਿਕ
31/08/16

 

ਸਾਵਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਆਇਆ ਸਾਵਣ, ਲੱਗੀਆਂ ਝੜੀਆਂ,
ਕਿੱਥੇ ਹੁਣ ਸ਼ਗਨ ਮਨਾਈਏ ਵੇ?
ਨਾ ਰਹੇ ਪਿੱਪਲ, ਬਰੋਟੇ ਅੜਿਆ,
ਪੀਂਘਾਂ ਕਿੱਥੇ ਪਾਈਏ ਵੇ?

ਨਾ ਉਹ ਸੱਥ ਤੇ ਨਾਹੀ ਰੌਣਕਾਂ,
ਨਾ ਘੱਗਰੇ, ਫੁੱਲਕਾਰੀ ਵੇ।
ਨਾ ਰਹੀ ਸੋਹਣੀ ਸੱਗੀ ਸਿਰ 'ਤੇ
ਹੈ ਸੀ ਜੋ ਹੁਸਨ ਪਟਾਰੀ 'ਤੇ।
ਸੋਹਣੇ ਸੱਜਣ, ਦੂਰ-ਦੁਰੇਡੇ,
ਕੀਹਨੂੰ ਹਾਲ ਸੁਣਾਈਏ ਵੇ,
ਨਾ ਰਹੇ ਪਿੱਪਲ, .....

ਪਿਆਰ ਵੀ ਵੰਡੇ ਗਏ ਦਿਲਾਂ ਦੇ,
ਨਾ ਉਹ ਮੌਜ ਬਹਾਰਾਂ ਵੇ।
ਨਾ ਉਹ ਮਹਿੰਦੀ, ਨਾ ਉਹ ਗਾਨੇ,
ਭੁੱਲ ਗਈਆਂ ਮੁਟਿਆਰਾਂ ਵੇ।
ਨਾ ਕੋਈ ਸੁਣਦਾ ਗੱਲ ਦਿਲਾਂ ਦੀ,
ਸੋਚ-ਸੋਚ ਮਰ ਜਾਈਏ ਵੇ,
ਨਾ ਰਹੇ ਪਿੱਪਲ, .....

ਬਿਜਲੀ ਗੜ੍ਹਕੇ, ਸਾਵਣ ਬਰਸੇ,
ਮਨ ਸਖੀਆਂ ਦੇ ਮਿਲਣ ਨੂੰ ਤਰਸੇ।
'ਮਹਿਕ' ਉਡੀਕਾਂ ਕਰ-ਕਰ ਥੱਕੀ,
ਝਾਂਜਰ ਕਿੰਝ ਛਣਕਾਈਏ ਵੇ,
ਨਾ ਰਹੇ ਪਿੱਪਲ, ਬਰੋਟੇ ਅੜਿਆ,
ਪੀਂਘਾਂ ਕਿੱਥੇ ਪਾਈਏ ਵੇ?
09/08/2016

 

ਕਲਮ ਮੇਰੀ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਜੇ ਲਿਖਣ ਲੱਗੀ ਏਂ ਕਲਮ ਮੇਰੀ,
ਕੁਝ ਐਸਾ ਲਿਖ ਲਿਖਾ ਦੇਵੀਂ।
ਡਿੱਗਿਆਂ ਨੂੰ ਸਹਾਰਾ ਦੇ ਦੇਵੀਂ,
ਭੁੱਲਿਆਂ ਨੂੰ ਰਸਤੇ ਪਾ ਦੇਵੀਂ।
ਕਿਸੇ ਦੁਖੀ ਦੇ ਹੰਝੂ ਦੀ ਸਿਆਹੀ ਬਣ,
ਤੂੰ ਅੱਖਰਾਂ 'ਚ ਦਰਦ ਸਮਾ ਦੇਵੀਂ।
ਇਸ ਬੇ-ਇਨਸਾਫੀ ਦੁਨੀਆਂ ਵਿਚ,
ਸਭਨਾਂ ਨੂੰ ਇਨਸਾਫ ਦੁਆ ਦੇਵੀਂ।
ਲਾਉਂਦੇ ਕੁੱਖ ਨੂੰ ਦਾਗ ਨੇ ਜੋ ਵੈਰੀ,
ਵੈਰ ਉਨ੍ਹਾਂ ਦੇ ਅੰਦਰੋਂ ਮੁਕਾ ਦੇਵੀਂ।
ਧੀਆਂ ਹੁੰਦੀਆਂ ਪੁੱਤਾਂ ਤੋਂ ਵੱਧ ਲੋਕੋ,
ਇਹ ਮਾਪਿਆਂ ਨੂੰ ਸਮਝਾ ਦੇਵੀਂ।
ਮਾਂ, ਧੀ, ਭੈਣ ਦੀ ਇੱਜਤ ਬਣੀਂ,
ਵਹਿਸ਼ੀ ਲੋਕਾਂ ਨੂੰ ਅਕਲ ਸਿਖਾ ਦੇਵੀਂ।
ਧੀ ਪੰਜਾਬ ਦੀ (ਜੋ) ਸੱਭਿਆਚਾਰ ਭੁੱਲੀ,
ਉਹਨੂੰ ਪਰਦੇ ਵਿਚ ਲੁਕਾ ਦੇਵੀਂ।
ਯਾਰ ਸਮਝੇ ਯਾਰ ਨੂੰ ਰੱਬ ਵਰਗਾ,
'ਵਾਰਿਸ ਸ਼ਾਹ' ਦੀ ਕਦਰ ਤੂੰ ਪਾ ਦੇਵੀਂ।
ਤੂੰ ਸਮਝੀਂ ਦਰਦ ਵਿਛੋੜੇ ਦਾ,
'ਮਹਿਕ' ਐਸਾ ਮਿਲਣ ਕਰਾ ਦੇਵੀਂ।
08/08/2016

'ਭਗਤ ਸਿੰਘ' ਵਲੋਂ ਮਾਂ ਨੂੰ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਫੰਦਾ ਚੁੰਮ ਕੇ ਗਲੇ ਦੇ ਵਿਚ ਪਾਵਾਂ,
ਤੂੰ ਹੰਝੂ ਨਾ ਵਹਾ ਅੰਮੀਏ!
ਕਿਤੇ ਵੇਖ ਤੈਨੂੰ ਡੋਲ ਨਾ ਮੈਂ ਜਾਵਾਂ,
ਤੂੰ ਨਾ ਘਬਰਾੱ ਅੰਮੀਏ!
'ਰਾਜਗੁਰੂ', 'ਸੁਖਦੇਵ' ਵੀ ਮਾਂ, ਨਾਲ ਮੇਰੇ ਜਾਣਗੇ,
ਸਾਰੇ 'ਹਿੰਦੋਸਤਾਨੀ', ਪੁੱਤ ਤੇਰੇ ਹੀ ਕਹਾਣਗੇ।
ਖੈਰਾਂ ਮੰਗ, ਕਰ ਪੁੱਤ ਲਈ ਦੁਆਵਾਂ,
ਤੂੰ ਹੰਝੂ ਨਾ ਵਹਾ ਅੰਮੀਏ!...........
ਹੱਸ ਕੇ ਤੂੰ ਤੋਰ ਮਾਏ, ਪੁੱਤ ਇਹ ਜਵਾਨ ਨੂੰ,
ਮਰਦੇ ਨਹੀ, ਜੋ ਕਾਇਮ ਰੱਖਣ ਆਨ-ਸ਼ਾਨ ਨੂੰ।
ਤੇਰੀ ਕੁੱਖ ਨੂੰ ਦਾਗ ਨਾ ਮੈਂ ਲਾਵਾਂ,
ਤੂੰ ਹੰਝੂ ਨਾ ਵਹਾ ਅੰਮੀਏ!...........
ਰੱਖ ਮਾਏ ਹੌਸਲਾ, ਮੈਂ ਮੁੜ ਫੇਰ ਆਵਾਂਗਾ,
ਸਿਹਰਿਆਂ ਦੇ ਨਾਲ, ਲਾੜੀ ਮੌਤ ਨੂੰ ਵਿਆਹਵਾਂਗਾ।
ਘੱਲ 'ਮਹਿਕ' ਵੱਲ ਠੰਢੀਆਂ ਤੂੰ ਛਾਵਾਂ,
ਤੂੰ ਹੰਝੂ ਨਾ ਵਹਾ ਅੰਮੀਏ!
ਕਿਤੇ ਵੇਖ ਤੈਨੂੰ ਡੋਲ ਨਾ ਮੈਂ ਜਾਵਾਂ।
08/08/2016

ਘਬਰਾਈਂ ਨਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਮਨਾ ਘਬਰਾਈਂ ਨਾ ਤੂੰ,
ਗ਼ਮਾਂ ਦੇ ਹਨੇਰ 'ਚੋਂ:
ਰੋਸ਼ਨੀ ਮਿਲੇਗੀ ਤੈਨੂੰ,
ਜੀਵਨ ਦੀ ਸਵੇਰ 'ਚੋਂ।
ਦੁੱਖ ਦੇਖ ਕਦੇ, ਇੰਨਾ ਨਹੀਓਂ ਘਬਰਾਈਦਾ,
ਜ਼ਿੰਦਗੀ ਦੇ ਨਾਲ ਇਨ੍ਹਾਂ ਦੁੱਖਾਂ ਨੂੰ ਹੰਢਾਈਦਾ।
ਸੁੱਖ ਲੱਭ ਆਂਉਂਦੇ ਫਿਰ, ਸੰਘਰਸ਼ ਦੀ ਚੰਗੇਰ 'ਚੋਂ,
ਮਨਾ ਘਬਰਾਈਂ ਨਾ ਤੂੰ,.......
ਹੱਸਕੇ ਗ਼ਮਾਂ ਨੂੰ ਜੀਹਨੇ, ਸੀਨੇ ਨਾਲ ਲਾ ਲਿਆ,
ਉਨ੍ਹਾਂ ਨੇ ਤਾਂ ਭੇਦ ਜਾਣੋ, ਜ਼ਿੰਦਗੀ ਦਾ ਪਾ ਲਿਆ।
ਆਉਂਦਾ ਏ ਉਜਾਲਾ ਸਦਾ, ਲੰਘਕੇ ਅੰਧੇਰ 'ਚੋਂ,
ਮਨਾ ਘਬਰਾਈਂ ਨਾ ਤੂੰ,.......
'ਮਹਿਕ' ਕਦੀ ਭੁੱਲੀਂ ਨਾ ਤੂੰ, ਦਿੱਤੇ 'ਮਾਂ-ਦੁਲਾਰ' ਨੂੰ,
ਮਿਲੇਗੀ ਜਰੂਰ ਮੰਜਲ, ਤੇਰੇ ਇੰਤਜਾਰ ਨੂੰ।
ਮਿਲਦੇ ਜਿਉਂ ਫੁੱਲ, ਕੰਡਿਆਲੀ ਕੋਈ ਕੰਡੇਰ 'ਚੋਂ,
ਮਨਾ ਘਬਰਾਈਂ ਨਾ ਤੂੰ,
ਗ਼ਮਾਂ ਦੇ ਹਨੇਰ 'ਚੋਂ।
08/08/2016

 

ਕੁਲਵਿੰਦਰ ਕੌਰ ਮਹਿਕ,
ਐਚ. ਐਲ.- 452,
ਫੇਸ-7,
ਮੁਹਾਲੀ
ਫੋਨ: 98141-25477

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com