WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਮਨਦੀਪ ਕੌਰ ਭੰਮਰਾ
ਲੁਧਿਆਣਾ

ਸੁਪਨਿਆਂ ਦੀ ਤਾਬੀਰ
ਮਨਦੀਪ ਕੌਰ ਭੰਮਰਾ, ਲੁਧਿਆਣਾ

ਆਪਣੇ ਸੁਪਨਿਆਂ ਦੀ ਤਾਬੀਰ
ਦੀ ਉਡੀਕ ਤੁਸੀਂ ਕਦ ਤੱਕ ਕਰੋਗੇ?
ਹੁਸੀਨ ਬਹਾਰਾਂ ਦੀ ਉਡੀਕ ਵਿੱਚ
ਤੁਸੀਂ ਆਖ਼ਰ ਕਦ ਤੱਕ ਜੀਓਗੇ?
ਆਪਣੇ ਜਜ਼ਬਿਆਂ ਨੂੰ ਚੁੱਪ ਦਾ ਲਿਬਾਸ
ਕਦ ਤੱਕ ਪਹਿਨਾਈ ਰੱਖੋਗੇ?
ਕਦ ਤੱਕ ਦਬਾਅ ਰੱਖੋਗੇ ਆਪਣੇ
ਅੰਤਰਮਨ ਦੀਆਂ ਕੋਮਲ ਭਾਵਨਾਵਾਂ ਨੂੰ?
ਜ਼ਿੰਦਗੀ ਦੇ ਸੁਕਰਾਤੀ ਸੱਚ ਦਾ
ਜ਼ਹਿਰੀਲਾ ਪਿਆਲਾ ਹੱਥਾਂ 'ਚ ਫੜ
ਸਬਰ ਦੀ ਪੀੜ੍ਹੀ ‘ਤੇ ਬੈਠ ਭਵਿੱਖ
ਦੇ ਧੁੰਦਲੇ ਆਕਾਰ ਨੂੰ ਕਦ ਤੱਕ
ਨਿਹਾਰਦੇ ਰਹੋਗੇ? ਕਦ ਤੱਕ?
ਸ਼ਾਇਦ ਉਦੋਂ ਤੱਕ 
ਜਦੋਂ ਤੱਕ ਤੁਸੀਂ ਆਪਣੇ ਦੁਆਲੇ
ਕਿਸੇ ਨਾ ਕਿਸੇ ਭਰਮ ਦਾ ਤਾਣਾ ਬੁਣੀ ਰੱਖੋਗੇ!
ਤੇ ਤੁਸੀਂ ਲੰਮਾ ਸਮਾਂ ਉਸ ਵਿੱਚ ਉਲਝੇ ਰਹੋਗੇ!
ਆਪਣੇ ਆਪ ਨੂੰ ਜ਼ਮਾਨੇ ਦੀਆਂ 
ਬੇਰਹਿਮ ਹਕੀਕਤਾਂ ਅਤੇ ਨਿਰਦਈ
ਕੀਮਤਾਂ ਦੇ ਸ਼ਿਕੰਜੇ ਵਿੱਚ ਛੁਡਾਅ ਲਵੋਗੇ,
ਤਦ ਹੀ ਤੁਸੀਂ ਆਪਣੇ ਸੁਪਨਿਆਂ ਦੀ
ਤਾਬੀਰ ਕਰ ਸਕੋਗੇ!
ਵਕਤ ਦੇ ਭੰਬਲਭੂਸਿਆਂ 'ਚੋਂ ਆਪਣੀਆਂ
ਚਾਰੇ ਕੰਨੀਆਂ ਬਚਾਅ ਜੇ ਤੁਸੀਂ ਨਿਰਲੇਪ
ਹੋ ਨਿਕਲ ਜਾਓਗੇ, ਤਦ ਹੀ
ਬਹਾਰਾਂ ਦੇ ਮੌਸਮ ਨੂੰ ਮਾਣ ਸਕੋਗੇ।
‘ਤੇ ਤੁਹਾਡੇ ਜਜ਼ਬਿਆਂ ਨੂੰ
ਕਾਸ਼ਣੀ ਰਗਤ ਮਿਲ ਸਕੇਗੀ!
ਪਰ ਕੀ ਇੰਝ ਹੋਵੇਗਾ ?
ਡਰ ਹੋ ਮੈਨੂੰ ਕਿ
ਹਕੀਕਤ ਨਾਲ ਜੂਝਦਿਆਂ ਉਦੋਂ ਤੱਕ
ਤੁਸੀਂ ਬੁਢਾਪੇ ਦੀ ਸਰਦਲ ਤੱਕ
ਪੁੱਜ ਚੁੱਕ ਹੋਵੇਗੇ!
ਸ਼ਾਇਦ ਸਰਦਲ ਟੱਪ ਚੁੱਕੇ ਹੋਵੋ!
ਆਪਣੇ ਅਣਗੌਲੇ ’ਤੇ,
ਨੇਸਤੋ-ਨਾਬੂਦ ਹੋਏ ਚਿਹਰੇ ਨੂੰ,
ਜਦ ਤੁਸੀਂ ਕਿਸੇ ਰੋਜ਼ ਅਚਾਨਕ,
ਸ਼ੀਸ਼ੇ ਵਿੱਚੀਂ ਦੇਖੋਗੇ ਤਾਂ ਇੱਕੋ
ਝਟਕੇ ਨਾਲ ਤੁਹਾਡੇ ਸੁਪਨਿਆਂ
ਦੀ ਲੜੀ ਟੁੱਟ ਜਾਵੇਗੀ,
ਬਹਾਰਾਂ ਦੇ ਮੋਤੀ ਬਿਖਰ ਜਾਣਗੇ,
ਤੇ ਤੁਸੀਂ ਖਿੱਲਰ ਕੇ ਰਹਿ ਜਾਵੋਗੇ।
ਪਰ ਕਿਸੇ ਅਣਜਾਈ ਸੋਚ
ਵਿੱਚ ਵਿਗੁੱਤੇ ਦੂਜੇ ਹੀ ਪਲ
ਤੁਸੀਂ ਆਪਣਾ ਆਪ ਸਮੇਟ
ਫ਼ਿਰ ਜੁੱਟ ਜਾਓਗੇ,
ਤਾਂ ਜੋ ਤੁਹਾਡੇ ਬੱਚਿਆਂ ਦੇ
 'ਸੁਪਨਿਆਂ ਦੀ ਤਾਬੀਰ'
ਹੋ ਸਕੇ ।
30/04/2018 


'ਰਹਿਬਰ'

ਮਨਦੀਪ ਕੌਰ ਭੰਮਰਾ, ਲੁਧਿਆਣਾ

ਸਾਡੇ ਦੀਦਿਆਂ 'ਚ ਲਹੂ ਦੀ,
ਲਾਟ ਬਲਦੀ ਏ ,
ਸਾਡੇ ਸੀਨਿਆਂ 'ਚ ਲਹੂ ਦਾ,
ਖੌਲਦਾ ਮੰਜ਼ਿਰ !
ਕਿੰਝ ਬੁਝਣ ਦੇਈਏ
ਇਸ ਬਲਦੀ ਅਗਨ ਨੂੰ,
ਹਰ ਸੀਨੇ 'ਚ ਖੋਭ ਦਿੱਤਾ,
ਸਮੇਂ ਨੇ ਸੰਗੀਨ ਖੰਜਰ !
ਕਿੰਝ ਭੁੱਲ ਜਾਈਏ ਅਸੀਂ,
ਆਪਣੀ ਕੌਮ ਦੀ ਹਸਤੀ,
ਗੁਰੂ ਨੇ ਬਖਸ਼ੀ ਹੈ ਸਾਨੂੰ,
ਤੌਫੀਕ 'ਤੇ ਠੀਕ ਮੰਜ਼ਿਲ !
ਰੁਲ ਗਏ ਪੁੱਤ ਨੇ ਸਾਡੇ ਤੇ,
ਰੁਲ ਗਈਆਂ ਇਜ਼ਤਾਂ ਨੇ,
ਸਾਡੀਆਂ ਮਾਵਾਂ ਦੀਆਂ ਕੁੱਖਾਂ,
ਹੋ ਗਈਆਂ ਨੇ ਬੰਜਰ !
ਹਾਲਾਤ ਗ਼ਮਗੀਨ ਨੇ 'ਤੇ
ਗਹਿਰੀਂਆਂ ਉਦਾਸੀਆਂ ਹਨ,
ਗ਼ਮ ਘਰ ਕਰ ਗਿਐ ਅੰਦਰੀਂ,
ਬੂਹੇ ਖੋਹਲ ਕੇ ਘਰਾਂ ਅੰਦਰ !
ਅਸੀਂ ਰਹੇ ਰੋਂਦੇ ਸਦਾ ਅੰਦਰੋਂ,
ਵਿਲਕਦੇ ਧਰਤੀ 'ਤੇ ਅੰਬਰ !
ਕਹਿ ਦੇਵੋ ! ਤੱਤੇ ਜ਼ਮਾਨੇ ਨੂੰ ,
ਜ਼ਖਮ ਅੱਲੇ ਅਸਾਡੇ ਰਹਿੰਦੇ,
ਸ਼ਾਂਤ ਹਿਰਦੇ ਰਜ਼ਾ ਅੰਦਰ !
ਮੁੱਲ ਤਾਰਿਐ ਜੁ ਸਾਡੇ ਬਾਲ-
ਬਾਬਿਆਂ ਨੇ ਹੁਕਮ ਅੰਦਰ !
ਅਸੀਂ ਉਹਨਾਂ ਲਈ ਸਹਿਕਦੇ ਹਾਂ,
ਮਿਟਾ ਗਏ ਹਸਤੀ ਆਪਣੀ ਜੁ,
ਦਸ਼ਮੇਸ਼ ਦੇ ਲਾਡਲੇ ਸਪੂਤ ਚਾਰੇ,
ਵਾਰੇ ਜਹਾਨ ਤੋਂ ਗੁਰਾਂ ਨੇ ਸਾਰੇ,
ਮਾਨਵਤਾ ਦੀ ਸ਼ਾਨ ਅੰਦਰ !
ਕੌਮ ਅੱਜ ਡੋਲ ਰਹੀ ਹੈ ਜੇ, ਗੁਰੂ,
ਰਾਹ ਦਿਸੇਰੇ ਨੇ ਤੇ ਪੈਗ਼ੰਬਰ !
ਰੁਤਬਾ ਗੁਰੂ ਦਾ ਸਭ ਤੋਂ ਉੱਚਾ,
'ਗੁਰੂ ਗਰੰਥ' ਹੀ ਹੈਨ 'ਰਹਿਬਰ' !
30/11/16

 

ਗ਼ਜ਼ਲ
ਮਨਦੀਪ ਕੌਰ ਭੰਮਰਾ, ਲੁਧਿਆਣਾ

ਇਹ ਪ੍ਰਦੇਸ ਦਾ ਰੋਣਾ ਜ਼ਿਬਾਹ ਰੂਹ ਤੇ ਗ਼ਮਗੀਨ ਹੋਣਾ,
ਦਰਦਾਂ ਦੀ ਇੰਤਹਾ ਹੰਝੂਆਂ ਸੇਤੀ ਤਰ ਜ਼ਮੀਨ ਹੋਣਾ ।

ਸਾਹਾਂ ਚ ਘੁਲ ਗਈ ਇਹ ਕੇਹੀ ਕਹਿਰਾਂ ਦੀ ਜ਼ਹਿਰ,
ਹਰ ਸ਼ਖਸ ਦੇ ਚਿਹਰੇ 'ਤੇ ਦਿਸਦਾ ਉਦਾਸੀਨ ਹੋਣਾ ।

ਤਲੀਆਂ ਤੇ ਚੁਭਦੇ ਅੱਟਣ ਬਿਰਥਾ ਬੇਬਸੀ ਦੀ ਵੇਖੋ,
ਪੇਟ ਦੀ ਭੁੱਖ 'ਤੇ ਮਜ਼ਦੂਰ ਦਾ ਸ਼ਿਕਵਾ-ਨਸ਼ੀਨ ਹੋਣਾ !

ਸਰਦ ਹੈ ਰੁੱਤ ਭਾਵਾਂ ਦੀ ਤੇ ਮੌਸਮ ਅਠਖੇਲੀ ਆਂ ਕਰੇ,
ਹਰ ਹਾਲ ਵਿੱਚ ਰਿਸ਼ਤਿਆਂ ਦਾ ਬੇਹੱਦ ਹੁਸੀਨ ਹੋਣਾ !

ਪੁਰਖਲੂਸ 'ਤੇ ਖੂਬਸੂਰਤ ਅੰਦਾਜ਼ ਦਾ ਭਰਮ ਨਾ ਪਾਲੋ,
ਸ਼ੌਕ ਅਮੀਰੀਨਾ ਆਪਣੀ ਜ਼ਿੰਦਗੀ ਲਈ ਸ਼ੌਕੀਨ ਹੋਣਾ !

ਇਨਸਾਨੀਅਤ ਦੇ ਪਰਚਮ ਦੀ ਦਿੱਲੀ ਤਾਂ ਦੂਰ ਦੀ ਗੱਲ,
ਕੀ ਪਤਾ ਕਦ ਰੁਕੇ ਮਜ਼ਲੂਮ ਇਨਸਾਨ ਦੀ ਤੌਹੀਨ ਹੋਣਾ !

ਇਹ ਦੁਨੀਆਂ ਹੀ ਪ੍ਰਦੇਸ਼ ਹੈ ਜਾਣਾ ਸਭ ਨੇ ਦੇਸ ਆਪਣੇ ,
ਚੰਗਾ ਨਹੀਂ ਖੰਡ ਮਿਸ਼ਰੀ ਜਿਹੇ ਬੋਲਾਂ ਦਾ ਨਮਕੀਨ ਹੋਣਾ !
07/07/16

' ਗ਼ਜ਼ਲ '
ਮਨਦੀਪ ਕੌਰ ਭੰਮਰਾ, ਲੁਧਿਆਣਾ

ਜ਼ਿੰਦਗੀ ਮਿਲ ਜਾਏ ਤਸਵੀਰੋਂ ਮੇਂ ਕਹੀਂ ਬਚੀ ਬਾਕੀ !
ਖੁਦ ਕੋ ਤਲਾਸ਼ਤੇ ਰਹੇ ਜ਼ਿੰਦਗੀ ਕਹੀ ਬਚੀ ਬਾਕੀ ?
ਸਮੇਟ ਕਰ ਖੁਦ ਕੋ ਤਸਵੀਰੋਂ ਮੇਂ ਰੂਹ ਭਰ ਦੀ ਅਪਨੀ
ਜ਼ਿੰਦਗੀ ਭਰ ਦਿਖਤੀ ਰਹੇਂ ਖੁਦ ਕੋ ਕਹੀ ਬਚੀ ਬਾਕੀ!
ਰਿਸ਼ਤੋਂ ਮੈਂ ਬੰਦਗੀ ਨਹੀਂ ਦਰਯਾਫਤ ਪਾਕੀਜ਼ਗੀ ਹੋਤੀ,
ਗੂੰਚੇ ਫੂਲੋਂ ਕੇ ਖਿਲੇ ਹੋਤੇ ਅਗਰ ਰਹਿਤੀ ਬਚੀ ਬਾਕੀ !
ਮੰਜ਼ਿਲੇ-ਮਕਸੂਦ ਕੋ ਸੀਨੇ ਮੇਂ ਬਸਾ ਲੇਨਾ ਹੋਤਾ ਹੈ ਬੱਸ,
ਖੁਦ ਕੋ ਜ਼ੀਨਾ ਬਨਾ ਲੇਨਾ ਜ਼ਿੰਦਗੀ ਰਹੇ ਬਚੀ ਬਾਕੀ !
ਤਸੱਵੁਰ ਮੇਂ ਜੋ ਰਹੇ ਖੁਦਾ ਖੁਦ ਕੇ ਯਾਦ ਬਨ ਕਰ ਤੋ,
ਯਾਦ ਕੋ ਸੀਨੇ ਸੇ ਲਗਾ ਰੱਖਨਾ ਜ਼ਿੰਦਗੀ ਬਚੀ ਬਾਕੀ !
ਯੂੰ ਖੁਦ ਕੋ ਖੁਦ ਜ਼ਮਾਨੇ ਮੇਂ ਕੈਸੇ ਤਲਾਸ਼ੇਂ ਨਹੀਂ ਪਤਾ !
ਹਮ ਤੋ ਕਬ ਕੇ ਫੌਤ ਥੇ ਬੱਸ ਜ਼ਿੰਦਗੀ ਥੀ ਬਚੀ ਬਾਕੀ !
04/03/2016

ਸ਼ਹੀਦੀ ਦਿਵਸ ਤੇ ਵਿਸ਼ੇਸ਼
ਧੰਨ ਜਣੇਂਦੀ ਮਾਓਂ'

ਮਨਦੀਪ ਕੌਰ ਭੰਮਰਾ, ਲੁਧਿਆਣਾ

ਚੁੱਪ ਹੈ ਜ਼ੁਬਾਨ ਮੇਰੀ ਤੇ ਕਲਮ ਖਾਮੋਸ਼ ਹੈ ,
ਦਰਦ ਦਾ ਹੈ ਆਲਮ ਤੇ ਸੁਰਤ ਬੇਹੋਸ਼ ਹੈ ।
ਸੋਚ ਸੀਤ ਤੇ ਜਿੰਦ ਹੋਈ ਪਈ ਨਿਰਜਿੰਦ ਹੈ ,
ਗੁਰੁ ਦੀ ਗੋਦ ਹੀ ਆਸਰਾ ਤੇ ਆਗੋਸ਼ ਹੈ !
ਨਿੱਕੇ -ਨਿੱਕੇ ਬਾਲ ਜਿੰਨ੍ਹਾਂ ਕੰਧੀ ਚਿਣਵਾਏ ,
ਮਨੁੱਖ ਨਹੀਂ ਉਹ ਜਾਬਰ ਤੇ ਦੈਂਤ ਅਖਵਾਏ,
ਸਮੇਂ ਦੇ ਹਾਕਮ ਬੜੇ ਨਿਰਲੱਜ ਅਤੇ ਨਿਰਮੋਹੇ,
ਰੱਬ ਦੀ ਜ਼ਾਤ ਤੋਂ ਕੋਰੇ ਕਹਿਰਵਾਨ ਬਲਵਾਨ ,
ਪਰ ਇਹ ਕੇਹੀ ਤਾਕਤ, ਕੇਹਾ ਬਲ ਤੇ ਜਨੂੰਨ !
ਮਹਾਨ ਗੁਰੂ ਦੇ ਮਹਾਨ ਲਾਲਾਂ ਦੀਆਂ ਮਾਸੂਮ ਜਿੰਦਾਂ ,
ਕਰ ਕੇ ਫਨਾਹ, ਦਫਨ, ਮਿੱਟੀ ਚ ਰੋਲ, ਛਿੱਲ-ਛਿੱਲ ਗੋਡੇ ,
ਜ਼ਿਬਾਹ ਕਰਦਿਆਂ ਰੱਤੀ ਦਰਦ ਨਾਂਹ ਆਇਆ ?
ਇਸ ਬੇਹੂਦਾ ਮਰਦਾਨਗੀ ਤੇ ਲਾਅਨਤ !
ਲਾਅਨਤ ! ਨਿਰੀ ਲਾਅਨਤ !
ਹਜ਼ਾਰ ਲਾਅਨਤ ਐਸੀ ਦਰਿੰਦਗੀ ਤੇ !
ਸਾਡੀਂਆਂ ਰੂਹਾਂ ਛੱਲਣੀ,
ਸਾਡੇ ਦੀਦੇ ਆਬੂ !
ਅਸੀਂ ਅੰਗਿਆਰ ਵਾਂਗ ਤਪਦੇ ,
ਇਸ ਅਕਹਿ ਦੁੱਖ ਨਾਲ ਵਿੰਨ੍ਹੇ ਪਏ ।
ਪਰ ਮਾਣ ਨਾ਼ਲ ਲਬਾਲਬ ਭਰੇ ਅਸੀਂ,
ਸਾਡੇ ਗਿੱਠ ਗਿੱਠ ਉੱਚੇ ਉੱਠਦੇ ਸਿਰ ,
ਇੰਨ੍ਹਾਂ ਨੰਨ੍ਹੀਆਂ ਜਿੰਦਾ ਦੇ ਸਿਰ ,
ਅਸੀਂ ਦੁਨੀਆਂ ਦੀ ਸਿਰਲੱਥ ਕੌਮ ਅਖਵਾਏ ,
ਜੀਣਾ ਝੂਠ ਤੇ ਮਰਨਾ ਸੱਚ,
ਇਸ ਸੱਚ ਨੂੰ ਪਛਾਣਿਆ ਉਹਨਾਂ,
ਧਰਮ ਨੂੰ ਬੁਲੰਦ ਕੀਤਾ !
ਸਿੱਖੀ ਦੀ ਬੂਟੇ ਨੂੰ ਟੀਸੀ ਦੇ ਬੇਰ ਲਾਏ ,
ਸੂਬਾ ਸਰਹੰਦ ਦੀਆਂ ਜੜ੍ਹਾਂ ਵਿਚ ਆਖਰੀ ਕਿੱਲ ਠੋਕੇ ,
ਪਿਤਾ ਦੇ ਕਾਲਜੇ ਠੰਢ ਪਾਈ
ਤੇ ਦਾਦੀ ਦੀ ਲਾਜ ਰੱਖ ਵਿਖਾਈ !
ਆਹ ! ਮਹਾਨ ਦਾਦੀ ਗੁਜਰ ਕੌਰ ਮਾਈ
ਗੁਰੂ ਗੋਬਿੰਦ ਸਿੰਘ ਦੀ ਅਖਵਾਈ ,
ਮਾਣ -ਮੱਤੀ ਮਾਂ ਜਗਤ ਦੀ ਮਾਈ ,
ਐਡਾ ਜਿਗਰਾ ਪਾਇਆ ਇਸ ਦਾਦੀ ਨੇ !
ਹਰ ਸਿਰ ਝੁਕਦਾ ਏ ਇਸ ਮਮਤਾ ਅੱਗੇ ,
ਕੋਈ ਸ਼ਬਦ ਹੀ ਨਹੀਂ ਜੋ ਲਿਖ ਸਕਾਂ !
ਭਾਣਾ ਆਖਾਂ ਜਾਂ ਕੋਈ ਕਹਿਰ ,
ਵਕਤ ਦੇ ਸੀਨੇ ਤੇ ਉਕਰਿਆ ਉਹ ਪਹਿਰ ,
ਦੋਨਾਂ ਹੱਥਾਂ ਚ ਦੋ ਨਗੀਨੇ , ਹੀਰੇ ਕਹਾ ਜਾਂ ਲਾਲ,
ਜਿਗਰ ਦੇ ਟੁਕੜੇ , ਤੁਫ਼ਾਨੀ ਰਾਤ ਤੇ
ਪਰਿਵਾਰ ਦਾ ਵਿਛੋੜਾ ,
ਇਕਲੌਤੇ ਪੁੱਤ ਦਾ ਹਿਜਰ
ਧੰਨ ਜਣੇਂਦੀ ਮਾਓਂ !
ਚਲੋ ਭਾਣਾ ਵਾਪਰਿਆ !
ਪੰਖੇਰੂ ਉੱਡ ਗਏ ਸਾਰੇ !
ਜੀਵਨ ਨਾਸ਼-ਮਾਨ !
ਕੀਰਤੀ-ਮਾਨ ਸਥਾਪਿਤ !
'ਨੂਰੇ-ਮਾਹੀ' ਨੇ ਜਾ ਦੱਸਿਆ ਗੁਰਾਂ ਨੂੰ !
ਪੱਟ ਸੁੱਟੀ ਦੱਭ ,
ਤੇ ਦਿੱਤਾ ਹੁਕਮ-ਇਲਾਹੀ !
ਪੁੱਟ ਦਿੱਤੀਆ ਜੜ੍ਹਾਂ ਮੁਗ਼ਲ-ਰਾਜ ਦੀਆ !
ਨਾਦੇੜ ਦੀ ਧਰਤੀ ਨੂੰ ਜਾ ਭਾਗ ਲਾਏ ।
ਮਾਧੋ ਦਾਸ ਬੈਰਾਗੀ !
ਕਾਇਆ ਆਤਮਾ ਦੀ ਪਲਟ ਦਿੱਤੀ ਗੁਰਾਂ ਨੇ
' ਬੰਦਾ ਬਹਾਦਰ ’ ਸਾਜ ਦਿੱਤਾ !
ਜਾ ਖੜਕਾਈ ਇੱਟ ਨਾਲ ਇੱਟ ਸਰਹੰਦ ਦੀ !
ਨੇਸਤੋ-ਨਾਬੂਦ ਕਰ ਦਿੱਤਾ ਸ਼ਹਿਰ ਸਾਰਾ !
ਸ਼ਾਂਤ ਕਰ ਦਿੱਤੇ ਤਪਦੇ ਹੋਏ ਸੀਨੇ !
ਸਿੰਘ ਸਦਾ ਬੁਲੰਦ !
ਮਰਨ ਤੋਂ ਨਹੀਂ ਡਰਦੇ ,
" ਧੰਨ ਜਣੇਂਦੀ ਮਾਓਂ " ਲਾਲ !
24/12/15

ਅਜ਼ਾਦੀ ਦੇ ਨਾਂ ਕਵਿਤਾ
' ਬੇ-ਸ਼ੱਕ-ਕੀਮਤੀ '
ਮਨਦੀਪ ਕੌਰ ਭੰਮਰਾ, ਲੁਧਿਆਣਾ

ਆਜ਼ਾਦ ਰਹੋ ! ਆਬਾਦ ਰਹੋ !
ਵਤਨ ਦੇ ਲੋਕੋ , ਬੱਸ ਸ਼ਾਦ ਰਹੋ !
ਹੱਕ ਆਜ਼ਾਦੀ ਦਾ ਮਾਣੋ ,
ਹੱਦ ਆਬਾਦੀ ਦੀ ਜਾਣੋ !
ਪਰ ਆਬਾਦ ਰਹੋ !
ਜੀਣਾ ਸਿੱਖੋ ਤੇ ਮਰਨਾ ਵੀ ,
ਵਤਨ ਦੀ ਖਾਤਿਰ , ਸ਼ੂਲੀ ਉੱਤੇ ਚੜ੍ਹਨਾ ਵੀ !
ਚੇਤਿਅਂ ਦੇ ਵਿੱਚ ਸਾਂਭੀ ਰੱਖਣਾ,
ਭੁੱਲ ਨਾ ਜਾਣਾ ਹਰ ਕੁਰਬਾਨੀ ,
ਸੱਚੇ ਵੀਰਾਂ ਤੇ, ਸਿਪਾਹੀਆਂ ਦੀ ,
ਦਿਲਗੀਰਾਂ ਤੇ ਰਾਹੀਆਂ ਦੀ ,
ਔਖਾ ਪੈਂਡਾ ਮਾਰ ਕੇ ਪੁੱਜੇ ,
ਬਾਪੂਆਂ ਅਤੇ ਮਾਈਆਂ ਦੀ !
ਬੱਚਿਆਂ , ਭੈਣਾਂ ਭਾਈਆਂ ਦੀ ,
ਚੀਖਾਂ, ਬੇਬੱਸੀਂਆਂ ਤੇ ਆਹੀਆਂ ਦੀ !
ਹੋਸ਼-ਮੰਦੀ ਵਿੱਚ ਯਾਦ ਰੱਖਣੀ ਕੌਮੀ
ਬਣੀਆਂ ਹੋਈਆਂ ਤਦਬੀਰਾਂ ਦੀ ।
ਮੁਲਕ ਦੀਂਆਂ ਤਕਦੀਰਾਂ ਦੀ ,
ਵੰਡ ਦੇ ਮੁੱਲ ਤੇ ਮਿਲੀ ਆਜ਼ਾਦੀ ,
ਮਹਿੰਗੇ ਮੁੱਲ ਦੀ ਬੜੀ ਕੀਮਤੀ,
ਕੀਮਤ ਅਸਾਂ ਨੇ ਜਾਣੀ ਨਹੀਂ !
ਕਿ ਇਹ ਹੈ ਬੇ-ਸ਼ੱਕ-ਕੀਮਤੀ !
ਇਹ ਹੈ ਬੇ-ਸ਼ੱਕ-ਕੀਮਤੀ !
18/08/15

ਗ਼ਜ਼ਲ
ਮਨਦੀਪ ਕੌਰ ਭੰਮਰਾ, ਲੁਧਿਆਣਾ

ਜਾ ਉਸੇ ਦੀ ਹੀ ਤੂੰ ਇਬਾਦਤ ਕਰ ,
ਵੇਖ ਤੂੰ ਉਸਦੀ ਹੀ ਇਬਾਦਤ ਕਰ !

ਦੇਖ ਨ ਮੈਨੂੰ ਮਿਰੇ ਹਾਣੀ ਹੁਣ ਹੋਰ ,
ਤੇਰੀ ਹੋਂਦ ਤੋ ਕਦੀ ਨਹੀਂ ਮੁਨਕਰ !

ਨਾ ਛੇੜ ਮੇਰੇ ਮਨ ਦੀ ਗੰਗਾ ਅਤੇ ,
ਜਮਨਾ , ਨਾ ਮੈਨੂੰ ਹੋਰ ਯਾਦ ਕਰ !

ਜ਼ਮਾਨਾ ਨਫਰਤ ਤੋਂ ਡਰਦਾ ਹੁੰਦਾ,
ਪਰ ਤੂੰ ਨਹੀਂ ਜਾ ਉਸਤੋਂ ਹੀ ਡਰ !

ਮੁਹੱਬਤ ਦਾ ਸੌਦਾਗਰ ਹੈ ਹੁੰਦਾ ਜੁ,
ਹਰ ਸ਼ਖਸ, ਹੁੰਦਾ ਹੈ ਉਹ ਬੇ ਡਰ !

ਮੇਰਾ ਅਹਿਦ ਤੇਰੇ ਨਾਲ,ਮੈ ਰੱਖਾਂਗੀ,
ਯਾਦ ਓੁਸਦੀ ਜਾ ਯਕੀਨ ਵੀ ਕਰ !

ਲੱਜਪਾਲਾਂ ਦੀ ਲੱਜ ਹਾਂ, ਮੈਂ ਜ਼ਰਾ ਕੁ,
ਸੋਚ ,ਕੁੱਝ ਤਾਂ ਭਰੋਸਾ ਤੂੰ ਵੀ ਧਰ !

ਜੀਵਨ ਦਾ ਮਕਸਦ ਮੁਕੱਦਸ ਬੜਾ,
ਸਮਝ ਤੇ ਸਮਝਣ ਦੇ, ਦੇਰ ਨਾ ਕਰ !
09/08/15

ਗ਼ਜ਼ਲ
ਮਨਦੀਪ ਕੌਰ ਭੰਮਰਾ, ਲੁਧਿਆਣਾ

ਦਰਦ ਤਦ ਨਹੀ ਹੁੰਦਾ ਜਦੋਂ ਕੋਈ ਦਰਦ ਦਿੰਦਾ ਹੈ ,
ਦਰਦ ਤਦੋਂ ਹੁੰਦਾ ਹੈ ਜਦੋਂ ਰਿਸ਼ਤਾ ਦਰਦ ਦਿੰਦਾ ਹੈ ।

ਮੰਨਦੇ ਹਾਂ ਦਰਦ ਦੀ ਹਰ ਗਹਿਰਾਈ ਗਹਿਰੀ ਹੁੰਦੀ,
ਦਰਦ ਦਾ ਰੰਗ ਨਹੀਂ ਚਿਹਰਾ ਪਰ ਜ਼ਰਦ ਹੁੰਦਾ ਹੈ ।

ਦੋਸਤੀ ਬੁਲੰਦ ਹਸਤੀ ਹਰ ਇੱਕ ਨੂੰ ਨਹੀਂ ਮਿ਼ਲਦੀ ,
ਜੇ ਕੋਈ ਨਿਭਾਵੇ ਦੋਸਤੀ ਤਦ ਕੋਈ ਮਰਦ ਹੁੰਦਾ ਹੈ ।

ਹਰ ਰਿਸ਼ਤੇ ਦੀ ਜੱਗ ਨੂੰ ਜੇ ਦੁਵੱਲੀ ਲੋੜ ਰਹਿੰਦੀ ,
ਮੁਬਾਰਕਾਂ ! ਪਰ ਹਰ ਰਿਸ਼ਤਾ ਖੁਦਗ਼ਰਜ਼ ਹੁੰਦਾ ਹੈ ।

ਹੱਥੀਂ ਪਾਲ ਲਵੋ ਕੋਈ ਬੂਟਾ ਫਲ ਦੇਵੇਗਾ ਨਾਲੇ ਛਾਂ,
ਮੋਹ-ਮੁਹੱਬਤ ਵਾਲੀ 'ਵਾਅ ਸੀਨਾ ਸਰਦ ਹੁੰਦਾ ਹੈ ।

ਵਣ-ਵਣ ਦੀ ਲੱਕੜੀ ਮਿਲ ਕੇ ਦੋਸਤੀ ਬਣ ਜਾਂਦੀ ,
ਸੰਵਰ ਜਾਂਦੀ ਜ਼ਿੰਦਗੀ ਨਾ ਦਿਲ 'ਚ ਭਰਮ ਹੁੰਦਾ ਹੈ ।

ਪੜ੍ਹ ਦੇ ਹਰ ਰਿਸ਼ਤੇ ਦਾ ਮਰਸੀਅ ਖਤਮ ਕਰ ਗੱਲ ,
ਰਿਹਾ ਪੈਰ-ਪੈਰ 'ਤੇ ਤੈਨੂੰ ਸਦਾ ਜੋ ਦਰਦ ਦਿੰਦਾ ਹੈ ।
28/07/15

ਗ਼ਜ਼ਲ
ਮਨਦੀਪ ਕੌਰ ਭੰਮਰਾ, ਲੁਧਿਆਣਾ

ਚਾਨਣੀ ਰਾਤ ਨੂੰ ਕਹਿਰ ਢਾਣ ਦਾ ਫਤਵਾ ,
ਸੂਰਜ ਨੂੰ ਜਿਵੇਂ ਠਹਿਰ ਜਾਣ ਦਾ ਫਤਵਾ ।

ਸੰਗੀਨ ਜੁਰਮ ਮੌਤ ਦੇ ਮੱਥੇ 'ਤੇ ਲੱਗੇ ਹੋਏ ,
ਉਚੇ ਜੀਵਨੀਂ ਵੀ ਜ਼ਹਿਰ ਖਾਣ ਦਾ ਫਤਵਾ ।

ਜ਼ਿਆਰਤ ਮੱਕੇ ਦੀ ਸੀਨੇ 'ਚ ਚਾਨਣ ਨਹੀਂ ,
ਕਿਸ ਕਾਜ਼ੀ ਹੱਕ ਗੁਰੂ ਨੂੰ ਲਾਣ ਦਾ ਫਤਵਾ ।

ਸ਼ੀਸ਼ੇ 'ਚ ਨਾ ਉਤਾਰੋ,ਸੱਚ ਦੀ ਰੂਹ ਨੂੰ ਕਦੇ ,
ਰੂਹ ਕੰਬਦੀ ਨਹੀ ਹੁੰਦਾ ਰੁਆਣ ਦਾ ਫਤਵਾ ।

ਕੱਟ ਸਕਦਾ ਹੈ ਸੀਸ ਧੜ ਤੋਂ ਬਿਨਾਂ ਬੇਸ਼ੱਕ ,
ਮਿਟਾ ਨਹੀਂ ਸਕਦਾ ਮਰ-ਮਰਾਣ ਦਾ ਫਤਵਾ ।

ਅੰਗਿਆਰ ਫੁੱਲ ਬਣ ਜਾਂਦੇ 'ਜ਼ਮਜ਼ਮ' ਪਵੇ ਜੇ ,
ਪਾਣੀ ਨੂੰ ਨਹੀਂ ਕਿਤੇ ਜਾਣ-ਆਣ ਦਾ ਫਤਵਾ ।

ਲਾਸਾਨੀ ਸ਼ਹਾਦਤ ਸਾਹਿਬਜ਼ਾਦਿਆਂ ਦੀ ਐਸੀ,
ਨੰਨ੍ਹੀਆਂ ਜਿੰਦਾਂ ਕੰਧੀ ਚਿਣੇ ਜਾਣ ਦਾ ਫਤਵਾ ।

ਸੂਬਾ ਸਰਹੰਦ ਕੀ ਖੱਟਿਆ ਆਖਰ ਜ਼ੁਲਮ ਤੋ ,
ਦਿੰਨੇ ਹਾਂ ਤੈਨੂੰ ਅਸੀਂ ਜ਼ੁਲਮ ਕਮਾਣ ਦਾ ਫਤਵਾ ।

ਇਹ ਰਤਨ,ਇਹ ਲਾਲ ਸਾਡੇ ਗੁਰੂ ਦਾ ਗ਼ਰੂਰ ,
ਦਿੱਤਾ ਜਾਂਦਾ ਕੋਈ ਇੱਨ੍ਹਾ ਦੇ ਹਾਣ ਦਾ ਫਤਵਾ ।

ਇਤਿਹਾਸ ਨੂੰ ਕਲਾਵੇ ਵਿੱਚ ਭਰ ਕੇ ਬੈਠੇ ਹਨ ,
ਯਾਦ ਸੀ ਦਾਦਾ ਜੀ ਦੇ ਸਿਰ ਕਟਾਣ ਦਾ ਫਤਵਾ ।

ਹੁਣ ਚਾਨਣੀ ਰਾਤ ਨੂੰ ਹੈ ਪਹਿਰ ਦਾ ਫਤਵਾ ,
ਚੰਦਰਮਾ ਨੂੰ ਲਾਵੋ ਠਹਿਰ ਜਾਣ ਦਾ ਫਤਵਾ ।

ਚਾਨਣੀ ਰਾਤ ਨੂੰ ਕਹਿਰ ਢਾਣ ਦਾ ਫਤਵਾ ,
ਸੂਰਜ ਨੂੰ ਜਿਵੇਂ ਠਹਿਰ ਜਾਣ ਦਾ ਫਤਵਾ ।
23/07/15.

ਗ਼ਜ਼ਲ
ਮਨਦੀਪ ਕੌਰ ਭੰਮਰਾ, ਲੁਧਿਆਣਾ

ਪੱਥਰ ਨੁੰ ਕੱਟ ਕੇ ਵੀ ਫੁੱਲ ਬਣਾ ਲੈਂਦੇ ਹਨ ਕੁਝ ਲੋਕ !
ਫੁੱਲ ਵਰਗੇ ਦਿਲ ਨੁੰ ਪੱਥਰ ਬਣਾ ਲੈਂਦੇ ਹਨ ਕੁਝ ਲੋਕ !

ਤੂੰ ਦਿਲ ਨੁੰ ਪੱਥਰ ਨਾ ਬਣਾਈ ਕਦੇ ਅ ਮਿਰੇ ਦੋਸਤਾ ,
ਤੂੰ ਉਹ ਨਹੀਂ ਪੱਥਰਾਂ ਵਰਗੇ ਹੋਰ ਹੁੰਦੇ ਹਨ ਕੁਝ ਲੋਕ !

ਸੂਰਜ ਦਾ ਸੁਨੇਹਾ ਸਾਂਭੀ ਅਤੇ ਸਾਂਭੀ ਚੰਨ ਦੀ ਚਾਨਣੀ ,
ਦੁਆਵਾਂ ਸਾਂਭੀ ਦੇਖੀਂ ਮਮਤਾ ਵਾਲੇ ਹੁੰਦੇ ਹਨ ਕੁਝ ਲੋਕ !

ਦੇਣਗੇ ਦੁਆਵਾਂ ਰੋਜ਼ ਭੇਜਣਗੇ ਸੁੱਚੀਆਂ ਕਿਰਨਾਂ ਤੈਨੂੰ ,
ਰਿਸ਼ਮਾਂ ਪ੍ਰੀਤਾਂ ਸੁੱਚੇ ਦਿਲਾਂ ਵਾਲੇ ਹੁੰਦੇ ਹਨ ਕੁਝ ਲੋਕ !

ਕਦਰ ਕਰਦੇ ,ਪਿਆਰਦੇ ਰਹਿੰਦੇ ਸਦਾ ਹੀ ਜਿੰਨ੍ਹਾ ਨੂੰ ,
ਬਾਖੂਬੀ ਜਾਣਦੇ ਸਭ ਖੂਬੀਆਂ ਹੁੰਦੇ ਹਨ ਕੁਝ ਲੋਕ !

ਤੇਰੇ ਰਾਹਾਂ ਚ ਰਹਿਣ ਖਿੜੀਆਂ ਬਹਾਰਾ ਦੁਆ ਦੋਸਤਾ,
ਛੂਹਵੇਂ ਨਿੱਤ ਨਵੀਆਂ ਮੰਜ਼ਿਲਾਂ ਚਾਹੁੰਦੇ ਹਨ ਕੁਝ ਲੋਕ !

ਹਟ ਜਾਣੇ ਹਨ ਸਾਰੇ ਪੱਥਰ ਪੈਰੀਂ ਛਾਲੇ ਪਾਵਣ ਵਾਲੇ ,
ਚੁੰਮਚੁੰਮ ਰੱਖੇਂ ਉਹਨਾਂ ਨੂੰ ਵੀ ਐਸੇ ਹੁੰਦੇ ਹਨ ਕੁਝ ਲੋਕ !

ਦਿਆਂ ਦੁਆਵਾਂ ! ਰਹਿਣ ਸਦਾ ਦੂਰ ਬਲਾਵਾਂ 'ਤੇ ਸ਼ੁਆਵਾਂ,
ਬਹੁਤ ਨਿਆਰੇ ,ਸੱਚੇ-ਸੁੱਚੇ ਦੋਸਤ ਹੁੰਦੇ ਹਨ ਕੁਝ ਲੋਕ !

ਤੇਰੇ ਮੇਰੇ ਵਰਗੇ ਲੋਕਾਂ ਦਾ ਹਾਸਿਲ ਅਤੇ ਕਮਾਈ ਉਮਰੀਂ,
ਜਿਉਂਦੇ ਵਸਦੇ ਰਹਿਣ ਸਦਾ ਚੰਗੇ ਹੁੰਦੇ ਹਨ ਕੁੱਝ ਲੋਕ !
22/07/15.

ਗ਼ਜ਼ਲ
ਮਨਦੀਪ ਕੌਰ ਭੰਮਰਾ, ਲੁਧਿਆਣਾ

ਪੰਜ ਪਾਣੀਆਂ ਲਈ ਤੜਪਦੇ ਲੋਕੋ ਸਲਾਮ ਹੈ ਤੁਹਾਨੂੰ !
ਪੀੜ ਵਿਚ ਵਿਲਕਦੇ ਮਾਸੂਮ ਲੋਕੋ ਸਲਾਮ ਹੈ ਤੁਹਾਨੂੰ !

ਕੌਣ ਮਸੀਹਾ ਕਿਹੜਾ ਰਹਿਬਰ ਜੋ ਆਵੇਗਾ ਸੋਚਦਿਓ ,
ਹਰ ਸਾਹ ਨਾਲ ਸਿਮਰਦਿਓ ਬੱਸ ਆਰਾਮ ਹੈ ਤੁਹਾਨੂੰ !

ਧਰਮ ਦਯਾ ਦਾ ਪੁੱਤਰ ਇਹ ਜਾਣਦਿਓ ਸਭ ਧਰਮੀਓ ,
ਐਸਾ ਧਰਮ ਨਿਭਾਹੁੰਦੇ ਜੋ ਸੱਚੇ ਲੋਕੋ ਪ੍ਰਣਾਮ ਹੈ ਤੁਹਾਨੂੰ !

ਦਯਾ ਪਰ ਦਿਸਦੀ ਨਹੀਂ ਕਿਤੇ ਧਰਮ ਤਾਂ ਬੜੇ ਹੀ ਹਨ ,
ਮਾਵਾਂ ਸੰਭਾਲ਼ ਰੱਖਦੇ ਲੋਕੋ ਜੀ ਮੇਰਾ ਕਲਾਮ ਹੈ ਤੁਹਾਨੂੰ !

ਕਿੰਝ ਉਤਾਰਾਂ ਕਰਜ਼ ਮਾਂ ਦੀ ਮਿੱਟੀ ਦਾ ਮੋਹ ਮਾਰਦਾ ਜੇ ,
ਪੰਜਾਬ ਕੀ ਨਰੇਗਾ ਦਾ ਹੈ ਲੋਕੋ ਇਹ ਸਵਾਲ ਹੈ ਤੁਹਾਨੂੰ !

ਨਿੰਮ,ਜਾਮਣ ਦੇ ਬੂਟੇ ਲਾਵਣ ਔਰਤਾਂ ਗਲੀ ਗਲੀ ਵਿੱਚ ,
ਕਿੱਥੇ ਲਾਵਣ ਅੱਜ ਤ੍ਰਿੰਝਣ ਉਹ ਲੋਕੋ ਮਲਾਲ ਹੈ ਤੁਹਾਨੂੰ !

ਧੁਖਦੀ ਅੰਗਿਆਰੀ ਸੱਧਰਾਂ ਦੀ ਰਾਖ ਬਣ ਚੁੱਕੀ ਹੈ ਦੋਸਤੋ ,
ਹਾਲੇ ਵੀ ਸੰਭਾਲੋ ਵਕਤ ਲੋਕੋ ਇਹ ਆਵਾਹਨ ਹੈ ਤੁਹਾਨੂੰ !

ਪੰਜਾਬ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ ਲੋਕਾਂ ਦੀ ਆਪਣੀ ,
ਪੰਜਾਬ ਨੂੰ ਪਿਆਰਦੇ ਲੋਕੋ ਕਲਮ ਦਾ ਸਲਾਮ ਹੈ ਤੁਹਾਨੂੰ !
21/07/15.

ਗ਼ਜ਼ਲ
ਮਨਦੀਪ ਕੌਰ ਭੰਮਰਾ, ਲੁਧਿਆਣਾ

ਮਾਯੂਸੀਆਂ ਦੇ ਦੌਰ ਵਿੱਚ ਵੀ ਮੁਸਕਰਾਉਣਾ ਕਮਾਲ ਹੁੰਦਾ ਦੋਸਤਾ !
ਹਸਤੀ ਤਿਰੀ ਦਾ ਰੁਸ਼ਨਾਉਣਾ ਉਦੋਂ ਹੀ ਤਾਂ ਕਮਾਲ ਹੁੰਦਾ ਦੋਸਤਾ !

ਪੱਤਝੜ ਦੇ ਮੌਸਮਾਂ 'ਚ ਬਹਾਰਾਂ ਦੀ ਆਸ ਬੁਝਣ ਨਹੀਂ ਦੇਣੀ ਹੁੰਦੀ,
ਇਹੋ ਤਾਂ ਮੁੱਖ 'ਤੇ ਰੁਹਾਨੀਅਤ ਦਾ ਦਿਸਦਾ ਜਲਾਲ ਹੁੰਦਾ ਦੋਸਤਾ !

ਪੈਮਾਨਾ ਤਿਰੀ ਹਸਤੀ ਲਈ ਲੋਕ ਜੋ ਵੀ ਲਾਉਣ ਉਹਨਾਂ ਦੀ ਖੁਸ਼ੀ,
ਆਪਣੇ ਬਾਰੇ ਤੇਰਾ ਪੈਮਾਨਾ ਤੇਰਾ ਆਪਣਾ ਖਯਾਲ ਹੁੰਦਾ ਦੋਸਤਾ !

ਜ਼ਿੰਦਗੀ ਮਾਰੂਥਲ ਵਿੱਚ ਗੁਜ਼ਰੇ ਚਾਹੇ ਰੰਗੀਨੀਆਂ ਹੋਣ ਤੇਰੇ ਚੌਫੇਰ,
ਰੂਹ ਦਾ ਖਿੜ-ਖਿੜ ਹੱਸਣਾ ਚਿਹਰੇ 'ਤੇ ਵਾਂਗ ਗੁਲਾਲ ਹੁੰਦਾ ਦੋਸਤਾ !

ਮਕਸਦ ਜ਼ਿੰਦਗੀ ਦਾ ਨੇਕ ਹੋਵੇ ਇਹੋ ਹੁੰਦਾ ਅਸਲ ਹਾਸਿਲ ਦੋਸਤ,
ਮਰਕਜ਼ ਦੁਆਲੇ ਘੁੰਮਣਾ ਵੀ ਜ਼ਿੰਦਗੀ ਭਰ ਦਾ ਸੁਆਲ ਹੁੰਦਾ ਦੋਸਤਾ !

ਸੀਨੇ 'ਚ ਕਾਮਲ ਜਿਹੇ ਸ਼ੌਕ ਪਾਲ਼ ਕੇ ਰੱਖੀਂ ਰੂਹ ਦੇ ਸਕੂਨ ਖਾਤਿਰ,
ਰੂਹ ਸ਼ਾਂਤ ਹੋਵੇ ਜੇ ਬੋਲਦੇ ਹਾੜ੍ਹ ਵਿੱਚ ਵੀ ਭਰ ਸਿਆਲ਼ ਹੁੰਦਾ ਦੋਸਤਾ !

ਰੋਜ਼ ਮਰਨਾ, ਜਿਉਣਾ,ਜਿਉਂਦੇ ਜੀਅ ਮਰਨਾ, ਫਿਰ ਵੀ ਜ਼ਿੰਦਾ ਰਹਿਣਾ,
ਬਹਾਦਰੀ ਇਸੇ ਵਿੱਚ ਹੁੰਦੀ,ਇਹੋ ਜਿਉਣਾ ਹੀ ਕਮਾਲ ਹੁੰਦਾ ਦੋਸਤਾ !
17/07/15.

ਅੰਬਰਾਂ ਦੇ ਤਾਰਿਆ
ਮਨਦੀਪ ਕੌਰ ਭੰਮਰਾ, ਲੁਧਿਆਣਾ

ਤਾਰਿਆ ਵੇ ਤਾਰਿਆ !
ਕਿਸਮਤ ਦੇ ਸਿਤਾਰਿਆ !
ਚਮਕਦੇ ਸਿਤਾਰਿਆ !
ਰੀਝਾਂ ਨਾਲ਼ !
ਤੈਂਨੂੰ ਮੈਂ ਸ਼ਿੰਗਾਰਿਆ !
ਉਮਰਾਂ ਗੰਵਾਈਆਂ ਤੈਨੂੰ ਪਾਉਣ ਲਈ,
ਤਕਦੀਰਾਂ ਨੂੰ ਅਸਾਂ ਹਾਰਿਆ !
ਸਾਡੀ ਚੁੰਨੀ ਦੇ ਸਿਤਾਰਿਆ !
ਜਿੰਦ-ਜਾਨ ਤੋਂ ਪਿਆਰਿਆ !
ਤਾਰਿਆ ਵੇ ਤਾਰਿਆ !
ਸਮਾਂ ਹੱਸ ਕੇ ਬਿਤਾਏ ਜਿਹੜਾ,
ਦਰਦ ਛੁਪਾਏ ਜਿਹੜਾ,
ਹੁੰਦਾ ਰੱਬ ਦਾ ਪਿਆਰਾ ਬੰਦਾ,
ਸਦਾ ਰੱਬ ਨੂੰ ਧਿਆਏ ਜਿਹੜਾ,
ਉਹਨੂੰ ਰੱਬ ਦਾ ਪਿਆਰਾ ਕਹਿੰਦੇ ,
ਹੁੰਦਾ ਰੱਬ ਦਾ ਕਾਰਿੰਦਾ ਉਹ !
ਹੁੰਦਾ ਸੱਚੇ ਰੱਬ ਦਾ ਸਾਜ਼ਿੰਦਾ ਉਹ !
ਉਹ ਰੱਬ ਦੇ ਪਿਆਂਰਿਆ !
ਜਿੰਦ ਦੇ ਸਹਾਰਿਆ !

ਹਾਣੀਆਂ !
ੳ ! ਹਾਣੀਆਂ !
ਮੇਰੇ ਮੱਥੇ ਦੇ ਸਿਤਾਰਿਆ !
ਜੁੱਗ - ਜੁੱਗ ਜਿਉਂ ਤੂੰ !
ਜਿੰਦ-ਜਾਨ ਤੋਂ ਪਿਆਰਿਆ !
ਬਣਾ 'ਭੰਮਰਾ' ਸਾਡੀ ਜਿੰਦ ਨੂੰ ,
ਫੁੱਲਾਂ ਵਾਂਗ ਹੈ ਸ਼ਿੰਗਾਰਿਆ !
ਸੱਚੇ ਰੱਬ ਦਾ ਨਜ਼ਾਰਾ ਹੈ !
ਗੁਰੂ ਨਾਨਕ ਪਿਆਰਾ ਹੈ !
ਗੁਰੂ ਦਾ ਸਹਾਰਾ ਹੈ !
ਸਾਰੇ ਗੁਰਾਂ ਨੂੰ ਧਿਆਉਂਦੀ ਹਾਂ !
ਤਾਰਿਆ ਵੇ ਤਾਰਿਆ !
ਸ਼ੁਕਰ ਮਨਾਉਂਦੀ ਹਾਂ !
ਦੀਨ ਦਾ ਉਹ ਦਾਤਾ ਹੈ !
ਪਿਤਾ ਅਤੇ ਮਾਤਾ ਹੈ !
ਸਭ ਦਾ ਭਰਾਤਾ ਹੈ !
ਬੰਧਪ 'ਤੇ ਭਾਈ ਹੈ !
ਸਖਾ ਹੈ ਸਹਾਈ ਹੈ !
ਇਹੋ ਵਿਸ਼ਵਾਸ ਹੈ !
ਇਸੇ ਨੇ ਸੰਭਾਲਿਆ !
ਤ਼ਲੀਆਂ 'ਤੇ ਚੋਗ ਚੁਗਾਏ ਨੇ !
ਐਸੇ ਐਸੇ ਨਜ਼ਾਰੇ ਦਿਖਾਏ ਨੇ !
ਐ ਅੰਬਰਾਂ ਦੇ ਤਾਰਿਆ !
ਬਣ ਕੇ ਗਵਾਹ ਤੂੰ
ਰਿਹਾਂ ਸਾਹਾਂ ਦਾ ਸਾਹ ਤੂੰ !
'ਅੰਬਰਾਂ ਦੇ ਤਾਰਿਆਂ' !
ਅੰਬਰਾਂ ਦੇ ਤਾਰਿਆ !
ਤਾਰਿਆ ੳ ਤਾਰਿਆ !
15/07/15.

ਨੰਨ੍ਹੀ ਚਿੜੀ
ਮਨਦੀਪ ਕੌਰ ਭੰਮਰਾ, ਲੁਧਿਆਣਾ

ਐ ਨੰਨ੍ਹੀ ਚਿੜੀ !
ਤੂੰ ਵੀ ਹੈਂ ਇਸੇ ਕਾਇਨਾਤ ਦਾ ਇੱਕ ਅੰਸ਼ ,
ਬੇਹੱਦ ਹੁਸੀਨ ਰਿਹਾ ਹੋਵੇਗਾ ਤੇਰਾ ਵੰਸ਼ !
ਤੂੰ ਜਾਪੇ ਮੈਨੂੰ ਕੱਚੀ ਕਲੀ ਕਚਨਾਰ ਦੀ ,
ਅੱਜ ਵੀ ਤੇਰੇ ਹੁਸਨ 'ਤੇ ਲੋਹੜਾ ਬੇਅੰਤ !
ਤੇਰਾ ਇਹ ਰੂਪ ਸਦਾ ਹੀ ਬਰਕਰਾਰ ਰਹੇ ,
ਦੁਨੀਆਂ ਦੀ ਕੋਈ ਵੀ ਕਰੂਪਤਾ ਨਾ ਛੁਹ ਸਕੇ !
ਤੇਰੀ ਕੋਮਲਤਾ ਕੁਦਰਤ ਦਾ ਸੁਨੇਹਾ ਦਿੰਦੀ ਜਾਪੇ ,
ਪਤਾ ਨਹੀਂ ਕਿਹੜੇ ਬਰਫ ਚਿੱਟੇ ਪਹਾੜਾਂ ਤੋਂ ਰੰਗ ਲਏ !
ਅਤੇ ਬਖੇਰ ਦਿੱਤਾ ਚੁਫੇਰੇ ਚੰਨ ਦੀ ਚਾਂਦਨੀ ਜਿਹਾ ਚਾਨਣ ,
ਕੁਦਰਤ ਦੀ ਹਰ ਹੁਸੀਨ ਕ੍ਰਿਤ ਤੇਰੇ ਹੁਸਨ ਦੀ ਜਾਪੇ ਹਾਨਣ !
ਤੇਰੇ ਸਿਰ 'ਤੇ ਨੀਲੇ ਆਸਮਾਨ ਦਾ ਛੱਤਰ ਸਜਾਇਆ ਕਦਰਤ ਨੇ ,
ਨੰਨੇ ਨੰਨ੍ਹੇ ਬੱਚੇ ,ਜੁਆਨ ,ਬੁੱਢੇ ਸਭ ਲੋਕ ਤੇਰੇ ਸੋਹਣੇ ਰੂਪ ਨੂੰ ਮਾਨਣ !
10/07/15

 

ਆਲਮੀ
ਮਨਦੀਪ ਕੌਰ ਭੰਮਰਾ, ਲੁਧਿਆਣਾ

ਖੁਸ਼ਬੂ ਜ਼ਮਾਨੇ ਭਰ ਮੇਂ ਫੈਲ ਜਾਏਗੀ ਇਤਰ ਹੋ ਜਾ ਐ ਮਨ ਤੂੰ ,
ਇਤਰਾਨਾ ਮੱਤ ਜਬ ਜ਼ਮਾਨੇ ਮੇਂ ਖੁਸ਼ਬੂ ਫੈਲ ਜਾਏ ਐ ਮਨ ਤੂੰ !

ਫੂਲੋਂ ਕੇ ਖਿਲਨੇ ਸੇ ਤੋ ਬਹਾਰ ਆ ਜਾਤੀ ਹੈ ਸਭ ਬਗੀਅਨ ਮੇਂ,
ਮੇਰੇ ਬਗੀਚੇ ਮੇਂ ਕਬ ਆਏਗੀ ਬਹਾਰ ਬਤਾ ਜ਼ਰਾ ਐ ਮਨ ਤੂੰ !

ਫੂਲੋਂ ਕੇ ਗੂੰਚੋਂ ਮੇਂ ਖੁਸ਼ਬੂ ਹੋਤੀ ਜੈਸੀ ਬੀਚਾਰੋਂ ਮੇ ਲਾ ਕਰ ਦੇਖ,
ਠਹਿਰ ਜਾਏਂਗੇ ਪਲ ਭਰ ਗੁਜ਼ਰਨੇ ਵਾਲੇ ਦੇਖਨਾ ਐ ਮਨ ਤੂੰ !

ਵੋਹ ਮਿਲ ਜਾਤਾ ਹੈ ਬੰਦੋਂ ਮੇਂ ਭੀ ਕਭੀ ਨਾ ਕਭੀ ਹਰ ਕਿਸੀ ਕੋ,
ਪਹਿਚਾਨ ਕਾ ਹੁਨਰ ਹੋ ਹਾਸਲ ਉਸ ਆਂਖ ਸੇ ਦੇਖ ਐ ਮਨ ਤੂੰ !

ਬੰਦਗੀ ਕਰਤਾ ਜਾ ਉਸਕੀ ਜੋ ਕਨ-ਕਨ ਮੇਂ ਬਸਾ ਹੈ 'ਆਲਮੀ'
ਤੁਝ ਮੇਂ ਭੀ ਵੋਹ ਹੀ ਬਸਾ ਹੈ ਅੰਤਹਕਰਨ ਮੇਂ ਦੇਖ ਐ ਮਨ ਤੂੰ !
08/07/15

ਬੇ-ਖੁਦੀ
ਮਨਦੀਪ ਕੌਰ ਭੰਮਰਾ, ਲੁਧਿਆਣਾ

ਖੁਦੀ ਹਮਾਰੀ ਮਿਟ ਗਈ ,
ਹੈ ਆਲਮ ਬੇ-ਖੁਦੀ ਕਾ !
ਤੁਮ ਹੋ ਤੋ ਨੂਰ ਛਾ ਗਿਆ ਹੈ ,
ਸਦੀਆਂ ਤੋਂ ਬਾਅਦ ਇਸ ਸਦੀ ਕਾ
ਮਸੀਹਾ ਹੋ ......... !
ਮਸੀਹਾ ਹੀ ਰਹੋਗੇ !
ਹਮ ਚਾਹੇ ਖਾਕ ਹੋ ਜਾਏਂ
ਅਪਨੀ ਹੀ ਰਾਖ ਮੇਂ ,,,,!
ਕੁਕੁਨਸ ਕੀ ਤਰਹ ,
ਕੁਕੁਨਸ ਕੀ ਤਰਹ ...
ਹਜ਼ਾਰੋਂ ਲਾਖੋਂ ਸਾਲ ...
ਇੰਤਜ਼ਾਰ ਕਰੇਂਗੇ ਜੀਨੇ ਕਾ..
ਔਰ ਤਨਹਾਈ ਮੇਂ
ਚੁਨ-ਚੁਨ ਕਰ .....
ਤਿਨਕਾ ਤਿਨਕਾ,
ਇੱਕ ਘਰ ਬਨਾਏਗੇਂ .
ਅੋਰ ਉਸ ਮੇਂ ਬੈਠ ਕਰ ਗੀਤ ਗਾਏਂਗੇ !
ਅਪਨੇ ਜਿਗਰ ਕੀ ਗਰਮੀ ਸੇ
ਖੁਦ ਕੋ ਜਲਾ ਡਾਲੇਂਗੇ
ਔਰ ਸੂਰਜ ਕੀ ਭੇਂਟ ਚੜ੍ਹਾ ਦੇਂਗੇ
ਅਪਨੀ ਉਸ ਰਾਖ ਕੋ,
ਔਰ ਫਿਰ ਨਯਾ ਕੁਕੁਨਸ ਪੈਦਾ ਹੋਗਾ !
ਹਮ ਮਿਟ ਜਾਏਂਗੇ !
ਫਿਰ ਮਿਟ ਜਾਏਗੀ ਖੁਦੀ ਹਮਾਰੀ ,
ਅੋਰ ਸਦੀਓਂ ਮੇਂ ਫੈਲ ਜਾਏਗਾ,
ਹਮਾਰੀ 'ਬੇ-ਖੁਦੀ' ਕਾ ਆਲਮ !
03/07/15

ਆਤਮਾਵਾਂ ਦਾ ਚਾਨਣ
ਮਨਦੀਪ ਕੌਰ ਭੰਮਰਾ, ਲੁਧਿਆਣਾ

ਮੇਰਾ ਸਿਦਕ , ਮੇਰਾ ਸਬਰ ,
ਤੇਰਾ ਸਿਦਕ , ਤੇਰਾ ਸਬਰ ,
ਐ ਆਦਮ ! ਮੈਂ ਹਵਾੱ ...!
ਅੰਦਰ ਜਗਦੀ - ਜੋਤ
ਦੀ ਰਹਿਨੁਮਾਈ !
ਭਾਵਾਂ ਦਾ ਸੰਗ ,
ਜ਼ਿਹਨ ਵਿੱਚ ਤੈਰਦੇ ਸੱਚ ,
ਭਗਵਾਂ ਵੇਸ, ਸੁਤੰਤਰ ਰੂਹ ,
ਬਖਸ਼ਿਸਾਂ ਦਾ ਖਜ਼ਾਨਾ,
ਸ਼ੁਕਰਾਨਾ ,
ਦੇਵ-ਦੇਹਲੀ
ਤੇ ਮੱਥਾ ਰੋਜ਼ ਟਿਕਦਾ !
ਤੇ ਰੋਜ਼ ਮੈਂ ਪ੍ਰਸਾਦ-ਪਾਤਰ ,
ਸਿਦਕ ਦੀ ਪੌੜੀ ਦਾ
ਆਖਰੀ ਡੰਡਾ
ਮੈਂ ਰੋਜ਼ ਜਾ ਛੋਹਵਾਂ ,
'ਤੇ ਮੁੜ ਆਵਾਂ ,
ਮੱਥੇ ਤੇ ਤਿਲਕ ,
ਚਰਨਾਂ ਦੀ ਧੂੜੀ ,
ਇੱਕ ਨਿਰੰਤਰ ਸਫਰ ,
ਇਹ ਮੇਰਾ ਸਬਰ ,
ਇਹ ਤੇਰਾ ਸਬਰ ,
'ਆਤਮਾਵਾਂ ਦਾ ਚਾਨਣ' ,
ਹਰ ਮਨੁੱਖ ਦਾ
ਸਦੀਵੀ ਸਹਾਰਾ !
ਬੰਦ-ਵਿਭੋਰ ਅੱਖਾਂ ,
ਆਤਮਾ ਅਦੁੱਤੀ ਅਨੁਭਵ ,
ਵਿੱਚ ਗੜੂੰਦ !
ਸਫਰ ਸਦਾ ਜਾਰੀ ਹੈ !
25/06/15

ਅਲਖ
ਮਨਦੀਪ ਕੌਰ ਭੰਮਰਾ, ਲੁਧਿਆਣਾ

ਧੂਣੀ ਰਮਾ ਕੇ ਬੈਠੇ .....
ਜਿੰਦ ਆਪਣੀ ਤਪਾ ਕੇ ਬੈਠੇ ...
ਧੂਣੀ ਰਮਾ ਕੇ ਬੈਠੇ ……..
ਗ਼ਮਾਂ ਦੇ ਸੰਗ ਯਾਰੀਆਂ
ਯਾਰੀਆਂ ਪੁਗਾ ਕੇ ਬੈਠੇ …..
ਹਵਾ ਦੇ ਹਰਫਾਂ 'ਚ
ਨਾਮ ਸਾਡਾ
ਹਵਾ ਦੇ ਸੰਗ ਉਡਾਰੀਆਂ
ਲਗਾ ਕੇ ਬੈਠੇ ………..
ਧੂਣੀ ਧੁਖਾ ਕੇ ਬੈਠੇ
ਧੂਣੀ ਧੁਖਾ ਕੇ ਬੈਠੇ …….
ਇਹ ਅਜ਼ਲਾਂ ਦੀ ਬਾਤ ਹੈ
ਇਹ ਜਨਮਾਂ ਦੀ ਬਾਤ ਹੈ
ਬੱਸ ਉਸਦੀ ਖੈਰਾਤ ਹੈ ..
ਇਹ ਜੋ ਮੇਰੀ ਹਯਾਤ ਹੈ
ਬੱਸ ਉਸੇ ਦੀ ਖੈਰਾਤ ਹੈ ..
ਸਮਝਣ ਦੀ ਬਾਤ ਹੈ ….
ਅਸੀਂ 'ਤਾ ਬੱਸ ਇਹੋ
'ਅਲਖ ਜਗਾ ਕੇ ਬੈਠੇ '
ਧੂਣੀ ਰਮਾ ਕੇ ਬੈਠੇ ….. !
13/06/15

ਪਿਆਸ
ਮਨਦੀਪ ਕੌਰ ਭੰਮਰਾ, ਲੁਧਿਆਣਾ

ਹਨੇਰੀਆਂ ਗੁਫ਼ਾਵਾਂ 'ਚ ਰਹਿ ਕੇ ਉਦਾਸ ਨਾ ਹੋਵੀਂ ,
ਚਾਨਣ ਦੀ ਲੀਕ ਦਿਸੇਗੀ , ਕਦੀ ਬੇ-ਆਸ ਨਾ ਹੋਵੀਂ !
ਉਮੀਦ 'ਚ ਜਗਦੇ ਜੁਗਨੂੰ ਦੀ ਜਗਮਗਾਹਟ ਦੇਖ ,
ਟੁਟਦੇ ਹੋਏ ਪਰਾਂ ਨੂੰ ਦੇਖ ਕੇ ਤੂੰ ਨਿਰਾਸ਼ ਨਾ ਹੋਵੀ !
ਆਕਾਸ਼ੀ ਉਡੱਣ ਦਾ ਹੌਂਸਲਾ ਰੱਖ ਹਸ਼ਤੀ ਅੰਦਰ ,
ਮਨੁੱਖਤਾ ਅਜ਼ੀਮ ਹੈ , ਤੂੰ ਇਹ ਧਰਵਾਸ ਨਾ ਖੋਵੀਂ
ਮੰਜ਼ਿਲ ਦੂਰ ਹੈ ਅਜੇ , ਤੂੰ ਹੋਸਲਾ ਬਾਰੂਦ ਬਣਾ ਰੱਖੀਂ ,
ਇਸ਼ਟ ਜਾਣੀ ਮੰਜ਼ਿਲ ਨੂੰ ਤੇ ਧਰਵਾਸ ਨਾ ਖੋਵੀਂ !
ਰਾਹਾਂ 'ਚ ਪਥਰਾਟ ਤੇ ਕਿਤੇ ਰੋਹੀਆਂ ਬੀਆਬਾਨ ,
ਮੁਸ਼ਕਲ 'ਚ ਘਿਰ ਜਾਂਵੇ ਤਦ ਵੀ ਹਰਾਸ਼ ਨਾ ਹੋਵੀਂ !
ਠੇਡਿਆਂ ਭੁੱਖ ਪਿਆਸ ਤੋਂ ਘਬਰਾਈਂ ਨਾ ਕਦੀਂ ,
ਜੀਣ ਥੀਣ ਅਤੇ ਜਿਤੱਣ ਦੀ ਕਦੇ ਪਿਆਸ ਨਾ ਖੋਵੀਂ !
22/05/15

ਕਲੀ
ਮਨਦੀਪ ਕੌਰ ਭੰਮਰਾ, ਲੁਧਿਆਣਾ

ਮੈਂ 'ਸ਼ਿਵ ' ਦੀ ਕੰਡਿਆਲੀ ਥੋਹਰ ਨਹੀਂ ਹਾਂ ,
ਬੇਸ਼ੱਕ ਕੁੱਝ -ਕੁੱਝ ਕੰਡਿਆਂ ਸੰਗ ਜੜੀ ਹਾਂ !
ਕੰਡਿਆਲੀ ਥੋਹਰ ਹੋਣ ਦਾ ਰੋਣਾ ਕਿਉਂ ਰੋਵਾਂ,
ਰੱਬ ਨੇ ਘੜੀ ਕਿਸੇ ਮਕਸਦ ਲਈ ਘੜੀ ਹਾਂ !
ਦਰਦ ਕੋਈ ਵੀ ਮੇਰੇ ਲਈ ਅਸਹਿ ਨਹੀਂ ਹੁਣ ,
ਆਓ ਤੱਕੋ, ਦਰਦ ਲੋਕਾਂ ਦੇ ਘਿਰੀ ਖੜੀ ਹਾਂ !
ਚਾਰ ਚੁਫੇਰੇ ਕੁਰਲਾਹਟਾਂ ਨੇ ਸੀਤ-ਤਰਾਟਾਂ ਨੇ,
ਸਿਵਿਆਂ ਵਰਗੀਆਂ ਰਾਤਾਂ ਖਾਮੋਸ਼ ਖੜੀ ਹਾਂ !
ਮੱਠਾ ਜਾਪੇ ,ਮਿੱਠਾ ਜਾਪੇ ਦਰਦ ਹਰ ਜ਼ਖਮ ਦਾ,
ਜ਼ਿੰਦਗੀ ਦਾ ਸਾਜ਼ ਛੋਹ ਅੱਜ ਫਿਰ ਮੈਂ ਛਿੜੀ ਹਾਂ !
ਹਾਸੇ ਵੰਡਦੀ, ਖੁਸ਼ੀਆਂ ਵੰਡਦੀ, ਦਰਦ ਵੰਡਾਂਦੀ,
ਮੈਂ ਥੋਹਰ ਨਹੀਂ ' ਕਲੀ 'ਵਾਂਗ ਖਿਲ ਕੇ ਖੜ੍ਹੀ ਹਾਂ !
29/04/15

ਵਾਸਤਾ
ਮਨਦੀਪ ਕੌਰ ਭੰਮਰਾ, ਲੁਧਿਆਣਾ

ਨਾ ਰੋਕੋ ! ਵਾਸਤਾ ਤੁਹਾਨੂੰ ਮੇਰੇ ਦਰਦ ਦਾ,
ਲਿਖਾਂਗੀ ਨਹੀਂ ਤਾਂ ਮਰ ਹੀ ਜਾਵਾਂਗੀ ਮੈਂ,
ਬੜੀ ਬੇਜ਼ਾਰ ਰਹਿੰਨੀ ਇਸ ਇਕੱਲ ਹੱਥੋਂ,
ਇੱਕਲੀ ਰਹਾਂਗੀ ਤਾਂ ਡਰ ਹੀ ਜਾਵਾਂਗੀ ਮੈਂ,
ਕਾਲੇ ਡੂਮਣਿਆਂ ਜਿਹੀ ਚੁੱਪ ਹੈ ਚੁਪਾਸੀਂ,
ਇਸ ਚੁੱਪ'ਚ ਇੱਕ ਦਿਨ ਖੁਰ ਹੀ ਜਾਵਾਂਗੀ ਮੈਂ,
ਕਲਮ ਉੱਠੀ ਹੈ ਅੱਜ ਮੇਰੀ ਮੇਰੇ ਰਹਿਬਰੋ!
ਸਮੇਂ ਦੀ ਇੱਕ ਦਿਨ ਪੁਕਾਰ ਬਣ ਜਾਵਾਂਗੀ ਮੈਂ,
'ਹਿੱਤਕਾਰੀ ਬੰਦਸ਼ਾਂ' ਤੋੜ ਕੇ ਸਭ ਇੱਕ ਦਿਨ,
ਨੀਲਕੰਠ ਬਣ ਤੁਹਾਨੂੰ ਅੰਮ੍ਰਿਤ ਦੇ ਜਾਵਾਂਗੀ ਮੈਂ,
ਖਿੜਦੀ ਕਲੀ ਜਿਹਾ ਨਹੀਂ ਮਨ ਮੇਰਾ ਬੇਸ਼ੱਕ,
ਕੰਡਿਆਂ ਸੰਗ ਜੂਝ ਗੁਲਾਬ ਬਣ ਜਾਵਾਂਗੀ ਮੈਂ,
ਨਹੀਂ ਸੁਣੋਗੇ ਜੇ ਇਲਤਜਾਹ ਮੇਰੀ ਤੁਸੀਂ ,
ਕਾਲੀ -ਬੋਲੀ ਮੱਸਿਆ ਦੀ ਰਾਤ ਬਣ ਜਾਵਾਂਗੀ ਮੈਂ,
ਨਾ ਰੋਕੋ ! ' ਵਾਸਤਾ ' ਤੁਹਾਨੂੰ ਮੇਰੇ ਲੋਕਾਂ ਦਾ ਹੈ,
ਇਸ ਪੰਧ ਤੇ ਇੱਕ ਦਿਨ ਚਾਨਣ ਦੀ ਲਾਟ ਬਣ ਜਾਵਾਂਗੀ ਮੈਂ !
28/04/15

ਗੁੰਬਦ
ਮਨਦੀਪ ਕੌਰ ਭੰਮਰਾ, ਲੁਧਿਆਣਾ

ਆਧਾਰ ਡੂੰਘਾ,
ਨੀਹ ਪੱਕੀ,
ਮਜ਼ਬੂਤ ਕੰਧਾਂ ਦਾ ਵਲੇਵਾਂ,
ਸਾਹਾਂ ਦੀ ਸੁਗੰਧ,
ਧੂਪ, ਦੀਪ ,ਅਗਰਬੱਤੀ,
ਖੁਸ਼ਬੂ ਦੇ ਮਾਇਨੇ,
ਤਰੰਗਤਿ ਲਹਿਰਾਂ
ਪਾਣੀ , ਨਿਰਮਲ ਪਾਣੀ,,
ਤੈਰਨ ਦੀ ਜੁਗਤ
ਜੀਵਨ ਦੀ ਸਮਝ,
ਪਿੱਪਲ ਦਾ ਪੱਤ ਹੀ ਹੋਵੇ ਕੰਨੀ ਭਾਵੇਂ ,
ਸੋਨੇ ਦੀ ਮੁਥਾਜਗੀ ਨਹੀਂ ,
ਅੰਬਰ ਦੀ ਲਾਲੀ ਜਿਹਾ ਸਿਦਕ,
ਨਿੱਤਰਿਆ ਹੋਇਆ ਸਦੀਵੀ ਸੂਰਜ ,
ਪਿਆਰ-ਮੁਹੱਬਤ ਦਾ ਲੇਪ,
ਸਬਰ-ਸੰਤੋਖ ਅਤੇ ਧੀਰਜ,
ਰੱਬੀ-ਰਹਿਮਤ ਨੂੰ ਸਿੱਜਦਾ,
ਸਭ ਤੋਂ ਉੱਪਰ,
ਅਕਲ ਦਾ ਗੁਣੀਆ ,
ਜੇ ਸਿੱਧਾ ਹੋਵੇ ,
ਤਾਂ ਜ਼ਿੰਦਗੀ ਦਾ
' ਗੁੰਬਦ '
ਜ਼੍ਰੂਰਰ ਲਿਸ਼ਕਦਾ ਹੈ
ਇੱਕ ਦਿਨ !
28/04/15

ਮਮਤਾ
ਮਨਦੀਪ ਕੌਰ ਭੰਮਰਾ, ਲੁਧਿਆਣਾ

ਐ ਵਿਰਾਟ ਸਮੁੰਦਰ !
ਐ ਵਿਸ਼ਾਲ ਅੰਬਰ !
ਦਰਦ ਹਰ ਮੇਰੀ ਰੂਹ ਦਾ,
ਬੇਚੈਨ ਮਨ ਦੀ ਆਵਾਜ਼ ਸੁਣ !
ਮਾਂਵਾਂ ਦੇ ਪੁੱਤ,ਪ੍ਰਦੇਸੀਂ ਟੁਰ ਗਏ !
ਦਾਦੀਆਂ ਨੂੰ ਲਾਲਾਂ ਦਾ ਵਿਗੋਚਾ !
ਹਾਏ ! ਇਸ ਢਿੱਡ ਦੀ ਪੀੜ ਨੂੰ ਕੌਣ ਜਾਣੇ ?
ਹਾਏ ! ਨੀ ਗਰੀਬੀਏ ! ਮਾਰ ਸੁਟਿਆ !
ਲੁੱਟ 'ਲੀ ਬਹਾਰ ਤੂੰ ਪੰਜਾਬ ਦੀ !
ਸੁਖੀ ਵੱਸਣ ਮਾਵਾਂ ਦੇ ਜਾਏ !
ਹਰ ਮਾਂ ਆਪਣੀ ਪੀੜ ਲੁਕੋਏ !
ਹਾਣੀ ਨੂੰ ਹਾਣੀ ਮਿਲ ਜਾਵਣ !
ਬੱਚੜੇ ਜੁੱਗ-ਜੁੱਗ ਜੀਵਣ !
ਇਹ ਵੀ ਹਨ ,
ਮਹਿਕਾਂ ਦੇ ਜਾਏ !
ਧਰ-ਧਰ ਭੁੱਲੀਂ ,ਪਰ
ਭੁੱਲ ਨਾ ਜਾਈਂ ! ਬਿਗਾਨੀਏ ਧੀਏ !
ਸਨ,ਮਾਵਾਂ ਨੇ ਸੌ ਸੌ ਸਗਨ ਮਨਾਏ !
ਮਾਂ ਦੀ ਆਂਦਰ, ਖਿੱਚ ਹੈ ਪਾਉਂਦੀ.
ਭੁੱਲ ਨਾ ਜਾਈਂ ! ਹੁਣ ਮੇਰੀਏ ਧੀਏ !
ਸ਼ਾਂਭ ਅਮਾਨਤ 'ਮਮਤਾ' ਵਾਲੀ,
ਝੋਲੀ ਭਰ ਲੈ ਮੇਰੀਏ ਧੀਏ !
ਦੁੱਧੀਂ ਨਾੲ੍ਹੀਂ ' ਤੇ ਪੁੱਤੀ ਫਲੀਂ !
ਜਿਉਂਦੀ ਵਸਦੀ ਰਹੀਂ ਤੂੰ ਧੀਏ !
ਧੀਆਂ ਧੰਨ ਬਿਗਾਨਾ ਹੋਵਣ !
ਕੂੰਜਾਂ ਕੂੰਜਾਂ ਬਣ ਬਣ ਉੱਡਦੀਆਂ ਜਾਵਣ !
ਕਿੱਤਾ, ਕਰਮ 'ਤੇ ਰੋਟੀ ਰੋਜ਼ੀ ,
ਰੱਬ ਸੱਚਾ ਸਭਨਾਂ ਨੂੰ ਬਖਸ਼ੇ !.
ਸਬਰ ਸੰਤੋਖ 'ਤੇ ਬਰਕਤ ਪਾਵੇ !
28/04/15

ਮਮਤਾ
ਮਨਦੀਪ ਕੌਰ ਭੰਮਰਾ, ਲੁਧਿਆਣਾ

ਐ ਵਿਰਾਟ ਸਮੁੰਦਰ !
ਐ ਵਿਸ਼ਾਲ ਅੰਬਰ !
ਦਰਦ ਹਰ ਮੇਰੀ ਰੂਹ ਦਾ,
ਬੇਚੈਨ ਮਨ ਦੀ ਆਵਾਜ਼ ਸੁਣ !
ਮਾਂਵਾਂ ਦੇ ਪੁੱਤ, ਪ੍ਰਦੇਸੀਂ ਟੁਰ ਗਏ !
ਦਾਦੀਆਂ ਨੂੰ ਲਾਲਾਂ ਦਾ ਵਿਗੋਚਾ !
ਹਾਏ ! ਇਸ ਢਿੱਡ ਦੀ ਪੀੜ ਨੂੰ ਕੌਣ ਜਾਣੇ ?
ਹਾਏ ! ਨੀ ਗਰੀਬੀਏ ! ਮਾਰ ਸੁਟਿਆ !
ਲੁੱਟ 'ਲੀ ਬਹਾਰ ਤੂੰ ਪੰਜਾਬ ਦੀ !
ਸੁਖੀ ਵੱਸਣ ਮਾਵਾਂ ਦੇ ਜਾਏ !
ਹਰ ਮਾਂ ਆਪਣੀ ਪੀੜ ਲੁਕੋਏ !
ਹਾਣੀ ਨੂੰ ਹਾਣੀ ਮਿਲ ਜਾਵਣ !
ਬੱਚੜੇ ਜੁੱਗ-ਜੁੱਗ ਜੀਵਣ !
ਇਹ ਵੀ ਹਨ ,
ਮਹਿਕਾਂ ਦੇ ਜਾਏ !
ਧਰ-ਧਰ ਭੁੱਲੀਂ ,ਪਰ
ਭੁੱਲ ਨਾ ਜਾਈਂ ! ਬਿਗਾਨੀਏ ਧੀਏ !
ਸਨ, ਮਾਵਾਂ ਨੇ ਸੌ ਸੌ ਸਗਨ ਮਨਾਏ !
ਮਾਂ ਦੀ ਆਂਦਰ, ਖਿੱਚ ਹੈ ਪਾਉਂਦੀ.
ਭੁੱਲ ਨਾ ਜਾਈਂ ! ਹੁਣ ਮੇਰੀਏ ਧੀਏ !
ਸ਼ਾਂਭ ਅਮਾਨਤ 'ਮਮਤਾ' ਵਾਲੀ,
ਝੋਲੀ ਭਰ ਲੈ ਮੇਰੀਏ ਧੀਏ !
ਦੁੱਧੀਂ ਫਲੀਂ 'ਤੇ ਪੁੱਤੀ ਨਾਹੀਂ!
ਜਿਉਂਦੀ ਵਸਦੀ ਰਹੀਂ ਤੂੰ ਧੀਏ !
ਧੀਆਂ ਧੰਨ ਬਿਗਾਨਾ ਹੋਵਣ !
ਕੂੰਜਾਂ ਕੂੰਜਾਂ ਬਣ ਬਣ ਉੱਡਦੀਆਂ ਜਾਵਣ !
ਕਿੱਤਾ, ਕਰਮ 'ਤੇ ਰੋਟੀ ਰੋਜ਼ੀ ,
ਰੱਬ ਸੱਚਾ ਸਭਨਾਂ ਨੂੰ ਬਖਸ਼ੇ !.
ਸਬਰ ਸੰਤੋਖ 'ਤੇ ਬਰਕਤ ਪਾਵੇ !
26/04/15

'ਹੇ ਸਮੁੰਦਰਾ !
ਮਨਦੀਪ ਕੌਰ ਭੰਮਰਾ, ਲੁਧਿਆਣਾ

ਕਸਮੀਰੀ ਦੁਖਾਂਤ ਦੇ ਨਾ ! ਪਾਣੀਆਂ ਦੇ ਨਾਂ ਇੱਕ ਵਾਸਤਾ !
ਸਮੁੰਦਰਾ !
ਸਹਾਈ ਹੋ !
ਸੂਰਜਾ ਸੰਭਾਲ ਵੇ !
ਜੀਵਨ ਨੂੰ ਪੁਗੰਰਨ ਦੇਹ!
ਹੇ ਭਗਵਾਨ !
ਬਚਾ ਧਰਤ ਨੂੰ !
ਜੀਵਨ ਨੂੰ
ਪੰਛੀਆਂ ਨੂੰ
ਸੰਗੀਤ ਨੂੰ
ਸਾਹਿੱਤ ਨੂੰ
ਮਾਨਵ ਨੂੰ
ਫੁੱਲਾਂ ਨੂੰ
ਕੋਮਲਤਾ ਨੂੰ
ਕੋਮਲ-ਕਲਾਵਾਂ ਤੇ
ਸੁਹਜ ਨੂੰ
ਰੰਗਾਂ ਨੂੰ
ਸੁਗੰਧਾਂ ਨੂੰ
ਘਰਾਂ ਦੀਆਂ ਕੰਧਾਂ ਨੂੰ
ਜਿੱਥੇ, ਪਿਆਰ ਪਨਪਦਾ ਹੈ
ਕਿਰਦਾਰ ਉੱਚੇ ਉੱਠਦੇ ਹਨ
ਕਹਿੰਦੇ ਹਨ
ਅੱਗ ਤੋਂ ਬਚਿਆ ਜਾ ਸਕਦੈ
ਪਾਣੀ ਤੋਂ ਨਹੀਂ
ਹੇ ਜਿਹਲਮ !
ਮੁੜ ਕਦੀ ਨਾ ਟੁੱਟਣ
ਤੇਰੇ ਕਿਨਾਰੇ
ਬਖਸ ਰੱਖੀਂ !
ਉਹਨਾਂ ਮੇਰੇ ਹਮਵਤਨੀਂ ਕਸ਼ਮੀਰੀਆਂ,
'ਤੇ ਹੋਰਾਂ ਨੂੰ
ਅਸੀ ਤਾਂ ਨਿਮਾਣੇ ਹਾਂ
ਸਮੁੰਦਰਾ
ਤੂੰ ਵਿਸ਼ਾਲ 'ਤੇ ਵਿਰਾਟ ਹੈ
ਹਿਰਦਾ ਵਿਸ਼ਾਲ ਰੱਖ
ਰੋਕ ਆਪਣੇ ਆਪਣੇ ਅੰਦਰ ਪਨਪਦੇ,
ਪਾਣੀਆਂ ਦੇ ਵਿਨਾਸ਼ਕ ਤੱਤਾਂ ਨੂੰ
ਪੀਣ ਜੋਗਰਾਂ ਦੇ
ਮੈਂ ਆਪਣੇ ਹਮਸਾਏ ਮਨੁੱਖ ਲਈ
ਝੋਲੀ ਅੱਡ ਕੇ ਤੇਰੇ ਕੋਲੋਂ
ਪੀਣ ਵਾਲੇ ਪਾਣੀਆਂ ਦੇ ਸਦੀਵੀ ਤੌਰ 'ਤੇ
ਸਾਫ ਰਹਿਣ ਦਾ ਵਰਦਾਨ ਮੰਗਦੀ ਹਾਂ !
ਕਿੰਨੇ R O ਲਾ ਲਈਏ !,
ਸਵੱਛ ਪਾਣੀ ਨੂੰ ਤਰਸਦੇ ਹਾਂ ਅਸੀਂ
ਮੈਂ ਆਪਣੀਆਂ ਆਉਣ ਵਾਲੀਆਂ ,
ਨਸਲਾਂ ਦੇ ਇਸ ਘਾਟੇ ਲਈ ਬਹੁਤ ਫਿਕਰਮੰਦ ਹਾਂ !
ਪਾਣੀ ਹੀ ਜੀਵਨ ਹੈ !
'ਹੇ ਸਮੁੰਦਰਾ !'
ਵਿਸ਼ਾਲ ਦਿਲ ਦੇ ਮਾਲਕਾ !
ਰਹਿਮ ਕਰ ਅਜ਼ੀਮ ਮਨੁੱਖਤਾ ਤੇ !
ਇਹ ਤੇਰੀ ਹੈ
ਨਿਰੋਲ ਤੇਰੀ
ਤੂੰ ਹੀ ਤਾਂ
ਪਵਣੁ ਜੇ ਗੁਰੂ ਹੈ
ਤੂੰ ਪਿਤਾ ਹੈ
ਤੂੰ ਪਿਤਾ ਹੈ
ਬਖਸ਼ ਦੇਹ ਸਾਡੀਆਂ ਭੁੱਲਾਂ
ਮੇਰੀਆਂ ਦਾਦੀਆਂ-ਪੜਦਾਦੀਆਂ ਦੇ 'ਖਵਾਜ਼ਾ -ਪੀਰ'
ਮੇਰੀ ਆਵਾਜ਼ ਸੁਣ
ਐ ਸੁਨਹਿਰੀ ਮੱਛਲੀ
ਬਾਹਰ ਆ ਜ਼ਰਾ
ਦੇਖ ! ਕਿੰਨੇ ਬਜ਼ੁਰਗ
ਜੀਵਨ-ਦਾਨ ਮੰਗਣ ਆਏ ਹਨ
ਮੇਰੀ ਮਦਦ ਕਰ !,
ਮੇਰੀ ਕਲਾ,,ਜੋ ਮੈਂਨੂੰ,ਕਿਸੇ ਵਰਦਾਨ ਸਦਕਾ ਮਿਲੀ ਹੈ !
ਆਖਰੀ ਸਾਹ ਤੱਕ ਮੈਂ ਤੇਰੀ ਅਹਿਸਾਨ ਮੰਦ ਰਹਾਂਗੀ !
ਆਵਾਹਨ ! ਆਵਾਹਨ ! ਆਵਾਹਨ ! ਆਵਾਹਨ ! ਆਵਾਹਨ ! .......
ਹੇ ਸਮੁੰਦਰਾ ਰਹਿਮ ਕਰੀਂ ! ਸਦਾ ਲਈ ਰਹਿਮ ਕਰੀਂ !
ਪਾਣੀਆਂ ਦੇ ਟਾਪੂਆਂ ਅਤੇ ਧਰਤ ਤੇ ਸਦਾ ਰਹਿਮ ਕਰੀਂ !
26/04/15

ਕੀਮਤ
ਮਨਦੀਪ ਕੌਰ ਭੰਮਰਾ, ਲੁਧਿਆਣਾ

ਐ ਸੁੱਤੀ ਹੋਈ ਬੰਦ ਅੱਖਾਂ ਮੁੰਦੀ ਕਵਿਤਾ !
ਖੋਹਲ ਅੱਖਾਂ !
ਉੱਠ ਕੇ ਬੈਠ !
ਭਰ ਸੁਬਕ ਜਿਹੀ ਅੰਗੜਾਈ
ਤੇ ਚੁਫੇਰੇ ਦੇਖ !
ਉਡੀਕ ਵਿੱਚ ਲੱਗੀਆਂ ਅੱਖਾਂ ਦੋ ਹੀ ਕਾਫੀ
ਕਿਸੇ ਤਾਂ ਦਿੱਤੀ ਆਵਾਜ਼ ਤੈਨੂੰ
ਮੁੱਲ ਪਾ ਕਦਰਦਾਨ ਦਾ !
ਉਹ, ਜੋ ਜਾਣਦਾ ਹੈ
ਤੇਰੀ ਕੀਮਤ
ਤੂੰ ਦੁਨੀਆਂ ਦੀ ਸਭ ਤੋਂ ਬੇਸ਼ਕੀਮਤ, ਤ੍ਰੀਮਤ !
ਤੇਰੇ 'ਤੇ ਬਲਿਹਾਰ ਅੰਤਰੀਵ ਕਲਾ ਦੇ ਚਹੇਤੇ
ਬਾਹਰ ਆ ਸੋ ਪਰਦਿਆਂ ਚੋਂ
ਕਲਾਮਈਆਂ ਦੇ ਦਰਸ਼ਨ ਕਰ
ਕਲਾ ਨੂੰ ਵਿਗਸਾਅ ਤੇ ਵੰਡ !
ਕਲਾ ਦਾ ਮੁਜੱਸਮਾ ਬਣ ਤੇ ਨੂਰ ਬਿਖਰਾਅ ਦੇ
ਮੁਗਧ-ਅਤਮਾਵਾਂ ਨੂੰ ਵਿਭੋਰ ਕਰ ਦੇਹ !
ਐ ! ਚਾਂਦਨੀ ਦੀਏ ਜਾਈਏ !
ਮੈਂ ਜਾਣਦੀ ਹਾਂ ਤੇਰੀ ਕੀਮਤ
ਤੂੰ ਨੂਰ ਹੈਂ ਮੇਰੀ ਰੂਹ ਦਾ
ਮੇਰੀ ਸ਼ਾਂਤ ਜਿਹੀ ਆਤਮਾ ਦਾ
ਇੱਕ ਸੁਨਹਿਰੀ ਕਣ
ਆਪਣੇ ਮੱਥੇ 'ਤੇ ਤਿਲਕ ਵਾਂਗ ਲਗਾ ਲੈ
'ਤੇ ਅੱਜ ਦੇਹ ਦਰਸ਼ਨ
ਬੜੇ ਦਿਨ ਹੋ ਗਏ ਸੀ ਤੇਰੇ ਦੀਦਾਰ ਕੀਤਿਆਂ
ਆ ! ਦੇਖ ਤੇਰੇ ਸਰੋਤੇ, ਮੇਰੇ ਕੰਨ ਕਿਵੇਂ ਤੀਬਰ ਹਨ
ਤੈਨੂੰ ਸੁਨਣ ਲਈ , ਮੇਰੀਆਂ ਅੱਖਾਂ ਚੁੰਧਿਆ ਜਾਣਾ ਲੋਚਣ
ਮੇਰੀਆਂ ਇੰਦਰੀਆਂ ਲੈਅਮਈ ਹੋ ਜਾਣਾ ਚਾਹੁਣ
ਤੈਨੂੰ ਖੁਸ਼ਆਮਦੀਦ ! ਆਖਣ ਲਈ
ਮੇਰੇ ਦੋਵੇਂ ਹੱਥ ਜੁੜੇ ਹਨ
ਕਵਿਤਾ ਮੇਰੀਏ !
ਜਿੰਦ-ਜਾਨ ਤੋਂ ਪਿਆਰੀਏ !
ਮੈਂ ਜਾਣਦੀ ਹਾਂ ਤੇਰੀ ਕੀਮਤ !
25/04/2015

ਮੋਹਰੇ
ਮਨਦੀਪ ਕੌਰ ਭੰਮਰਾ, ਲੁਧਿਆਣਾ

'ਮੋਹਰੇ ਨਹੀਂ !
ਅਸੀਂ ਮੋਹਰੇ ਨਹੀਂ,
ਬੁਲੰਦ ਰੂਹਾਂ ਹਾਂ !
ਕੇਵਲ ਪਿਆਰ 'ਤੇ ਸੁੱਚਮ
ਨਾਲ਼ ਭਿੱਜੀਆਂ ਰੂਹਾਂ !
ਹੀਰਿਕ -ਕਣੀਆਂ ਹਾਂ !
ਇਹ ਮੈਂ ਨਹੀਂ ਆਖ ਰਹੀ
ਸੱਚੇ 'ਤੇ ਸੁੱਚੇ ਲੇਖਕਾਂ ਦੀਆਂ,
ਜ਼ਮੀਰਾਂ ਆਖ ਰਹੀਆਂ ਹਨ.
ਵਕਤ ਦੀ ਛੈਣੀ ਸਾਨੂੰ ਛਿੱਲ-ਤਰਾਸ਼ ਕੇ
'ਮੁੱਲਵਾਨ' ਹੀਰਾ ਬਣਾ ਦਿੰਦੀ ਹੈ
ਅਸੀਂ ਗ਼ੁਲਾਮਾਂ ਦੀ ਬਸਤੀ ਨੂੰ ਦੂਰੋਂ ਸਲਾਮ
ਆਖਦੀਆਂ ਹਾਂ !
ਅਤੇ ਰੂਹ ਦੀ ਅਮੀਰ ਫਕੀਰ
ਸਾਡਾ ਹਾਸਿਲ ਬਣਦੀ ਹੈ ...
'ਮਲਕ-ਭਾਗੋਆਂ ਦੇ 'ਪਨੀਰੀ-ਪਕੌੜੇ'
ਸਾਨੂੰ ਹਜ਼ਮ ਨਹੀਂ ਹੁੰਦੇ
ਘਰ ਦਾ ਸਾਗ-ਪਾਤ ਤੇ ਚਟਣੀਆਂ
ਦੇ ਸੌਦਾਈ ਅਸੀਂ
ਮਿੱਟੀ ਨਾਲ ਲਿੱਪੀਆਂ ਰਸੋਈਆਂ
ਚੁੱਲ੍ਹਿਆਂ, ਛਿਟੀਆਂ ਨੂੰ
ਯਾਦ ਕਰਦੇ ,ਅੱਜ ਵੀ ਧੂੰਏਂ
ਦੇ ਬਹਾਨੇ, ਵਿਛੜੀਆਂ ਮਾਵਾਂ ਤੇ
ਬਜ਼ੁਰਗਾਂ ਨੂੰ ਯਾਦ ਕਰਨਾ ਪਸੰਦ ਕਰਦੇ ਹਾਂ
ਗੋਹੇ-ਮਿੱਟੀ ਨੂੰ ਰਲਾ ਪੋਚਾ ਮਾਰਦੀਆਂ ਮਾਵਾਂ
ਸਾਡੀ ਯਾਦ ਦਾ ਅਮੀਰ ਸਰਮਾਇਆ ਹਨ
ਇਹਨਾਂ ਅਮੀਰ ਸੋਚਾਂ ਅਤੇ ਸੰਸਕਾਰਾਂ
ਦੀ ਬਦੌਲਤ ਅਸੀਂ 'ਮੋਹਰੇ' ਨਹੀਂ ਬਣ ਸਕੇ
ਇੱਕਲੇ ਨਹੀਂ ਅਸੀਂ ਕਾਫਲੇ ਸੰਗ ਤੁਰੇ ਹਾਂ
ਤੁਸੀਂ ਸਾਂਝੀਆਂ ਮਾਵਾਂ ਦੇ ਜਾਏ
ਸਾਹਿੱਤਕ ਸੰਸਾਰ ਦੇ ਮੁੱਲਵਾਨ ਹੀਰੇ
ਲਾਲ,ਰਤਨ,ਜਵਾਹਰਾਤ ...
ਇਹ ਮੈਂ ਆਖਦੀ ਹਾਂ
'ਤੇ ਅਪਣੇ ਬੋਲ ਆਖਦੀ ਹਾਂ
ਕਿਸੇ ਦੇ ਨਹੀਂ
ਹਰ ਗੂੰਜਦੀ ਮਹਿਫਲ ਵਿੱਚ
ਮੈਂ ਬੇਸੱਕ ਮੂਕ ਰਹਾਂ
ਪਰ ਮੇਰੀ ਇਹ ਆਵਾਜ਼
ਬੁਲੰਦ ਰਹੇਗੀ !
ਕਿਉਂਕਿ ਮੈਂ ਕਦੇ ਵੀ,ਕਿਸੇ ਵੀ ਤਾਕਤ ਦਾ
ਮੋਹਰਾ ਬਣ ਕੇ ਨਹੀ ਵਿਚਰੀ !
ਮੈਂ ਇੱਕ ਆਵਾਜ਼ ਹਾਂ !
ਕਾਲ਼ੀ ,ਹਨ੍ਹੇਰੀ , ਸ਼ੂਕਦੀ ਰਾਤ
ਵਿੱਚ ਗੂੰਜਦੀ ਆਵਾਜ਼ ...!
'ਮੋਹਰੇ' ਮੋਹਰੇ ਨਾ ਰਹਿਣ
ਆਖਦੀ ਆਵਾਜ਼ ਹਾਂ !
25/04/2015

ਜ਼ਿੰਦਗੀ ਦਾ ਗਹਿਣਾ
ਮਨਦੀਪ ਕੌਰ ਭੰਮਰਾ, ਲੁਧਿਆਣਾ

ਜਿਵੇਂ ਸਾਡੇ ਪੁਰਖਿਆਂ ਨੇ ,
ਗੁਰੂਆਂ-ਪੀਰਾਂ,ਸਾਹਿੱਤਕਾਰਾਂ,
ਕਵੀਆਂ 'ਤੇ ਦਾਨਿਸ਼ਮੰਦਾਂ ਨੇ,
ਆਪਣੀ ਹੋਸ਼ਮੰਦੀ 'ਚ ,
ਸਾਡੇ ਲਈ ਸਾਂਭ-ਸਾਂਭ ਰੱਖਿਆ
ਨਹੀਂ ਤਾਂ ਅਸੀਂ ਸੱਖਣੇ ਹੁੰਦੇ
ਪੰਜਾਬੀ ਅੱਖਰਾਂ 'ਤੋਂ ਵਿਰਵੇ ਹੁੰਦੇ
'ਗੁਰਮੁਖੀ-ਲਿੱਪੀ' 'ਤੋਂ ਸੱਖਣੇ!
ਇੱਕ-ਦੂਜੇ ਦੇ ਮੂੰਹਾਂ ਵੱਲ ਦੇਖਦੇ
,ਇਸ਼ਾਰਿਆਂ ਨੂੰ ਸਮਝਣ ਦੀ ਕੋਸ਼ਿਸ਼,
ਕਰਦੇ,ਇਧਰ-ਉਧਰ ਝਾਕਦੇ ਰਹਿੰਦੇ
ਪਰ,
ਹੁਣ ਅਸੀਂ ਭਰੇ-ਭਰਾਏ ਹਾਂ
ਤੌਅਫੀਕ ਰੱਖਦੇ ਹਾਂ
ਵਿਚਾਰ ਰੱਖਦੇ ਹਾਂ!
ਸੋਚਦੇ ਹਾਂ,ਲਿਖਦੇ ਹਾਂ 'ਤੇ,
ਕੰਪਿਊਟ ਕਰਦੇ ਹਾਂ
ਚੰਗੇ ਵਿਚਾਰ ਚੰਗੀਆਂ ਕਲਮਾਂ
ਉਲੀਕਦੀਆਂ ਹਨ !
24/04/15

ਜਾਗਣਾ ਜ਼ਰੂਰੀ ਹੈ
ਮਨਦੀਪ ਕੌਰ ਭੰਮਰਾ, ਲੁਧਿਆਣਾ

ਘੁੱਪ ਹਨੇਰੇ ਵਿੱਚ ਜਾਗਣਾ ਹੀ ਜ਼ਰੂਰੀ ਹੈ ,
ਹੱਕਾਂ ਦੀ ਰਾਖੀ ਲਈ ਉੱਠਣਾ ਜ਼ਰੂਰੀ ਹੈ ,
ਦੰਭ, ਫਰੇਬ, ਝੂਠ ਦਾ ਜੇ ਹੈ ਨਾਸ ਕਰਨਾ,
ਤਾਂ ਲੋਕੋ ! ਰਲ ਮਿਲ ਕੇ ਚੱਲਣਾ ਜ਼ਰੂਰੀ ਹੈ ।

ਖੇਤਾਂ 'ਚ ਹੀ ਫਸਲਾਂ ਨੇ ਮੁਰਝਾ ਜਾਣਾ ਹੈ,
ਕਿਸਨੂੰ ਪਤਾ ਸੀ ਮੌਸਮ ਨੇ ਦਗ਼ਾ ਦੇਣਾ ਹੈ,
ਹਸਰਤਾਂ ਤਾਂ ਬਹੁਤ ਹੀ ਦੂਰ ਦੀ ਗੱਲ ਨੇ,
ਪੇਟ ਦੀ ਅੱਗ ਨੇ ਅੰਦਰੋ ਤੜਫਾ ਦੇਣਾ ਹੈ।

ਅਜ਼ੀਮ ਮਨੁੱਖਤਾ 'ਤੇ ਤੂੰ ਰਹਿਮ ਕਰਨਾ ਹੈ,
ਸਰਕਾਰਾਂ ਦੇ ਰਹਿਮ 'ਤੇ ਨਹੀਂ ਛੱਡ ਦੇਣਾ ਹੈ,
ਐ ਦਾਤੇ ! ਤੂੰ ਉਸਦਾ ਹੈ ਤਾਂ ਉਹ ਤੇਰੀ ਹੈ,
ਕੁਰਸੀ ਲਈ ਨਾਅਰਿਆਂ ਕੁਝ ਨਹੀਂ ਦੇਣਾ ਹੈ ।

ਐ ਬੰਦੇ ਉਸਨੂੰ ਤੂੰ ਹਿਰਦੇ 'ਚੋਂ ਧਿਆਉਣਾ ਹੈ,
ਭਾਣਾ ਮੰਨ ਮੁੜ ਤੂੰ ਸੁਰਤ ਸਿਰ ਆਉਣਾ ਹੈ,
ਬੀਤਿਆ ਵਕਤ ਮੁੜ ਕਦੀ ਨਹੀਂ ਮਿਲਦਾ,
ਇਸੇ ਜੀਵਨ ਨੂੰ ਮੁੜ ਖੁਸ਼ਹਾਲ ਬਣਾਉਣਾ ਹੈ।

ਜੇ ਤੇਰਾ ਕਰਮਾਂ ਲਈ ਜਾਗਣਾ ਜ਼ਰੂਰੀ ਹੈ !
ਜੇ ਤੇਰਾ ਧਰਮਾਂ ਲਈ ਜਾਗਣਾ ਜ਼ਰੂਰੀ ਹੈ !
'ਤੇ ਫਿਰ ਫਰਜ਼ਾਂ ਲਈ ਜਾਗਣਾ ਜ਼ਰੂਰੀ ਹੈ !
ਸੌਣ ਲਈ ਜਾਗਣਾ ਵੀ ਉਨਾ ਹੀ ਜ਼ਰੂਰੀ ਹੈ ।

10/04/2015
 

ਮਨਦੀਪ ਕੌਰ ਭੰਮਰਾ, ਲੁਧਿਆਣਾ
info@rightangleindia.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com