WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਨਛੱਤਰ ਸਿੰਘ ਭੋਗਲ “ਭਾਖੜੀਆਣਾ” 
ਯੂ: ਕੇ:

nachhattar bhogal

ਕਲਮਾਂ
ਨਛੱਤਰ ਸਿੰਘ ਭੋਗਲ “ਭਾਖੜੀਆਣਾ”
 
ਸ਼ਾਂਤ-ਖਮੋਸ਼ ਰਹਿ ਸਦਾ ਉਡੀਕੇਂ
ਸਿਆਣਪ ਭਰੇ ਵਿਚਾਰ ਤੂੰ ਕਲਮੇਂ,
ਉੱਕਰਕੇ ਕਾਗ਼ਜ਼ ਦੀ ਹਿੱਕ ਉੱਤੇ,
ਕਰੇਂ ਜੱਗ ਤੇ ਪਰਉਪਕਾਰ ਤੂੰ ਕਲਮੇਂ।
 
ਸੱਚ ਲਿਖਣੋਂ ਨਾ ਖੁੰਝੀਂ ਹਰਗਿਜ਼
ਆਪਣਾ-ਆਪ ਦਈਂ ਵਾਰ ਤੂੰ ਕਲਮੇਂ,
ਤੂੰ ਸ਼ਮਸ਼ੀਰ ਤੇ ਢਾਲ਼ ਵੀ ਤੂੰ ਹੀ
ਪ੍ਰਮੁਖ ਹੈਂ ਹਥਿਆਰ ਤੂੰ ਕਲਮੇਂ।
 
ਰਾਖੀ ਅਤੇ ਹਿਫ਼ਾਜ਼ਤ ਕਰਨੀਂ
ਭਾਵੇਂ ਝੱਲਣੇ ਪੈਣ ਤਸੀਹੇ,
ਪਰਦੇ-ਪਰਤਾਂ ਝੂਠ ਦੇ ਫੋਲੀਂ
ਕਦੇ ਨਾ ਮੰਨੀ ਹਾਰ ਤੂੰ ਕਲਮੇਂ।
 
ਰਾਈਫਲ, ਪਿਸਟਲ ਜਾਂ ਕਿਰਪਾਨਾਂ
ਜਾਨ-ਲੇਵਾ ਹਥਿਆਰ ਨਹੀਂ ਤੂੰ,
ਤੂੰ ਸਿਆਹੀ ਦੀ ਸੱਚੀ ਸਾਥਣ
ਨਿੱਬ ਦੀ ਹੈਂ ਦਿਲਦਾਰ ਤੂੰ ਕਲਮੇਂ।
 
ਇਨਕਲਾਬ ਤੇਰੀ ਹੋਂਦ ਲਿਆਵੇ
ਕ੍ਰਾਂਤੀ-ਸੋਚ, ਬਗ਼ਾਵਤ ਲਿਖਕੇ,
ਸਿਰ ਨਾ ਕਲਮ ਕਰਾ ਲਈ ਕਿਧਰੇ
ਰਹਿ ਚੌਕਸ-ਹੁਸ਼ਿਆਰ ਤੂੰ ਕਲਮੇਂ।
 
ਸਾਹਿਤਕ-ਸੱਥਾਂ ਦੀ ਪਟਰਾਣੀ
ਸਮਾਜਿਕ ਸੇਧਾਂ ਦੇਣ ਵਾਲ਼ੀਏ,
ਅਪਰਾਧੀ ਲਈ ਫਾਂਸੀ ਦਾ ਫੰਧਾ
ਨਿਰਦੋਸ਼ ਦਾ ਹੈਂ ਅਧਿਕਾਰ ਤੂੰ ਕਲਮੇਂ।
 
ਮੋਮੋਠਗਣੇ, ਸੱਜਣ ਜਿਹੇ ਠੱਗ
ਮਿੱਠ ਬੋਲੜੇ, ਦਿਲ ਦੇ ਕਾਲ਼ੇ,
ਬਹਿਰੂਪਏ,  ਬਗਲੇ ਭਗਤਾਂ ਵਰਗੇ
ਪਰਖੀਂ ਤੂੰ ਕਿਰਦਾਰ ਤੂੰ ਕਲਮੇਂ।
 
ਵਿਲੱਖਣ ਕੋਈ ਇਤਿਹਾਸ ਸਿਰਜਦੇ
ਤੈਥੋਂ ਸਿੱਖਿਆ ਲਏ ਜਮਾਨਾ,
ਵਾਰ-ਚੰਡੀ ਦੇ ਵਰਗਾ ਮੰਤਰ
ਬਣ ਖੰਡੇ ਦੀ ਧਾਰ ਤੂੰ ਕਲਮੇਂ।
 
ਹੱਕਾਂ ਦੀ ਰਖਵਾਲੀ ਕਰਨੀਂ
ਫਰਜ਼ਾਂ ਦੀ ਪਹਿਚਾਣ ਵੀ ਦੱਸੀਂ,
ਗੁੰਡਿਆਂ ਦੇ ਤੂੰ ਪੜਛੇ ਲਾਂਵੀਂ
ਦਾਨਿਆਂ ਦਾ ਸਤਿਕਾਰ ਤੂੰ ਕਲਮੇਂ।
 
ਪੱਤਰਕਾਰਾਂ ਲਈ ਰੱਬ ਵਰਗੀ
ਜੋ ਨਾ ਵੇਚਦੇ ਫਿਰਨ ਜ਼ਮੀਰਾਂ,
ਉਹਨਾਂ ਹੀਰਿਆਂ ਸਦਕੇ ਬਣਦੀ
ਅਖ਼ਬਾਰਾਂ ਦਾ ਸ਼ਿੰਗਾਰ ਤੂੰ ਕਲਮੇਂ।
 
ਸ਼ਹੀਦ ਕੌਮ ਲਈ ਜੋ ਮਰ-ਮੁੱਕੇ
ਸ਼ਾਹਕਾਰ ਉਹਨਾਂ ਦੇ ਲਿਖਦੇ,
ਦੇਸ਼ ਭਗਤਾਂ ਦੇ ਤਾਂਈਂ ਸਤਿਕਾਰੀਂ
ਫਿੱਟਕਾਰੀਂ ਸਦਾ ਗ਼ਦਾਰ ਤੂੰ ਕਲਮੇਂ।
 
ਰਾਜਨੀਤੀ ਦੀ ਬੁੱਕਲ਼ ਬਹਿ ਕੇ
ਕਰਨ ਕਾਲ਼ੀਆਂ ਜੋ ਕਰਤੂਤਾਂ,
ਅਸਵਾਰ ਜੋ ਰੁਤਬਿਆਂ ਦੇ ਰੱਥ ਉੱਤੇ
ਉਹਨਾ ਦਾ ਭੰਡ ਹੰਕਾਰ ਤੂੰ ਕਲਮੇਂ।
 
ਨਾਵਲ, ਕਿੱਸੇ-ਕਾਂਡ, ਕਹਾਣੀ
ਧਰਮ ਦੇ ਫ਼ਲਸਫ਼ੇ ਤੇ ਕਵਿਤਾਵਾਂ,
ਕਾਗ਼ਜ਼ ਦੀ ਹਿੱਕ ਉੱਤੇ ਲਿਖਣੇ
ਕਰ-ਸ਼ਬਦਾਂ ਦਾ ਪ੍ਰਚਾਰ ਤੂੰ ਕਲਮੇਂ।
 
ਜੱਗ ਦਾ ਕਰੀਂ ਸੁਧਾਰ ਤੂੰ ਕਲਮੇਂ
ਨਾ ਬਣ ਕਿਸੇ ਤੇ ਭਾਰ ਤੂੰ ਕਲਮੇਂ,
ਨਛੱਤਰ ਭੋਗਲ ਤੇਰੀ ਉਪਮਾ ਲਿਖਦਾ
ਲਿਖਤ ਦੀ ਰਚਨਹਾਰ ਤੂੰ ਕਲਮੇਂ।
 
11/09/2021

 
ਪਰਵਾਸੀ ਦੁੱਖਾਂਤ

ਨਛੱਤਰ ਸਿੰਘ ਭੋਗਲ “ਭਾਖੜੀਆਣਾ”
 
ਤੁਰ ਗਏ ਮਾਪੇ, ਮਨ ਭਰ ਆਇਆ
ਖਾਲੀ ਵਿਹੜਾ ਖਾਣ ਨੂੰ ਆਇਆ ,
ਤੱਕ ਬਾਪੂ ਦੀ ਸੱਖਣੀ ਕੁਰਸੀ
ਮੇਰਾ ਕਾਲਜਾ ਮੂੰਹ ਨੂੰ ਆਇਆ।
 
ਬੰਦ ਪਏ ਨੇ ਅੱਜ ਦਰਵਾਜ਼ੇ 
ਜਿੱਥੇ ਵੱਜਦੇ ਸੀ ਕਦੇ ਬਾਜੇ,
ਅੱਜ ਬੂਹੇ ਤੇ ਜਿੰਦਰਾ ਲੱਟਕੇ
ਤਾਹੀਂਉਂ ਨਾ ਕਿਸੇ ਦਰ ਖੱੜਕਾਇਆ।
 
ਕੋਈ ਸਵਾਰ ਨਾ ‘ਮੈਤੇ ਚੱੜ੍ਹਿਆ
ਨਾ ਕਿਸੇ ਮੈਨੂੰ ਅੱਡੀ ਮਾਰੀ,
ਮਿਰਜ਼ੇ ਦੀ ਬੱਕੀ ਦੇ ਵਾਂਗਰ
ਸਕੂਟਰੀ ਰੋ-ਰੋ ਹਾਲ ਸੁਣਾਇਆ।
 
ਕੈਂਸਰ ਖਾਧਾ ਮਾਂ ਦਾ ਪਿੰਜਰ
ਮੇਰੇ ਨਾ ਤਾਹਨੋਂ-ਮੇਹਣੀ ਹੋਇਆ,
ਕਿੱਥੇ ਸੀ ਮੇਰੇ ਲਾਡਲਿਆ ਤੂੰ
ਕਿਉਂ ਨਾ ਆਕੇ ਦਰਦ ਵੰਡਾਇਆ।
 
ਬੰਨ ਰੁਮਾਲੀ ਗੁੱਟੀ ਉੱਤੇ
ਸਕੂਲੇ ਤੋਰਦੀ ਸੀ ਮੇਰੀ ਮਾਤਾ,
ਏਕ-ਉਂਕਾਰ ਦਾ ਸਬਕ ਪੜ੍ਹਾਕੇ
ਗੁਟਕਾ ਮੇਰੇ ਹੱਥ ਫੜਾਇਆ।
 
ਹਰ ਸ਼ੈਅ ਉੱਤੇ ਜਾਲ਼ੇ ਲੱਗੇ
ਧੂੜ-ਘੱਟੇ ਨੇ ਕਬਜ਼ਾ ਕੀਤਾ,
ਘਰ ਸਾਡਾ, ਨਾ ਲੱਗੇ ਸਾਡਾ!!
ਮਾਂ ਨੇ ਸੀਗਾ ਜੋ ਲਿਸ਼ਕਾਇਆ।
 
ਤਾਸ਼ ਦੇ ਪੱਤਿਆਂ ਵਾਂਗਰ ਖਿੰਡੀ
ਬਾਪੂ ਦੇ ਯਾਰਾਂ ਦੀ ਢਾਣੀ,
ਨਾ ਬਿੱਕਰ ਨਾ ਰੂਪੀ, ਤੇਜਾ
ਦਿਸਦਾ ਨਹੀਂ ਬਖ਼ਸ਼ੀਸ਼ਾ ਤਾਇਆ।
 
ਨਾ ਬਾਪੂ ਦੀਆਂ ਝਿੱੜਕਾਂ ਲੱਭਣ
ਨਾ ਖੰਘੂਰਾ, ਦੱਬਕਾ, ਘੂਰੀ,
ਉਹਦੀ ਚੁੱਪ ਚੋਂ ਬੋਲਦਾ ਸੁੱਣਿਆ
ਘਰ ਦੀ ਇਜ਼ਤ ਦਾ ਸਰਮਾਇਆ।
 
ਮਾਂ ਨੇ ਕੱਢੀਆਂ ਪਿਆਰ ‘ਚ ਗਾਲ਼ਾਂ
ਅੱਜ ਬਣੀਆਂ ਨੇ ਘਿਉ ਦੀਆਂ ਨਾਲ਼ਾਂ,
ਦੁਨੀਆ ਦੇ ਸੁੱਖਾਂ ਵਿੱਚ ਬਦਲੀਆਂ
ਮਾਂ ਜੋ ਦਿੱਤੀਆਂ ਸੱਖਤ ਸਜ਼ਾਵਾਂ।
 
ਬਾਰੀਆਂ-ਬੂਹੇ ਸਿਉਂਕ ਨੇ ਖਾਧੇ
ਤਿੜਕੀਆਂ ਕੰਧਾਂ, ਥੰਮ੍ਹ-ਸ਼ਤੀਰਾਂ,
ਰੰਗ-ਰੋਗ਼ਨ ਦੀ ਹਾਲਤ ਖਸਤਾ
ਆਪਣਾ ਘਰ ਹੀ ਲੱਗੇ ਪਰਾਇਆ।
 
ਸਾਰੇ ਪਿੰਡ ਦੀ ਖ਼ਾਕ ਫਰੋਲ਼ੀ
ਨਹੀਂ ਲੱਭੇ ਜੋ ਲਾਲ ਗੁਆਚੇ,
ਰੋਣੇ-ਧੋਣੇ, ਪਿੱਟ- ਸਿਆਪੇ
ਆਹ ਕੁੱਝ ਮੇਰੇ ਹਿੱਸੇ ਆਇਆ।
 
ਪਿਆਰ ਦੀ ਤੱਕੜੀ ਤੁੱਲਣ ਦੇ ਲਈ
ਰੱਬ ਵੀ ਮਾਪਿਆਂ ਤੁੱਲ ਨਹੀਂ ਹੈ,
ਮਾਂ ਦੀ ਮਮਤਾ ਰੱਬ ਤੋਂ ਉੱਚੀ
ਜਾਂ ਜੋ ਬਾਪੂ ਲਾਡ ਲਡਾਇਆ।
 
ਵੱਸਦਾ ਰਹੇ ਉਹ ਨਗਰ-ਖੇੜਾ
ਜਿੱਥੇ ਮਾਪਿਆਂ ਦੀ ਰੂਹ ਵਸਦੀ,
ਨਛੱਤਰ ਭੋਗਲ, “ਭਾਖੜੀਆਣਾ”
ਮੈਂ ਜਿਸ ਧਰਤੀ ਦਾ ਹਾਂ ਜਾਇਆ।
03/08/2021


ਰਿਸ਼ਵਤ-ਖੋਰ

ਨਛੱਤਰ ਸਿੰਘ ਭੋਗਲ “ਭਾਖੜੀਆਣਾ”
 
ਬੱਕਰਾ ਬੋਹਲ਼ ਦੀ ਰਾਖੀ ਬੈਠਾ
ਕਦ ਤਕ ਭਲੀ ਗੁਜਾਰੂ,
ਮਾਲ ਪਰਾਇਆ ਮੂਹਰੇ ਧਰਿਆ
ਬਕਰ-ਬਕਰ ਮੂੰਹ ਮਾਰੂ।
 
ਸ਼ਾਹੀ ਠਾਠ ਤੇ ਨੌਕਰ ਚਾਕਰ
ਮੁੱਛ ਤੇ ਨਿੰਬੂ ਟਿਕਦਾ,
ਤਿੰਨ ਮੰਜ਼ਲੀ ਕੋਠੀ ਦੇ ਮੂਹਰੇ
ਵੱਡੀ ਜੀਪ ਖਲਾਰੂ।
 
ਧੱਕੇ ਨਾਲ ਪਲਾਟ ਤੇ ਕਬਜ਼ਾ
ਆਪਣੇ ਨਾਂ ਕਰਵਾਇਆ,
ਮਾਡਲ-ਟਾਊਨ ਜਲੰਧਰ ਦੇ ਵਿੱਚ
ਬੰਗਲਾ ਨਵਾਂ ਉਸਾਰੂ।
 
ਬਿਨਾ ਗਾਲ਼ ਤੋਂ ਗੱਲ ਨਹੀਂ ਕਰਦਾ
ਰੋਹਬ-ਦਾਬ ਤੇ ਦਬਕਾ,
ਚੰਗਾ ਖਾ ਕੇ ਮੰਦਾ ਬੋਲੇ
ਹੋ ਸਭਨਾਂ ਤੇ ਭਾਰੂ।
 
ਸੱਤੀਂ ਵੀਹੀਂ ਸੌ ਗਿੱਣਦਾ ਉਹ
ਚੰਮ ਦੀਆਂ ਨਿੱਤ ਚਲਾਵੇ,
ਕਾਰਸਤਾਨੀਆਂ ਕਰੀ ਜਾਂਵਦਾ
ਸੱਤ ਪੱਤਣਾਂ ਦਾ ਤਾਰੂ।
 
ਲੁੱਕ ਦੇ ਢੋਲ ਵਾਂਗ ਢਿੱਡ ਵਧਿਆ
ਖਾ-ਖਾ ਮਾਲ ਪਰਾਇਆ,
ਕਬਾਬ ਸਲਾਦ ‘ਨਾ ਮੱਛੀ ਮੁਰਗ਼ਾ 
ਛਕੇ ਵਲਾਇਤੀ ਦਾਰੂ।
 
ਰੱਬ ਨੂੰ ਹੈ ਇਹ ਟਿੱਚ ਸਮਝਦਾ
ਭੁੱਲਿਆ ਉਹਦੇ ਡਰ ਨੂੰ,
ਧਰਮਾਂ ਦੇ ਵਿੱਚ ਪਾਵੇ ਵੰਡੀਂਆਂ
ਘਾਤਕ ਨੀਤੀ ਮਾਰੂ।
 
ਤਨਖ਼ਾਹ ਮੋਟੀ ਤੇ ਭੱਤੇ ਮਿਲ਼ਦੇ
ਨੀਅਤ ਫਿਰ ਨਾ ਰੱਜੇ,
ਰਿਸ਼ਵਤ ਖੋਰੀ ਦੇ ਖੰਭ ਲਾ ਕੇ
ਸਮਝੇ ਬੜਾ ਉਡਾਰੂ।
 
ਬੰਦਾ ਹੈ ਖ਼ੁਦਗ਼ਰਜ਼ ਹੋ ਗਿਆ 
ਹੱਕ ਹੀ ਸਦਾ ਜਿਤਾਵੇ,
ਜ਼ੁੰਮੇਵਾਰੀਆਂ ਫਰਜ਼ ਭੁਲਾ ਕੇ
ਆਪਣਾ ਬੁੱਤਾ ਸਾਰੂ।
 
ਅੰਨਾਂ ਵੰਡਦਾ ਫਿਰੇ ਸ਼ੀਰਨੀ
ਮੁੜ-ਮੁੜ ਆਪਣਿਆਂ ਨੂੰ,
ਆਪਣੇ ਬੋਝੇ ਭਰਨੇ ਵਾਲ਼ਾ
ਸਮਾਜ ਨੂੰ ਕਦੋਂ ਸੁਧਾਰੂ।
 
ਹੱਥ ਉਧਾਰ ਲੈਕੇ ਭੁੱਲ ਜਾਂਦਾ
ਦੇਣ-ਲੈਣ ਦਾ ਗੰਧਲ਼ਾ,
ਹਿਸਾਬ ਕਿਤਾਬ ਜੇ ਪੁੱਛੇ ਕੋਈ
ਉਸ ਤੇ ਡਾਂਗ ਉਭਾਰੂ।
 
ਲੋਕ ਭਲਾਈ ਚੰਗੀ ਨੀਤੀ
ਇਹ ਨੀਤੀ ਅਪਣਾ ਲੈ,
ਨਛੱਤਰ ਭੋਗਲ ਬਣਕੇ ਬੰਦਾ
ਬਣ ਬੰਦੇ ਦਾ ਦਾਰੂ।
 
12/06/2021


ਕਰਜ਼ਾ
ਨਛੱਤਰ ਸਿੰਘ ਭੋਗਲ “ਭਾਖੜੀਆਣਾ”
 
ਖਤਰਿਆਂ ਨਾਲ ਖੇਡਣਾ ਹੁੰਦਾ
ਮਰਿਆ ਸੱਪ ਗਲ਼ ਪਾਕੇ,
ਕਰਜ਼ੇ ਦੀ ਪੰਡ ਸਿਰ ਤੇ ਚੁੱਕੀ
ਪਰਨੋਟ ਤੇ ਗੂਠਾ ਲਾਕੇ।
 
ਲੋੜੋਂ ਵਾਧੂ ਖਰਚ ਵਧਾਏ
ਮੁੱਛਾਂ, ਦਾੜ੍ਹੀ ਨਾਲ਼ੋਂ ਲੰਮੀਆਂ,
ਕਰਜ਼ਾ ਦੂਣਾ-ਤੀਣਾ ਹੋਇਆ
ਸੂਦ ਤੇ ਸੂਦ ਲਗਾਕੇ।
 
ਵਿਆਹ-ਸ਼ਾਦੀ ਦੇ ਖਰਚ ਵਧਾਏ
ਚੁੱਕ ਅੱਡੀਆਂ ਫਾਹਾ ਲੈਂਦੇ,
ਬਾਜੇ-ਗਾਜੇ, ਗਾਉਣ ਵਾਲ਼ੀਆਂ 
ਕੋਲੋਂ ਘਰ ਲੁਟਵਾਕੇ।
 
ਜਾਇਦਾਤਾਂ ਬੈਅ-ਗਹਿਣੇ ਧਰਕੇ
ਨੰਗ-ਮਲੰਗ ਹੋ ਬਹਿੰਦੇ,
ਨੱਕ ਹਮੇਸ਼ਾ ਉੱਚਾ ਰੱਖਿਆ
ਝੁੱਗਾ ਚੌੜ ਕਰਾਕੇ।
 
ਚਿੰਤਾ, ਚਿਤਾ ਬਰਾਬਰ ਹੁੰਦੀ
ਨੈਣੀਂ ਪਵੇ ਨਾ ਨੀਂਦਰ,
ਸੂਦ-ਖੋਰ ਦੀ ਨੀਅਤ ਖੋਟੀ
ਕੁਰਕੀ ਰਹੂ ਕਰਾਕੇ।
 
ਸ਼ਾਹੂਕਾਰ ਡਰਾਉਂਦਾ ਵਾਹਲਾ
ਖ਼ਾਬਾਂ ਦੇ ਵਿੱਚ ਆਉਂਦਾ,
ਮੰਦਾ ਬੋਲੇ, ਦਬਕੇ ਮਾਰੇ
ਗੁੰਡੇ ਨਾਲ ਲਿਆਕੇ।
 
ਕਰਜ਼ੇ ਉੱਤੇ ਲਿਆ ਟਰੈਕਟਰ
ਫ਼ਰਦਾਂ ਬੈਂਕ ‘ਚ ਗਹਿਣੇ,
ਅਣਸੱਦੇ ਮਹਿਮਾਨ ਵਾਂਗਰਾਂ
ਕਿਸ਼ਤਾਂ ਰਹਿਦੀਆਂ ਆਕੇ।
 
ਕਮਾਈ ਥੋੜ੍ਹੀ, ਖਰਚੇ ਵਾਧੂ
ਅੜ੍ਹੰਭਦਾ ਖੀਸਾ ਖਾਲ਼ੀ,
ਪਾਂਧਾ ਹੌਲ਼ਾ, ਪੱਤਰੀ ਭਾਰੀ
ਰਹੂ ਕੋਈ ਚੰਦ ਚੜ੍ਹਾਕੇ।
 
ਅੰਨਦਾਤੇ ਨੇ ਖਰਚ ਵਧਾਏ,
ਕਰਜ਼ੇ ਥੱਲੇ ਦੱਬਿਆ,
ਜੀਵਨ ਦੀ ਹੈ ਖੇਡ ਮੁਕਾਉਂਦਾ
ਗਲ਼ ਵਿੱਚ ਰੱਸਾ ਪਾਕੇ।
 
ਲੋਕਾਂ ਵੱਲੀਂ ਵੇਖੋ-ਵੇਖੀ
ਮਹਿਲ ਜਿਹੀ ਕੋਠੀ ਛੱਤੀ,
ਕਿਸ਼ਤਾਂ ਉੱਤੇ ਕਾਰ ਖਰੀਦੀ
ਖਾਨਿਉ ਅਕਲ ਗੁਆਕੇ।
 
ਚਾਦਰ ਵੇਖਕੇ ਪੈਰ ਪਸਾਰੋ
ਸਰਫਾ ਕਰ ਦਿਨ ਕੱਟੋ,
ਤੰਗਲ਼ੀ ਨਾਲ ਨਾ ਧੰਨ ਉਡਾਓ
ਅੱਖੀਂ ਖੋਪੇ ਲਾਕੇ।
 
ਅਨੰਦ ਕਾਰਜ ਕਰੋ ਗੁਰੂਦੁਆਰੇ
ਸਾਦਾ ਛਕ ਲਉ ਲੰਗਰ,
ਘਰੋ-ਘਰੀ ਜਾ ਕਰੋ ਪਾਰਟੀ
ਗਿੱਧੇ ਭੰਗੜੇ ਪਾਕੇ।
 
ਹਕੂਮਤ ਨੂੰ ਨਾ ਦਿਓ ਉਲਾਂਭੇ
ਔਕਾਤ ‘ਚ ਰਹਿਣਾ ਸਿੱਖੋ,
ਭੋਗਲ, ਸੂਲਾਂ ਉੱਤੇ ਤੁਰਨਾ
ਕਰਜ਼ੇ ਥੱਲੇ ਆਕੇ।
 23/05/2021


ਭਾਰਤੀ ਨਾਰੀ

ਨਛੱਤਰ ਸਿੰਘ ਭੋਗਲ “ਭਾਖੜੀਆਣਾ”
 
ਭਾਰਤ ਵਰਸ਼ ਦੀ ਔਰਤ ਜਾਤੀ
ਮਰਦਾਂ ਹੱਥੋਂ ਲੁੱਟਦੀ ਆਈ।
ਦੇਵਤਿਆਂ ਦੀ ਧਰਤੀ ਉੱਪਰ
ਉਹਦੀ ਅਸਮਤ ਲੁੱਟਦੀ ਆਈ।।
 
ਤੇਰੇ ਜਨਮ ਤੇ ਸੋਗ ਮਨਾਉਦੇ,
“ਪੱਥਰ”ਪਿਆ, ਮੂੰਹ ਨੱਕ ਚੜ੍ਹਾਉਦੇ,
ਕਈ ਸਾਇੰਸ ਦੀ ਮੱਦਦ ਲੈ ਕੇ
ਕੁੱਖ ਦੇ ਵਿੱਚ ਹੀ ਮਾਰ ਮੁਕਾਉਦੇ।
ਪੈਰ ਦੀ ਜੁੱਤੀ ਤੂੰ ਕਹਿਲਾਵੇਂ
ਤੇਰੀ ਕਿਸਮਤ ਫੁੱਟਦੀ ਆਈ।
ਦੇਵਤਿਆਂ ਦੀ ਧਰਤੀ ਉੱਪਰ
ਉਹਦੀ ਅਸਮਤ ਲੁੱਟਦੀ ਆਈ।।
 
ਹੁਸਨ ਨਾ ਲੱਦੀਆਂ ਹੋਈਆਂ ਹੂਰਾਂ,
ਝੋਕੀਆਂ ਗਈਆਂ ਵਿੱਚ ਤੰਦੂਰਾਂ,
ਮਰਦ ਨੇ ਹਵਸ ਦੀ ਬਲੀ ਚਾੜ੍ਹੀਆਂ
ਰੂਪ-ਰਾਣੀਆਂ, ਸੁੰਦਰ ਨੂਰਾਂ।
ਰਸਮ ਸਤੀ ਦੀ ਰੂਪ ਡੈਣ ਦਾ
ਬਲ਼ਦੀ ਚਿਖਾ ‘ਚ ਸੁੱਟਦੀ ਆਈ।
ਦੇਵਤਿਆਂ ਦੀ ਧਰਤੀ ਉੱਪਰ
ਉਹਦੀ ਅਸਮਤ ਲੁੱਟਦੀ ਆਈ।।
 
ਤੇਰੇ ਪੱਲੇ ਉਮਰ ਦਾ ਰੋਣਾ,
ਬਣਕੇ ਰਹਿ ਗਈ ਕਾਮ ਖਿਡਾਉਣਾ,
ਨਿੱਤ-ਦਿਨ ਜਿਨਸੀ ਸ਼ੋਸ਼ਣ ਹੁੰਦੇ
ਗੈਂਗ-ਰੇਪ ਜਿਹਾ ਕਰਮ ਘਿਨਾਉਣਾ।
ਬੇਵਸ ਚੀਕਾਂ ਦੇ ਨਾਲ ਲੱਦੀ
ਤੇਰੀ ਅਰਥੀ ਉੱਠਦੀ ਆਈ।
ਦੇਵਤਿਆਂ ਦੀ ਧਰਤੀ ਉੱਪਰ
ਉਹਦੀ ਅਸਮਤ ਲੁੱਟਦੀ ਆਈ।।
 
ਆਸਿਫਾ ਨੂੰ ਮੰਦਰ ਵਿੱਚ ਕੋਹਿਆ,
ਮਨੀਸ਼ਾ ਦਾ ਸੀ ਅੰਗ-ਅੰਗ ਟੋਹਿਆ,
ਜਾਤ ਪਾਤ ਤੇ ਮਜ਼੍ਹਬੀ ਖੁਣਸਾਂ
ਹਾਕਮ-ਧਿਰ ਦੀ ਸ਼ਹਿ ਤੇ ਹੋਇਆ।
ਅਫਸਰ ਸ਼ਾਹੀ ਰਲ਼ ਦੋਸ਼ੀ ਨਾਲ
ਮੋਈ ਦੀ ਮਿੱਟੀ ਪੁੱਟਦੀ ਆਈ।
ਦੇਵਤਿਆਂ ਦੀ ਧਰਤੀ ਉੱਪਰ
ਉਹਦੀ ਅਸਮਤ ਲੁੱਟਦੀ ਆਈ।।
 
ਦੇਵੀ ਦੇ ਤੁਲ ਤੇਰਾ ਦਰਜਾ,
ਸਿਰੋਂ ਉਤਾਰ ਨਹੀਂ ਹੋਣਾ ਕਰਜ਼ਾ,
ਕੋਝੀਆਂ ਸੋਚਾਂ ਦੇ ਤਣ-ਤਾਣੇ
ਬਣ ਬੈਠਾ ਬੰਦਾ ਖ਼ੁਦਗ਼ਰਜ਼ਾ।
ਨਛੱਤਰ ਭੋਗਲ ਵਰਗਿਆਂ ਦੇ ਨਾ
ਮੋਢਾ ਡਾਹ ਕੇ ਜੁੱਟਦੀ ਆਈ।
ਦੇਵਤਿਆਂ ਦੀ ਧਰਤੀ ਉੱਪਰ
ਉਹਦੀ ਅਸਮਤ ਲੁੱਟਦੀ ਆਈ।।
17/10/2020


ਕਿਸਾਨ-ਏਕਤਾ

ਨਛੱਤਰ ਸਿੰਘ ਭੋਗਲ “ਭਾਖੜੀਆਣਾ”
 
ਦਿੱਲੀ ਦੀ ਸਰਕਾਰ ਨੇ, ਫਿਰ ਕੀਤਾ ਏ ਪਰੇਸ਼ਾਨ,
ਕਨੂੰਨ ਨਵਾਂ ਬਣਵਾਕੇ, ਤੰਗ ਕਰਨਾ ਏ ਕਿਰਸਾਨ,
ਪੱਕੀ ਹੋਈ ਫਸਲ ਦਾ, ਮੁੱਲ ਲਾਵੇ ਕੋਈ ਧਨਵਾਨ,
ਖੇਤੀ ਬਾੜੀ ਵਰਗ ਲਈ, ਦਿੱਲੀ ਬਣੀ ਹੈਵਾਨ।
 
ਪਟਾ ਤਿਆਰ ਕਰਾਕੇ, ਮਨ-ਆਂਈਆਂ ਕਰੂ ਸ਼ੈਤਾਨ,
ਪੱੜ੍ਹਤਾਂ-ਲਿਖਤਾਂ ਕਰਨਗੇ, ਪੜਚੋਲਣ ਨਾਲ ਧਿਆਨ,
ਗੰਧਲ਼ੀ-ਨੀਤੀ ਵਰਤਣੀ, ਦਿਲ ਹੋਇਆ ਬੇਈਮਾਨ,
ਇਕ ਪਾਸੜ ਸ਼ਰਤਾਂ ਲਿਖਣਗੇ, ਧੋਖੇਬਾਜ਼ ਇਨਸਾਨ।
 
ਧਰਤੀ “ਮਾਂ” ਸਮਾਨ ਹੈ, ਫਸਲ ਅਸਾਂ ਦੀ ਜਾਨ,
ਸੱਪਾਂ ਦੇ ਸਿਰ ਮਿੱਧਦਾ, ਤੱੜਕੇ ਉੱਠ ਨਾਦਾਨ,
ਮਿੱਟੀ ਨਾ ਮਿੱਟੀ ਹੋਂਵਦਾ, ਭੁੱਲ ਕੇ ਐਸ਼ ਅਰਾਮ,
ਲਹੂ-ਪਸੀਨਾ ਡੋਲਦਾ, ਤਨ ਪੱਛਿਆ ਲਹੂ ਲੁਹਾਣ।
 
ਮੰਡੀ ਬਾਝੋਂ ਫਸਲ ਦਾ, ਚੰਗਾ ਨਹੀਂ ਹੋਣਾ ਭੁਗਤਾਨ,
ਇੱਕੀ-ਦੁੱਕੀ ਜਾਣ ਕੇ, ਸਾਡਾ ਕਰੀ ਜਾਏਂ ਅਪਮਾਨ,
ਡੰਗਰ ਵੀ ਜਾਨਾਂ ਮਾਰਦੇ, ਸਾਡੇ ਬੱਗੇ-ਨਾਰੇ ਸਾਨ੍ਹ,
ਜਾਨ ਵਾਰੀਏ ਦੇਸ਼ ਤੋਂ, ਤੈਨੂੰ ਉਹ ਵੀ ਨਹੀਂ ਪਰਵਾਨ।
 
ਮਸ਼ਕਰੇ ਹਾਸੇ ਹੱਸਦੈਂ, ਸਾਡਾ ਤੱਕ ਹੁੰਦਾ ਨੁਕਸਾਨ,
ਸੁਣੇ ਅਪੀਲ ਦਲੀਲ ਨਾ, ਹੈ ਤਾਨਾਸ਼ਾਹ-ਸੁਲਤਾਨ,
ਵਸਦਾ ਸ਼ਾਹੀ ਮਹਿਲ ‘ਚ, ਸਾਡੀ ਕੁੱਲੀ ਬੀਆਬਾਨ,
ਕਰਜ਼ੇ ਥੱਲੇ ਦੱਬਿਆ, ਜੱਟ ਬਣਿਆ ਇੱਕ ਗੁਲਾਮ।
 
ਸਾਡੇ ਲਹੂ ਨਾ ਖੇਡੇਂ ਹੋਲੀਆਂ, ਅਸੀਂ ਹੁੰਦੇ ਰਹੇ ਕੁਰਬਾਨ,
ਸਰਹੱਦ ਤੇ ਜਾਨਾਂ ਵਾਰਦੇ, ਸਾਡੇ ਗੱਭਰੂ ਪੁੱਤ ਜਵਾਨ,
ਜ਼ਮੀਨਾਂ ਨੂੰ ਹੱਥਿਆਉਣ ਦਾ, ਚੰਗਾ ਨਹੀਂ ਫੁਰਮਾਨ,
ਲਾਗੂ ਨਵਾਂ ਕਨੂੰਨ ਜੋ, ਸਾਨੂੰ ਹਰਗਿਜ਼ ਨਹੀਂ ਪਰਵਾਨ।
 
ਅਸੀਂ ਪਾਕੇ ਵੋਟਾਂ ਕੀਮਤੀ, ਤੈਨੂੰ ਚੁਣਿਆ ਹੈ ਪ੍ਰਧਾਨ,
ਕਰੇਂ ਝੂਠੇ ਵਾਅਦੇ ਹਾਕਮਾਂ, ਕੁਫ਼ਰ ਦੀ ਖੋਲ ਦੁਕਾਨ,
ਕੋਈ ਤੇਰੀ ਖ਼ੁਸ਼ੀ ਦੀ ਹੱਦ ਨਾ, ਖੋਹ ਸਾਡੀ ਮੁਸਕਾਨ,
ਤੂੰ ਅਜੇ ਵੀ ਡੌਂਡੀ ਪਿੱਟਦੈਂ, ਹੈ ਭਾਰਤ ਦੇਸ਼ ਮਹਾਨ।
 
ਵਾਪਸ ਲਉ ਕਨੂੰਨ ਨੂੰ, ਨਹੀਂ ਮੱਚ ਜਾਊ ਘਮਸਾਨ,
ਰਗਾਂ ‘ਚ ਅਜੇ ਮਜੂਦ ਹੈ, ਪੰਜਾਬੀ ਲਹੂ ਦੀ ਆਨ,
ਇਕਮੁੱਠ ਹੋਇਆ ਜਾਪਦਾ, ਹੈ ਜਾਗ ਪਿਆ ਕਿਰਸਾਨ,
ਨਛੱਤਰ ਭੋਗਲ ਮੌਤੋਂ ਨਾ ਡਰੇ, ਪੰਜਾਬੀ ਪੁੱਤ ਜਵਾਨ।
01/10/2020


“ਸਾਡੇ ਆਪਣਿਆਂ”
ਨਛੱਤਰ ਸਿੰਘ ਭੋਗਲ “ਭਾਖੜੀਆਣਾ”
 
ਪਿੱਠ ਉੱਤੇ ਵਾਰ ਚਲਾਇਆ, ਸਾਡੇ ਆਪਣਿਆਂ,
ਰਤਾ ਤਰਸ ਨਾ ਖਾਇਆ, ਸਾਡੇ ਆਪਣਿਆਂ।
 
ਲਹੂ ਡੋਲ੍ਹਿਆ ਵਤਨ ਲਈ, ਜਾਨਾਂ ਵਾਰੀਆਂ ਸੀ,
ਦੇਸ਼ ਭਗਤਾਂ ਨੂੰ ਝੁਠਲਾਇਆ, ਸਾਡੇ ਆਪਣਿਆਂ।
 
ਦਿਲ ਦਾ ਟੁੱਕੜਾ ਸਮਝ ਕੇ, ਸੀਨੇ ਲਾਇਆ ਸੀ,
ਬਣ ਫ਼ਰੇਬੀ ਦਗਾ ਕਮਾਇਆ, ਸਾਡੇ ਆਪਣਿਆਂ।
 
ਦਿਲਕਸ਼ ਸਾਡੇ ਰੁਤਬੇ, ਜੱਗ ਵਿੱਚ ਇੱਜ਼ਤ ਹੈ,
ਮਾਣ ਮਿੱਟੀ ਵਿੱਚ ਮਿਲਾਇਆ, ਸਾਡੇ ਆਪਣਿਆਂ।
 
ਤਿਤਲੀਆਂ ਤਾਂਈਂ ਮਸਲਿਆ, ਅੱਗ ‘ਚ ਫੁੱਲ ਸਾੜੇ,
ਟਹਿਕਦਾ ਚਮਨ ਖਿੰਡਾਇਆਂ, ਸਾਡੇ ਆਪਣਿਆਂ।
 
ਭੋਰਾ ਕਦਰ ਨਾ ਪਾਈ, ਸੂਰੇ-ਸਿੰਘ ਸਰਦਾਰਾਂ ਦੀ
ਹੱਥ ਸਾਡੀ ਪੱਗ ਨੂੰ ਪਾਇਆ, ਸਾਡੇ ਆਪਣਿਆਂ।
 
ਮੁੱਲ ਵਿਕ ਗਏ ਕਿਰਦਾਰ, ਜੋ ਭੁੱਖੇ ਕੁਰਸੀ ਦੇ,
ਧਰਮ ਨੂੰ ਗਹਿਣੇ ਪਾਇਆ, ਸਾਡੇ ਆਪਣਿਆਂ।
 
ਅਹਿਸਾਨ ਦੇ ਕਰਜ਼ ਚਕਾਉਣੇ, ਗੱਲਾਂ ਦੂਰ ਦੀਆਂ,
ਰੂਹ ਨੂੰ ਰੱਜ ਸਤਾਇਆ, ਸਾਡੇ ਆਪਣਿਆਂ।
 
ਤਾਹਨੇ-ਮਿਹਣੇ ਦਿੱਤੇ, ਤੋਹਮਤਾਂ ਲੱਖ ਲਾਈਆਂ,
ਲੂਣ ਜ਼ਖ਼ਮ ਤੇ ਪਾਇਆ, ਸਾਡੇ ਆਪਣਿਆਂ।
 
ਬਹੁਗਿਣਤੀ ਦਾ ਰਾਜਾ, ਕੱਟੜ ਮਜ਼ਬੀ ਹੈ,
ਘੱਟ ਗਿਣਤੀ ਨੂੰ ਧਮਕਾਇਆ, ਸਾਡੇ ਆਪਣਿਆਂ।
 
ਮੈਂ, ਆਪਣਿਆਂ ਦਾ ਇਸ ਗੱਲੋਂ ਧੰਨਵਾਦੀ ਹਾਂ,
ਘੂਕ ਸੁੱਤੇ ਤਾਂਈਂ ਜਗਾਇਆ, ਸਾਡੇ ਆਪਣਿਆਂ।
 
ਨਛੱਤਰ ਭੋਗਲ, ਉਂਝ ਤਾਂ ਅਮਨ ਪੁਜਾਰੀ ਹੈ,
ਮੇਰੇ ਹੱਥ ਹਥਿਆਰ ਫੜਾਇਆ, ਸਾਡੇ ਆਪਣਿਆਂ।
19/09/2020


 ਗੀਤ
ਵਿੱਛੜਿਆ-ਸੱਜਣ
ਨਛੱਤਰ ਸਿੰਘ ਭੋਗਲ “ਭਾਖੜੀਆਣਾ”

ਉਲਫ਼ਤ ਦੇ ਮੋਟੇ ਵੱਟ ਰੱਸੇ, ਖੁਸ਼ੀਆਂ ਦੀਆ ਪੀਂਘਾਂ ਪਾਵਣ ਲਈ,
ਮੈ ਚਾਵਾਂ ਦੇ ਨਾਲ ਲਾਈ ਸੀ,ਉਮਰਾਂ ਦਾ ਸਾਥ ਨਿਭਾਵਣ ਲਈ,
ਚੱਖਿਆ ਸੀ ਅੰਮ੍ਰਿਤ ਜਾਣ ਕੇ ਜੋ,ਕੌੜਾ ਸੱਚ ਇਹ ਵੀ ਪੀ ਰਹੇ ਹਾਂ।
ਹੋਇਆ ਕੀ ਸਾਥੋਂ ਵਿਛੜੀ ਤੂੰ,ਤੇਰੇ ਬਾਝੋਂ ਵੀ ਤਾਂ ਜੀਅ ਰਹੇ ਹਾਂ।।
 
ਜੇ ਕੂਚ ਜਹਾਨੋਂ ਕਰ ਜਾਂਦੇ,ਇਹ ਸੱਚ ਜਰ ਲੈਣਾ ਸੌਖਾ ਸੀ,
ਧੋਖੇ ਭਰੀ ਜ਼ਿੰਦਗੀ ਜੀਵਣ ਤੋਂ,ਮਰ ਜਾਣਾ ਕਿਧਰੇ ਸੌਖਾ ਸੀ,
ਜ਼ਖ਼ਮ ਅਵੱਲਾ ਤੂੰ ਦਿੱਤਾ,ਉਸ ਫੱਟ ਨੂੰ ਰੀਝ ਨਾ ਸੀਅ ਰਹੇ ਹਾਂ।
ਹੋਇਆ ਕੀ ਸਾਥੋਂ ਵਿਛੜੀ ਤੂੰ,ਤੇਰੇ ਬਾਝੋਂ ਵੀ ਤਾਂ ਜੀਅ ਰਹੇ ਹਾਂ।।
 
ਮੈ ਖੜ੍ਹਾ ਰਿਹਾ ਵਿਸ਼ਵਾਸਾਂ ਤੇ, ਤੂੰ ਫਿਰ ਗਈ ਕੌਲ-ਕਰਾਰਾਂ ਤੋਂ,
ਸੀ ਸੱਚੇ ਵਣਜ ਦਾ ਆਸ਼ਕ ਮੈ, ਤੂੰ ਜਾਣੂ ਝੂਠ ਵਪਾਰਾਂ ਤੋਂ,
ਸੌਦਾ ਸੀ ਅਸਲੋਂ ਘਾਟੇ ਦਾ,ਲੁੱਟ ਹੋ ਕੇ ਵੀ ਤਾਂ ਜੀੱਅ ਰਹੇ ਹਾਂ।
ਹੋਇਆ ਕੀ ਸਾਥੋਂ ਵਿਛੜੀ ਤੂੰ,ਤੇਰੇ ਬਾਝੋਂ ਵੀ ਤਾਂ ਜੀਅ ਰਹੇ ਹਾਂ।।
 
ਦਰਦ ਜੋ ਦਿੱਤੇ ਤੈ ਮੈਨੂੰ, ਉਹ ਸਹਿੰਦਾ ਸਹਿੰਦਾ ਸਹਿ ਗਿਆ ਮੈਂ,
ਤੂੰ ਸੁਣਕੇ ਖ਼ੁਸ਼ੀ ਮਨਾਵੇਂਗੀ, ਝੱਲਾ ਜਿਹਾ ਹੋ ਕੇ ਰਹਿ ਗਿਆ ਮੈਂ,
ਤੂੰ ਕੀਤੀਆਂ ਬੇਵਫ਼ਾਈਆਂ ਜੋ, ਵਿਸਕੀ ਵਿੱਚ ਘੋਲ਼ ਕੇ ਪੀ ਰਹੇ ਹਾਂ
ਹੋਇਆ ਕੀ ਸਾਥੋਂ ਵਿਛੜੀ ਤੂੰ, ਤੇਰੇ ਬਾਝੋਂ ਵੀ ਤਾਂ ਜੀਅ ਰਹੇ ਹਾਂ।।
 
ਗੁਣ ਦਿੱਤਾ ਸੱਚੇ ਯਾਰਾਂ ਨੇ, ਹਰ ਪਿੜ ਵਿੱਚ ਪੂਰੀਆਂ ਪਾਵਣ ਦਾ,
ਸਾਰੀ ਉਮਰ ਉਡੀਕਾਂਗਾ ਤੈਨੂੰ, ਬਲ ਆਉਦਾ ਸਾਥ ਨਿਭਾਵਣ ਦਾ,
ਯਾਦ,ਯਾਰ ਨਛੱਤਰ ਭੋਗਲ ਦੀ, ਲਾ ਸੀਨੇ ਦੇ ਨਾ ਜੀਅ ਰਹੇ ਹਾਂ।
ਹੋਇਆ ਕੀ ਸਾਥੋਂ ਵਿਛੜੀ ਤੂੰ, ਤੇਰੇ ਬਾਝੋਂ ਵੀ ਤਾਂ ਜੀਅ ਰਹੇ ਹਾਂ।।
 15/09/2020


ਦਿਲੀ-ਦੂਰੀਆਂ

ਨਛੱਤਰ ਸਿੰਘ ਭੋਗਲ “ਭਾਖੜੀਆਣਾ”
 
ਕੀਤੇ ਗਿਲੇ ਤੇ ਕਰੋਧ
ਵੱਟੀ ਆਪੋ-ਵਿੱਚ ਘੂਰੀ,
ਧਰੇ ਪੱਥਰ ਦਿਲਾਂ ਤੇ
ਬਣੀ ਕਿਹੜੀ ਮਜ਼ਬੂਰੀ।
 
ਕਸੂਰ ਗ਼ੈਰਾਂ ਦਾ ਵੀ ਹੋਣਾ
ਪਾੜੇ ਅਸਾਂ ਆਪ ਪਾਏ,
ਪਾਏ ਬੇੜੀਆਂ ‘ਚ ਵੱਟੇ
ਵਧੀ ਦਿਲਾਂ ਵਿੱਚ ਦੂਰੀ।
 
ਹੋ ਕੇ ਪਿਆਰ ‘ਚ ਦੀਵਾਨਾ
ਚੀਰ ਆਪਣਾ ਜਿਗਰ,
ਫੋਟੋ ਲਹੂ ਨਾਲ ਰੰਗੀ
ਜੋ ਸੀ ਚਿਰਾਂ ਤੋਂ ਅਧੂਰੀ।
 
ਲੈ ਗਏ ਲੁੱਟ-ਪੁੱਟ ਖੇੜੇ
ਸਾਡਾ ਝੰਗ ਮਗਿਆਣਾ,
ਬੇਲਾ ਬਣਿਆ ਉਜਾੜ
ਹੀਰ ਕੁੱਟਦੀ ਨਹੀਂ ਚੂਰੀ।
 
ਮਿਲ਼ਿਆ ਮੁੱਦਤਾਂ ਤੋਂ ਬਾਦ
ਮੂਰਤ ਪਿਆਰ ਦੀ ਉਹ ਲੱਗਾ,
ਉਹਦੇ ਹੋਂਠਾਂ ਉੱਤੇ ਲਾਲੀ
ਰੰਗ ਮੇਰਾ ਵੀ ਸੰਧੂਰੀ।
 
ਪੈਰਾਂ ਥੱਲੇ ਹੱਥ ਦਿੱਤੇ
ਇਕੱਲੀ ਛੱਡ ਕੇ ਨਾ ਜਾਈਂ,
ਹਾੜ੍ਹੇ-ਤਰਲੇ ਮੈਂ ਕੱਢੇ
ਉਹਦੀ ਉੱਤਰੀ ਨਾ ਘੂਰੀ।
 
ਕਦੇ ਪਾਵੀਂ ਨਾ ਵਿਛੋੜੇ
ਗੱਲ ਕੀਤੀ ਅਣਗੌਲ਼ੀ,
ਮਚਾਈ ਹਿਜ਼ਰਾਂ ਦੀ ਅੱਗ
ਪੀੜ ਦਿਲਾਂ ‘ਚ ਨਸੂਰੀ।
 
ਅੱਕ,ਰੀਠੇ ਵਾਂਗ ਮੇਰਾ
ਬੜਾ ਕੌੜਾ ਹੈ ਸੁਭਾਅ,
ਮੈ ਕੱਖ ਰੁਲ਼ਦਾ ਰਾਹਾਂ ਦਾ
ਉਹ ਹੈ ਸ਼ੁੱਧ-ਕਸਤੂਰੀ।
ਉੁਹਨੂੰ ਜਿੱਤ ਦਾ ਸੀ ਚਾਅ
ਮੈਂ ਜਸ਼ਨ ਹਾਰ ਦੇ ਮਨਾਏ,
ਉਹ ਹੋਇਆ ਫਿਰੇ ਮਗ਼ਰੂਰ
ਮੈਨੂੰ ਚੜ੍ਹੀ,ਸਬਰ-ਸਰੂਰੀ।
 
ਵਗਦੀ ਨਦੀ ਦੇ ਕਿਨਾਰੇ
ਮਿਲ਼ ਸਕਣੇ ਤੋਂ ਵਾਂਝੇ,
ਤਿਆਗੀ ਨੇੜਤਾ ਦੀ ਸੋਚ
ਭਰੀ ਮਨਾਂ ‘ਚ ਫ਼ਤੂਰੀ।
 
ਤੇਰੇ ਬਿਨਾ ਮੇਰੇ ਮਾਹੀਆ
ਮੇਰਾ ਕੌਡੀ ਨਹੀਉਂ ਮੁੱਲ,
ਸਰਾਪੀ ਰੂਹ ਜਿਹਾ ਰੂਪ
ਰੰਗ ਚਿਹਰੇ ਦਾ ਨਹੀਂ ਨੂਰੀ।
 
ਨਛੱਤਰ ਭੋਗਲ ਬਣੂ ਮੇਰਾ
ਲੱਖਾਂ ਯਤਨ ਨੇ ਜਾਰੀ,
ਮੋੜ ਲਵੇ ਉਹ ਮੁਹਾਰਾਂ
ਮੇਰੀ ਕੋਸ਼ਿਸ਼ ਹੈ ਪੂਰੀ।
11/09/2020 


ਨਛੱਤਰ ਸਿੰਘ ਭੋਗਲ “ਭਾਖੜੀਆਣਾ”  
nach.bhogal54@icloud.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2020, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com