WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਪਲਵਿੰਦਰ ਸਿੰਘ ਸੰਧੂ
ਪਟਿਆਲਾ, ਪੰਜਾਬ

ਪ੍ਰਦੇਸੋਂ ਚਿੱਠੀ
ਪਲਵਿੰਦਰ ਸਿੰਘ ਸੰਧੂ, CDAC ਨੋਇਡਾ

ਵਿਚ ਪ੍ਰਦੇਸੋਂ ਚਿੱਠੀ ਆਈ
ਪੁੱਤ ਨੇ ਉਹੀ ਆਖ ਸੁਣਾਈ
ਕਿੰਝ ਆਵਾਂ ਕੋਲ ਮਾਂ ਤੇਰੇ
ਡਾਹਢੀ ਮੇਰੀ ਮਜਬੂਰੀ ਆ
ਦਿਲ ਵਿਚ ਤੇਰੇ ਰਹਾਂ ਹਮੇਸ਼ਾ
ਕੀ ਹੋਇਆ ਉਂਜ ਦੂਰੀ ਆ....

ਆਖੇ ਮਾਂ ਇਕ ਗੱਲ ਸੁਣ ਪੁੱਤਰਾ
ਕਿਸਨੂੰ ਦੱਸਾਂ ਦਿਲ ਦਾ ਦੁੱਖੜਾ
ਬਾਝੋਂ ਤੇਰੇ ਕੌਣ ਇਹ ਸ਼ੇਰਾ
ਉਜੜਿਆ ਘਰ ਅਬਾਦ ਕਰੇ
ਡਾਲਰ ਜੇਕਰ ਦੇਣ ਪੁੱਤ ਛਾਵਾਂ
ਕੌਣ ਮਾਵਾਂ ਨੂੰ ਯਾਦ ਕਰੇ....

ਵਿਯੋਗ 'ਚ ਤੁਰ ਗਿਆ ਬਾਪੂ ਤੇਰਾ
ਧੀਰ ਬੰਨ੍ਹਾਉਦਾ ਸੀ ਓ ਮੇਰਾ
ਪੁੱਤ ਆਉ ਜਿਸ ਦਿਨ ਅਪਣਾ
ਖੁਸ਼ੀਆਂ ਦੇ ਨਾਲ ਭਰ ਜਾਉ ਵਿਹੜਾ
ਕਰਦੇ ਤਪਦਾ ਸ਼ੀਤ ਕਾਲਜਾ
ਮਾਂ ਇਕੋ ਇਕ ਫਰਿਆਦ ਕਰੇ
ਡਾਲਰ ਜੇਕਰ ਦੇਣ ਪੁੱਤ ਛਾਵਾਂ
ਕੌਣ ਮਾਵਾਂ ਨੂੰ ਯਾਦ ਕਰੇ........

ਦੇਖੀਂ ਹੁਣ ਨਾ ਲਾਈਂ ਦੇਰੀ
ਹੋ ਜਾਵਾਂ ਕਿਤੇ ਰਾਖ ਦੀ ਢੇਰੀ
ਤਿਆਗ ਕੇ ਸਭ ਕੁਝ ਮੈਂ ਅਪਣਾ
ਦੇਖੀ ਸੀ ਇਕ ਖੁਸ਼ੀ ਬੱਸ ਤੇਰੀ
ਰੋਵੇਂ ਵਿਚ ਮਸਾਣੀਂ ਆ ਕੇ
ਪਛਤਾਵਾ ਜਾਣ ਤੋਂ ਬਾਅਦ ਕਰੇ
ਡਾਲਰ ਜੇਕਰ ਦੇਣ ਪੁੱਤ ਛਾਵਾਂ
ਕੌਣ ਮਾਵਾਂ ਨੂੰ ਯਾਦ ਕਰੇ....

ਰੋਜ਼ ਇਹੋ ਮੈਂ ਕਰਾਂ ਦੁਆਵਾਂ
ਹੋਣ ਨਾ ਦੂਰ ਪੁੱਤਾਂ ਤੋਂ ਮਾਵਾਂ
ਜਿਸ ਰਾਹੋਂ ਨਾ ਲੰਘੇ ਕੋਈ
ਓਦਰ ਜਾਣ ਉਥੋਂ ਛਾਵਾਂ
ਨਾਲ 'ਜੀਆਂ' ਦੇ, 'ਜੀਅ' ਨੇ ਲੱਗਦੇ
ਉਂਜ ਤਾਂ ਖੰਡਰ ਲੱਗਣ ਥਾਵਾਂ
'ਸੰਧੂ' ਮਾਂ ਨੂੰ ਮਿਲ ਲੈ 'ਪਾਲੀ'
ਮੌਤ ਨਾ ਕਦੇ ਲਿਹਾਜ ਕਰੇ
ਡਾਲਰ ਜੇਕਰ ਦੇਣ ਪੁੱਤ ਛਾਵਾਂ
ਕੌਣ ਮਾਵਾਂ ਨੂੰ ਯਾਦ ਕਰੇ......
08/12/15

 

ਯਾਦ
ਪਲਵਿੰਦਰ ਸਿੰਘ ਸੰਧੂ, ਪਟਿਆਲਾ

ਬੀਤੀਆਂ ਯਾਦਾਂ ਚ ਤੇਰੀ ਯਾਦ ਸੱਜਣਾ
ਆਈ ਸਾਨੂੰ ਅੱਜ ਦਿਨਾਂ ਬਾਅਦ ਸੱਜਣਾ
ਰੱਬ ਅੱਗੇ ਸਾਡੀ ਫਰਿਆਦ ਸੱਜਣਾ
ਰੱਖੀਂ ਮੇਰੇ ਸੱਜਣ ਆਬਾਦ ਸੱਜਣਾ....

ਵਿਛੜੇ ਤਾਂ ਜ਼ਿੰਦਗੀ ਉਦਾਸ ਹੋ ਗਈ
ਰੂਹ ਬਿਨ੍ਹਾਂ ਜ਼ਿੰਦ ਇਕ ਲਾਸ਼ ਹੋ ਗਈ
ਮੰਗੀਆਂ ਦੁਆਵਾਂ ਸੁੱਖਾਂ ਵਰ ਨਹੀਂਓ ਆਈਆਂ
ਪੀਰਾਂ ਤੇ ਫਕੀਰਾਂ ਤੋਂ ਬੇਆਸ ਹੋ ਗਈ
ਚੁੱਭਦੇ ਅੱਖਾਂ ਚ ਟੋਟੇ ਰੋਜ਼ ਉਨਾਂ ਦੇ
ਜੇਹਡ਼ੇ ਟੁੱਟੇ ਸਨ ਤੱਤਡ਼ੀ ਦੇ ਖ਼ਾਬ ਸੱਜਣਾ
ਬੀਤੀਆਂ ਯਾਦਾਂ ਚ ਤੇਰੀ ਯਾਦ ਸੱਜਣਾ
ਆਈ ਸਾਨੂੰ ਅੱਜ ਦਿਨਾਂ ਬਾਅਦ ਸੱਜਣਾ....

ਸਿਵਿਆਂ ਦੀ ਹੋ ਗਈ ਸੁਆਹ ਜ਼ਿੰਦਗੀ
ਭਟਕਦੀ ਫਿਰੇ ਬਿਨ੍ਹਾਂ ਰਾਹ ਜ਼ਿੰਦਗੀ
ਬੋਝ ਹੋ ਗਈ ਜਿਉਣੀ ਬਾਝੋਂ ਸਾਨੂੰ ਤੇਰੇ
ਹੁੰਦੀ ਸੀ ਜੋ ਪਿਆਰੀ ਬੇਪਨਾਹ ਜ਼ਿੰਦਗੀ
ਖਾ ਗਈ ਬਹਾਰਾਂ, ਖ਼ਿਜ਼ਾ ਦੀ ਰੁੱਤ ਭੈੜੀ
ਸੁੱਕੇ ਬਾਗ ਕਿਵੇੱ ਹੋਣ ਆਬਾਦ ਸੱਜਣਾ..
ਬੀਤੀਆਂ ਯਾਦਾਂ ਚ ਤੇਰੀ ਯਾਦ ਸੱਜਣਾ
ਆਈ ਸਾਨੂੰ ਅੱਜ ਦਿਨਾਂ ਬਾਅਦ ਸੱਜਣਾ

ਸੱਧਰਾਂ ਦੀ ਮੌਤ ਕੌਣ ਸਕਦੈ ਹੰਢਾਅ
ਦਿਲ ਦੇ ਚਾਵਾਂ ਨੂੰ ਖੁਦ ਹੱਥੀਂ ਦਫ਼ਨਾ
ਹਿਜ਼ਰਾਂ ਦੇ ਹੰਝੂ ਬੱਸ ਆਉਂਦੇ ਨੇ ਵਹਾਉਣੇ
ਕੋਈ ਕਿੰਝ ਮੁਸਕਾਏ ਦੁੱਖ ਸੀਨੇ ਨਾਲ ਲਾ
ਬੀਤੇ ਵੇਲੇ ਚੇਤਿਆਂ ਚ ਚਸਕਦੇ ਐਵੇਂ
ਜਿਵੇਂ ਚਸਕੇ ਹੱਡਾਂ ਚ ਪਈ ਰਾਧ ਸੱਜਣਾ..
ਬੀਤੀਆਂ ਯਾਦਾਂ ਚ ਤੇਰੀ ਯਾਦ ਸੱਜਣਾ
ਆਈ ਸਾਨੂੰ ਅੱਜ ਦਿਨਾਂ ਬਾਅਦ ਸੱਜਣਾ
29/05/2015

 

ਨਵੇਂ ਰੰਗ
ਪਲਵਿੰਦਰ ਸਿੰਘ ਸੰਧੂ, ਪਟਿਆਲਾ

ਅਪਣਾ ਰਿਸ਼ਤਾ ਵੀ
ਸਲਾਬੇ ਕਮਰੇ ਚੋਂ
ਮਾਰਦੀ ਹਮਕ ਵਰਗਾ ਹੈ
ਜੋ ਦਿਮਾਗ ਵਿਚ ਜਾ ਕੇ
ਹੋਰ ਵਿਚਾਰ ਕਰ ਦਿੰਦਾ ਹੈ , ਗੈਰਹਾਜ਼ਿਰ ।

ਇਸ ਵਿਚ ਸੁਖਦ ਅਹਿਸਾਸ ਵਰਗਾ
ਕੁਝ ਵੀ ਨਹੀਂ ਹੁੰਦਾ ਮਾਣਨ ਦੇ ਯੋਗ
ਮੋਇਆਂ ਚੋਂ ਕਦੇ ਖਿੱਚ ਪਾਉੰਦੀ
ਜਿਸਮੀ ਖੁਸਬੋ ਨਹੀਂ ਹੁੰਦੀ
ਉਹ ਤਾਂ ਮੁਸ਼ਕ ਹੁੰਦੀ ਹੈ
ਮਾਸ ਦੇ ਮਰੇ ਚਿਥੜਿਆਂ ਦੀ ।

ਅਸੀਂ ਐਵੇਂ ਹੀ ਗਲ੍ਹੇ ਰਿਸ਼ਤੇ ਦੀ
ਸੜਾਂਦ ਵਿਚ ਜਿਉਂ ਰਹੇ ਜੀਅ ਹਾਂ
ਨਰਗਿਸੀ ਫੁੱਲਾਂ ਦੀ ਮਹਿਕੀ ਪੌਣ ਤੋਂ
`ਬੇਖ਼ਬਰ`
ਸਮਾਜੀ ਰੂੜੀਆਂ ਵਿਚਲੀ ਸਬਾਤ ਚ
ਸਰੁੱਖਿਅਤ ਅਤੇ ਸੁਖਰੂਪਣ ਕਿਆਸਦੇ ।

ਪਰ ਕੈਦ ਕਦੇ ਖੁਸ਼ੀ ਨਹੀਂ ਦਿੰਦੀ
ਉਹ ਤਾਂ ਆਪੇ ਦਾ ਕਤਲ ਹੁੰਦੀ ਹੈ
ਪਾਰ ਤੋਂ ਉਰਾਂ ਹੀ ਮਰੀ ਸੱਧਰ ਦੀ
ਵਾਰਤਾ ਲਿਖਦੇ ਹਨੇਰਿਆਂ ਦਾ ਜਮਘਟਾ।

ਚਲ ਮੇਰੇ ਮਹਿਬੂਬ
ਅਸੀਂ ਅਜ਼ਾਦ ਹੋਈਏ
ਰਿਸ਼ਤਿਆਂ ਦੇ ਨਾਵਾਂ ਤੋਂ
ਪਹਿਚਾਣ ਦੇ ਅਰਥਾਂ ਤੋਂ ਪਾਰ
ਬੇਨਾਮ ਅਪਣੇਪਣ ਵਿਚ
ਪਿਆਰ ਦੀ ਉਡਾਣ ਭਰੀਏ।

ਆਸਾਂ ਦੇ ਜੁਗਨੂੰਆਂ ਨੂੰ
ਮਾਯੂਸ ਰਾਤਾਂ ਵਿਚ ਛੱਡੀਏ
ਤਿੱਤੱਲੀਆਂ ਦੀ ਕੋਮਲਤਾ ਪਾਲ਼ੀਏ
ਤਾਂ ਜੋ ਪਿਆਰ ਦਾ ਫੁੱਲ
ਕਦੇ ਨਾ ਟੁੱਟੇ।

ਆਜਾ ਅਸੀਂ ਸਾਡੇ ਤੌਂਖਲੇ
ਤਿਲਾਂ ਦੀ ਪੂਲੀ ਵਾਗੂੰ ਝਾੜ ਸੁੱਟੀਟੇ
ਹਿਜ਼ਰੋ ਗ਼ਮ ਦੀ ਅਲੁਹਣੀ ਛੱਡ
ਮਹੁੱਬਤਾਂ ਦੀ ਕਵਿਤਾ ਲਿਖੀਏ

ਅਸੀਂ ਖੁਦ ਨੂੰ ਮਰਦੂਦ ਕਰੀਏ
ਅਪਣਾ ਵਜੂਦ ਦੂਜੇ ਚੋਂ ਤਲਾਸ਼ੀਏ
ਚਲ ਆਪਾਂ
ਅਪਣੇ ਤੋਂ ਪਾਰ ਚੱਲੀਏ।
09/04/15

 

ਹਸ਼ਰ
ਪਲਵਿੰਦਰ ਸਿੰਘ ਸੰਧੂ

ਤੇਰੇ ਸ਼ਹਿਰ ਅੰਦਰ ਸੂਰਜ ਹੁਣ
ਅਛੋਪਲੇ ਜੇ ਨਈਂ ਚਲਾ ਜਾਂਦਾ
ਰਾਤ ਦੀ ਗੋਦ ਵਿਚ

ਤੇਰੇ ਸ਼ਹਿਰ ਦੀਆਂ ਕੰਕਰੀਟੀ ਜਗੀਰਾਂ
ਉਸਦੇ ਜਿਸਮ ਨੂੰ ਝਰੀਟ ਦਿੰਦੀਆਂ ਨੇ
ਪੱਛਿਆ ਹੋਇਆ ਲਹੂ ਸਿੰਮਿਆ ਪਿੰਡਾ
ਡਿੱਗ ਪੈਂਦਾ ਹੈ ਧੜੱਮ ਕਰਕੇ

ਕੁਦਰਤ ਦੀ ਕਾਦਰ ਨੂੰ
ਖਤਮ ਕਰਦਾ ਆਦਮੀ
ਖੁਦ ਮੌਤ ਵੱਲ ਸਰਕ ਰਿਹਾ ਪਲ ਪਲ

ਪਹਿਲਾਂ ਵਰਗਾ ਕੁਝ ਵੀ ਤੇ ਨਹੀਂ
ਹੁਣ ਬੰਦਾ ਪਿਆਰ ਨਾਲ ਨਹੀਂ ਆਂਕਿਆ ਜਾਂਦਾ
ਵਸਤੂ ਉਸਦਾ ਕੱਦ ਦੱਸਦੀ ਹੈ

ਤੇਰੇ ਸ਼ਹਿਰ ਵਿਚ ਮੈਂ
ਬੇਗਾਨਾ ਹੀ ਨਹੀਂ ਪਛਾਣਹੀਣ ਵੀ ਹਾਂ
ਆਪਣੇ ਅਕਾਰ ਨੂੰ ਖੋਜਦਾ
ਗਵਾਚਿਆ ਹੋਇਆ ਪਰਛਾਵਾ

ਚਲ ਮੇਰਾ ਹਸ਼ਰ ਤਾਂ ਏਵੇ ਹੀ ਸੀ
ਪਰ ਤੇਰੇ ਸੁਪਨਿਆਂ ਦਾ ਅੰਤ ਵੀ
ਕੁਝ ਅਨੋਖਾ ਨਹੀਂ ਹੋਇਆ

ਹੁਣ ਮੈਂ ਬੇਨਾਮੀ ਕਬਰ ਹਾਂ
ਤੂੰ ਬੇਚੈਨ ਆਤਮਾ..............
07/04/15

 

ਭਗਤ ਸਿੰਘ
ਪਲਵਿੰਦਰ ਸਿੰਘ ਸੰਧੂ

ਭਗਤ ਸਿੰਘ ਸੁਣੀ ਇਕ ਵਾਰਤਾ ਤੂੰ
ਅਰਥ ਹੋਂਦ ਤੇਰੀ ਦਾ ਅਸੀਂ ਬਦਲਾ ਦਿੱਤਾ

ਜਿਥੇ ਚੁੰਮਿਆ ਰੱਸਾ ਤੂੰ ਫਾਂਸੀ ਵਾਲਾ
ਤਖ਼ਤ ਕਦੋਂ ਦਾ ਉਹ ਹਟਾ ਦਿੱਤਾ

ਦੇਸ਼ ਤੇਰੇ ਨੂੰ ਵੰਡ ਦੋਫਾੜ ਕਰਿਆ
ਤੈਨੂੰ ਪਤਾ ਨਹੀਂ ਕਿਸ ਹਿੱਸੇ ਪਾ ਦਿੱਤਾ

ਤੂੰ ਤੋੜਿਆ ਧਰਮ ਦੀਆਂ ਵਲਗਣਾਂ ਨੂੰ
ਅਸੀਂ ਤੈਨੂੰ ਹੀ ਧਰਮੀ ਬਣਾ ਦਿੱਤਾ

ਕੋਈ ਫੜਾਉਂਦਾ ਹੈ ਤੇਰੇ ਹੱਥ ਮਾਲਾ
ਕਿਸੇ ਤੈਨੂੰ ਅੰਮ੍ਰਿਤ ਛਕਾ ਦਿੱਤਾ

ਤੇਰੀ ਸੋਚ ਕੀ ਸੀ ਅਸੀ ਸੋਚਿਆ ਕੀ
ਤੈਨੂੰ ਵੈਲੀਆਂ ਵਰਗਾ ਦਿਖਾ ਦਿੱਤਾ

ਕਿਤਾਬ ਲਕੋ ਲਈ ਤੇਰੇ ਤੋਂ ਗਿਆਨ ਵਾਲੀ
ਪਿਸਤੌਲ ਚਲਾਕੀ ਨਾਲ ਤੈਨੂੰ ਫੜਾ ਦਿੱਤਾ

ਵਰਤੀ ਦਿੱਖ ਤੇਰੀ ਆਪਾਂ ਸਵਾਰਥਾਂ ਲਈ
ਕਦੇ ਪੱਗ ਬੰਨੀ ਕਦੇ ਟੋਪ ਪਾ ਦਿੱਤਾ

ਲੋਕ ਪੜ ਲੈਂਦੇ ਤਾਂ ਸ਼ਾਇਦ ਜਾਗ ਜਾਂਦੇ
ਕਿਤਾਬਾਂ ਤੇਰੀਆਂ ਨੂੰ ਵੀ ਨਾਲ ਜਲਾ ਦਿੱਤਾ

ਬੱਸ ਪੱਗਾਂ ਬੰਨ ਕੇ ਰੀਸ ਤੇਰੀ ਕਰਨ ਜੋਗੇ
ਅਸਲ ਭਗਤ ਤਾਂ ਅਸੀਂ ਲੁਕਾ ਦਿੱਤਾ

ਡਰ ਤੇਰੇ ਤੋਂ ਬਹੁਤਾ ਹੀ ਆਉਂਦਾ ਸੀ
ਘਰੋਂ ਕੱਢਿਆ ਤੇ ਚੌਂਕ ਚ ਲਾ ਦਿੱਤਾ

ਕ੍ਰਾਂਤੀ ਕੀ ਸੀ ਅਸੀਂ ਨੇ ਕੀ ਦੱਸੀ
ਭੰਬਲਭੂਸਿਆਂ ਦਾ ਦੌਰ ਚਲਾ ਦਿੱਤਾ

ਭਗਤ ਸਿੰਘ ਨਾ ਰਿਹਾ ਭਗਤ ਸਿੰਘ ਹੁਣ
ਭਗਤ ਸਿੰਘ ਤਾਂ ਕਦੋਂ ਗਵਾ ਦਿੱਤਾ
06/04/2015

 

ਕੰਮੀ
ਪਲਵਿੰਦਰ ਸਿੰਘ ਸੰਧੂ, ਪਟਿਆਲਾ

ਨਹੀਂ ਝੱਲ ਹੋਣੀ ਤੇਰੇ ਤੋਂ
ਕੋਲ਼ੇ ਹੋਈਆਂ ਅੱਖਾਂ ਦੀ ਤਾਬ
ਜਿਨ੍ਹਾਂ ਸੇਕੀ ਹੁੰਦੀ ਹੈ
ਸੈਂਕੜੇ ਸੁਪਨਿਆਂ ਦੀ ‘ਚਿਖਾ ‘
ਹਕੀਕਤੀ ਸਿਵਿਆਂ ਚ

ਬਿਆਈਆਂ ਪਾਟੇ ਹੱਥਾਂ ਦੀ ਮਹਿੰਦੀ
ਬੇਰੰਗੀ ਹੋ ਜਾਂਦੀ
ਸਰਦਾਰ ਦੇ ਘਰ ਦਾ ਗੰਦ ਹੂੰਝਦੀ

ਗੰਦਗੀ ਢੋਅਦੇ ਗੰਦੇ ਜਿਸਮ
ਧੋਤੇ ਲੋਕਾਂ ਦੀ ਮੈਲੀ ਨਜ਼ਰ ਨਾਲੋਂ
ਕਿਤੇ ਪਾਕ ਹੁੰਦੇ ਨੇ

ਸਾਲੀ ਕਮਜ਼ਾਤ ਦੀ ਬੋਲੀ
ਸਿੱਕਾ ਪਾਏ ਕੰਨਾਂ ਨੂੰ ਵੀ
ਚੀਰ ਜਾਂਦੀ ਗੋਲੀ ਨਾਲ

ਸਾਗ ਦੀ ਚੀਰਨੀ ਦਾ ਉਜਾੜਾ
ਸੱਧਰਾਂ ਦੇ ਚੀਰ ਹਰਨ ਨਾਲ
ਹੁੰਦਾ ਹੈ ਹਮੇਸ਼ਾ ਹੀ ਪੂਰਾ....

ਭੁਰਦੀਆਂ ਕੰਧਾਂ ਨੂੰ
ਹਿੰਮਤਾਂ ਦੀ ਤਲੀ ਦੇ ਕੇ
ਮਹਿਲਾਂ ਦੇ ਹਾਣ ਦਾ ਕਰਨਾ ਹੀ
ਅਸਲ ਸਿੱਦਕ ਹੁੰਦਾ ਹੈ

ਤੂੰ ਆਪਣੇ ਕੋਲ ਰੱਖ...
ਮਾਰਕਸ ਦਾ ‘ਫਲਸਫਾ’
ਏਂਗਲਜ਼ ਦੀ ‘ਵਾਰਤਾ’
ਮਾਉ ਦਾ ‘ਸੰਘਰਸ਼’
ਲੈਨਿਨ ਦੀ ‘ਕ੍ਰਾਂਤੀ’
ਗੋਬਿੰਦ ਦੀ ‘ਬੁੱਕਲ’

ਬਸ ਤੂੰ ਲੜਨ ਦੇ
ਲੜ ਕੇ ਮਰਨ ਦੇ
ਉਂਝ ਵੀ ਕਿਹੜਾ ਜਿਉਂਦੇ ਨੇ
ਸਦੀਆਂ ਤੋਂ ਗੁਲਾਮ ਉਮਰਾਂ ਵਾਲੇ
‘ਕੰਮੀ’
20/03/15

ਧੋਖਾ
ਪਲਵਿੰਦਰ ਸਿੰਘ ਸੰਧੂ, ਪਟਿਆਲਾ

ਤੇਰੇ ਭਰਮਾਉਣ ਦੀ ਕਲਾ ਵਿਚ
ਪਿਆਰ ਦੀ ਸੰਜੀਦਗੀ ਨਹੀਂ
ਛਲਾਵਾ ਹੈ ਹਵਸ ਦਾ
ਜੋ ਤੇਰੇ ਅੰਦਰ ਪਸਰਿਆ
ਮਹੁੱਬਤ ਦਾ ਭੁਲੇਖਾ ਰਹਿੰਦਾ ਹੈ ਸਿਰਜਦਾ

ਇਸ਼ਕ ਦੀ ਇਬਾਰਤ ਤੂੰ
ਫਰੇਬੀ ਦਰਦ ਦੀ ਸ਼ਿਆਹੀ ਨਾਲ
ਕਿੰਨੇ ਹੀ ਪਖੰਡੀ ਹੰਝੂ ਪਾ ਲਿਖੀ

ਮਨਫੀ ਅਹਿਸਾਸਾਂ ਦੀ ਵਾਰਤਾ
ਰਿਸ਼ਤਿਆਂ ਦੀ ਅਹਿਮੀਅਤ ਚ
ਵਕਤੀ ਮੋਹ ਭਰ ਦਿੰਦੀ ਹੈ
ਸਦੀਵੀ ਸ਼ਾਂਝ ਦਾ ਪ੍ਰਗਟਾਵਾ ਨਾ ਬਣਦੀ

ਹੁਣ ਤੋੜ ਦੇ ਅਪਣੇ ਦੁਆਲੇ ਵਲ਼ਿਆ
ਇਹ ਸ਼ਾਲੀਨ ਮਖੌਟਾ
ਜੋ ਕਦੀ ਨਹੀਂ ਜਾਣ ਦੇਵੇਗਾ ਤੈਨੂੰ ਤੇਰੇ ਤੱਕ

ਆਪਣੇ ਆਪ ਤੋਂ ਕੋਰਾ ਆਦਮੀ
ਵਲਵਲਿਆਂ ਦੇ ‘ਭੇਦ’
ਪ੍ਰਤੱਖ ਨਹੀਂ ਜਾਣਦਾ
ਜਿਥੇ ਹੁੰਦੀ ਹੈ ‘ਮਿਲਣ’ ਦੀ ਸਾਰਥਿਕਤਾ ।
20/03/15

 

ਔਰਤ ਦੀ ਤਾਸੀਰ
ਪਲਵਿੰਦਰ ਸਿੰਘ ਸੰਧੂ

ਜ਼ਿੰਦਗੀ ਦੇ ਬਿਖੜੇ ਰਾਹਾਂ ਦਾ ਸਫਰ
ਤੇਰਾ ਕਿਹੋ ਜਿਹਾ ਰਿਹਾ
ਜਦੋਂ ਤੂੰ ਫੁੱਟਦੀ ਪਹੁ ਵਰਗੇ ‘ਸੁਪਨੇ’
ਕਿਸੇ ਦੇ ਹਾਣ ਦੇ ਕਰਦੀ ਕਰਦੀ
ਭਰਮਾਂ ਵਿਚ ਗ੍ਰਹਿਸੀ ਗਈ।

ਟੁੱਟਦੇ ਸ਼ੰਕਿਆਂ ਦੀ
ਕਿੰਨੀ ਕੁ ਨਿਰਾਸਤਾ
ਕਿੰਨੀ ਕੁ ਵਿਆਕੁਲਤਾ
ਤੇਰੇ ਅੰਦਰ ਬਾਹਰ ਪਸਰ ਗਈ
ਸੰਘਣੀ ਧੁੰਦ ਵਾਗੂੰ।

ਦਰਦਾਂ ਦਾ ਕੋਰਾ
ਤੇਰੇ ਜ਼ਜਬਾਤੀ ਲਹੂ ਨੂੰ ਠਾਰਦਾ ਸੀ ?
ਜਾਂ ਤੂੰ ਅਪਣੇ ਜ਼ਬਤ ਰਾਂਹੀ
ਖੁਦ ਨੂੰ ਆਸ ਦੀ ਬੁਝਦੀ
ਧੂਣੀ ਅੱਗੇ ਸੇਕਦੀ ਰਹੀ

ਤੂੰ ਕੁਝ ਵੀ ਕਹਿ
ਤਰੇਲ ਹਮੇਸ਼ਾ ਰਹੀ ਹੈ ‘ਨਿਰਮਲ’
ਭਾਵੇਂ ਸਮੇਂ ਦਾ ਗੁਬਾਰ
ਕਿੰਨਾ ਵੀ ਹਯਾਤੀ ਦੇ ਅੰਬਰ ਤੇ ਛਾਇਆ ਰਹੇ

ਵਿਸ਼ਵਾਸ਼ਾਂ ਦੀ ਟੁੱਟ-ਭੱਜ
ਤੇਰੇ ਅੰਦਰ ਦੇ ਸਵੈ-ਭਰੋਸੇ ਨੂੰ
ਕਦੇ ਵੀ ਖੰਡਰਾਤ ਦਾ ਰੂਪ
ਨਹੀਂ ਦੇ ਸਕੀ।

ਤੂੰ ਸਿਰਜਣਾ ਨਹੀਂ
ਸਿਰਜਕ ਹੈ
ਜੋ ਜੀਵਨ ਦੇ ਪਿਆਰ ਨੂੰ
ਭਾਵਾਂ ਦੀ ਕੈਨਵਸ ਤੇ ਉਤਾਰਦੀ ਰਹੇਗੀ

ਤੇਰੇ ਅੰਦਰ ਵਗਦਾ
ਮੁਹੱਬਤੀ ਆਬਸ਼ਾਰ
ਕਦੇ ਵੀ ਨਹੀਂ ਮਰ ਸਕਦਾ

ਤੂੰ ਰਿਸ਼ਤਿਆਂ ਦੇ
ਕਿਸੇ ਨਾ ਕਿਸੇ ਰੂਪ ਵਿਚ
ਮੋਹ ਨੂੰ ਰੂਹ ਤੱਕ
ਲਿਜਾਂਦੀ ਰਹੇਗੀ
20/03/15

 

ਪਲਵਿੰਦਰ ਸਿੰਘ ਸੰਧੂ
ਖੋਜਾਰਥੀ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ
ਪੰਜਾਬੀ ਯੂਨੀਵਰਸਿਟੀ ,ਪਟਿਆਲਾ
ਮੋਬਾਇਲ -+919810914840
sandhupalwinder08@gmail.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com