WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਰੇਨੂ ਡਡਵਾਲ
ਫਗਵਾੜਾ

ਖੁਸ਼ੀਆਂ ਦੇ ਮੰਜਰ
ਰੇਨੂ ਡਡਵਾਲ , ਫਗਵਾੜਾ

ਖੁਆਬ ਜੋ ਮੋਏ ਜਿਉਂਦੇ ਕਰ ਦੇ,
ਖੁਸ਼ੀਆਂ ਦੇ ਕੁਝ ਤਾਂ ਮੰਜਰ ਦੇ !
ਵੱਸ ਵਿਚ ਕਾਸਿਦ ਜੇਕਰ ਤੇਰੇ,
ਮੁਹੱਬਤ ਦਾ ਖ਼ਤ ਤੂੰ ਘਰ ਘਰ ਦੇ !
ਹੌਸਲੇ ਬੜੇ ਬੁਲੰਦ ਜਰਾ ਤੂੰ,
ਉੜਨ ਲਈ ਪੰਛੀ ਨੂੰ ਪਰ ਦੇ !
ਰੁੱਖਾਂ ਸਦੀਵੀਂ ਫਲ ਹੀ ਦੇਣੇ,
ਤੂੰ ਫਿਰ ਚਾਹੇ ਜਿੰਨੇ ਪੱਥਰ ਦੇ !
ਮਹਿਲਾਂ ਦੇ ਨਾ ਖੁਆਬ ਦਿਖਾ,
ਦੇਣਾ ਹੈ ਤਾਂ ਅਸਲੋਂ ਘਰ ਦੇ !
ਬੁੱਝੇ ਚਹਿਰੇ ਵੀ ਖਿੜ ਜਾਵਣ,
ਮਿੱਠੜਾ ਕੋਈ ਜਾਦੂ ਮੰਤਰ ਦੇ !
ਸਦੀਆਂ ਦੀ ਪਿਆਸ ਨਾ ਮੁੱਕਦੀ,
ਪਲ ਦਾ ਸਹੀ ਕੋਈ ਸਾਗਰ ਦੇ !
22/08/16

ਆਖਰ ਕਿਉਂ
ਰੇਨੂ ਡਡਵਾਲ, ਫਗਵਾੜਾ

ਆਖਰ ਕਿਉਂ ?
ਮੈਨੂੰ ਹੀ ਪਰਖਿਆ ਜਾਂਦਾ
ਜਿੰਦਗੀ ਦੀ ਹਰ ਕਸੌਟੀ ਤੇ
ਕਿਉਂ ?
ਮੇਰਾ ਹੀ ਚਰਿਤਰ ਦੇਖਿਆ ਜਾਂਦਾ
ਮੇਰੇ ਪਹਿਰਾਵੇ ਤੋਂ
ਮੈਂ ਕਿਸ ਨਾਲ ਮਿਲਦੀ
ਕਿਸ ਤਰਾਂ ਮਿਲਦੀ
ਨਜ਼ਰਾ ਝੁਕਾਅ ਕੇ ਮਿਲਦੀ
ਜਾਂ ਨਜ਼ਰਾਂ ਮਿਲਾ ਕੇ ਮਿਲਦੀ
ਕਿਉਂ ਮੇਰੇ ਲਈ ਹੀ ਰੱਖਿਆ ਜਾਂਦਾ
ਅੰਬਾਰ ਸਵਾਲਾਂ ਦਾ
ਇਹ ਪਰਖ
ਇਹ ਫਰਕ
ਆਖਿਰ ਮੇਰੇ ਨਾਲ ਹੀ ਕਿਉਂ
ਆਖਿਰ ਕਿਉਂ ?
19/08/16

 

ਸੱਚੀ ਖੁਸ਼ੀਆਂ ਵੀ
ਰੇਨੂ ਡਡਵਾਲ , ਫਗਵਾੜਾ

ਕਦੇ ਕਦੇ ਉਦਾਸ ਹੁੰਦੀਆਂ ਨੇ.....

ਤੇਰੇ ਹਾਸਿਆਂ ਚ ਟੋਲਦੀ ਰਹੀ ਆਪਣੇ ਮੈਂ ਹਾਸੇ
ਰੋਸਿਆਂ ਤੇਰਿਆਂ ਨਾਲ ਵੀ ਭਰੇ ਮੈਂ ਦਿਲ ਦੇ ਕਾਸੇ
ਗਮਾਂ ਵਿੱਚ ਵੀ ਹਰ ਪਲ ਆਬਾਦ ਹੁੰਦੀਆਂ ਨੇ
ਸੱਚੀ ਖੁਸ਼ੀਆਂ ਵੀ ਕਦੇ ਕਦੇ ਉਦਾਸ ਹੁੰਦੀਆਂ ਨੇ ....

ਵਹਿੰਦੇ ਹੰਝੂਆਂ ਚ' ਤੇਰੀ ਤਸਵੀਰ ਵੇਖੀ ਏ
ਕਦਮਾਂ ਤੇਰਿਆਂ ਚ' ਆਪਣੀ ਤਕਦੀਰ ਵੇਖੀ ਏ,
ਯਾਦਾਂ ਤੇਰੀਆਂ ਮੇਰੇ ਦਿਨ ਦਾ ਅਗਾਜ਼ ਹੁੰਦੀਆਂ ਨੇ,
ਸੱਚੀ ਖੁਸ਼ੀਆਂ ਵੀ ਕਦੇ ਕਦੇ ਉਦਾਸ ਹੁੰਦੀਆਂ ਨੇ ....

ਕਿੱਕਰ ਦੇ ਰੁੱਖ ਵਾਂਗ ਜ਼ਿੰਦਗੀ ਹੰਢਾ ਰਹੀ ਹਾਂ,
ਕੰਡਿਆਂ ਨੂੰ ਗਲ ਲਾ ਫੁੱਲ ਵਰਸਾ ਰਹੀ ਹਾਂ,
ਆਸਾਂ ਤੇਰੀਆਂ ਹਨੇਰਿਆਂ ਚ ਧਰਵਾਸ ਹੁੰਦੀਆਂ ਨੇ
ਸੱਚੀ ਖੁਸ਼ੀਆਂ ਵੀ ਕਦੇ ਕਦੇ ਉਦਾਸ ਹੁੰਦੀਆਂ ਨੇ !
17/08/16

 

ਮਨ ਦੇ ਭਾਵ
ਰੇਨੂ ਡਡਵਾਲ , ਫਗਵਾੜਾ

ਮਨ ਦੇ ਭਾਵ
ਉਦੋਂ ਵੀ ਕਵਿਤਾ
ਦਾ ਰੂਪ ਲੈ ਲੈਂਦੇ
ਜਦ ਮਨ ਦੇ ਕਾਸੇ ਚ ਕਿਰਦੇ
ਤੇਰੇ ਹਾਸੇ ਕਰ ਜਾਂਦੇ
ਤ੍ਰਿਪਤ ਮੈਨੂੰ ਧੁਰ ਅੰਦਰ ਤੱਕ
ਤੇ ਜਦ ਤੇਰੀ ਉਦਾਸੀ ਕਰ ਜਾਂਦੀ
ਮੈਨੂੰ ਵੀ ਉਦਾਸ
ਤੋੜ ਦਿੰਦੀ ਜਦ ਜੀਉਣ
ਦੀ ਹਰ ਆਸ
ਮਨ ਦੇ ਭਾਵ
ਉਦੋਂ ਵੀ ਕਵਿਤਾ
ਦਾ ਰੂਪ ਲੈ ਲੈਂਦੇ
ਬਸ ਵਖਰਾ ਰੰਗ ਲੈ ਕੇ
ਆ ਜਾਂਦੀ ਮੇਰੇ ਰੁ-ਬਰੂ
ਤੇ ਮੈਂ ਇਹੋ ਸੋਚਦੀ
ਹਰ ਰੰਗ ਬਸ ਤੈਨੂੰ ਹੀ ਭਾਲਦੈ
ਬਸ ਤੈਨੂੰ ਹੀ ਮਾਣਦੈ !
21/07/16

ਕਵਿਤਾ
ਰੇਨੂ ਡਡਵਾਲ , ਫਗਵਾੜਾ

ਮੁਸ਼ਕਿਲ ਹੈ ਬੜਾ ਦਿਲ ਤੇ ਦਿਲ ਦੀ ਕਹਾਣੀ ਲਿਖਣਾ ,
ਵੱਗਦੇ ਹੋਏ ਪਾਣੀ ਤੇ ਹੋਵੇ ਜਿਵੇਂ ਕਦੇ ਪਾਣੀ ਲਿਖਣਾ !

ਕਿਤੇ ਤਾਂ ਹੋਵੇਗਾ ਉਲਝਿਆ ਜਿਹੜਾ ਭੁੱਲ ਗਿਆ ਉਹ ,
ਮੇਰੇ ਹਿੱਸੇ ਵਿੱਚ ਵੀ ਕੋਈ ਇੱਕ ਸ਼ਾਮ ਸੁਹਾਨੀ ਲਿਖਣਾ !

ਹੁਨਰ ਕੁਝ ਵੀ ਲਿਖਣ ਦਾ ਜੋ ਮਿਲ ਜਾਏ ਤੈਨੂੰ ਕਦੇ ,
ਭੁੱਲੀਂ ਨਾ ਇਸ਼ਕ ਨੂੰ ਅਸ਼ਕਾਂ ਦੇ ਸਮੁੰਦਰ ਦੀ ਰਵਾਨੀ ਲਿਖਣਾ !

ਦਿਲ ਚਾਹੇ ਜਦ ਵੀ ਤੇਰਾ ਫੋਲਣ ਨੂੰ ਦਿਲ ਕਦੇ ਆਪਣਾ ,
ਕਲਮ ਚੁੱਕ ਕੇ ਸਿਖ ਤੂੰ ਬਸ ਦਿਲ ਦੀ ਬਾਣੀ ਲਿਖਣਾ !

ਫਿਕਰਾਂ ਫਾਕਿਆਂ ਚ' ਲੰਘ ਜਾਂਦਾ ਜਦ ਬਚਪਨ ਸੋਹਣਾ ,
ਭੁੱਲ ਜਾਂਦੀ ਏ ਕੁਦਰਤ ਵੀ ਫਿਰ ਉਮਰੇ ਜਵਾਨੀ ਲਿਖਣਾ !
07/007/16

ਬਦਲਦੀਆਂ ਹਵਾਵਾਂ
ਰੇਨੂ ਡਡਵਾਲ , ਫਗਵਾੜਾ

ਹਵਾਵਾਂ ਵੀ ਹੁਣ ਬਦਲ ਰਹੀਆਂ
ਕਲ ਕੁਝ ਹੋਰ ਸੀ
ਅੱਜ ਵੱਖ ਜਿਹੀਆਂ ਕੁਝ ਹੋ ਰਹੀਆਂ
ਕਦੀ ਆਉਦੀਆਂ ਸਨ
ਲੈ ਸੁੱਖਣ ਸੁਨੇਹਾ ਯਾਰਾਂ ਦਾ
ਪਾਸ ਉਨ੍ਹਾਂ ਦੇ ਆਵਣ ਦਾ
ਮੋਹ ਦੀਆਂ ਠੰਢਾਂ ਵਰਾਵਣ ਦਾ
ਮਿੱਠਾ ਜਿਹਾ ਅਹਿਸਾਸ ਕੋਈ
ਤਦ ਕਰਾਉਂਦੀਆਂ ਸਨ
ਨਾ ਯਾਰਾਂ ਦੀ ਹੁਣ ਐਸੀ ਯਾਰੀ ਰਹੀ
ਨਾ ਚੇਤੇ ਕੋਈ ਵੈਸੀ ਬਹਾਰ ਹੀ ਰਹੀ
ਹੁਣ ਤਾਂ ਸਾਜਿਸ਼ਾਂ ਚ ਲਗਣ ਇਹ ਹਵਾਵਾਂ ਵੀ
ਕਿਤੇ ਇੱਕ ਦੂਏ ਦੇ ਸਿਰ ਪੰਡ ਧਰਦੀਆਂ ਜਾਪਣ
ਇਲਜ਼ਾਮਾਂ ਦੀ
ਕੌਣ ਜਾਣੇ ਕਿਉਂ ਇਹ ਹਵਾਵਾਂ ਵਗਦੀਆਂ
ਕਿਤੇ ਵਾਂਗ ਮਿੱਠੀਆਂ ਪੌਣਾਂ
ਤੇ ਕਿਤੇ ਵਗ ਰਹੀਆਂ ਵਾਂਗ ਹਨੇਰੀਆਂ ਦੇ
ਸਮੇਂ ਦੇ ਨਾਲ ਹਵਾਵਾਂ ਵੀ ਬਦਲ ਰਹੀਆਂ
ਵਾਂਗ ਵਫਾਵਾਂ ਹੀ
ਸੱਚਮੁੱਚ ਕਲ ਕੁਝ ਹੋਰ ਸੀ
ਅੱਜ ਕੁਝ ਹੋਰ ਹੋ ਰਹੀਆਂ
ਇਹ ਹਵਾਵਾਂ ਵੀ ।।
14/05/16

 

ਨਹੀਂ ਹੋਣੇ
ਰੇਨੂ ਡਡਵਾਲ , ਫਗਵਾੜਾ

ਆਦਮੀ ਦੇ ਆਦਮੀ ਨਾਲ ਛਲ ਨਹੀਂ ਹੋਣੇ ,
ਜੋ ਹਨੇਰੇ ਅੱਜ ਹਨ ਉਹ ਕਲ ਨਹੀਂ ਹੋਣੇ I
ਸਿੱਖਣਾ ਪੈਣਾ ਸਾਨੂੰ ਹੀ ਚੱਲਣਾ ਠੀਕ ਤਰ੍ਹਾਂ ,
ਜ਼ਿੰਦਗੀ ਦੇ ਰਾਹ ਕਦੇ ਸਮਤਲ ਨਹੀਂ ਹੋਣੇ I
ਦਾਇਰਾ ਸਮਝ ਤੇਰੀ ਦਾ ਸੁਲਝਾਏ ਜਾ ਇਸਨੂੰ ,
ਸਵਾਲ ਆਪਣੇ ਕਦੀ ਦੂਸਰੇ ਤੋਂ ਹਲ ਨਹੀਂ ਹੋਣੇ I
ਅੱਖਰਾਂ ਨਾਲ ਜੁੜ ਜਾਣਾ ਸ਼ਬਦਾਂ ਨੇ ਜਦ ਕਦੀ,
ਗਿਆਨ ਦੇ ਅੰਬਰੀਂ ਫਿਰ ਬੱਦਲ ਨਹੀਂ ਹੋਣੇ I
ਹੱਕਾਂ ਲਈ ਲੜਣਾ ਜਦ ਸਿਖ ਗਏ ਸਾਰੇ ,
ਹੋਣਗੇ ਗਰੀਬ ਭਾਵੇਂ ਪਰ ਨਿਰਬਲ ਨਹੀਂ ਹੋਣੇ I
ਡੂੰਘੇ ਪਾਣੀ ਵੀ ਜੀਵਨਦਾਨ ਜਦ ਦੇਣ ਲਗਣ ,
ਪਾਣੀ ਵੱਗਦਾ ਰਹੂ ਫਿਰ ਦਲਦਲ ਨਹੀਂ ਹੋਣੇ I
15/04/16

ਭੁੱਲ ਜਾ ਮੈਨੂੰ
ਰੇਨੂ ਡਡਵਾਲ , ਫਗਵਾੜਾ

ਤੇਰੇ ਲਈ ਕਿੰਨਾ ਸੌਖਾ ਸੀ
ਕਹਿ ਜਾਣਾ
ਭੁੱਲ ਜਾ ਮੈਨੂੰ !
ਮੈਂ ਵੀ ਭੁੱਲ ਗਿਆ ਸਭ ਕੁਝ
ਪਰ ਸੱਚ ਦਸੀਂ ....
ਸੌਖਾ ਕਿਤੇ ਵਿਸਾਰ ਦੇਣਾ
ਉਨ੍ਹਾਂ ਰਸਮਾਂ ਨੂੰ !
ਪਿਆਰ ਚ ਦਿਤੀਆਂ
ਉਨ੍ਹਾਂ ਕਸਮਾਂ ਨੂੰ !
ਜੋ ਸੀ ਉਮਰ ਭਰ
ਸਾਥ ਨਿਭਾਉਣ ਦੀਆਂ !
ਦੁੱਖ ਸੁੱਖ ਵੰਡਾਉਣ ਦੀਆਂ !
ਦਸ ਫਿਰ ਕਿੰਝ ਭੁੱਲ ਜਾਵਾਂ....
ਦਿਲ ਚ ਵਸੀ ਤੇਰੀ ਮੁਹੱਬਤ ,
ਅੱਖਾਂ ਚ ਸਮਾਈ ਤੇਰੀ ਸੂਰਤ ,
ਦੁਨੀਆ ਨੂੰ ਭੁਲਾ ਬੈਠੀ ਸੀ !
ਐਸੀ ਉਹ ਤੇਰੀ ਚਾਹਤ ,
ਦਸ ਫਿਰ ਕਿੰਝ ਭੁੱਲ ਜਾਵਾਂ !
10/04/16

 

ਜੇ ਸੱਚਮੁੱਚ
ਰੇਨੂ ਡਡਵਾਲ , ਫਗਵਾੜਾ

ਜੇ ਸੱਚਮੁੱਚ
ਚੁੱਪੀ ਬੋਲਦੀ ਹੈ
ਫਿਰ ਤਾਂ ਇਹ ਚੁੱਪ
ਜੋ ਤੇਰੇ ਮੇਰੇ ਵਿਚਾਲੇ
ਆ ਬਹਿ ਗਈ ਏ
ਸੁਣਦੈ ਹੋਣਾ ਤੇ
ਸਮਝਦਾ ਵੀ ਹੋਣਾ ਤੂੰ
ਕੀ ਸਾਡੇ ਵਿੱਚ ਦੀ ਇਹ
ਚੁੱਪੀ ਅੱਜ ਵੀ ਹੈ ਗਵਾਹ
ਸਾਡੇ ਪਿਆਰ ਦੀ
ਪਿਆਰ ਵਿੱਚ ਖਾਧੀ
ਕਿਸੇ ਕਸਮ ਦੀ
ਕੋਲ ਕਰਾਰ ਦੀ ??
ਜੇ ਹਾਂ ਸੱਚੀ ਤੂੰ ਵੀ ਸਮਝ ਰਿਹਾ
ਇਸ ਨੂੰ ਫਿਰ ਨਾ ਲਾ ਦੇਰਾਂ
" ਆ ਜਾ ਬਸ ਆ ਜਾ "
ਇਸ ਤੋਂ ਵੱਧ ਬੋਲ ਕੇ ਦੱਸਣ ਨਾਲੋਂ
ਤਾਂ ਫੇਰ ਚੁੱਪੀ ਹੀ ਸਹੀ ਹੈ ।।।
04/04/16

ਜੋ ਲੋਕ
ਰੇਨੂ ਡਡਵਾਲ , ਫਗਵਾੜਾ

ਦਰਦਾਂ ਨੂੰ ਦਿਲ ਆਪਣੇ ਵਿੱਚ ਜਰ ਜਾਂਦੇ ਨੇ ਜੋ ਲੋਕ ,
ਚੁੱਪ ਰਹਿਕੇ ਹੌਲੀ ਹੌਲੀ ਇੰਝ ਹੀ ਮਰ ਜਾਂਦੇ ਨੇ ਉਹ ਲੋਕ !

ਦਿਨ ਚੜਦੇ ਹੀ ਰੱਬ ਨੂੰ ਪੂਜਣ ਲਗ ਜਾਂਦੇ ਨੇ ਜੋ ਲੋਕ ,
ਆਕੇ ਸਭ ਕਾਲੇ ਧੰਦਿਆਂ ਵਿੱਚ ਲੱਗ ਜਾਂਦੇ ਨੇ ਉਹ ਲੋਕ !

ਵੱਡੀਂਆ ਵੱਡੀਆ ਗੱਲਾ ਅਕਸਰ ਕਰ ਜਾਂਦੇ ਨੇ ਜੋ ਲੋਕ ,
ਅਕਸ ਆਪਣੇ ਤੋਂ ਸਿਆਹ ਰਾਤਾਂ ਨੂੰ ਡਰ ਜਾਂਦੇ ਨੇ ਉਹ ਲੋਕ !

ਰਾਹਾਂ ਵਿੱਚ ਦਿਨ ਫੁੱਟਪਾਥਾਂ ਤੇ ਰਾਤਾਂ ਕੱਟ ਜਾਂਦੇ ਨੇ ਜੋ ਲੋਕ,
ਸਫਰੇ ਜ਼ਿੰਦਗੀ ਹੱਸਦਿਆਂ ਤੈਅ ਕਰ ਜਾਂਦੇ ਨੇ ਉਹ ਲੋਕ !

ਕਰਨ ਕਮਾਈਆਂ ਪਾਰ ਸਮੁੰਦਰ ਭੱਜ ਜਾਂਦੇ ਨੇ ਜੋ ਲੋਕ ,
ਕੁਝ ਨੀ ਰੱਖਿਆ ਬਾਹਰ,ਜਾਂਦਿਆਂ ਕਹਿ ਜਾਂਦੇ ਨੇ ਉਹ ਲੋਕ !

ਪੜ ਲਿਖ ਕੇ ਵੀ ਅਕਲਾਂ ਬਾਝੋ ਵਾਂਝੇ ਹੋ ਜਾਂਦੇ ਨੇ ਜੋ ਲੋਕ ,
ਰੇਨੂੰ ਕੀ ਜਾਣੇ ਕਿੱਥੋ ਆਉਂਦੇ ,ਕਿਧਰ ਨੂੰ ਜਾਂਦੇ ਨੇ ਇਹ ਲੋਕ !
21/03/16

ਕਵਿਤਾ
ਰੇਨੂ ਡਡਵਾਲ , ਫਗਵਾੜਾ

ਹਸਰਤਾਂ ਦੀ ਕਲੀ ਖਿੜੀ ਸੀ ਜੋ ਦਿਲ ਦੇ ਵਿਹੜੇ,
ਸੇਕ ਗਮਾਂ ਦਾ ਪਿਆ ਐਸਾ ਕਿ ਕੁਮਲਾ ਕੇ ਰਹਿ ਗਈ !
ਹਵਾਵਾਂ ਨੇ ਵੀ ਮੋੜਿਆ ਮੁੱਖ ਮੈਥੋਂ ਕੁਝ ਇਸ ਤਰ੍ਹਾਂ,
ਮੋੜਿਆਂ ਨਾ ਮੁੜਦੇ ਕਦੇ ਸਾਹ ਜਾਂਦਿਆਂ ਕਹਿ ਗਈ ।
ਦਿਲ ਦੇ ਅਰਮਾਨਾਂ ਦਾ ਕਤਲ ਕੀਤਾ ਜੋ ਬੇ-ਦਰਦੀ,
ਹੱਸਦਿਆਂ ਹੱਸਦਿਆਂ ਦੁੱਖ ਜਿੰਦੜੀ ਦੇ ਸਹਿ ਗਈ !
ਤਲੀਆਂ ਤੇ ਲਾਈ ਸੀ ਬੜੇ ਹੀ ਚਾਅਵਾਂ ਨਾਲ ਜੋ,
ਰੰਗਲੀ ਮਹਿੰਦੀ ਹੰਝੂਆਂ ਦੇ ਨਾਲ ਹੀ ਵਹਿ ਗਈ !
ਸੁਪਨਿਆਂ ਚ ਹਰ ਵੇਲੇ ਰੇਨੂੰ ਭਰਦੀ ਰਹੀ ਉਡਾਰੀਆਂ,
ਟੁੱਟੇ ਖਵਾਬ ਤਾਂ ਠਾਹ ਕਰਕੇ ਅੰਬਰੋਂ ਵੀ ਲਹਿ ਗਈ !
13/03/16

" ਕੁੱਝ ਤਾਂ ਹੈ "
ਰੇਨੂ ਡਡਵਾਲ , ਫਗਵਾੜਾ

ਜਦ ਵੀ ਤੈਨੂੰ ਚੁੱਪ ਵੇਖਦੀ ਹਾਂ
ਮੇਰੇ ਅੰਦਰ ਕੋਈ ਤੂਫ਼ਾਨ ਜਿਹਾ ਉੱਠਦਾ
ਇੰਝ ਹੁੰਦਾ ਮਹਿਸੂਸ
ਜਿਵੇ ਤੇਰੀ ਚੁੱਪੀ
ਮੈਨੂੰ ਅਵਾਜ਼ਾਂ ਮਾਰ ਰਹੀ ਹੈ
ਦੂਰ ਹੋ ਕੇ ਵੀ ਮੈਂ
ਪਲ ਵਿੱਚ ਪਹੁੰਚ ਜਾਂਦੀ ਹਾਂ
ਤੇਰੇ ਕੋਲ ਸੁਣਨ ਲਈ
ਉਹ ਸਭ ਜੋ ਤੇਰੀ
ਚੁੱਪੀ ਪਿੱਛੇ ਲੁੱਕਾ ਰੱਖਿਆ ਹੈ

ਤੂੰ ਮੇਰੇ ਲਈ
ਸੱਚਮੁੱਚ ਕੁੱਝ ਤਾਂ ਹੈ
ਵਿਚਾਲੇ ਤੇਰੇ ਮੇਰੇ
ਖਿੱਚ ਹੈ , ਪਿਆਰ ਹੈ
ਜਾ ਕੁੱਝ ਹੋਰ
ਲੱਭ ਰਹੀ ਹਾਂ
23/01/2016

 

ਵੱਡੀ ਗੱਲ
ਰੇਨੂ ਡਡਵਾਲ , ਫਗਵਾੜਾ

ਦੁੱਖਾਂ ਨੂੰ ਦਬਾਅ ਮੁਸਕੁਰਾਉਣਾ ਵੱਡੀ ਗੱਲ ਏ ,
ਵਕਤ ਪਏ ਕੰਮ ਕਿਸੇ ਦੇ ਆਉਣਾ ਵੱਡੀ ਗੱਲ ਏ !

ਰਾਹ ਜਦ ਲੱਗ ਜਾਵਣ ਵਧਾਉਣ ਦੂਰੀਆਂ ,
ਸਾਥ ਕਿਸੇ ਦਾ ਮਿਲ ਜਾਣਾ ਵੱਡੀ ਗੱਲ ਏ !

ਢਿੱਡ ਵਿੱਚ ਰੱਖਣਾ ਦੰਦ ਬੁਰਾ ਹੀ ਹੁੰਦਾ ,
ਪਰ ਦੰਦ ਖੁੱਲ੍ਹ ਕੇ ਦਿਖਾਉਣਾ ਵੱਡੀ ਗੱਲ ਏ !

ਡਰਾਉਣ ਜਦੋ ਲੱਗਜੇ ਹਨੇਰਾਂ ਮੋਈਆਂ ਰੀਝਾਂ ਦਾ ,
ਇੱਕ ਦੀਵਾ ਆਸ ਦਾ ਜਲਾਉਣਾ ਵੱਡੀ ਗੱਲ ਏ !

ਗੱਲ ਗੱਲ ਤੇ ਹੰਝੂ ਡੋਲਦਾ ਜੋ ਰਹੇ ਸਦਾ ,
ਕਦੇ ਗਲ ਲਾ ਉਸਨੂੰ ਹਸਾਉਣਾ ਵੱਡੀ ਗੱਲ ਏ !

ਵੱਡਾ ਉਹ ਨੀ ਜੋ ਗੱਲ ਹੀ ਕਰੇ ਵੱਡੀ ਸਦਾ ,
ਗੱਲਾਂ ਨਾਲੋਂ ਕੁੱਝ ਕਰਕੇ ਦਿਖਾਉਣਾ ਵੱਡੀ ਗੱਲ ਏ !

ਵਾਅਦਾ ਕਰਨ ਵਾਲੇ ਤਾਂ ਬਹੁਤ ਮਿਲ ਜਾਦੇ ,
ਪਰ ਵਾਅਦਾ ਕਰਕੇ ਨਿਭਾਉਣਾ ਇਕ ਵੱਡੀ ਗੱਲ ਏ !
20/01/16

 

" ਅਹਿਸਾਸ ਦਿਲ ਦੇ "
ਰੇਨੂ ਡਡਵਾਲ , ਫਗਵਾੜਾ

ਬੁੱਲਾ ਹਵਾ ਦਾ ਕਹਾਣੀ ਕੋਈ ਮੌਸਮਾਂ ਦੀ ਕਹਿ ਗਿਆ,
ਰੂਪ ਬਦਲਿਆ ਵੇਖ ਦਿਲ ਵੀ ਠੱਗਿਆ ਰਹਿ ਗਿਆ !

ਸਾਥ ਟਹਿਣੀ ਦਾ ਜੋ ਮਿਲਿਆ ਨਾਜ਼ੁਕ ਫੁੱਲ ਵੀ ਕੋਈ,
ਤੇਜ਼ ਹਵਾਵਾਂ ਦੀ ਮਾਰ ਨੂੰ ਪਿੱਠ ਤੇ ਫਿਰ ਸਹਿ ਗਿਆ !

ਅਹਿਸਾਸ ਤੇਰਾ ਜੋ ਧੜਕਦਾ ਰਿਹਾ ਦਿਲ ਵਿੱਚ ਮੇਰੇ,
ਬਣਿਆ ਜੋ ਪਾਣੀ ਤਾਂ ਹੰਝੂ ਅੱਖਾਂ ਰਾਹੀ ਵਹਿ ਗਿਆ !

ਰਾਹੀਂ ਰਾਹੀਂ ਭਟਕਦਾ ਰਿਹਾ ਬਣ ਜੋ ਪਰਿੰਦਾ ਪਿਆਰ ਦਾ,
ਬਦਲਦੇ ਮੌਸਮਾਂ ਵਾਂਗ ਹੀ ਮਹਿਲ ਦਿਲ ਦਾ ਵੀ ਢਹਿ ਗਿਆ !

ਸੰਗ ਸੰਗ ਚਲਦਾ ਸੀ ਜੋ ਨਾਲ ਹਰ ਕਦਮ ਮੇਰੇ,
"ਜਾ ਆਪਣੇ ਰਾਹੀਂ ਤੂੰ " ਜਾਂਦਾ ਹੋਇਆ ਕਹਿ ਗਿਆ !

ਮੇਰੇ ਲਈ ਜੋ ਦੁਨੀਆ ਸਾਰੀ ਭੁੱਲਣ ਨੂੰ ਕਹਿੰਦਾ ਸੀ,
ਇੱਕ ਦਿਨ ਦੁਨੀਆ ਲਈ "ਰੇਨੂ" ਮੈਨੂੰ ਹੀ ਭੁੱਲ ਬਹਿ ਗਿਆ !
15/01/16

 

ਗੱਲ ਮੇਰੇ ਦਿਲ ਦੀ
ਰੇਨੂ ਡਡਵਾਲ , ਫਗਵਾੜਾ

ਗੱਲ ਸਿਰਫ ਤੈਨੂੰ ਪਾਉਣ ਦੀ ਹੀ ਨਹੀਂ ,
ਬਣ ਤੇਰੀ ਤੈਨੂੰ ਗਲ ਲਾਉਣ ਦੀ ਵੀ ਐ !

ਕਦ ਤੱਕ ਦੂਰੋਂ ਦੂਰੋਂ ਤਕਦੀ ਰਹਾਂ ਤੈਨੂੰ ,
ਗੱਲ ਤਾਂ ਤੈਨੂੰ ਦਿਲ ਚ ਵਸਾਉਣ ਦੀ ਵੀ ਐ !

ਗੱਲ ਤੇਰੇ ਨਾਲ ਰੁੱਸਣ ਮਨਾੳਣ ਦੀ ਹੀ ਨਹੀ ,
ਕਰ ਮਿੱਠੀਆਂ ਬਾਤਾਂ ਤੈਨੂੰ ਹਸਾਉਣ ਦੀ ਵੀ ਐ !

ਸਿੱਧੀਆਂ ਪੱਧਰੀਆਂ ਗੱਲਾਂ ਕਰਦਿਆਂ ਕਰਦਿਆਂ,
ਗੱਲ ਤਾ ਸ਼ਰਾਰਤਾਂ ਕਰ ਤੈਨੂੰ ਸਤਾਉਣ ਦੀ ਵੀ ਐ !

ਗੱਲ ਰਾਤਾਂ ਨੂੰ ਕੱਲੇ ਜਾਗਣ ਦੀ ਹੀ ਨਹੀ ,
ਤੇਰੇ ਨਾਲ ਸੌਹਣੇ ਸੁਪਨੇ ਸਜਾਉਣ ਦੀ ਵੀ ਐ !

ਔਖੇ ਸੌਖੇ ਰਾਹਾਂ ਤੇ ਚੱਲਾ ਸਦਾ ਨਾਲ ਤੇਰੇ,
ਗੱਲ ਤਾ ਤੇਰੇ ਸੰਗ ਜ਼ਿੰਦਗੀ ਬਿਤਾਉਣ ਦੀ ਵੀ ਐ !
11/01/2016

 

ਦਿਲ ਦੀ ਬੰਜਰ ਧਰਤੀ
ਰੇਨੂ ਡਡਵਾਲ , ਫਗਵਾੜਾ

ਦਿਲ ਦੀ ਬੰਜਰ ਧਰਤੀ ਤੇ ,
ਮਿਲਦਾ ਏ ਕਿਸੇ ਖਿੜੇ ਗੁਲਾਬ ਵਾਂਗ ਤੂੰ !
ਹਰ ਰੋਜ਼ ਵਿਛੜ ਜਾਉਦਾ ਏ ,
ਰਾਤਾਂ ਨੂੰ ਵੇਖੇ ਰੰਗਲੇ ਖਵਾਬ ਵਾਂਗ ਤੂੰ !
ਮੇਰੀ ਜਿੰਦ ਦੇ ਕੋਰੇ ਵਰਕੇ ਤੇ ,
ਛਪ ਗਿਆ ਬਣ ਕਿਤਾਬ ਵਾਂਗ ਤੂੰ !
ਮੇਰੇ ਵਿਚੋ ਵੇ ਤੂੰ ਸੁਣਦਾ ,
ਵੱਜੇ ਮਰਦਾਨੇ ਦੇ ਰਬਾਬ ਵਾਂਗ ਤੂੰ !
ਅਕਸਰ ਜਾਪੇ ਮੈਨੂੰ ਸਜਿਆ ,
ਚਿਹਰੇ ਤੇ ਰੁਮਾਨੀ ਸ਼ਬਾਬ ਵਾਂਗ ਤੂੰ !
ਹਰ ਰੋਜ਼ ਉਤਰ ਜਾਉਦਾ ਏ ,
ਰਾਤਾਂ ਨੂੰ ਪੀਤੀ ਕਿਸੇ ਸ਼ਰਾਬ ਵਾਂਗ ਤੂੰ !
ਸਮਾਉਂਦਾ ਲੱਗੇ ਮੈਨੂੰ ਵਿੱਚ ਮੇਰੇ ,
ਹਰ ਪਲ ਡੂੰਘੇ ਚਨਾਬ ਵਾਂਗ ਤੂੰ !
ਕਿਉਂ ਫਿਰ ਉਲਝਾਈ ਰੱਖਦਾ ਏ ,
ਹਿਸਾਬ ਦੇ ਔਖੇ ਕਿਸੇ ਸਵਾਲ ਵਾਂਗ ਤੂੰ !
08/01/16

 

ਮਾਏ ਨੀ ਮਾਏ ਇਹ
ਰੇਨੂ ਡਡਵਾਲ , ਫਗਵਾੜਾ

ਕਿਸ ਜੋਗੀ ਆਣ ਦਰ ਖੜਕਾਇਆ
ਗ਼ਮਾਂ ਵਿੱਚ ਰੁਲਦੀ ਵੇਖ ਵਰਿਆ ਤੋਂ
ਕਿਸ ਪਿਆਰ ਦਾ ਅਲਖ ਜਗਾਇਆ
ਟੁੱਟੇ ਸੁਪਨਿਆਂ ਨੂੰ ਜੋੜਨ ਖਾਤਰ
ਇਹ ਕਿਸ ਆ ਕੇ ਭਾਗ ਜਗਾਇਆ
ਮਾਏ ਨੀ ਮਾਏ ਇਹ.... .

ਦੇਖ ਨੀ ਅੰਮੀਏ ਉਹ ਤਾਂ ਨਹੀਂ
ਉਡੀਕਾਂ ਵਿੱਚ ਜਿਸਦੀ ਮੈਂ
ਅੱਖੀਆਂ ਰਾਹਾਂ ਤੇ ਲਾਈਆਂ
ਜਿਸ ਨੂੰ ਮੰਗਦੀ ਨੇ ਹਰਪਲ
ਔਸੀਆਂ ਨੀ ਮੈਂ ਪਾਈਆਂ
ਲਗਦਾ ਰੱਬ ਨੇ ਮੇਲ ਮਿਲਾਏ
ਤਾਂਹੀਓ ਚੇਤਾ ਮੇਰਾ ਉਸਨੂੰ ਆਇਆ
ਮਾਏ ਨੀ ਮਾਏ ਇਹ .....

ਕਿਸ ਜੋਗੀ ਆਣ ਦਰ ਖੜਕਾਇਆ...
ਦੇਖੀਂ ਅੰਮੀਏ ਓਹੀਓ ਹੈ ਜੇ
ਬੂਹ੍ਹੇ ਤੇਲ ਚੋ' ਉਸ ਨੂੰ ਅੰਦਰ ਵਾੜੀ
ਵੰਡਾਗੀ ਲੱਡੂ ਘਰ ਘਰ ਜਾ ਕੇ
ਹੋਇਆ ਜੇ ਮੇਰੇ ਦਿਲ ਦਾ ਹਾਣੀ
ਫੁੱਲ ਪਿਆਰਾਂ ਦਾ ਖਿੜੇਗਾ ਵਿਹੜੇ
ਲਗਦਾ ਵਕਤ ਹੈ ਖੁਸ਼ੀਆਂ ਦਾ ਆਇਆ
ਮਾਏ ਨੀ ਮਾਏ ਇਹ
ਕਿਸ ਜੋਗੀ ਆਣ ਦਰ ਖੜਕਾਇਆ...
30/12/15

ਇਸ਼ਕੇ ਦਾ ਅਹਿਸਾਸ
ਰੇਨੂ ਡਡਵਾਲ , ਫਗਵਾੜਾ

ਇਸ਼ਕੇ ਦਾ ਅਹਿਸਾਸ ਜਗਾਉਣ ਲਗ ਗਿਆ ਏ ਤੂੰ
ਮੈਨੂੰ ਮੈਥੋ ਹੀ ਚੁਰਾਉਣ ਲਗ ਗਿਆ ਏ ਤੂੰ !

ਪਿਆਰ ਤੇਰੇ ਦਾ ਸਰੂਰ ਛਾ ਰਿਹਾ ਕੁੱਝ ਇਸ ਤਰ੍ਹਾਂ
ਹੁਣ ਹਰ ਜਗ੍ਹਾ ਨਜ਼ਰ ਆਉਣ ਲਗ ਗਿਆ ਏ ਤੂੰ !

ਬਿਨਾਂ ਤੇਰੇ ਵਿਰਾਨ ਖੰਡਰ ਸੀ ਇਹ ਜਿੰਦਗੀ ਮੇਰੀ
ਆ ਖੁਸ਼ੀਆਂ ਦੇ ਫੁੱਲ ਖਿੜਾਉਣ ਲਗ ਗਿਆ ਏ ਤੂੰ !

ਮਹਿਸੂਸ ਹੁੰਦੀ ਏ ਤੇਰੀ ਹੀ ਖੁਸ਼ਬੂ ਹਰ ਥਾਂ ਹੁਣ ਤਾਂ
ਇੰਝ ਸਾਹਾਂ ਵਿੱਚ ਸਮਾਉਣ ਲਗ ਗਿਆ ਏ ਤੂੰ !

ਰਾਹ ਚਲਦਿਆਂ ਅਕਸਰ ਹੁੰਦਾ ਭਰਮ ਇਹ
ਬਣ ਪਰਛਾਵਾ ਨਾਲ ਕਦਮ ਵਧਾਉਣ ਲਗ ਗਿਆ ਏ ਤੂੰ !

ਰੱਬ ਜਾਣੇ ਕਿਹੜੀਆਂ ਡੋਰਾਂ ਚ ਬੰਨ ਲਿਆ ਏ
ਰੇਨੂ ਨੂੰ ਵੀ ਆਪਣੀ ਦੀਵਾਨੀ ਬਣਾਉਣ ਲਗ ਗਿਆ ਏ ਤੂੰ !
21/12/15

ਮੇਰੀ ਰੂਹ
ਰੇਨੂ ਡਡਵਾਲ , ਫਗਵਾੜਾ

ਮੇਰੀ ਰੂਹ ਦੇ ਸਕੂਨ ਦੀ ਭਟਕਨ ਏ ਤੂੰ ,
ਦਿਲ ਮੇਰੇ ਵਿੱਚ ਚਲਦੀ ਧੜਕਨ ਏ ਤੂੰ !
ਬੁੱਝ ਕੇ ਵੀ ਜੋ ਬੁੱਝੀ ਨਾ ਉਹ ਪਿਆਸ ਏ ਤੂੰ ,
ਕੀਤਾ ਜੋ ਮਹਿਸੂਸ ਉਹ ਅਹਿਸਾਸ ਏ ਤੂੰ !
ਉਮਰਾਂ ਦੀ ਕੀਤੀ ਇੱਕ ਤਲਾਸ਼ ਏ ਤੂੰ ,
ਜਗ ਸਾਰੇ ਵਿੱਚੋਂ ਮੇਰੇ ਲਈ ਖਾਸ ਏ ਤੂੰ !
ਦਿਲ ਨੇ ਜੋ ਚਾਹਿਆ ਉਹ ਪਿਆਰ ਏ ਤੂੰ ,
ਕਈ ਸਾਲਾਂ ਤੋਂ ਕੀਤਾ ਲੰਮਾਂ ਇੰਤਜ਼ਾਰ ਏ ਤੂੰ !
ਮੇਰੇ ਲਈ ਮੇਰੀ ਮੁਕੰਮਲ ਇੱਕ ਦੁਨੀਆ ਏ ,
ਤੇ ਮੇਰੀ ਪਿਆਰੀ ਜਿੰਦ-ਜਾਨ ਵੀ ਏ ਤੂੰ !
21/12/15

ਮੇਰਾ ਰਹਿਬਰ
ਰੇਨੂ ਡਡਵਾਲ , ਫਗਵਾੜਾ

ਆ ਤੂੰ ਵੀ ਕਦੇ ਮੇਰਾ ਰਹਿਬਰ ਬਣਕੇ ,
ਕਿੰਨਾ ਚਿਰ ਜੀਵਾਂ ਦਸ ਪੱਥਰ ਬਣਕੇ !
ਹਰ ਪਿਆਸ ਛੁਪਾ ਕੇ ਰੱਖੀ ਦਿਲ ਵਿੱਚ ਮੈਂ ,
ਹੁਣ ਮਿਲ ਵੀ ਜਾ ਤੂੰ ਮੈਨੂੰ ਸਾਗਰ ਬਣਕੇ !
ਹਰ ਵਾਰ ਮਿਲਿਆ ਤੂੰ ਬਣਕੇ ਗੈਰ ਮੈਨੂੰ ,
ਕਦੀ ਤਾਂ ਮਿਲ ਤੂੰ ਮੈਨੂੰ ਦਿਲਬਰ ਬਣਕੇ !
ਅੱਖਾਂ ਅੱਗੇ ਹੀ ਘੁੰਮਦਾ ਚਿਹਰਾ ਹਰਦਮ ,
ਕਦੇ ਆਇਆ ਸੀ ਜੋ ਮੇਰਾ ਮੁਕੱਦਰ ਬਣਕੇ !
ਤੜਫਦੀ ਨੇ ਤੱਕੀਆਂ ਜਿਸ ਦੀਆਂ ਰਾਹਾਂ ਅੱਜਤਕ ,
ਮਿਲਿਆ ਉਹੀ ਅੱਜ ਰਾਹਾਂ ਦੀ ਠੋਕਰ ਬਣਕੇ !
ਯਾਦ ਜਿਸਦੀ ਦਿੰਦੀ ਸੀ ਸਕੂਨ ਦਿਲ ਨੂੰ ,
ਖਿਆਲ ਉਸਦਾ ਰੜਕੇ ਹੁਣ ਛਿਲਤਰ ਬਣਕੇ !
14/12/15

ਗਲ ਸਾਲਾਂ ਦੀ ਨਹੀਂ
ਰੇਨੂ ਡਡਵਾਲ , ਫਗਵਾੜਾ

ਗਲ ਤਾਂ ਦਿਲ ਦੇ ਦਿਲ ਨਾਲ ਜੁੜੇ
ਰਿਸ਼ਤਿਆਂ ਦੀ ਸੀ
ਮੰਨਿਆ ਤੇਰਾ ਮੇਰਾ ਸਾਥ
ਚੰਦ ਕੁ ਸਾਲਾਂ ਦਾ ਸੀ
ਪਰ ਸੱਚ ਜਾਣੀ
ਇਹ ਸਾਲ ਨਹੀਂ
ਸਗੋਂ ਇਹਨਾਂ ਸਾਲਾਂ ਵਿੱਚ
ਜ਼ਿੰਦਗੀ ਤੇਰੇ ਨਾਂ ਕੀਤੀ ਹੈ ਮੈਂ
ਸਾਹਾਂ ਨੂੰ ਤੇਰੇ ਸਾਹਾਂ ਚ ਰਲਾ
ਆਪਣੀ ਮੁਹੱਬਤ ਤੇਰੇ ਨਾਂ ਕੀਤੀ ਹੈ ਮੈਂ
ਲੱਭਿਆ ਹੈ ਤੈਨੂੰ ਹਰ ਪਲ ਵਿੱਚ ਮੈਂ
ਤੇਰੇ ਸਾਥ ਲਈ ਤਰਸਿਆ ਹੈ
ਹਰ ਚਲਦਾ ਸਾਹ ਮੇਰਾ
ਤੇ ਤੂੰ ਅੱਜ ਮੇਰੀ ਮੁਹੱਬਤ ਨੂੰ
ਦਾਅ ਤੇ ਲਾ ਚੱਲਿਆ
ਦੁਨੀਆ ਦੀ ਚਕੋ ਚੌੱਦ ਵਿੱਚ
ਮੇਰੇ ਸਾਥ ਨੂੰ ਝੁਠਲਾ ਚੱਲਿਆ
ਬਹੁਤ ਫਾਸਲਾ ਹੈ
ਤੇਰੀ ਤੇ ਮੇਰੀ ਮੁਹੱਬਤ ਵਿੱਚ
ਜਿਸ ਦਿਨ ਇਹ ਫਾਸਲਾ
ਤੂੰ ਤੈਅ ਕਰ ਗਿਆ
ਉਹੀਓ ਦਿਨ ਮੁਹੱਬਤ
ਤੇਰੇ ਕਦਮਾਂ ਵਿੱਚ ਫਨਾ ਹੋ ਜਾਣੀ ....
10/12/15

ਅਜੀਬ ਇੱਕ ਸ਼ੋਰ ਹੈ ਕਿਤੇ
ਰੇਨੂ ਡਡਵਾਲ , ਫਗਵਾੜਾ

ਦੂਰ ਕੋਈ ਖਾਮੋਸ਼ ਹੈ ਕਿਤੇ !
ਹੋ ਰਿਹਾ ਜੋ ਅੱਜਕਲ ਕਿਉ,
ਜਾਪੇ ਪਹਿਲਾਂ ਹੋ ਗਿਆ ਕਿਤੇ !
ਜੋ ਹੈ ਹਮੇਸ਼ਾ ਅੰਦਰ ਤੇਰੇ ,
ਕਿਉਂ ਲੱਭ ਰਿਹਾ ਬਾਹਰ ਕਿਤੇ !
ਪਲ ਵੀ ਦੂਰ ਨਹੀਂ ਸੀ ਜੋ ,
ਲਗਦਾ ਹੁਣ ਚਲਾ ਗਿਆ ਕਿਤੇ !
ਹਾਲੇ ਦਿਲ ਹੈ ਅਜੀਬ ਬਹੁਤ ,
ਭੀੜ ਵਿੱਚ ਵੀ ਖੋਇਆ ਕਿਤੇ !
ਵਫਾ ਇਬਾਦਤ ਇਸ਼ਕ ਮੁਹੱਬਤ ,
ਸੁਣਿਆ ਅੱਜਕਲ ਗੁੰਮ ਹੈ ਕਿਤੇ !
04/12/15

ਸੂਹੇ ਫੁੱਲ ਸੱਧਰਾਂ ਦੇ
ਰੇਨੂ ਡਡਵਾਲ , ਫਗਵਾੜਾ

ਸੂਹੇ ਫੁੱਲ ਸੱਧਰਾਂ ਦੇ ,
ਕਹਿਰ ਬਹਾਰ ਢਾ ਗਈ !
ਪੀੜ ਅਵੱਲੀ ਹਿਜਰਾਂ ਦੀ ,
ਹੱਢਾਂ ਵਿੱਚ ਸਮਾ ਗਈ !
ਉਡਾਰ ਉੱਚੀ ਅੰਬਰਾਂ ਦੀ ,
ਧਰਤੀ ਤੇ ਲੜਖੜਾ ਗਈ !
ਰੀਝ ਧੀ ਵਿਆਹੁਣ ਦੀ ,
ਮਹਿੰਗਾਈ ਅੜਿਕੇ ਆ ਗਈ !
ਦੁਨੀਆ ਝੂਠੇ ਖਵਾਬਾਂ ਦੀ ,
ਨੀਂਦਰ ਹੀ ਉਡਾ ਗਈ !
ਦਿਲ ਦੇ ਬਾਗ ਸਜਾਉਂਦੀ ,
ਆਪਣਾ ਆਪ ਗਵਾ ਗਈ !
ਲਾਲਸਾ ਪੁੱਤਰ ਪਾਉਣ ਦੀ ,
ਅਣਜਨਮੀ ਧੀ ਮਰਵਾ ਗਈ !
30/11/15

 

" ਉਡੀਕ ਤੇ ਉਮੀਦ "
ਰੇਨੂ ਡਡਵਾਲ , ਫਗਵਾੜਾ

ਕਿੰਨੀ ਰਹਿੰਦੀ ਏ ਉਡੀਕ
ਤੇਰੇ ਆਉਣ ਦੀ !
ਆਪਣੇ ਅਹਿਸਾਸਾਂ ਦੀ ਮਾਲਾ
ਗੱਲ ਤੇਰੇ ਵਿੱਚ ਪਾਉਣ ਦੀ !
ਪਰੋਣ ਲਗ ਜਾਂਦੀ ਹਾਂ
ਤੰਦ ਸੁਫਨਿਆਂ ਦੇ !
ਦਿਨ ਚੜ੍ਹਣ ਦੇ ਨਾਲ ਹੀ
ਆਵੇਂਗਾ ਤੂੰ ਭੁੱਲ ਦੁਨੀਆ ਤੇ !
ਦੁਨੀਆ ਦੇ ਰਸਮੋ ਰਿਵਾਜ
ਅਪਨਾ ਮੈਨੂੰ ਤੇ ਮੇਰੀ ਹਰ ਕਮਜੋਰੀ
ਬਣਾ ਦੇਵੇਗਾ ਮੈਨੂੰ ਪੂਰੀ
ਪਰ ਪਰ ਪਰ
ਦਿਨ ਢਲਣ ਦੇ ਨਾਲ ਨਾਲ
ਜਦ ਨਜ਼ਰੋਂ ਦੂਰ ਹੁੰਦਾ ਜਾਂਦਾ
ਹਰ ਸੁਫਨਾ
ਤੇਰੇ ਆਉਣੇ ਦੀ ਉਮੀਦ ਦੀ ਲੋ
ਵੀ ਹੋਣ ਲਗਦੀ ਜਦ ਮਦੱਮ
ਫਿਰ ਉਡੀਕ ਤੇ ਉਮੀਦ
ਬਣ ਕੋਈ ਫਨੀਅਰ ਨਾਗ
ਡੱਸਣ ਲਗ ਜਾਂਦੇ
ਗੁੰਮ ਹੁੰਦਾ ਜਾਪਦਾ
ਮੈਨੂੰ ਆਪਣਾ ਆਪ
ਆਪਣੇ ਹੀ
ਇਕਲਾਪੇ ਦੇ ਰਨੇਰਿਆਂ ਵਿੱਚ
25/11/15

ਮੇਰੇ ਮੋਹ ਦੀ
ਰੇਨੂ ਡਡਵਾਲ , ਫਗਵਾੜਾ

ਮਿੱਠੀ ਗਿਰਫੱਤ ਚੋਂ
ਦਸ ਅੱਜ ਆਜਾਦ ਹੋਕੇ
ਕਿੰਝ ਲਗ ਰਿਹਾ
ਵੇਖ ਅੱਜ ਮੈਂ ਨਹੀਂ
ਤੂੰ ਨਹੀਂ ਤੇ ਨਾ ਹੀ ਹੈ
ਉਹ ਕੜੀ ਦਰਮਿਆਨ
ਤੇਰੇ ਤੇ ਮੇਰੇ

ਪਰ ਫਿਰ ਵੀ
ਕੁੱਝ ਨਾ ਹੋ ਕੇ ਵੀ
ਕਿਉਂ ਇਹ ਲਮਹਾ
ਮੈਨੂੰ ਤੇਰੇ ਕੋਲ ਹੀ
ਤੇਰੇ ਨਾਲ ਹੀ
ਪਿਆਰ ਦੀ ਗਲੱਵਕੜੀ
ਪਾਏ ਹੈ ਦਿਸ ਰਿਹਾ

ਸ਼ਾਇਦ ਪਿਆਰ ਦੀ
ਇਸ ਪਰਿਭਾਸ਼ਾ ਤੋ
ਅਨਜਾਨ ਰਹੀ ਹੁਣ ਤੱਕ
ਤੇ ਅੱਜ ਇਹ ਕਰਕੇ ਮਹਿਸੂਸ
ਸੱਚੀ ਬਹੁਤ ਯਾਦ ਆ ਰਿਹਾ
ਤੂੰ ਤੇ ਤੇਰਾ ਨਿੱਘਾ ਪਿਆਰ
21/11/15

 

ਨਾ ਕੋਈ ਕਸਮ
ਰੇਨੂ ਡਡਵਾਲ , ਫਗਵਾੜਾ

ਨਾ ਕੋਈ ਕਸਮ ਨਾ ਹੀ ਕੋਈ ਵਾਅਦਾ
ਫਿਰ ਵੀ ਦਿਲ ਮੇਰਾ ਬੇਕਰਾਰ ਕਿਉਂ !

ਨਾ ਕੋਈ ਖਵਾਹਿਸ਼ ਨਾ ਹੀ ਕੋਈ ਤਮੰਨਾ
ਫਿਰ ਹਰ ਆਹਟ ਤੇ ਤੇਰਾ ਇੰਤਜ਼ਾਰ ਕਿਉਂ !

ਹਰ ਪਲ ਰਹਿੰਦਾ ਪਰੇਸ਼ਾਨ ਇਹ ਦਿਲ
ਰੋਜ਼ ਮੰਗਦਾ ਏ ਤੇਰਾ ਹੀ ਦੀਦਾਰ ਕਿਉਂ !

ਰੂਹ ਉਦਾਸ ਤੇ ਨਮ ਰਹਿੰਦੀਆਂ ਪਲਕਾਂ
ਗੁਨਾਹ ਬਣ ਗਿਆ ਏ ਮੇਰਾ ਪਿਆਰ ਕਿਉਂ !
20/11/15

ਸੋਚਾਂ ਵਿੱਚ
ਰੇਨੂ ਡਡਵਾਲ , ਫਗਵਾੜਾ

ਸੋਚਾਂ ਵਿੱਚ ਆਪਣੀਆਂ
ਅਕਸਰ ਤੈਨੂੰ ਮੈਂ
ਆਪਣੇ ਬਹੁਤ
ਕਰੀਬ ਪਾਇਆ ਏ...
ਇੰਝ ਹੋਇਆ ਮਹਿਸੂਸ
ਜਿਵੇ ਤੂੰ ਮੇਰਾ
ਹਮਰਾਜ਼ ਮੇਰਾ ਹਮਸਾਇਆ ਏ...
ਇੱਕਠਿਆਂ ਹੱਸਿਆ ਰੋਇਆ
ਕਦੇ ਨਿੱਕੀ ਜਿਹੀ ਗੱਲ ਤੇ
ਸੰਗ ਮੇਰੇ ਤੂੰ ਖਿੜਖਿੜਾਇਆ ਏ...

ਪਰ ਜਦ ਸੋਚਾਂ ਚੋ ਦੇ ਹਲੂਣਾ
ਜਾਗਦੀਆਂ ਅੱਖਾਂ ਨਾਲ
ਲਭਿਆ ਤਾਂ ਹਰ ਵਾਰ ਤੈਨੂੰ ਮੈਂ
ਮੈਥੋਂ ਦੂਰ ਹੀ ਪਾਇਆ ਏ
ਕਾਸ਼ ਕੀਤੇ ਅਸਲ ਨਾਲੋ
ਸੋਚਾਂ ਮੇਰੀਆਂ ਵਾਂਗ ਹੀ
ਮੇਰੀ ਇਹ ਜ਼ਿੰਦਗੀ ਵੀ ਬਣ ਜਾਏ
ਤੇ ਤੂੰ ਬਣ ਇੱਕ ਪਧੱਰਾ ਰਾਹ
ਨਾਲ ਲੈ ਮੈਨੂੰ ਆਪਣੇ
ਤੁਰਦਾ ਜਾਏ
ਤੁਰਦਾ ਜਾਏ
05/11/15

 

ਤੇਰੇ ਲਈ
ਰੇਨੂ ਡਡਵਾਲ , ਫਗਵਾੜਾ

ਰੂਹਾਂ ਦਾ ਪਿਆਰ
ਜਨਮਾਂ ਤੱਕ ਰਹੇਗਾ
ਜਿਸਮਾਂ ਦਾ ਕੀ ਏ
ਜਿਸਮ ਤਾਂ ਮੁੱਕ ਜਾਣੇ
ਪਰ ਰੂਹਾਂ ਵਾਲਾ ਇਸ਼ਕ
ਆਦਿ ਤੋਂ ਅੰਤ ਤੱਕ
ਰਹਿੰਦੀ ਦੁਨੀਆਂ ਤੱਕ
ਸਦਾ ਹੀ ਰਹੇਗਾ....

ਜਦ ਤੱਕ ਜੀਵਾਂਗੀ
ਤੇਰੇ ਲਈ ਹੀ ਜੀਵਾਂਗੀ
ਮੇਰੀ ਜ਼ਿੰਦਗੀ ਦਾ ਹਰ ਪਲ
ਬਸ ਤੇਰੇ ਲਈ ਹੀ ਹੋਵੇਗਾ
ਪਿਆਰ ਤੇਰੇ ਦੀ ਖੁਸ਼ਬੂ
ਮੇਰੇ ਸਾਹਾਂ ਚ ਸਦਾ ਰਹੇਗੀ
ਬਾਅਦ ਮੇਰੇ ਇਹ ਖੁਸ਼ਬੂ
ਮੇਰੇ ਗੀਤਾਂ ਚ ਰਹੇਗੀ ...

ਇਸ ਜਨਮ 'ਚ ਤਾਂ ਨਹੀਂ
ਅਗਲੇ ਜਨਮ ਤੈਨੂੰ ਪਾਵਾਂਗੀ
ਤੈਨੂੰ ਪੂਰਨ ਪਾਉਣ ਲਈ
ਇੱਕ ਜਨਮ ਤੋ ਬਾਅਦ
ਦੂਜੇ 'ਚ ਵੀ ਜ਼ਰੂਰ ਆਵਾਂਗੀ
ਤੇ ਆਉਂਦੀ ਰਹਾਂਗੀ...

ਤੇਰੇ ਲਈ
ਸਿਰਫ ਤੇਰੇ ਲਈ
ਹੋਂਦ ਮੇਰੀ ਸੀ
ਤੇਰੇ ਲਈ ਹੈ ਤੇ
ਤੇਰੇ ਲਈ ਹੀ ਹੋਵੇਗੀ
ਤੇਰੇ ਲਈ

ਸਿਰਫ ਤੇਰੇ ਲਈ ਹੀ
ਮੈਂ ਇਸ ਦੁਨਿਆਂ ਤੇ ਆਵਾਂਗੀ
ਤੇਰੇ ਲਈ ........
30/10/15

 

ਤੇਰੇ ਜਾਣ ਮਗਰੋ
ਰੇਨੂ ਡਡਵਾਲ, ਫਗਵਾੜਾ

ਹਾਂ ਹਾਂ
ਸੱਚੀਓ ਤੇਰੇ ਜਾਣ ਮਗਰੋ
ਦਿਲ ਤਾਂ ਚਾਹੁੰਦਾ ਸੀ
ਮਾਰ ਕੇ ਧਾਹ ਮੈਂ ਵੀ
ਕਿਧਰੇ ਟੁਰ ਜਾਵਾਂ
ਜਾਂ ਪਾਣੀ 'ਚ ਪਏ
ਲੂਣ ਵਾਂਗਰਾਂ ਪਲਾਂ 'ਚ ਹੀ
ਬਸ ਖੁਰ ਜਾਵਾਂ...
ਖੁਸ਼ੀਆਂ ਭਰੀ ਧਰਤ
ਜਿਥੇ ਕਦੇ ਚਹਿਕਦੀ ਸੀ
ਵਾਂਗ ਕਲੀਆਂ ਚਹੁੰ ਪਾਸੇ
ਰਹਿੰਦੀ ਮਹਿਕਦੀ ਸੀ
ਹੁਣ ਵੀ ਜੀ ਕਰਦਾ
ਭੁੱਲ ਕੇ ਸਭ ਅੱਜ ਫਿਰ ਮੈਂ
ਉਸ ਧਰਤੀ ਤੇ ਮੁੜ ਜਾਵਾਂ
ਜਾਂ ਛੱਡ ਇਹ
ਮਹਿਕ ਵਿਹੁੰਨੀ ਧਰਤੀ
ਅੰਬਰੀ ਜਾਅ
ਤਾਰਿਆਂ ਸੰਗ ਜੁੜ ਜਾਵਾਂ।
 13/10/2015

ਸਫਰ
ਰੇਨੂ ਡਡਵਾਲ, ਫਗਵਾੜਾ

ਮੈਂ ਤਾਂ ਸੋਚਿਆ ਸੀ
ਜੀਵਨ ਚ' ਬਹੁਤ ਸਫਰ ਕਰਾਂਗੀ
ਪਰ ਇਹ ਚਿੱਤ ਚੇਤੇ ਨਹੀਂ ਸੀ
ਕਿ ਮੈਥੋਂ
"ਤੂੰ ਤੋਂ ਮੈਂ " ਤੱਕ ਦਾ ਸਫਰ ਵੀ
ਤਹਿ ਨਹੀ ਹੋਵੇਗਾ
ਤੇਰੇ ਤੇ ਮੇਰੇ ਵਿਚਲਾ ਲੰਬਾ ਫ਼ਾਸਲਾ
ਤਹਿ ਕਰਦੇ ਕਰਦੇ
ਕੲ ਮੌਸਮ ਗੁਜ਼ਰ ਜਾਣਗੇ
ਮੈਂ ਹੀ ਮੁੱਕ ਜਾਵਾਂਗੀ
ਪਰ ਤੇਰੇ ਮੇਰੇ ਵਿਚਲਾ ਫ਼ਾਸਲਾ
ਮੈਥੋਂ ਤਹਿ ਨਹੀਂ ਹੋਵੇਗਾ
ਕਿਉਂਕਿ ਇਹ ਫ਼ਾਸਲਾ
ਸੋਚ ਦਾ ਹੈ
ਚੁੱਪ ਦਾ ਹੈ
ਉਹ ਚੁੱਪ
ਜੋ ਤੇਰੇ ਤੇ ਮੇਰੇ ਵਿਚਾਲੇ ਹੈ
ਉਹ ਚੁੱਪ
ਜੋ ਸਾਡੀ ਸੋਚ ਵਿਚਾਲੇ ਹੈ
ਮੀਲਾਂ ਦਾ ਸਫ਼ਰ ਤਹਿ ਕਰਨਾ ਸੌਖਾ ਹੈ
ਪਰ ਸੋਚਾਂ ਦਾ ਸਫ਼ਰ
ਹਾਂ ਹਾਂ ਸਚਮੁਚ ਸੋਚਾਂ ਦਾ ਸਫ਼ਰ
ਤਹਿ ਕਰਨਾ ਬਹੁਤ ਅੋਖਾ ਹੈ
ਕਈ ਜੀਵਨ ਮੁੱਕ ਗਏ
ਕਈ ਸਦੀਆਂ ਮੁੱਕ ਗਈਆਂ
ਮੈਂ ਵੀ ਮੁੱਕ ਜਾਵਾਂਗੀ
ਪਰ ਤੇਰੇ ਤੋਂ ਮੇਰੇ ਤੱਕ ਦਾ ਇਹ ਸਫ਼ਰ
ਮੈਥੋਂ ਤਹਿ ਨਹੀਂ ਹੋਵੇਗਾ
ਮੈਥੋਂ ਤਹਿ ਨਹੀਂ ਹੋਵੇਗਾ...
 

ਵੇਖ ਅੱਜ ਵੇਖ ਹੀ ਲੈ
ਰੇਨੂ ਡਡਵਾਲ, ਫਗਵਾੜਾ

ਇਨਤਿਹਾ ਮੇਰੇ ਇਸ
ਝੱਲੇ ਹੋਏ
ਸੱਚੀਓ ਕਮਲੇ ਹੋਏ
ਦਿਲ ਦੀ ...
ਹਰ ਸ਼ਬਦ ਜੋ ਨਿਕਲਦਾ ਹੈ
ਬਸ ਤੈਨੂੰ ਤੇ ਤੇਰੇ ਪਿਆਰ ਨੂੰ
ਮੁਖ਼ਾਤਿਬ ਹੈ ...
ਹੁੰਦਾਏ ਕਦੇ ਜਦ ਖੁਸ਼ ਤੂੰ ਬਹੁਤ
ਤੇਰੇ ਹਾਸਿਆ ਸੰਗ
ਖਿੜ ਖਿੜ ਹੱਸਦੇ ਨੇ ਇਹ ...
ਜਦ ਕਿਤੇ ਹੋ ਜਾਨਾ ਏ ਉਦਾਸ
ਮੇਰੇ ਸ਼ਬਦ ਵੀ ਬੋਝਲ ਜਿਹੇ
ਹੋ ਜਾਂਦੇ ਨੇ ਬੇ-ਆਸ ……
ਨਿਰਮੋਹੀ ਜਿਹੇ ਹੋ ਜਾਂਦੇ ਨੇ
ਕਿਤੇ ਕਿਤੇ ਵੇਖ ਤੇਰੇ
ਬੋਲਾਂ ਵਿਚਲੀ ਕੜੱਤਣ .....
ਤੇ ਤੇਰੀ ਹੀ ਝੋਲੀ ਪੈ ਜਾਂਦੇ
ਜਦ ਕਰਦੇ ਨੇ ਮਹਿਸੂਸ
ਤੇਰੀ ਮੋਹ ਭਿੱਜੀ ਅਪੱਣਤ...
ਬਸ ਇੰਝ ਹੀ ਸਿਰਜ ਲੈਂਦੇ ਨੇ
ਘੁੰਮਦੇ ਘੁਮਾਉਂਦੇ ਤੇਰੀ ਦੁਨੀਆਂ
ਵਿੱਚੋਂ ਹਰ ਰੋਜ਼ ਇੱਕ
ਨਵੀਂ ਕਵਿਤਾ.....

" ਦੁਨੀਆ ਦੇ ਰੰਗ"
ਰੇਨੂ ਡਡਵਾਲ, ਫਗਵਾੜਾ

ਆ ਕੇ ਰੱਬਾ ਦੁਨੀਆ ਤੇ ਕੇਰਾ ਵੇਖ ਲੈ
ਗੁਰਬੱਤ ਦਾ ਜ਼ਹਿਰ ਜੋ ਪੀ ਰਹੇ ਨੇ ਲੋਕ
ਆ ਕੇ ਐਸੇ ਲੋਕਾਂ ਦਾ ਤੂੰ ਜੇਰਾ ਵੇਖ ਲੈ
ਮਜਬੂਰੀਆਂ ਚ ਘੁੱਟ ਸਬਰ ਦਾ ਭਰਦੇ ਨੇ ਲੋਕ
ਔਖਿਆਈਆਂ ਚ ਹੱਸਦਿਆਂ ਨੂੰ ਮੱਥਾ ਟੇਕ ਲੈ
ਦਾਜ ਦੀ ਬਲੀ ਨੂੰਹਾਂ ਚਾੜ੍ਦੇ ਨੇ ਲੋਕ
ਐਸੇ ਐਸੇ ਲੋਭੀਆਂ ਦਾ ਚਿਹਰਾ ਵੇਖ ਲੈ
ਕੁੱਖਾਂ ਵਿੱਚ ਨਿੱਤ ਧੀਆਂ ਮਾਰਦੇ ਨੇ ਲੋਕ
ਐਸੇ ਜ਼ੁਲਮ ਜਬਰ ਦੀ ਹੱਦ ਆ ਕੇ ਮੇਚ ਲੈ
ਧਰਮਾਂ ਖਾਤਰ ਜੰਗਾਂ ਜੋ ਛੇੜਦੇ ਨੇ ਲੋਕ
ਦਿਲਾਂ ਚ ਸੱਜਿਆ ਵੰਡ ਦਾ ਸਿਹਰਾ ਵੇਖ ਲੈ
ਧੀਆਂ ਧਿਆਣੀਆਂ ਦੀਆਂ ਪੱਤਾਂ ਰੋਲਦੇ ਨੇ ਲੋਕ
ਸਿਵਿਆਂ ਚ ਲਾਸ਼ ਜਲੇ ਆ ਕੇ ਸੇਕ ਲੈ
ਆ ਕੇ ਰੱਬਾ ਦੁਨੀਆ ਤੇ ਕੇਰਾ ਵੇਖ ਲੈ.....

11/10/2015
 

ਰੇਨੂ ਡਡਵਾਲ, ਫਗਵਾੜਾ
renu_4u2@yahoo.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com