WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਰੂਪ ਸਿੱਧੂ
ਯੂ ਏ ਈ

ਗਜ਼ਲ
ਰੂਪ ਸਿੱਧੂ, ਯੂ ਏ ਈ

ਨਗਾੜਾ ਬੋਲਿਆਂ ਨੂੰ ਵੀ ਸੁਨਾਣੇ ਦਾ ਇਰਾਦਾ ਹੈ
ਜੋ ਘੇਸਲ ਮਾਰ ਸੁੱਤੇ ਨੇ ਜਗਾਣੇ ਦਾ ਇਰਾਦਾ ਹੈ

ਕਿਤੇ ਵੀ ਜ਼ੁਲਮ ਹੁੰਦਾ ਦੇਖ ਅੱਖਾਂ ਮੀਚ ਲੈਂਦੇ ਜੋ
ਨਬੀਨੇ ਬੀਨਿਆਂ ਨੂੰ ਲੋ ਦਿਖਾਣੇ ਦਾ ਇਰਾਦਾ ਹੈ

ਅਖੌਤੀ ਬਾਬਿਆਂ ਦਾ ਭੂਤ ਵੀ ਕਰਨਾ ਪਊ ਕਾਬੂ
ਇਨਾਂ ਦਾ ਗੈਬ ਜਗ ਜ਼ਾਹਿਰ ਕਰਾਣੇ ਦਾ ਇਰਾਦਾ ਹੈ

ਬਥੇਰਾ ਜਰ ਲਿਆ, ਹੁਣ ਹੋਰ ਸਾਥੋਂ ਸਹਿ ਨਹੀ ਹੁੰਦਾ
ਦਿਲੇ ਤੇ ਚੋਟ ਖਾਕੇ ਜਾਗ ਜਾਣੇ ਦਾ ਇਰਾਦਾ ਹੈ

ਭਰੀ ਮਹਿਫਿਲ ਚ ਹੈ ਪਹਿਚਾਨਣੇ ਤੋਂ ਆਪ ਜੋ ਮੁਨਕਰ
ਉਦੇ ਵਾਦੇ ਉਹਨੂੰ ਚੇਤੇ ਕਰਾਣੇ ਦਾ ਇਰਾਦਾ ਹੈ

ਜਦੋਂ ਵੀ ਸ਼ਾਮ ਢਲਦੀ ਹੈ ਬੜਾ ਹੀ ਯਾਦ ਆਵੇ ਉਹ
ਲਿਆ ਦੋ ਜਾਮ ਦੇ ਸਾਕੀ, ਭੁਲਾਣੇ ਦਾ ਇਰਾਦਾ ਹੈ

ਵਿਛੋੜਾ ਪਾਣ ਮਗਰੋਂ ਵੀ ਅਗਰ ਮੇਰੀ ਫਿਕਰ ਹੈ ਤਾਂ
ਇਵੇਂ ਲਗਦੈ ਕਿ ਉਸਦਾ ਪਰਤ ਆਣੇ ਦਾ ਇਰਾਦਾ ਹੈ

ਕਹੋ ਧਰਮਾ ਇਮਾਨਾਂ ਵਾਲਿਆਂ ਨੂੰ ਕੰਨ ਧਰ ਸੁਣਿਉਂ
ਗਜ਼ਲ ਇਕ ਰੂਪ ਦਾ ਹੁਣ ਗੁਨਗੁਨਾਣੇ ਦਾ ਇਰਾਦਾ ਹੈ
14/08/2014

 

ਗਜ਼ਲ
ਰੂਪ ਸਿੱਧੂ, ਯੂ ਏ ਈ

ਡਰਾਵੇ ਧਰਮ ਰਾਜੇ ਦੇ ਹਮੇਸ਼ਾਂ ਮਰਨ ਦਾ ਮਸਲਾ
ਭੁਲੇਖੇ ਪਾਉਣ ਦੀ ਕੋਸ਼ਿਸ਼ ਅਪਾਹਿਜ਼ ਕਰਨ ਦਾ ਮਸਲਾ

ਕਿਸੇ ਨੂੰ ਖਾਣ ਪੀਣੇ ਦੇ ਮਿਆਰਾਂ ਦੀ ਰਹੇ ਚਿੰਤਾਂ
ਕਿਸੇ ਦਾ ਸਿਰਫ ਪਾਪੀ ਪੇਟ ਨੂੰ ਹੀ ਭਰਨ ਦਾ ਮਸਲਾ

ਕਦੇ ਤੇ ਜਾਚ ਜੀਵਨ ਜੀਣ ਵਾਲੀ ਵੀ ਸਿਖਾ ਦੋਵੋ
ਹਮੇਸ਼ਾਂ ਬਾਬਿਓ ਹੈ ਪਾਰ ਭਵਜਲ ਤਰਨ ਦਾ ਮਸਲਾ

ਅਗਰ ਮੈ ਬੋਲਕੇ ਗੰਦੀ ਜੁਬਾਂ ਮੇਰੀ ਨਹੀ ਕਰਦਾ
ਨਾ ਸਮਝੀ ਏਸਨੂੰ ਐਵੇਂ ਕਿਸੇ ਤੋਂ ਡਰਨ ਦਾ ਮਸਲਾ

ਸਹਾਰਾ ਬੇਸਹਾਰੇ ਦਾ ਨਹੀ ਨੇਤਾਗਿਰੀ, ਇਹ ਤਾਂ
ਪਰਾਈ ਪੀੜ ਖੁਦ ਅਪਣੇ ਦਿਲਾਂ ਤੇ ਜਰਨ ਦਾ ਮਸਲਾ

ਅਕੀਦਾ ਰੂਪ ਦਾ ਹਕ ਦੀ ਲੜਾਈ ਲੜਨ ਦਾ ਹੈ ਬਸ
ਦਬਾ ਸਕਦਾ ਨਹੀ ਜਜ਼ਬਾਤ ਜਿੱਤਣ ਹਰਨ ਦਾ ਮਸਲਾ
14/08/2014

ਗਜ਼ਲ
ਰੂਪ ਸਿੱਧੂ, ਯੂ ਏ ਈ

ਤੂੰ ਹੁੰਦਾ ਤਾਂ ਔਹ ਹੋ ਜਾਂਦਾ ਤੂੰ ਹੁੰਦਾ ਤੇ ਆਹ ਹੋ ਜਾਂਦਾ
ਸ਼ਾਦੀ ਮਗਰੋਂ ਸੱਭ ਬੇਅਰਥਾ ਕੰਡਿਆਂ ਭਰਿਆ ਰਾਹ ਹੋ ਜਾਂਦਾ

ਕਿਆ ਬਾਤ ਹੈ, ਨਹੀ ਰੀਸਾਂ ਬਈ, ਝੂਠਾ ਮੂਠਾ ਵੀ ਆਖਾਂ ਤੇ
ਵੱਖੀਉਂ ਗੱਲ ਕਰਨ ਲਗ ਪੈਂਦਾ ਝੱਟ ਜਵਾਲਾ ਸ਼ਾਹ ਹੋ ਜਾਂਦਾ

ਜਰਫ ਮੁਤਾਬਿਕ ਵਾ ਚਾਹੀਦੀ ਘੱਟ ਚੱਲੂ ਪਰ ਵਧ ਨਾ ਹੋਵੇ
ਐਂਵੇਂ ਫੂਕ ਭਰੀ ਜਾਈਏ ਤਾਂ, ਅੰਤ ਗੁਬਾਰਾ ਠਾਹ ਹੋ ਜਾਂਦਾ

ਕੁੱਝ ਦਿਲਦਾਰ ਸੁਖਨਵਰ ਮੇਰੇ ਦਿੱਲ ਤੇ ਕਬਜ਼ਾ ਕਰ ਬੈਠੇ ਨੇ
ਸ਼ੇਅਰ ਜਿਨਾਂ ਦਾ ਪੜਕੇ ਆਪ ਮੁਹਾਰੇ ਹੀ ਵਾਹ ਵਾਹ ਹੋ ਜਾਂਦਾ

ਸੌਂਹ ਹੈ ਬੈਠ ਸਮੁੰਦਰ ਕੰਢੇ ਯਾਦ ਕਦੇ ਵੀ ਨਾ ਕਰਨੇ ਦੀ
ਭੁੱਲ ਭੁਲੇਖੇ ਰੇਤਾ ਉੱਤੇ ਨਾਮ ਉਦਾ ਫਿਰ ਵਾਹ ਹੋ ਜਾਂਦਾ

ਰੱਬ ਹੀ ਜਾਣੇ ਰੋਗ ਸਰੀਰਕ ਹੈ ਜਾਂ ਹੈ ਰੋਗ ਨਫਸ ਦਾ ਕੋਈ
ਤੈਨੂੰ ਤੱਕ ਦਿੱਲ ਤੇਜ਼ ਧੜਕਦੈ, ਵਾਹੋ ਦਾਹੀ ਸਾਹ ਹੋ ਜਾਂਦਾ

ਮਿੱਠਾ ਤਲਿਆ ਵਾਏ ਵਾਦੀ ਜੋ ਮਾਕੂਲ ਨਹੀ ਮੇਰੇ ਲਈ
ਉਹੋ ਹੀ ਖਾਣੇ ਲਈ ਧਰਦਾ ਕੇਡਾ ਖੈਰ ਖੁਆਹ ਹੋ ਜਾਂਦਾ

ਤਾਹਨੇ ਮੇਹਣੇ ਰਮਜ਼ਾ ਸੈਨਤ ਜੋ ਤੇਰਾ ਦਿਲ ਚਾਹੇ ਵਰਤੀਂ
ਰੂਪ ਨੂੰ ਅਕਸਰ ਟੋਕ ਦਿਆ ਕਰ ਕਮਲਾ ਬੇਪਰਵਾਹ ਹੋ ਜਾਂਦਾ
14/08/2014

 

ਰੂਪ ਸਿੱਧੂ, ਯੂ ਏ ਈ
roop999@hotmail.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com