WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਸੰਤੋਖ ਧਾਲੀਵਾਲ
ਨੌਟੀਗਮ, ਯੂ ਕੇ

ਆਮੀਆ ਦੀ ਕਿਤਾਬ
ਸੰਤੋਖ ਧਾਲੀਵਾਲ, ਨੌਟੀਗਮ

ਬੈਡਟਾਈਮ ਸਟੋਰੀ ਸੁਨਣ ਲਈ
ਜ਼ਿਦ ਕਰ ਰਹੀ ਸੀ ਮੇਰੀ ਚੌਂਹ ਕੁ ਸਾਲਾਂ ਦੀ ਪੋਤਰੀ।
ਉਹ ਆਪਣੀ ਬੈਡ ਤੇ ਆਰਾਮ ਨਾਲ
ਸ਼ਹਿਨਸ਼ਾਹੀ ਜਲੌਅ ’ਚ ਪਈ ਸੀ
ਤੇ ਮੈਂ…
ਉਸਦੀ ਬੈਡ ਦੇ ਨਾਲ ਲੱਗਾ
ਕਾਰਪੈਟ ਤੇ ਬੁੱਢੇ ਗੋਡਿਆਂ ਭਾਰ ਹੋਇਆ
ਪੜ੍ਹ ਕੇ ਸੁਣਾ ਰਿਹਾ ਸਾਂ
ਉਸਦੀਆਂ ਕਿਤਾਬਾਂ ’ਚੋਂ ਇੱਕ ਕਹਾਣੀ।
“ਨਹੀਂ ਬਾਬਾ ਜੀ…ਰੀਡ ਫਰੌਮ ਦਿਸ ਬੁੱਕ।”
(ਬਾਬਾ ਜੀ ਮੇਰੇ ਪੁੱਤ ਨੇ ਕਹਿਣਾ ਸਿਖਾ ਦਿੱਤਾ ਸੀ)
ਮੇਰੀ ਕਿਤਾਬ ਤੇ ਮੇਰੀ ਫੋਟੋ ਗੌਹ ਨਾਲ ਨਿਹਾਰਦੀ ਨੇ
ਜਿਹੜੀ ਉਹ ਚੁੱਕ ਲਿਆਈ ਸੀ ਆਪਣੇ ਡੈਡੀ ਦੀ ਸਟਡੀ ’ਚੋਂ
ਮੇਰੀ ਲਿਖੀ ਕਿਤਾਬ ਮੈਨੂੰ ਫੜਾ ਕੇ
ਹੁਕਮ ਦਾਗਿਆ।
ਮੈਂ ਕੌਣ ਸੀ ਕਿ
ਨਾਂਹ ਨੁੱਕਰ ਕਰਦਾ
ਨਹੀਂ ਤੇ ਛਿੜ ਪੈਣੀ ਸੀ ਉਸਦੇ ਸੌਣ ਕਮਰੇ ’ਚ ਹੀ
ਪਾਣੀਪੱਤ ਦੀ ਇੱਕ ਹੋਰ ਲੜਾਈ।
ਮੈਂ ਉਸਨੂੰ ਗੌਹ ਨਾਲ ਵੇਖਦਿਆਂ
ਖਾਮੋਸ਼ੀ ’ਚ ਹਾਲਾਤਾਂ ਦਾ ਜਾਇਜ਼ਾ ਲਿਆ
ਤੇ ਐਵੇਂ ਵਰਕੇ ਫਰੋਲਣ ਲੱਗਾ।
ਤਿਆਰ ਕਰ ਰਿਹਾ ਸਾਂ ਆਪਣੇ ਆਪ ਨੂੰ
ਕੁਝ ਪੜ੍ਹ ਕੇ ਸਨਾਉਣ ਲਈ
ਆਪਣੇ ਨਵੇਂ ਛਪੇ ਨਾਵਲ ‘ਸਰਘੀ’ ’ਚੋਂ।
ਨਾਲ ਦੀ ਨਾਲ ਸੋਚ ਰਿਹਾ ਸਾਂ
ਕਿ ਇਸਨੂੰ ਤਾਂ ਹਾਲੀ
ਪੂਰੀ ਅੰਗ੍ਰੇਜ਼ੀ ਵੀ ਨਹੀਂ ਸਮਝਦੀ
ਪੰਜਾਬੀ ’ਚ ਕੀ ਪੜ੍ਹਾਂ ਏਸ ਲਈ।
ਮੈਨੂੰ ਸ਼ਸ਼ੋਪੰਜ ’ਚ ਸ਼ਾਇਦ ਪਿਆ ਵੇਖ
ਮੇਰੇ ਹੱਥੋਂ ਕਿਤਾਬ ਖੋਹ
ਉਹ ਆਪ ਵਰਕੇ ਫਰੋਲਣ ਲੱਗੀ।
ਤੇ ਨਾਲ ਦੀ ਨਾਲ ਕੁਝ ਕਹੀ ਵੀ ਜਾ ਰਹੀ ਸੀ
ਜਿਵੇਂ ਉਹ ਸੱਚੀਂ ਹੀ ਪੜ੍ਹ ਰਹੀ ਹੁੰਦੀ ਹੈ।
ਜਿਸਦਾ ਸ਼ਾਇਦ ਨਾ ਉਸਨੂੰ ਪਤਾ ਸੀ
ਤੇ ਨਾ ਮੇਰੇ ਹੀ ਕੁਝ ਪਿੜ ਪੱਲੇ ਪੈ ਰਿਹਾ ਸੀ।
“ਵੱਟ ਆਰ ਯੂ ਰੀਡਿੰਗ ਆਮੀਆ ਡਾਰਲਿੰਗ?”
ਮੈਂ ਲਾਡ ਜਹੇ ਨਾਲ ਪੁੱਛਿਆ:
“ਸ਼ਸ਼…ਸ਼ਸ਼….ਸ਼ਸ਼ਸ਼ਸ਼ਸ਼ਸ਼ …ਬਾਬਾ ਜੀ।”
ਉਸਨੇ ਆਪਣੇ ਬੁੱਲਾਂ ਤੇ ਉਂਗਲੀ ਰੱਖ ਮੈਨੂੰ ਝਿੜਕ ਮਾਰੀ।
ਉਹ ਜਿਵੇਂ ਡੂੰਘੇ ਵਿਚਾਰਾਂ ’ਚ ਹੁੰਦੀ ਹੈ।
ਆਪਣੀਆਂ ਨਿੱਕੀਆਂ ਨਿੱਕੀਆਂ ਉਂਗਲਾਂ ਦੇ ਪੋਟਿਆਂ ਨਾਲ
ਛੋਹ ਰਹੀ ਸੀ ਜਿਵੇਂ ਪਲੋਸ ਰਹੀ ਹੁੰਦੀ ਹੈ
ਪੰਜਾਬੀ ਦੇ ਅੱਖਰਾਂ ਨੂੰ।
ਅੱਖਰ ਜਿਹੜੇ ਸ਼ਾਇਦ ਉਸਨੇ ਪਹਿਲੀ ਵਾਰ ਹੀ ਵੇਖੇ ਸਨ।
ਮੈਨੂੰ ਮਹਿਸੂਸ ਹੋਇਆ
ਜਿਵੇਂ ਉਹ ਮੈਨੂੰ ਹੀ ਪਲੋਸ ਰਹੀ ਹੈ।
ਇਨ੍ਹਾਂ ਅੱਖਰਾਂ ’ਚੋਂ ਕੋਈ ਅਪਣੱਤ ਭਾਲ ਰਹੀ ਹੈ।
ਮੇਰੇ ਤੇ ਆਪਣੇ ਰਿਸ਼ਤੇ ਦੀ ਸਿਆਣ ਕੱਢ ਰਹੀ ਹੈ।
ਮੈਂ ਕੁਝ ਚਿਰ ਆਪਣੇ ਹੀ ਵਹਿਣਾਂ ’ਚ ਵਿਚਰਦਿਆਂ
ਉਸਨੂੰ ਹੈਰਾਨ, ਸੁੰਨੀਆਂ ਤੇ ਗੰਭੀਰ ਨਜ਼ਰਾਂ ਨਾਲ ਵੇਖਿਆ:
ਐਨ ਓਸੇ ਤਰ੍ਹਾਂ
ਜਿਵੇਂ ਮੈਂ ਸੱਤਾਂ ਸਾਲਾਂ ਦੇ ਨੇ
ਆਪਣੀ ਮਾਂ ਨੂੰ ਭੁੰਜੇ ਲੱਥੀ ਨੂੰ ਵੇਖਿਆ ਸੀ।
ਓਸ ਵੇਲੇ ਮੈਨੂੰ ‘ਮਾਂ’ ਦੇ ਮੰਜਿਓਂ ਲੱਥੀ ਦੇ
ਅਰਥਾਂ ਦਾ ਕੁਝ ਪਤਾ ਨਹੀਂ ਸੀ।
ਤੇ ਅੱਜ
ਇੱਕ ਵਾਰ ਫੇਰ ਸੋਚ ਰਿਹਾ ਹਾਂ
ਕਿ ਮੇਰੀ ਪੋਤਰੀ ‘ਆਮੀਆ’ ਸ਼ਾਇਦ ਕਦੇ ਵੀ
ਮੇਰੇ ਵਾਰੇ ਨਾ ਜਾਣ ਸਕੇ।
ਉਸਨੂੰ ਮੇਰੀ ਲਿਖਤ ਦੀ ਕਦੇ ਵੀ ਸਮਝ ਨਹੀਂ ਪੈਣੀ।
ਤੇ…
ਮੈਨੂੰ ਮਹਿਸੂਸ ਹੋਣ ਲੱਗਾ
ਕਿ ਮੈਂ ਅੱਜ ਇੱਕ ਵਾਰ ਫੇਰ
ਦੂਜੀ
ਹੌਲੀ ਹੌਲੀ ਥੱਲੇ ਲਾਹੀ ਜਾ ਰਹੀ ‘ਮਾਂ’ ਨੂੰ ਮੁਖਾਤਿਬ ਹਾਂ।
ਜਿਸਦੇ ਹੋ ਰਹੇ ਸ਼ੋਸ਼ਣ ’ਚ ਮੈਂ ਵੀ ਸ਼ਾਮਿਲ ਹਾਂ।
ਜਿਸਦਾ ਮੈਂ ਖੁਦ ਵੀ ਜ਼ੁੰਮੇਵਾਰ ਹਾਂ।
ਗੁਨਾਹਗਾਰ ਹਾਂ।

06/03/2017
 

ਸੰਤੋਖ ਧਾਲੀਵਾਲ
ਨੌਟੀਗਮ, ਯੂ ਕੇ
santokhdhaliwal@hotmail.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2017, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com