WWW 5ab।.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਵਰਿੰਦਰ ਕੌਰ 'ਰੰਧਾਵਾ'
ਗੁਰਦਾਸਪੁਰ

ਚੈਨ ਕਰਾਰ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਕਿੱਧਰੇ ਗਿਆ ਮਲੂਕ ਦਿਲ, ਜਦ ਚੈਨ ਕਰਾਰ ਸੀ,
ਨਸ਼ਿਆਂ 'ਚ ਡੁੱਬੇ ਲਾਲ, ਮਾਂ ਦੇ ਸਮਝਦਾਰ ਸੀ।
ਦੇ ਕੇ ਪਿੱਠ ਤੇ ਵਾਰ, ਜੋ ਸੀ ਤੁਰ ਗਏ,
ਜਨਾਜੇ ਮਸੂਮ ਦੇ ਤੇ ਪੁੱਛਦੇ, ਕਦੋਂ ਦੇ ਬਿਮਾਰ ਸੀ।
ਇਨਸਾਨ ਕਿੰਝ ਵਹਿਸੀ ਹੋਇਆ ਫਿਰਦਾ ਏ,
ਦੇਖ ਕੇ ਹਾਲਾਤ, ਸ਼ਰਮ ਵੀ ਸ਼ਰਮਸਾਰ ਸੀ।
ਲੋਕੀਂ ਮਾਪਿਆਂ ਨੂੰ ਸਾਂਭਣੋਂ ਡਰਦੇ ਨੇ,
ਯਾਦ ਕਰੀਂ ਪੁੱਤਰਾ, ਤੂੰ ਉਹਦੀ ਬਹਾਰ ਸੀ।
ਕਈ ਰੋਂਦੇ ਨੇ, ਵਕਤ ਹੱਥੋਂ ਨਿਕਲੇ ਨੂੰ,
ਸਿਰ ਕਈਆਂ ਦੇ ਹਵਸ਼ ਦਾ ਭੂਤ ਸਵਾਰ ਸੀ।
ਮਨੁੱਖ ਅੱਜ ਦਾ ਅੱਖਰਾਂ ਜਿਹਾ ਲੱਗਦਾ ਏ,
'ਰੰਧਾਵਾ' ਜਨਮ ਪਿਛਲੇ, ਸ਼ੈਅ ਕੋਈ ਖੂੰਖਾਰ ਸੀ।
07/02/17

ਬੰਦਾ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਬੰਦਾ ਨਾ ਬੰਦੇ ਦੀ ਜਾਣੇ,
ਅਸੀਂ ਤਾਂ ਜਿਉਂਦੇ ਰੱਬ ਦੇ ਭਾਣੇ।
ਝੂਠ-ਫਰੇਬੀ ਜੜ੍ਹਾਂ 'ਚ ਬਹਿ ਗਈ,
ਕਈ ਤਾਂ ਬਣਦੇ ਢੌਂਗੀ ਨਿਮਾਣੇ।
ਨੀਤ ਆਪਣੀ ਸਾਫ ਤਾਂ ਕਰ ਲੈ,
ਐਵੇਂ ਖਾਕ ਸੜਕਾਂ ਦੀ ਛਾਣੇ।
ਨਵੇਂ-ਨਵੇਂ ਦੇ ਚਾਅ 'ਚ ਫਿਰਦੈਂ
ਸਾਥ ਨਿਭਾਉਂਦੇ ਰਿਸ਼ਤੇ ਪੁਰਾਣੇ।
ਧਾਗੇ-ਤਬੀਤ ਕਰ ਸਮਝੇਂ ਸੁਰੱਖਿਅਤ,
ਮੌਤ ਤਾਂ ਖੜ੍ਹਦੀ ਨਿੱਤ ਸਿਰ੍ਹਾਣੇ।
ਤੂੰ ਬਣਜਾ ਮਲਾਹ ਵਫਾਦਾਰ ਜਿਹਾ,
ਬੇੜੀ ਤਾਂ ਲਾਉਂਦੀ ਜੀਵ ਟਿਕਾਣੇ।
ਕਰਦੈਂ ਸਦੀਆਂ ਤੋਂ ਮਾਇਆ ਇਕੱਠੀ,
'ਰੰਧਾਵਾ' ਮੁੱਕਣੇ ਅੱਜ ਤਾਣੇ-ਬਾਣੇ।
07/02/17

ਜਗਾਵੀਂ ਨਾ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਸਾੜ ਦਏ ਜੋ ਆਸ਼ਿਆਨਾ, ਐਸਾ ਦੀਪ ਜਗਾਵੀਂ ਨਾ,
ਗਲ ਘੁੱਟੇ ਮਾਸੂਮ ਦਾ, ਸੁਪਨਾ ਨਿੱਜ ਸਜਾਵੀਂ ਨਾ।
ਕਿੰਝ ਧੋਖੇ-ਧੜਿਆਂ ਨੇ ਖਲਕਤ ਖਾ ਲਈ ਏ,
ਲੱਗ ਹੈਵਾਨਾਂ ਪਿੱਛੇ, ਇੰਨਸਾਨੀਅਤ ਮੁਕਾਵੀਂ ਨਾ।
ਜੋ ਤਨ, ਮਨ ਸਾੜ ਸਵਾਹ ਕਰਕੇ ਰੱਖ ਦੇਵੇ,
ਸਬਾਤ ਰੋਟੀ ਐਸੀ ਕਦੀ ਪਕਾਵੀਂ ਨਾ।
ਰਿਸ਼ਤਿਆਂ ਦੇ ਵਿਚ ਪਾਉਣ ਦਰਾਰਾਂ ਗੁੱਝੀਆਂ ਜੋ,
ਐਸੇ ਚੱਲਦੇ ਕਲੇਸ ਨੂੰ ਘਰੀਂ ਵਧਾਵੀਂ ਨਾ।
ਜੁਆਕਾਂ ਦੀ ਨੀਂਹ ਜੋ ਖੋਖਲੀ ਜੜ੍ਹੋਂ ਕਰੇ,
ਕਲਾਕਾਰਾ ਕਦੇ ਐਸਾ ਗੀਤ ਸੁਣਾਵੀਂ ਨਾ।
ਜਿਸ ਥਾਲੀ ਖਾਈਏ, ਸ਼ੇਕ ਕਰੀਦਾ ਨਹੀਂ,
ਰਾਹ ਸਿੱਧੇ ਪਾਉਣ ਵਾਲੇ ਦੀ ਹਸਤੀ ਮਿਟਾਵੀਂ ਨਾ।
ਲਾਲਚ ਨਾਲ ਲਾ ਯਾਰੀ, ਕਿੱਧਰੇ ਖੋ ਨਾ ਜਾਈਂ,
'ਰੰਧਾਵੇ' ਪੈਂਡਾ ਕੋਹਾਂ ਦੂਰ ਪਹੁੰਚਾਵੀਂ ਨਾ।
29/12/16

 

ਪੁੱਤਰਾਂ ਵਾਂਗੂੰ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਕਦੇ ਧੀਆਂ ਨੂੰ ਵੀ ਪੁੱਤਰਾਂ ਵਾਗੂੰ ਪਿਆਰ ਕਰੋ,
ਹਰ ਰਿਸ਼ਤੇ ਦਾ ਬਣਦਾ ਹਾਏ ਸਤਿਕਾਰ ਕਰੋ।
ਜ਼ਖਮਾਂ ਨੂੰ ਨਸੂਰ ਕੋਈ ਨਾ ਬਣਾ ਬੈਠੇ,
ਬੋਲਕੇ ਘਟੀਆ ਬੋਲ, ਨਾ ਦਿਲ ਤੇ ਵਾਰ ਕਰੋ।
ਪੂੰਜੀ ਜੋੜੀ 'ਚ ਨੇਕ ਕਾਜ ਕੋਈ ਕਰ ਜਾਵੀਂ,
ਹੱਥ ਫੜ ਲੋੜਵੰਦ ਦਾ ਹੌਲਾ ਭਾਰ ਕਰੋ।
ਕੀ ਤਾਕਤ ਕਲਮ ਤੇ ਕਾਗਜ ਦੀ, ਦੱਸਣਾ ਜੇ,
ਲਿਖ ਸੁਥਰਾ, ਸੱਭਿਆਚਾਰ ਦਾ ਪਰਚਾਰ ਕਰੋ।
ਦੇਸ਼ ਤਾਂ ਸਾਰਾ ਖੋਖਲਾ, ਲੀਡਰਾਂ ਕਰ ਸੁੱਟਿਆ,
ਮਾਂ-ਬੋਲੀ ਪੰਜਾਬੀ ਦਾ ਰੁੱਤਬਾ ਦਮਦਾਰ ਕਰੋ।
ਭੜਕੀਲੇ ਬਾਣੇ ਨੰਗੇਜ ਜਮਾਨਾ ਪੱਟਿਆ ਏ,
ਦਿਲ ਨੂੰ ਮੋਹੇ ਐਸਾ ਸੁਚੱਜਾ ਸ਼ਿੰਗਾਰ ਕਰੋ।
ਖਿਆਲ ਬਣਕੇ ਸਤਰਾਂ ਵਰਕੀਂ ਝੜ ਜਾਵਣ,
ਹਰ ਅੱਖਰ ਨੂੰ ਐਸਾ ਹੀ ਗੁਲਜਾਰ ਕਰੋ।
'ਰੰਧਾਵਾ' ਤਰਸਦੀ ਰਹੇ, ਮਾਪਿਆਂ ਦੀ ਬੁੱਕਲ ਨੂੰ,
ਬਿਰਧ-ਆਸ਼ਰਮ ਖੋਲ੍ਹਣ ਦਾ ਨਾ ਇਕਰਾਰ ਕਰੋ।
29/12/16

 

ਅਸਾਨ ਨਹੀ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਯਕੀਨ ਕਰਨਾਂ ਗੈਰਾਂ ਤੇ ਕੋਈ ਅਸਾਨ ਨਹੀਂ,
ਕਿਉਂਕਿ ਬੰਦੇ ਦੀ ਅੱਜ ਰਹੀ ਜੁਬਾਨ ਨਹੀ।

ਮੋੜ-ਮੋੜ ਤੇ 'ਰਾਂਝੇ' ਬਣ-ਬਣ ਖੜ੍ਹਦੇ ਨੇ,
ਮੁੰਦਰਾਂ ਪਾਏ ਬਗੈਰ ਸਮਝਦੇ ਸ਼ਾਨ ਨਹੀ।

ਗੰਧਲੀ ਨੀਤ ਨਾ ਜਦ ਤੱਕ ਬੰਦਾ ਸਾਫ ਕਰੇ,
ਪੱਥਰਾਂ ਵਿਚੋਂ ਮਿਲਦਾ ਕਦੀ ਭਗਵਾਨ ਨਹੀਂ।

ਠੱਗੀਆਂ-ਠੋਰੇ ਮਾਰਕੇ ਮਹਿਲ ਬਣਾਏਂ ਤੂੰ,
ਚੂਸ ਗਰੀਬ ਦਾ ਖੂਨ, ਮਿਲਦਾ ਸਨਮਾਨ ਨਹੀ।

'ਰੰਧਾਵਾ' ਫਿਰਦੈਂ, ਸੁੰਨਸਾਨ ਬੇਰੰਗ ਹੋ ਤੂੰ,
ਸੱਚ ਨਾ ਲਿਖਣਾ, ਰੱਬ ਨੂੰ ਪਰਵਾਨ ਨਹੀਂ।
10/12/16

ਲੋਕ ਕਹਿੰਦੇ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਲੋਕ ਕਹਿੰਦੇ, ਜਮਾਨੇ ਬਿਨ ਸਰਦਾ ਨਹੀ,
ਮੈਂ ਆਖਾਂ,'ਕੋਈ ਮਰਦੇ ਨਾਲ ਮਰਦਾ ਨਹੀਂ।'

ਸ਼ਗਨ ਕੋਈ, ਬਿਨ ਰਿਸ਼ਤੇ ਅੱਜ ਕਰਦਾ ਨਹੀਂ,
ਮੈਂ ਆਖਾਂ, 'ਭੁੱਖੇ ਦਾ ਢਿੱਡ ਕੋਈ ਭਰਦਾ ਨਹੀਂ।'

ਆਖਣ, 'ਤੂੰ ਪੈਸਾ ਤਲੀ ਧਰਦਾ ਨਹੀਂ,'
ਮੈਂ ਆਖਾਂ, 'ਫੋਕੀ ਟੌਹਰ ਕਿਸੇ ਦੀ ਜਰਦਾ ਨਹੀਂ।'

ਇੰਨਸਾਨ, ਕਰਦਾ ਪਾਪ 'ਰੰਧਾਵਾ' ਹਰਦਾ ਨਹੀ,
ਮੈਂ ਆਖਾਂ, 'ਰੱਬ ਤੋਂ ਕਿਉਂ ਕੋਈ ਡਰਦਾ ਨਹੀਂ।'
10/12/16

ਅੱਡੜੀ ਪਹਿਚਾਣ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਚਿੱਤ ਕਰਦਾ ਅੱਡੜੀ ਪਹਿਚਾਣ ਬਣਾਵਾ ਮੈਂ।
ਲਿਖ-ਲਿਖ ਸੱਚ, ਅੱਖਰ ਹੀ ਬਣ ਜਾਵਾਂ ਮੈਂ।
ਬਾਹਲੀ ਦੂਰ ਹੈ ਮੰਜਲ ਭਾਂਵੇਂ ਅਜੇ ਮੇਰੀ,
ਇੱਜਤ-ਪਿਆਰ ਅਸੀਮ ਮੁਕਾਮ ਪਾਵਾਂ ਮੈਂ।
ਕਵਿਤਾ, ਗੀਤ, ਕਹਾਣੀਆਂ ਗਜਲਾਂ, ਲੇਖਾਂ ਨੂੰ,
ਚਿੱਤ ਕਰਦਾ ਸੁਹਣਾ ਲਿਬਾਸ ਪਹਿਨਾਵਾਂ ਮੈਂ।
ਜੱਗ ਦੇ ਕੋਨੇ-ਕੋਨੇ ਵਿਚ ਮੁਹੱਬਤ ਵੰਡਾਂ,
ਹਰ ਅੱਖ ਵਿਚ ਸੁਪਨਾ ਐਸਾ ਸਜਾਵਾਂ ਮੈਂ।
ਕਲਮ ਨਿਮਾਣੀ ਦਾ, ਜੱਗ ਸਤਿਕਾਰ ਕਰੇ,
ਕੁਝ ਏਹੋ ਜਿਹਾ ਕਲਮੀ ਯਾਦੂ ਦਿਖਾਵਾਂ ਮੈਂ।
ਐ ਖੁਦਾ! ਇੰਨੀ ਹਿੰਮਤ ਦੇਈਂ ਕਲਮ ਤਾਈਂ,
ਰੋਂਦੀਆਂ ਮਾਵਾਂ-ਧੀਆਂ ਚੁੱਪ ਕਰਾਵਾਂ ਮੈਂ।
ਦੁੱਖੜੇ ਮੁੱਕ ਜਾਣ ਸਭੇ ਹੀ ਦੁਖਿਆਰਿਆਂ ਦੇ,
'ਰੰਧਾਵਾ' ਕਲਮ ਨੂੰ ਚੁੰਮ ਫਿਰ ਸੀਨੇ ਲਾਵਾਂ ਮੈਂ।
01/12/16


ਸੁਣ ਨੀ ਅੰਮੀਏ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਸੁਣ ਨੀ ਅੰਮੀਏ! ਇਕ ਸੁਪਨਾ ਸਜਾਉਣਾ,
ਧੀ ਬਣ ਤੇਰੀ, ਮੈਂ ਕੁੱਖ 'ਚ ਹੈ ਆਉਣਾ।
ਵਾਂਗ ਪਰੀਆਂ ਰੌਣਕ ਬਣ ਵਿਹੜੇ,
ਸਭ ਜੀਆਂ ਦਾ ਹੈ ਦਿਲ ਪਰਚਾਉਣਾ।
ਅਣਖ ਬਾਪੂ ਦੀ ਕਾਇਮ ਹੈ ਰੱਖਣੀ,
ਪਿੱਠ ਥਾਪੀ ਲੈ, ਸਿਆਣਾ ਪੁੱਤ ਅਖਵਾਉਣਾ।
ਮਨ ਨੀਵਾਂ, ਮੱਤ ਉੱਚੀ ਰੱਖਣੀ,
ਖਾਨਦਾਨ ਦਾ ਹੈ ਨਾਂਉਂ ਚਮਕਾਉਣਾ।
ਧੀਆਂ ਪੁੱਤਾਂ 'ਚ ਫਰਕ ਨਾ ਕੋਈ,
'ਰੰਧਾਵਾ' ਇਹ ਭੁਲੇਖਾ ਹੈ ਦੂਰ ਕਰਵਾਉਣਾ।
01/12/16

ਜਜਬਾਤ ਦੇ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਹੇ ਅੱਲਾ! ਲਿਖਾ ਸੁਹਣਾ-ਸੁਨੱਖਾ
ਅੱਖਰ ਚੰਨ ਵਰਗੇ ਪਰੋਵਾਂ-
ਕੋਈ ਅਵੱਲਾ ਜਜਬਾਤ ਦੇ।

ਕਾਨਿਆਂ ਨੂੰ ਕਰ ਤਿੱਖੇ,
ਕਲਮ ਨਿਮਾਣੀ ਬਣਾ ਬੈਠੀ-
ਦੋ ਪੂਰਣੇ ਪਾਵਾਂ, ਸਿਆਹੀ, ਦਵਾਤ ਦੇ।

ਕੁਝ ਪੱਲ ਰੰਗ-ਰੰਗੀਲੇ ਸਮੇਟਾਂ,
ਗੀਤ ਬੰਦ ਕਰਾਂ ਵਿਚ ਟੇਪਾਂ-
ਅੱਜ ਬਿਰਹੋ ਦੀ 'ਸੌਗਾਤ' ਦੇ।

ਪੰਨੇ ਕੋਰਿਆਂ ਨੂੰ ਸਜਾ ਦੇਵਾਂ,
ਕੋਈ ਮੂਰਤ 'ਰੰਧਾਵਾ' ਬਣਾ ਦੇਵਾਂ-
ਅੱਖਰਾਂ ਦੀ ਘਣੀ ਬਰਸਾਤ ਦੇ।
24/11/16


ਤਕਲੀਫ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਆਵਦੇ ਢਿੱਡ 'ਚ ਰੋਟੀ ਨਾ ਹੋਵੇ,
ਤਾਂ ਮੂਹਰੇ ਪੈਂਦੇ ਭੰਗੜੇ
ਬਾਹਲੀ ਤਕਲੀਫ ਦਿੰਦੇ ਨੇ।
ਘਰ ਪੱਟ ਕਿਸੇ ਗਰੀਬ ਦਾ
ਸ਼ਰਤਾਂ ਜੋ ਜਿੱਤਦੇ ਸ਼ੈਤਾਨ
ਉਹੀ ਬੇਗਾਨੇ ਨੂੰ ਫੀਮ ਦਿੰਦੇ ਨੇ।
ਫੱਟ ਗੁੱਝਿਆਂ ਦੀ ਪੀੜ
ਸਹਿ ਨਾ ਹੋਵੇ ਜਿੰਦ ਨਿਮਾਣੀ ਤੋਂ-
ਹਰ ਬਿਮਾਰੀ ਦੀ ਦਵਾ ਹਕੀਮ ਦਿੰਦੇ ਨੇ।
ਬਲਾਤਕਾਰ, ਕੁੜੀ-ਮਾਰ, ਤੇਜਾਬੀ,
'ਰੰਧਾਵਾ' ਹੁਣ ਹੋ ਗਏ ਨੇ ਆਮ-
'ਠੇਕੇਦਾਰ' ਮਾਸੂਮ ਦਾ ਨਾਂ ਯਤੀਮ ਦਿੰਦੇ ਨੇ।
24/11/16

 

ਕਲਮ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਹਿਰਦਾ ਰੁਸ਼ਨਾ ਦਿੱਤਾ ਕਲਮ ਦੀਆਂ ਕਿਰਨਾਂ ਨੇ,
ਕਰਾਂ ਕਿੰਝ ਸਿਫਤ ਬਿਆਨ ਮੁੰਡਿਆ-
ਰਹਿੰਦਾ ਕਲਮ ਦੇ ਵੱਲ ਹੀ ਧਿਆਨ ਮੁੰਡਿਆ।

ਮੇਰੀ ਕਲਮ ਨੂੰ ਸੱਚੀ-ਮੁੱਚੀ ਚੜ੍ਹੇ ਬੜਾ ਚਾਅ।
ਆਖੇ ਭਰਨੀ ਗਰੀਬ ਦੇ ਮੈਂ ਹੱਕ ਵਿਚ ਹਾਅ।
ਮੈਨੂੰ ਮੱਤਾਂ ਦਿੰਦੀ ਵੰਡਦੀ ਗਿਆਨ ਮੁੰਡਿਆ,
ਰਹਿੰਦਾ ਕਲਮ ਦੇ.........

ਮੱਲੋ-ਮੱਲੀ ਰਹਿੰਦੀ ਮੇਰੀ ਨਸ਼ਿਆਈ ਨਿੱਤ ਰੂਹ,
ਕਦੇ ਮੁੱਕਣਾ ਨਈ ਹੈ, ਗਹਿਰਾਈ ਚਿੱਤ ਖੂਹ।
ਮੇਰੀ ਸ਼ਾਨ ਮੁੰਡਿਆ, ਇਹ ਮੇਰੀ ਜਾਨ ਮੁੰਡਿਆ,
ਰਹਿੰਦਾ ਕਲਮ ਦੇ.........

ਆਖੇ ਅੱਖਰਾਂ 'ਚ ਮੁੱਕ ਜਾਵੇ, ਜਿੰਦ ਜਾਨ ਮੇਰੀ,
ਮੇਰੇ ਕਦਮਾਂ 'ਚ ਬਦੋ-ਬਦੀ ਹੋ ਜਾਂਦੀ ਏ ਢੇਰੀ।
ਤੇਗ ਜਚੇ ਜਿਉਂ ਜੜੀ ਹੋਈ ਮਿਆਨ ਮੁੰਡਿਆ,
ਰਹਿੰਦਾ ਕਲਮ ਦੇ.........

ਤੰਦਾਂ ਰਤਾ ਵੀ 'ਵਰਿੰਦਰਾ' ਕੋਈ ਸਮਝ ਨਾ ਆਣ,
ਅੱਜ ਸਕੇ ਵੀ 'ਰੰਧਾਵਿਆ' ਨਾ ਰਲ ਬੈਠ ਖਾਣ।
ਨੀਅਤ ਖੋਟੀ ਦਾ ਹੁੰਦਾ ਨਾ ਦਇਆਵਾਨ ਮੁੰਡਿਆ,
ਰਹਿੰਦਾ ਕਲਮ ਦੇ.........
20/11/16

ਕੌਣ ਹਾਂ ਮੈਂ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਬਣ ਚੁੱਕੀਆਂ ਇਮਾਰਤਾਂ ਦਾ ਮਜਦੂਰ ਹਾਂ ਮੈਂ।
ਦੋ ਵਕਤ ਦੀ ਰੋਟੀ ਤੋਂ ਮਜਬੂਰ ਹਾਂ ਮੈਂ।
ਰੋਸ਼ਨੀ ਚੰਦ ਪਲ ਦੀ ਤੱਕਦਾ ਹਾਂ ਨਿੱਤ।
ਮਿੱਟੀ ਦੇ ਨਾਲ ਮਿੱਟੀ ਹੋਇਆ ਰਹਾਂ ਹਰ ਪਲ,
ਬਣ ਚੁੱਕਿਆ ਗਹਿਰਾ ਜਖਮ ਨਾਸੂਰ ਹਾਂ ਮੈਂ।
ਦਿਲ ਮੇਰੇ ਵੀ ਉਠਦੇ ਨੇ ਬਹੁ ਵਲਵਲੇ,
ਹਰ ਵੇਲੇ ਕਿਓਂ ਰਹਿੰਨਾ ਚਕਨਾਚੂਰ ਹਾਂ ਮੈਂ।
ਜਿਸਮ ਤੇ ਖਾ ਝਰੀਟਾਂ, ਖਾ ਕੇ ਫੱਟ ਅੱਲੇ,
ਜੱਗ ਦੇ ਨਜਰੀ ਕਾਰੀਗਰ ਮਸ਼ਹੂਰ ਹਾਂ ਮੈਂ।
'ਰੰਧਾਵਾ', 'ਸ਼ਾਹਜਹਾਂ' ਬਣਿਆ ਕਿਸਮਤ ਦਾ,
ਕਬਰੀਂ ਪਿਆ ਵੀ 'ਤਾਜ ਮਹਿਲ' ਦਾ ਨੂਰ ਹਾਂ ਮੈਂ।
20/11/16
 

ਪ੍ਰਭਾਤ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਕਈ ਕਈ ਬਾਰ ਪ੍ਰਭਾਤ ਸੁੰਨਸਾਨ ਲੱਗਦੀ ਏ।
ਕਦੇ ਮਿਲੀ ਘੁਮਾ, ਬਰਸਾਤ ਵੱਗਦੀ ਏ।
ਪਰਿੰਦੇ, ਚੀ-ਚੀ, ਚੂੰ-ਚੂੰ ਉਡਾਰੀ ਭਰਦੇ ਨੇ,
ਸਵੇਰੇ ਸੂਰਜ ਦੀ ਜਦੋਂ ਅੱਖ ਜਗਦੀ ਏ।
ਨਿੱਤ, ਮੰਦਰ-ਮਸੀਤੇ ਰੱਬ ਚੇਤੇ ਕਰਦੇ ਨੇ,
ਦਿਨ ਚੜ੍ਹਦੇ ਹੈਵਾਨੀ ਅੱਗ ਮਘਦੀ ਏ।
'ਰੰਧਾਵੇ' ਤੂੰ ਵਸ ਜਾ, ਜਾ ਕਾਇਨਾਤ 'ਚ,
ਇੱਥੇ ਭੀੜ ਹੀ ਭੀੜ ਨੂੰ ਠੱਗਦੀ ਏ।
24/10/16


ਕਲਮ ਵਰਕੇ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ
ਕੀ ਲਿਖਾਂ, ਕਲਮ-ਵਰਕੇ ਥੱਕ ਕੇ ਬਹਿ ਗਏ ਨੇ|
ਕੁਝ ਜਜਬਾਤ ਚੰਦਰੇ, ਹਿੱਕੜੀ 'ਚ ਰਹਿ ਗਏ ਨੇ|
ਅੱਲੇ ਨਾਸੂਰ, ਫੱਟਾਂ ਦੀ ਪਾਕ ਰੋਮ ਰੋਮ ਵਿਚ,
ਬਣਕੇ ਹੰਝੂ ਖਾਰੇ, ਮੇਰੇ ਨੈਣਾਂ 'ਚੋਂ ਵਹਿ ਗਏ ਨੇ|
ਰੂਹਾਂ ਤਾਂ ਜਿਸਮਾਂ ਤੋਂ ਕੋਹਾਂ ਦੂਰ ਤੁਰ ਗਈਆਂ,
ਖੋਖਲੇ ਹੋਏ ਰੁੱਖ, ਵਾਂਗਰ ਢਾਰੇ ਢਹਿ ਗਏ ਨੇ|
ਗੱਲਾਂ ਸੱਚ ਹੋ ਨਿੱਬੜੀਆਂ, ਸਦੀਆਂ ਦੀਆਂ ਅੱਜ,
ਕੌੜੇ ਸੱਚੇ ਸ਼ਬਦ, ਮਹਾਂ-ਪਰਸ਼ ਜੋ ਕਹਿ ਗਏ ਨੇ|
'ਰੰਧਾਵੇ' ਕੀ ਕੀ ਭੇਦ ਤੂੰ ਖੋਲ੍ਹੇਗਾ ਛੁਪੇ ਹੋਏ,
ਕਰਾਂ ਸਿਜਦਾ ਰੁੱਖਾਂ ਨੂੰ ਅੱਤਿਆਚਾਰ ਜੋ ਸਹਿ ਗਏ ਨੇ|
24/10/16

 

ਕਲਮ ਦੀਆਂ ਕਿਰਨਾਂ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਮੈਨੂੰ ਬਾਹਲਾ ਮਜਾ ਚਖਾਉਂਦੀਆਂ,
ਮੇਰੀ ਕਲਮ ਦੀਆਂ ਕਿਰਨਾਂ।
ਮੇਰੇ ਸੀਨੇ ਤਰਥੱਲ ਮਚਾਉਂਦੀਆਂ,
ਮੇਰੀ ਕਲਮ ਦੀਆਂ ਕਿਰਨਾਂ।
ਨਾਲ ਇਨ੍ਹਾਂ ਮੇਰੀ ਪ੍ਰੀਤ ਗੂਹੜੀ ਪੈ ਗਈ,
ਮੇਰਾ ਹਿਰਦਾ ਪੂਰਾ ਰੁਸ਼ਨਾਉਂਦੀਆਂ,
ਮੇਰੀ ਕਲਮ ਦੀਆਂ ਕਿਰਨਾਂ।
ਜੱਗ ਤਾਹਨੇ-ਮਿਹਨੇ ਬੇਸ਼ੱਕ ਲੱਖ ਮਾਰੇ,
ਧੁਰ ਅੰਦਰੋਂ ਸਾਥ ਨਿਭਾਉਂਦੀਆਂ,
ਮੇਰੀ ਕਲਮ ਦੀਆਂ ਕਿਰਨਾਂ।
ਜਦੋਂ ਕਦੇ ਮੈਂ ਡੂੰਘੇ ਸੋਚੀਂ ਪੈ ਜਾਵਾਂ,
ਅੱਖਰਾਂ ਨੂੰ ਉਂਗਲੀਂ ਨਚਾਉਂਦੀਆਂ,
ਮੇਰੀ ਕਲਮ ਦੀਆਂ ਕਿਰਨਾਂ।
ਚੁੱਪ-ਚੁਪੀਤੇ, ਅਤੀਤ ਕਿਸੇ ਮਾਸੂਮ ਦਾ,
ਨਿੱਤ ਵਰਕੀਂ ਦਫ਼ਨਾਉਂਦੀਆਂ,
ਮੇਰੀ ਕਲਮ ਦੀਆਂ ਕਿਰਨਾਂ।
ਅਣਭੋਲ ਰੀਝਾਂ ਅਤੇ ਦੰਦਾਸੇ ਚਮਕਦੇ,
ਸ਼ਬਦਾਂ ਵਿੱਚ ਛੁਪਾਉਂਦੀਆਂ,
ਮੇਰੀ ਕਲਮ ਦੀਆਂ ਕਿਰਨਾਂ।
ਪਾਸਾ ਵੱਟਣ ਨਾ ਇਹ ਪੰਨੇ ਕੋਰਿਆਂ ਤੋਂ,
ਹਿੱਕੜੀ ਨਾਲ ਘੁੱਟ ਲਗਾਉਂਦੀਆਂ,
ਮੇਰੀ ਕਲਮ ਦੀਆਂ ਕਿਰਨਾਂ।
'ਰੰਧਾਵੇ' ਵਜੂਦ ਤੇਰਾ ਨਹੀਓਂ ਹੋਣਾ ਸੀ,
ਰੂਹ ਹਿਲਾ ਜੇ ਰਾਤੀਂ ਨਾ ਜਗਾਉਂਦੀਆਂ,
ਮੇਰੀ ਕਲਮ ਦੀਆਂ ਕਿਰਨਾਂ।
ਮੈਂ ਸਦਕੇ ਜਾਵਾਂ ਸੱਚੀਂ ਇਹਦੇ ਪਿਆਰ ਤੋਂ,
ਬਿਖਰਣ ਤੋਂ ਮੈਨੂੰ ਬਚਾਉਂਦੀਆਂ,
ਮੇਰੀ ਕਲਮ ਦੀਆਂ ਕਿਰਨਾਂ।
22/10/2016

ਤੂੰ ਆਇਓਂ ਵੇ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਤੂੰ ਜ਼ਿੰਦਗੀ ਵਿਚ ਆਇਓਂ ਵੇ,
ਹਾਏ ਸੱਜਣਾ ਬਹਾਰ ਬਣ ਕੇ।
ਜੇ ਗਲ ਨਾਲ ਮੈਨੂੰ ਲਾ ਲਵੇਂ,
ਰਹੂੰ ਕਲੀਆਂ ਦਾ ਹਾਰ ਬਣਕੇ।
ਤੇਰੇ ਦੁੱਖ ਸੀਨੇ ਜਰ ਲਵਾਂ ਮੈਂ,
ਆਖਰ ਤਾਂਈਂ ਪਿਆਰ ਬਣਕੇ।
ਕਾਲੀ ਰਾਤ ਮੈਂ, ਤੂੰ ਚੰਨ ਬਣਿਓਂ,
ਤੂੰ ਮਿਲਿਆ ਦਿਲਦਾਰ ਬਣਕੇ।
ਮੇਰੇ ਲਈ 'ਲੁਕਮਾਨ' ਏਂ ਤੂੰ,
ਹੁਣ ਰਹਿਜਾਂ ਨਾ ਬਿਮਾਰ ਬਣਕੇ।
ਅੱਖਾਂ ਇਕ-ਮਿੱਕ ਹੋ ਗਈਆਂ ਵੇ,
ਹਾਏ ! ਦੋ ਤੇ ਦੋ ਚਾਰ ਬਣਕੇ।
ਬੁੱਝ ਲੈਨਾ ਸਾਡੇ ਦਿਲਾਂ ਦੀਆਂ ਤੂੰ,
ਵੇ ਸੱਜਣਾ 'ਰਡਾਰ' ਬਣਕੇ।
'ਰੰਧਾਵਾ' ਆਖਰੀ ਦਮਾਂ ਤਾਂ ਤੇਰੇ ਹਾਂ,
ਮਰ ਜਾਂ ਮੈਂ ਤੇਰੀ ਮਾਰ ਬਣਕੇ।
22/10/2016

 

ਅੱਖ ਸੱਜਣਾ ਵੇ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਅੱਖ ਸੱਜਣਾ ਵੇ, ਨਿੱਤ ਦਿਨ ਰੋਈ ਜਾਂਦੀ ਏ,
ਯਾਦ ਤੇਰੀ ਵਾਲੇ ਹੰਝੂ, ਨਿੱਤ ਚੋਈ ਜਾਂਦੀ ਏ।

ਬੇਕਦਰਾਂ ਨਾ' ਪਿਆਰ ਪਾ ਕੇ, ਕੀ ਏ ਖੱਟਣਾ,
ਅੱਲ੍ਹੜ ਵਰੇਸੇ, ਦੁੱਖ ਪੈ ਜਾਂਦਾ ਏ ਕੱਟਣਾ।
ਸਾਡੀ ਤਕਦੀਰ, ਹਰ ਸਾਹ ਖੋਈ ਜਾਂਦੀ ਏ,
ਅੱਖ ਸੱਜਣਾ ਵੇ.........

ਸਖੀਆਂ ਦੇ ਨਾਲ ਪਾਈ, ਭੁੱਲਦੀ ਨਾ ਕਿੱਕਲੀ,
ਲੱਗੀਆਂ ਸੀ ਤੀਆਂ ਜਿੱਥੇ, ਸੁੱਕੀ ਪਈ ਪਿੱਪਲੀ।
ਪਾਕ ਅੱਲੇ ਫੱਟੀਂ, ਹੱਡਾਂ 'ਚ ਸਮੋਈ ਜਾਂਦੀ ਏ,
ਅੱਖ ਸੱਜਣਾ ਵੇ.........

ਨ੍ਹੇਰਿਆਂ ਦੇ ਨਾਲ ਅੱਜ ਸਾਂਝ ਗੂੜ੍ਹੀ ਪੈ ਗਈ ਏ,
ਰੂਹ ਦੀ ਥਾਂ 'ਰੰਧਾਵਾ' ਹੁਣ, ਸਿੱਲ੍ਹੀ ਤੂੜੀ ਪੈ ਗਈ ਏ।
ਕੱਚੀ ਰੀਝ ਬਿਰਹੇ 'ਚ, ਅੱਧ ਮੋਈ ਜਾਂਦੀ ਏ,
ਅੱਖ ਸੱਜਣਾ ਵੇ, ਨਿੱਤ ਦਿਨ ਰੋਈ ਜਾਂਦੀ ਏ।
27/09/16

ਚੰਦਰਿਆ ਕਾਵਾਂ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਸੁਣ ਚੰਦਰਿਆ ਕਾਵਾਂ, ਕੁੱਟ ਚੂਰੀਆਂ ਮੈ ਪਾਵਾਂ ਵੇ,
ਮਾਹੀ ਵਤਨਾਂ ਨੂੰ ਮੁੜੇ, ਮੈਂ ਹਵਾਈ ਅੱਡੇ ਜਾਵਾਂ ਵੇ।
ਚੂੜਾ ਬਾਂਹੀਂ ਮੇਰੇ ਲਾਲ, ਉਤੋਂ ਮਘਦਾ ਏ ਰੰਗ,
ਚੇਤੇ ਸੱਜਣਾ ਨੂੰ ਕਰੇ, ਮੇਰੀ ਕੱਲੀ-ਕੱਲੀ ਵੰਗ।
ਉਹ ਭੁੱਲਿਆ, ਪਾਠੀਂ ਜੋ ਕਰਾਈਆਂ ਲਾਵਾਂ ਵੇ,
ਸੁਣ ਚੰਦਰਿਆ ਕਾਵਾਂ........

ਰਾਤੀਂ ਸੁਪਨੇ 'ਚ ਆਕੇ, ਮੈਨੂੰ ਗਲ ਨਾਲ ਲਾਇਆ,
ਮੈਨੂੰ ਧੁੰਦਲਾ ਏ ਯਾਦ, ਸੂਟ ਸ਼ਗਨਾਂ ਦਾ ਪਾਇਆ।
ਨਿੱਤ ਕਾਲੀ ਰਾਤ, ਚਾਵਾਂ ਨੂੰ ਨਚਾਵਾਂ ਵੇ,
ਸੁਣ ਚੰਦਰਿਆ ਕਾਵਾਂ........

ਯਾਦ ਸੱਪ ਬਣ ਓਹਦੀ, ਮੈਨੂੰ ਡੱਸਦੀ ਏ ਰਹਿੰਦੀ,
ਮੇਰੀ ਪਲਕਾਂ ਦੀ ਛਾਵੇਂ ਆਕੇ ਫੁਲ-ਫੁਲ ਬਹਿੰਦੀ।
ਲਗ ਕੰਧੀਂ ਤੇ ਬਰੂਹੀਂ, ਗੀਤ ਸੁੰਨੇ ਗਾਵਾਂ ਵੇ,
ਸੁਣ ਚੰਦਰਿਆ ਕਾਵਾਂ........

ਬੇਕਦਰਾ ਵੇ ਰੀਝ ਸਾਡੀ, ਕੱਲੀ-ਕੱਲੀ ਬਲਦੀ,
ਜੂਨ ਤੀਵੀਂ ਦੀ 'ਰੰਧਾਵਾ', ਕੂੰਜਾਂ ਨਾਲ ਹੀ ਏ ਰਲਦੀ।
ਹਰ ਸਾਹ ਹੌਕਿਆਂ ਦੇ ਵਿਚ ਹੀ ਲੰਘਾਵਾਂ ਵੇ,
ਸੁਣ ਚੰਦਰਿਆ ਕਾਵਾਂ, ਕੁੱਟ ਚੂਰੀਆਂ ਮੈ ਪਾਵਾਂ ਵੇ।
27/09/16

ਅੱਜ ਕਲ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਅੱਜ ਕਲ ਅਸੀਂ ਬੇਤਾਬ ਹੋ ਗਏ,
ਨਿੱਤ ਪਰਦੇ 'ਚ ਰਹਿੰਦੇ,
ਕੱਲ੍ਹ ਬੇਨਕਾਬ ਹੋ ਗਏ।
ਫੁੱਲ-ਪੱਤੀਆਂ ਦੇ ਲਈ ਤੇਜਾਬ ਹੋ ਗਏ,
ਬੱਝੇ ਸਦੀਆਂ ਦੇ ਸੈਲਾਬ ਹੋ ਗਏ।
27/09/16

 

ਆਜਾ ਬਹਿ ਜਾ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਆਜਾ ਬਹਿ ਜਾ, ਬਹਿ ਜਾ ਵੇ ਮਾਹੀਆ, ਬਹਿ ਜਾ ਮੇਰੇ ਕੋਲ।
ਰਹਿੰਨੀ ਤੱਕਦੀ, ਤੱਕਦੀ ਵੇ ਮਾਹੀਆ, ਮੂੰਹੋਂ ਕੁਝ ਬੋਲ।

ਤੇਰੇ ਪੱਲੇ ਨਾਲ ਚੁੰਨੀ, ਮੇਰੀ ਗੰਢ ਗਈ ਏ,
ਤੇਰੇ ਨਾਂ ਮੇਰੀ, ਤਕਦੀਰ ਵੰਡ ਗਈ ਏ।
ਨਿੱਤ ਹੀ ਸੁਣਦੀ, ਸੁਣਦੀ ਮੈਂ ਤੇਰੇ, ਬੋਲ ਤੇ ਕਬੋਲ,
ਆਜਾ ਬਹਿ ਜਾ.........

ਚਾਵਾਂ ਮੇਰਿਆਂ ਨੂੰ 'ਪਰ', ਉਦੋਂ ਲੱਗ ਗਏ ਸੀ,
ਮੁੰਦੀ ਤੇਰੀ-ਮੇਰੀ ਜਦੋਂ, ਜੜੇ ਨਗ ਗਏ ਸੀ।
ਈਕਣ ਚੰਦਰਿਆ, ਨਾ ਰੂਪ ਮੇਰਾ, ਰੋਲ ਮਾਹੀਆ, ਰੋਲ,
ਆਜਾ ਬਹਿ ਜਾ.........

ਦਾਜ-ਵਰੀਆਂ ਨਾ' ਮਾਪੇ, ਤੇਰੇ ਘਰ ਤੋਰਿਆ,
ਨੈਣਾਂ ਤੇਰਿਆਂ 'ਚ ਮੈਨੂੰ ਲੱਗਦਾ ਕੋਈ ਹੋਰ ਆ।
ਗੁੱਝੀਆਂ ਗੱਲਾਂ ਦੇ ਖੁੱਲ੍ਹ ਨਾ ਜਾਵਣ, ਤੇਰੇ ਕਿਤੇ ਪੋਲ,
ਆਜਾ ਬਹਿ ਜਾ.........

ਜੋੜੀ ਜਚਦੀ ਏ, 'ਸਿੰਘ' ਨਾਲ 'ਕੌਰ' ਮਾਹੀਆ ਵੇ,
ਪਰ ਤੂੰ ਤੇ ਹੋਇਆ ਰਹਿਨੈ, ਡੌਰ-ਭੌਰ ਮਾਹੀਆ ਵੇ।
'ਰੰਧਾਵਾ' ਮੁੱਕ ਜਾਊ, ਕੌਡੀਆਂ ਭਾ ਜਿੰਦੜੀ, ਸਾਡੀ ਅਨਮੋਲ।
ਆਜਾ ਬਹਿ ਜਾ.........
24/09/16


ਚਾਰ ਦਿਨ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਚਾਰ ਦਿਨ ਦਾ ਰੂਪ ਏ ਸੱਜਣਾ,
ਇਕ ਦਿਨ ਸਭ ਨੇ ਢਲ ਜਾਣਾ।

ਕਿਰਤੀ ਦਰ-ਦਰ ਠੋਕਰਾਂ ਖਾਂਦੇ,
ਤਖਤ ਖੋਟਾ ਸਿੱਕਾ ਚੱਲ ਜਾਣਾ।

ਧੋਖੇ-ਧੜਿਆਂ ਖੂਨ ਸਫੈਦ ਕਰ 'ਤਾ,
ਸੱਚ ਲੂਣ, ਜੋ ਸਮੁੰਦਰੀਂ ਰਲ ਜਾਣਾ।

ਬੰਦਾ ਮੇਰੀ-ਮੇਰੀ ਕਰਦਾ ਮੁੱਕ ਜਾਂਦਾ,
'ਰੰਧਾਵਾ' ਅੰਤ ਸਿਵੇ ਵਿਚ ਬਲ ਜਾਣਾ।
24/09/16

 

ਇਤਰਾਜ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਸਹੁੰ ਝੂਠੀ, ਬੇ-ਮਤਲਬ ਖਾਣ ਤੋਂ ਇਤਰਾਜ ਏ,
ਸੂਟ ਸ਼ਾਹੀ ਸਵਾ ਦੇ, ਪੱਛਮੀ ਪਾਉਣ ਤੋਂ ਇਤਰਾਜ ਏ।
ਗਰੀਬ ਘੁੱਟ ਕੇ ਸੀਨੇ ਦੇ ਨਾਲ ਲਾ ਲਵਾਂ,
ਅਮੀਰ ਝੂਠਾ, ਗਲ ਨਾਲ ਲਾਉਣ ਤੋਂ ਇਤਰਾਜ ਏ।
ਰੀਝਾਂ ਹਿੱਕੜੀ 'ਚ ਸੜ ਸਵਾਹ ਹੋ ਜਾਣ,
ਹਵਸ਼ੀ 'ਰਾਂਝਾ' ਅਪਨਾਉਣ ਤੋਂ ਇਤਰਾਜ ਏ।
ਰਾਹੇ ਜਾਂਦਿਆਂ ਸਖਸ਼, ਬੇਸ਼ੁਮਾਰ ਮਿਲਦੇ,
ਚੁੰਨੀ ਦਾਗੀ ਕਰਵਾਉਣ ਤੋਂ ਇਤਰਾਜ ਏ।
'ਰੰਧਾਵੇ' ਬਾਬਲੇ ਦੀ ਪੱਗ ਚਿੱਟੀ ਸੋਹਣੀ ਲੱਗਦੀ,
ਪੱਲਾ ਲਾਲਚੀ ਨੂੰ ਫੜਾਉਣ ਤੋਂ ਇਤਰਾਜ ਏ।
28/08/16

ਤਨਹਾਈਆਂ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਅਤੀਤ ਹਲਚਲ, ਵਰਤਮਾਨ ਡਾਵਾਂ-ਡੋਲ ਜਿਹਾ,
ਕੱਸਮਕਸ 'ਚ ਸਵਾਲ ਉਠਦਾ ਅਨਭੋਲ ਜਿਹਾ।
ਕਈ ਵਾਰ ਤਨਹਾਈਆਂ ਹੌਕੇ ਭਰਦੀਆਂ ਨੇ,
ਬਲਦੇ ਅੰਗਾਰਾਂ ਵਿਚ ਵੀ ਉਂਗਲਾਂ ਠਰਦੀਆਂ ਨੇ।
ਇਨਸਾਨ, ਪਰਿੰਦੇ ਨੋਚੀ ਜਾਂਦੇ ਜਿਸਮਾਂ ਨੂੰ,
ਸੌਹਾਂ ਮਸੀਤਾਂ ਦੀਆਂ ਚੁੱਕ ਠਗੀ ਜਾਂਦੇ ਨੇ।
ਦੀਨ-ਈਮਾਨ ਰਹਿ ਨਾ ਗਿਆ ਕਿੱਧਰੇ ਵੀ,
ਛੱਡਕੇ ਸੀਰਤ, ਸੂਰਤਾਂ ਪਿੱਛੇ ਲੱਗੀ ਜਾਂਦੇ ਨੇ।
ਨਜਰਾਂ ਵੇਖ ਕੇ ਧੋਖੇ, ਹੰਝੂ ਜਰਦੀਆਂ ਨੇ।
ਕਈ ਵਾਰ........

ਮੱਥੇ ਚਮਕਣ ਬੂੰਦਾਂ, ਕਿਰਤੀ ਦੇ ਕਿਰਤ ਦੀਆਂ,
ਬੇ-ਇਮਾਨ ਠੱਗ ਤਖਤ ਤੇ ਸਜੀ ਜਾਂਦੇ ਨੇ।
ਸੁਣੇ ਨਾ ਇੱਥੇ ਪੁਕਾਰ ਕੋਈ ਨਿਰਦੋਸ਼ਾਂ ਦੀ,
ਮਾਸੂਮ-ਦਿਲ ਫੱਟ ਗੁੱਝੇ ਵੱਜੀ ਜਾਂਦੇ ਨੇ।
ਲਾ ਸਮੇਂ ਦੀ ਮਰ੍ਹਮ ਟਕੋਰ, ਪੀੜਾਂ ਜਰਦੀਆਂ ਨੇ,
ਕਈ ਵਾਰ........

ਧੋਖੇ-ਧੜੇ, 'ਸਮਝੌਤੇ' ਨਾਂਓਂ ਹੈ ਦੁਨੀਆਂ ਦਾ,
ਧੀਆਂ ਕੁੱਖ ਵਿਚ ਕਤਲ ਕਰਨ ਦੀ ਰੀਤ ਬਣੀ।
ਜਿੱਧਰ ਦੇਖੋ, ਰਾਜ ਚੱਲੇ ਬਸ ਪੈਸੇ ਦਾ,
ਗਰੀਬ ਦੀ ਜ਼ਿੰਦਗੀ ਜਾਣੋ ਠੰਢੀ ਸੀਤ ਬਣੀ।
'ਰੰਧਾਵਾ' ਤੱਕੀਂ ਰੀਝਾਂ ਸਮੁੰਦਰੀਂ ਤਰਦੀਆਂ ਨੇ।
ਕਈ ਵਾਰ........
28/08/16

ਜ਼ਿੰਦਗੀ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਜ਼ਿੰਦਗੀ 'ਚ ਪਿਆ ਏ ਖਿਲਾਰਾ ਅੱਤ ਦਾ,
ਪੁੱਤ ਨਾ ਜੁਵਾਬ ਦੇਵੇ, ਮਾਂ ਦੇ ਖਤ ਦਾ।
ਬਿਨ ਬੋਲਿਆਂ ਹੀ, ਰਮਜ ਜਾਣ ਜਾਂਦੀ ਮਾਂ,
ਉਹਨੂੰ ਖਤਰਾ ਏ, ਰੁਲਦੀ ਹੋਈ ਪੱਤ ਦਾ।
ਬਣਿਆ ਨਸ਼ੇੜੀ ਪੁੱਤ, ਲੱਗਾ ਮਾਂ ਨੂੰ ਰੋਗ,
ਦਿਲ ਝੂਰੇ, ਚਰਖਾ ਜਿਉਂ ਰੂੰ ਕੱਤਦਾ।
ਬੁੱਢੀ ਅੱਖੋਂ ਹੰਝੂਆਂ ਦੀ ਟੁੱਟਦੀ ਨਾ ਝੜੀ,
ਹੌਕਾ ਮਾਰੇ, ਨਸ਼ਿਆਂ ਦੀ ਲੱਗੀ ਲੱਤ ਦਾ।
ਆਖਦੀ 'ਰੰਧਾਵਾ', ਬਚ ਨਸ਼ਿਆਂ ਤੋਂ ਵੀਰਾ!
ਸਾਂਭ ਲੈ ਖਜ਼ਾਨਾ, ਅੰਮੜੀ ਦੀ ਮੱਤ ਦਾ।
07/08/16


ਪਪੀਹਾ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਦਿਨ ਚੜ੍ਹੇ, ਬਨੇਰੇ ਕੱਚੇ,
ਪਪੀਹਾ ਗੁਣ-ਗੁਣਾਉਂਦਾ।
ਖੌਰੇ ਭੁੱਖ-ਪਿਆਸ ਲਈ ਤੜਫੇ,
ਅੱਧਮੋਏ ਸੁੱਤੇ ਨੂੰ ਮੈਨੂੰ ਜਗਾਉਂਦਾ।
ਗੀਤ ਬਿਰਹਾ, ਜਾਂ ਚਾਅ ਦੇ ਗਾਵੇ,
ਹਰ ਬੋਲ ਨਾਲ ਪੰਖ ਹਿਲਾਉਂਦਾ।
ਚੋਗ ਪਾਵਾਂ ਮੈਂ ਤੜਕੇ ਉਠ ਕੇ,
ਕਮਲਾ, ਨੱਕ ਚਾੜ੍ਹ ਮੂੰਹ ਬਣਾਉਂਦਾ।
ਮੂਹਰੇ ਬੈਠਦਾ ਏ ਸੋਹਣਾ ਫੱਬ ਕੇ,
ਮੇਰੇ ਹੰਝੂਆਂ ਨਾਲ ਸਿਰ ਧਵਾਉਂਦਾ।
ਹੂਕ ਉਸ ਦੀ ਸੀਨਾ ਜਾਵੇ ਚੀਰੀ,
ਅੱਲੇ ਫੱਟਾਂ ਨੂੰ ਜਿਵੇਂ ਸਹਿਲਾਉਂਦਾ।
ਨੈਣਾਂ ਸਾਡਿਆਂ ਦੀ ਰਮਜ ਪੜ੍ਹ ਜਾਂਦਾ,
'ਰੰਧਾਵਾ' ਸਿਵਿਆਂ 'ਚ ਦੇਹ ਦਫਨਾਉਂਦਾ।
07/08/16

 

ਪਿੰਡ ਤੇ ਸ਼ਹਿਰ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਜੀਹਨੂੰ ਮੰਨਿਆ ਸੀ ਸਾਹਾਂ ਦਾ ਮੁਰੀਦ ਵੇ,
ਉਹ ਛੱਡ ਹੋਰਾਂ ਪੱਖ ਹੋ ਗਏ।
ਹੁੰਦੇ ਜਿਹੜੇ ਸੀ ਪਿੰਡ ਤੇ ਸ਼ਹਿਰ ਇਕ ਹੀ,
ਉਹ ਅੱਜ ਵੱਖ-ਵੱਖ ਹੋ ਗਏ।

ਮੋੜ ਸ਼ਹਿਰ ਦਾ, ਪਿੰਡ ਦੀ ਹੁੰਦੀ ਜੂਹ ਸੀ,
ਜਾਣੋ ਦੋਹਾਂ ਦੀ ਇਕੋ ਹੀ ਹੁੰਦੀ ਰੂਹ ਸੀ।
ਚਾਰ ਕਦਮਾਂ ਦੇ ਪੈਂਡੇ ਸੀ ਜੋ ਲੱਗਦੇ,
ਕਦਮ ਅੱਜ ਲੱਖ ਹੋ ਗਏ। ਹੁੰਦੇ ਜਿਹੜੇ......

ਪਾਇਆ ਸ਼ਹਿਰ ਨੇ ਪਿੰਡ ਦਾ ਨਾਹੀ ਮੁੱਲ ਵੇ,
ਰਾਜ ਖੁੱਲ੍ਹਦੇ-ਖੁੱਲ੍ਹਦੇ ਗਏ ਖੁੱਲ੍ਹ ਵੇ।|
ਐਸਾ ਨਾਟਕ ਰਚਾਇਆ, ਪਾਪੀ ਸ਼ਹਿਰ ਨੇ,
ਲੱਖਾਂ ਤੋਂ ਝੱਟ ਕੱਖ ਹੋ ਗਏ। ਹੁੰਦੇ ਜਿਹੜੇ......

ਉਦ ਪਿੰਡ ਦਾ ਸਿਰਨਾਵਾਂ ਹੀ ਸੀ ਸ਼ਹਿਰ ਦਾ,
ਮੋਹ-ਪਿਆਰ ਐਨਾ ਦੋਵਾਂ ਦਾ ਸੀ ਕਹਿਰ ਦਾ।
ਪਰ ਦਿੱਤੇ ਇਕ ਦੂਸਰੇ ਨੂੰ ਤੋਹਫੇ ਵੀ,
ਨਾ ਦੋਵਾਂ ਕੋਲੋਂ ਰੱਖ ਹੋ ਗਏ। ਹੁੰਦੇ ਜਿਹੜੇ......

ਪੇਂਡੂ ਸਾਦਗੀ, ਸ਼ਹਿਰ ਦੇ ਲਈ ਰੱਬ ਸੀ,
'ਮੱਕਾ' ਆਖਦਾ ਪਿੰਡ ਨੂੰ ਚੱਬ ਚੱਬ ਸੀ।
ਹਿੱਲਾ ਦੀਨ ਤੇ ਈਮਾਨ, ਪਾਪੀ ਸ਼ਹਿਰ ਦਾ,
ਮਜੇ ਜਾਂ ਪੂਰੇ ਚੱਖ ਹੋ ਗਏ। ਹੁੰਦੇ ਜਿਹੜੇ......

ਲੋਕੋ! ਪਿੰਡਾਂ ਸ਼ਹਿਰਾਂ ਦੀ ਏ ਅੱਡ ਸੋਚ ਵੇ,
ਪੱਬ ਧਰਿਓ ਤੁਸੀਂ ਹਾਏ ਬੋਚ-ਬੋਚ ਵੇ।
ਫਿਰ ਆਖਣਾ ਨਾ 'ਵਰਿੰਦਰਾ ਰੰਧਾਵਿਆ'!
ਜਿਊਣੇ ਲੱਥ-ਪੱਥ ਹੋ ਗਏ। ਹੁੰਦੇ ਜਿਹੜੇ......
27/07/16

ਪ੍ਰਭਾਤ ਹੋਣ ਤੋਂ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਪ੍ਰਭਾਤ ਹੋਣ ਤੋਂ, ਡਰਦੀ ਹਾਂ।
ਨਿੱਤ ਅੰਦਰੋ-ਅੰਦਰੀ ਮਰਦੀ ਹਾਂ।
ਇਹ ਕਾਲੀਆਂ ਰਾਤਾਂ ਚੈਨ ਦੇਵਣ,
ਉਗੇ ਸੂਰਜ ਹਲਚਲ ਜਰਦੀ ਹਾਂ।
ਇਹ ਖਲਕਤ, ਸੱਪ ਨਿਓਲੇ ਦੀ,
ਜਹਿਰੀਲੇ ਸਮੁੰਦਰ ਤਰਦੀ ਹਾਂ।
ਧੋਖੇਬਾਰ, ਗਦਾਰ, ਦਲਾਲ ਇੱਥੇ,
ਰਾਖ ਚਾਵਾਂ ਦੀ, ਮੁੱਠੀ 'ਚ ਭਰਦੀ ਹਾਂ।
ਚੰਨ, ਬੱਦਲੀਂ ਲੁਕ ਡਰਾਵੰਦਾ ਏ,
ਹੱਥ ਰੱਖ ਨੈਣੀ ਸਾਹ ਹਰਦੀ ਹਾਂ।
ਖੂਨ ਜਿਗਰ ਦਾ ਬੋਟੀਆਂ ਬਣ ਜੰਮਿਆ,
ਪੀੜਾਂ ਕਤਰਾ-ਕਤਰਾ ਚਰਦੀ ਹਾਂ।
'ਰੰਧਾਵਾ' ਤਨ ਮਨ ਭਾਂਬੜ ਮੱਚਦੇ ਨੇ,
ਹੰਝੂਆਂ ਦੀ ਟਕੋਰ ਕਰਦੀ ਹਾਂ।
27/07/16

 

ਨਸ਼ਿਆ ਤਬਾਹ ਕਰਤੀ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਨਸਾਂ 'ਚ ਗਰਮ ਖੂਨ ਕੀ ਸੀ ਖੌਲਣਾ,
ਦੇਸ਼ ਦੀ ਜਵਾਨੀ ਨੇ ਕੀ ਸੀ ਮੌਲਣਾ,
ਪੰਖੜੀ ਤੋੜ-ਮਰੋੜ ਹੀ ਸਵਾਹ ਕਰਤੀ-
ਜਵਾਨੀ ਸਾਰੀ ਨਸ਼ਿਆ ਨੇ ਤਬਾਹ ਕਰਤੀ।

ਰੋਸ਼ਨ ਚਿਰਾਗ ਹੋਇਆ, ਸੁੰਨੇ ਵਿਹੜੇ ਸੀ,
ਮਾਪੇ ਭੁੱਲੇ ਦਿਨ, ਦੁੱਖਾਂ ਵਾਲੇ ਜਿਹੜੇ ਸੀ।
(ਪਰ), ਸੁਰਖ ਮੁੱਖੋਂ ਲਾਲੀ, ਹੀ ਫਨਾਹ ਕਰਤੀ,
ਪੰਖੜੀ ਤੋੜ-ਮਰੋੜ .....

ਨਸ਼ਿਆਂ ਨਾਲ ਕਰ ਬੈਠਾ ਲਾਲ ਦੋਸਤੀ,
ਗਲੀ, ਮੋੜ, ਚੌਰਾਹੇ, ਨਾਂਓਂ ਪਿਆ 'ਪੋਸਤੀ'।
ਹਰ ਨਾੜ ਵਿੰਨ੍ਹੀ, ਮੌਤ ਦੀ ਗਵਾਹ ਕਰਤੀ,
ਪੰਖੜੀ ਤੋੜ-ਮਰੋੜ .....

ਡਿਗਰੀਆਂ-ਡਿਪਲੋਮੇ ਕਾਹਤੋਂ ਕਰਨੇ ਸੀ,
ਪੀ ਪੀ 'ਸਮੈਕ' ਠੰਢੇ ਹੌਕੇ ਹੀ ਜੇ ਭਰਨੇ ਸੀ।
'ਰੰਧਾਵਾ' ਨਸ਼ਿਆਂ ਜੂਨ ਬੇ-ਪਨਾਹ ਕਰਤੀ,
ਪੰਖੜੀ ਤੋੜ-ਮਰੋੜ .....
07/07/16


ਧੀਆਂ ਕੁੱਖ ਦੇ ਵਿਚ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਹਾਏ! ਐਸਾ ਜ਼ੁਲਮ ਕਮਾਵੋ ਨਾ !
ਧੀਆਂ ਕੁੱਖ ਦੇ ਵਿਚ ਮੁਕਾਵੋ ਨਾ!
ਹੈਵਾਨ ਦਾ ਰੂਪ ਨਾ ਧਾਰੋ ਤੁਸੀਂ,
ਔਜਾਰਾਂ ਦੇ ਨਾਲ ਕਟਾਵੋ ਨਾ!
ਮਾਂ ਦਰੋਂ ਬਦ-ਅਸੀਸਾਂ ਮਿਲਣਗੀਆਂ,
ਉਹਦੀ ਕੰਜਕਾਂ ਨੂੰ ਐਵੇਂ ਸਤਾਵੋ ਨਾ!
ਵੇਲ ਕਲੀਆਂ ਵਾਲੀ ਨਾ ਤੋੜੋ ਲੋਕੋ,
ਅੰਸ਼ ਗਟਰਾਂ ਦੇ ਵਿਚ ਰੁੜ੍ਹਾਵੋ ਨਾ!
ਅੱਖਾਂ ਮੀਚ ਕਸਾਈਪਨ ਨਾ ਕਰਿਓ,
ਬੇਟੀ, ਬੱਕਰੇ ਵਾਂਗ ਝਟਕਾਵੋ ਨਾ!
ਹੱਥ ਜੋੜ 'ਰੰਧਾਵਾ' ਆਖਦੀ ਏ,
ਜ਼ੁਲਮਾਂ ਦਾ ਤੂਫਾਨ ਲਿਆਵੋ ਨਾ!
07/07/16

ਰੁੱਖਾਂ ਦੀ ਜੂਨ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਬੇਬਸ ਰੁੱਖਾਂ ਦੀ ਹੈ ਜੂਨ ਮੇਰੀ,
ਆਰਾ ਫੇਰ ਦਿੰਦੇ ਨੇ ਕਰ ਢੇਰੀ।

ਮੈਂ ਪੁੰਗਰਿਆ ਸੋਹਣੇ ਬੀਜ ਵਿਚੋਂ,
ਬਾਲ ਜਚੇ ਜਿਵੇਂ ਸੂਹੀ ਕਮੀਜ ਵਿਚੋਂ।
ਮੈਨੂੰ ਟੋਟੇ ਟੋਟੇ ਕਰਨੇ ਦੀ-
ਲੱਗੀ ਰਹਿੰਦੀ ਮਨੁੱਖ ਨੂੰ ਲੇਰੀ।.. ਬੇਬਸ....
ਜਿਵੇਂ ਪੁੱਤਰਾਂ ਦੇ ਲਈ ਮਾਵਾਂ ਨੇ,
ਉਵੇਂ ਮਾਣਦੇ ਮੇਰੀਆਂ ਛਾਵਾਂ ਨੇ।
ਉਤੋਂ ਉਤੋਂ ਅਸੀਸਾਂ ਦੇਣ ਮੈਨੂੰ-
ਖਤਮ ਕਰਨੇ ਲਈ ਨਾ ਲਾਉਣ ਦੇਰੀ। .. ਬੇਬਸ....
ਕਸਾਈ ਵਾਂਗਰ ਆਰਾ ਚਾੜ੍ਹਦੇ ਨੇ,
ਕੋਈ ਫਰਨੀਚਰ ਲਈ, ਕੋਈ ਸਾੜਦੇ ਨੇ।
ਮਨੁੱਖ ਤਰਸ ਜਾਊ ਔਕਸੀਜਨ ਲਈ-
ਜੇਕਰ ਇਵੇਂ ਹੀ ਰੱਖੀ ਮੇਰੀ ਜੂਨ ਘੇਰੀ| .. ਬੇਬਸ....
ਵਧ ਰਿਹਾ ਪ੍ਰਦੂਸ਼ਣ ਰੋਕੋ ਵੇ !
ਮੈਂ ਪਾਵਾਂ ਦੁਹਾਈਆਂ ਲੋਕੋ ਵੇ!
ਤੂੰ ਵੀ ਸਮਝਦਾ ਨਹੀ 'ਰੰਧਾਵਿਆ' ਉਏ!
ਮਾਰੀ ਗਈ ਕਿਉਂ ਏ ਮੱਤ ਤੇਰੀ। .. ਬੇਬਸ....
07/07/16

 

ਵਿਆਹ ਉਹਦੇ ਤੇ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਵਿਆਹ ਉਹਦੇ ਤੇ ਗੀਤ ਸ਼ਗਨ ਦੇ ਨਾ ਗਾਏ ਸੀ।
ਨਾ ਤੇਲ, ਦਹੀਂ ਸਿਰ ਉਸਦੇ ਕਿਸੇ ਨੇ ਲਾਏ ਸੀ।
ਨਾ ਕੌਡੀ-ਗਾਨੇ ਬੰਨ੍ਹਾਏ ਕਿਸੇ ਨੇ ਸਖੀਆਂ ਤੋਂ,
ਨਾ ਤਨ ਵੱਟਣੇ, ਨਾ ਮੁੱਖ ਛੁਆਰੇ ਛੂਹਾਏ ਸੀ।
ਨਾ ਬੁੱਤ, ਚਾਅ ਚੰਦਰੇ, ਉਠਾਏ ਕਿਸੇ ਨੇ ਖਾਰੇ ਤੋਂ,
ਨਾ ਚੂੜਾ, ਕਲੀਰੇ ਕੱਚੀ ਲੱਸੀ ਧਵਾਏ ਸੀ।
ਨਾ ਵੇਦੀ, ਨਾ ਮੰਤਰ, ਕਰਾ ਦਿੱਤੇ ਸੀ ਝੱਟ ਫੇਰੇ,
ਨਾ ਸਾਜ-ਸ਼ਿੰਗਾਰ, ਨਾ ਸੂਟ ਵਰੀ ਦੇ ਸੰਵਾਏ ਸੀ।
ਨਾ ਸੀ ਮਾਪੇ 'ਆਪਣੇ', ਬਣੇ 'ਪਰਾਏ' ਸਹੁਰੇ ਵੀ,
ਨਾ ਸੇਜ ਸਜੀ, ਨਾ ਸੂਤਕ ਕਿਸੇ ਕਟਾਏ ਸੀ।
ਨਾ ਮੀਂਢੀਆਂ ਗੁੰਦੀਆਂ, ਗਿੱਠ ਗਿੱਠ ਲੰਬੇ ਵਾਲ ਉਵੇ,
ਨਾ ਜੋਬਨ ਰੁੱਤ ਆਈ ਰਾਸ, ਕੀ ਵੇਸ ਹੰਢਾਏ ਸੀ।
ਉਹ ਵੀ ਕਿਸਮਤ-ਹਾਰੀ ਹੀ ਸੀ ਧੀ ਮਾਪਿਆਂ ਦੀ,
ਸ਼ਗਨ-ਵਿਹਾਰ ਨਾ ਜਿਸ ਹਿੱਸੇ ਕੋਈ ਆਏ ਸੀ।
ਕਹੇ 'ਰੰਧਾਵਾ' ਧਾਂਹਾਂ ਮਾਰ ਨਾ ਤੂੰ ਰੋ ਭੈਣੇ !
'ਕਾਲੇ ਲੇਖ' ਤੇਰੇ ਧੁਰੋਂ ਹੀ ਆਏ ਲਿਖਵਾਏ ਸੀ।
06/06/2016

ਗਰੀਬੀ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਤੱਕ ਲਾਚਾਰੀ ਗਰੀਬੀ ਵਾਲੀ,
ਦਿਲ ਚੰਦਰਾ, ਜਾਰੋ-ਜਾਰ ਰੋਈ ਜਾਂਦਾ ਏ।
ਖਾਲੀ ਪਈ ਸਬਾਤ ਹੋਈ ਕਾਲੀ,
ਹੰਝੂ, ਅੱਖ ਅਧਮੋਈ 'ਚ ਚੋਈ ਜਾਂਦਾ ਏ।
ਬਾਪੂ ਖੇਤ ਗਿਆ, ਕਦੇ ਨਾ ਮੁੜਿਆ,
ਵੀਰਾ ਵਿਆਹ ਵਾਲੇ ਚਾਅ ਪਰੋਈ ਜਾਂਦਾ ਏ।
ਕਾਹਤੋਂ ਗਰੀਬ ਦੀ ਜੂਨ ਜੱਗ ਆਈ,
ਬਾਣੀਆਂ ਬਰੂਹੀਂ ਨਿੱਤ ਆ ਖਲੋਈ ਜਾਂਦਾ ਏ।
ਲੀਡਰਾਂ ਰਲ ਦੇਸ਼ ਖਾ ਲਿਆ 'ਰੰਧਾਵਾ'
ਗਰੀਬ ਸਿਰ ਕਰਜਾ ਕੰਧਾਂ ਹਲੋਈ ਜਾਂਦਾ ਏ।
06/06/2016

 

ਅੱਖ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਅੱਖ ਆਖਦੀ ਏ ਅੱਜ ਮੈਨੂੰ ਰੋ ਲੈਣ ਦੇ।
ਹੰਝੂ ਚਾਅ ਵਾਲੇ, ਇਕ ਦੋ ਚੋ ਲੈਣ ਦੇ।

ਅੱਖ, ਜੱਗ ਦੇ ਇਹ ਰੀਤੀ ਤੇ ਰਿਵਾਜ ਵੇਖਦੀ।
ਦੁਨੀਆਂ ਰੰਗਲੀ ਦੇ, ਰੰਗਲੇ ਜਿਹੇ ਸਾਜ ਵੇਖਦੀ।
ਅੱਖ ਬੋਲੀ ਮੇਰੀ, ਸੁਪਨਾ ਪਰੋ ਲੈਣ ਦੇ।
ਹੰਝੂ ਚਾਅ ਵਾਲੇ........

ਹੁੰਦੀ ਸ਼ਰਾਰਤ ਹਜੂਮਾਂ ਦੀ, ਨੂੰ ਇਹ ਵੇਖਦੀ।
ਲੁੱਟਦੀ ਇੱਜਤ ਮਸੂਮਾਂ ਦੀ, ਨੂੰ ਇਹ ਵੇਖਦੀ।
ਵੇਖ ਹੁੰਦਾ ਨਈ, ਆਖੇ ਬੂਹੇ ਢੋ ਲੈਣ ਦੇ।
ਹੰਝੂ ਚਾਅ ਵਾਲੇ........

ਅੱਖ, ਪਿਆਰ ਦੇ ਤਮਾਸ਼ੇ ਕਰਦੇ ਵੇਖਦੀ।
ਖੰਜਰ ਯਾਰ ਦੀ ਪਿੱਠ 'ਚ ਧਰਦੇ ਵੇਖਦੀ।
ਜੋ ਹੁੰਦਾ ਅੱਜ, ਮੇਰੇ ਨਾਲ ਹੋ ਲੈਣ ਦੇ।
ਹੰਝੂ ਚਾਅ ਵਾਲੇ........

ਇਹ ਕੌਲ ਤੇ ਕਰਾਰ ਅਧ-ਮੋਏ ਦੇਖਦੀ।
ਸਭੇ ਇੱਜਤਾਂ ਦੇ ਰਾਖੇ ਅੱਜ ਸੋਏ ਦੇਖਦੀ।
ਇਸਤੋਂ ਚੰਗਾ ਏ 'ਰੰਧਾਵਾ', ਮੈਨੂੰ ਮੋਅ ਲੈਣ ਦੇ।
ਹੰਝੂ ਚਾਅ ਵਾਲੇ........
24/05/16


ਸਾਡੇ ਨੈਣਾਂ ਵਿਚ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਕਦੇ ਸਾਡੇ ਨੈਣਾਂ ਵਿਚ ਤੱਕ ਤਾਂ ਸਹੀ ਵੇ,
ਤੈਨੂੰ ਗਮਾਂ ਦੇ ਤਲਾਬ ਭਰੇ ਨਜਰੀ ਆਉਣਗੇ।
ਲੁੱਟ ਗਏ ਜਮਾਨੇ ਹੱਥੋਂ, ਦਫਨਾਉਣੇ (ਜਦ) ਬੇ-ਕਸੂਰ,
ਉਦੋਂ ਮੇਰੇ ਹਰ ਸਾਹ, ਮਾਤਮ ਮਨਾਉਣਗੇ।

ਬਹਿ ਕੇ ਸੱਥ-ਲੋਕ ਜਦੋਂ, ਮੇਰਾ ਅਤੀਤ ਦੁਹਰਾਉਣੈਂ,
ਉਦੋਂ ਨਹਿਰ ਦੇ ਕਿਨਾਰੇ ਤੇਰਾ, ਚੁਬਾਰਾ ਰੁਸ਼ਨਾਉਣੈਂ।
ਪਰਛਾਵੇਂ ਢਲੇ ਜਦੋਂ ਮੇਰੀ ਚਿਤਾ ਜਲਾਉਣਗੇ,
ਅੱਧੀ ਰਾਤੀਂ ਉਠ ਚੰਨ-ਤਾਰੇ ਵੈਣ ਪਾਉਣਗੇ।

ਕੋਈ ਆਖੂ, 'ਹੈ ਸੀ ਚੰਗਾ', ਕੋਈ ਆਖੂ, 'ਹੈ ਸੀ ਮੰਦਾ'।
ਗੱਲਾਂ ਕਰ ਕਰ 'ਵਰਿੰਦਰਾ', ਲੋਕੀਂ ਫੇਰਨਗੇ ਰੰਦਾ।
ਪਾ ਕੇ ਚਾਦਰ ਗਮਾਂ ਵਾਲੀ, ਲੋਕਾਂ ਤੋਂ ਲੁਕਾਉਣਗੇ।
ਵੜ ਨੇਰ੍ਹੇ ਦੀ ਬੁੱਕਲ, 'ਰੰਧਾਵਾ' ਚਾਅ ਕੁਰਲਾਉਣਗੇ।
24/05/16

 

ਦਿਨ ਤੀਆਂ ਵਰਗੇ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਦਿਨ ਤੀਆਂ ਵਰਗੇ ਲੰਘਦੇ ਸਨ,
ਸਾਨੂੰ ਤੂੰ ਬਹੁਤ ਪਿਆਰਾ ਸੀ।
ਵਿਚ ਧੁੱਪ ਦੇ ਵੀ ਸੀ ਛਾਂ ਲੱਗਦੀ,
ਉਦੋਂ ਹਰ ਇਕ ਪਲ ਨਿਆਰਾ ਸੀ।
ਭਾਂਵੇਂ ਅੱਖਾਂ ਨਾਲ ਹੀ ਕਰਦੇ ਸਾਂ,
ਪਰ, ਮੇਰਾ ਤੂੰ ਜੀਣ-ਸਹਾਰਾ ਸੀ।
ਖੜ੍ਹ ਤੱਕਦਾ ਹੁੰਦਾ ਸੈਂ ਮੋੜਾਂ ਤੇ,
ਮੈਂ ਤੇਰਾ ਚਮਕਦਾ ਤਾਰਾ ਸੀ।
ਤੇਰਾ ਦੀਦ ਸੀ ਸਾਨੂੰ ਰੱਬ ਵਰਗਾ,
ਸੱਚੇ ਪਿਆਰ ਦੀ, ਸੁੱਚੀ ਧਾਰਾ ਸੀ।
ਬਸ ਰੂਹਾਂ ਹੀ ਸੀ ਬੋਲਦੀਆਂ,
ਸਾਡੀ ਸ਼ਰਮ ਦਾ ਪੱਲੜਾ ਭਾਰਾ ਸੀ।
ਉਦੋਂ ਪਿਆਰ ਦੇ ਅਰਥ ਸੀ ਨਹੀ ਆਉਂਦੇ,
(ਪਰ) 'ਰੰਧਾਵਾ' ਉਹ ਅਕਹਿ ਨਜਾਰਾ ਸੀ।
07/05/16


ਦੋਜਖ ਏ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਸੱਚਮੁੱਚ, ਬਿਨ ਮਾਵਾਂ, ਦੋਜਖ ਏ।
ਜਿੰਦਗੀ, ਬਿਨ ਚਾਵਾਂ, ਦੋਜਖ ਏ।

ਉਸ ਸੱਚੇ ਇਕ ਦਿਲਦਾਰ ਬਿਨਾ,
ਅੱਖ ਹੋਰ ਥਾਂ ਟਿਕਾਵਾਂ, ਦੋਜਖ ਏ।

ਸਾਹ ਉਡ ਜਾਣਾ ਵਾਂਗ ਪਰਿੰਦੇ ਦੇ,
ਜੇ ਸਾਂਈਂ ਨਾ ਧਿਆਵਾਂ, ਦੋਜਖ ਏ।

ਭਾਂਵੇਂ ਜੋਬਨ ਤੁਰਿਆ, ਮੁੜਨਾ ਨਹੀਂ,
ਦਾਗ ਚੁੰਨੀ ਨੂੰ ਜੇ ਲਾਵਾਂ, ਦੋਜਖ ਏ।

ਕਿਸੇ ਗਰੀਬ ਦੇ ਲਈ ਵੀ ਮਰਨਾ ਸਿੱਖ,
ਖੱਟ ਸਕਾਂ ਨਾ ਦੁਆਵਾਂ, ਦੋਜਖ ਏ।

ਸੱਭਿਆਚਾਰਕ ਵਿਰਸਾ ਜਾਨ ਸਾਡੀ,
ਜੇ ਮੈਂ 'ਪੱਛਮੀ' ਅਪਣਾਵਾ, ਦੋਜਖ ਏ।

ਦਸਾਂ ਨੌਹਾਂ 'ਚ 'ਵਰਿੰਦਰਾ' ਬਰਕਤ ਏ,
ਮਾਰ ਠਗੀਆਂ ਜੇ ਖਾਵਾਂ, ਦੋਜਖ ਏ।
07/05/16ਪੋਹ ਦੇ ਠੰਢੇ ਸਿਆਲ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਤੂੰ ਪੋਹ ਦੇ ਠੰਢੇ ਸਿਆਲ ਜਿਹਾ,
ਮੈਂ ਹਾੜ੍ਹ ਦੀ ਬਲਦੀ ਧੁੱਪ ਵਰਗੀ।
ਤੇਰੇ ਮੱਥੇ ਚਮਕਣ ਬੂੰਦਾਂ ਵੇ,
ਮੇਰੀ ਹਰ ਧੜਕਣ ਲੂੰ-ਲੂੰ ਕਰਦੀ।
ਤੂੰ ਅੱਖੀਆਂ ਦੇ ਵਿਚ ਕਹਿ ਜਾਂਦੈਂ,
ਮੈਂ ਅੰਦਰੋਂ ਹੁੰਗਾਰੇ ਰਹਾਂ ਭਰਦੀ।
ਤੂੰ ਪਿੱਠ ਨਾ ਕਦੇ ਵਿਖਾਈਂ ਵੇ,
ਤੇਰਾ ਪਲ ਦਾ ਵਿਛੋੜਾ ਨਈਂ ਜਰਦੀ।
ਲੱਖ ਭੌਰ ਉਡਾਰੀ ਭਰਦੇ ਵੇ,
'ਰੰਧਾਵਾ' ਲੱਖਾਂ 'ਚ ਤੇਰੇ 'ਤੇ ਮਰਦੀ।
07/05/16

 

ਮੌਤੇ ਨੀ ਮੌਤੇ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਮੌਤੇ ਨੀ ਮੌਤੇ ! ਸੁਣ ਅਰਜੋਈ,
ਮੈਂ ਤਾਂ ਹੁਣ ਬਸ, ਮੋਈ ਹੀ ਮੋਈ।
ਕੁਝ ਚੰਦਰੇ ਸਾਹ ਉਧਾਰੇ ਦੇਜਾ-
ਮੈ ਅਧੂਰਾ ਗੀਤ ਮੁਕਾ ਲਵਾਂ।
ਗੀਤ ਸੁਹਣਾ ਜਿਹਾ ਲਿਖਣਾ ਏ ਰਹਿੰਦਾ-
ਆਖਰੀ ਰੀਝ ਪੁਗਾ ਲਵਾਂ।

ਨੈਣਾਂ 'ਚ ਹੰਝੂ ਖਾਰੇ ਫਿਰਦੇ,
ਜਿਉਂ ਨਦੀਆਂ ਵਿਚ ਲਹਿਰਾਂ।
ਪੀੜ ਫੱਟਾਂ ਦੀ, ਮਚਾ ਛੱਡੀਆਂ ਨੇ,
ਜਿਸਮ ਮੇਰੇ ਵਿਚ ਕਹਿਰਾਂ।
ਕਿੱਧਰੇ ਵੈਦ ਹਕੀਮਾਂ ਤੋਂ ਆਪਣਾ,
ਇਲਾਜ ਮੈਂ ਕਰਵਾ ਲਵਾਂ।...ਗੀਤ ....
ਮੈਂ ਹਰਿਆਲੇ ਤਰੇਲ ਦੀ ਤੁਪਕੀ,
ਠਰਦੀ ਦਰ ਤੇਰੇ ਪੁੱਜੀ।
ਪਰ, ਨਾ ਤੂੰ ਮੇਰੀ ਸੁਣੇ ਅਰਜੋਈ,
ਖੌਰੇ ਕਿਸ ਕੰਮ ਰੁੱਝੀ।
ਹਵਾ ਚੰਦਰੀਏ, ਤੂੰ ਵੀ ਸੁਣ ਨੀ !
ਇਕ ਰਾਗ ਗੁਣ-ਗੁਣਾ ਲਵਾਂ। ...ਗੀਤ ....
'ਰੰਧਾਵੇ' ਸ਼ਿਕਵਾ, ਹੈ ਕਿਸ ਸ਼ੈਅ ਤੋਂ,
ਤੂੰ ਸਿਵਿਆਂ ਦੇ ਜਾ ਲੜ ਲੱਗੀ।
ਲਾਲ ਜੋੜਾ ਭਾਵੇਂ ਨਾ ਤਨ ਤੇਰੇ,
ਮਹਿੰਦੀ ਪੱਤਿਆਂ ਦੀ ਕਬਰ ਤੇ ਫੱਬੀ।
ਖੜ• ਜਾ ਮੌਤੇ, ਪਿਆਰੀਏ ਰੁਕ ਜਾ!
ਟੁੱਟੀ ਸਾਂਝ ਸੱਜਣ ਨਾਲ ਪਾ ਲਵਾਂ।
30/04/16

 
ਬੁੱਤ ਖੜ੍ਹਾ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ
ਬਣ ਕੱਲਰ, ਝੜ ਗਈ, ਸੁਰਖ ਜਵਾਨੀ,
ਖਿੰਡਿਆ-ਪੁੰਡਿਆ ਬੁੱਤ ਖੜ੍ਹਾ।
ਜਿਹਦੇ ਪੱਤੇ ਵੀ ਨੋਚੇ, ਲੱਕੜਹਾਰਿਆਂ,
ਲੱਗਦਾ ਉਜੜਿਆ ਉਹ ਰੁੱਖ ਖੜ੍ਹਾ।
ਕਦੀ ਨਦੀ ਸੀ, ਮਿੱਠੇ ਪਾਣੀਆਂ ਦੀ ਜੋ, 
ਬਣ ਅੱਖ 'ਚ ਅੱਥਰੂ ਦਾ ਘੁੱਟ ਖੜ੍ਹਾ।
ਚਾਅ ਉਡ ਗਏ 'ਰੰਧਾਵਾ' ਵਾਂਗ ਪਰਿੰਦੇ,
ਬਾਲਣ ਦਾ ਬਣ ਇਕ ਰੁੱਗ ਖੜ੍ਹਾ।
07/04/16
 
ਤੀਆਂ - ਤ੍ਰਿੰਝਣ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ
ਤੀਆਂ-ਤ੍ਰਿੰਝਣ ਨਾ ਲੱਗਦੇ ਵੇ,
ਤੈਨੂੰ ਹੁਣ ਕਿੱਥੇ ਮੈਂ ਬੁਲਾਵਾਂ ! 
ਜਹਿਰੀ ਹੋ ਗਏ ਪਾਣੀ ਨਦੀਆਂ ਦੇ,
ਘੜਾ ਦੱਸ ਕਿੱਥੇ ਮੈਂ ਤਰਾਵਾਂ ! 
ਵਿਰਸਾ ਹੋਇਆ ਲੀਰੋ-ਲੀਰ ਸਾਡਾ, 
ਦਿਲ ਦੀਆਂ, ਕਿਵੇਂ ਮੈਂ ਸੁਣਾਵਾਂ! 
ਦਾਜ ਮੰਗਦੇ ਨੇ ਮੂੰਹ ਅੱਡ ਕੇ,
ਲੋਭੀਆਂ ਨੂੰ ਨੱਥ ਕਿੰਝ ਪਾਵਾਂ !
ਨੌ-ਜਵਾਨੀ ਖਾ ਲਈ ਨਸ਼ਿਆਂ ਨੇ, 
ਮੈਂ ਕਲੇਜੜੇ 'ਚ ਪੀੜ ਹੰਢਾਵਾਂ।
'ਰੰਧਾਵਾ' ਭਰੇਂ ਜੇ ਹੁੰਗਾਰਾ ਤੂੰ ਵੇ,
ਸੁਧਾਰਿਕ ਕੋਈ ਲਹਿਰ ਚਲਾਵਾਂ! 
ਸਾਡੀ 'ਸੋਨ-ਚਿੜੀ' ਲੁੱਟ ਲਈ,
'ਵਰਿੰਦਰਾ' ਮੈਂ ਪਈ ਕੁਰਲਾਵਾਂ !
02/04/16
ਕਦੇ ਉਸ ਰਾਹੇ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ
ਕਦੇ ਉਸ ਰਾਹੇ, ਕਦੇ ਇਸ ਰਾਹੇ, 
ਕਿਉਂ ਇੰਨੀ ਜਿੰਦ ਮਜਬੂਰ ਹੋਈ।
ਕਦੇ ਉਸ ਪੱਟੜੀ, ਕਦੇ ਇਸ ਪੱਟੜੀ, 
ਆਖਰ ਵਿਚ ਚਕਨਾਚੂਰ ਹੋਈ।
ਇੱਥੇ ਵਰਤਦਾ ਕੂੜ ਚੁਫੇਰੇ ਹੀ, 
ਉਡੀ ਸ਼ਰਮ-ਹਯਾ ਕੋਹਾਂ ਦੂਰ ਹੋਈ।
ਨੋਚਣ ਬੋਟੀਆਂ, ਬਣ ਕੇ ਕਸਾਈ ਸਭੇ, 
ਜੁਲਮਾਂ ਦੀ ਹੱਦ ਭਰਪੂਰ ਹੋਈ। 
ਬੁੱਲ੍ਹੀਆਂ 'ਚ 'ਰੰਧਾਵਾ' ਰਵ੍ਹੇ ਹੱਸਦੀ,
ਝੂਠੀ ਜੱਗ ਵਿਚ ਗੱਲ ਮਸ਼ਹੂਰ ਹੋਈ।
29/03/16
 
ਮੰਨ ਲਏ ਫੱਕਰਾਂ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ
ਮੰਨ ਲਏ ਫੱਕਰਾਂ,(ਤੇਰੇ) ਰੂਲ-ਅਸੂਲ ਮੀਆਂ। 
ਤੇਰੀ ਹਰ ਇਕ ਸਜ਼ਾ ਕਬੂਲ ਮੀਆਂ। 
ਰੱਖ ਕਦਮਾਂ 'ਚ, ਚਾਹੇ ਸਾਏ ਤਲੀਆਂ ਦੇ, 
ਅਸੀਂ ਰੋਸ ਨਾ ਕਰਾਂਗੇ ਮੂਲ ਮੀਆਂ।
ਜਮਾਨੇ ਲਾਹਨਤਾਂ ਸਾਨੂੰ ਨੇ ਲੱਖ ਪਾਈਆਂ,
ਸੀਨੇ ਸ਼ਬਦਾਂ ਦੇ ਚੋਭੇ ਤ੍ਰਿਸੂਲ ਮੀਆਂ। 
ਝੁਕਾ ਕੇ ਨਜਰਾਂ, ਕਬੂਲ ਫੁਰਮਾਨ ਸਾਰੇ, 
ਸਾਨੂੰ ਇਕ ਵੀ ਨਾ ਲੱਗਾ ਫਜੂਲ ਮੀਆਂ।
ਕੀਤਾ ਵੈਰੀਆਂ ਇਸ਼ਕ ਬਦਨਾਮ ਸਾਡਾ, 
ਬੜਾ ਬੋਲੇ ਉਹ ਊਲ-ਜਲੂਲ ਮੀਆਂ।
ਚਿਰਾਗ ਜਗਦੇ 'ਚ ਤੇਰਾ ਦੀਦਾਰ ਹੋਵੇ,
ਬਣਾ ਲੈ ਮਸਤਾਂ ਨੂੰ ਚਰਨਾਂ ਦੀ ਧੂਲ ਮੀਆਂ। 
'ਰੰਧਾਵਾ' ਸਾਹਾਂ ਦੀ ਬਣੀ ਮਹਿਮਾਨ ਹੁਣ ਤਾਂ,
ਦਿੱਤੀ ਗਮਾਂ ਨੇ ਇਹੋ ਜਿਹੀ ਤੂਲ ਮੀਆਂ।
26/03/16
 
ਕਾਸ਼! ਕਾਗਜਾਂ 'ਚ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ
ਕਾਸ਼! ਮੈਂ ਇਨ੍ਹਾਂ ਕਾਗਜਾਂ 'ਚ,
ਆਪਣੀ ਤਕਦੀਰ ਲਿਖ ਸਕਦੀ!
ਜੋ ਵਕਤ ਹੱਥੋਂ ਖੁੱਸ ਗਿਆ,
ਉਹ ਸ਼ਬਦੀ-ਤਸਵੀਰ ਖਿੱਚ ਸਕਦੀ!
ਦਰਦ-ਏ-ਦਿਲ ਗਹਿਰਾ ਇੰਨਾ,
ਬਿਆਨ ਕਰ ਨਹੀ ਸਕਦੀ। 
ਸਮਾਜੀ-ਬੇੜੀਆਂ ਪੈਰੀਂ ਜੋ ਪਈਆਂ,
ਤੋੜ ਉਨ੍ਹਾਂ ਨੂੰ, ਮਰ ਨਹੀਂ ਸਕਦੀ।
ਗੈਰਾਂ ਨਾਲ ਦੁੱਖ ਕੀ ਫੋਲੀਏ,
ਸੀਨੇ ਲਾ ਜਖਮ ਖਰੋਚਦੇ ਨੇ।
ਗਮ ਕਿਸੇ ਦੇ ਵੰਡਾਅ ਨਹੀਂ ਸਕਦੇ, 
ਸਗੋਂ ਮਜਾਕ ਉਡਾਣੇ ਦੀ ਸੋਚਦੇ ਨੇ।
ਰੂਹ ਤਾਂ ਕਦੇ ਦੀ ਮਰ ਗਈ 'ਰੰਧਾਵਾ',
ਜਿਸਮ ਖੁਦ ਦਫਨਾਅ ਨਹੀਂ ਸਕਦੀ।
ਸਾਹਮਣਾ ਕਰ ਮਤਲਬ-ਖੋਰਾਂ ਦਾ 'ਵਰਿੰਦਰ',
ਦਲੇਰ ਬਣ ਤੂੰ, ਇੰਝ ਘਬਰਾ ਨਹੀਂ ਸਕਦੀ।
16/03/2016
 

ਦਿਲ ਦਾ ਹਾਲ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਕਦੀ ਦਿਲ ਦਾ ਹਾਲ ਸੁਣਾਇਆ ਕਰ।
ਕਦੀ ਸਾਡੀ ਵੀ ਸੁਣ ਜਾਇਆ ਕਰ।
ਸਾਨੂੰ ਕੱਲਿਆਂ ਛੱਡ ਕੇ ਦੁਨੀਆਂ 'ਚ,
ਤੂੰ ਮੁੱਖ ਨਾ ਚੰਨਾ ਘੁਮਾਇਆ ਕਰ।
ਮੈਂ ਬਣ ਪ੍ਰਛਾਵਾਂ ਖੜ੍ਹਦੀ ਵੇ,
ਤੂੰ ਪਿੱਠ ਨਾ ਕਦੀ ਵਿਖਾਇਆ ਕਰ।
ਦਿਲ ਟੁੱਟਾ ਕਦੀ ਨਾ ਜੁੜਦਾ ਏ,
ਸਾਡਾ ਦਿਲ ਨਾ ਕਦੀ ਦੁਖਾਇਆ ਕਰ।
ਨਿੱਤ ਇਮਤਿਹਾਨ ਨਾ ਦੇ ਹੁੰਦੇ,
ਤੂੰ ਪਲ-ਪਲ ਨਾ ਅਜਮਾਇਆ ਕਰ।
ਤੈਥੋਂ ਹਰ ਪਲ ਜਿੰਦਗੀ ਵਾਰ ਦਿਆਂ,
ਕਦੀ 'ਵਰਿੰਦਰ' ਆਖ ਬੁਲਾਇਆ ਕਰ।
ਹੋਏ ਜਖਮ 'ਰੰਧਾਵਾ' ਦਿਲ ਸਾਡੇ,
ਤੂੰ ਪਿਆਰ ਦੀ ਮਲ੍ਹਮ ਲਗਾਇਆ ਕਰ।
08/03/2016

ਨਰਕ ਸਵਰਗ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਨਰਕ, ਸਵਰਗ ਕੀ ਦੇਖਣਾ,
ਇੱਥੇ ਹੀ ਰੰਗ ਹਜਾਰ ਨੇ।
ਪਿਆਰ-ਮੁਹੱਬਤ ਕੋਹਾਂ ਦੂਰ,
ਸਭ ਮਤਲਬ ਦੇ ਯਾਰ ਨੇ।
ਭੈਣ, ਭਤੀਜੀ, ਧੀ ਨਾ ਬਖਸ਼ਣ,
ਦਲਾਲ ਤਾਂ ਹੁੰਦੇ ਗਦਾਰ ਨੇ।
ਕੌਣ ਕਿਸੇ ਦੇ ਸਿਰ ਦਾ ਸਾਂਈਂ,
ਕਰਦੇ ਸਭੇ ਵਪਾਰ ਨੇ।
ਦੇਸ਼ ਲਈ ਨਾ (ਅੱਜ) ਹੋਣ ਸ਼ਹੀਦ,
ਵੰਡਦੇ ਭ੍ਰਿਸ਼ਟਾਚਾਰ ਨੇ।
ਜੁਆਕਾਂ ਨੂੰ ਲਾ ਨਸ਼ਿਆਂ ਦੇ ਲੜ,
ਬਣਦੇ ਵੱਡੇ ਵਫਾਦਾਰ ਨੇ।
ਸੁਥਰੇ ਬਾਣੇ 'ਚ ਸਾਧ ਬਣੇ ਅੱਜ,
ਲੁੱਟਾਂ ਦੇ ਗਰਮ ਬਜਾਰ ਨੇ।
ਹੈਵਾਨ ਤਾਂ ਬੜ੍ਹਕਾਂ ਮਾਰੇ 'ਰੰਧਾਵਾ',
ਬੇਕਸੂਰ, ਜੇਲ੍ਹੀਂ ਗ੍ਰਿਫਤਾਰ ਨੇ।
24/01/2016

ਗੀਤ
ਮੈਨੂੰ ਦਾਜ ਵਿਚ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਮੈਨੂੰ ਦਾਜ ਵਿਚ ਦੇਵੀਂ ਨਾ ਤੂੰ ਕਾਰ ਬਾਬਲਾ,
ਬਸ ਵਿੱਦਿਆ ਦਾ ਕਰ ਦੇ ਉਪਕਾਰ ਬਾਬਲਾ।

ਛੇਤੀਂ ਕਰੀਂ ਨਾ ਵਿਚਾਰ, ਵਿਆਹ ਦੇ ਕਾਜ ਵਾਲਾ ਤੂੰ।
ਦਿਲੋਂ ਕੱਢ ਦੇ ਖਿਆਲ, ਮੇਰੇ ਦਾਜ ਵਾਲਾ ਤੂੰ।
ਤੇਰੇ ਵਿਹੜੇ ਦੀ ਹਾਂ ਕੂੰਜੋਂ ਵਿਛੜੀ ਡਾਰ ਬਾਬਲਾ,
ਬਸ ਵਿੱਦਿਆ ਦਾ.......

ਡੋਲੀ ਪਾ ਕੇ ਮੈਨੂੰ, ਫਰਜ ਨਿਭਾ ਦਏਂਗਾ ਤੂੰ।
ਦੁਨੀਆਂਦਾਰੀ ਵਾਲਾ ਕਰਜ ਚੁਕਾ ਦਏਂਗਾ ਤੂੰ।
ਤੇਰੀ ਪੱਗ ਲਈ ਹਰ ਸੁੱਖ ਦਿਆਂ ਨਿਸਾਰ ਬਾਬਲਾ,
ਬਸ ਵਿੱਦਿਆ ਦਾ.......

ਬਿਨ ਵਿੱਦਿਆ ਮੈਨੂੰ ਸਹਿਮੀ ਜਿਹੀੰ ਰਹਿਣਾ ਪਵੇ ਨਾ।
ਦੁੱਖ 'ਰੰਧਾਵਾ' ਨੂੰ ਅਨਪੜ੍ਹਾਂ ਵਾਲਾ ਸਹਿਣਾ ਪਵੇ ਨਾ।
ਤੇਰੀ ਧੀ ਦਾ ਹੋਵੇ ਸਹੁਰੀਂ ਸਤਿਕਾਰ ਬਾਬਲਾ,
ਬਸ ਵਿੱਦਿਆ ਦਾ.......
17/01/2016

 

ਮੇਰੀ ਕੁੱਖ ਵਿਚੋਂ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਖੂਨ ਮੇਰੇ ਦੀ ਬੋਟੀ,
ਬਣ ਜੀਵਨ ਜੰਮ ਗਈ,
ਮੇਰੀ ਕੁੱਖ ਵਿਚੋਂ।

ਮੈਂ ਸਿੰਜਿਆ ਖੂਨ ਪਸੀਨੇ ਨਾਲ,
ਬਣ ਗੈਰ ਤੁਰ ਗਿਆ,
ਮੇਰੀ ਕੁੱਖ ਵਿਚੋਂ।

ਵਾਰਿਸ ਕਿਸੇ ਦਾ, ਮੇਰਾ,
ਚਿਰਾਗ ਬਣਿਆ ਰੋਸ਼ਨ,
ਮੇਰੀ ਕੁੱਖ ਵਿਚੋਂ।

ਅੱਜ ਕੱਲੀ ਬੈਠੀ ਸੋਚਦੀ,
ਕੀ ਕਸੂਰ ਹੋਇਆ,
ਮੇਰੀ ਕੁੱਖ ਵਿਚੋਂ।

ਮੈਂ ਤਰਸਗੀ ਤੇਰੇ ਬੋਲਾਂ ਨੂੰ,
ਮਾਂ ਨਿਕਲਿਆਂ ਨਾ ਤੇਰੇ ਮੁੱਖ ਵਿਚੋਂ,
ਆਹ ਨਿਕਲ ਗਈ ਮੇਰੀ ਕੁੱਖ ਵਿਚੋਂ।

'ਰੰਧਾਵਾ' ਮਾਂ ਦੀ ਹੂਕ ਨਿਕਲੀ,
ਮੈਂ ਬਣੀ ਸਹਾਰੇ ਤੇਰੇ ਲਈ,
ਤੂੰ ਸੁੱਖ ਲੈ ਲਿਆ, ਮੇਰੇ ਦੁੱਖ ਵਿਚੋਂ।
12/01/2016

ਮੇਰੇ ਬਾਬਲੇ ਦੇ ਮੁੱਖ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਮੇਰੇ ਬਾਬਲੇ ਦੇ ਮੁੱਖ, ਨੂਰ ਮਘਦਾ ਸੀ ਰੱਬੀ,
ਧੀਆਂ ਪੁੱਤਰਾਂ ਲਈ ਬਾਪੂ, ਬਾਂਹ ਬਣਦਾ ਸੀ ਸੱਜੀ।

ਉਹਦੇ ਹੁੰਦੇ ਹੋਏ ਨਹੀਂ ਸੀ ਕੋਈ, ਦੁਨੀਆਂ ਤੇ ਘਾਟ।
ਦੂਰੋਂ ਹੁੰਦੀਆਂ ਸਲਾਮਾਂ, ਬੜੀ ਹੁੰਦੀ ਹੈ ਸੀ ਠਾਟ।
ਅੱਧੀ ਰਾਤੀਂ ਰੱਬ ਮਾਰ ਗਿਆ, ਸਾਡੇ ਨਾਲ ਠੱਗੀ,
ਮੇਰੇ ਬਾਬਲੇ ਦੇ ਮੁੱਖ.........

ਘਰ ਮੂਧੇ ਮੂੰਹ ਪਿਆ, ਵਿਹੜਾ ਸੁੰਨਾ ਪਿਆ ਹੂਕੇ।
ਲਾਏ ਬਾਗ ਜੋ ਬਗੀਚੇ, ਧਾਹਾਂ ਮਾਰ-ਮਾਰ ਕੂਕੇ।
ਟੁੱਟ ਗਈ ਪਰਿਵਾਰ ਦੀ ਸੀ ਰੀੜ ਵਾਲੀ ਹੱਡੀ,
ਮੇਰੇ ਬਾਬਲੇ ਦੇ ਮੁੱਖ.........

ਲੈ ਕੇ ਸਿਸਕੀਆਂ 'ਰੰਧਾਵਾ', ਦਿਨ ਰਾਤ ਮੈਂ ਲੰਘਾਵਾਂ।
ਕੋਈ ਲੱਭੇ ਨਾ ਟਿਕਾਣਾ, ਜਿੱਥੋਂ ਬਾਪੂ ਨੂੰ ਲੈ ਆਵਾਂ।
ਬਾਪੂ ਜਾਣ ਪਿੱਛੋਂ, ਬੇਬੇ ਸਾਡੀ, ਰਹਿ ਗਈ ਹੁਣ ਅੱਧੀ,
ਮੇਰੇ ਬਾਬਲੇ ਦੇ ਮੁੱਖ......

03/01/2016

 

ਨਾ ਹੰਝੂ ਮੁੱਕਦੇ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਨਾ ਹੰਝੂ ਮੁੱਕਦੇ, ਨਾ ਚੀਸ ਮੁੱਕਦੀ,
ਇਹ ਕਲਮ ਨਿਮਾਣੀ ਮੁੱਕ ਚੱਲੀ।
ਕਾਗਜ-ਕਲਮ ਤਾਂ ਮੁੱਲ ਮੈਂ ਲੈ ਲਾਂਗੀ,
ਪਰ ਧੜਕਣ ਮੇਰੀ ਰੁਕ ਚੱਲੀ।
ਦੋ ਪਲ ਜਿੰਦਗੀ ਦੇ ਸੀ ਸਾਂਝੇ ਜਿਹੇ,
ਉਹ ਵੀ ਪ੍ਰੀਤ ਤੇਰੇ ਨਾਲ ਟੁੱਟ ਚੱਲੀ।
ਬਣ ਬਦਲੀ ਵਰ੍ਹਦਾ, ਵਿਚ ਸਾਵਣ,
'ਰੰਧਾਵਾ' ਵਾਂਗ ਪੱਤੇ ਦੇ ਸੁੱਕ ਚੱਲੀ।
30/12/15

ਤੈਨੂੰ ਸਾੜ ਸਿਵਿਆਂ 'ਚ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਤੈਨੂੰ ਸਾੜ ਸਿਵਿਆਂ 'ਚ ਮੇਰੇ ਬਾਬਲਾ,
ਸਾਰਾ ਜੱਗ ਰਾਤੀਂ ਸੌ ਗਿਆ।

ਰੋਵਾਂ ਫੋਟੋ ਨੂੰ ਗਲੇ ਦੇ ਨਾਲ ਲਾ ਕੇ,
ਨੈਣੋਂ ਤੇਰੇ ਪਾਣੀ ਚੋ ਗਿਆ।

ਤੇਰੇ ਚਰਨਾਂ ਨੂੰ ਛੂਹਣਾ ਸੀ ਮੈਂ ਬਾਬਲਾ,
(ਪਰ) ਰੱਬ ਬੁੱਕਲੀਂ ਲਕੋ ਗਿਆ।

ਮੈਥੋਂ ਹੋਇਆ ਕੀ ਕਸੂਰ, ਦੱਸ ਗਿਉਂ ਨਾ,
ਧੀ ਵਲੋਂ ਬੂਹਾ ਢੋ ਗਿਆ।

ਰਿਹਾ ਆਪਣਾ ਨਾ ਕੋਈ ਵੀ ਜਹਾਨ ਤੇ,
ਚਾਵਾਂ ਨੂੰ ਖਬਰੇ ਕੀ ਹੋ ਗਿਆ।

ਰੀਝਾਂ ਕੱਚੀਆਂ, ਅਰਮਾਨ ਸਭੇ ਲੁੱਟ ਗਏ,
ਕੀਮਤੀ ਨਗੀਨਾ ਖੋ ਗਿਆ।

'ਰੰਧਾਵਾ' ਭੀੜ 'ਚ ਉਲਝ ਗਈ ਬਾਬਲਾ,
ਜਜਬਾਤ ਹਰ ਹੀ ਵਕੋ ਗਿਆ।
30/11/15

ਵਿਕਦਾ ਹੋਵੇ ਬਚਪਨ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਵਿਕਦਾ ਹੋਵੇ ਬਚਪਨ ਮੁੱਲ, ਤਾਂ ਝੱਟ ਮਗਵਾ ਲਵਾਂ।
ਮਿਲ ਜਾਵਣ ਕੁਝ ਵਰ੍ਹੇ, ਨੱਚ-ਟੱਪਕੇ ਹੰਢਾ ਲਵਾਂ।

ਲੈਣੇ ਦੀ ਨਾ ਚਿੰਤਾ, ਨਾ ਕੋਈ ਦੇਣੇ ਦੀ ਪ੍ਰਵਾਹ ਸੀ।
ਫਿਕਰ ਨਾ ਕੋਈ ਫਾਕਾ, ਪੂਰੇ ਹੁੰਦੇ ਸ਼ਹਿਨਸ਼ਾਹ ਸੀ।

ਵਾਂਗ ਪਰੀਆਂ, ਬਣ ਕੇ ਮੈਂ, ਘਰ ਵਿਚ ਰਹਿੰਦੀ ਸਾਂ।
ਹਰ ਸ਼ੈਅ ਲੈਣੇ ਲਈ ਮੈਂ ਰੁੱਸ-ਰੁੱਸ ਬਹਿੰਦੀ ਸਾਂ।

ਗੱਲ ਗੱਲ ਉਤੇ ਮਾਂ, ਕਲੇਜੇ ਘੁੱਟ ਲਾਂਉਂਦੀ ਸੀ।
ਪਰੀਓਂ ਕੀ ਸ਼ਹਿਜਾਦੀ ਮੈਂ, ਝੂਮ-ਝੂਮ ਗਾਉਂਦੀ ਸੀ।

ਮੱਖਣ-ਮਲਾਈਆਂ, ਸੁੱਕੇ ਮੇਵੇ ਨਿੱਤ ਖਾਂਦੀ ਸੀ।
ਮੱਥਾ ਤਪਦਾ ਵੇਖ, ਜਾਨ ਬਾਬਲੇ ਦੀ ਜਾਂਦੀ ਸੀ।

ਵੀਰੇ ਦੇ ਮੈਂ ਗੁੱਟ ਜਦੋਂ, ਰੱਖੜੀ ਸਜਾਉਂਦੀ ਸੈਂ,
ਖੁਸ਼ੀ ਵਿਚ ਉਂਦੋਂ ਸੱਚੀਂ ਫੁੱਲੀ ਨਾ ਸਮਾਂਉਂਦੀ ਸੈਂ।

ਬਚਪਨ-ਧਾਰਾ ਉਦੋਂ, ਪਾਕਿ-ਗੰਗਾ ਵਾਂਗ ਵਗਦੀ ਸੀ।
ਮਤਲਬਖੋਰੀ ਦੁਨੀਆਂ 'ਵਰਿੰਦਰ' ਖੂਬਸੂਰਤ ਲੱਗਦੀ ਸੀ।
30/11/15

 

ਤੇਰੀ ਨਸ਼ਿਆਂ ਦੀ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ
ਤੇਰੀ ਨਸ਼ਿਆਂ ਦੀ ਲੱਤ, ਸਾਨੂੰ ਨੋਚ-ਨੋਚ ਖਾ ਗਈ।
ਸਾਡੀ ਅੱਲ੍ਹੜ ਵਰੇਸੇ, ਚੰਨਾ ਹੱਡੀਂ ਝੋਰਾ ਲਾ ਗਈ।
ਛੱਡ ਮਹਿੰਦੀ ਵਾਲਾ ਹੱਥ, ਪਾਈ ਮੂੰਹ 'ਚ ਤੂੰ ਪੁੜੀ,
ਗੁੰਮ ਸ਼ੀਸ਼ੀਆਂ 'ਚ ਰਹਿਨੈ, ਅੱਖ ਸਾਡੇ ਤੋਂ ਚੁਰਾ ਲਈ।
ਨਵੀਂ ਦੁਨੀਆਂ ਤੂੰ ਵਸਾਈ, ਸਾਨੂੰ ਠੋਕਰਾਂ 'ਚ ਪਾ ਕੇ,
ਛੱਡੇ ਕਾਸੇ ਜੋਗੇ ਨਾਂਹੀਂ, ਕਦਰ ਆਪਣੀ ਗਵਾ ਲਈ।
ਤੂੰ ਤੇ ਰਹਿਨੈ ਏ ਨਸ਼ੱਈ, 'ਵਰਿੰਦਰ' ਕੱਟੇ ਨਿੱਤ ਫਾਕੇ,
ਸਮਝ ਅਜੇ ਵੀ 'ਰੰਧਾਵਾ', ਜਿੰਦ ਮਿੱਟੀ ਕਿਉਂ ਰੁਲਾ ਲਈ।
24/11/15

ਹੱਸਣੇ ਨੂੰ ਚਿੱਤ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਹੱਸਣੇ ਨੂੰ ਚਿੱਤ ਤਾਂ ਬੜਾ ਕਰਦੈ,
ਪਰ ਅੱਖੀਆਂ ਝੱਟ ਭਰ ਆਉਂਦੀਆਂ ਨੇ।
ਹੋਵਾਂ ਮਹਿਫਲਾਂ ਵਿਚ ਮੈਂ ਜਦੋਂ ਸ਼ਾਮਲ,
ਆ ਸਿਸਕੀਆਂ ਸਾਹੀਂ ਸਤਾਉਂਦੀਆਂ ਨੇ।

ਦਿਨ ਤਾਂ ਹੱਸਦਾ ਏ ਹਾਲਤ ਵੇਖ ਮੇਰੀ,
ਰਾਤਾਂ ਕਾਲੀਆਂ ਸਾਥ ਨਿਭਾਉਂਦੀਆਂ ਨੇ।
ਕੀ ਕਰਾਂ ਜਜਬਾਤਾਂ ਮੈਂ ਆਪਣਿਆਂ ਦਾ,
ਰਸਮਾਂ ਖਾਹ-ਮ-ਖਾਹ ਭਾਰ ਵਧਾਉਂਦੀਆਂ ਨੇ।

ਭੀੜ ਦੁਨੀਆਂ ਦੀ ‘ਚ ਇਕੱਲਿਆਂ ਤੁਰਦੀ ਨੂੰ,
ਸੁੰਨਸਾਨ ਕੰਧਾਂ ਬਾਤਾਂ ਪਾਉਂਦੀਆਂ ਨੇ।
ਜਖਮ ਹੋ ਜਾਂਦੇ ਵਿਚ ਕਲੇਜੜੇ ਦੇ,
ਪਲਕਾਂ ਹੰਝੂਆਂ ਨਾਲ ਟਿਮ-ਟਿਮਾਉਂਦੀਆਂ ਨੇ।

‘ਰੰਧਾਵਾ‘ ਯਾਦ ਰੱਖੀਂ, ਗੱਲ ਬੰਨ ਪੱਲੇ,
ਧੀਆਂ ਮਾਪਿਆਂ ਤੋਂ ਦੂਰ ਕੁਰਲਾਉਂਦੀਆਂ ਨੇ।
ਰੱਬਾ ! ਵਧੇ-ਫੁੱਲੇ ਵਿਹੜਾ ਬਾਬਲੇ ਦਾ !
ਸੁੱਖਾਂ ਸੁੱਖਦੀਆਂ ਖੈਰ ਮਨਾਉਂਦੀਆਂ ਨੇ।
11/11/15

 

ਲੋਕੀਂ ਗਲ ਨਾਲ ਲਾ ਕੇ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਲੋਕੀਂ ਗਲ ਨਾਲ ਲਾ ਕੇ, ਪਿੱਛੋਂ ਛੁਰੀ ਉਲਾਰਦੇ,
ਹੰਝੂ ਪੂੰਝ ਅੱਖ ਦਾ ਉਹ, ਫਿਰ ਤਾੜੀ ਮਾਰਦੇ।

ਮਾਰਨ ਜਖਮਾਂ ਤੇ ਝਰੀਟਾਂ, ਬੇ-ਦਰਦੀ ਹੋ ਨਿਸੰਗ,
ਐਸੇ ਸੱਪ ਨੇ, ਜੋ ਦੁੱਧ ਪੀ ਵੀ, ਮਾਰਦੇ ਨੇ ਡੰਗ।

ਵੜ ਕੇ ਬੁੱਕਲੀਂ, ਸ਼ੈਤਾਨੀ ਦਾ ਉਹ ਮੌਕਾ ਭਾਲਦੇ,
ਕਹਿ ਕੇ 'ਚੰਨ ਜਿਹਾ ਸੁਹਣਾ', ਉਹ ਹੈਵਾਨੀ ਪਾਲਦੇ।

ਦਿੰਦੇ ਸ਼ਹਿਦ ਵਾਗੂੰ ਜਹਿਰ, ਉਹ ਜੁਆਕ ਜਾਣ ਕੇ,
ਦੇ ਕੇ ਉਮਰਾਂ ਦੇ ਫੱਟ, ਫਿਰਨ (ਖੁਦ) ਹਿੱਕ ਤਾਣ ਕੇ।

ਕਿਸੇ 'ਮਜਬੂਰ' ਨੂੰ ਇਹ ਚੰਦਰੇ, ਪਏ ਅਨਾੜੀ ਮੰਨਦੇ,
ਕਰ ਬਦਨਾਮ ਜੱਗ, ਖੁਦ ਨੂੰ ਇਹ 'ਖਿਲਾੜੀ' ਮੰਨਦੇ।

ਕੇਹਾ ਜੱਗ ਦਾ ਦਸਤੂਰ, ਤੂੰਈਓਂ ਦੱਸ ਖਾਂਹ 'ਰੰਧਾਵਾ'!
ਕੀਹਨੂੰ ਰੋਵਾਂ, ਕੀਹਨੂੰ ਛੱਡ, ਇੱਥੇ ਊਤਿਆ ਈ ਆਵਾ।
02/11/15

 

ਹਵਾ ਦੇ ਵੀ ਦੇਖੇ ਰੰਗ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਹਵਾ ਦੇ ਵੀ ਦੇਖੇ ਰੰਗ ਲੱਖ ਸੱਜਣਾ !
ਹੁੰਦੀ ਪਲ ਭਰ ਵੀ ਨਾ ਵੱਖ ਸੱਜਣਾ !
ਕਦੇ ਆਵੇ, ਮਾਂ ਦੇ ਇਹ ਦੁਲਾਰ ਵਰਗੀ,
ਕਦੀ ਆਵੇ,ਤਾਨਿਆਂ ਦੀ ਮਾਰ ਵਰਗੀ।
ਲੱਗੇ ਚਿਰਾਂ ਬਾਦ ਮਿਲੇ ਯਾਰ ਵਰਗੀ,
ਕਦੀ ਲੱਗੇ ਤਪਦੇ ਅੰਗਾਰ ਵਰਗੀ।
ਰੋਕਦੀ ਤੂਫਾਨ ਬਣ, ਮੇਰੇ ਰਾਹਾਂ ਨੁੰ,
ਕਦੀ ਸਾਥ ਦਿੰਦੀ, ਬੇੜੀ ਦੇ ਮਲਾਹਾਂ ਨੂੰ।
ਬਣ ਜਾਂਦੀ, ਫੁੱਲਾਂ ਜਿਹੇ ਹਾਰ ਵਰਗੀ,
ਕਦੀ ਲੱਗੇ ਦੁੱਖਾਂ ਦੇ ਇਹ ਭਾਰ ਵਰਗੀ।
ਠਾਰੇ ਤੇਰੇ ਸਾਹਾਂ ਵਾਂਗੁੰ, ਮੇਰੇ ਸਾਹਾਂ ਨੂੰ,
ਕਦੀ ਚੁਭਦੀ ਰੇਤ ਬਣ ਕੇ ਨਿਗਾਹਾਂ ਨੂੰ।
ਉਦੋਂ ਇਹ 'ਰੰਧਾਵਾ' ਵਿਚ ਜਾਨ ਪਾਉਂਦੀ ਏ,
ਮੌਤ ਵਲ ਜਾਂਦੀ ਨੂੰ ਜਦ ਮੋੜ ਲਿਆਉਂਦੀ ਏ।
29/10/15

ਰੁੱਖਾਂ ਤੇ ਪੌਦਿਆਂ
ਵਰਿੰਦਰ ਕੌਰ 'ਰੰਧਾਵਾ', ਗੁਰਦਾਸਪੁਰ

ਰੁੱਖਾਂ ਤੇ ਪੌਦਿਆਂ 'ਚ ਵੀ, ਸਾਹ ਨੇ ਹੁੰਦੇ,
ਇਨ੍ਹਾਂ ਦੇ ਸਾਹਾਂ ਨੂੰ, ਘੁੱਟਿਆ ਨਾ ਕਰੋ ਲੋਕੋ!
ਜਿੰਦਗੀ ਜਿਊਣ ਦਿਓ, ਇਹਨਾ ਨੂੰ ਵੀ,
ਸਮੇਂ ਤੋਂ ਪਹਿਲਾਂ, ਪੁੱਟਿਆ ਨਾ ਕਰੋ ਲੋਕੋ!
ਧੁੱਪਾਂ ਵਿਚ ਸੜ ਕੇ ਵੀ, ਦਿੰਦੇ ਸਾਨੂੰ ਛਾਵਾਂ,
ਇਨ੍ਹਾਂ ਦੇ ਮੂੰਹਾਂ ਤੇ, ਥੁੱਕਿਆ ਨਾ ਕਰੋ ਲੋਕੋ!
ਸਾਹ- ਸਾਹ ਵਿਚ, ਇਹ ਬਖਸਦੇ ਨੇ ਜਿੰਦਗੀ,
ਇਨ੍ਹਾਂ ਦੇ ਸਾਹਾਂ ਨੂੰ ਲੁੱਟਿਆ ਨਾ ਕਰੋ ਲੋਕੋ!
ਆਖਰੀ ਪਲਾਂ ਤਕ, ਇਹ ਸਾਥ ਨੇ ਨਿਭਾਉਂਦੇ,
ਇਨ੍ਹਾਂ ਦੀ ਤਬਾਹੀ ਲਈ, ਜੁਟਿਆ ਨਾ ਕਰੋ ਲੋਕੋ!
ਖੁਦ ਨੂੰ ਜਲਾ ਦਿੰਦੇ, ਇਹਂ ਨਾਲ ਹੀ ਸਾਡੇ,
ਜਿੰਦਗੀ ਇਨ੍ਹਾਂ ਦੀ ਮੁਕਾ ਸੁੱਟਿਆ ਨਾ ਕਰੋ ਲੋਕੋ!
ਪਾਣੀ ਦਾ ਘੁੱਟ ਵੀ, ਪਲਾ ਦਿਆ ਕਰੋ ਭੁੱਲਕੇ,
ਮੂੰਹ ਮੋੜ ਇਨ੍ਹਾਂ ਤੋਂ, ਰੁੱਠਿਆ ਨਾ ਕਰੋ ਲੋਕੋ!
ਪ੍ਰਦੂਸ਼ਣ ਨੇ ਕਹਿਰ ਗੁਜਾਰਤਾ ਚੌਂਹ ਕੂੰਟੀ,
ਰੁੱਖਾਂ ਦਾ ਗਲਾ, ਹਾਏ! ਘੁੱਟਿਆ ਨਾ ਕਰੋ ਲੋਕੋ!
ਕੁਦਰਤ ਦਾ ਅਨਮੋਲ ਖਜਾਨਾ, ਕਹੇ 'ਵਰਿੰਦਰ',
ਕੁਹਾੜਾ ਕਦੀ ਇਨ੍ਹਾਂ ਤੇ ਚੁੱਕਿਆ ਨਾ ਕਰੋ ਲੋਕੋ!
28/10/15

 

ਵਰਿੰਦਰ ਕੌਰ 'ਰੰਧਾਵਾ',
ਜੈਤੋ ਸਰਜਾ, ਤਹਿ: ਬਟਾਲਾ
ਗੁਰਦਾਸਪੁਰ (9646852416)

ਸੰਪਰਕ: ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
pritamludhianvi@yahoo.in
9876428641

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Cond।t।ons
Pr।vacy Pol।cy
© 1999-2015, 5ab।.com

www.5ab।.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5ab।.com