WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

 

ਮੇਰੀ ਕੈਨੇਡਾ ਫ਼ੇਰੀ
ਸ਼ਿਵਚਰਨ ਜੱਗੀ ਕੁੱਸਾ

5_cccccc1.gif (41 bytes)
ਕਿਸ਼ਤ 2

ਮੇਰੀ ਕੈਨੇਡਾ ਫ਼ੇਰੀ 2 - ਸ਼ਿਵਚਰਨ ਜੱਗੀ ਕੁੱਸਾ

ਏਅਰ ਕੈਨੇਡਾ ਨੇ ਦੁਪਹਿਰ 02:05 'ਤੇ ਵੈਨਕੂਵਰ ਲੱਗਣਾ ਸੀ। ਪਰ ਫ਼ਲਾਈਟ  ਅੱਧਾ ਕੁ ਘੰਟਾ ਲੇਟ, 02:35 'ਤੇ ਉਤਰੀ ਅਤੇ ਜਦ ਮੈਂ ਏਅਰਪੋਰਟ ਦੇ ਅੰਦਰ ਦਾਖ਼ਲ ਹੋਇਆ ਤਾਂ ਸਕਰੀਨ 'ਤੇ ਪੰਜਾਬੀ ਵਿਚ "ਕੈਨੇਡਾ ਵਿਚ ਤੁਹਾਡਾ ਸੁਆਗਤ ਹੈ" ਪੜ੍ਹਿਆ। ਮੇਰੀ ਹੈਰਾਨਗੀ ਦੀ ਹੱਦ ਨਾ ਰਹੀ। ਕੈਨੇਡਾ ਵਿਚ ਪੰਜਾਬੀ ਦਾ ਇਤਨਾ ਬੋਲਬਾਲਾ...? ਕੈਨੇਡਾ ਵੱਸਦੇ ਪੰਜਾਬੀਆਂ 'ਤੇ ਕੁਰਬਾਨ ਹੋ ਜਾਣ ਨੂੰ ਜੀਅ ਕੀਤਾ। ਜਦ ਇੰਮੀਗਰੇਸ਼ਨ ਕਾਊਂਟਰ 'ਤੇ ਪਹੁੰਚਿਆ ਤਾਂ ਇਕ ਸੋਹਣੀ ਸੁਨੱਖੀ, ਛਮਕ ਵਰਗੀ ਗੋਰੀ ਅਫ਼ਸਰ ਕੋਲ਼ ਮੇਰੀ ਵਾਰੀ ਆਈ। ਉਸ ਨੇ ਮੇਰਾ ਪਾਸਪੋਰਟ ਖੋਲ੍ਹ ਕੇ ਦੇਖਿਆ ਅਤੇ ਇਕ-ਦੋ ਸੰਖੇਪ ਸੁਆਲ ਪੁੱਛੇ ਅਤੇ ਮੋਹਰ ਮਾਰ ਕੇ ਮੇਰਾ ਰਾਹ ਖਾਲੀ ਕਰ ਦਿੱਤਾ। ਅਟੈਚੀ ਚੁੱਕ ਕੇ ਬਾਹਰ ਆਇਆ ਤਾਂ ਸਕਰੀਨ 'ਤੇ ਪੰਜਾਬੀ ਵਿਚ ਹੀ ਵੈਨਕੂਵਰ ਪਹੁੰਚਣ ਵਾਲ਼ੇ ਯਾਤਰੀਆਂ ਦੀ ਸੂਚੀ ਵੀ ਪੰਜਾਬੀ, ਚੀਨੀ ਅਤੇ ਹੋਰ ਭਾਸ਼ਾਵਾਂ ਵਿਚ ਨਸ਼ਰ ਹੋ ਰਹੀ ਸੀ। ਅੰਗਰੇਜ਼ੀ ਨੂੰ ਕੋਈ ਬਹੁਤੀ ਪਹਿਲ ਨਹੀਂ ਸੀ। ਹਾਲਾਂ ਕਿ ਅੰਗਰੇਜ਼ੀ ਕੈਨੇਡਾ ਦੀ ਮੁੱਖ ਜ਼ੁਬਾਨ ਹੈ। ਮੈਨੂੰ ਪਿਛਲੀ ਵਾਰ ਪੰਜਾਬ ਜਾਣ ਦੀ ਗੱਲ ਚੇਤੇ ਆਈ।

ਮੈਂ ਮੋਗੇ ਤੋਂ ਪਿੰਡ ਨੂੰ ਜਾ ਰਿਹਾ ਸੀ। ਤਿੰਨ ਚਾਰ ਮੇਰੇ ਬੇਲੀ ਮੇਰੇ ਨਾਲ਼ ਸਾਡੀ ਸਕਾਰਪੀਓ ਗੱਡੀ ਵਿਚ ਸਫ਼ਰ ਕਰ ਰਹੇ ਸਨ। ਗੱਡੀ ਜਗਜੀਤ ਕਾਉਂਕੇ ਚਲਾ ਰਿਹਾ ਸੀ। ਜਦ ਮੈਂ ਪੰਜਾਬੀ ਦੇ ਲੱਗੇ ਬੋਰਡਾਂ ਵੱਲ ਗਹੁ ਨਾਲ਼ ਨਜ਼ਰ ਮਾਰੀ ਤਾਂ ਕੁੱਸਾ ਦੀ ਥਾਂ 'ਕੁਸਾ', ਬੌਡੇ ਦੀ ਥਾਂ 'ਬੋਡੇ' ਅਤੇ ਨੰਗਲ਼ ਦੀ ਜਗਾਹ 'ਨੱਗਲ' ਲਿਖਿਆ ਪਿਆ ਸੀ। ਮੈਂ ਹੈਰਾਨ ਹੋਇਆ ਕਿ ਕੀ ਪੰਜਾਬੀ ਮਾਂ ਬੋਲੀ ਦਾ ਢੰਡੋਰਾ ਪਿੱਟਣ ਵਾਲ਼ੇ ਮੰਤਰੀ-ਛੰਤਰੀ ਇੱਧਰ ਦੀ ਨਹੀਂ ਗੁਜ਼ਰਦੇ...? ਕੀ ਉਹਨਾਂ ਨੂੰ ਇਹ ਪਹਿਲੀ ਸੱਟੇ ਅੱਖਾਂ ਵਿਚ ਰੜਕਣ ਵਾਲ਼ੇ ਬੋਰਡਾਂ ਬਾਰੇ ਕੋਈ ਪਤਾ ਨਹੀਂ..? ਜੇ ਪਤਾ ਹੈ ਤਾਂ ਘੇਸਲ਼ ਕਿਉਂ ਮਾਰ ਛੱਡਦੇ ਨੇ..? ਸਾਡੇ ਪਿੰਡ ਇਕ ਬਜ਼ੁਰਗ ਨੇ ਪਿੰਡ ਦੇ ਬਾਹਰ ਬਾਹਰ ਪਸ਼ੂਆਂ ਦੇ ਪਾਣੀ ਪੀਣ ਲਈ 'ਚਲ੍ਹਾ' ਬਣਾਇਆ ਹੋਇਆ ਸੀ ਜਿੱਥੇ ਉਸ ਨੇ ਸੀਮਿੰਟ ਦੇ ਪਲੱਸਤਰ ਉਪਰ ਆਪ ਹੀ ਹੱਥ ਨਾਲ਼ ਉਕਰਿਆ ਹੋਇਆ ਸੀ, "ਇਥੇ ਟੰਟੀ ਵਾਲੇ ਹੰਥ ਧੋਨੇ ਮਣਾਹ ਹੱਨ!" ਮਤਲਬ ਇੱਥੇ ਜੰਗਲ-ਪਾਣੀ ਵਾਲ਼ੇ ਹੱਥ ਧੋਣੇ ਮਨ੍ਹਾਂ ਹਨ! ਪਰ ਉਹ ਬਜ਼ੁਰਗ ਤਾਂ ਅਨਪੜ੍ਹ ਬੰਦਾ ਸੀ। ਪਰ ਸਾਡੇ ਆਗੂ ਜਾਂ ਪੰਚਾਇਤਾਂ ਤਾਂ ਹੁਣ ਪੜ੍ਹੀਆਂ ਲਿਖੀਆਂ ਹਨ, ਇਹ ਕਿਉਂ ਨਹੀਂ ਇਹਨਾਂ ਬੋਰਡਾਂ ਦਾ ਕੋਈ ਸੁਧਾਰ ਕਰਵਾਉਂਦੇ...?

ਮੈਂ ਇਕ ਵਾਰੀ ਆਪਣੇ ਇਕ ਉੱਚ ਪੁਲ਼ਸ ਅਫ਼ਸਰ ਮਿੱਤਰ ਨਾਲ਼ ਗੱਲ ਕੀਤੀ ਕਿ ਚਲੋ ਸਾਡੇ ਪੁਰਾਣੇ ਬਜ਼ੁਰਗ ਤਾਂ ਆਪ ਅਨਪੜ੍ਹ ਸਨ ਅਤੇ ਉਹਨਾਂ ਨੂੰ ਠਾਣੇਦਾਰ ਜਾਂ ਪੁਲ਼ਸ ਅਫ਼ਸਰ ਵੀ ਉਹੋ ਜਿਹੇ ਹੀ ਚਾਹੀਦੇ ਸਨ ਜਿਹੋ ਜਿਹੇ ਉਹ ਆਪ ਗਾਲ਼ੀ ਗਲ਼ੋਚ ਕਰਨ ਵਾਲ਼ੇ ਸਨ। ਮਤਲਬ ਗਾਲ਼ ਕੱਢ ਕੇ ਗੱਲ ਕਰਨ ਵਾਲ਼ੇ! ਪਰ ਹੁਣ ਤਾਂ ਦੁਨੀਆਂ ਪੜ੍ਹ-ਲਿਖ ਗਈ ਹੈ, ਹੁਣ ਤਾਂ ਪੁਲੀਸ ਨੂੰ ਆਪਣਾ ਰਵੱਈਆ ਬਦਲਣਾ ਚਾਹੀਦਾ ਹੈ? ਤਾਂ ਉਸ ਨੇ ਮੈਨੂੰ ਬੜੇ ਸੰਖੇਪ ਲਹਿਜੇ ਵਿਚ ਆਖਿਆ ਕਿ ਬਾਈ ਜੱਗੀ, ਜੇ ਪੁਲ਼ਸ ਆਪਣਾ ਲਹਿਜਾ ਬਦਲ ਲਵੇ ਤਾਂ ਕਰਾਈਮ ਰਾਤੋ-ਰਾਤ ਦੁੱਗਣਾਂ ਹੋ ਜਾਵੇ! ਜਦ ਮੈਂ ਯੂਰਪੀਅਨ ਪੁਲੀਸ ਬਾਰੇ ਆਪਣੇ ਨਿੱਜੀ ਤਜ਼ਰਬੇ ਦੱਸੇ ਤਾਂ ਉਸ ਨੇ ਫਿਰ ਸੰਖੇਪ ਕਿਹਾ ਕਿ ਯੂਰਪ ਵਿਚ ਕਾਨੂੰਨ ਹਨ। ਜੇ ਪੁਲੀਸ ਦਾ ਸਿਪਾਹੀ ਵੀ ਕੇਸ ਦਰਜ਼ ਕਰਦਾ ਹੈ ਤਾਂ ਦੋਸ਼ੀ ਨੂੰ ਅਦਾਲਤ ਵੱਲੋਂ ਢੁਕਵੀਂ ਸਜ਼ਾ ਵੀ ਹੋ ਜਾਂਦੀ ਹੈ, ਜਾਂ ਜ਼ੁਰਮਾਨਾਂ ਅਦਾ ਕਰਨਾ ਪੈ ਜਾਂਦਾ ਹੈ। ਜ਼ੁਰਮ ਛੋਟਾ ਹੋਣ 'ਤੇ 'ਕਮਿਊਨਿਟੀ ਸਰਵਿਸ' ਦੀ ਜਾਂ ਪਹਿਲਾ ਜ਼ੁਰਮ ਹੋਣ ਕਾਰਨ 'ਸੱਸਪੈਂਡਿਡ ਜੇਲ੍ਹ ਸੰਟੈਂਸ' ਕੀਤੀ ਜਾਂਦੀ ਹੈ। ਪਰ ਇੱਥੇ ਤਾਂ ਕੇਸ ਦਫ਼ਾ 307, ਇਰਾਦਾ ਕਤਲ ਦਾ ਤਿਆਰ ਕੀਤਾ ਜਾਂਦਾ ਹੈ ਅਤੇ ਗਵਾਹ ਅਦਾਲਤ ਜਾਣ ਵੇਲ਼ੇ ਰਾਹ 'ਚ ਹੀ ਮੁੱਕਰ ਜਾਂਦੇ ਨੇ! ਜਾਂ ਤਾਂ ਗਵਾਹ ਲਾਲਚ 'ਚ ਆ ਜਾਂਦਾ ਹੈ ਅਤੇ ਜਾਂ ਦਬਾਅ ਥੱਲੇ! ...ਤੇ ਜਿੱਥੇ ਗਵਾਹੀ ਨਹੀਂ, ਉਥੇ ਸਜ਼ਾ ਨਹੀਂ! ਬੰਦਾ ਬਰੀ ਹੋ ਜਾਂਦਾ ਹੈ। ਉਸ ਦੀਆਂ ਗੱਲਾਂ ਮੇਰੇ ਮਨ ਵੀ ਲੱਗਦੀਆਂ ਸਨ ਅਤੇ ਦਿਲ ਵੀ ਮੰਨਦਾ ਸੀ।

ਮੈਂ ਵੈਨਕੂਵਰ ਦੇ ਵੇਟਿੰਗ ਹਾਲ ਵਿਚ ਖੜ੍ਹਾ ਸਕਰੀਨ 'ਤੇ ਪੰਜਾਬੀ ਵਿਚ ਗਲਤੀਆਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਸਕਰੀਨ 'ਤੇ ਮੈਨੂੰ ਇਕ ਵੀ ਗਲਤੀ ਪੰਜਾਬੀ ਵਿਚ ਨਹੀਂ ਮਿਲ਼ੀ। ਮੈਂ ਇਸ ਗੱਲੋਂ ਹੈਰਾਨ ਅਤੇ ਕੈਨੇਡਾ ਵਾਲਿਆਂ ਦੇ ਬਲਿਹਾਰੇ ਵੀ ਜਾ ਰਿਹਾ ਸੀ। ਹਰਜੀਤ ਗਿੱਲ ਨੇ ਹੀ ਮੈਨੂੰ ਵੈਨਕੂਵਰ ਏਅਰਪੋਰਟ ਤੋਂ ਲੈਣ ਆਉਣਾ ਸੀ। ਪਰ ਮੇਰੀ ਅੱਧੇ ਘੰਟੇ ਦੀ ਉਡੀਕ ਕਰਨ ਦੇ ਬਾਵਯੂਦ ਹਰਜੀਤ ਨਾ ਬਹੁੜਿਆ। ਮੈਂ ਬੜਾ ਹੈਰਾਨ ਹੋਇਆ ਕਿ ਹਰਜੀਤ ਪਹੁੰਚਿਆ ਕਿਉਂ ਨਹੀਂ? ਅਖੀਰ ਮੈਂ ਇਕ ਦਸਤਾਰ ਵਾਲ਼ੇ ਸਿੰਘ ਕੋਲ਼ ਜਾ ਕੇ ਬੇਨਤੀ ਕੀਤੀ।

-"ਬਾਈ ਜੀ ਸਾਸਰੀਕਾਲ..!"
-"ਸਾਸਰੀਕਾਲ ਜੀ..!"
-"ਬਾਈ ਜੀ, ਮੈਨੂੰ ਸ਼ੇਰੇ ਪੰਜਾਬ ਰੇਡੀਓ ਵਾਲ਼ੇ ਹਰਜੀਤ ਨੇ ਲੈਣ ਆਉਣਾ ਸੀ, ਆਹ ਓਸ ਦਾ ਨੰਬਰ ਹੈ, ਬਾਈ ਜੀ ਬਣ ਕੇ ਉਹਨੂੰ ਮਾੜਾ ਜਿਆ ਫ਼ੋਨ ਕਰੋਂਗੇ..?"
-"ਲਿਆਓ ਜੀ..! ਪਹਿਲਾਂ ਮੈਂ ਉਹਦੇ ਨਾਲ਼ ਗੱਲ ਕਰ ਲਵਾਂ..!" ਉਸ ਨੇ ਨੰਬਰ ਮਿਲਾਉਂਦਿਆਂ ਕਿਹਾ।
ਉਹ ਸੱਜਣ ਹਰਜੀਤ ਨੂੰ ਆਪਣਾ ਨਾਂ 'ਮੁਲਤਾਨੀ' ਦੱਸ ਰਿਹਾ ਸੀ। ਉਸ ਨੇ ਕੁਝ ਸਮਾਂ ਗੱਲ ਕਰ ਕੇ ਫ਼ੋਨ ਮੈਨੂੰ ਫ਼ੜਾ ਦਿੱਤਾ।
-"ਬਾਈ ਜੀ..! ਵੈੱਲਕਮ ਟੂ ਕੈਨੇਡਾ..!" ਹਰਜੀਤ ਦੀ ਅਵਾਜ਼ ਸੀ।
-"ਥੈਂਕ ਯੂ ਜੀ..!"
-"ਬਾਈ ਜੀ, ਅੱਜ ਇੱਥੇ ਨਗਰ ਕੀਰਤਨ ਸੀ, ਮੇਰੀ ਗੱਡੀ 'ਟੋਅ' ਹੋ ਗਈ, ਤੁਸੀਂ ਚਿੰਤਾ ਨਾ ਕਰੋ, ਮੁੰਡੇ ਤੁਹਾਨੂੰ ਲੈਣ ਲਈ ਚੱਲੇ ਹੋਏ ਨੇ ਤੇ ਦਸ ਪੰਦਰਾਂ ਮਿੰਟ 'ਚ ਪਹੁੰਚ ਜਾਣਗੇ, ਚਿੰਤਾ ਵਾਲ਼ੀ ਕੋਈ ਗੱਲ ਨਹੀਂ, ਰਿਲੈਕਸ ਹੋ ਕੇ ਖੜ੍ਹੋ! ਮੁੰਡੇ ਪਹੁੰਚੇ ਲਓ! ਜੇ ਮੇਰੀ ਗੱਡੀ ਟੋਅ ਨਾ ਹੁੰਦੀ ਤਾਂ ਮੈਂ ਤੁਹਾਡੀ ਫ਼ਲਾਈਟ ਤੋਂ ਅੱਧਾ ਘੰਟਾ ਪਹਿਲਾਂ ਹੀ ਪਹੁੰਚ ਜਾਣਾ ਸੀ! ਪਰ ਫਿਕਰ ਵਾਲ਼ੀ ਗੱਲ ਕੋਈ ਨੀ, ਮੁੰਡੇ ਨਗਰ ਕੀਰਤਨ 'ਚ ਬਿਜ਼ੀ ਸੀਗੇ, ਆਹ ਹੁਣੇਂ ਈ ਤੁਰੇ ਐ, ਦਸ ਪੰਦਰਾਂ ਮਿੰਟ 'ਚ ਆ ਜਾਣਗੇ, ਤੁਸੀਂ ਐਥੇ ਈ ਵੇਟ ਕਰੋ..!" ਹਰਜੀਤ ਨੇ ਮੇਰਾ ਸੰਸਾ ਨਵਿੱਰਤ ਕਰ ਦਿੱਤਾ।

ਮੈਂ ਫਿਰ ਵੈਨਕੂਵਰ ਏਅਰਪੋਰਟ ਦਾ ਜਾਇਜਾ ਜਿਹਾ ਲੈਣਾ ਸ਼ੁਰੂ ਕਰ ਦਿੱਤਾ।

ਵੀਹ ਕੁ ਮਿੰਟ ਬਾਅਦ ਕਮਲਜੀਤ ਸਿੰਘ, ਬਲਬੀਰ ਸਿੰਘ, ਹਰਪਾਲ ਸਿੰਘ ਹੇਰਾਂ ਅਤੇ ਅਮਰਜੀਤ ਸਿੰਘ ਮੈਨੂੰ ਲੈਣ ਆ ਪਹੁੰਚੇ। ਉਹਨਾਂ ਮੇਰਾ ਅਟੈਚੀ ਗੱਡੀ ਵਿਚ ਰੱਖਿਆ ਅਤੇ ਅਸੀਂ ਅੱਧੇ ਕੁ ਘੰਟੇ ਵਿਚ 'ਪੰਜਾਬ ਗਾਰਡੀਅਨ' ਦੇ ਦਫ਼ਤਰ ਆ ਗਏ। ਹਰਕੀਰਤ ਸਿੰਘ, ਮੁੱਖ ਸੰਪਾਦਕ ਪੰਜਾਬ ਗਾਰਡੀਅਨ, ਜਗਤ ਪ੍ਰਸਿੱਧ ਪੱਤਰਕਾਰ ਸੁਖਮਿੰਦਰ ਸਿੰਘ ਚੀਮਾਂ ਅਤੇ ਹੋਰ ਦੋਸਤ ਮਿੱਤਰ ਉਥੇ ਹਾਜ਼ਰ ਸਨ। ਸੁਖਮਿੰਦਰ ਸਿੰਘ ਚੀਮਾਂ ਮੇਰੇ ਬੜਾ ਸਤਿਕਾਰ ਦਾ ਪਾਤਰ ਹੈ। ਮੈਂ ਬੜੇ ਚਿਰ ਤੋਂ ਇਸ ਬਾਈ ਨੂੰ ਲੱਭਦਾ ਫਿਰਦਾ ਸੀ। ਪਰ ਮੇਲ ਅੱਜ ਪਹਿਲੀ ਵਾਰ ਹੋਏ ਸਨ। ਪੱਤਰਕਾਰੀ ਦੇ ਨਾਲ਼-ਨਾਲ਼ ਉਹ 'ਰੇਡੀਓ ਇੰਡੀਆ' ਦਾ ਵੀ ਚਰਚਤਿ 'ਹੋਸਟ' ਹੈ! ਚਾਹ ਪਾਣੀ ਪੀਤਾ ਗਿਆ ਅਤੇ ਅਗਲੇ ਦਿਨ ਪੰਜਾਬ ਗਾਰਡੀਅਨ ਦੇ ਹੋ ਰਹੇ ਸਮਾਗਮ ਬਾਰੇ ਵਿਚਾਰ ਵਟਾਂਦਰੇ ਵੀ ਚੱਲ ਰਹੇ ਸਨ।

ਅਜੇ ਅਸੀਂ ਚਾਹ ਪਾਣੀ ਪੀ ਕੇ ਹੀ ਹਟੇ ਸੀ ਕਿ ਹਰਜੀਤ ਗਿੱਲ ਆ ਗਿਆ। ਸੋਹਣਾਂ-ਸੁਨੱਖਾ ਦਰਸ਼ਣੀ ਜੁਆਨ ਮੋਰ ਵਾਂਗ ਪੈਹਲ੍ਹ ਪਾਉਂਦਾ ਆ ਰਿਹਾ ਸੀ! ਠੋਕ ਕੇ ਬੰਨ੍ਹੀ ਹੋਈ ਕੇਸਰੀ ਦਸਤਾਰ ਮਲਵਈ ਹੋਣ ਦੀ ਸ਼ਾਹਦੀ ਭਰਦੀ ਸੀ ਅਤੇ ਭਰਵੀਆਂ ਮੁੱਛਾਂ ਦੀ ਨੱਕ ਦੇ ਦੁਆਲ਼ੇ ਕੀਤੀ ਗੋਲ਼ ਗੁੱਛੀ ਕਿਸੇ ਸੋਢੀ ਸਰਦਾਰ ਦਾ ਭੁਲੇਖਾ ਪਾਉਂਦੀ ਸੀ।

-"ਅੱਜ ਬਾਈ ਨੇ ਆਉਣਾ ਸੀ ਤੇ ਅੱਜ ਕੰਜਰ ਮੇਰੀ ਕਾਰ ਚੱਕ ਕੇ ਲੈਗੇ...!" ਆਉਣਸਾਰ ਹਰਜੀਤ ਮੇਰੇ ਗਲ਼ ਨੂੰ ਚਿੰਬੜ ਗਿਆ।

ਭਰਾਵਾਂ ਨੂੰ ਮਿਲ਼ ਕੇ ਰੱਬ ਤੋਂ ਸਾਰੇ ਗਿਲੇ-ਸ਼ਿਕਵੇ ਮਿਟ ਗਏ। ਮੇਰੀ ਕੈਨੇਡਾ ਪਹੁੰਚਣ ਦੀ ਖ਼ਬਰ ਵਿਚ ਹਰਜੀਤ ਗਿੱਲ ਦਾ ਫ਼ੋਨ ਨੰਬਰ ਦਿੱਤਾ ਹੋਇਆ ਸੀ। ਹਰਜੀਤ ਦੇ ਦੱਸਣ ਅਨੁਸਾਰ ਕੈਨੇਡਾ ਤੋਂ ਥਾਂ-ਥਾਂ ਤੋਂ ਬਹੁਤ ਫ਼ੋਨ ਆ ਰਹੇ ਹਨ। ਸ਼ਾਮ ਨੂੰ ਪੰਜਾਬ ਗਾਰਡੀਅਨ ਦੇ ਦਫ਼ਤਰ 'ਚੋਂ ਉਠ ਕੇ ਮੈਂ ਅਤੇ ਹਰਜੀਤ ਗਿੱਲ ਇਕ 'ਕੈਫ਼ੇ' ਦੇ ਬਾਹਰ ਆ ਬੈਠੇ। ਉਥੇ ਹੀ ਹਰਜੀਤ ਦਾ ਬਹੁਤ ਹੀ ਨਿੱਘਾ ਯਾਰ ਅਤੇ ਕਬੱਡੀ ਦਾ ਸ਼ਾਹ ਅਸਵਾਰ ਲੱਖਾ ਗਾਜ਼ੀਪੁਰੀਆ ਆ ਮਿਲਿਆ। ਲੱਖੇ ਨੇ ਕਬੱਡੀ ਇਤਿਹਾਸ ਵਿਚ ਬੜੀਆਂ ਮੱਲਾਂ ਮਾਰੀਆਂ ਹਨ ਅਤੇ ਕਬੱਡੀ ਅਖਾੜੇ ਵਿਚ ਭੰਦਰੋਲ਼ ਪਾਈ ਰੱਖਿਆ ਹੈ! ਅੱਜ ਵੀ ਉਸ ਕਬੱਡੀ ਦੇ ਸੂਰਮੇਂ ਨੂੰ ਸਲਾਮਾਂ ਹੁੰਦੀਆਂ ਨੇ!

ਹਰਜੀਤ ਨੇ ਕੌਫ਼ੀ ਅਤੇ ਮੈਂ ਚਾਹ ਪੀਤੀ। ਅਸੀਂ ਅਜੇ ਚਾਹ ਹੀ ਪੀ ਰਹੇ ਸੀ ਕਿ ਸਾਡੇ ਪਿੰਡ ਵਾਲ਼ੀ ਭੈਣ ਮੀਤੋ ਦਾ ਫ਼ੋਨ ਆ ਗਿਆ। ਮੀਤੋ ਮੇਰੀ ਸਭ ਤੋਂ ਵੱਡੀ ਭੈਣ ਨਾਲ਼ ਪੜ੍ਹਦੀ ਹੁੰਦੀ ਸੀ। ਸ਼ਾਇਦ 30-35 ਸਾਲ ਤੋਂ ਅਸੀਂ ਇਕ ਦੂਜੇ ਨੂੰ ਕਦੇ ਨਹੀਂ ਦੇਖਿਆ। ਤਾਈ ਨੰਦ ਕੌਰ ਨੂੰ ਤਾਂ ਮੈਂ ਪਿਛਲੇ ਸਾਲ ਬਾਪੂ ਜੀ ਦੀ ਬਰਸੀ ਮੌਕੇ ਪਿੰਡ ਮਿਲ਼ ਆਇਆ ਸੀ। ਮੈਂ ਛੋਟਾ ਜਿਹਾ ਹੁੰਦਾ ਸੀ, ਜਦੋਂ ਭੈਣ ਮੀਤੋ ਵਿਆਹ ਕਰਵਾ ਕੇ ਕੈਨੇਡਾ ਆ ਗਈ ਸੀ ਅਤੇ ਅੱਜ ਕੱਲ੍ਹ ਐਬਟਸਫ਼ੋਰਡ ਰਹਿੰਦੀ ਹੈ। ਉਸ ਭੈਣ ਨਾਲ਼ ਅਗਲੇ ਦਿਨ ਮਿਲਣ ਦਾ ਵਾਅਦਾ ਕਰਕੇ ਅਸੀਂ ਹਰਜੀਤ ਗਿੱਲ ਦੇ ਘਰ ਆ ਗਏ।

ਜਦ ਅਸੀਂ ਹਰਜੀਤ ਦੇ ਘਰ ਪਹੁੰਚੇ ਤਾਂ ਮੈਨੂੰ ਮਿਲ਼ ਕੇ ਜਿਵੇਂ ਗਿੱਲ ਦੇ ਸਮੁੱਚੇ ਪ੍ਰੀਵਾਰ ਨੂੰ ਚਾਅ ਚੜ੍ਹ ਗਿਆ। ਹਰਜੀਤ ਗਿੱਲ ਦੀ ਸਿੰਘਣੀ, ਭੈਣ ਸਤਵਿੰਦਰ ਕੌਰ, ਬੇਟਾ ਬਲਰਾਜ ਸਿੰਘ, ਬੇਟੀ ਰਵਰਾਜ ਕੌਰ, ਬਾਪੂ ਸ. ਮੋਦਨ ਸਿੰਘ ਜੀ ਗਿੱਲ ਅਤੇ ਬੀਜੀ, ਮਾਤਾ ਗੁਰਮੇਲ ਕੌਰ ਗਿੱਲ, ਸਾਰਾ ਪ੍ਰੀਵਾਰ ਮੈਨੂੰ ਇੰਜ ਆਪਣਿਆਂ ਵਾਂਗ ਮਿਲਿਆ ਜਿਵੇਂ ਮੈਨੂੰ ਜੁੱਗੜਿਆਂ ਤੋਂ ਜਾਣਦਾ ਸੀ। ਚਾਹੇ ਇਸ ਸਤਿਯੁਗੀ ਪ੍ਰੀਵਾਰ ਨੂੰ ਮੈਂ ਪਹਿਲੀ ਵਾਰ ਮਿਲ਼ ਰਿਹਾ ਸਾਂ। ਪਰ ਸਾਰੇ ਟੱਬਰ ਦੀ ਦਿਲੀ ਅਪਣੱਤ ਮੈਨੂੰ ਕਾਇਲ ਕਰ ਗਈ ਸੀ। ਮੈਨੂੰ ਰਤੀ ਭਰ ਵੀ ਮਹਿਸੂਸ ਨਾ ਹੋਇਆ ਕਿ ਇਸ ਪ੍ਰੀਵਾਰ ਨਾਲ਼ ਮੇਰੀ ਪਹਿਲੀ ਮਿਲਣੀ ਸੀ। ਮੈਂ ਜਦ ਬਾਪੂ ਜੀ ਅਤੇ ਬੀਜੀ ਦੇ ਪੈਰੀਂ ਹੱਥ ਲਾਏ ਤਾਂ ਉਹਨਾਂ ਦੋਹਾਂ ਨੇ ਮੈਨੂੰ ਪੁੱਤਰਾਂ ਵਾਂਗ ਬੁੱਕਲ਼ ਵਿਚ ਲੈ ਕੇ ਮੇਰੀ ਮਾਂ-ਬਾਪ ਵਾਲ਼ੀ ਘਾਟ ਵਾਲ਼ੀ ਕਸਰ ਪੂਰੀ ਕਰ ਦਿੱਤੀ। ਬੀਜੀ ਦੀ ਬੁੱਕਲ਼ ਵਿਚ ਮਾਂ ਦੀ ਸੁਗੰਧ ਅਤੇ ਬਾਪੂ ਜੀ ਦੀ ਜੱਫ਼ੀ ਵਿਚ ਬਾਪੂ ਵਾਲ਼ਾ ਆਸ਼ੀਰਵਾਦ ਸੀ! ਭੈਣ ਸਤਵਿੰਦਰ ਕੌਰ ਗਿੱਲ ਦੀ ਮਿਲਣੀ ਵਿਚੋਂ ਨਿੱਕੀਆਂ ਭੈਣਾਂ ਵਾਲ਼ੀ ਭਾਵਨਾਂ ਡੁੱਲ੍ਹ-ਡੁੱਲ੍ਹ ਪੈਂਦੀ ਸੀ। ਉਹਨਾਂ ਨੂੰ ਮਿਲ਼ ਕੇ ਮੇਰੀ ਜਿੰਦਗੀ ਦੀਆਂ ਭਾਵਨਾਵਾਂ ਦੇ ਸਾਰੇ ਘਾਟੇ ਪੂਰੇ ਹੋ ਗਏ ਸਨ। ਹੁਣ ਮੈਂ ਆਪਣੇ ਆਪ ਨੂੰ ਕਿਸੇ ਗੱਲੋਂ 'ਊਣਾਂ' ਨਹੀਂ, ਸਗੋਂ ਸੰਪੂਰਨ ਮਹਿਸੂਸ ਕਰ ਰਿਹਾ ਸਾਂ!

ਪਹਿਲਾਂ ਚਾਹ ਅਤੇ ਫਿਰ ਰੋਟੀ ਖਾਣ ਤੋਂ ਬਾਅਦ ਹਰਜੀਤ ਮੈਨੂੰ ਹੋਟਲ ਵਿਚ ਛੱਡਣ ਤੁਰ ਪਿਆ। ਮੇਰੇ ਕਹਿਣ 'ਤੇ ਮੇਰੇ ਰਹਿਣ ਦਾ ਪ੍ਰਬੰਧ ਹੋਟਲ ਵਿਚ ਹੀ ਕੀਤਾ ਗਿਆ ਸੀ। ਕੋਈ ਦਸ ਕੁ ਮਿੰਟਾਂ ਬਾਅਦ ਅਸੀਂ "ਸੁਪਰ 8" ਹੋਟਲ ਵਿਚ ਆ ਗਏ। ਇਹ ਹੋਟਲ ਬੱਧਨੀ ਕਲਾਂ ਕੋਲ਼ ਪਿੰਡ ਬੁੱਟਰ ਦੇ ਬਾਈ ਨਛੱਤਰ ਕੂਨਰ ਦਾ ਹੈ। ਇਸ ਹੋਟਲ ਵਿਚ ਉਸ ਦੇ ਨਾਲ਼ ਦਾ ਪਾਰਟਨਰ ਸੁੱਖ ਪੰਧੇਰ ਹੈ। ਜਦ ਸਾਡੇ ਪਿੰਡ ਵੱਲੋਂ ਮੋਗੇ ਨੂੰ ਆਈਏ ਤਾਂ ਬੱਧਨੀ ਕਲਾਂ ਲੰਘ ਕੇ ਬੁੱਟਰ ਵੱਲ ਆਉਂਦਿਆਂ ਖੱਬੇ ਪਾਸੇ ਬੌਰੀਆਂ ਦੇ ਘਰ ਆਉਂਦੇ ਹਨ ਅਤੇ ਇਹ ਬੌਰੀਆਂ ਦੇ ਘਰ ਨਛੱਤਰ ਕੂਨਰ ਹੋਰਾਂ ਦੇ ਖੇਤਾਂ ਵਿਚ ਹੀ ਹਨ। ਬੜਾ ਮਿਲਣਸਾਰ ਅਤੇ ਦਿਲ ਦਰਿਆ ਬੰਦਾ ਹੈ ਬਾਈ ਨਛੱਤਰ ਕੂਨਰ! ਰਾਤ ਦੇ ਗਿਆਰਾਂ ਵਜੇ ਉਹ ਸਪੈਸ਼ਲ ਸਾਡੇ ਲਈ ਹੋਟਲ ਪਹੁੰਚਿਆ ਅਤੇ ਮੇਰੇ ਲਈ ਵਿਸ਼ੇਸ਼ ਤੌਰ 'ਤੇ ਇਕ 'ਹਨੀਮੂਨ ਸੁਈਟ' ਦਾ ਪ੍ਰਬੰਧ ਕਰਵਾ ਕੇ ਦਿੱਤਾ। ਹਨੀਮੂਨ ਸੁਈਟ ਦੇਖ-ਸੁਣ ਕੇ ਮੈਂ ਮਨ ਹੀ ਮਨ ਅੰਦਰ ਹੱਸ ਪਿਆ ਕਿ 'ਕੱਲਾ ਬੰਦਾ ਅਤੇ ਹਨੀਮੂਨ ਸੁਈਟ..? ਖ਼ੈਰ..! ਧੰਨਵਾਦੀ ਹਾਂ ਬਾਈ ਹੋਰਾਂ ਦਾ! ਇਸ ਸੁਈਟ ਦਾ ਨੰਬਰ 214 ਸੀ ਅਤੇ ਅਗਲੇ ਦਿਨ ਉਹਨਾਂ ਨੇ ਮੈਨੂੰ ਬਦਲ ਕੇ ਸੁਈਟ 218 ਦੇ ਦਿੱਤਾ। ਹਰਜੀਤ ਮੈਨੂੰ ਹੋਟਲ ਛੱਡ ਕੇ ਮੁੜ ਗਿਆ ਅਤੇ ਮੈਂ ਇਕ-ਦੋ ਫ਼ੋਨ ਕੀਤੇ ਅਤੇ ਫ਼ੋਨ ਕਰਨ ਲਈ ਆਪਣੇ ਹੋਟਲ ਅਤੇ ਕਮਰੇ ਦਾ ਨੰਬਰ ਦਿੱਤਾ। ਲੰਡਨ ਅਤੇ ਵੈਨਕੂਵਰ ਦੇ ਸਮੇਂ ਦਾ ਅੱਠ ਘੰਟੇ ਦਾ ਫ਼ਰਕ ਹੋਣ ਕਾਰਨ ਮੈਨੂੰ ਚੱਜ ਨਾਲ਼ ਨੀਂਦ ਨਾ ਆਈ। ਸਮੇਂ ਦੇ ਵਕਫ਼ੇ ਕਾਰਨ ਮੈਂ ਖਿੱਚ-ਧੂਹ ਕੇ ਪਹਿਲੀ ਰਾਤ ਸਿਰਫ਼ ਇਕ-ਦੋ ਘੰਟੇ ਹੀ ਸੌਂ ਸਕਿਆ ਹੋਵਾਂਗਾ।

ਸਵੇਰੇ ਦਸ ਕੁ ਵਜੇ ਹਰਜੀਤ ਹੋਟਲ ਆ ਗਿਆ ਅਤੇ ਮਿਲਣ-ਗਿਲਣ ਦਾ ਸਿਲਸਲਾ ਸਾਰਾ ਦਿਨ ਜੰਗੀ ਪੱਧਰ 'ਤੇ ਜਾਰੀ ਰਿਹਾ। "ਰਾਤਾਂ ਛੋਟੀਆਂ ਤੇ ਯਾਰ ਬਥੇਰੇ - ਮੈਂ ਕੀਹਦਾ ਕੀਹਦਾ ਮਾਣ ਰੱਖਲਾਂ" ਵਾਲ਼ੀ ਗੱਲ ਮੇਰੇ ਨਾਲ਼ ਹੋ ਰਹੀ ਸੀ। ਦਿਨ ਮੇਰੇ ਕੋਲ਼ ਕੁੱਲ ਮਿਲ਼ਾ ਕੇ ਢਾਈ ਅਤੇ ਮਿਲਣ ਵਾਲ਼ੇ ਬੰਦੇ ਹਜ਼ਾਰਾਂ! ਹਰਜੀਤ ਵਾਲ਼ੇ ਮੋਬਾਇਲ ਫ਼ੋਨ 'ਤੇ ਨਿਰੰਤਰ ਕਾਲਾਂ ਆ ਰਹੀਆਂ ਸਨ। ਸਾਡੇ ਪਿੰਡ ਦੇ ਬੇਲੀ ਗੁੱਸੇ ਹੋ ਰਹੇ ਸਨ, "ਹਰਜੀਤ, ਤੂੰ ਸਾਡਾ ਬੰਦਾ 'ਕਿੱਡਨੈਪ' ਕਰ ਲਿਆ!" ਇਹ ਸਾਡੇ ਪਿੰਡ ਵਾਲ਼ੇ ਬਾਈ ਦਰਸ਼ਣ ਸਿੰਘ ਧਾਲ਼ੀਵਾਲ਼ ਦੇ ਮਜ਼ਾਕ ਭਰੇ ਬੋਲ ਸਨ। ਦਰਸ਼ਣ ਸਿੰਘ ਧਾਲ਼ੀਵਾਲ਼ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਅਤੇ ਮੇਰੇ ਦੋਸਤ ਜਗਰੂਪ ਸਿੰਘ ਧਾਲ਼ੀਵਾਲ਼ ਦਾ ਵੱਡਾ ਭਰਾ ਹੈ। ਉਸ ਤੋਂ ਬਾਅਦ ਹਰਜੀਤ ਕਿਸੇ ਨੂੰ ਆਖ ਰਿਹਾ ਸੀ, "ਬਾਈ ਜੀ, ਇਹ ਮੰਨਦੇ ਹਾਂ ਕਿ ਜੱਗੀ ਕੁੱਸਾ ਤੁਹਾਡੇ ਪਿੰਡ ਦਾ ਹੈ, ਪਰ ਹੁਣ ਉਹ ਸਮੁੱਚੇ ਪੰਜਾਬੀਆਂ ਦਾ ਸਾਂਝਾ ਲੇਖਕ ਵੀ ਹੈ..!" ਪਰ ਰੋਲ਼-ਘਚੋਲ਼ੇ ਵਿਚ ਮੈਨੂੰ ਪੁੱਛਣ ਦਾ ਚੇਤਾ ਹੀ ਵਿਸਰ ਗਿਆ ਕਿ ਇਹ ਮਿੱਤਰ ਕੌਣ ਸੀ?

ਅਸੀਂ ਅਜੇ ਤੁਰਨ ਹੀ ਲੱਗੇ ਸੀ ਪਹਿਲਾਂ ਸਰੀ ਤੋਂ ਗੁਰਮੇਲ ਬਦੇਸ਼ਾ ਦਾ ਅਤੇ ਫਿਰ ਇੰਗਲੈਂਡ ਤੋਂ ਮਨਦੀਪ ਖ਼ੁਰਮੀ ਹਿੰਮਤਪੁਰਾ ਦਾ ਫ਼ੋਨ ਆ ਗਿਆ। ਖੁਰਮੀਂ ਨੇ ਮੈਨੂੰ ਦੱਸਿਆ ਕਿ ਬਾਈ ਦੇਵ ਥਰੀਕੇ ਵਾਲ਼ਾ ਇੰਗਲੈਂਡ ਪਹੁੰਚ ਗਿਆ ਹੈ ਅਤੇ ਵਾਰ ਵਾਰ ਤੇਰੇ ਬਾਰੇ ਪੁੱਛ ਰਿਹਾ ਹੈ, ਉਸ ਨੂੰ ਕੀ ਦੱਸੀਏ..? ਦੁਨੀਆਂ ਦਾ ਪ੍ਰਸਿੱਧ ਗੀਤਕਾਰ ਬਾਈ ਦੇਵ ਥਰੀਕੇ ਅਤੇ ਕਲੀਆਂ ਦੇ ਬਾਦਸ਼ਾਹ ਬਾਈ ਕੁਲਦੀਪ ਮਾਣਕ ਨਾਲ਼ ਮੇਰਾ ਪ੍ਰੋਗਰਾਮ ਬੜੀ ਦੇਰ ਦਾ ਬਣਿਆਂ ਹੋਇਆ ਸੀ। ਪਰ ਪੰਜਾਬ ਗਾਰਡੀਅਨ ਦੀ ਵਰ੍ਹੇ-ਗੰਢ ਕਾਰਨ ਮੈਨੂੰ ਕੈਨੇਡਾ ਆਉਣਾ ਪੈ ਗਿਆ ਸੀ। ਮੈਂ ਖੁਰਮੀਂ ਨੂੰ ਕੁਲਦੀਪ ਮਾਣਕ ਦੇ ਆਉਣ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਬਾਈ ਕੁਲਦੀਪ ਮਾਣਕ ਤਾਂ ਆਇਆ ਨਹੀਂ, ਪਰ ਬਾਈ ਦੇਵ ਥਰੀਕੇ ਦਾ ਮੁੰਡਾ ਅਤੇ ਪੋਤਾ ਨਾਲ਼ ਆਏ ਹਨ। ਮੈਂ ਉਸ ਨੂੰ ਕਿਹਾ ਕਿ ਬਾਈ ਨੂੰ ਆਖ ਦੇਵੀਂ ਕਿ ਮੈਂ 16 ਅਪ੍ਰੈਲ ਨੂੰ ਸ਼ਾਮ ਦੇ ਛੇ ਵਜੇ ਲੰਡਨ ਪਹੁੰਚ ਜਾਊਂਗਾ, ਚਿੰਤਾ ਨਾ ਕਰੇ।

ਜਦ ਕੁਲਦੀਪ ਮਾਣਕ ਅਤੇ ਦੇਵ ਥਰੀਕੇ ਮੇਰੇ ਬਾਪੂ ਜੀ ਦੀ ਬਰਸੀ 'ਤੇ ਪਿੰਡ ਆਏ ਸਨ ਤਾਂ ਦੇਵ ਥਰੀਕੇ ਕਹਿ ਬੈਠਾ, "ਜੱਗੀ ਐਤਕੀਂ ਮਾਣਕ ਨੇ ਤੇ ਮੈਂ ਸਾਡਾ ਸੱਤਰਵਾਂ ਜਨਮ ਦਿਨ ਇੰਗਲੈਂਡ ਮਨਾਉਣਾਂ ਹੈ!" ਤਾਂ ਕੁਲਦੀਪ ਮਾਣਕ ਟੁੱਟ ਕੇ ਉਸ ਦੇ ਗਲ਼ ਪੈ ਗਿਆ, "ਕੀ ਬੁੜ੍ਹਿਆ ਤੂੰ ਸੱਤਰਵਾਂ ਜਨਮ ਦਿਨ, ਸੱਤਰਵਾਂ ਜਨਮ ਦਿਨ ਲਾਈ ਰੱਖਦੈਂ, ਸੱਠਵਾਂ ਨੀ ਕਹਿ ਸਕਦਾ..?" ਮਾਣਕ ਥਰੀਕੇ ਵਾਲ਼ੇ ਨੂੰ 'ਬੁੜ੍ਹਾ' ਅਤੇ ਸੁਰਿੰਦਰ ਛਿੰਦਾ ਦੇਵ ਨੂੰ "ਉਹ ਬੱਲੇ ਛੋਟਿਆ..!" ਆਖ ਕੇ ਬੁਲਾਉਂਦਾ ਹੈ। ਬਾਈ ਥਰੀਕੇ ਵਾਲ਼ਾ ਗੱਲ ਮਰੋੜ ਕੇ ਹੱਸਦਾ ਕਹਿਣ ਲੱਗਿਆ, "ਠੀਕ ਐ ਜੱਗੀ, ਮੇਰਾ ਸੱਤਰਵਾਂ ਤੇ ਮਾਣਕ ਦਾ ਸੱਠਵਾਂ ਮਨਾ ਲਵਾਂਗੇ!" ਤਾਂ ਮੈਂ ਵੀ ਮਾਣਕ ਨੂੰ ਸੰਬੋਧਨ ਹੁੰਦਿਆਂ ਆਖਿਆ, "ਬਾਈ ਤੂੰ ਸੱਠਵਾਂ ਵੀ ਛੱਡ..! ਤੂੰ ਪੰਤਲ਼ੀਵਾਂ ਮੇਰਾ ਲੈ-ਲੈ ਤੇ ਆਬਦਾ ਸੱਤਰਵਾਂ ਮੈਨੂੰ ਦੇ-ਦੇ..! ਅਸੀਂ ਤੇਰਾ ਪੰਤਾਲ਼ੀਵਾਂ ਈ ਮਨਾਂ ਲਵਾਂਗੇ..! ਨਾਲ਼ੇ ਕਲਾਕਾਰ ਤਾਂ ਕਦੇ ਬੁੱਢੇ ਈ ਨੀ ਹੁੰਦੇ, ਜੁਆਨ ਈ ਰਹਿੰਦੇ ਐ..! ਨਾਲ਼ੇ ਬਾਈ ਮਾਣਕਾ ਤੂੰ ਤਾਂ ਅਜੇ ਵੀ ਕਿੱਕਰ ਤੋਂ ਕਾਟੋ ਲਾਹੁੰਣ ਦੀ ਸਮਰੱਥਾ ਰੱਖਦੈਂ..!" ਤਾਂ ਮਾਣਕ ਹੂਰਾ ਲੈ ਕੇ ਮੇਰੇ ਵੱਲ ਨੂੰ ਆਇਆ, "ਤੂੰ ਤਾਂ ਹਟਜਾ ਖਸਮਾਂ..! ਅੱਗੇ ਸਾਥੋਂ ਆਹ ਬੁੜ੍ਹਾ ਲੋਟ ਨ੍ਹੀ ਆਉਂਦਾ ਤੇ ਹੁਣ ਤੂੰ ਵੀ ਇਹਦੇ ਨਾਲ਼ ਲੱਗ ਕੇ ਸ਼ੁਰੂ ਹੋ ਗਿਐਂ..!" ਮਾਣਕ ਦੀ ਗੱਲ ਸੁਣ ਕੇ ਮੈਂ ਵੀ ਗੱਲ ਬਦਲੀ। -"ਮੈਂ ਬਾਈ ਤੇਰੀ ਘੈਂਟ ਅਵਾਜ਼ ਦੀ ਗੱਲ ਕਰਦੈਂ..! ਤੂੰ ਕੁਛ ਹੋਰ ਈ ਸਮਝ ਗਿਆ..?"

-"ਤੂੰ ਕੁਛ ਨਾ ਕਹਿ..! ਮੈਨੂੰ ਸਾਰਾ ਕੁਛ ਈ ਪਤੈ..!" ਮਾਣਕ ਮੇਰੇ ਹੁੱਝ ਜਿਹੀ ਮਾਰ ਹੀ ਗਿਆ।

ਪਿੰਡ ਕੁੱਸੇ ਜਦ ਮੇਰੇ ਪੁੱਤਰ ਕਬੀਰ ਦਾ ਜਨਮ ਦਿਨ ਮਨਾਇਆ ਸੀ ਤਾਂ ਪ੍ਰੋਗਰਾਮ ਦੁਪਿਹਰ ਦੇ ਇਕ ਵਜੇ ਦਾ ਸੀ। ਪਰ ਕੁਲਦੀਪ ਮਾਣਕ ਆਪਣੇ ਲਾਮ-ਲਸ਼ਕਰ ਸਮੇਤ ਸਵੇਰੇ ਨੌਂ ਕੁ ਵਜੇ ਹੀ ਪਿੰਡ ਆ ਗਿਆ। ਮੈਂ ਮਾਣਕ ਨੂੰ ਜੱਫ਼ੀ 'ਚ ਲੈ ਕੇ ਕਿਹਾ, "ਬਾਈ ਮਾਣਕਾ..! ਯਾਰ ਤੂੰ ਲਿੱਸਾ ਨ੍ਹੀ ਹੋ ਗਿਆ..?" ਤਾਂ ਹਾਜ਼ਰ ਜਵਾਬ ਮਾਣਕ ਬੋਲ ਉਠਿਆ, "ਅੱਗੇ ਜੱਗੀ ਕਦੋਂ ਮੈਂ ਮੱਲ ਢਾਹੁੰਦਾ ਹੁੰਦਾ ਸੀ..?" ਬਾਪੂ ਜੀ ਦੀ ਬਰਸੀ ਮੌਕੇ ਇਕੱਠ ਬਹੁਤ ਜਿਆਦਾ ਸੀ। ਸ੍ਰੀ ਆਖੰਡ ਪਾਠ ਦੇ ਭੋਗ ਮੌਕੇ ਨੌਵੇਂ ਪਾਤਿਸ਼ਾਹ ਦੇ ਸ਼ਲੋਕ ਪੜ੍ਹੇ ਜਾ ਰਹੇ ਸਨ। ਬੜੇ ਵਧੀਆ ਵਧੀਆ ਮਿੱਤਰ ਪਹੁੰਚੇ ਹੋਏ ਸਨ। ਜਗਾਹ ਦੀ ਘਾਟ ਹੋਣ ਕਾਰਨ ਮਾਣਕ ਬਾਹਰ ਘਰ ਦੇ ਗੇਟ ਅੱਗੇ ਡਾਹੀਆਂ ਕੁਰਸੀਆਂ 'ਤੇ ਵਿਚਕਾਰ ਬੈਠਾ ਸੀ। ਉਸ ਦੇ ਨਾਲ਼ ਬਾਈ ਬਲਦੇਵ ਸਿੰਘ ਸੜਕਨਾਮਾਂ, ਵਿਅੰਗ ਲੇਖਕ ਕੇ. ਐਲ. ਗਰਗ, ਪ੍ਰਸਿੱਧ ਗੀਤਕਾਰ ਮੱਖਣ ਬਰਾੜ, ਮੈਂ ਬਣਿਆਂ ਜੱਜ ਦਾ ਅਰਦਲੀ ਦਾ ਲੇਖਕ ਨਿੰਦਰ ਘੁਗਿਆਣਵੀ, ਪੰਜਾਬੀ ਸੱਭਿਆਚਾਰ ਦਾ ਨੰਬਰਦਾਰ ਨਿਰਮਲ ਜੌੜਾ, ਸੂਫ਼ੀ ਗਾਇਕ ਹਾਕਮ ਸੂਫ਼ੀ, ਟੈਲੀ ਐਕਟਰ ਮਨਿੰਦਰ ਮੋਗਾ, ਗੀਤਕਾਰ ਗੋਲੂ ਕਾਲੇ ਕੇ, ਦੁਗਾਣਾਂ ਗਾਇਕੀ ਦੇ ਬਾਦਸ਼ਾਹ ਹਾਕਮ ਬਖਤੜੀ ਵਾਲ਼ਾ ਆਦਿ ਬੈਠੇ ਸਨ। ਕਿਸੇ ਨੇ ਮਾਣਕ ਦੇ ਗਲ਼ ਵਿਚ ਪਾਏ ਹੋਏ 'ਲੌਕਟ' 'ਤੇ ਟਾਂਚ ਕਰ ਦਿੱਤੀ, "ਮਾਣਕ ਸਾਹਬ ਇਹ ਅਸਲੀ ਐ..?" ਤਾਂ ਤੱਟ-ਫ਼ੱਟ ਉੱਤਰ ਮੋੜਨ ਵਾਲ਼ਾ ਮਾਣਕ ਝੱਟ ਬੋਲ ਉਠਿਆ, "ਜਿਹੜਾ ਤੇਰੇ ਸਾਹਮਣੇ ਮੈਂ ਬੈਠੈਂ, ਨਕਲੀ ਬੈਠੈਂ..? ਜਿਹੜਾ ਮੈਂ ਹੁਣ ਤੱਕ ਗਾਇਐ, ਉਹ ਨਕਲੀ ਗਾਇਐ..?" ਤੇ ਉਸ ਸੱਜਣ ਨੇ ਹੱਥ ਜੋੜ ਕੇ ਮਾਣਕ ਨੂੰ ਬੇਨਤੀ ਕੀਤੀ, "ਬਖ਼ਸ਼ ਲਓ ਮਾਣਕ ਸਾਹਬ, ਮੈਂ ਤਾਂ ਵੈਸੇ ਈ ਪੁੱਛ ਬੈਠਾ..!" ਤੇ ਮਾਣਕ ਵੀ ਆਦਤ ਮੂਜਬ ਮੁਸਕਰਾ ਕੇ ਚੁੱਪ ਕਰ ਗਿਆ। ਮਾਣਕ ਛੇਤੀ ਕੀਤੇ ਕਿਸੇ ਨੂੰ ਕੋਈ ਰੜਕਵੀਂ ਗੱਲ ਕਹਿੰਦਾ ਨਹੀਂ। ਪਰ ਜੇ ਕੋਈ ਉਸ ਨੂੰ 'ਲਾ' ਕੇ ਗੱਲ ਆਖ ਦੇਵੇ ਤਾਂ ਜਵਾਬ ਮੋੜਨ ਲੱਗਿਆ ਕੋਈ ਕਸਰ ਬਾਕੀ ਨਹੀਂ ਛੱਡਦਾ ਅਤੇ ਬੰਦੇ ਦੀ ਤਹਿ ਲਾ ਦਿੰਦਾ ਹੈ! ...ਹੁਣ ਬਾਈ ਦੇਵ ਥਰੀਕੇ ਇੰਗਲੈਂਡ ਪਹੁੰਚ ਗਿਆ ਸੀ। ਪਰ ਮਾਣਕ ਨਹੀਂ ਆਇਆ ਸੀ। ਇਸ ਗੱਲ ਦਾ ਮੈਨੂੰ ਦੁੱਖ ਵੀ ਸੀ ਅਤੇ ਅਫ਼ਸੋਸ ਵੀ! ਖ਼ੈਰ! ਦੇਵ ਥਰੀਕੇ ਨੇ 29 ਅਪ੍ਰੈਲ ਤੱਕ ਇੰਗਲੈਂਡ ਰਹਿਣਾ ਸੀ ਅਤੇ ਸਾਡੇ ਕੋਲ਼ ਵਾਧੂ ਸਮਾਂ ਸੀ। ਜਦ ਮੈਂ ਬਾਪੂ ਜੀ ਦੀ ਬਰਸੀ ਤੋਂ ਪਹਿਲਾਂ ਦੇਵ ਥਰੀਕੇ ਨੂੰ ਫ਼ੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਮਾਣਕ ਵੀ ਉਸ ਦੇ ਕੋਲ਼ ਹੀ ਬੈਠਾ ਸੀ।

-"ਅੱਜ ਰਾਹੂ-ਕੇਤੂ ਕਿਵੇਂ 'ਕੱਠੇ ਈ ਬੈਠੇ ਐ..?" ਮੈਂ ਥਰੀਕੇ ਵਾਲ਼ੇ ਬਾਈ ਨੂੰ ਮਾਣਕ ਦੇ ਨਾਲ਼ ਸੁਣ ਕੇ ਵਿਅੰਗਮਈ ਆਖਿਆ।
ਥਰੀਕੇ ਵਾਲ਼ਾ ਉੱਚੀ-ਉੱਚੀ ਹੱਸ ਪਿਆ ਅਤੇ ਉਸ ਨੇ "ਲੈ ਮਾਣਕ ਨਾਲ਼ ਗੱਲ ਕਰਲਾ..!" ਆਖ ਕੇ ਫ਼ੋਨ ਮਾਣਕ ਨੂੰ ਫ਼ੜਾ ਦਿੱਤਾ।
-"ਬਾਈ, ਸਾਸਰੀਕਾਲ...!"
-"ਸਾਸਰੀਕਾਲ, ਕਿਵੇਂ ਐਂ ਜੱਗੀ..?" ਮਾਣਕ ਦਾ ਸੁਆਲ ਸੀ।
-"ਬੱਸ ਸਭ ਗੁਰੂ ਕਿਰਪਾ, ਚੜ੍ਹਦੀ ਕਲਾ ਐ ਬਾਈ ਜੀ, ਆਪਣੇ ਬਾਪੂ ਦੀ ਬਰਸੀ ਐ...!" ਮੈਂ ਮਾਣਕ ਨੂੰ ਕਿਹਾ।
-"ਉਹ ਮੈਨੂੰ ਬੁੜ੍ਹੇ ਨੇ ਦੱਸਤਾ ਸੀ..!"
-"ਬਾਈ ਦਰਸ਼ਣ ਦੇਣੇ ਐਂ..!"
-"ਦਰਸ਼ਣ ਤਾਂ ਮੇਰੇ ਕੋਲ਼ੇ ਹੈਨ੍ਹੀ, ਮੈਂ 'ਕੱਲਾ ਈ ਆਜੂੰਗਾ..!" ਉਸ ਨੇ ਉੱਤਰ ਦਿੱਤਾ।

-"ਚੱਲ ਇਉਂ ਕਰਲੀਂ..!" ਮੈਂ ਵੀ ਤੇਜ਼ੀ ਵਿਚ ਹੋਣ ਕਾਰਨ ਉਸ ਨਾਲ਼ ਬਹੁਤੀ ਗੱਲ-ਬਾਤ ਵਿਚ ਨਾ ਪਿਆ। ਬਹੁਤ ਲੋਕ ਕਹਿੰਦੇ ਸੁਣੇ ਗਏ ਨੇ ਕਿ ਕੁਲਦੀਪ ਮਾਣਕ 'ਅੜਬ' ਹੈ। ਪਰ ਸਾਡੀ ਬੜੀ ਪੁਰਾਣੀ ਯਾਰੀ ਹੈ। ਮੈਂ ਕਦੇ ਵੀ ਮਾਣਕ ਦੀ ਕੋਈ ਅੜਬਾਈ ਨਹੀਂ ਦੇਖੀ। ਉਹ ਮੈਨੂੰ ਹਮੇਸ਼ਾ ਹੀ ਵੱਡੇ ਭਰਾਵਾਂ ਵਾਂਗ ਮਿਲਿਆ ਹੈ ਅਤੇ ਬੜਾ ਪ੍ਰੇਮ ਦਿੱਤਾ ਹੈ। ਹਾਂ, ਮਾਣਕ ਅੜਬ ਹੈ! ਪਰ ਮਾਣਕ ਅੜਬ ਉਥੇ ਹੈ, ਜਿੱਥੇ ਕਿਸੇ ਦਾ ਬਿਲਕੁਲ ਹੀ 'ਸਰਦਾ' ਨਹੀਂ! ਇਕ ਵਾਰ ਮਾਣਕ ਕਿਸੇ ਸਟੇਜ਼ ਤੋਂ ਗਾ ਰਿਹਾ ਸੀ। ਕਿਸੇ ਨੇ ਸਟੇਜ਼ ਵੱਲ ਨੂੰ ਭਾਨ ਚਲਾ ਕੇ ਮਾਰੀ ਅਤੇ ਮਾਣਕ ਦੇ ਨਾਲ਼ ਸਟੇਜ਼ 'ਤੇ ਖੜ੍ਹੇ ਮਾਣਕ ਦੇ ਸ਼ਾਗਿਰਦ ਪ੍ਰੀਤਮ ਬਰਾੜ ਦੇ ਵੱਜੀ, ਤਾਂ ਮਾਣਕ ਪੈਂਦੀ ਸੱਟੇ ਆਖਣ ਲੱਗਿਆ, "ਭਾਨ ਉਹ ਸਿੱਟਦਾ ਹੁੰਦੈ, ਜੀਹਦੀ ਘਰੇ ਨਾ ਚੱਲਦੀ ਹੋਵੇ..!" ਇਕ ਵਾਰ ਕੋਈ ਉਜੱਡ ਬੰਦਾ ਗਾਉਣ ਵਾਲ਼ੀ ਵੱਲ ਦੇਖ ਕੇ ਹਿੱਕ 'ਤੇ ਹੱਥ ਰੱਖ ਕੇ ਇਸ਼ਾਰੇ ਜਿਹੇ ਕਰਨ ਲੱਗ ਪਿਆ। ਮਾਣਕ ਉਸ ਸੱਜਣ ਨੂੰ ਦੇਖ ਕੇ ਕਹਿੰਦਾ, "ਇਕ ਬਾਈ ਸਾਡੇ ਸਾਹਮਣੇ ਬੈਠੈ..! ਲਾਲ਼ਾਂ ਸਿੱਟ-ਸਿੱਟ ਕੇ ਪਤੰਦਰ ਨੇ ਝੱਗਾ ਗਿੱਲਾ ਕਰ ਲਿਆ..! ਉਹਨੂੰ ਬਾਈ ਨੂੰ ਮੈਂ ਬੇਨਤੀ ਕਰਦੈਂ ਬਈ ਕਾਹਨੂੰ ਲੀੜੇ ਪਾੜ ਪਾੜ ਸਿੱਟੀ ਜਾਨੈਂ..? ਨਾ ਤਾਂ ਤੇਰੇ ਸੁਪਨੇ 'ਚ ਮੈਂ ਆਵਾਂ, ਤੇ ਨਾਂ ਮੈਂ ਈ ਆਵਾਂ।" ਤੇ ਫ਼ੇਰ ਢੋਲਕੀ ਵਾਲ਼ੇ ਵੱਲ ਹੱਥ ਕਰਕੇ ਕਹਿੰਦਾ, "ਐਹਨੇ ਆ ਜਿਆ ਕਰਨੈਂ, ਦੇਖ ਲੈ ਇਹਦਾ ਬੁੱਲ੍ਹ ਕਿਹੋ ਜਿਐ..!" ਅਤੇ ਇਕ ਵਾਰ ਕਿਸੇ ਅਖਾੜੇ ਵਿਚ ਕੋਈ ਦਾਰੂ ਨਾਲ਼ ਰੱਜਿਆ ਬਾਈ ਗਾਉਣ ਵਾਲ਼ੀ ਦੇ ਰੋੜੀਆਂ ਮਾਰਨ ਲੱਗ ਪਿਆ। ਇਹ ਗੱਲ ਮਾਣਕ ਦੇ ਬਰਦਾਸ਼ਤ ਕਰਨ ਤੋਂ ਬਿਲਕੁਲ ਬਾਹਰ ਸੀ। ਮਾਣਕ ਗਾਉਣ ਵਾਲ਼ੀ ਬੀਬੀ ਨੂੰ ਰੋਕ ਕੇ ਮਾਈਕ 'ਤੇ ਆ ਕੇ ਤੁਰੰਤ ਗੁੱਸੇ ਵਿਚ ਬੋਲਿਆ, "ਇਕ ਬਾਈ ਸਾਡੇ ਸਾਹਮਣੇ ਬੈਠ ਕੇ ਗਾਉਣ ਆਲ਼ੀ ਬੀਬੀ ਦੇ ਡਲ਼ੀਆਂ ਮਾਰੀ ਜਾਂਦੈ, ਮੈਂ ਉਹਨੂੰ ਬਾਈ ਨੂੰ ਪੁੱਛਣਾ ਚਾਹੁੰਨੈਂ, ਬਈ ਪਤੰਦਰਾ, ਜੇ ਤੈਥੋਂ ਘਰੇ 'ਕੱਖ' ਨ੍ਹੀ ਹੁੰਦਾ, ਤਾਂ ਐਥੇ ਕਾਹਨੂੰ ਫ਼ੁਲਾਈ ਫਿਰਦੈਂ..?" ਤੇ ਰੋੜੀਆਂ ਮਾਰਨ ਵਾਲ਼ੇ ਸੱਜਣ ਨੂੰ ਭੱਜਣ ਨੂੰ ਕਿਤੇ ਰਾਹ ਨਾ ਲੱਭੇ!

ਸ਼ਾਮ ਨੂੰ ਛੇ ਵਜੇ ਪੰਜਾਬ ਗਾਰਡੀਅਨ ਦੀ ਪੰਦਰਵੀਂ ਵਰ੍ਹੇ-ਗੰਢ ਦਾ ਪ੍ਰੋਗਰਾਮ ਸੀ।

ਇਕ ਆਲੀਸ਼ਾਨ ਬੈਂਕਿਉਟ ਹਾਲ ਵਿਚ ਸਮਾਗਮ ਸੀ। ਸਮਾਗਮ ਦੀ ਟਿਕਟ ਸੌ ਡਾਲਰ ਰੱਖੀ ਗਈ ਸੀ। ਇਸ ਸੌ ਡਾਲਰ ਵਿਚ ਡਿਨਰ ਅਤੇ ਪੰਜਾਬ ਗਾਰਡੀਅਨ ਹਮੇਸ਼ਾ ਵਾਸਤੇ ਘਰੇ ਪਹੁੰਚਦਾ ਕੀਤਾ ਜਾਣਾ ਸੀ। ਜਦ ਅਸੀਂ ਹਾਲ ਵਿਚ ਪਹੁੰਚੇ ਤਾਂ ਹਾਲ ਫ਼ੁੱਲ ਸੀ। ਸਾਡਾ ਮੇਜ਼ ਬਿਲਕੁਲ ਅੱਗੇ ਸਟੇਜ਼ ਕੋਲ਼ ਸੀ। ਚਾਹ, ਕੋਕ ਅਤੇ ਪਕੌੜੇ ਵਰਤਾਏ ਜਾ ਰਹੇ ਸਨ। ਇਸ ਮੇਜ਼ 'ਤੇ ਮੇਰੇ ਸਮੇਤ ਹਰਜੀਤ ਗਿੱਲ, ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਚੇਅਰਮੈਨ ਸ. ਦਲਬਾਰਾ ਸਿੰਘ ਗਿੱਲ, ਸਾਬਕਾ ਐੱਮ.ਪੀ. ਸ੍ਰੀ ਹਰਭਜਨ ਲਾਖਾ ਬੈਠੇ ਸਾਂ। ਅਜੇ ਸਮਾਗਮ ਸ਼ੁਰੂ ਹੋਇਆ ਹੀ ਸੀ ਕਿ ਸਾਡੇ ਕੋਲ਼ ਪੰਜਾਬੀ ਦੇ ਸਿਰਮੌਰ ਲੇਖਕ ਗੁਰਮੇਲ ਬਦੇਸ਼ਾ ਆ ਗਿਆ। ਗੁਰਮੇਲ ਬਦੇਸ਼ਾ ਨੂੰ ਮੈਂ ਨਿੱਜੀ ਤੌਰ 'ਤੇ ਕਦੇ ਵੀ ਨਹੀਂ ਮਿਲਿਆ ਸੀ। ਜਦ ਉਸ ਨੇ ਆ ਕੇ ਆਪਣੀ ਜਾਣ-ਪਹਿਚਾਣ ਦੱਸੀ ਤਾਂ ਮੈਂ ਉਠ ਕੇ ਉਸ ਨੂੰ ਜੱਫ਼ੀ 'ਚ ਲੈ ਲਿਆ। ਸਮਾਗਮ ਦੌਰਾਨ ਸਭ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਪੀਚਾਂ ਹੋਈਆਂ। ਇੱਥੇ ਵੀ ਮੈਨੂੰ ਨਾਂ ਪੱਖੋਂ ਜਾਣੇ-ਪਹਿਚਾਣੇ ਮਿੱਤਰ-ਬੇਲੀ ਮਿਲ਼ੇ, ਜਿਹਨਾਂ ਵਿਚ ਬਾਈ ਗੁਰਚਰਨ ਸਿੰਘ ਟੱਲੇਵਾਲ਼ੀਆ ਵੀ ਸੀ। ਉਸ ਨਾਲ਼ ਫ਼ੋਨ 'ਤੇ ਤਾਂ ਬਹੁਤ ਵਾਰ ਗੱਲ ਹੋਈ ਸੀ। ਪਰ ਮਿਲ਼ ਮੈਂ ਉਸ ਨੂੰ ਪਹਿਲੀ ਵਾਰ ਰਿਹਾ ਸੀ। ਗੁਰਚਰਨ ਟੱਲੇਵਾਲ਼ੀਆ ਦੇ ਗਰਾਈਂ, ਇੰਗਲੈਂਡ ਵਸਦਾ ਹਰਚੰਦ ਟੱਲੇਵਾਲ਼ੀਆ ਅਤੇ ਬਰੈਂਪਟਨ ਵਸਦਾ ਅਜਾਇਬ ਟੱਲੇਵਾਲ਼ੀਆ ਮੇਰੇ ਜਿਗਰੀ ਮਿੱਤਰ ਹਨ। ਜਦ ਮੈਂ ਆਸਟਰੀਆ ਤੋਂ ਇੰਗਲੈਂਡ 'ਮੂਵ' ਹੋਇਆ ਸੀ ਤਾਂ ਹਰਚੰਦ ਟੱਲੇਵਾਲ਼ ਨੇ ਮੇਰੀ ਬੜੀ ਮੱਦਦ ਕੀਤੀ ਸੀ। ਉਸ ਵਕਤ ਇੰਗਲੈਂਡ ਵਿਚ ਹਰਚੰਦ ਟੱਲੇਵਾਲ਼ੀਆ ਇੱਕੋ-ਇਕ ਬੰਦਾ ਸੀ, ਜੋ ਮੇਰੇ ਇੰਗਲੈਂਡ ਵਸੇਬੇ ਵੇਲ਼ੇ ਕੰਮ ਆਇਆ ਸੀ।

ਅਜੇ ਹਾਲ ਵਿਚ ਗੁਰਚਰਨ ਟੱਲੇਵਾਲ਼ੀਆ ਦੇ ਗਰੁੱਪ ਵੱਲੋਂ ਭੰਗੜਾ ਅਤੇ ਬੋਲੀਆਂ ਪਾਈਆਂ ਜਾ ਰਹੀਆਂ ਸਨ। ਉਸ ਦੇ ਗਰੁੱਪ ਦੇ ਹੱਥਾਂ ਵਿਚ ਪੰਜਾਬ ਦਾ ਹਰ ਤਰ੍ਹਾਂ ਦਾ ਸਾਜ਼ ਸੀ। ਸੱਪ ਤੋਂ ਲੈ ਕੇ ਕਾਟੋ ਤੱਕ! ਪਰ ਗੁਰਚਰਨ ਟੱਲੇਵਾਲ਼ੀਆ ਦੇ ਹੱਥ ਵਿਚ ਪੱਕੀ ਬੰਦੂਕ ਫ਼ੜੀ ਹੋਈ ਸੀ। ਧੂੰਅਵਾਂ ਚਾਦਰਾ ਬੰਨ੍ਹੀਂ ਜਦ ਗੁਰਚਰਨ ਨੇ ਮੋਰ ਵਾਂਗ ਪੈਹਲ ਪਾ ਕੇ, ਬੰਦੂਕ ਹੱਥ ਵਿਚ ਲੈ ਸਾਡੇ ਵੱਲ ਨੂੰ ਗੇੜਾ ਦਿੱਤਾ ਤਾਂ ਮੈਂ ਵਿਅੰਗ ਨਾਲ਼ ਆਖਿਆ, "ਐਧਰ ਨਾ ਕੋਈ ਜਾਹ ਜਾਂਦੀ ਕਰਦੀਂ ਬਾਈ..! ਹੋਰ ਨਾ ਕੱਲ੍ਹ ਨੂੰ ਐਥੇ ਮੇਰਾ ਆਖੰਡ ਪਾਠ ਖੋਲ੍ਹਦੇ ਫਿਰਨ..!" ਪਰ ਰੌਲ਼ੇ ਵਿਚ ਉਸ ਨੂੰ ਕੁਝ ਸੁਣਿਆਂ ਨਹੀਂ ਸੀ। ਉਹ ਹੱਸਦਾ ਅਤੇ ਪੈਹਲਾਂ ਪਾਉਂਦਾ, ਫਿਰ ਆਪਣੇ ਗਰੁੱਪ ਨਾਲ਼ ਜਾ ਰਲਿਆ। ਉਸ ਦੀ ਪੱਗ ਦਾ 'ਤੁਰਲ੍ਹਾ' ਵੀ ਉਸ ਨਾਲ਼ ਹੀ 'ਬਾਘੀਆਂ' ਪਾ ਰਿਹਾ ਸੀ। ਭੰਗੜਾ ਅਜੇ ਚੱਲ ਹੀ ਰਿਹਾ ਸੀ ਕਿ ਗੁਰਮੇਲ ਬਦੇਸ਼ਾ ਮੈਨੂੰ ਪੁੱਛਣ ਲੱਗਿਆ, "ਤਮੰਨਾਂ ਭੈਣ ਜੀ ਨਾਲ਼ ਗੱਲ ਕਰਵਾਵਾਂ ਬਾਈ ਜੀ ..?"

-"ਕਰਵਾ ਦੇਹ..!" ਮੈਂ ਸੰਖੇਪ ਆਖਿਆ।
-"ਅੱਜ ਅਸੀਂ ਕਿਸੇ ਪ੍ਰੋਗਰਾਮ 'ਤੇ 'ਕੱਠੇ ਗਏ ਸੀ..!" ਉਹ ਫ਼ੋਨ ਮਿਲ਼ਾਉਂਦਾ ਦੱਸ ਰਿਹਾ ਸੀ। ਤਨਦੀਪ ਤਮੰਨਾਂ 'ਆਰਸੀ' ਵੈੱਬ-ਸਾਈਟ ਦੀ ਸੰਪਾਦਕਾ ਹੈ। ਮੇਰੇ 'ਸੰਪਾਦਕਾ' ਆਖੇ ਤੋਂ ਉਹ ਗੁੱਸਾ ਕਰਦੀ ਹੈ, ਪਰ ਇਹ ਸੱਚ ਹੈ! ਚਲੋ 'ਸੰਪਾਦਕਾ' ਨਹੀਂ, ਆਪਾਂ 'ਕਰਤਾ-ਧਰਤਾ' ਆਖ ਲੈਂਦੇ ਹਾਂ। ਪ੍ਰਸਿੱਧ ਗ਼ਜ਼ਲਗੋ ਗੁਰਦਰਸ਼ਨ ਬਾਦਲ ਜੀ ਦੀ ਇਹ ਸਪੁੱਤਰੀ ਪੰਜਾਬੀ ਸਾਹਿਤ ਵਿਚ ਬੜਾ ਵਧੀਆ ਕੰਮ ਕਰ ਰਹੀ ਹੈ। ਫ਼ੋਨ ਮਿਲ਼ਾ ਕੇ ਬਦੇਸ਼ਾ ਨੇ ਉਸ ਨਾਲ਼ ਸੰਖੇਪ ਜਿਹੀ ਗੱਲ ਕੀਤੀ ਅਤੇ ਫ਼ੋਨ ਮੈਨੂੰ ਫ਼ੜਾ ਦਿੱਤਾ।

-"ਹਾਂ ਜੀ ਨੀਨਾਂ ਜੀ...! ਮੱਥਾ ਟੇਕਦੇ ਐਂ ਜੀ..!" ਮੈਂ ਹਮੇਸ਼ਾ ਵਾਂਗ ਮਜ਼ਾਕ ਨਾਲ਼ ਆਖਿਆ। ਹਾਲ ਵਿਚ ਰੌਲ਼ਾ ਪੈਂਦਾ ਹੋਣ ਕਰਕੇ ਮੇਰਾ ਇਕ ਕੰਨ ਬੰਦ ਕੀਤਾ ਹੋਇਆ ਸੀ ਅਤੇ ਦੂਜਾ ਫ਼ੋਨ ਨੂੰ ਲੱਗਿਆ ਹੋਇਆ ਸੀ।
-"ਸਾਸਰੀਕਾਲ ਸ਼ਿਵਚਰਨ ਜੀ..!" ਤਨਦੀਪ ਸਦਾ ਮੈਨੂੰ 'ਸ਼ਿਵਚਰਨ ਜੀ' ਕਰਕੇ ਸੰਬੋਧਨ ਕਰਦੀ ਹੈ। ਮੈਂ ਉਸ ਨੂੰ ਉਸ ਦੇ ਲਾਡਲੇ ਨਾਂ 'ਨੀਨਾਂ' ਨਾਲ਼ ਹੀ ਬੁਲਾਉਂਦਾ ਹਾਂ।
-"ਸਾਸਰੀਕਾਲ..! ਕੀ ਹਾਲ ਐ ਬਾਬਾ ਜੀ ਦਾ...?"
-"ਹਾਲ ਠੀਕ ਐ..! ਤੁਸੀਂ ਸੰਸਾਰ ਪ੍ਰਸਿੱਧ ਨਾਵਲਕਾਰ...!" ਪਤਾ ਨਹੀਂ ਇਹ ਗੱਲ ਉਸ ਨੇ ਮੈਨੂੰ 'ਰੜਕਾਉਣ' ਜਾਂ ਕਿਸੇ 'ਸ਼ਿਕਵੇ' ਵਜੋਂ ਕਹੀ ਸੀ? ਮੈਨੂੰ ਅੱਜ ਤੱਕ ਸਮਝ ਨਹੀਂ ਆਈ। ਉਹ ਤਨਦੀਪ, ਜਿਹੜੀ ਅੱਠੇ ਪਹਿਰ ਰੱਬ ਤੋਂ ਮੇਰੀ ਸੁੱਖ ਹੀ ਮੰਗਦੀ ਸੀ, ਅੱਜ ਮੈਨੂੰ 'ਬਿੱਟਰੀ-ਬਿੱਟਰੀ' ਲੱਗ ਰਹੀ ਸੀ।
-"ਚੱਲ ਤੂੰ ਕੈਨੇਡਾ ਪ੍ਰਸਿੱਧ ਈ ਮੰਨ ਲੈ..! ਤੇਰੇ ਵਸਦੇ ਗਰਾਂ 'ਚ ਫ਼ੱਕਰ-ਫ਼ਕੀਰ ਆਏ ਹੋਣ ਤੇ ਤੂੰ ਚਾਹ ਪਾਣੀਂ ਵੀ ਨਾ ਪੁੱਛੇਂ? ਮਾੜੀ ਗੱਲ ਐ..!" ਮੈਂ ਕਿਹਾ।
-"ਤੁਹਾਡੀ ਗੱਲ ਦੀ ਸਮਝ ਨਹੀਂ ਆ ਰਹੀ ਸ਼ਿਵਚਰਨ ਜੀ...!"
-"ਕਿਹੜੀ ਗਲਤੀ ਹੋ ਗਈ, ਜਿਹੜਾ ਬਾਬਾ ਜੀ ਨੇ ਮੂੰਹ ਵੱਟਿਐ...?" ਮੈਂ ਜੋਰ ਦੇ ਕੇ ਆਖਿਆ।
-"ਤੁਸੀਂ ਮੇਰਾ ਬਿਮਾਰ ਪਈ ਦਾ ਤਾਂ ਪਤਾ ਨਹੀਂ ਲਿਆ..!" ਉਸ ਨੇ ਉਹੀ ਪੁਰਾਣਾ ਸ਼ਿਕਵਾ ਮੇਰੇ ਸਿਰ 'ਚ ਇੱਟ ਵਾਂਗ ਵਗਾਹ ਮਾਰਿਆ।
-"ਹਾਏ ਰੱਬਾ...! ਬਾਬਾ ਜੀ, ਮੈਂ ਅੱਗੇ ਵੀ ਕਹਿ ਚੁੱਕਿਐਂ ਕਿ ਅਗਰ ਜੇ ਮੈਂ ਬ੍ਰਹਮਗਿਆਨੀ ਹੁੰਦਾ ਤਾਂ ਮੈਂ ਅੰਤਰਦ੍ਰਿਸ਼ਟੀ ਨਾਲ਼ ਦੇਖ ਲੈਣਾਂ ਸੀ ਕਿ ਸਾਡੇ ਬਾਬਾ ਜੀ ਢਿੱਲੇ ਨੇ..! ਤੇ ਫ਼ੇਰ ਮੈਂ ਤੁਹਾਡਾ ਪਤਾ ਵੀ ਕਰ ਲੈਣਾਂ ਸੀ..! ਦੁਆਈ ਬੂਟੀ ਵੀ ਦਿੰਦਾ, ਰੱਬ ਅੱਗੇ ਤੁਹਾਡੀ ਸਿਹਤਯਾਬੀ ਦੀ ਦੁਆ ਵੀ ਕਰਦਾ..!"
-"ਵੈੱਬ ਸਾਈਟ 'ਤੇ ਮੈਂ ਲਾਇਆ ਤਾਂ ਸੀ ਕਿ ਮੈਂ ਬਿਮਾਰ ਹਾਂ..!"
-"ਇਹ ਜ਼ਰੂਰੀ ਨਹੀਂ ਕਿ ਹਰ ਬੰਦਾ, ਹਰ ਰੋਜ਼ ਤੇਰੀ ਵੈੱਬ-ਸਾਈਟ ਖੋਲ੍ਹ ਕੇ ਦੇਖਦਾ ਹੋਵੇ..!" ਆਪਣੀ ਜਗਾਹ ਮੈਂ ਵੀ ਸੱਚਾ ਸੀ। ਇਕ ਸਮੇਂ ਜਦ ਮੇਰੇ 'ਤੇ ਬੜਾ ਬੁਰਾ ਵਕਤ ਆਇਆ ਤਾਂ ਤਨਦੀਪ ਤਮੰਨਾਂ ਨੇ ਹਰ ਪੱਖੋਂ ਮੇਰੀ ਬੜੀ ਮੱਦਦ ਕੀਤੀ, ਅਰਦਾਸਾਂ ਕੀਤੀਆਂ, ਰੱਬ ਅੱਗੇ ਹਾੜ੍ਹੇ ਵੀ ਕੱਢੇ ਅਤੇ ਮੇਰੇ ਉਸ ਭਵਸਾਗਰ ਵਿਚੋਂ ਬਾਹਰ ਆਉਣ ਤੱਕ ਮੇਰੀ ਬਾਂਹ ਘੁੱਟ ਕੇ ਫ਼ੜੀ ਰੱਖੀ ਅਤੇ ਆਪਣੇ ਅਟੱਲ ਵਿਸ਼ਵਾਸ ਅਤੇ ਫ਼ੌਲਾਦੀ ਜਿਗਰੇ ਆਸਰੇ ਮੈਨੂੰ ਘਾਤਕ ਘੁੰਮਣਘੇਰੀਆਂ ਵਿਚੋਂ ਧੂਹ ਕੇ ਬਾਹਰ ਕੱਢਿਆ। ਉਸ ਸਮੇਂ ਤਨਦੀਪ ਤਮੰਨਾਂ ਹੀ ਸੀ, ਜੋ ਰੱਬ ਅੱਗੇ ਡੰਡਾਉਤਾਂ ਕਰ-ਕਰ ਕੇ ਮੈਨੂੰ ਬਚਾ ਗਈ। ਇਸ ਲਈ ਮੈਂ ਇਸ ਦੇਵਤਾ-ਬਿਰਤੀ ਕੁੜੀ ਦਾ ਜਿੰਦਗੀ ਭਰ ਧੰਨਵਾਦੀ ਅਤੇ ਰਿਣੀਂ ਰਹਾਂਗਾ।

ਉਸ ਦੇ ਮਨ ਵਿਚ ਭਰਮ ਹੈ ਕਿ ਮੈਂ ਉਸ ਨੂੰ ਦਿਲੋਂ ਭੁਲਾ ਦਿੱਤਾ ਅਤੇ ਉਸ ਦਾ ਬਿਮਾਰ ਪਈ ਦਾ ਪਤਾ ਤੱਕ ਨਹੀਂ ਲਿਆ। ਪਰ ਮੈਂ ਉਸ ਨੂੰ ਕਦੇ ਵੀ ਦਿਲੋਂ ਨਹੀਂ ਭੁਲਾਇਆ। ਉਹ ਸਿਰਫ਼ ਮੇਰੇ ਨਾਲ਼ ਇਸ ਗੱਲੋਂ ਆਕੜੀ ਹੋਈ ਹੈ ਕਿ ਜਦ ਉਹ ਬਿਮਾਰ ਸੀ ਮੈਂ ਉਸ ਦਾ ਪਤਾ ਨਹੀਂ ਲਿਆ। ਖ਼ੈਰ, ਇਹ ਉਸ ਦਾ ਗਿਲਾ ਬਿਲਕੁਲ ਜਾਇਜ਼ ਹੈ! ਗੁੱਸਾ ਹਮੇਸ਼ਾ ਆਪਣਿਆਂ 'ਤੇ ਹੀ ਹੁੰਦੈ! ਇਸ ਪੱਖੋਂ ਮੈਂ ਬਿਨਾਂ ਸ਼ਰਤ ਤਨਦੀਪ ਤਮੰਨਾਂ ਤੋਂ ਖੁੱਲ੍ਹੇਆਮ ਮੁਆਫ਼ੀ ਮੰਗਦਾ ਹਾਂ! ਪਰ ਮੈਨੂੰ ਉਸ ਦੇ ਬਿਮਾਰ ਹੋਣ ਦਾ ਵਾਕਿਆ ਹੀ ਪਤਾ ਨਹੀਂ ਸੀ। ਹੁਣ ਮੈਂ ਅਗਸਤ 2010 ਵਿਚ ਫਿਰ ਇਕ ਹੋਰ ਸੱਦੇ 'ਤੇ ਵੈਨਕੂਵਰ ਆਉਣਾ ਹੈ। ਉਦੋਂ ਆ ਕੇ ਨਿੱਜੀ ਤੌਰ 'ਤੇ ਵੀ ਮੁਆਫ਼ੀ ਮੰਗ ਲਵਾਂਗਾ, ਠੀਕ ਐ ਬਾਬਾ ਜੀ..? ਹੁਣ ਗੁੱਸਾ ਥੁੱਕ ਦਿਓ..! ਸਿੱਧੇ ਪਏ ਬੰਦੇ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ..! ਤੁਸੀਂ ਤਾਂ ਐਡੇ ਵੱਡੇ ਮਹਾਨ 'ਐਡੀਟਰ ਸਾਹਿਬਾਨ' ਹੋ! ਤੁਹਾਡਾ ਦਿਲ ਤਾਂ ਬੜਾ ਦਰਿਆ ਚਾਹੀਦਾ ਹੈ! ਹੈ ਨ੍ਹਾਂ...? ਮੈਨੂੰ ਗੱਲ ਯਾਦ ਆ ਗਈ।

ਕੋਈ ਮੇਰੇ ਵਰਗਾ ਹਰ ਰੋਜ਼ ਰੱਬ ਅੱਗੇ ਹੱਥ ਜੋੜਿਆ ਕਰੇ, "ਰੱਬ ਜੀ, ਮੈਨੂੰ ਬੁੱਧੀ ਬਖ਼ਸ਼ੋ..! ਮਹਾਰਾਜ ਜੀ, ਮੈਨੂੰ ਬੁੱਧੀ ਬਖ਼ਸ਼ੋ..!" ਅਰਦਾਸ ਕਰਿਆ ਕਰੇ! ਬੁੱਧੀ ਤਾਂ ਵਿਚਾਰੇ ਨੂੰ ਪਤਾ ਨਹੀਂ ਮਿਲ਼ੀ, ਪਤਾ ਨੀ, ਨਹੀਂ ਮਿਲ਼ੀ ਪਰ ਕੁਦਰਤ ਰੱਬ ਦੀ ਉਸ ਦਾ ਵਿਆਹ ਹੋ ਗਿਆ। ਵਿਆਹੀ ਆਈ ਭਾਗਵਾਨ ਬੜੀ ਅੜਬ! ਚੌਵੀ ਘੰਟੇ ਘਰੇ ਸੂਹਣ ਖੜ੍ਹੀ ਰੱਖ ਕੇ ਵੰਝ 'ਤੇ ਚੜਾਉਣ ਵਾਲ਼ੀ ਔਰਤ! ਇਕ ਦਿਨ ਉਹ ਅੱਕਿਆ ਹੋਇਆ ਰੱਬ ਨਾਲ਼ ਗਿਲਾ ਕਰਦਾ ਪਿੱਟੀ ਜਾਵੇ, "ਰੱਬਾ..! ਮੈਂ ਤੇਰੇ ਕੋਲ਼ੋਂ ਬੁੱਧੀ ਮੰਗੀ ਸੀ, ਬੁੱਢੀ ਨੀ ਸੀ ਮੰਗੀ..!"

ਬੈਂਕਿਉਟ ਹਾਲ ਵਿਚ ਬਹੁਤ ਸ਼ੋਰ-ਸ਼ਰਾਬਾ ਹੋਣ ਕਾਰਨ ਮੇਰੀ ਅਤੇ ਤਨਦੀਪ ਦੀ ਫ਼ੋਨ 'ਤੇ ਬਹੁਤੀ ਗੱਲ ਨਹੀਂ ਹੋ ਸਕੀ ਅਤੇ ਮੈਂ ਫਿਰ ਫ਼ੋਨ ਕਰਨ ਦਾ ਵਾਅਦਾ ਕਰ ਕੇ ਫ਼ੋਨ ਰੱਖ ਦਿੱਤਾ। ਪਰ ਜਦ ਸਮਾਗਮ ਖ਼ਤਮ ਹੋਇਆ ਤਾਂ ਉਦੋਂ ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਸਮਾਂ ਬਹੁਤ ਹੋ ਚੁੱਕਿਆ ਸੀ।

1   2   3  4   


 

hore-arrow1gif.gif (1195 bytes)


Terms and Conditions
Privacy Policy
© 1999-2009, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2009, 5abi.com