WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

"ਸਿੱਖ ਧਰਮ ਨੂੰ ਖ਼ਤਰਾ"
ਜੋਗਿੰਦਰ ਸੰਘੇੜਾ, ਕਨੇਡਾ

  
 

ਆਪਾਂ ਅਕਸਰ ਆਏ ਦਿਨ ਟੀ ਵੀ, ਰੇਡੀਓ, ਅਖਬਾਰਾਂ, ਆਨਲਾਈਨ ਪੇਪਰਾਂ ਅਤੇ ਗੁਰਦੁਆਰਿਆਂ ਵਿੱਚ ਹੁੰਦਿਆਂ ਫ਼ੰਕਸ਼ਨਾਂ ਵਿੱਚ ਆਪਣੇ ਆਪ ਨੂੰ ਸਿੱਖ ਧਰਮ ਦੇ ਰਖਵਾਲੇ ਅਖਵਾਉਣ ਵਾਲਿਆਂ ਪਰਚਾਰਕਾਂ ਵਲੋਂ ਡੇਰਾਵਾਦ ਵਿਰੁੱਧ ਅਤੇ ਦੂਸਰੇ ਧਰਮਾਂ ਵਿਰੁੱਧ ਭੜਾਸ ਕੱਢਦੇ ਸੁਣਦੇ ਦੇਖਦੇ ਹਾਂ, ਜੋਰ ਲਾ ਲਾ ਕੇ ਐਡੇ ਐਡੇ ਮੂੰਹ ਅੱਡ ਕੇ ਕਹਿਣ ਲੱਗੇ ਹੁੰਦੇ ਨੇ ਕਿ ਡੇਰਾਵਾਦ, ਸਿੱਖ ਧਰਮ ਨੂੰ ਬਰਬਾਦ ਕਰ ਰਹੇ ਨੇ, ਦੂਜੇ ਧਰਮਾਂ ਵਾਲੇ ਸਿੱਖ ਧਰਮ ਨੂੰ ਖਤਮ ਕਰਨ ਤੇ ਤੁਲੇ ਹੋਏ ਨੇ, ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ, ਸਿੱਖਾਂ ਨਾਲ ਧੱਕਾ ਹੋ ਰਿਹਾ ਏ, ਅਤੇ ਅਤੇ ਅਤੇ……।

ਇਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਹ ਜੋ ਸਾਰੇ ਦੁਹਾਈ ਪਾ ਰਹੇ ਨੇ ਉਹ ਕਹਿੜੇ ਸਿੱਖ ਧਰਮ ਦੀ ਗੱਲ ਕਰ ਰਹੇ ਨੇ, ਕਹਿੜੇ ਸਿੱਖ ਧਰਮ ਨੂੰ ਖ਼ਤਰਾ ਦੱਸ ਰਹੇ ਨੇ? ਇਹ ਜੋ ਸੰਗੇਮਰਮਰ ਅਤੇ ਸੋਨੇ ਦੇ ਹਰ ਕੋਨੇ ਉਤੇ ਬਣੇ ਗੁਰਦੁਆਰਿਆਂ ਵਿੱਚ ਹੋ ਰਿਹਾ ਹੈ ਉਸ ਸਿੱਖ ਧਰਮ ਨੂੰ ਖ਼ਤਰਾ ਦੱਸ ਰਹੇ ਨੇ? ਜਾਂ ਜਿਹੜੇ ਤਰਾਂ ਤਰਾਂ ਦੇ ਚਿੱਟੇ, ਭਗਵੇਂ ਅਤੇ ਨੀਲੇ ਪਹਿਰਾਵੇ ਪਾ ਕੇ ਹਜ਼ੂਮ ਇਕੱਠਾ ਕਰ ਲੈਣ ਵਾਲੇ ਸਿੱਖ ਧਰਮ ਨੂੰ ਖ਼ਤਰਾ ਦੱਸ ਰਹੇ ਨੇ? ਜਾਂ ਹਰ ਗੁਰਦੁਆਰੇ ਵਿੱਚ ਕਈ ਕਈ ਰੱਖੀਆਂ ਗੋਲਕਾਂ ਅਤੇ ਉਚੇ ਉਚੇ ਨਿਸ਼ਾਂਨ ਸਾਹਿਬ ਖੜੇ ਕਰਨ ਵਾਲੇ ਸਿੱਖ ਧਰਮ ਨੂੰ ਖ਼ਤਰਾ ਦੱਸ ਰਹੇ ਨੇ? ਜਾਂ ਗੁਰੂ ਸਾਹਿਬਾਨ ਵਲੋਂ ਰਚਿਆ ਹੋਇਆ ਪ੍ਰਮਾਰਥ ਦਾ ਅਥਾਹ ਖ਼ਜ਼ਾਨਾ "ਸਿਰੀ ਆਦਿ ਗਰੰਥ" ਜਿਸ ਵਿੱਚ ਗੁਰੂ ਸਾਹਿਬ ਨੇ ਲਿਖਿਆ ਹੈ ਕਿ "ਮੇਰਾ ਉਪਦੇਸ਼ ਚੌਂਹ ਵਰਨਨ ਕੋ ਸਾਂਝਾ" ਉਸ ਨੂੰ ਆਪਣੀ ਜਾਗੀਰਦਾਰੀ ਸਮਝ ਕੇ ਮਖਮਲ ਦੇ ਰਮਾਲਿਆਂ ਵਿੱਚ ਲਪੇਟ ਕੇ ਰੱਖਣ ਵਾਲੇ ਸਿੱਖ ਧਰਮ ਨੂੰ ਖ਼ਤਰਾ ਦੱਸ ਰਹੇ ਨੇ? ਜਾਂ ਗਲ੍ਹਾਂ ਵਿੱਚ ਸਿਰੀ ਸਾਹਿਬ ਪਾ ਕੇ ਵੀ ਜੀਵਾਂ ਨੂੰ ਹਲਾਲ ਕਰਕੇ ਤੁੜਕੇ ਛੁੜਕੇ ਲਾ ਕੇ ਖਾਣ ਦੇ ਕਾਰੋਬਾਰ ਕਰਨ ਵਾਲੇ ਸਿੱਖ ਧਰਮ ਨੂੰ ਖ਼ਤਰਾ ਦੱਸ ਰਹੇ ਨੇ? ਜਾਂ ਗੁਰਦੁਆਰਿਆਂ ਵਿੱਚ ਚੌਧਰ ਖਾਤਰ ਹੁੰਦੀਆਂ ਲੜਾਈਆਂ ਅਤੇ ਇਕ ਦੂਜੇ ਉਤੇ ਅਦਾਲਤਾਂ ਵਿੱਚ ਚਲਦੇ ਮੁਕੱਦਮਿਆਂ ਉਤੇ ਖਰਚ ਹੁੰਦੇ ਸੰਗਤਾਂ ਵਲੋਂ ਚੜ੍ਹਾਏ ਹੋਏ ਚੜ੍ਹਾਵੇ ਵਿੱਚੋਂ ਮਿਲੀਅਨ ਡਾਲਰਾਂ ਵਾਲੇ ਸਿੱਖ ਧਰਮ ਨੂੰ ਖ਼ਤਰਾ ਦੱਸ ਰਹੇ ਨੇ? ਜਾਂ ਦੂਸਰੇ ਲੋਕਾਂ ਦੇ ਖਿਲਾਫ ਨਫ਼ਰਤ ਦੀ ਅੱਗ ਉਗਲਣ ਲਈ ਚਿੱਟੇ ਨੀਲਿਆਂ ਚੋਲ੍ਹਿਆਂ ਵਿੱਚ ਲੁਕੇ ਹੋਏ ਬਹਿਰੂਪੀਆਂ ਵਾਲੇ ਸਿੱਖ ਧਰਮ ਨੂੰ ਖ਼ਤਰਾ ਦੱਸ ਰਹੇ ਨੇ? ਜਾਂ ਉਹਨਾਂ ਭਗਤਾਂ, ਭੱਟਾਂ, ਪੀਰਾਂ ਫ਼ਕੀਰਾਂ ਅਤੇ ਗੁਰੂ ਸਾਹਿਬਾਨ ਵਲੋਂ ਸਰਬਤ ਲਈ ਲਿਖੇ ਹੋਏ ਪ੍ਰਮਾਰਥ ਦੇ ਭੰਡਾਰ ਨੂੰ ਕਿਸੇ ਹੋਰ ਤਰਾਂ ਦਾ ਪਹਿਰਾਵਾ ਪਹਿਨੇ ਹੋਏ ਇਨਸਾਨ ਨੂੰ ਪੜਨ ਦਾ ਕੋਈ ਹੱਕ ਨਹੀਂ ਕਹਿਣ ਵਾਲੇ ਸਿੱਖ ਧਰਮ ਨੂੰ ਖ਼ਤਰਾ ਦੱਸ ਰਹੇ ਨੇ? ਜਾਂ ਜਿਹੜੀਆਂ ਕਿਸੇ ਪੇਂਟਰ ਵਲੋਂ ਬਣਾਈਆਂ ਹੋਈਆਂ ਗੁਰੂਆਂ ਦੀਆਂ ਮੈਜ਼ੀਨੇਸ਼ਨ ਕਲਰਫੁੱਲ ਤਸਵੀਰਾਂ ਵਾਲੇ ਸਿੱਖ ਧਰਮ ਨੂੰ ਖ਼ਤਰਾ ਦੱਸ ਰਹੇ ਨੇ? ਜਾਂ ਗੱਲ ਗੱਲ ਤੇ ਆਪਣੇ ਆਪ ਨੂੰ ਸੱਚੇ ਦੱਸਣ ਲਈ ਤਲਵਾਰਾਂ ਚੁੱਕ ਲੈਣ ਵਾਲੇ ਸਿੱਖ ਧਰਮ ਨੂੰ ਖ਼ਤਰਾ ਦੱਸ ਰਹੇ ਨੇ? ਜਾਂ ਇੱਟਾਂ ਪੱਥਰਾਂ ਦੇ ਬਣਾਏ ਹੋਏ ਆਕਾਲ ਤਖ਼ਤ ਦੇ ਮਾਲਕਾਂ ਵਲੋਂ ਆਪਣੀ ਮਰਜ਼ੀ ਮੁਤਾਬਕ ਹੁਕਮਨਾਮਿਆਂ ਅਤੇ ਦੂਸਰੇ ਲੋਕਾਂ ਨੂੰ ਫ਼ਤਵੇ ਸੁਨਾਉਣ ਵਾਲੇ ਸਿੱਖ ਧਰਮ ਨੂੰ ਖ਼ਤਰਾ ਦੱਸ ਰਹੇ ਨੇ?

ਇੱਕ ਪਾਸੇ ਤਾਂ ਅਸੀਂ ਦੁਹਾਈ ਪਾਈ ਹੋਈ ਏ ਕਿ ਕੋਈ ਦੇਹਧਾਰੀ ਗੁਰੂ ਹੋ ਹੀ ਨਹੀਂ ਸਕਦਾ, ਦੂਜੇ ਪਾਸੇ ਕੀ ਇਹ ਜੋ ਆਕਾਲ ਤਖ਼ਤ ਸਜਾ ਕੇ ਦੂਸਰੇ ਲੋਕਾਂ ਨੂੰ ਹੁਕਮਨਾਮੇ ਅਤੇ ਫ਼ਤਵੇ ਸੁਣਾਉਂਦੇ ਨੇ ਉਹ ਕੌਣ ਹਨ? ਕੀ ਉਹ ਦੇਹਾਂ ਵਿੱਚ ਨਹੀਂ ਹਨ? ਜਿਹੜੇ ਲੋਕ ਅੱਜ ਆਪਣੇ ਹੱਥੀਂ ਅਮ੍ਰਿਤ ਤਿਆਰ ਕਰਕੇ ਸੰਗਤਾਂ ਨੂੰ ਛਕਾਉਂਦੇ ਹਨ ਕੀ ਉਹ ਦੇਹਧਾਰੀ ਨਹੀਂ ਹਨ? ਸੁਣਿਆ ਹੈ ਗੁਰੂ ਗੋਬਿੰਦ ਸਿੰਘ ਨੇ ਅਮ੍ਰਿਤ ਤਿਆਰ ਕੀਤਾ ਸੀ ਤੇ ਸੰਗਤਾਂ ਨੂੰ ਛਕਾਇਆ ਸੀ ਕਿਓਂ ਕਿ ਉਹ ਤੇ ਗੁਰੂ ਸੀ ਅਤੇ ਦੇਹਸਰੂਪ ਵਿੱਚ ਵੀ ਸੀ, ਜੋ ਅਮ੍ਰਿਤ ਹੁਣ ਸੰਗਤਾਂ ਨੂੰ ਛਕਾਇਆ ਜਾਂਦਾ ਹੈ ਇਹ ਉਸ ਵਕਤ ਦਾ ਬਚਿਆ ਹੋਇਆ ਤਾਂ ਨਹੀਂ ਹੋ ਸਕਦਾ, ਹੁਣ ਤਾਂ ਹੁਣ ਦਾ ਹੀ ਕੋਈ ਦੇਹਧਾਰੀ ਹੋ ਸਕਦਾ ਹੈ ਜੋ ਪਾਣੀ ਵਿੱਚ ਪਤਾਸੇ ਪਾ ਕੇ ਅਮ੍ਰਿਤ ਤਿਆਰ ਕਰਦਾ ਹੈ, ਉਸ ਨੂੰ ਆਪਾਂ ਕੀ ਕਹਿ ਕੇ ਮੁਖ਼ਾਤਬ ਹੋਵਾਂਗੇ? ਕਿਓਂ ਕਿ ਅਮ੍ਰਿਤ ਤਾਂ ਇਕ ਗੁਰੂ ਹੀ ਬਣਾ ਅਤੇ ਛਕਾ ਸਕਦਾ ਹੈ, ਕੀ ਇਹ ਜੋ ਹੋ ਰਿਹਾ ਹੈ ਇਸ ਸਿੱਖ ਧਰਮ ਨੂੰ ਖ਼ਤਰਾ ਦੱਸ ਰਹੇ ਨੇ? ਧਰਮ ਦੇ ਪਰਚਾਰਕਾਂ ਕੋਲੋਂ ਸੁਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਨੇ " ਖਾਲਸਾ ਪੰਥ "( ਜਾਣੀ ਕਿਹਣੀ ਤੇ ਕਰਨੀ ਤੇ ਮਨ ਦੇ ਸਾਫ਼ ਸੁਥਰੇ ਸਟੂਡੈਂਟਾਂ ) ਦਾ ਜਥਾ ਤਿਆਰ ਕੀਤਾ ਸੀ ਜਾਣੀ ਗੁਰੂ ਸਾਹਿਬ ਨੇ ਖਾਲਸਾ ਫੌਜ ਨੂੰ ਤਿਆਰ ਕੀਤਾ ਸੀ ਜੋ ਕਿ ਗਰੀਬ ਗੁਰਬੇ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਆਪਣੀ ਜਾਨ ਤੱਕ ਵਾਰਨ ਲਈ ਤਿਆਰ ਰਹਿੰਦਾ ਸੀ, ਕੀ ਅੱਜ ਦਾ ਸਿੱਖ, ਉਸ "ਖਾਲਸਾ ਪੰਥ" ਦਾ ਹੀ ਫੌਜੀ ਹੈ? ਅਤੇ ਕੀ ਅੱਜ ਦੇ ਖਾਲਸਾ ਪੰਥ ਵਾਲੇ ਸਿੱਖ ਧਰਮ ਨੂੰ ਖ਼ਤਰਾ ਹੈ?

ਹੁਣ ਇਹ ਹੀ ਲੈ ਲਵੋ ਜੋ ਬਹੁਤ ਹੀ ਸੂਝਬਾਨ ਤੇ ਆਲਮ ਫ਼ਾਜਲ ਪਰਚਾਰਕਾਂ ਵਲੋਂ ਪਰਚਾਰ ਕੀਤਾ ਜਾਂਦਾ ਹੈ ਕਿ ਸਿੱਖ ਧਰਮ ਵਿੱਚ ਕਿਸੇ ਦੇਹਧਾਰੀ ਦੇ ਗੋਡੀਂ ਹੱਥ ਨਹੀਂ ਲਾਉਣਾ, ਪੈਰੀਂ ਹੱਥ ਨਹੀਂ ਲਾਉਣਾ, ਕਿਸੇ ਦੇਹਧਾਰੀ ਅੱਗੇ ਮੱਥਾ ਨਹੀਂ ਟੇਕਣਾ, ਕੀ ਜਦੋਂ ਅਸੀਂ ਆਦਿ ਗਰੰਥ ਅੱਗੇ ਮੱਥਾ ਟੇਕਦੇ ਹਾਂ ਤਾਂ ਕੀ ਸਾਹਮਣੇ ਬੈਠਾ ਪਾਠ ਪੜ੍ਹ ਰਿਹਾ ਗ੍ਰੰਥੀ ਦੇਹਧਾਰੀ ਨਹੀਂ ਹੁੰਦਾ? ਜਿਸ ਦੇ ਅੱਗੇ ਵੀ ਨਾਲ ਹੀ ਮੱਥਾ ਟੇਕਿਆ ਜਾਂਦਾ ਹੈ।

ਮੈਨੂੰ ਕੁਝ ਦਿਨ ਪਹਿਲਾਂ ਹੀ ਇਕ ਟੀ ਵੀ ਉਤੇ ਚਲਦੇ ਪਰੋਗਰਾਮ ਦਾ ਨਜ਼ਾਰਾ ਚੇਤੇ ਆ ਗਿਆ ਜਿਸ ਵਿੱਚ ਇਕ ਨਗਰਕੀਰਤਨ ਵਿੱਚ ਪੰਜ ਪਿਆਰੇ ਸਜ਼ੇ ਹੋਏ ਨਿਸ਼ਾਨ ਸਾਹਿਬ ਚੁੱਕੀ ਇਕ ਲਾਈਨ ਵਿੱਚ ਜਾ ਰਹੇ ਸਨ ਅਤੇ ਲੋਕੀ ਸੱਜਿਓਂ ਖੱਬਿਓਂ ਆ ਆ ਕੇ ਉਹਨਾਂ ਦੇ ਪੈਰੀਂ ਹੱਥ ਲਾ ਰਹੇ ਸਨ, ਕੀ ਉਹ ਪੰਜ ਪਿਆਰੇ ਦੇਹਧਾਰੀ ਨਹੀਂ ਸਨ? ਕੀ ਇਸ ਸਿੱਖ ਧਰਮ ਨੂੰ ਖ਼ਤਰਾ ਦੱਸ ਰਹੇ ਨੇ? ਗੁਰੂ ਸਾਹਿਬਾਨ ਦਾ ਇਕ ਸ਼ਬਦ ਹੈ "ਗੁਰ ਪੀਰ ਸਦਾਇ ਮੰਗਣ ਜਾਇ ਤਾ ਕੇ ਮੂਲ ਨਾ ਲਾਗੇ ਪਾਂਇ, ਘਾਲਿ ਕਮਾਇ ਕਛੁ ਹੱਥੋਂ ਦੇਹਿ ਨਾਨਕ ਰਾਹ ਪਛਾਣਿ ਸੇਇ" ਹੁਣ ਗੁਰੂ ਘਰਾਂ ਵਿੱਚ ਜਿਹੜੇ ਲੋਕੀ ਸੰਗਤ ਦੇ ਚੜ੍ਹਾਏ ਹੋਏ ਚੜ੍ਹਾਵੇ ਤੇ ਆਪਣਾ ਜੀਵਨ ਗੁਜ਼ਾਰਾ ਕਰ ਰਹੇ ਨੇ ਉਹ ਕਿਹੜੀ ਘਾਲਿ ਕਮਾਈ ਕਰ ਰਹੇ ਨੇ? ਉਹ ਲੋਕੀ ਬਾਣੀ ਪੜ੍ਹ ਕੇ ਕਥਾ ਕੀਰਤਨ ਕਰ ਕੇ ਕਿਹੜਾ ਰਾਹ ਪਛਾਣ ਰਹੇ ਨੇ? ਕਿਹੜੇ ਰਾਹ ਦੀ ਸੇਧ ਸੰਗਤਾਂ ਨੂੰ ਦੇ ਸਕਦੇ ਨੇ? ਜਾਂ ਕੀ ਇਸ ਸਿੱਖ ਧਰਮ ਨੂੰ ਖ਼ਤਰਾ ਦੱਸ ਰਹੇ ਨੇ? ਕਿਹੜੇ ਆਦਿ ਗਰੰਥ ਵਿੱਚ ਲਿਖਿਆ ਹੋਇਆ ਏ ਕਿ ਮੈਨੂੰ ਮੱਥੇ ਟੇਕੋ ਤੇ ਇਨਸਾਨਾਂ ਦੇ ਕਤਲ ਕਰੋ, ਕਿਹੜੇ ਆਦਿ ਗਰੰਥ ਵਿੱਚ ਲਿਖਿਆ ਏ ਕਿ ਮੈਨੂੰ ਮੰਗਤਾ ਸਮਝ ਕੇ ਮੇਰੇ ਮੂਹਰੇ ਮਾਇਆ ਸੁੱਟੋ, ਮੈਨੂੰ ਮਖ਼ਮਲ ਦੇ ਦੁਸ਼ਾਲਿਆਂ ਰਮਾਲਿਆਂ ਵਿੱਚ ਲਪੇਟ ਕੇ ਰੱਖੋ, ਕੀ ਇਸ ਸਿੱਖ ਧਰਮ ਨੂੰ ਖ਼ਤਰਾ ਦੱਸ ਰਹੇ ਨੇ?

ਸਿੱਖ, ਜਾਣੀ ਸਿੱਖ ਦਾ ਮਤਲਬ "ਸਟੂਡੈਂਟ" ਅਤੇ ਗੁਰੂ, ਗੁਰੂ ਦਾ ਮਤਲਬ "ਟੀਚਰ", ਸਟੂਡੈਂਟ ਓਹੀ ਹੋ ਸਕਦਾ ਹੈ ਜੋ ਜਿੰਦਾ ਹੋਵੇ ਅਤੇ ਕੋਈ ਨਾ ਕੋਈ ਭਾਸ਼ਾ ਬੋਲਦਾ ਸੁਣਦਾ ਤੇ ਸਮਝਦਾ ਹੋਵੇ ਤਾਹੀਂ ਉਹ ਕੁਝ ਸਿੱਖ ਸਕਦਾ ਹੈ। ਹੁਣ ਟੀਚਰ ਵੀ ਓਹੀ ਹੋ ਸਕਦਾ ਹੈ ਜੋ ਦੇਹਸਰੂਪ ਵਿੱਚ ਹੋਵੇ ਤੇ ਕੋਈ ਨ ਕੋਈ ਭਾਸ਼ਾ ਬੋਲਦਾ ਸੁਣਦਾ ਸਮਝਦਾ ਤੇ ਸਮਝਾ ਸਕਦਾ ਹੋਵੇ, ਤਾਹੀਂ ਉਹ ਕਿਸੇ ਸਟੂਡੈਂਟ ਨੂੰ ਸਿਖਾਲ ਸਕਦਾ ਹੈ। ਬੱਚਾ ਤਦੇ ਹੀ ਕੁਝ ਸਿੱਖ ਸਕਦਾ ਹੈ ਜੇ ਉਹ ਜਿੰਦਾ ਹੋਵੇਗਾ ਅਤੇ ਕਿਸੇ ਜਿਊਂਦੇ ਜਾਗਦੇ ਦੇਹਸਰੂਪ ਵਾਲੇ ਟੀਚਰ ਤੋਂ ਹੀ ਸਿੱਖ ਸਕਦਾ ਹੈ, ਕਿਸੇ ਗੁਜ਼ਰ ਚੁੱਕੇ ਟੀਚਰ ਦੀਆਂ ਤਸਵੀਰਾਂ ਤੋਂ ਜਾਂ ਉਸ ਟੀਚਰ ਵਲੋਂ ਲਿਖੀਆਂ ਹੋਈਆਂ ਪੋਥੀਆਂ ਤੋਂ ਤਾਂ ਕੁਝ ਸਿੱਖ ਨਹੀਂ ਨਾ ਸਕਦਾ, ਬਿਲਕੁਲ ਇਸੇ ਤਰਾਂ ਹੀ ਟੀਚਰ ਵੀ ਉਹੀ ਸਿਖਾਲ ਸਕਦਾ ਹੈ ਜੋ ਜਿਊਂਦਾ ਹੋਵੇ ਅਤੇ ਕਿਸੇ ਜਿਊਂਦੇ ਸਟੂਡੈਂਟ ਨੂੰ ਸਿਖਾਲ ਸਕਦਾ ਹੈ, ਸਟੂਡੈਂਟ ਦੇ ਮਰਨ ਤੋਂ ਬਾਅਦ ਉਸ ਦੀ ਫੋਟੋ ਨੂੰ ਨਹੀਂ ਸਿਖਾਲ ਸਕਦਾ। ਮਿਸਾਲ ਦੇ ਤੌਰ ਤੇ ਜਦੋਂ ਬੱਚਾ ਜੰਮਦਾ ਹੈ ਤਾਂ ਸਭ ਤੋਂ ਪਹਿਲਾਂ ਮਾਂ ਗੁਰੂ ਬਣਦੀ ਹੈ ਜੇ ਉਹ ਦੇਹਸਰੂਪ ਵਿੱਚ ਜਿਊਂਦੀ ਹੈ, ਫਿਰ ਬੱਚੇ ਦਾ ਬਾਪ ਗੁਰੂ ਬਣਦਾ ਹੈ ਜੇ ਉਹ ਦੇਹਸਰੂਪ ਵਿੱਚ ਜਿਊਂਦਾ ਹੈ, ਫਿਰ ਜਦੋਂ ਬੱਚਾ ਸਕੂਲ ਕਾਲਜ ਜਾਂਦਾ ਹੈ ਤਾਂ ਟੀਚਰ, ਪਰੋਫੈਸਰ ਉਸ ਦੇ ਗੁਰੂ ਬਣਦੇ ਹਨ ਉਹ ਵੀ ਜੋ ਦੇਹਸਰੂਪ ਵਿੱਚ ਜਿਊਂਦੇ ਜਾਗਦੇ ਹੁੰਦੇ ਹਨ। ਫਿਰ ਚਾਹੇ ਦੁਨੀਆਂ ਦਾ ਕੋਈ ਵੀ ਕੰਮ ਹੋਵੇ ਇਕ ਜਿਊਂਦੇ ਸਟੂਡੈਂਟ ਨੂੰ ਇਕ ਜਿਊਂਦੇ ਗੁਰੂ ਦੀ ਹਰ ਹਾਲਤ ਵਿੱਚ ਜਰੂਰਤ ਪੈਂਦੀ ਹੈ।

ਇਥੇ ਆਪਾਂ ਗੁਰੂ ਮਹਾਰਾਜ ਦੀ ਬਾਣੀ ਦੀ ਗੱਲ ਕਰ ਸਕਦੇ ਹਾਂ, ਜੋ ਪਾਠੀ ਬਾਣੀ ਦਾ ਸ਼ੁੱਧ ਉਚਾਰਣ ਕਰਦੇ ਹਨ ਉਹਨਾਂ ਨੇ ਵੀ ਜਿਊਂਦੇ ਜਾਗਦੇ ਕਿਸੇ ਗਿਆਨੀ ਧਿਆਨੀ ਜਾਂ ਪਾਠੀ ਕੋਲੋਂ ਹੀ ਸਿੱਖਿਆ ਹੋਵੇਗਾ। ਇਸ ਦਾ ਮਤਲਬ ਜਨਮ ਤੋਂ ਲੈ ਕੇ ਮਰਨ ਤੱਕ ਪੂਰੀ ਜਿੰਦਗੀ ਦੇ ਵਿੱਚ ਕੁਝ ਵੀ ਸਿੱਖਣ ਲਈ ਕਿਸੇ ਜਿਊਂਦੇ ਦੇਹਧਾਰੀ ਰਹਿਬਰ ਦੀ ਜਰੂਰਤ ਪੈਂਦੀ ਹੀ ਹੈ। ਜੇ ਕੋਈ ਵੀ ਇਨਸਾਨ ਕਿਸੇ ਹੋਰ ਇਨਸਾਨ ਦੀ ਗਾਇਡਨੈਸ ਤੋਂ ਬਿਨਾ ਬਾਣੀ ਦਾ ਸ਼ੁੱਧ ਉਚਾਰਨ ਕਰਨਾ ਹੀ ਨਹੀਂ ਸਿੱਖ ਸਕਦਾ ਤਾਂ ਫਿਰ ਬਿਨਾ ਕਿਸੇ ਰਹਿਬਰ ਦੇ ਬਾਣੀ ਨੂੰ ਸਮਝ ਕਿਵੇਂ ਸਕਦਾ ਹੈ? ਫਿਰ ਤਾਂ ਏਹੀ ਸਮਝ ਆਉਂਦਾ ਹੈ ਕਿ ਬਿਨਾ ਕਿਸੇ ਦੇਹਸਰੂਪੀ ਰਹਿਬਰ ਦੇ ਜਿੰਦਗੀ ਵਿੱਚ ਕੁਝ ਵੀ ਸਿੱਖਣਾ ਕਠਨ ਹੀ ਨਹੀਂ ਸਗੋਂ ਨਾ ਮੁਮਕਨ ਹੈ।

ਜਦੋਂ ਤੋਂ ਦੁਨੀਆਂ ਬਣੀ ਹੈ ਉਸ ਵਕਤ ਤੋਂ ਲੈ ਕੇ ਹੁਣ ਤੱਕ ਆਕਾਲ ਪੁਰਖ, ਸੰਤਾਂ ਮਹਾਤਮਾਂ ਪੀਰਾਂ ਪੈਗੰਬਰਾਂ ਨੂੰ ਦੁਨਿਆਵੀ ਜੀਵਾਂ ਲਈ ਰੁਹਾਨੀਅਤ ਦਾ ਉਪਦੇਸ਼ ਸੰਦੇਸ਼ ਦੇ ਕੇ ਭੇਜਦਾ ਰਿਹਾ ਹੈ, ਜੀਵਾਂ ਉਤੇ ਦਯਿਆ ਮੇਹਰ ਕਰਦਾ ਰਿਹਾ ਹੈ। ਕੀ ਅੱਜ ਦੇ ਜੀਵ ਇਸ ਕਾਬੁਲ ਨਹੀਂ ਰਹੇ? ਕਿ ਅੱਜ ਵੀ ਕੋਈ ਰਹਿਬਰ ਦੇਹਸਰੂਪ ਵਿੱਚ ਆ ਕੇ ਜੀਵਾਂ ਤੇ ਦਯਿਆ ਮਹਿਰ ਕਰ ਸਕੇ? ਕੀ ਆਕਾਲ ਪੁਰਖ ਇੰਨਾ ਨਿਰਦਈ ਹੋ ਗਿਆ ਹੋਵੇਗਾ? ਜਾਂ ਆਕਾਲ ਪੁਰਖ ਦੇ ਘੱਲੇ ਹੋਏ ਸੰਤ ਸਤਿਗੁਰੂ ਆਕਾਲ ਪੁਰਖ ਦੀ ਹਸਤੀ ਨੂੰ ਖ਼ਤਮ ਕਰਕੇ ਆਪਣਾ ਹੁਕਮ ਚਲਾ ਗਏ ਹੋਣਗੇ ਕਿ ਅੱਗੇ ਤੋਂ ਸੰਤ ਮਹਾਤਮਾਂ ਦੁਨੀਆਂ ਤੇ ਆਉਣੇ ਹੀ ਬੰਦ ਕਰ ਦਿੱਤੇ। ਜਿਹੜੇ ਸੰਤ ਸਤਿਗੁਰੂ ਨੇ ਆਕਾਲ ਪੁਰਖ ਦੇ ਭਾਣੇ ਵਿੱਚ ਰਹਿੰਦੇ ਹੋਏ ਆਪਣਾ ਪ੍ਰੀਵਾਰ ਤੇ ਆਪਣਾ ਆਪ ਪ੍ਰਮਾਤਮਾਂ ਦੀ ਰਜ਼ਾ ਵਿੱਚ ਕੁਰਬਾਨ ਕਰ ਦਿੱਤਾ ਹੋਵੇ ਉਹ ਸੰਤ ਸਤਿਗੁਰੂ ਆਕਾਲ ਪੁਰਖ ਦੀ ਬਣਾਈ ਹੋਈ ਰੀਤ ਨੂੰ ਕਿਵੇਂ ਬਦਲ ਸਕਦਾ ਹੈ? ਬੜੀ ਕਾਮਨਸੈਂਸ ਵਾਲੀ ਸੋਚਣ ਦੀ ਗੱਲ ਹੈ। ਆਕਾਲ ਪੁਰਖ, ਜੋ ਆਦਿ ਜੁਗਾਦਿ ਤੋਂ ਸੱਚ ਹੈ ਅਟੱਲ ਹੈ, ਕੀ ਉਸ ਵਲੋਂ ਹੀ ਭੇਜਿਆ ਹੋਇਆ ਉਸ ਦਾ ਕੋਈ ਪਿਆਰਾ ਸੰਤ ਸਤਿਗੁਰੂ, ਆਕਾਲ ਪੁਰਖ ਦੇ ਕਨੂੰਨ ਦੇ ਵਰਖਿ਼ਲਾਫ ਹੋ ਗਿਆ ਹੋਵੇਗਾ? ਆਕਾਲ ਪੁਰਖ ਦੀ ਰਜ਼ਾ ਨੂੰ ਇਕ ਖੂੰਝੇ ਲਾ ਕੇ ਆਪਣੀ ਰਜ਼ਾ ਦੁਨੀਆਂ ਤੇ ਲਾਗੂ ਕਰ ਗਿਆ ਹੋਵੇਗਾ? ਮਿਸਾਲ ਦੇ ਤੌਰ ਤੇ ਮੰਨ ਲਓ ਕਿ ਜੇ ਇਸ ਤਰਾਂ ਹੋਇਆ ਹੈ, ਤਾਂ ਫਿਰ ਆਕਾਲ ਪੁਰਖ ਦਾ ਤਾਂ ਨਾਮ ਤੱਕ ਨਹੀਂ ਲੈਣਾ ਚਾਹੀਦਾ ਕਿਓਂ ਕਿ ਉਸਦੀ ਤਾਂ ਕੋਈ ਹਸਤੀ ਰਜ਼ਾ ਰਹੀਓ ਹੀ ਨਹੀਂ। ਫਿਰ ਤਾਂ ਬਾਬੇ ਨਾਨਕ ਵਲੋਂ ਲਿਖਿਆ ਹੋਇਆ ਸ਼ਬਦ "ਆਦਿ ਸਚੁ ਜੁਗਾਦਿ ਸਚੁ, ਹੈ ਭੀ ਸਚੁ ਨਾਨਕ ਹੋਸੀ ਭੀ ਸੱਚ" ਵੀ ਝੂਠਾ ਪੈ ਗਿਆ, ਕਿਓਂ ਕਿ ਆਕਾਲ ਪੁਰਖ ਦਾ ਬਣਾਇਆ ਹੋਇਆ ਕਨੂੰਨ ਸੱਚ ਤੇ ਰਿਹਾ ਈ ਨਾ, ਅਟੱਲ ਤੇ ਰਿਹਾ ਹੀ ਨਾ।

ਮੇਰੇ ਆਪਣੇ ਨਿਜ਼ੀ ਵਿਚਾਰ ਨੇ ਕਿ ਇਸ ਵਿਸ਼ੇ ਤੇ ਇਕਾਂਤ 'ਚ ਬੈਠ ਕੇ ਸ਼ਾਂਤ ਮਨ ਨਾਲ ਬਹੁਤ ਹੀ ਡੁੰਗਾਈ ਵਿੱਚ ਸੋਚਣ ਦੀ ਜਰੂਰਤ ਹੈ। ਹੁਣ ਕਈ ਮੇਰੇ ਵੀਰ ਇਸ ਲੇਖ ਨੂੰ ਪੜ੍ਹਕੇ ਵੀ ਕਹਿਣਗੇ ਕਿ ਇਸ ਤਰਾਂ ਦੇ ਵਿਚਾਰ ਲਿਖਣ ਵਾਲਿਆਂ ਤੋਂ ਵੀ ਸਿੱਖ ਧਰਮ ਨੂੰ ਖ਼ਤਰਾ ਹੈ।

ਜੋਗਿੰਦਰ ਸੰਘੇੜਾ ( ਕਨੇਡਾ )
647-854-6044
joe5abi@yahoo.ca

31/03/2013

 
"ਸਿੱਖ ਧਰਮ ਨੂੰ ਖ਼ਤਰਾ"
ਜੋਗਿੰਦਰ ਸੰਘੇੜਾ, ਕਨੇਡਾ
ਪੰਜਾਬੀ ਸਾਹਿਤ ਕਲਾ ਕੇਂਦਰ ਵਲੋਂ ਮਿਸਜ਼ ਉਰਮਿਲਾ ਆਨੰਦ ਵਾਰੇ ਸ਼ੋਕ ਮਤਾ
ਅਜ਼ੀਮ ਸ਼ੇਖ਼ਰ, ਲੰਡਨ
"ਓਹੋ ਸਿੰਘ ਤੇ ਆਹਾ ਸਿੰਗ"
ਜੋਗਿੰਦਰ ਸੰਘੇੜਾ ਕਨੇਡਾ

vivstha1ਵਿਵਸਥਾ ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ ਪੰਜਾਬ ਵਿਚ 31-ਮਾਰਚ ਤੋਂ
ਡਾੱ. ਇੰਦਰਜੀਤ ਸਿੰਘ ਭੱਲਾ, ਜਲੰਧਰ

aurat1ਅੰਤਰਰਾਸ਼ਟਰੀ ਔਰਤ ਦਿਵਸ ‘ਤੇ ਵਿਸ਼ੇਸ਼
ਵਾਅਦਾ ਤਾਂ ਨਿਭਾਉਂਣਾ ਹੀ ਪਵੇਗਾ
ਗੁਰਮੀਤ ਪਲਾਹੀ, ਫਗਵਾੜਾ

preet1ਉੱਘੇ ਖੇਡ ਲੇਖਕ ਪ੍ਰੀਤ, ਦੂਰਦਰਸ਼ਨ ਪੰਜਾਬੀ ‘ਤੇ ਅੱਜ

UBC1ਯੂ. ਬੀ. ਸੀ. ਵਲੋਂ ਅਜਮੇਰ ਰੋਡੇ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਵੈਨਕੂਵਰ

ਮਜ਼ਦੂਰ1ਖੇਤ ਮਜ਼ਦੂਰ ਔਰਤਾਂ ਦੇ ਦੁਖੜੇ ਤੇ ਦਮ
ਲਸ਼ਮਣ ਸਿੰਘ ਸੇਵੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ

Parvasi1ਪਰਵਾਸੀ ਪੰਜਾਬੀ ਸੰਮੇਲਨ ਬਾਦਲ ਪਰਿਵਾਰ ਦੀ ਖਾਨਾਜੰਗੀ ਦਾ ਪਰਦਾ ਫਾਸ਼ ਕਰ ਗਿਆ
ਉਜਾਗਰ ਸਿੰਘ

Rabb1ਰੱਬ ਦੀ ਬਖਸ਼ਿਸ
ਜਨਮੇਜਾ ਸਿੰਘ ਜੌਹਲ, ਲੁਧਿਆਣਾ  

ਛਿਟੀਆਂਛਿਟੀਆਂ ਦੀ ਅੱਗ ਨਾ ਬਲੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ

ਕਰੋੜਪਤੀ ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਪੁਲਸ ਦੇ ਗਲਮੇ ਨੂੰ ਹੱਥ ਪਾਉਣ ਲੱਗੇ ਗਾਇਕ ਕਲਾਕਾਰ?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਆਤਮ ਚਿੰਤਨ ਕੈਂਪ ਜੈਪੁਰ ਸਿਰਫ ਰਾਹੁਲ ਗਾਂਧੀ ਦੀ ਤਾਜਪੋਸ਼ੀ ਲਈ
ਉਜਾਗਰ ਸਿੰਘ, ਅਮਰੀਕਾ
6 ਜਨਵਰੀ ਬਰਸੀ‘ਤੇ
ਜਥੇਦਾਰ ਊਧਮ ਸਿੰਘ ਨਾਗੋਕੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸਦੀਵੀ ਨਿੱਘ ਦਾ ਪ੍ਰਤੀਕ ਤਿਓਹਾਰ; ਲੋਹੜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ

hore-arrow1gif.gif (1195 bytes)


Terms and Conditions
Privacy Policy
© 1999-2013, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2013, 5abi।com