WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਜਦ ਆਗੂ ਹੀ ਪਾਉਣ ਆਪਣੀ ਹੀ ਬੇੜੀ ਵਿੱਚ ਵੱਟੇ   
ਹਰਜਿੰਦਰ ਸਿੰਘ ਲਾਲ               (04/02/2022)

lall

06ਲਫ਼ਜ਼-ਏ-ਕੁਨ ਸੇ ਏਕ ਦੁਨੀਆ ਖ਼ਲਕ ਕਰਨਾ ਥਾ ਕਮਾਲ,
ਕੁਨ ਕੇ ਆਗੇ ਜੋ ਹੂਆ ਉਸਕੀ ਕਹਾਨੀ ਔਰ ਹੈ॥


ਹਰ ਲਫ਼ਜ਼ ਦੀ ਆਪਣੀ ਵੱਖਰੀ ਸਮਰੱਥਾ ਤੇ ਅਸਰ ਹੁੰਦਾ ਹੈ ਤੇ ਇਹ ਸਮਰੱਥਾ ਤੇ ਅਸਰ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਇਸ ਨੂੰ ਬੋਲਣ ਵਾਲਾ ਕੌਣ ਹੈ ਤੇ ਕਦੋਂ ਬੋਲਦਾ ਹੈ। ਇਸਲਾਮ ਅਨੁਸਾਰ ਖ਼ੁਦਾ ਨੇ ਇਕ ਲਫ਼ਜ਼ 'ਕੁਨ' ਕਿਹਾ ਤੇ ਦੁਨੀਆ ਸਿਰਜੀ ਗਈ। ਪ੍ਰਇਏਵੰਦਾ ਸਿੰਘ ਦੇ ਉਪਰੋਕਤ ਸ਼ਿਅਰ ਦਾ ਅਰਥ ਹੈ ਕਿ ਖ਼ੁਦਾ ਦਾ ਲਫ਼ਜ਼ 'ਕੁਨ' ਨਾਲ ਦੁਨੀਆ ਬਣਾਉਣਾ ਕਮਾਲ ਸੀ ਪਰ ਕੁਨ ਤੋਂ ਬਾਅਦ ਭਾਵ ਦੁਨੀਆ ਬਣਨ ਤੋਂ ਬਾਅਦ ਜੋ ਵਾਪਰਿਆ ਉਸ ਦੀ ਕਹਾਣੀ ਵੱਖਰੀ ਹੈ।

ਕਾਂਗਰਸ ਦੇ ਨੇਤਾ ਖ਼ੁਦਾ ਤਾਂ ਨਹੀਂ ਹਨ ਪਰ ਕਾਂਗਰਸ ਦੇ ਨਾ-ਖ਼ੁਦਾ (ਮਲਾਹ) ਤਾਂ ਜ਼ਰੂਰ ਹਨ, ਜਿਨ੍ਹਾਂ ਦੀ ਡਿਊਟੀ ਕਾਂਗਰਸ ਦੀ ਬੇੜੀ ਚੋਣਾਂ ਦੇ ਭਵਸਾਗਰ ਤੋਂ ਪਾਰ ਲਾਉਣ ਦੀ ਹੈ, ਪਰ ਸ਼ਾਇਦ ਇਹ ਨੇਤਾ ਆਪਣੇ ਲਫ਼ਜ਼ਾਂ ਦੇ ਮਾਰੂ ਅਸਰ ਤੋਂ ਬੇਖ਼ਬਰ ਹਨ ਤੇ ਕਾਂਗਰਸ ਦੀ ਥਾਂ ਆਪਣੇ ਨਿੱਜੀ ਹਿਤਾਂ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ। ਉਹ ਅਜਿਹੇ ਸਮੇਂ 'ਤੇ ਅਜਿਹੇ ਲਫ਼ਜ਼ਾਂ ਦੇ ਤੀਰ ਚਲਾ ਰਹੇ ਹਨ ਜਿਹੜੇ ਚੋਣ ਸਮੁੰਦਰ ਵਿਚ ਅਜਿਹੀਆਂ ਲਹਿਰਾਂ ਪੈਦਾ ਕਰ ਰਹੇ ਹਨ, ਜਿਨ੍ਹਾਂ ਨਾਲ ਕਾਂਗਰਸ ਦੀ ਬੇੜੀ ਹਿਚਕੋਲੇ 'ਤੇ ਹਿਚਕੋਲਾ ਖਾ ਰਹੀ ਹੈ।

ਹਾਲਾਂਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਸਨ ਤਾਂ ਇਕ ਵਾਰ ਇਹ ਪ੍ਰਭਾਵ ਬਣ ਗਿਆ ਸੀ ਕਿ ਹੁਣ ਪੰਜਾਬ ਵਿਚ ਕਾਂਗਰਸ ਦਾ ਜਿੱਤਣਾ ਬਹੁਤ ਸੌਖਾ ਹੈ, ਪਰ ਕਾਂਗਰਸੀ ਨੇਤਾਵਾਂ ਦੀ ਆਪਸੀ ਖਹਿਬਾਜ਼ੀ ਤੇ ਬਿਆਨਬਾਜ਼ੀ ਕਾਂਗਰਸ ਦਾ ਰਾਹ ਦਿਨ-ਬਦਿਨ ਔਖਾ ਕਰਦੀ ਜਾ ਰਹੀ ਹੈ। ਬੇਸ਼ੱਕ ਕਾਂਗਰਸ ਵਿਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇ 'ਤੇ ਲੜਾਈ ਪਹਿਲਾਂ ਵੀ ਜਾਰੀ ਸੀ ਪਰ ਕਾਂਗਰਸ ਦੇ ਵੱਡੇ ਨੇਤਾ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਇਸ ਨੂੰ ਇਕ ਭਾਂਬੜ ਬਣਾ ਗਈ ਹੈ।

ਜਿਸ ਤਰ੍ਹਾਂ ਦੇ ਤੇਵਰ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਨੇ ਸਟੇਜ ਤੋਂ ਰਾਹੁਲ ਗਾਂਧੀ ਦੇ ਸਾਹਮਣੇ ਦਿਖਾਏ, ਉਹ ਸ਼ਾਇਦ ਪਹਿਲਾਂ ਕਾਂਗਰਸ ਵਿਚ ਕਦੇ ਕਿਸੇ ਨੇ ਨਹੀਂ ਦਿਖਾਏ ਸਨ। ਖ਼ੁਦ ਰਾਹੁਲ ਗਾਂਧੀ ਨੇ ਵੀ ਸਟੇਜ ਤੋਂ ਪੰਜਾਬ ਬਾਰੇ ਹੋਰ ਗੱਲਾਂ ਕਰਨ ਨਾਲੋਂ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਦੀ ਗੱਲ ਨੂੰ ਜ਼ਿਆਦਾ ਮਹੱਤਵ ਦਿੱਤਾ। ਬੇਸ਼ੱਕ ਰਾਹੁਲ ਗਾਂਧੀ ਨੇ ਕਿਹਾ ਕਿ ਦੋਵਾਂ ਚੰਨੀ ਤੇ ਸਿੱਧੂ ਨੇ ਮੈਨੂੰ ਭਰੋਸਾ ਦਿਵਾਇਆ ਹੈ ਜਿਸ ਨੂੰ ਮਰਜ਼ੀ ਚਿਹਰਾ ਐਲਾਨ ਦਿਓ ਦੂਸਰਾ ਉਸ ਦਾ ਸਾਥ ਦੇਵੇਗਾ। ਪਰ ਕੀ ਅਜਿਹਾ ਸੱਚਮੁੱਚ ਹੋਵੇਗਾ? ਇਸ ਦੀ ਕੋਈ ਗਾਰੰਟੀ ਨਹੀਂ।

ਪੰਜਾਬ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਸੁਨੀਲ ਜਾਖੜ ਰਾਹੁਲ ਦੀ ਰੈਲੀ ਵਿਚ ਹਾਜ਼ਰ ਨਹੀਂ ਸਨ। ਪਰ ਉਨ੍ਹਾਂ ਨੇ ਰਾਹੁਲ ਦੇ ਦੌਰੇ ਤੋਂ ਇਕਦਮ ਪਿੱਛੋਂ ਹੀ ਬਿਆਨ ਦੇ ਦਿੱਤਾ ਕਿ ਜਦੋਂ ਕੈਪਟਨ ਤੋਂ ਬਾਅਦ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਵਿਧਾਇਕਾਂ ਦੀ ਰਾਇ ਲਈ ਗਈ ਤਾਂ ਪੰਜਾਬ ਦੇ 42 ਵਿਧਾਇਕ ਉਨ੍ਹਾਂ ਦੇ ਹੱਕ ਵਿਚ ਸਨ, 16 ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਵਿਚ ਜਦੋਂ ਕਿ ਮਹਾਰਾਣੀ ਪ੍ਰਨੀਤ ਦੇ ਹੱਕ ਵਿਚ 12, ਸਿੱਧੂ ਦੇ ਹੱਕ ਵਿਚ 6 ਅਤੇ ਚੰਨੀ ਦੇ ਹੱਕ ਵਿਚ ਸਿਰਫ 2 ਵਿਧਾਇਕ ਸਨ, ਪਰ ਇਸ ਦੇ ਬਾਵਜੂਦ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ।

ਹਾਲਾਂਕਿ ਜਾਖੜ ਦਾ ਇਹ ਬਿਆਨ 1 ਫਰਵਰੀ ਨੂੰ ਜਾਰੀ ਹੋਏ ਇਕ ਪ੍ਰਮੁੱਖ ਅੰਗਰੇਜ਼ੀ ਰਸਾਲੇ ਵਿਚ ਛਪ ਗਿਆ ਸੀ ਪਰ ਪੰਜਾਬੀ ਮੀਡੀਆ ਕਾਫੀ ਦੇਰ ਇਸ ਤੋਂ ਬੇਖ਼ਬਰ ਰਿਹਾ। ਹੁਣ ਜਦੋਂ ਇਹ ਗੱਲ ਚਰਚਾ ਵਿਚ ਆਈ ਤਾਂ ਬੇਸ਼ੱਕ ਜਾਖੜ ਨੇ ਕਿਹਾ ਹੈ ਕਿ ਜੰਗ ਦੇ ਮੈਦਾਨ ਵਿਚ ਘੋੜੇ ਬਦਲਣੇ ਠੀਕ ਨਹੀਂ ਭਾਵ ਉਨ੍ਹਾਂ ਨੇ ਸਿੱਧੂ ਦੇ ਮੁਕਾਬਲੇ ਚੰਨੀ ਨੂੰ ਤਰਜੀਹ ਦਿੱਤੀ ਹੈ। ਪਰ ਇਸ ਬਿਆਨ ਨੇ ਕਾਂਗਰਸ ਦਾ ਜਿਹੜਾ ਨੁਕਸਾਨ ਕਰਨਾ ਸੀ, ਉਹ ਤਾਂ ਕਰ ਹੀ ਦਿੱਤਾ ਹੈ। ਪਰ ਇਕੱਲੇ ਜਾਖੜ ਹੀ ਅਜਿਹੀ ਬਿਆਨਬਾਜ਼ੀ ਦੇ ਦੋਸ਼ੀ ਨਹੀਂ, ਸਗੋਂ ਕਾਂਗਰਸ ਦੇ ਬਹੁਤੇ ਪ੍ਰਮੁੱਖ ਨੇਤਾ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਵਾਲੀ ਬਿਆਨਬਾਜ਼ੀ ਨਿਰੰਤਰ ਕਰਦੇ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਵਲੋਂ ਅਜੇ ਤੱਕ ਜਥੇਬੰਦਕ ਤੌਰ 'ਤੇ ਚੋਣ ਪ੍ਰਚਾਰ ਮੁਹਿੰਮ ਵੀ ਨਜ਼ਰ ਨਹੀਂ ਆ ਰਹੀ। ਬੇਸ਼ੱਕ ਕਾਂਗਰਸ ਹੁਣ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਵੇ ਪਰ ਅਸਲ ਸਵਾਲ ਇਹ ਹੈ ਕਿ ਜੇ ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਤਾਂ ਸਿੱਧੂ ਦਾ ਰਵੱਈਆ ਕੀ ਹੋਵੇਗਾ? ਕਿਸੇ ਨੂੰ ਇਹ ਪਤਾ ਨਹੀਂ ਅਤੇ ਜੇਕਰ ਸਿੱਧੂ ਨੂੰ ਚਿਹਰਾ ਐਲਾਨਿਆ ਜਾਂਦਾ ਹੈ ਤਾਂ ਹੈਰਾਨੀ ਹੋਵੇਗੀ ਕਿਉਂਕਿ ਪੰਜਾਬ ਦੇ ਬਹੁਤੇ ਵਿਧਾਇਕ ਤੇ ਵੱਡੇ ਨੇਤਾ ਖੁੱਲ੍ਹ ਕੇ ਚੰਨੀ ਦੇ ਹੱਕ ਵਿਚ ਬੋਲ ਰਹੇ ਹਨ ਅਤੇ ਇਸ ਨੂੰ ਪੰਜਾਬ ਵਿਚ ਜਿੱਤ ਲਈ ਇਕ ਵਰਗ ਵਿਸ਼ੇਸ਼ ਦੀਆਂ ਵੋਟਾਂ ਲੈਣ ਲਈ ਤਰੁੱਪ ਦਾ ਪੱਤਾ ਵੀ ਸਮਝ ਰਹੇ ਹਨ।

ਤੀਜੇ ਪਾਸੇ ਖ਼ੁਦ ਮੁੱਖ ਮੰਤਰੀ ਦੇ ਭਰਾ ਅਤੇ ਇਕ ਮੰਤਰੀ ਗੁਰਜੀਤ ਸਿੰਘ ਰਾਣਾ ਦੇ ਬੇਟੇ ਕਾਂਗਰਸ ਦੇ ਅਧਿਕਾਰਿਤ ਉਮੀਦਵਾਰਾਂ ਦੇ ਖਿਲਾਫ਼ ਆਜ਼ਾਦ ਚੋਣਾਂ ਲੜਨ ਕਰਕੇ ਚਰਚਾ ਦਾ ਮੁੱਦਾ ਬਣੇ ਹੋਏ ਹਨ।

ਲਫ਼ਜ਼ ਨਿਕਲਾ ਜ਼ੁਬਾਨ ਸੇ ਬਾਹਰ।
ਤੀਰ ਜੈਸੇ ਕਮਾਨ ਸੇ ਬਾਹਰ।
(ਨਿਸਾਰ ਸ਼ਾਹੀ)

ਕੇਜਰੀਵਾਲ, ਪੰਜਾਬ ਤੇ ਅਕਾਲੀ ਦਲ
ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇਕਰ ਇਹ ਵੇਖਿਆ ਜਾਵੇ ਕਿ ਚੋਣ ਪ੍ਰਚਾਰ ਵਿਚ ਕੌਣ ਅੱਗੇ ਹੈ ਤਾਂ ਸਾਫ਼ ਦਿਖਦਾ ਹੈ ਕਿ ਅਕਾਲੀ ਦਲ ਦੀ ਚੋਣ ਪ੍ਰਚਾਰ ਮੁਹਿੰਮ ਸਭ ਤੋਂ ਤਿੱਖੀ ਹੈ। ਹਾਲਾਂ ਕਿ ਪਹਿਲਾਂ ਅਕਾਲੀ ਦਲ ਦੇ ਪ੍ਰਚਾਰ ਦੀ ਧਾਰ ਕਾਂਗਰਸ ਵੱਲ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਅਕਾਲੀ ਦਲ ਨੇ ਕਾਂਗਰਸ ਤੋਂ ਵੱਧ 'ਆਪ' ਮੁਖੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲਿਆ ਹੋਇਆ ਹੈ।

ਬੇਸ਼ੱਕ ਇਹ ਰਣਨੀਤੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਣਾਈ ਹੋਵੇਗੀ ਪਰ ਇਸ 'ਆਪ' ਵਿਰੋਧੀ ਮੁਹਿੰਮ ਦੀ ਅਗਵਾਈ ਬਾਦਲ ਦੇ ਪ੍ਰਮੁੱਖ ਸਲਾਹਕਾਰ ਤੇ ਬੁੱਧੀਜੀਵੀ ਹਰਚਰਨ ਸਿੰਘ ਬੈਂਸ ਸੰਭਾਲ ਰਹੇ ਹਨ। ਉਨ੍ਹਾਂ ਵਲੋਂ ਉਠਾਏ ਸਵਾਲਾਂ ਦਾ ਜਵਾਬ ਦੇਣ ਤੋਂ 'ਆਪ' ਨੇਤਾ ਭਗਵੰਤ ਮਾਨ ਤੇ ਕੇਜਰੀਵਾਲ ਕਤਰਾ ਰਹੇ ਜਾਪਦੇ ਹਨ।

ਅਸੀਂ ਸਮਝਦੇ ਹਾਂ ਕਿ ਅਕਾਲੀ ਦਲ ਵਲੋਂ ਉਠਾਏ ਸਵਾਲਾਂ ਨੂੰ ਵਿਰੋਧੀਆਂ ਦਾ ਰੌਲਾ ਕਹਿ ਕੇ ਨਹੀਂ ਛੱਡਿਆ ਜਾ ਸਕਦਾ, ਕਿਉਂਕਿ ਪੰਜਾਬ, ਪੰਜਾਬੀਆਂ ਅਤੇ ਸਿੱਖਾਂ ਲਈ ਇਹ ਸਵਾਲ ਗੰਭੀਰ ਵੀ ਹਨ ਤੇ 'ਆਪ' ਦੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਸੰਬੰਧੀ ਨੀਤੀ 'ਤੇ ਉਂਗਲੀ ਵੀ ਉਠਾਉਂਦੇ ਹਨ। ਪਰ ਅਸੀਂ ਅਕਾਲੀ ਦਲ ਨੂੰ ਕੋਈ ਸਰਟੀਫਿਕੇਟ ਨਹੀਂ ਦੇ ਰਹੇ ਕਿ ਉਹ ਖ਼ੁਦ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਮੁੱਦੇ 'ਤੇ ਖ਼ਰਾ ਉਤਰਿਆ ਹੈ, ਕਿਉਂਕਿ ਉਸ ਦੇ ਰਾਜਕਾਲ ਵਿਚ ਇਨ੍ਹਾਂ ਸਰੋਕਾਰਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਬਾਰੇ ਵੀ ਗੰਭੀਰ ਸਵਾਲ ਖੜ੍ਹੇ ਹੁੰਦੇ ਰਹੇ ਹਨ। ਪਰ ਕੇਜਰੀਵਾਲ ਜੋ ਪੰਜਾਬ 'ਤੇ ਰਾਜ ਕਰਨ ਲਈ ਇਕ ਮੌਕਾ ਮੰਗ ਰਹੇ ਹਨ, ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਆਂ ਜਿਨ੍ਹਾਂ ਵਿਚ ਸਿੱਖ ਵੀ ਸ਼ਾਮਿਲ ਹਨ, ਪ੍ਰਤੀ ਆਪਣੀ ਨੀਤੀ ਸਾਫ਼ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਗੰਭੀਰ ਸਵਾਲਾਂ ਦਾ ਜਵਾਬ ਵੀ ਜ਼ਰੂਰ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬੀ ਉਨ੍ਹਾਂ 'ਤੇ ਵਿਸ਼ਵਾਸ ਕਰ ਸਕਣ।

ਹੋਰ ਨਹੀਂ ਤਾਂ ਕੁਝ ਹੇਠਲੇ ਸਵਾਲਾਂ ਦੇ ਜਵਾਬ ਦੇ ਕੇ ਕੇਜਰੀਵਾਲ ਸੁਰਖਰੂ ਹੋ ਸਕਦੇ ਹਨ। ਉਨ੍ਹਾਂ ਨੂੰ ਪੰਜਾਬ ਦੇ ਪਾਣੀਆਂ ਬਾਰੇ ਵੀ ਆਪਣਾ ਰੁਖ਼ ਸਪੱਸ਼ਟ ਕਰਨਾ ਚਾਹੀਦਾ ਹੈ। ਹੋਰ ਸਵਾਲਾਂ ਵਿਚੋਂ ਪ੍ਰਮੁੱਖ ਬੇਅਦਬੀਆਂ ਦਾ ਮੁੱਦਾ ਉਨ੍ਹਾਂ ਦੀ ਪਾਰਟੀ ਲਈ ਕੋਈ ਮੁੱਦਾ ਕਿਉਂ ਨਹੀਂ? ਦਿੱਲੀ ਦੀ ਸਿੱਖਿਆ ਨੀਤੀ ਲਈ ਬਣਾਏ ਬੋਰਡ ਵਿਚ ਪੰਜਾਬੀ ਜ਼ਬਾਨ ਸ਼ਾਮਿਲ ਕਿਉਂ ਨਹੀਂ, ਹਾਲਾਂ ਕਿ ਦਿੱਲੀ ਵਿਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ। ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕ ਪਹਿਲਾਂ ਤਾਂ ਭਰਤੀ ਹੀ ਨਹੀਂ ਕੀਤੇ ਜਾ ਰਹੇ ਜੋ ਕੀਤੇ ਵੀ ਹਨ, ਉਹ ਠੇਕੇ 'ਤੇ ਹਨ, ਕਿਉਂ? ਕੇਜਰੀਵਾਲ ਨੇ ਆਪਣੇ ਮੰਤਰੀ ਮੰਡਲ ਵਿਚ 8-9 ਲੱਖ ਦਿੱਲੀ ਵਾਸੀ ਸਿੱਖਾਂ ਦੇ ਕਿਸੇ ਵੀ ਪ੍ਰਤੀਨਿਧ ਨੂੰ ਬੋਰਡ ਵਿਚ ਸ਼ਾਮਿਲ ਕਿਉਂ ਨਹੀਂ ਕੀਤਾ ਬਲਕਿ ਦਿੱਲੀ ਦਾ ਪਹਿਲਾ ਮੁੱਖ ਮੰਤਰੀ ਗੁਰਮੁਖ ਨਿਹਾਲ ਸਿੰਘ ਇਕ ਸਿੱਖ ਹੀ ਸੀ।

ਦਿੱਲੀ ਸਰਕਾਰ ਵਿਚ ਕੋਈ ਪ੍ਰਮੁੱਖ ਅਫ਼ਸਰ ਪੰਜਾਬੀ ਨਾ ਲਾਉਣਾ ਤੇ ਉਨ੍ਹਾਂ ਵਲੋਂ ਲਾਏ ਚੇਅਰਮੈਨਾਂ ਵਿਚੋਂ ਇਹ ਵੀ ਪੰਜਾਬੀ ਨਾ ਹੋਣਾ ਉਨ੍ਹਾਂ ਦੇ ਪੰਜਾਬੀਆਂ ਪ੍ਰਤੀ ਰਵੱਈਏ 'ਤੇ ਸਵਾਲ ਖੜ੍ਹੇ ਕਰਦਾ ਹੈ। ਸਵਾਲ ਹੋਰ ਵੀ ਹਨ। ਅਸੀਂ ਸਮਝਦੇ ਹਾਂ ਕਿ ਜੇਕਰ 'ਆਪ' ਨੇ ਪੰਜਾਬ 'ਤੇ ਰਾਜ ਕਰਨਾ ਹੈ ਤਾਂ ਉਸ ਨੂੰ ਆਪਣੀ ਪੰਜਾਬ ਪ੍ਰਤੀ ਨੀਤੀ ਦਾ ਖੁੱਲ੍ਹ ਕੇ ਖੁਲਾਸਾ ਕਰਨਾ ਚਾਹੀਦਾ ਹੈ। ਸੁਖਬੀਰ ਸ਼ਾਦ ਦੇ ਇਸ ਸ਼ਿਅਰ ਵਰਗਾ ਜਵਾਬ ਕੰਮ ਨਹੀਂ ਦੇਵੇਗਾ :

ਕੋਈ ਸਵਾਲ ਨਾ ਕਰ ਔਰ ਕੋਈ ਜਵਾਬ ਨਾ ਪੂਛ।
ਤੂ ਮੁਝਸੇ ਅਹਿਦ-ਏ-ਗੁਜਸ਼ਤਾ ਕਾ ਅਬ ਹਿਸਾਬ ਨਾ ਪੂਛ।


ਸ਼ਰਮਨਾਕ ਘਟਨਾ
ਦਿੱਲੀ ਵਿਚ ਇਕ ਸਿੱਖ ਬੱਚੀ ਉਂਜ ਜੇ ਉਹ ਸਿੱਖ ਨਾ ਵੀ ਹੁੰਦੀ ਤਾਂ ਵੀ ਇਕ ਬੱਚੀ ਨਾਲ ਵਾਪਰੀ ਸ਼ਰਮਨਾਕ ਘਟਨਾ ਦਿਲ ਨੂੰ ਕੰਬਾ ਦੇਣ ਵਾਲੀ ਹੈ। ਬੱਚੀ ਇਕ ਘੱਟ-ਗਿਣਤੀ ਦੀ ਹੋਣ ਕਾਰਨ ਤੇ 1984 ਦੇ ਵਰਤਾਰੇ ਤੋਂ ਬਾਅਦ ਇਹ ਘਟਨਾ ਵਿਸ਼ੇਸ਼ ਤੌਰ 'ਤੇ ਘੱਟ-ਗਿਣਤੀਆਂ ਲਈ ਪ੍ਰੇਸ਼ਾਨ ਕਰਨ ਵਾਲੀ ਹੈ। ਅਸੀਂ ਸਮਝਦੇ ਹਾਂ ਕਿ ਦਿੱਲੀ ਦੀ ਪੁਲਿਸ ਕਿਉਂਕਿ ਸਿੱਧੀ ਕੇਂਦਰ ਸਰਕਾਰ ਅਧੀਨ ਹੈ ਇਸ ਲਈ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਇਸ ਮਾਮਲੇ 'ਤੇ ਆਪ ਧਿਆਨ ਦੇਣ ਤਾਂ ਜੋ ਅਜਿਹੀ ਸ਼ਰਮਨਾਕ ਘਟਨਾ ਕਰਨ ਵਾਲਿਆਂ ਨੂੰ ਅਜਿਹੀ ਮਿਸਾਲੀ ਸਜ਼ਾ ਦਿੱਤੀ ਜਾ ਸਕੇ ਕਿ ਕੋਈ ਫਿਰ ਅਜਿਹੀ ਘਟਨਾ ਕਰਨ ਦੀ ਜੁਰਅਤ ਨਾ ਕਰੇ।
 
1044, ਗੁਰੂ ਨਾਨਕ ਸਟਰੀਟ,
ਸਮਰਾਲਾ ਰੋਡ, ਖੰਨਾ
ਫੋਨ : 92168-60000
E. mail : hslall@ymail.com

 
 

 
06ਜਦ ਆਗੂ ਹੀ ਪਾਉਣ ਆਪਣੀ ਹੀ ਬੇੜੀ ਵਿੱਚ ਵੱਟੇ   
ਹਰਜਿੰਦਰ ਸਿੰਘ ਲਾਲ
05ਮੁੱਦੇ ਅਤੇ ਵਿਚਾਰਧਾਰਾ ਸਿਆਸੀ ਪਾਰਟੀਆਂ ਲਈ ਮਹੱਤਵਪੂਰਨ ਨਹੀਂ ਰਹੇ   
ਹਰਜਿੰਦਰ ਸਿੰਘ ਲਾਲ
04ਦੇਸੀ ਏਅਰਲਾਈਨਾਂ ਸਾਨੂੰ ਕਦੇ ਵੀ ਵਫ਼ਾ ਨਹੀਂ ਕਰਨਗੀਆਂ - ਪ੍ਰਵਾਸੀਆਂ ਨੂੰ ਉਹ ਸਿਰਫ਼ ਮੁੰਨਣ ਵਾਲ਼ੀਆਂ ਭੇਡਾਂ ਹੀ ਸਮਝਦੇ ਨੇ     
ਸ਼ਿਵਚਰਨ ਜੱਗੀ ਕੁੱਸਾ, ਲੰਡਨ
03ਕਾਂਗਰਸ ਦੀ ਛਵ੍ਹੀ ਉੱਤੇ ਈ. ਡੀ. ਦੇ ਛਾਪੇ
ਹਰਜਿੰਦਰ ਸਿੰਘ ਲਾਲ
02ਮੋਦੀ ਜੀ ਦੀ ਰੈਲੀ ਰੱਦ ਹੋਣ ਬਾਦ ਕਿਉਂ  ਭੜਕੀ ਭਾਜਪਾ?    
ਬੁੱਧ ਸਿੰਘ ਨੀਲੋਂ  
01ਮੋਦੀ ਜੀ ਦੇ ਪੰਜਾਬ ਦੌਰੇ ਦੇ ਸੰਭਾਵੀ ਨਤੀਜੇ
ਹਰਜਿੰਦਰ ਸਿੰਘ ਲਾਲ 
  912021 ਦਾ ਸਤਿਕਾਰਤ ਸਰਵੋਤਮ ਪੰਜਾਬੀ
ਪੰਜਾਬੀਆਂ ਦਾ ਮਾਣ: ਡਾ ਸਵੈਮਾਨ ਸਿੰਘ ਪੱਖੋਕੇ  
ਉਜਾਗਰ ਸਿੰਘ, ਪਟਿਆਲਾ
90ਏਕਤਾ ਕਮਜ਼ੋਰ ਨਹੀਂ ਹੋਰ ਮਜਬੂਤ ਕਰਨ ਦੀ ਲੋੜ 
ਕੇਹਰ ਸ਼ਰੀਫ਼, ਜਰਮਨੀ 
89ਪੰਜਾਬ ਦਾ ਚੋਣ ਦ੍ਰਿਸ਼ ਅਜੇ ਵੀ ਅਸਪਸ਼ਟ 
ਹਰਜਿੰਦਰ ਸਿੰਘ ਲਾਲ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com