ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ

ਆਪਣਾ ਭਾਰਤ ਦੁਨੀਆਂ ਵਿੱਚ ਸਭ ਤੋਂ ਪਛੜੇ ਹੋਏ ਮੁਲਕਾਂ ਵਿੱਚੋਂ ਇੱਕ ਹੈ। ਇਸਦੇ ਦੋ ਕਾਰਨ ਹਨ: ਪਹਿਲਾ ਇੱਥੋਂ ਦੇ ਲੋਕ ਬਹੁਤ ਹੀ ਅੰਧਵਿਸ਼ਵਾਸੀ ਹਨ; ਦੂਸਰਾ ਇਸ ਦੀ ਆਬਾਦੀ ਬਹੁਤ ਜਿ਼ਆਦਾ ਹੈ। ਇੱਥੇ ਸਮੇਂ ਸਮੇਂ ਰਹੀਆਂ ਸਰਕਾਰਾਂ ਇਨ੍ਹਾਂ ਕਾਰਨਾਂ ਨੂੰ ਦੂਰ ਕਰਨ ਦੀ ਕੋਈ ਕੋਸਿ਼ਸ਼ ਵੀ ਨਹੀਂ ਕਰਦੀਆਂ। ਜੇ ਉਹ ਲੋਕਾਂ ਦੇ ਅੰਧਵਿਸ਼ਵਾਸਾਂ ਨੂੰ ਦੂਰ ਕਰਨ ਦਾ ਯਤਨ ਕਰਦੇ ਹਨ ਤਾਂ ਲੋਕਾਂ ਨੇ ਜਾਗ ਪੈਣਾ ਹੈ। ਲੋਕਾਂ ਦੇ ਜਾਗਣ ਦਾ ਇਸ਼ਾਰਾ ਵੀ ਹਾਕਮਾਂ ਨੂੰ ਕੰਬਣੀਆਂ ਛੇੜ ਦਿੰਦਾ ਹੈ। ਜੇ ਆਬਾਦੀ ਵੱਧ ਹੋਵੇਗੀ ਤਾਂ ਅਨਪੜ੍ਹਤਾ ਤੇ ਅੰਧਵਿਸ਼ਵਾਸ ਤਾਂ ਰਹਿਣਗੇ ਹੀ। ਸੋ ਮੌਕਾਪ੍ਰਸਤ ਸਰਕਾਰਾਂ ਨੇ ਤਾਂ ਹਰ ਕੰਮ ਹੀ ਲੋਕ ਵਿਰੋਧੀ ਕਰਨਾ ਹੁੰਦਾ ਹੈ। ਲੋਕਾਂ ਦੀ ਅੰਧਵਿਸ਼ਵਾਸੀ ਦਾ ਅੰਦਾਜ਼ਾ ਤੁਸੀਂ ਹੇਠ ਲਿਖੀਆਂ ਘਟਨਾਵਾਂ ਤੋਂ ਹੀ ਲਾ ਸਕਦੇ ਹੋ।

ਕਲਕੱਤੇ ਦੇ ਨਜ਼ਦੀਕੀ ਸ਼ਹਿਰ ਹਾਵੜਾ ਦੇ ਜੈ ਪ੍ਰਕਾਸ਼ ਤਿਵਾੜੀ ਨੂੰ ਸੁਪਨੇ ਵਿੱਚ ‘ਮਾਂ ਸ਼ੇਰਾਵਾਲੀ’ ਦੇ ਦਰਸ਼ਨ ਹੋ ਗਏ। ਤਿਵਾੜੀ ਨੇ ਆਪਣੇ ਪਰਿਵਾਰ ਤੇ ਹੋਰ ਲੋਕਾਂ ਨੂੰ ਦੱਸਿਆ, ਸ਼ੇਰਾਵਾਲੀ ਮਾਂ ਨੇ ਮੈਨੂੰ ਕਿਹਾ ਹੈ ਕਿ ‘‘ਜੇ ਮੈਂ ਸ਼ੇਰ ਦੇ ਗਲ਼ ਵਿੱਚ ਹਾਰ ਪਾ ਕੇ, ਤੇ ਉਸਦੀ ਪਿੱਠ ਤੇ ਸਵਾਰੀ ਕਰਕੇ ਬੰਸਰੀ ਬਜਾਵਾਂ ਤਾਂ ਮੈਨੂੰ ਚਮਤਕਾਰੀ ਸ਼ਕਤੀਆਂ ਪ੍ਰਾਪਤ ਹੋ ਜਾਣਗੀਆਂ।’’ ਉਸਦੇ ਬਾਪ ਨੇ ਉਸਨੂੰ ਰੋਕਣ ਲਈ ਖੁਦਕਸ਼ੀ ਕਰਨ ਤੱਕ ਦੀ ਧਮਕੀ ਦਿੱਤੀ ਤਾਂ ਉਹ ਕਹਿਣ ਲੱਗਿਆ, ‘‘ਤੇਰਾ ਸਸਕਾਰ ਮੈਂ ਆ ਕੇ ਕਰਾਂਗਾ’’ ਇਸ ਤਰ੍ਹਾਂ ਹੀ ਆਪਣੀ ਪਤਨੀ ਤੇ ਬੱਚਿਆਂ ਨੂੰ ਠੋਕਰ ਮਾਰ ਕੇ ਆਪਣੇ ਦੋਸਤ ਨੂੰ ਨਾਲ ਲੈ ਕੇ ਉਹ ਕਲਕੱਤੇ ਦੇ ਅਲੀਗੜ੍ਹ ਚਿੜੀਆਂ ਘਰ ਵਿੱਚ ਪਹੁੰਚ ਗਿਆ। ਚਿੜੀਆ ਘਰ ਦੇ ਪ੍ਰਬੰਧਕਾਂ ਨੇ ਸ਼ੇਰ ਦੇ ਪਿੰਜ਼ਰੇ ਦੇ ਆਲੇ-ਦੁਆਲੇ ਪਾਣੀ ਦੀ ਇੱਕ ਖਾਈ ਤੇ ਲੋਹੇ ਦਾ ਜੰਗਲਾ ਬਣਾਇਆ ਹੋਇਆ ਸੀ। ਇੱਕ ਬੋਹੜ ਦੇ ਦਰੱਖਤ ਦੀਆਂ ਟਾਹਣੀਆਂ ਫੜ੍ਹ ਕੇ ਦੋਵੇਂ ਜਾਣੇ ਸ਼ੇਰ ਦੇ ਪਿੰਜਰੇ ਦੇ ਕੋਲ ਪੁੱਜ ਗਏ। ਸ਼ੇਰ ਆਦਮਖੋਰ ਨਹੀਂ ਸੀ। ਉਥੇ ਹਾਜ਼ਰ ਲੋਕਾਂ ਅਨੁਸਾਰ ਸ਼ੇਰ ਨੇ ਉਨ੍ਹਾਂ ਵਾਪਸ ਜਾਣ ਦੇ ਕਈ ਮੌਕੇ ਦਿੱਤੇ। ਪਰ ਜਦੋਂ ਉਹ ਨਾ ਹਟੇ ਤਾਂ ਸ਼ੇਰ ਨੇ ਅਜਿਹਾ ਝਪਟਾ ਮਾਰਿਆ ਕਿ ਤਿਵਾੜੀ ਜੀ ਤਾਂ ਉਥੇ ਹੀ ਦਮ ਤੋੜ ਗਏ ਤੇ ਉਨ੍ਹਾਂ ਦਾ ਮਿੱਤਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਜਾ ਪੁੱਜਾ।

ਪੰਜਾਬ ਦੇ ਲੋਕ ਕਿਹੜਾ ਘੱਟ ਅੰਧਵਿਸ਼ਵਾਸੀ ਹਨ? ਇੱਥੋਂ ਦੇ ਪਸ਼ੂ ਵਿਕਸਿ਼ਤ ਦੇਸ਼ਾਂ ਦੇ ਪਸ਼ੂਆਂ ਦੇ ਮੁਕਾਬਲੇ ਤੀਸਰਾ ਹਿੱਸਾ ਦੁੱਧ ਦਾ ਉਤਪਾਦਨ ਹੀ ਕਰਦੇ ਹਨ ਕਿਉਂਕਿ ਕਿਸੇ ਦਾ ਵੀ ਧਿਆਨ ਪਸ਼ੂਆਂ ਦੇ ਦੁੱਧ ਵਧਾਉਣ ਵਾਲੀਆਂ ਖੁਰਾਕਾਂ, ਨਸਲਾਂ ਜਾਂ ਵਾਤਾਵਰਣ ਦੀਆਂ ਹਾਲਤਾਂ ਵੱਲ ਨਹੀਂ, ਸਗੋਂ ਧਿਆਨ ਇਸ ਗੱਲ ਵੱਲ ਹੈ ਕਿ ਆਪਣੇ ਗਾਹਕਾਂ ਦੀਆਂ ਜੇਬਾਂ ਅਤੇ ਸਿਹਤਾਂ ਨੂੰ ਨੁਕਸਾਨ ਕਿਵੇਂ ਪਹੁੰਚਾਉਣਾ ਹੈ। ਦੁੱਧ ਉਤਾਰਨ ਲਈ ਪਸ਼ੂਆਂ ਨੂੰ ਟੀਕਿਆਂ ਦਾ ਬੇਥਾਹ ਇਸਤੇਮਾਲ ਕੀਤਾ ਜਾਂਦਾ ਹੈ। ਇਹ ਦਵਾਈਆਂ ਮਨੁੱਖਾਂ ਦੇ ਸਰੀਰਾਂ ਵਿੱਚ ਦੁੱਧ ਰਾਹੀਂ ਪੁੱਜ ਜਾਂਦੀਆਂ ਹਨ।

ਦੁਰਾਹੇ ਦੇ ਨਜ਼ਦੀਕੀ ਪਿੰਡ ਘੁਡਾਣੀ ਖੁਰਦ ਦੇ ਭਿੰਦਰ ਨੇ ਪੰਦਰਾਂ ਹਜ਼ਾਰ ਖਰਚ ਕੇ ਨਵੀਂ ਮੱਝ ਖਰੀਦ ਲਈ। ਅੰਧਵਿਸ਼ਵਾਸੀ ਲੋਕ ਸੋਚਦੇ ਨੇ ਕਿ ਜੇ ਮੱਝ ਦੇ ਅੱਗੇ ਸ਼ਗਨ ਵਜੋਂ ਸੋਨਾ ਰੱਖਿਆ ਜਾਵੇ ਤਾਂ ਮੱਝ ਘਰ ਨੂੰ ਰੰਗ ਭਾਗ ਲਾ ਦਿੰਦੀ ਹੈ। ਇਹ ਸੋਚ ਕੇ ਉਸਨੇ ਆਪਣਾ ਢਾਈ ਤੋਲੇ ਦਾ ਸੋਨੇ ਦਾ ਕੜਾ ਗੁੜ ਦੇ ਨਾਲ ਹੀ ਮੱਝ ਦੀ ਖੁਰਨੀ ਵਿੱਚ ਰੱਖ ਦਿੱਤਾ। ਮੱਝ ਗੁੜ ਦੇ ਨਾਲ ਹੀ ਕੜਾ ਵੀ ਅੰਦਰ ਲੰਘਾ ਗਈ। ਪਰਿਵਾਰ ਦੇ ਮੈਂਬਰ ਕਾਫ਼ੀ ਦਿਨ ਮੱਝ ਦੇ ਦੁੱਧ ਦੀ ਬਜਾਏ ਗੋਹੇ ਵੱਲ ਜਿ਼ਆਦਾ ਧਿਆਨ ਦੇ ਰਹੇ ਸਨ। ਮੱਝ ਨੂੰ ਲਿਜਾ ਕੇ ਐਕਸਰੇ ਕਰਵਾਉਣ ਦੀ ਉਨ੍ਹਾਂ ਦੀ ਸਮਰੱਥਾ ਨਹੀਂ ਸੀ।

ਮੇਰੇ ਦੇਸ਼ ਦੇ ਲੋਕ ਇਹ ਜਾਣਦੇ ਹੀ ਨਹੀਂ ਕਿ ਮਕਾਨ ਇੱਟਾਂ ਪੱਥਰਾਂ ਨਾਲ ਨਹੀਂ ਬਣਦਾ ਸਗੋਂ ਘਰ ਵਿੱਚ ਰਹਿਣ ਵਾਲੇ ਜੀਆਂ ਨਾਲ ਬਣਦਾ ਹੈ। ਜੇ ਘਰ ਵਿੱਚ ਰਹਿਣ ਵਾਲੇ ਜੀਆਂ ਵਿੱਚ ਪਿਆਰ ਤੇ ਵਿਸ਼ਵਾਸ ਹੋਵੇ ਤਾਂ ਕੁੱਲੀ ਵੀ ਮਹਿਲ ਬਣ ਜਾਂਦੀ ਹੈ ਨਹੀਂ ਤਾਂ ਸ਼ਾਹੀ ਮਹਿਲ ਵੀ ਸੂਰਾਂ ਦੇ ਵਾੜੇ ਹੀ ਹੋ ਨਿਬੜਦੇ ਹਨ। ਜਿਵੇਂ ਨੇਪਾਲ ਦੇ ਸ਼ਾਹੀ ਮਹਿਲ ਦੀ ਉਦਾਹਰਣ ਤੁਹਾਡੇ ਸਾਹਮਣੇ ਹੈ ਜਿੱਥੇ ਘਰ ਦੇ ਹੀ ਇੱਕ ਮੈਂਬਰ ਨੇ ਪੂਰੇ ਪਰਿਵਾਰ ਨੂੰ ਗੋਲੀ ਮਾਰਕੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਸੀ।

ਲੁਧਿਆਣੇ ਦੀ ਇੱਕ ਅਮੀਰ ਬਸਤੀ ਵਿੱਚ ਇੱਕ ਅਮੀਰਜ਼ਾਦੇ ਨੇ ਕਰੋੜਾਂ ਰੁਪਏ ਖਰਚ ਕੇ ਨਵੀਂ ਕੋਠੀ ਪੁਆਈ। ਲਾਈਲੱਗ ਵਿਅਕਤੀ ਕਿਸੇ ਪੰਡਤ ਜੀ ਕੋਲ ਮਹੂਰਤ ਕਢਾਉਣ ਚਲਿਆ ਗਿਆ। ਪੰਡਤ ਜੀ ਕਹਿਣ ਲੱਗੇ ਗ੍ਰਹਿਪ੍ਰਵੇਸ਼ ਤੋਂ ਪਹਿਲਾ ਗਊ ਮਾਤਾ ਦਾ ਪ੍ਰਵੇਸ਼ ਕਰਵਾਉ ਤੇ ਘਰ ਨੂੰ ਨਜ਼ਰ ਤੋਂ ਬਚਾਉਣ ਲਈ ਉਸਦਾ ਗੋਹਾ ਤੇ ਮੂਤਰ ਵੀ ਕੋਠੀ ਵਿੱਚ ਕਰਵਾਉ। ਗਊ ਨੇ ਪੇਸ਼ਾਬ ਤਾਂ ਸਹਿਜੇ ਹੀ ਕਰ ਦਿੱਤਾ ਪਰ ਗੋਹਾ ਨਾ ਕੀਤਾ ਤਾਂ ਗਊ ਮਾਲਕ ਨੇ ਸੋਚਿਆ ਕਿ ਪੂਰੇ ਪੈਸੇ ਤਾਂ ਤਦ ਹੀ ਮਿਲਣਗੇ ਜੇ ਗਾਂ ਗੋਹਾ ਕਰੇਗੀ ਸਿੱਟੇ ਵਜੋਂ ਉਸਨੇ ਗਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਅਜੀਬ ਮਾਹੌਲ ਵਿੱਚ ਗਾਂ ਅਜਿਹਾ ਤ੍ਰਬਕੀ ਕਿ ਉਸਨੇ ਡ੍ਰਾਇੰਗ ਰੂਮ ਦੇ ਦਰਵਾਜ਼ੇ ਤੇ ਖਿੜਕੀਆਂ ਚਕਨਾਚੂਰ ਕਰ ਦਿੱਤੀਆਂ। ਲੋਕ ਪਰਿਵਾਰ ਵਾਲਿਆਂ ਨੂੰ ਤਸੱਲੀ ਦੇ ਰਹੇ ਸਨ ਕਿ ਇਹ ਸ਼ਗਨ ਹੋਰ ਵੀ ਚੰਗਾ ਹੋਇਆ ਹੈ।

ਠੱਗਾਂ ਦੀ ਵੀ ਇਸ ਦੇਸ਼ ਵਿੱਚ ਕਮੀ ਨਹੀਂ। ਇੱਕ ਪਾਸੇ ਅਰਬਾਂ ਰੁਪਏ ਦੇ ਮਾਲਕ ਵੀ ਵੱਡੀਆਂ ਵੱਡੀਆਂ ਠੱਗੀਆਂ ਮਾਰ ਰਹੇ ਹਨ, ਦੂਜੇ ਪਾਸੇ ਤੁਹਾਨੂੰ ਕੁਝ ਗਰੀਬ ਵਿਅਕਤੀ ਵੀ ਆਪਣੇ ਪੇਟ ਦੀ ਖਾਤਰ ਲੋਕਾਂ ਦੀਆਂ ਜੇਬਾਂ ਕੁਤਰਦੇ ਨਜ਼ਰ ਪੈ ਜਾਣਗੇ। ਸਾਂਈ ਬਾਬੇ ਦੀ ਉਦਾਹਰਣ ਹੀ ਲੈ ਲਵੋ ਜੇ ਉਸਦੇ ਟਰੱਸਟ ਦੀ ਸੰਪਤੀ ਵੇਚਣੀ ਹੋਵੇ ਤਾਂ ਪੰਜਾਬ ਦੇ ਸਾਢੇ ਤੇਰਾਂ ਹਜ਼ਾਰ ਪਿੰਡਾਂ ਨੂੰ ਦੋ ਦੋ ਕਰੋੜ ਰੁਪਏ ਦੀ ਰਾਸ਼ੀ ਆ ਜਾਵੇਗੀ। ਜਿਸ ਨਾਲ ਹਰ ਪਿੰਡ ਵਿੱਚ ਹਸਪਤਾਲ ਸਕੂਲ ਤੇ ਕਮਿਉਨਿਟੀ ਸੈਂਟਰ ਬਣ ਸਕਦੇ ਹਨ ਤੇ ਹਰ ਪਿੰਡ ਵਧੀਆ ਸੜਕਾਂ ਨਾਲ ਜੁੜਿਆ ਹੋਵੇਗਾ। ਸਾਂਈ ਬਾਬੇ ਨੇ ਆਪਣੇ ਬਚਪਨ ਵਿੱਚ ਹੀ ਆਪਣੇ ਚਾਚੇ ਰਾਜੂ ਤੋਂ ਕੁਝ ਅਜਿਹੇ ਟਰਿਕ ਸਿਖ ਲਏ ਜਿਨ੍ਹਾਂ ਦਾ ਇਸਤੇਮਾਲ ਕਰਕੇ ਉਹ ਕਰੋੜਾਂ ਚੇਲਿਆਂ ਤੇ ਅਰਬਾਂ ਦੀ ਸੰਪਤੀ ਦਾ ਮਾਲਕ ਬਣ ਗਿਆ। ਉਸਦੇ ਰਹਿ ਚੁੱਕੇ ਵਿਦੇਸ਼ੀ ਚੇਲਿਆਂ ਨੇ ਉਸਦੀਆਂ ਸਮਲਿੰਗਕ ਰੁਚੀਆਂ ਨੂੰ ਆਪਣੀਆਂ ਕਿਤਾਬਾਂ ਵਿੱਚ ਉਜਾਗਰ ਕੀਤਾ ਹੈ। ਉਸਦੀਆਂ ਕਈ ਚਲਾਕੀਆਂ ਤਰਕਸ਼ੀਲਾਂ ਨੇ ਅਨੇਕਾਂ ਵਾਰ ਫੜ੍ਹੀਆਂ ਹਨ। ਆਪਣੀਆਂ ਚਲਾਕੀਆਂ ਦੇ ਉਜਾਗਰ ਹੋਣ ਕਰਕੇ ਹੀ ਉਸਦੇ ਆਪਣੇ ਬੈੱਡ ਰੂਮ ‘ਚ ਪੰਜ ਵਿਅਕਤੀਆਂ ਨੂੰ ਗੋਲੀਆਂ ਮਾਰਕੇ ਹਲਾਕ ਕਰ ਦਿੱਤਾ ਗਿਆ ਸੀ। ਪਰ ਭਾਰਤੀ ਸਰਕਾਰ ਤੇ ਅਦਾਲਤੀ ਕਾਰਵਾਈਆਂ ਵਿੱਚ ਆਪਣਾ ਜ਼ੋਰ ਹੋਣ ਕਰਕੇ ਕੋਈ ਵੀ ਉਸਦਾ ਕੱਖ ਨਾ ਵਿਗਾੜ ਸਕਿਆ।

ਉਸਦੇ ਬਹੁਤ ਸਾਰੇ ਚੇਲੇ ਅੱਜ ਦੇ ਵਿਗਿਆਨਕ ਯੁੱਗ ਵਿੱਚ ਵੀ ਇਹ ਵਿਸ਼ਵਾਸ ਰੱਖਦੇ ਹਨ ਤੇ ਸਮਝਦੇ ਹਨ ਕਿ ਉਸਦੀ ਫੋਟੋ ਵਿੱਚੋਂ ਰਾਖ ਪ੍ਰਗਟ ਹੁੰਦੀ ਹੈ। ਮੈਂ ਆਪਣੀ ਰਿਸ਼ਤੇਦਾਰੀ ਵਿੱਚੋਂ ਉਸਦੇ ਇੱਕ ਭਗਤ ਨੂੰ ਇਹ ਰਾਖ ਪ੍ਰਗਟ ਕਰਕੇ ਵੀ ਵਿਖਾਈ ਸੀ। ਅਸਲ ਵਿੱਚ ਲੈਕਟਿਕ ਐਸਿਡ ਇੱਕ ਅਜਿਹਾ ਪਦਾਰਥ ਹੈ ਜੇ ਇਸਨੂੰ ਕਿਸੇ ਫੋਟੋ ਦੇ ਫਰੇਮ ਤੇ ਲਾ ਦਿੱਤਾ ਜਾਵੇ ਤਾਂ ਬਰਸਾਤਾਂ ਦੀ ਰੁੱਤ ਵਿੱਚ ਇਹ ਹਵਾ ਵਿੱਚੋਂ ਨਮੀ ਫੜ੍ਹ ਲੈਂਦਾ ਹੈ ਜਿਸ ਨਾਲ ਫੋਟੋ ਫਰੇਮ ਵਿੱਚੋਂ ਰਾਖ ਪ੍ਰਗਟ ਹੋਣੀ ਸ਼ੁਰੂ ਹੋ ਜਾਂਦੀ ਹੈ। ਅੰਧਵਿਸ਼ਵਾਸੀ ਇਸਨੂੰ ਬਾਬੇ ਦੀ ਕਰਾਮਾਤ ਹੀ ਸਮਝਦੇ ਹਨ।

ਤੁਸੀਂ ਆਪਣੀ ਸਕੂਲ ਦੀ ਪੜ੍ਹਾਈ ਵਿੱਚ ਪੜ੍ਹਿਆ ਹੋਵੇਗਾ ਕਿ ਜੇ ਆਬਨੂਸ ਦੇ ਡੰਡੇ ਨੂੰ ਬਿੱਲੀ ਦੀ ਖੱਲ ਨਾਲ ਰਗੜਿਆ ਜਾਵੇ ਜਾਂ ਕੰਚ ਦੇ ਡੰਡੇ ਨੂੰ ਰੇਸ਼ਮੀ ਰੁਮਾਲ ਨਾਲ ਰਗੜਿਆ ਜਾਵੇ ਤਾਂ ਇਨ੍ਹਾਂ ਸਾਰੀਆਂ ਚੀਜ਼ਾਂ ਵਿੱਚ ਰਗੜ ਬਿਜਲੀ ਪੈਦਾ ਹੋ ਜਾਂਦੀ ਹੈ। ਤੁਸੀਂ ਇਹ ਘਰੇ ਵੀ ਕਰਕੇ ਵੇਖ ਸਕਦੇ ਹੋ। ਪੈੱਨ ਲੈ ਕੇ ਇਸਨੂੰ ਆਪਣੇ ਸਿਰ ਦੇ ਵਾਲਾਂ ਨਾਲ ਰਗੜੋ ਤੇ ਵੇਖੋਗੇ ਕਿ ਪੈੱਨ ਕਾਗਜ਼ ਦੇ ਛੋਟੇ ਛੋਟੇ ਟੁਕੜਿਆਂ ਨੂੰ ਆਪਣੇ ਵੱਲ ਖਿੱਚਣ ਲੱਗ ਜਾਵੇਗਾ। ਇਹ ਹੋਰ ਕੁਝ ਨਹੀਂ ਤੁਹਾਡੇ ਹੱਥਾਂ ਦੀ ਊਰਜਾ ਨੇ ਪੈੱਨ ਵਿੱਚ ਰਗੜ ਬਿਜਲੀ ਪੈਦਾ ਕਰ ਦਿੱਤੀ ਹੈ। ਮੇਰੇ ਦੇਸ਼ ਦੇ ਲੋਕ ਇਸ ਗੱਲ ਤੋਂ ਡਰ ਰਹੇ ਸਨ। ਪੰਜਾਬ ਵਿੱਚ ਕਈ ਥਾਈਂ ਸਾਨੂੰ ਅਜਿਹੇ ਲੋਕਾਂ ਤੋਂ ਸਾਧਾਂ ਸੰਤਾਂ ਦੁਆਰਾ ਲੁੱਟੇ ਹੋਏ ਪੈਸੇ ਵਾਪਸ ਕਰਵਾਉਣੇ ਪਏ ਹਨ। ਬਰਨਾਲੇ ਦੀ ਦਾਣਾ ਮੰਡੀ ਤੋਂ ਥੋੜ੍ਹਾ ਜਿਹਾ ਅਗਾਂਹ ਇੱਕ ਗਰੀਬ ਕਿਸਾਨ ਨੇ ਖੇਤਾਂ ਵਿੱਚ ਆਪਣਾ ਘਰ ਬਣਾਇਆ ਹੋਇਆ ਸੀ। ਉਸਦੀ ਪਤਨੀ ਜਾਂ ਬੇਟੀ ਜਦੋਂ ਆਟਾ ਛਾਣਦੀਆਂ ਤਾਂ ਪ੍ਰਾਂਤ ਵਿੱਚੋਂ ਕਰੰਟ ਦੀਆਂ ਚੰਗਿਆੜੀਆਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ। ਬਰਨਾਲੇ ਦੀ ਇੱਕ ਫੂਡ ਕਾਰਪੋਰੇਸ਼ਨ ਦੇ ਮੁਲਾਜ਼ਮ ਰਾਹੀਂ ਸਾਹਿਬ ਮੇਰੇ ਕੋਲ ਉਸ ਪਰਿਵਾਰ ਨੂੰ ਲੈ ਕੇ ਆਏ, ਉਸ ਪਰਿਵਾਰ ਨੇ ਹਜ਼ਾਰਾਂ ਰੁਪਏ ਪ੍ਰਾਂਤ ਵਿੱਚੋਂ ਨਿਕਲਦੀ ਇਕ ਭੂਤ ਕਾਰਨ ਸਾਧਾਂ ਸੰਤਾਂ ਨੂੰ ਖੁਆ ਦਿੱਤੇ ਸਨ। ਜਦੋਂ ਮੈਂ ਜਾਕੇ ਉਸ ਪਰਿਵਾਰ ਦੀ ਬਿਥਿਆ ਸੁਣੀ ਤਾਂ ਮੈਂ ਪ੍ਰਾਤ ਹੇਠਾਂ ਰੱਖੀ ਹੋਈ ਪਲਾਸਟਿਕ ਦੀ ਪੀਪੀ ਨੂੰ ਚੁਕਵਾ ਕੇ ਪ੍ਰਾਤ ਨੂੰ ਹੇਠਾਂ ਜ਼ਮੀਨ ਤੇ ਰੱਖਵਾ ਦਿੱਤਾ ਤੇ ਪ੍ਰਾਤ ਵਿੱਚੋਂ ਚੰਗਿਆੜੀਆਂ ਨਿਕਲਣੀਆਂ ਤੁਰੰਤ ਬੰਦ ਹੋ ਗਈਆਂ। ਗੱਲ ਕੀ ਸੀ ਛਾਨਣੀ ਨਾਲ ਆਟਾ ਛਾਣਦਿਆਂ ਆਟਾ ਰਗੜ ਖਾਂਦਾ-ਖਾਂਦਾ ਚਾਰਜਿਤ ਹੋ ਜਾਂਦਾ, ਹੇਠਾਂ ਪਲਾਸਟਿਕ ਦੀ ਪੀਪੀ ਰੱਖੀ ਹੋਣ ਕਾਰਨ ਉਹ ਕਰੰਟ ਜ਼ਮੀਨ ਵਿੱਚ ਨਾ ਜਾਂਦਾ। ਹੁਣ ਸਾਡੇ ਪੀਪੀ ਚੁਕਵਾ ਦੇਣ ਕਾਰਨ ਪਰਾਂਤ ਵਿੱਚੋਂ ਇਕੱਠੀ ਹੋਈ ਰਗੜ ਬਿਜਲੀ ਜ਼ਮੀਨ ਵਿੱਚ ਜਾਣ ਲੱਗ ਪਈ।

ਇਸ ਤਰ੍ਹਾਂ ਹੀ ਇੱਕ ਦਿਨ ਮੈਂ ਬੱਸ ਵਿੱਚ ਸਫ਼ਰ ਕਰ ਰਿਹਾ ਸਾਂ। ਇੱਕ ਵਿਅਕਤੀ ਦੰਦਾ ਦਾ ਘਰੇ ਬਣਾਇਆ ਹੋਇਆ ਮੰਜਣ ਹੀ ਲੋਕਾਂ ਨੂੰ ਵੇਚਣ ਦੀ ਖਾਤਰ ਉਨ੍ਹਾਂ ਨੂੰ ਦੰਦਾਂ ਵਿੱਚੋਂ ਕੀੜੇ ਕੱਢ ਕੇ ਵਿਖਾ ਰਿਹਾ ਸੀ। ਉਹ ਜਦੋਂ ਵੀ ਕਿਸੇ ਵਿਅਕਤੀ ਦੇ ਮੂੰਹ ਵਿੱਚ ਇੱਕ ਸਿਲਾਈ ਪਾਉਂਦਾ ਤਾਂ ਉਸ ਨਾਲ ਇੱਕ ਦੋ ਕੀੜੇ ਚਿੰਬੜੇ ਹੁੰਦੇ। ਇਨ੍ਹਾਂ ਕੀੜਿਆਂ ਦੇ ਕਈ ਕਈ ਟੰਗਾਂ ਵੀ ਖੜ੍ਹੀਆਂ ਨਜ਼ਰ ਆਉਂਦੀਆਂ। ਮੈਨੂੰ ਇਸ ਗੱਲ ਦਾ ਪਤਾ ਸੀ ਕਿ ਦੰਦਾਂ ਵਿੱਚ ਟੰਗਾਂ ਵਾਲੇ ਕੀੜੇ ਨਹੀਂ ਹੁੰਦੇ ਸਗੋਂ ਇਹ ਤਾਂ ਬੈਕਟੀਰੀਆਂ ਹੁੰਦਾ ਹੈ ਜੋ ਨੰਗੀ ਅੱਖ ਨਾਲ ਨਜ਼ਰ ਆ ਹੀ ਨਹੀਂ ਸਕਦਾ। ਜਦੋਂ ਮੈਂ ਉਸ ਬੱਸ ਵਿੱਚ ਸਫ਼ਰ ਕਰਦੇ ਲੋਕਾਂ ਨੂੰ ਦੱਸਿਆ ਤੇ ਵਿਖਾਇਆ ਕਿ ਉਹ ਦੀਆਂ ਸਿਲਾਈਆਂ ਨਾਲ ਇੱਕ ਦੋ ਉਟਾਕਣ ਦੇ ਬੀਜ ਚੰਬੇੜ ਲੈਂਦਾ ਹੈ ਤੇ ਇਨ੍ਹਾਂ ਬੀਜਾਂ ਦੀ ਇੱਕ ਸਿਫ਼ਤ ਹੁੰਦੀ ਹੈ ਕਿ ਗਿੱਲੇ ਹੋ ਕੇ ਇਸ ਬੀਜ ਦਾ ਮੂੰਹ ਖੁੱਲ੍ਹ ਜਾਂਦਾ ਹੈ ਇਸ ਵਿੱਚ ਕੁਝ ਨਿੱਕੇ ਨਿੱਕੇ ਵਾਲ ਖੜ੍ਹੇ ਹੋ ਜਾਂਦੇ ਹਨ ਜੋ ਟੰਗਾਂ ਵਾਲੇ ਕੀੜੇ ਦੀ ਤਰ੍ਹਾਂ ਨਜ਼ਰ ਆਉਂਦੇ ਹਨ।

ਤਰਕਸ਼ੀਲ ਲਹਿਰ ਦੇ ਪੱਚੀ ਵਰ੍ਹਿਆਂ ਦੌਰਾਨ ਮੈਂ ਅਜਿਹੇ ਅਨਪੜ੍ਹ ਲੋਕਾਂ ਨੂੰ ਵੀ ਵੇਖਿਆ ਹੈ ਜਿਨ੍ਹਾਂ ਨੇ ਵਿਗਿਆਨਕ ਸੋਚ ਅਪਣਾ ਕੇ ਹਰ ਖੇਤਰ ਵਿੱਚ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ ਅਤੇ ਮੈਂ ਅਜਿਹੇ ਪੜ੍ਹੇ ਲਿਖੇ ਲੋਕਾਂ ਨੂੰ ਵੀ ਬੇਵਕੂਫ਼ ਬਣਦਿਆਂ ਤੱਕਿਆ ਹੈ। ਇਸ ਦੀ ਤਾਜ਼ਾ ਉਦਾਹਰਣ ਹਰਿਆਣੇ ਦੀ ਤਹਿਸੀਲ ਗੂਹਲਾ ਦੇ ਐਸ. ਡੀ. ਐਮ. ਦੀ ਹੈ। ਇਹ ਵਿਅਕਤੀ ਬਾਰਾਂ ਅਗਸਤ ਦੀ ਰਾਤ ਨੂੰ 9 ਵਜੇ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੂੰ ਨਾਲ ਲੈ ਕੇ ਪਿੰਡ ਧੀਡਲ ਵਿਖੇ ਨੰਗੇ ਪੈਰੀਂ ਪਹੁੰਚਿਆ ਅਤੇ ਮੰਤਰ ਪੜ੍ਹਨ ਲੱਗਿਆ। ਇਸ ਤੋਂ ਬਾਅਦ ਉਸ ਨੇ ਕੱਪੜੇ ਵਿੱਚ ਲਪੇਟੀਆਂ ਸੱਤ ਪੱਤਰੀਆਂ 400 ਗ੍ਰਾਮ ਨਿੰਬੂ ਅਤੇ ਖੱਮਣੀ ਵਿੱਚ ਲਪੇਟਿਆ ਹੋਇਆ ਇੱਕ ਨਾਰੀਅਲ ਖੂਹ ਵਿੱਚ ਸੁੱਟ ਦਿੱਤਾ। ਉਹ ਨੂੰ ਇਹ ਕਾਰਾ ਕਰਦੇ ਹੋਏ ਕੁੱਝ ਪੇਂਡੂ ਲੋਕਾਂ ਨੇ ਵੇਖ ਲਿਆ। ਦੇਖਦੇ ਹੀ ਦੇਖਦੇ ਸੈਂਕੜੇ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਇਸ ਅਧਿਕਾਰੀ ਨੂੰ ਘੇਰ ਲਿਆ ਅਤੇ ਪੁਲਿਸ ਵੀ ਬੁਲਾ ਲਈ ਗਈ। ਪੇਂਡੂ ਲੋਕਾਂ ਦਾ ਕਹਿਣਾ ਸੀ ਕਿ ਇਸ ਅਧਿਕਾਰੀ ਨੇ ਸਾਡੇ ਖੂਹ ਦਾ ਪਾਣੀ ਅਸ਼ੁੱਧ ਕਰ ਦਿੱਤਾ ਹੈ। ਕੁੱਝ ਲੋਕਾਂ ਦਾ ਖਿ਼ਆਲ ਹੈ ਕਿ ਇਹ ਐਸ. ਡੀ. ਐਮ. ਹਰਿਆਣਾ ਸਿਵਲ ਸਰਵਿਸ ਤੋਂ ਤਰੱਕੀ ਪਾ ਕੇ ਇੰਡੀਅਨ ਐਡਮਨਿਸਟਟ੍ਰੇਸ਼ਨ ਸਰਵਿਸਜ਼ ਦੀ ਤਰੱਕੀ ਪਾਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਇੱਕ ਤਾਂਤਰਿਕ ਦੇ ਕਹਿਣ ਤੇ ਅਜਿਹਾ ਕੁੱਝ ਕੀਤਾ ਹੁਣ ਪਿੰਡ ਵਾਲੇ ਚਾਹੁੰਦੇ ਸਨ ਕਿ ਇਸ ਖੂਹ ਦਾ ਪਾਣੀ ਬਦਲਿਆ ਜਾਵੇ ਤੇ ਸਭ ਤੋਂ ਪਹਿਲਾਂ ਇਸੇ ਅਧਿਕਾਰੀ ਨੂੰ ਪਿਲਾਇਆ ਜਾਵੇ। ਟੂਣੇ ਦੀ ਨਾ ਤਾਂ ਇਹ ਪਹਿਲੀ ਘਟਨਾ ਹੈ ਨਾ ਹੀ ਆਖ਼ਰੀ। ਸੁਆਲ ਤਾਂ ਇਹ ਖੜ੍ਹਾ ਹੁੰਦਾ ਹੈ ਕਿ ਇੱਕ ਪੜ੍ਹੇ ਲਿਖੇ ਇਨਸਾਨ ਨੂੰ ਕੁੱਝ ਤਾਂਤਰਿਕ ਬੇਵਕੂਫ਼ ਕਿਵੇਂ ਬਣਾ ਜਾਂਦੇ ਹਨ। ਇਸ ਅਧਿਕਾਰੀ ਨੇ ਇਹ ਬਿਲਕੁਲ ਵੀ ਨਾ ਸੋਚਿਆ ਕਿ ਖੂਹ ਵਿੱਚ ਸੁੱਟੀਆਂ ਹੋਈਆਂ ਕੁੱਝ ਚੀਜ਼ਾਂ ਉਸ ਦੀ ਤਰੱਕੀ ਕਿਵੇਂ ਕਰਵਾਉਣਗੀਆਂ ਜਾਂ ਮੀਂਹ ਕਿਵੇਂ ਪਵਾਉਣਗੀਆਂ ਜਿਵੇਂ ਕਿ ਇਸ ਅਧਿਕਾਰੀ ਨੇ ਕਬੂਲ ਕੀਤਾ ਹੈ।

ਤਰਕਸ਼ੀਲ ਸੁਸਾਇਟੀ ਦੇ ਕੁੱਝ ਮੈਂਬਰਾਂ ਨੂੰ ਇੱਕ ਅਜੀਬ ਕੇਸ ਦਾ ਸਾਹਮਣਾ ਵੀ ਕਰਨਾ ਪਿਆ। ਇੱਕ ਪਿੰਡ ਦੀਆਂ ਦੋ ਸਕੀਆਂ ਭੈਣਾਂ ਦੂਸਰੇ ਪਿੰਡ ਦੇ ਦੋ ਸਕੇ ਭਰਾਵਾਂ ਨਾਲ ਵਿਆਹੀਆਂ ਹੋਈਆਂ ਸਨ। ਛੋਟੇ ਭਰਾ ਨੇ ਸ਼ਰਾਬ ਪੀਣ ਲਈ ਕੁੱਝ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ। ਉਹ ਕਹਿਣ ਲੱਗਿਆ ਕਿ ਮੇਰੇ ਵਿੱਚ ਕਾਕੋਜੀ (ਪਿਤਾ ਜੀ) ਦੀ ਰੂਹ ਆਉਂਦੀ ਹੈ ਜੋ ਮੈਨੂੰ ਦਾਰੂ ਪੀਣ ਲਈ ਮਜਬੂਰ ਕਰਦੀ ਹੈ। ਉਸਦਾ ਵੱਡਾ ਭਰਾ ਉਸਤੋਂ ਜਿ਼ਆਦਾ ਅੰਧਵਿਸ਼ਵਾਸੀ ਸੀ ਉਸ ਵਿੱਚ ਵੀ ਦੇਖਾ ਦੇਖੀ ਕਾਕੋ ਜੀ ਦੀ ਰੂਹ ਆਉਣ ਲੱਗ ਪਈ। ਉਸਦੀ ਘਰ ਵਾਲੀ ਨੇ ਆਪਣੇ ਪਤੀ ਤੋਂ ਹੀ ਘੁੰਡ ਕੱਢਣਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਉਸਤੋਂ ਦੂਰ ਰਹਿਣ ਲੱਗੀ। ਘਰਵਾਲਾ ਜਦੋਂ ਉਸਨੂੰ ਆਪਣੇ ਕਮਰੇ ਵਿੱਚ ਸੌਣ ਲਈ ਆਖੇ ਤਾਂ ਉਹ ਕਹਿ ਦਿੰਦੀ, ‘‘ਥਾਰੇ ਮੇਂ ਤੋਂ ਕਾਕੋ ਜੀ ਆਵੇਂ। ਹਮੇ ਸ਼ਰਮ ਆਵੇ, ਹਮ ਕਿਆ ਕਰੇਂ’’ ਇਸ ਤਰ੍ਹਾਂ ਸਥਿਤੀ ਹੋਰ ਵੀ ਕਾਫ਼ੀ ਗੰਭੀਰ ਹੋ ਗਈ। ਸੁਸਾਇਟੀ ਦੇ ਮੈਂਬਰਾਂ ਨੇ ਕਾਫ਼ੀ ਯਤਨ ਕਰਕੇ ਉਸ ਪਰਿਵਾਰ ਨੂੰ ਠੀਕ ਰਾਹ ‘ਤੇ ਲਿਆਂਦਾ।

ਕਈ ਵਾਰ ਰੀਤੀ-ਰਿਵਾਜ਼ਾਂ, ਧਾਰਮਿਕ ਮਾਨਤਾਵਾਂ ਅਤੇ ਵਿਆਹ-ਸ਼ਾਦੀ ਦੇ ਮੌਕੇ ‘ਤੇ ਲੜਕਾ-ਲੜਕੀ ਪਰਿਵਾਰ ਲਈ ਦੁਵਿਧਾ ਦੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ। ਅਜਿਹੀ ਹੀ ਇੱਕ ਦੁਵਿਧਾਪੂਰਨ ਸਥਿਤੀ ਦੇ ਹੂ-ਬ-ਹੂ ਹੋ ਮੁੰਬਈ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋ ਕੇ ਪਰਤੇ ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਮੁੰਬਈ ਦੇ ਇੱਕ ਉਪ ਨਗਰ ਵਿੱਚ ਲਗਨ ਮੰਡਪ ਵਿੱਚ ਬੈਠੇ ਲੜਕਾ-ਲੜਕੀ ਦੇ ਘਰਵਾਲਿਆਂ ਤੇ ਮੰਡਪ ਵਿੱਚ ਬੈਠੇ ਲੜਕਾ-ਲੜਕੀ ਦੇ ਹੋਸ਼ ਉਸ ਵੇਲੇ ਉੱਡ ਗਏ ਜਦੋਂ ਪੰਡਤ ਜੀ ਨੇ ਇਨ੍ਹਾਂ ਨੂੰ ਫੇਰਿਆਂ ਤੋਂ ਪਹਿਲਾਂ ਲੜਕੀ ਦੇ ਹੱਥੋਂ ਗਊ ਦਾਨ ਦੀ ਰਸਮ ਅਦਾ ਕਰਨ ਨੂੰ ਕਿਹਾ। ਲੜਕਾ-ਲੜਕੀ ਪਰਿਵਾਰ ਨੇ ਗਊ ਦਾ ਪ੍ਰਬੰਧ ਕੀਤਾ ਹੋਇਆ ਸੀ। ਪਰ ਬਿਲਡਿੰਗ ਦੀ 7ਵੀਂ ਮੰਜਿ਼ਲ ‘ਤੇ ਲਗਨ ਮੰਡਪ ਤੱਕ ਗਊ ਲਿਆਉਣਾ ਸੰਭਵ ਨਹੀਂ ਸੀ ਕਿਉਂਕਿ ਬਿਲਡਿੰਗ ਦੀ ਲਿਫਟ ਦਾ ਆਕਾਰ ਉਸਦੇ ਮਾਪ ਦਾ ਨਹੀਂ ਸੀ। ਵਿਆਹ ਵਿੱਚ ਸ਼ਾਮਿਲ ਸਾਰੇ ਰਿਸ਼ਤੇਦਾਰਾਂ ਲਈ ਅਸੁਵਿਧਾ ਦੀ ਸਥਿਤੀ ਬਣ ਗਈ ਕਿਉਂਕਿ ਹਿੰਦੂ ਮਾਨਤਾਵਾਂ ਅਨੁਸਾਰ ਇੱਕ ਵਾਰ ਲੜਕਾ-ਲੜਕੀ ਦੇ ਲਗਨ ਮੰਡਪ ਵਿੱਚ ਬੈਠਣ ਦੇ ਬਾਅਦ ਉਨ੍ਹਾਂ ਨੂੰ ਉਦੋਂ ਤੱਕ ਨਹੀਂ ਉਠਾਇਆ ਜਾ ਸਕਦਾ ਜਦੋਂ ਤੱਕ ਫੇਰਿਆ ਦੀ ਰਸਮ ਅਦਾ ਨਾ ਹੋ ਜਾਵੇ। ਇਸ ਦੁਵਿਧਾ ਵਿੱਚ ਇੱਕ ਰਿਸ਼ਤੇਦਾਰ ਨੇ ਸਮੱਸਿਆ ਦੇ ਹੱਲ ਲਈ ਰਾਹ ਕੱਢਦੇ ਹੋਏ ਤੁਰੰਤ ਗਊ ਦੀ ਹੇਠਾਂ ਜਾ ਕੇ ਮੋਬਾਈਲ ਨਾਲ ਫੋਟੋ ਖਿੱਚੀ ਅਤੇ ਪੰਡਤ ਦੇ ਸਾਹਮਣੇ ਰੱਖ ਦਿੱਤੀ। ਪੰਡਤ ਨੇ ਵੀ ਗਊ ਦਾਨ ਲੈ ਕੇ ਅਤੇ ਤਥਾਅਸਤੂ ਕਹਿੰਦੇ ਹੋਏ ਮੋਬਾਈਲ ਜੇਬ ਵਿੱਚ ਪਾ ਲਿਆ ਅਤੇ ਫੇਰੇ ਸੰਪੰਨ ਕਰਵਾਏ। ਇਸ ਦੇ ਬਾਅਦ ਪੰਡਤ ਜੀ ਮੋਬਾਈਲ ਵਿੱਚ ਫੋਟੋ ਅਤੇ ਗਊ ਲੈ ਕੇ ਚੱਲ ਪਏ। ਮੋਬਾਈਲ ਫੋਨ ਲੜਕੀ ਪੱਖ ਦੇ ਇੱਕ ਰਿਸ਼ਤੇਦਾਰ ਦਾ ਸੀ, ਜੋ ਕਿ ਕਾਫ਼ੀ ਮਹਿੰਗਾ ਸੀ। ਇਸ ਦੇ ਬਾਅਦ ਡੋਲੀ ਦੀ ਵਿਦਾਈ ਤੱਕ ਪੰਡਤ ਜੀ ਨੂੰ ਲੱਭਿਆ ਗਿਆ। ਪਰ ਉਹ ਦੂਸਰੇ ਉਪ ਨਗਰ ਤੋਂ ਆਏ ਸਨ, ਜਿਸ ਕਾਰਨ ਉਨ੍ਹਾਂ ਨੂੰ ਲੱਭ ਸਕਣਾ ਮੁਸ਼ਕਲ ਸੀ। ਇਸ ਲਈ ਲੜਕੀ ਪੱਖ ਨੂੰ ਮੋਬਾਈਲ ਦੀ ਕੀਮਤ ਵੀ ਅਦਾ ਕਰਨੀ ਪੈਣੀ ਸੀ।

ਭਾਰਤ ਦੇ ਲੋਕਾਂ ਨੂੰ ਅੰਧਵਿਸ਼ਵਾਸ ਦੀ ਦਲਦਲ ਵਿੱਚੋਂ ਬਾਹਰ ਕੱਢਣ ਦੀ ਜਿੰਮੇਵਾਰੀ ਭਾਰਤ ਤੇ ਪੰਜਾਬ ਸਰਕਾਰ ਦੀ ਹੈ। ਪਰ ਇਹ ਦੋਵੇਂ ਸਰਕਾਰਾਂ ਹੀ ਟੈਲੀਵਿਜ਼ਨ ਰਾਹੀਂ ਲੋਕਾਂ ਨੂੰ ਅੰਧਵਿਸ਼ਵਾਸ ਦੀਆਂ ਖੁੱਡਾਂ ਵਿੱਚ ਧੱਕ ਰਹੇ ਹਨ। ਜਿਸ ਦੇਸ਼ ਵਿੱਚ ਵਾੜ ਹੀ ਖੇਤ ਨੂੰ ਖਾ ਰਹੀ ਹੋਵੇ ਉਸ ਦੇਸ਼ ਦੇ ਵਿਕਾਸ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ?

ਮੇਘ ਰਾਜ ਮਿੱਤਰ
ਤਰਕਸ਼ੀਲ ਨਿਵਾਸ
ਕੱਚਾ ਕਾਲਜ ਰੋਡ
ਬਰਨਾਲਾ।
ਫੋਨ ਨੰ: 98887-87440

 


ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ
ਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ
ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ
ਮੇਘ ਰਾਜ ਮਿੱਤਰ
ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ
ਗਾਥਾ ਇੱਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ
ਸ਼ੌਕੀ ਸਾਂਢੇਵਾਲਾ
ਮੇਘ ਰਾਜ ਮਿੱਤਰ
ਮੈਂ ਜਿੱਤਿਆ ਕੈਂਸਰ ਹਾਰ ਗਈ; ਨਾਲ਼ੇ ਹਾਰੀ ਸ਼ੂਗਰ ਵੀ!!
ਇਕਬਾਲ ਰਾਮੂਵਾਲੀਆ (ਕੈਨੇਡਾ)
ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਪੰਜਾਬੀ ਯੂਨੀਕੋਡ ਪ੍ਰਣਾਲੀ ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (5) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (3) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ (2) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਧਰਮ ਅਤੇ ਵਿਗਿਆਨ
ਜਸਦੀਪ ਸਿੰਘ ਗੁਣਹੀਣ
ਪਹਿਲੀ ਕਿਸ਼ਤ ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ
ਪਹਿਲੀ ਕਿਸ਼ਤ ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ
ਸਰਵਾਈਕਲ (ਗਰਦਨ ਦਾ ਦਰਦ)
ਡਾ. ਇੰਦਰਪ੍ਰੀਤ ਕੌਰ
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਮੇਘ ਰਾਜ ਮਿੱਤਰ
ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ
ਮਾਨਸਿਕ ਪ੍ਰਭਾਵ ਕਿਵੇਂ ਅਸਰ ਕਰਦੇ ਹਨ?
ਮੇਘ ਰਾਜ ਮਿੱਤਰ
ਵਿਗਿਆਨਕ ਸੋਚ ਕਿਵੇਂ ਅਪਣਾਈਏ?
ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2011, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi.com