WWW 5abi.com  ਪੰਨਿਆ ਵਿੱਚ ਸ਼ਬਦ ਭਾਲ

hore-arrow1gif.gif (1195 bytes)

15 ਅਪ੍ਰੈਲ ਐਤਵਾਰ ਲਈ
ਦਸਮਪਿਤਾ ਦੇ ਜੀਵਨ ਦੀ ਪਹਿਲੀ ਜੰਗ: ਭੰਗਾਣੀ ਦਾ ਯੁੱਧ
ਰਣਜੀਤ ਸਿੰਘ ਪ੍ਰੀਤ

ਭੰਗਾਣੀ ਦਾ ਯੁੱਧ

ਜਦੋਂ ਜਨਤਾ ਜ਼ੁਲਮੋ-ਸਿਤਮ ਦੇ ਸ਼ਿਕੰਜੇ ਵਿੱਚ ਜਕੜੀ ਹੋਈ ਸੀ, ਸ਼ੀਸ਼ਾ–ਇ-ਆਬਰੂ ਸ਼ਰੇਆਮ ਕੀਚਰੀਂ ਕੀਤਾ ਜਾ ਰਿਹਾ ਸੀ, ਦਾਦ ਫ਼ਰਿਆਦ ਸ਼ਾਹੀ ਮਹਿਲਾਂ ਦੀ ਰੰਗੀਨੀਆਂ ਨਾਲ ਟਕਰਾਅ–ਟਕਰਾਅ ਕੇ ਖ਼ੁਦਕਸ਼ੀ ਕਰ ਰਹੀ ਸੀ, ਨਿਆਂ ਨੇ ਬੁਰਕਾ ਪਹਿਨ ਰੱਖਿਆ ਸੀ, ਪਰ ਅਨਿਆਇ ਗਲੀ ਗਲੀ, ਮੁਹੱਲੇ ਮੁਹੱਲੇ ਖੁਲੇਆਮ ਬੇ-ਝਿਜਕ ਘੁੰਮ ਰਿਹਾ ਸੀ। ਇਸ ਅਨਿਆਇ ਤੋਂ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਵੀ ਨਹੀਂ ਸਨ ਬਚ ਸਕੇ। ਅਜਿਹਾ ਅਨਿਆਇ ਹੁੰਦਾ ਵੇਖ ਦਸਮਪਿਤਾ ਸ਼੍ਰੀ ਗੁਰੂ ਗੋਬਿੰਦ ਰਾਇ ਜੀ ਨੇ ਸ਼ਰਧਾਲੂਆਂ ਨੂੰ ਹਥਿਆਰ ਅਤੇ ਘੋੜੇ ਆਦਿ ਲੈ ਕੇ ਆਉਂਣ ਲਈ ਕਿਹਾ। ਰਣਜੀਤ ਨਗਾਰਾ ਤਿਆਰ ਕਰਵਾਕੇ ਸ਼ਿਕਾਰ ਲਈ ਜਾਣ ਲੱਗੇ ਅਤੇ ਸ਼ਿਕਾਰੀ ਪੰਛੀ ਬਾਜ਼ ਨੂੰ ਨਾਲ ਰੱਖਣ ਲੱਗੇ। ਸ਼ਰਧਾਲੂਆਂ ਨੂੰ ਫ਼ੌਜੀ ਤਰਬੀਅਤ ਦਿੱਤੀ ਜਾਣ ਲੱਗੀ।

ਇਹ ਤਿਆਰੀ ਵੇਖ ਅਤੇ ਪਹਾੜਾਂ ਵਿੱਚ ਨਗਾਰੇ ਦੀ ਧਮਕ ਸੁਣ ਪਹਾੜੀ ਰਾਜੇ ਬੁਖ਼ਲਾ ਉੱਠੇ। ਇਥੋਂ ਤੱਕ ਕਿ ਮਿੱਤਰਤਾ ਦਾ ਢੌਂਗ ਰਚਾਉਂਦਾ ਰਾਜਾ ਭੀਮ ਚੰਦ ਤਾਂ ਗੁਰੂ ਜੀ ਪਾਸ ਹੀ ਜਾ ਪਹੁੰਚਿਆ। ਤਾਂ ਜੋ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ। ਉਥੋਂ ਦੀ ਸ਼ਾਨੋ-ਸ਼ੌਕਤ ਅਤੇ ਗੁਰੂ ਜੀ ਦਾ ਜਾਹੋ-ਜਲਾਲ ਵੇਖ ਉਹ ਦੰਗ ਰਹਿ ਗਿਆ। ਪ੍ਰਸਾਦੀ ਹਾਥੀ ਅਤੇ ਅਸਾਮ ਦੇ ਰਾਜਾ ਰਤਨ ਰਾਇ ਵੱਲੋਂ ਦਿੱਤੇ ਤੋਹਫ਼ੇ ਵੇਖ ਤਾਂ ਉਸ ਨੇ ਮੂੰਹ ਵਿੱਚ ਉਂਗਲਾਂ ਹੀ ਪਾ ਲਈਆਂ। ਉਸਦੇ ਮਨ ਵਿੱਚ ਇਹ ਚੀਜ਼ਾਂ ਪ੍ਰਾਪਤ ਕਰਨ ਦੀ ਲਾਲਸਾ ਪੈਦਾ ਹੋ ਗਈ। ਸਿੱਟੇ ਵਜੋਂ ਉਸ ਨੇ ਆਪਣੇ ਪੱਤਰ ਦੇ ਵਿਆਹ ਸਮੇ ਗੁਰੂ ਜੀ ਨੂੰ ਵਿਆਹ ਵਿੱਚ ਸ਼ਾਮਲ ਹੋਣ ਦਾ ਸੱਦਾ ਦੇਣ ਦੇ ਨਾਲ ਹੀ ਇਹ ਬਹੁ-ਕੀਮਤੀ, ਲਾ-ਜਵਾਬ ਚੀਜਾਂ ਵੀ ਮੰਗ ਲਈਆਂ। ਪਰ ਗੁਰੂ ਜੀ ਇਹ ਜਾਣ ਚੁੱਕੇ ਸਨ ਕਿ ਇਹ ਦਰਸ਼ਨਾਂ ਨੂੰ ਨਹੀਂ ਬਲਕਿ ਮਾੜੀ ਨੀਤੀ ਨਾਲ ਹੀ ਇੱਥੇ ਆਇਆ ਹੈ। ਇਸ ਲਈ ਗੁਰੂ ਜੀ ਨੇ ਇਹ ਸਾਰਾ ਕੁੱਝ ਦੇਣ ਤੋਂ ਕੋਰਾ ਜਵਾਬ ਦੇ ਦਿੱਤਾ। ਉਧਰ ਭੀਮ ਚੰਦ ਮੁਗ਼ਲ ਹਕੂਮਤ ਨੂੰ ਗੁਰੂ ਜੀ ਬਾਰੇ ਵਧਾਅ-ਚੜਾਅ ਕਿ ਗੱਲਾਂ ਦੱਸਣ ਦੇ ਕੰਮ ਵਿੱਚ ਵੀ ਲੱਗਿਆ ਹੋਇਆ ਸੀ।

ਦੂਰ ਦ੍ਰਿਸ਼ਟੀਵਾਨ ਗੁਰੂ ਜੀ ਵੀ ਸਭ ਹਾਲਾਤਾਂ ‘ਤੇ ਨਜ਼ਰ ਰਖਦੇ ਹੋਏ ਨਾਹਨ ਰਿਆਸਤ ਦੇ ਮੇਦਨੀ ਪ੍ਰਕਾਸ਼ ਵੱਲੋਂ ਭੇਜੇ ਸੱਦੇ ‘ਤੇ ਉਹਦੇ ਕੋਲ ਜਾ ਪਹੁੰਚੇ। ਇੱਥੇ ਕਿਲਾ ਪਾਊਂਟਾ ਸਾਹਿਬ ਦੀ ਨੀਂਹ ਰੱਖੀ। ਸਢਾਉਰਾ ਵਾਸੀ ਪੀਰ ਬੁਧੁ ਸ਼ਾਹ ਨਾਲ ਮੁਲਾਕਾਤ ਵੀ ਇੱਥੇ ਹੀ ਹੋਈ। ਪੀਰ ਜੀ ਨੇ ਮੁਗ਼ਲ ਫ਼ੌਜ ਵਿੱਚੋਂ ਕੱਢੇ 500 ਪਠਾਣ ਫ਼ੌਜੀਆਂ ਨੂੰ ਗੁਰੂ ਜੀ ਦੀ ਸੇਵਾ ਵਿੱਚ ਰਖਵਾ ਦਿੱਤਾ। ਜਿੰਨਾਂ ਦੇ ਪੰਜ ਸਰਦਾਰ ਕਾਲੇ ਖਾਂ, ਭੀਖ਼ਨ ਖਾਂ, ਨਜ਼ਾਬਤ ਖਾਂ, ਉਮਰ ਖਾਂ ਅਤੇ ਹਯਾਤ ਖਾਂ ਸਨ।

ਪਹਾੜੀ ਰਾਜੇ ਹਰ ਵੇਲੇ ਛੇੜ-ਛਾੜ ਦੀ ਤਾਕ ਵਿੱਚ ਰਹਿੰਦੇ ਸਨ, ਜੋ ਸੇਵਕ ਆਉਂਦੇ, ਉਹ ਉਹਨਾਂ ਨੂੰ ਪਰੇਸ਼ਾਨ ਵੀ ਕਰਦੇ। ਰਾਜਾ ਫ਼ਤਹਿ ਚੰਦ ਦੀ ਲੜਕੀ ਦੇ ਵਿਆਹ ਸਮੇ ਵੀ ਗੁਰੂ ਜੀ ਨਾ ਗਏ। ਸਗੋਂ ਸਿੱਖਾਂ ਨੂੰ ਸੁਚੇਤ ਕਰਕੇ ਭੇਜ ਦਿੱਤਾ। ਜਿੰਨਾਂ ਦਾ ਮੁਖੀਆ ਦੀਵਾਨ ਨੰਦ ਚੰਦ ਸੀ। ਭੀਮ ਚੰਦ ਨੇ ਧਮਕੀ ਦਿੱਤੀ ਕਿ ਜੇਕਰ ਫ਼ਤਹਿ ਚੰਦ ਨੇ ਗੁਰੂ ਜੀ ਦੇ ਤੋਹਫ਼ੇ ਕਬੂਲ ਕੀਤੇ ਤਾਂ ਉਹ ਆਪਣੇ ਲੜਕੇ ਦੀ ਸ਼ਾਦੀ ਉਸਦੀ ਲੜਕੀ ਨਾਲ ਨਹੀਂ ਹੋਣ ਦੇਵੇਗਾ ਅਤੇ ਬਰਾਤ ਉਵੇਂ ਹੀ ਵਾਪਸ ਲੈ ਜਾਵੇਗਾ। ਫ਼ਤਹਿ ਚੰਦ ਨੇ ਬੇ-ਵਸੀ ਵੱਸ ਤੋਹਫ਼ੇ ਨਾ ਲਏ।

ਇਹ ਸਾਰਾ ਕੱਝ ਵੇਖ ਪਹਾੜੀ ਰਾਜਿਆਂ ਦੇ ਗੁੱਸੇ ਦੀ ਕੋਈ ਹੱਦ ਨਾ ਰਹੀ ‘ਤੇ ਉਹ ਪਾਉਂਟਾ ਸਾਹਿਬ ਉੱਤੇ ਚੜਾਈ ਕਰ ਆਏ। ਗੁਰੂ ਜੀ ਨੇ ਆਪਣੇ ਨਿਵਾਸ ਤੋਂ 6 ਕੁ ਮੀਲ ਦੀ ਦੂਰੀ ‘ਤੇ ਆਪਣੇ ਸੰਘਰਸ਼ ਭਰੇ ਜੀਵਨ ਦੀ ਪਹਿਲੀ ਲੜਾਈ “ਭੰਗਾਣੀ” ਦੇ ਸਥਾਨ ‘ਤੇ ਲੜੀ। ਜੋ 500 ਪਠਾਣ ਪੀਰ ਬੁਧੂ ਸ਼ਾਹ ਜੀ ਨੇ ਰਖਵਾਏ ਸਨ ਉਹਨਾਂ ਵਿੱਚੋਂ 400 ਲੜਾਈ ਸਮੇ ਫਿਰ ਮੁਗ਼ਲ ਫ਼ੌਜ ਨਾਲ ਜਾ ਮਿਲੇ। ਪਰ ਕਾਲੇ ਖਾਂ ਦੀ ਅਗਵਾਈ ਵਾਲੇ 100 ਪਠਾਣ ਮੈਦਾਨ ਵਿੱਚ ਡਟੇ ਰਹੇ। ਜੋ ਹੋਰ ਗੋਗੜਾਂ ਵਧਾਉਂਣ ਵਾਲੇ ਸੇਵਕ ਸਨ, ਉਹ ਵੀ ਸਹਿਜੇ ਸਹਿਜੇ ਅੱਖ ਬਚਾ ਕੇ ਖ਼ਿਸਕ ਗਏ। ਤਹਿਸੀਲ ਜਗਰਾਵਾਂ ਦੇ ਹੇਰਾਂ ਪਿੰਡ ਦਾ ਕ੍ਰਿਪਾਲ ਦਾਸ ਵਧ ਵਧ ਕੇ ਲੜਾਈ ਲੜਦਾ ਰਿਹਾ।

ਇਹ ਇਤਿਹਾਸਕ ਜੰਗ 15 ਅਪ੍ਰੈਲ 1687 ਨੂੰ ਲੜੀ ਗਈ। ਪਠਾਣਾਂ ਦੇ ਧੋਖਾ ਦੇਣ ਬਾਰੇ ਸੁਣ ਕੇ ਪੀਰ ਬੁਧੂ ਸ਼ਾਹ ਆਪਣੇ ਚਾਰ ਪੱਤਰਾਂ, ਦੋਹਾਂ ਭਰਾਵਾਂ ਅਤੇ 700 ਚੇਲਿਆਂ ਸਮੇਤ ਮੈਦਾਨ ਵਿੱਚ ਆ ਡਟਿਆ। ਗੁਰੂ ਜੀ ਦੀ ਭੂਆ ਵੀਰੋ ਦੇ ਪੰਜ ਪੁੱਤਰ ਜੀਤ ਮੱਲ, ਸੰਗੋ ਸ਼ਾਹ, ਮੋਹਰੀ ਚੰਦ, ਗੁਲਾਬ ਰਾਇ ਅਤੇ ਗੰਗਾ ਰਾਮ ਨੇ ਵੀ ਕਦਮ ਪਿਛਾਂਹ ਨਹੀਂ ਸਨ ਮੋੜੇ। ਗੁਰੂ ਜੀ ਦਾ ਮਾਮਾ ਕ੍ਰਿਪਾਲ ਚੰਦ ਵੀ ਕਿਸੇ ਤੋਂ ਪਿੱਛੇ ਨਾ ਰਿਹਾ। ਮੌਕਾ ਮੇਲ ਗੱਲ ਵਾਂਗ ਜਾਂ ਸਬੱਬ ਨਾਲ ਕਾਂਸੀ ਤੋਂ ਚਲਿਆ ਸਿੱਖ ਭਾਈ ਰਾਮਾਂ ਵੀ ਭਾਰੀ ਗਿਣਤੀ ਵਿੱਚ ਤੋਪਾਂ ਅਤੇ ਹੋਰ ਜੰਗੀ ਸਮਾਨ ਲੈ ਕੇ ਆ ਪਹੁੰਚਿਆ। ਇਹ ਸਾਰੀ ਸਥਿੱਤੀ ਵੇਖ ਪਹਾੜੀ ਰਾਜੇ ਦੁੰਮ ਦਬਾ ਕੇ ਭੱਜ ਗਏ।

ਪਹਾੜੀ ਰਾਜਿਆਂ ਦੇ ਭੱਜ ਜਾਣ ਮਗਰੋਂ ਗੁਰੂ ਜੀ ਨੇ ਨਾਂ ਤਾਂ ਉਹਨਾਂ ਦਾ ਪਿੱਛਾ ਹੀ ਕੀਤਾ ਅਤੇ ਨਾ ਹੀ ਉਹਨਾਂ ਦਾ ਕੋਈ ਇਲਾਕਾ ਕਬਜ਼ੇ ਵਿੱਚ ਲਿਆ। ਨਾ ਹੀ ਲੜਾਈ ਦਾ ਹਰਜਾਨਾ ਪਾਉਂਦਿਆਂ ਕੋਈ ਸਮਝੌਤਾ ਕੀਤਾ। ਸਗੋਂ ਇਸ ਲੜਾਈ ਨੇ ਖ਼ਾਲਸਾ ਪੰਥ ਸਾਜਣ ਨੂੰ ਪਰਪੱਕਤਾ ਦਿਵਾਈ। ਇਸ ਲੜਾਈ ਵਿੱਚ ਸੰਗੋ ਸ਼ਾਹ, ਜੀਤ ਮੱਲ (ਭੂਆ ਵੀਰੋ ਦੇ ਪੱਤਰ), ਪੀਰ ਬੁਧੂ ਸ਼ਾਹ ਦੇ ਦੋ ਪੱਤਰ, ਇੱਕ ਭਰਾ, ਤਿੰਨ ਪਹਾੜੀ ਰਾਜੇ, ਨਜ਼ਾਬਤ ਖਾਂ ਅਤੇ ਹਯਾਤ ਖਾਂ ਗਦਾਰ ਪਠਾਣ, ਬਹੁਤ ਸਾਰੇ ਗੁਰੂ ਜੀ ਦੇ ਸ਼ਰਧਾਲੂ ਰੱਬ ਨੂੰ ਪਿਆਰੇ ਹੋਏ। ਗੁਰੂ ਜੀ ਨੇ ਇਸ ਜੰਗ ਨੂੰ ਬੀਰਰਸੀ ਪ੍ਰਸੰਗ ਵਿੱਚ “ਬਚਿੱਤਰ ਨਾਟਕ” ਦੇ ਅੱਠਵੇਂ ਅਧਿਆਇ ਵਿੱਚ ਬਿਆਂਨ ਕੀਤਾ ਹੈ।

ਪੀਰ ਬੁਧੂ ਸ਼ਾਹ ਨੂੰ ਕਟਾਰ, ਵਾਲਾਂ ਵਾਲਾ ਕੰਘਾ, ਪੁਸ਼ਾਕ, ਹੱਥ ਲਿਖਤ ਹੁਕਮਨਾਮਾ ਅਤੇ ਅੱਧੀ ਦਸਤਾਰ ਯਾਦ ਨਿਸ਼ਾਨੀ ਵਜੋਂ ਦਿੰਦਿਆਂ ਉਸ ਨਾਲ ਦੁੱਖ ਵੀ ਸਾਂਝਾ ਕੀਤਾ। ਅੱਧੀ ਦਸਤਾਰ ਮਹੰਤ ਕ੍ਰਿਪਾਲ ਦਾਸ ਨੂੰ ਸੌਂਪ ਦਿੱਤੀ। ਜ਼ਾਬਰਾਂ ਵਿਰੁੱਧ ਇਹ ਇੱਕ ਐਲਾਨ ਸੀ ਕਿ ਜੋ ਅੜੇਗਾ ,ਸੋ ਝੜੇਗਾ। ਇਸ ਐਲਾਨ ਦਾ ਰੰਗ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਵੇਖਣ ਨੂੰ ਮਿਲਿਆ। ਪਰ ਇੱਕ ਵਾਰ ਫਿਰ ਗਦਾਰਾਂ ਦੀਆਂ ਕੁਟਲ਼ ਚਾਲਾਂ ਦਾ ਸ਼ਿਕਾਰ ਹੋ ਕਿ ਸਾਰਾ ਕੱਝ ਰੁਲ ਗਿਆ। ਸੁਪਨੇ ਫਿਰ ਮੁਰਝਾ ਗਏ।

14/04/2012

ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

 

15 ਅਪ੍ਰੈਲ ਐਤਵਾਰ ਲਈ
ਦਸਮਪਿਤਾ ਦੇ ਜੀਵਨ ਦੀ ਪਹਿਲੀ ਜੰਗ: ਭੰਗਾਣੀ ਦਾ ਯੁੱਧ
ਰਣਜੀਤ ਸਿੰਘ ਪ੍ਰੀਤ
ਇਤਿਹਾਸਕ ਦ੍ਰਿਸ਼ਟੀ ਤੋਂ: ਸਾਡਾ ਕੌਮੀ ਝੰਡਾ
ਰਣਜੀਤ ਸਿੰਘ ਪ੍ਰੀਤ
... ਤੇ ਆਖਿਰ ਬੰਦਾ ਸਿੰਘ ਬਹਾਦਰ ਫੜਿਆ ਹੀ ਕਿਓਂ ਗਿਆ ?
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜ਼ੇ
ਲੂਣਾ ਦਾ ਪਿੰਡ: ਚਮਿਆਰੀ
ਜਤਿੰਦਰ ਸਿੰਘ ਔਲ਼ਖ
ਮਰਣੁ ਮੁਣਸਾਂ ਸੂਰਿਆ ਹਕੁ ਹੈ, ਜੋ ਹੋਇ ਮਰਨਿ ਪਰਵਾਣੋ॥ ਸਾਕਾ ਸਰਹੰਦ
ਇਕਵਾਕ ਸਿੰਘ ਪੱਟੀ
ਕੱਤਕ ਕਿ ਵੈਸਾਖ?
ਇਕਵਾਕ ਸਿੰਘ ਪੱਟੀ ਮੂਲ ਲੇਖਕ: ਕਰਮ ਸਿੰਘ ਹਿਸਟੋਰੀਅਨ
ਗਦਰੀ ਬਾਬਾ ਰੂੜ ਸਿੰਘ
ਦਰਸ਼ਨ ਸਿੰਘ ਭੁੱਲਰ

ਇਤਿਹਾਸਕ ਪੰਨੇ: ਹੋਰ ਲੇਖ

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com