5_cccccc1.gif (41 bytes)

ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ

ਬਲਵਿੰਦਰ ਚਾਹਲ


baybus2

ਬਲਵੀਰ ਆਪਣੀ ਪਹਿਲੀ ਜਰਮਨ ਪਤਨੀ ਤੋਂ ਪੈਦਾ ਹੋਈ ਅਠਾਰਾਂ ਸਾਲਾਂ ਦੀ ਧੀ ਡੌਲੀ ਨੂੰ ਤੁਰਕੀ ਮੁੰਡੇ ਨਾਲ ਦੂਰੋਂ ਹੀ ਤੁਰੀ ਆਉਂਦੀ ਦੇਖ ਕੇ ਗੁੱਸੇ ਵਿੱਚ ਲਾਲ ਪੀਲਾ ਹੋ ਗਿਆ ਸੀ। ਉਸਦੀਆਂ ਅੱਖਾਂ ਜਿਵੇਂ ਸੱਭ ਕਾਸੇ ਨੂੰ ਸਾੜ ਕੇ ਸਵਾ ਕਰ ਦੇਣਾ ਚਾਹੁੰਦੀਆਂ ਸਨ। ਬਲਵੀਰ ਦੇ ਕੰਨਾਂ ਵਿੱਚੋਂ ਵੀ ਸੇਕ ਨਿੱਕਲ ਰਿਹਾ ਸੀ। ਪਰ ਉਹ ਜਰਮਨੀ ਦੇ ਕਾਨੂੰਨ ਕਰਕੇ ਜਾਂ ਪਤਾ ਨਹੀਂ ਕੀ ਸੋਚ ਕੇ ਆਪਣੇ ਗੁੱਸੇ ਨੂੰ ਵਿੱਚੇ ਵਿੱਚ ਪੀ ਗਿਆ। ਉਸਨੇ ਹੋਰ ਲੋਕਾਂ ਦੇ ਧੀਆਂ ਪੁੱਤਰ ਇਸ ਤਰਾਂ ਬਾਹਰਲੇ ਲੋਕਾਂ ਨਾਲ ਤੁਰੇ ਫਿਰਦੇ ਦੇਖੇ ਸਨ ਪਰ ਆਪਣੀ ਧੀ ਨੂੰ ਅੱਜ ਪਹਿਲੀ ਵਾਰ ਦੇਖ ਰਿਹਾ ਸੀ। ਉਸ ਵਾਸਤੇ ਇਸ ਨੂੰ ਬ੍ਰਦਾਸ਼ਤ ਕਰਨਾ ਬੜਾ ਮੁਸ਼ਕਿਲ ਸੀ। ਉਸਦੀ ਸੁਰਤੀ ਜਵਾਬ ਦੇਈ ਜਾਂਦੀ ਸੀ । ਕਦੇ ਉਹ ਆਪਣੇ ਪੰਜਾਬੀ ਹੋਣ ਬਾਰੇ ਸੋਚ ਰਿਹਾ ਸੀ ਤੇ ਕਦੇ ਵੀਹ ਸਾਲ ਪਹਿਲਾਂ ਆਪਣੇ ਪਿਛੋਕੜ ਨੂੰ ਚੇਤੇ ਕਰਨ ਦੀ ਕੋਸਿ਼ਸ਼ ਕਰ ਰਿਹਾ ਸੀ। ਉਸਨੂੰ ਪਤਾ ਵੀ ਨਾ ਲੱਗਾ ਕਦੋਂ ਉਸਦੀ ਧੀ ਡੌਲੀ ਨੇ ਉਸਨੂੰ ਆ ਕੇ ਜੱਫੀ ਪਾ ਲਈ ਤੇ ਆਖਣ ਲੱਗੀ ਡੈਡ ਇਹ ਮੇਰਾ ਦੋਸਤ ਕਦੀਰ ਹੈ। ਉਸਨੇ ਅਣਮੰਨੇ ਜਿਹੇ ਮਨ ਨਾਲ ਕਦੀਰ ਨੂੰ ਹੱਥ ਮਿਲਾਇਆ ਤੇ ਡੌਲੀ ਵੱਲ ਬੜੇ ਅਜੀਬ ਜਿਹੇ ਤਰੀਕੇ ਨਾਲ ਦੇਖਣ ਲੱਗਾ। ਉਸਨੂੰ ਗੁੱਸਾ ਵੀ ਆ ਰਿਹਾ ਸੀ ਤੇ ਆਪਣੇ ਆਪ ਵਿੱਚ ਸ਼ਰਮ ਵੀ ਆ ਰਹੀ ਸੀ । ਉਸਦਾ ਮੱਥਾ ਤਰੇਲੀਆਂ ਨਾਲ ਮੁੜਕੋ ਮੁੜਕੀ ਹੋਈ ਜਾ ਰਿਹਾ ਸੀ। ਉਸਨੇ ਆਪਣੀ ਜੇਬ ਵਿੱਚੋਂ ਬਟੂਆ ਕੱਢ ਕੇ ਪੰਜਾਹ ਯੂਰੋ ਦਾ ਨੋਟ ਕੱਢ ਕੇ ਡੌਲੀ ਨੂੰ ਫੜਾਉਂਦੇ ਹੋਏ ਆਖਿਆ ਡੌਲੀ ਮੈਂ ਕਿਤੇ ਜਲਦੀ ਜਾਣਾ ਤੇ ਆਹ ਲੈ ਕੁਝ ਖਾ ਪੀ ਲੈਣਾ। ਡੌਲੀ ਆਪਣੇ ਡੈਡ ਦੀ ਇਸ ਤਰਾਂ ਦੀ ਅਜੀਬ ਹਾਲਤ ਦੇਖ ਕੇ ਡੌਰ ਭੌਰ ਜਿਹੀ ਹੋ ਗਈ। ਬਲਵੀਰ ਜਿਸ ਤਰਾਂ ਪਹਿਲਾਂ ਡੌਲੀ ਨੂੰ ਪਿਆਰ ਨਾਲ ਮਿਲਿਆ ਕਰਦਾ ਸੀ ਤੇ ਕਈ ਕੁਝ ਉਸ ਕੋਲੋਂ ਪੁਛਿਆ ਕਰਦਾ ਸੀ ਪਰ ਅੱਜ ਇਸ ਦੇ ਉਲਟ ਕੁਝ ਵੀ ਬਲਵੀਰ ਨੇ ਨਾ ਪੁਛਿਆ । ਨਾ ਹੀ ਉਸ ਨੇ ਡੌਲੀ ਦੀ ਮਾਂ ਪਾਮੇਲਾ ਬਾਰੇ ਕੋਈ ਸਵਾਲ ਕੀਤਾ। ਇਸ ਕਰਕੇ ਡੌਲੀ ਥੋੜੀ ਹੈਰਾਨ ਵੀ ਸੀ ਤੇ ਪ੍ਰਸ਼ੇਾਨ ਵੀ ਪਰ ਉਸਨੇ ਕੁਝ ਵੀ ਕਦੀਰ ਨੂੰ ਮਹਿਸੂਸ ਨਾ ਹੋਣ ਦਿੱਤਾ। ਉੱਥੋਂ ਬਲਵੀਰ ਸਿੱਧਾ ਆਪਣੇ ਘਰ ਨੂੰ ਚੱਲ ਪਿਆ। ਰਾਹ ਵਿੱਚੋਂ ਉਸਨੇ ਦੋ ਗਲਾਸੀਆਂ ਵੀ ਚਾੜ ਲਈਆਂ ਸਨ ਪਰ ਉਸਨੂੰ ਕੋਈ ਫ਼ਰਕ ਨਾ ਪਿਆ। ਉਹ ਗੱਡੀ ਵਿੱਚ ਵੀ ਬੁੜ ਬੁੜਾਉਂਦਾ ਹੀ ਰਿਹਾ ਸੀ ਤੇ ਨਾਲ ਦੀ ਨਾਲ ਖੁਦ ਨੂੰ ਕੋਸ ਰਿਹਾ ਸੀ।

ਬਲਵੀਰ ਨੇ ਡੌਲੀ ਦੇ ਜਨਮ ਤੋਂ ਦੋ ਕੁ ਸਾਲ ਬਾਅਦ ਹੀ ਜਰਮਨ ਪਾਸਪੋਰਟ ਮਿਲਣ ਤੇ ਆਪਣੇ ਘਰ ਦਿਆਂ ਦੇ ਜ਼ੋਰ ਪਾਉਣ ਤੇ ਡੌਲੀ ਦੀ ਮਾਂ ਪਾਮੇਲਾ ਤੋਂ ਤਲਾਕ ਲੈ ਲਿਆ ਸੀ। ਬੇਸ਼ੱਕ ਉਹ ਅਜਿਹਾ ਕਰਨਾ ਨਹੀਂ ਸੀ ਚਾਹੁੰਦਾ ਪਰ ਉਸਦੇ ਘਰ ਵਾਲਿਆਂ ਉਸਦੀ ਪੇਸ਼ ਨਾ ਜਾਣ ਦਿੱਤੀ। ਸਗੋਂ ਉਸਦੀ ਬੇਬੇ ਨੇ ਤਾਂ ਬਲਵੀਰ ਨੂੰ ਇੱਥੋਂ ਕਹਿ ਦਿੱਤਾ ਸੀ ਕਿ ਜੇ ਮੇਰੀ ਗੱਲ ਨਹੀਂ ਮੰਨਣੀ ਤਾਂ ਮੇਰੀ ਮਰੀ ਤੇ ਵੀ ਮੇਰੇ ਮੱਥੇ ਨਾ ਲੱਗੀਂ। ਬਲਵੀਰ ਨੇ ਤਲਾਕ ਲੈ ਕੇ ਫਿਰ ਚਰਨਜੀਤ ਨਾਲ ਦੂਜਾ ਵਿਆਹ ਕਰਵਾਇਆ ਸੀ। ਚਰਨਜੀਤ ਇੱਕ ਪੜੀ ਲਿਖੀ ਤੇ ਸਮਝਦਾਰ ਕੁੜੀ ਸੀ। ਉਹ ਬੇਸ਼ੱਕ ਘਰੋਂ ਗਰੀਬ ਸੀ ਪਰ ਉਸਦੇ ਵਿਚਾਰ ਬਹੁਤ ਉੱਚੇ ਸਨ ਤੇ ਹਰ ਗੱਲ ਬੜੀ ਸਿਆਣਪ ਨਾਲ ਕਰਦੀ ਸੀ। ਉਸਨੇ ਬਲਵੀਰ ਦੇ ਦੁੱਖ ਸੁੱਖ ਨੂੰ ਆਪਣਾ ਬਣਾ ਕੇ ਹੀ ਬਲਵੀਰ ਦੇ ਘਰ ਕਦਮ ਧਰਿਆ ਸੀ।

ਘਰ ਜਾ ਕੇ ਉਸਨੇ ਆਪਣੀ ਪਤਨੀ ਨੂੰ ਵੀ ਚੱਜ ਨਾਲ ਨਾ ਬੁਲਾਇਆ ਤੇ ਸਿੱਧਾ ਆਪਣੇ ਰੂਮ ਵਿੱਚ ਗਿਆ। ਉਸਦੀ ਘਰ ਵਾਲੀ ਚਰਨਜੀਤ ਵੀ ਉਸਦੇ ਮਗਰੇ ਅੰਦਰ ਚਲੀ ਗਈ। ਉਸਨੇ ਬਲਵੀਰ ਨੂੰ ਪੁੱਛਿਆ ਕੀ ਗੱਲ ਜੀ ਤੁਸੀਂ ਬਿਨ ਬੁਲਾਏ ਅੰਦਰ ਲੰਘ ਆਏ ਹੋ? ਪਰ ਬਲਵੀਰ ਕੁਝ ਨਾ ਬੋਲਿਆ ਤਾਂ ਚਰਨਜੀਤ ਨੇ ਦੁਬਾਰਾ ਫਿਰ ਪੁੱਛਿਆ ਕੀ ਗੱਲ ਜੀ ਤੁਸੀਂ ਬੋਲਦੇ ਨੀ? ਮੇਰਾ ਮਨ ਘਬਰਾ ਰਿਹਾ ਦੱਸੋ ਤਾਂ ਸਹੀ ਹੋਇਆ ਕੀ ਆ? ਚਰਨਜੀਤ ਨੇ ਦੋ ਤਿੰਨ ਸਵਾਲ ਉੱਪਰੋ ਥਲ਼ੀ ਕਰ ਦਿੱਤੇ। ਪਲੀਜ਼ ਚਰਨਜੀਤ ਪੁੱਛ ਨਾ ਕੀ ਹੋਇਆ! ‘ਅੱਜ ਮੇਰੀ ਵੀਹ ਸਾਲ ਦੀ ਕਮਾਈ ਨੂੰ ਅੱਗ ਲੱਗ ਗੀ ਆ। ਮੇਰੀ ਸਾਰੀ ਬਣੀ ਬਣਾਈ ਮਿੱਟੀ ‘ਚ ਰੁਲ ਗਈ’ । ਬਲਵੀਰ ਦੀ ਜ਼ੁਬਾਨ ਵੀ ਥਰ ਥਰਾ ਰਹੀ ਸੀ ਤੇ ਸਰੀਰ ਗੁੱਸੇ ਨਾਲ ਕੰਬ ਰਿਹਾ ਸੀ।

ਪਰ ਹੋਇਆ ਕੀ ਇਹ ਵੀ ਤਾਂ ਪਤਾ ਲੱਗੇ? ਚਰਨਜੀਤ ਲਈ ਹਰ ਪਲ ਅਸਿਹ ਹੋ ਰਿਹਾ ਸੀ। ਉਹ ਜਲਦ ਤੋਂ ਜਲਦ ਜਾਨਣਾ ਚਾਹੁੰਦੀ ਸੀ ਕਿ ਕੀ ਹੋਇਆ। ਉਸਨੇ ਰੋਣ ਹਾਕੀ ਹੁੰਦੀ ਹੋਈ ਨੇ ਬਲਵੀਰ ਨੂੰ ਮੋਢਿਆਂ ਤੋਂ ਫੜ ਕੇ ਬੜੇ ਤਰਲੇ ਨਾਲ ਪੁਛਿਆ ਸਿੱਧਾ ਸਿੱਧਾ ਦੱਸੋ ਹੋਇਆ ਕੀ ਆ? ਮੇਰੇ ਦਿਲ ਨੂੰ ਕੁਝ ਹੋਈ ਜਾ ਰਿਹਾ।
ਫਿਰ ਬਲਵੀਰ ਨੇ ਡੌਲੀ ਵਾਲੀ ਸਾਰੀ ਗੱਲ ਚਰਨਜੀਤ ਨੂੰ ਦੱਸ ਦਿੱਤੀ ਤਾਂ ਚਰਨਜੀਤ ਨੇ ਬਲਵੀਰ ਨੂੰ ਬੜੇ ਹੌਂਸਲੇ ਸਿਆਣਪ ਨਾਲ ਸਮਝਾਉਂਦੇ ਹੋਇਆ ਆਖਿਆ ਦੇਖੋ ਜੀ ਇਸ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ। ਕਿਉਂਕਿ ਡੌਲੀ ਦੀ ਮਾਂ ਇੱਕ ਜਰਮਨ ਤੀਂਵੀ ਆ। ਬੇਸ਼ੱਕ ਡੌਲੀ ਤੁਹਾਡੀ ਧੀ ਆ ਪਰ ਉਹ ਆਪਣੀ ਮਾਂ ਨਾਲ ਰਹਿੰਦੀ ਆ। ਉਸਦੀ ਸੋਚ ਵੀ ਆਪਣੀ ਮਾਂ ਵਰਗੀ ਹੀ ਹੋਣੀ ਆ । ਤੁਸੀਂ ਡੌਲੀ ਨੂੰ ਪੈਦਾ ਹੀ ਤਾਂ ਕੀਤਾ ਸੀ ਕਿ ਬੱਚਾ ਹੋਵੇਗਾ ਤੇ ਜਰਮਨ ਪਾਸਪੋਰਟ ਮਿਲ ਜਾਵੇਗਾ। ਅੱਜ ਬਾਰੇ ਤਾਂ ਕਦੇ ਸੋਚਿਆ ਵੀ ਨਹੀਂ ਹੋਣਾ। ਚਰਨਜੀਤ ਬਲਵੀਰ ਨੂੰ ਸਮਝਾਉਂਦੇ ਹੋਏ ਅੱਗੇ ਕਹਿਣ ਲੱਗੀ ਤੁਸੀਂ ਫਿਕਰ ਨਾ ਕਰੋ ਮੈਂ ਡੌਲੀ ਨਾਲ ਗੱਲ ਕਰਾਂਗੀ ਉਹ ਸਿਆਣੀ ਕੁੜੀ ਆ ਜ਼ਰੂਰ ਤੁਹਾਡੇ ਬਾਰੇ ਸੋਚੇਗੀ। ਚਰਨਜੀਤ ਕਹਿਣਾ ਚਾਹੁੰਦੀ ਸੀ ਪਰ ਕਹਿ ਨਾ ਸਕੀ ਕਿ ਤੁਸੀਂ ਵੀ ਤਾਂ ਬਾਹਰਲੇ ਮੁੰਡੇ ਸੀ ਉਦੋਂ ਨਾ ਸੋਚਿਆ ਕਿ ਕੱਲ ਨੂੰ ਮੇਰੀ ਧੀ ਜਾਂ ਪੁੱਤ ਵੀ ਕਿਸੇ ਹੋਰ ਦੇਸ਼ ਦੇ ਵਸਨੀਕ ਨਾਲ ਦੋਸਤੀ ਜਾਂ ਵਿਆਹ ਕਰ ਸਕਦਾ ਹੈ, ਪਰ ਚਰਨਜੀਤ ਚੁੱਪ ਹੀ ਰਹੀ ਕਿ ਅੱਗੇ ਦੁਖੀ ਹੈ ਹੋਰ ਦੁਖੀ ਨਾ ਹੋਵੇ।

ਚਰਨਜੀਤ ਦੀਆਂ ਕੁਝ ਸੱਚੀਆਂ ਤੇ ਕੁਝ ਹੌਂਸਲੇ ਵਾਲੀਆਂ ਗੱਲਾਂ ਨਾਲ ਬਲਵੀਰ ਨੂੰ ਥੋੜੀ ਜਿਹੀ ਢਾਰਸ ਬੱਝੀ। ਉਸਨੇ ਚਰਨਜੀਤ ਦੇ ਜੋ਼ਰ ਪਾਉਣ ਤੇ ਬਾਥਰੂਮ ਜਾ ਕੇ ਹੱਥ ਮੂੰਹ ਧੋਤਾ। ਚਰਨਜੀਤ ਕਿਚਨ ਜਾ ਕੇ ਰੋਟੀ ਬਣਾਉਣ ਜਾ ਲੱਗੀ ਤੇ ਬਲਵੀਰ ਆਪਣੇ ਨੌਂ ਕੁ ਸਾਲਾਂ ਦੇ ਮੁੰਡੇ ਨਾਲ ਕੁਝ ਚਿਰ ਬੈਠਾ ਰਿਹਾ। ਉੱਥੋਂ ਉਸਨੇ ਉੱਠ ਕੇ ਅਲਮਾਰੀ ਵਿੱਚੋਂ ਬੋਤਲ ਕੱਢ ਲਿਆਂਦੀ ਤੇ ਕਿਚਨ ਵਿੱਚੋਂ ਗਲਾਸ ਤੇ ਕੋਕ ਵੀ ਆਪ ਹੀ ਲੈ ਆਇਆ।

ਚਰਨਜੀਤ ਨੇ ਦੇਖਿਆ ਕਿ ਬਲਵੀਰ ਨੇ ਪਹਿਲਾਂ ਕਦੇ ਵੀ ਇਸ ਤਰਾਂ ਨਹੀਂ ਕੀਤੀ। ਪਰ ਫਿਰ ਵੀ ਚਰਨਜੀਤ ਨੇ ਉਸਨੂੰ ਰੋਕਿਆ ਨਾ। ਉਹ ਉਸਦੇ ਅੰਦਰਲੇ ਦਰਦ ਨੂੰ ਸਮਝਦੀ ਤੇ ਮਹਿਸੂਸ ਵੀ ਕਰਦੀ ਸੀ। ਉਹ ਜਾਣਦੀ ਸੀ ਜੋ ਬਲਵੀਰ ਦੇ ਦਿਲ ਤੇ ਬੀਤ ਰਹੀ ਸੀ।

ਬਲਵੀਰ ਨੇ ਉੱਪਰੋ ਥੱਲੀ ਦੋ ਤਿੰਨ ਪੈੱਗ ਚਾੜ੍ਹ ਲਏ । ਉਸਨੂੰ ਹੁਣ ਥੋੜੀ ਜਿਹੀ ਚੜ੍ਹ ਗਈ ਸੀ। ਉਹਦੀਆਂ ਅੱਖਾਂ ਮੂਹਰੇ ਵਾਰ ਵਾਰ ਡੌਲੀ ਤੇ ਤੁਰਕੀ ਮੁੰਡਾ ਕਦੀਰ ਘੁੰਮ ਰਹੇ ਸਨ। ਉਸਨੂੰ ਕਦੇ ਡੌਲੀ ਤੇ ਕਦੇ ਆਪਣਾ ਆਪ ਗਲਤ ਲੱਗ ਰਿਹਾ ਸੀ। ਪਰ ਉਹ ਵਾਰ ਵਾਰ ਆਪਣੇ ਆਪ ਨੂੰ ਦੋਸ਼ੀ ਸਮਝ ਕੇ ਪੈੱਗ ਪਾ ਲੈਂਦਾ ਤੇ ਇੱਕੇ ਸਾਹੇ ਚਾੜ੍ਹ ਜਾਦਾ ਸੀ। ਉਹ ਹਰ ਵਾਰ ਇਹੀ ਸੋਚਦਾ ਕਿ ਡੌਲੀ ਦਾ ਕੋਈ ਕਸੂਰ ਨਹੀਂ । ਕਿਉਂਕਿ ਉਹ ਜਿਸ ਮਾਹੌਲ ਵਿੱਚ ਪਲੀ ਹੈ ਜਾਂ ਪੜੀ ਲਿਖੀ ਹੈ ਉਸ ਅਨੁਸਾਰ ਡੌਲੀ ਕਿਸੇ ਵੀ ਕੀਮਤ ਤੇ ਗਲਤ ਨਹੀਂ। ਪਰ ਪੰਜਾਬੀ ਹੋਣ ਕਰਕੇ ਉਹ ਆਪਣੇ ਆਪ ਨਾਲ ਸਮਝੌਤਾ ਨਾ ਕਰ ਪਾਉਂਦਾ। ਉਸ ਦੀ ਸੋਚ ਦੇ ਘੋੜੇ ਵੀ ਦੌੜਨੋ ਜਵਾਬ ਦੇਈ ਜਾ ਰਹੇ ਸਨ ਤੇ ਬਲਵੀਰ ਬੌਰਿਆਂ ਵਾਂਗ ਆਪਣਾ ਸਿਰ ਮਾਰੀ ਜਾਂਦਾ ਸੀ।

ਬਲਵੀਰ ਦੀ ਸੋਚ ਘੁੰਮਣ ਘੇਰੀ ਖਾਂਦੀ ਹੋਈ ਅੱਜ ਤੋਂ ਵੀਹ ਸਾਲ ਪਿੱਛੇ ਚਲੀ ਗਈ। ਜਦੋਂ ਉਹ ਜਰਮਨੀ ਨੂੰ ਤੁਰਿਆ ਸੀ ਤਾਂ ਉਸਦੇ ਬੇਬੇ ਬਾਪੂ ਤੇ ਵੱਡੇ ਭਾਈ ਨੇ ਉਸਨੂੰ ਘਰ ਦੀ ਘਰੋਗੀ ਹਾਲਤ ਦਾ ਵਾਸਤਾ ਪਾਇਆ ਸੀ। ਵੱਡੇ ਭਾਈ ਨੇ ਤਾਂ ਉਸਨੂੰ ਛੱਡੀ ਛੁਡਾਈ ਜ਼ਨਾਨੀ ਲੱਭ ਕੇ ਪੱਕਾ ਹੋਣ ਦਾ ਕਿਹਾ ਸੀ ਬੀਰੇ ਜੇ ਪੱਕਾ ਹੋਣ ਲਈ ਕੋਈ ਅੱਧਖੜ ਵੀ ਲੱਭਜੂ ਤਾਂ ਛੱਡੀ ਨਾ। ਤੈਨੂੰ ਬਾਹਰ ਕੱਢਣ ਲਈ ਦੇਖਲਾ ਅੱਧੀ ਜ਼ਮੀਨ ਗਹਿਣੇ ਧਰੀ ਆ।

ਬਲਵੀਰ ਨੇ ਬੜੇ ਜਿਗਰੇ ਨਾਲ ਆਪਣੇ ਵੱਡੇ ਭਾਈ ਨੂੰ ਹੌਂਸਲਾ ਦਿੰਦੇ ਹੋਏ ਕਿਹਾ ਸੀ ਬਾਈ ਫਿਕਰ ਨਾ ਕਰੀਂ ਮੈਂ ਕਰਜ਼ਾ ਲਾਹ ਕੇ ਹੀ ਸਾਹ ਲਊਂਗਾ। ਬਾਪੂ ਵੀ ਬਲਵੀਰ ਨੂੰ ਵਾਰ ਵਾਰ ਘਰ ਨਾ ਭੁੱਲਣ ਦਾ ਹੀ ਆਖੀ ਜਾਂਦਾ ਸੀ। ਬਾਪੂ ਨੇ ਬਲਵੀਰ ਦੀ ਕੰਡ ਨੂੰ ਥਾਪੜਦੇ ਹੋਏ ਕਿਹਾ ‘ਉੰਝ ਮੇਰਾ ਬੀਰਾ ਤਾਂ ਸੁਲੱਗ ਪੁੱਤ ਆ ਛੇਤੀ ਕੀਤੇ ਆਂਚ ਨੀ ਆਉਚ ਦਿੰਦਾ’।

ਬੇਬੇ ਨੇ ਬੱਸ ਇੰਨਾ ਹੀ ਆਖਿਆ ਸੀ ਬੀਰੇ ਪੁੱਤਰ ਮੇਰੇ ਦੁੱਧ ਦੀ ਤੇ ਆਪਣੇ ਬਾਪੂ ਚਿੱਟੀ ਦਾੜੀ ਦਾ ਖਿਆਲ ਕਰ ਲਈਂ ਮੇਰਾ ਸ਼ੇਰ। ਸਾਰੇ ਪਿੰਡ ਵਾਲੇ ਆਪਣੇ ਘਰ ਦੀ ਸਲਾਹ ਲੈ ਕੇ ਤੁਰਦੇ ਆ ਪੁੱਤਰਾ। ਹੁਣ ਤੂੰ ਹੀ ਸਾਡਾ ਮਾਣ ਏਂ ਤੇ ਇੰਨਾ ਕਹਿੰਦਿਆਂ ਬੇਬੇ ਦਾ ਗੱਚ ਭਰ ਆਇਆ ਤੇ ਅੱਖਾਂ ਵੀ ਨਮ ਹੋ ਗਈਆਂ।

ਬਲਵੀਰ ਨੇ ਪਹਿਲਾਂ ਬੇਬੇ ਬਾਪੂ ਦੇ ਚਰਨੀਂ ਹੱਥ ਲਾਇਆ ਫਿਰ ਆਪਣੀ ਭਾਬੀ ਦੇ ਚਰਨੀਂ ਹੱਥ ਲਾ ਕੇ ਆਪਣੇ ਭਰਾ ਦੇ ਨਿਆਣਿਆਂ ਦੇ ਮੱਥੇ ਚੁੰਮ ਤੇ ਵਾਹਿਗੁਰੂ ਕਹਿ ਕੇ ਕਾਹਲੀ ਕਾਹਲੀ ਆਪਣੇ ਵੱਡੇ ਭਰਾ ਨਾਲ ਬਾਹਰ ਨਿੱਕਲ ਗਿਆ। ਪਿੰਡੋ ਨਿਕਲਦੇ ਸਮੇਂ ਬਲਵੀਰ ਆਪਣੇ ਪਿੰਡ ਦੀਆਂ ਗਲੀਆਂ, ਆਪਣੇ ਪਿੰਡ ਦੇ ਥੜਿਆਂ ਤੇ ਬੈਠੀ ਬਜ਼ੁਰਗਾਂ ਦੀ ਢਾਣੀ ਨੂੰ ਤੱਕਦਾ ਤੱਕਦਾ ਇਹ ਸੋਚ ਕੇ ਉਦਾਸ ਹੋ ਗਿਆ ਕਿ ਜਰਮਨੀ ਆਹ ਚੀਜ਼ਾਂ ਕਦੇ ਨਹੀਂ ਲੱਭਣੀਆਂ।

ਬਲਵੀਰ ਨੇ ਸੱਚ ਹੀ ਜਰਮਨੀ ਆ ਕੇ ਬੜੀ ਲਗਨ ਨਾਲ ਕੰਮ ਕੀਤਾ ਤੇ ਡੇਢ ਕੁ ਸਾਲ ਦੇ ਵਕਫ਼ੇ ਵਿੱਚ ਘਰ ਦੀ ਜ਼ਮੀਨ ਨੂੰ ਗਹਿਣੇ ਤੋਂ ਛੁਡਾ ਲਿਆ ਸੀ । ਬਲਵੀਰ ਨੇ ਕਦੇ ਵੀ ਆਪਣੇ ਬਾਰੇ ਨਾ ਸੋਚਿਆ ਸਗੋਂ ਘਰ ਬਾਰੇ ਹੀ ਸੋਚਦਾ ਰਹਿੰਦਾ। ਉਹ ਮੀਂਹ ਵਾਂਗ ਘਰ ਨੂੰ ਪੈਸੇ ਵਰਾਉਂਦਾ ਸੀ। ਜਿਵੇਂ ਉਹਦਾ ਇੱਕੋ ਨਿਸ਼ਾਨਾ ਸੀ ਘਰ ਨੂੰ ਪੈਸੇ ਪਾਉਣੇ ਤੇ ਉਹ ਬਲਵੀਰ ਬੜੀ ਤਨਦੇਹੀ ਨਾਲ ਪੂਰਾ ਕਰ ਰਿਹਾ ਸੀ। ਦੋ ਕੁ ਸਾਲ ਤੋਂ ਉਸਦੀ ਜ਼ਿੰਦਗੀ ਵਿੱਚ ਪਾਮੇਲਾ ਆਈ ਸੀ। ਉਹ ਬਲਵੀਰ ਨਾਲ ਹੀ ਰੈਸਟੋਰੈਂਟ ਤੇ ਵੇਟਰ ਦਾ ਕੰਮ ਕਰਦੀ ਸੀ। ਪਾਮੇਲਾ ਇੱਕ ਬੜੀ ਸਾਦੀ ਜਿਹੀ ਤੇ ਨਿੱਘੇ ਸੁਭਾਅ ਦੀ ਕੁੜੀ ਸੀ। ਜਿੱਥੇ ਉਸਨੂੰ ਬਲਵੀਰ ਚੰਗਾ ਲੱਗਦਾ ਸੀ ਉੱਥੇ ਬਲਵੀਰ ਨੂੰ ਵੀ ਉਹ ਚੰਗੀ ਲੱਗਦੀ ਸੀ। ਪਰ ਦੋਹਾਂ ਨੇ ਕਦੇ ਇੱਕ ਦੂਜੇ ਨਾਲ ਆਪਣੀ ਸੋਚ ਨੂੰ ਸਾਂਝਾ ਨਹੀਂ ਸੀ ਕੀਤਾ। ਬਲਵੀਰ ਜਿਸ ਕੋਲ ਕੰਮ ਕਰਦਾ ਸੀ ਉਸਨੇ ਬਲਵੀਰ ਨੂੰ ਮਿਹਨਤੀ ਤੇ ਸਾਊ ਜਾਣ ਕੇ ਪਾਮੇਲਾ ਨਾਲ ਉਸਦੀ ਦੋਸਤੀ ਕਰਵਾ ਦਿੱਤੀ ਸੀ ਤਾਂ ਕਿ ਬਲਵੀਰ ਪਾਮੇਲਾ ਨਾਲ ਵਿਆਹ ਕਰਵਾ ਕੇ ਪੱਕਾ ਹੋ ਜਾਵੇ। ਤੇ ਉਸਨੇ ਜਲਦ ਹੀ ਆਪ ਉਨਾਂ ਦਾ ਗਵਾਹ ਬਣ ਕੇ ਵਿਆਹ ਕਰਵਾ ਦਿੱਤਾ ਸੀ ਆਪਣੇ ਰੈਸਰੋਰੈਂਟ ਵਿੱਚ ਹੀ ਪਾਰਟੀ ਵੀ ਆਪਣੇ ਵਲੋਂ ਦਿੱਤੀ। ਬਲਵੀਰ ਉਸਦੇ ਅਹਿਸਾਨ ਨੂੰ ਸਮਝਦਾ ਸੀ ਤੇ ਪਹਿਲਾਂ ਨਾਲੋਂ ਵੀ ਜਿਆਦਾ ਲਗਨ ਨਾਲ ਕੰਮ ਕਰਦਾ ਸੀ। ਦੂਜੇ ਪਾਸੇ ਬਲਵੀਰ ਦੇ ਘਰ ਵਾਲੇ ਪਹਿਲਾਂ ਆਪਣੀ ਜ਼ਮੀਨ ਬਚਾਉਣ ਦੇ ਫਿਕਰ ਵਿੱਚ ਸਨ ਤੇ ਹੁਣ ਉਹ ਆਂਢ ਗੁਆਂਢ ਦੀ ਜ਼ਮੀਨ ਖਰੀਦਣ ਦੀ ਸੋਚ ਰਹੇ ਸਨ । ਕਿਉਂਕਿ ਬਲਵੀਰ ਨੇ ਕੁਝ ਹੀ ਸਮੇਂ ਵਿੱਚ ਘਰ ਦਾ ਮੂੰਹ ਮੱਥਾ ਸਿਰ ਸਵਾਰ ਦਿੱਤਾ ਸੀ। ਪਾਮੇਲਾ ਵੀ ਆਪਣੀ ਤਨਖਾਹ ਬਲਵੀਰ ਦੇ ਹੱਥ ‘ਤੇ ਰੱਖ ਦਿੰਦੀ। ਪਾਮੇਲਾ ਨੇ ਕਦੇ ਵੀ ਬਲਵੀਰ ਨੂੰ ਇਹ ਨਹੀਂ ਸੀ ਪੁੱਛਿਆ ਕਿ ਆਪਣੀ ਤਨਖਾਹ ਕਿੱਥੇ ਜਾਂਦੀ ਹੈ। ਉਹ ਬਲਵੀਰ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਸਮਝਦੀ ਸੀ। ਉਸ ਵਿੱਚ ਜਰਮਨ ਤੀਵੀਆਂ ਵਾਲੀ ਕੋਈ ਗੱਲ ਨਹੀਂ ਸੀ। ਬਲਵੀਰ ਨੇ ਪਾਮੇਲਾ ਨਾਲ ਸਲਾਹ ਕਰਕੇ ਇੱਕ ਬੱਚਾ ਪੈਦਾ ਕਰਨ ਬਾਰੇ ਸੋਚਿਆ। ਜਿਸਨੂੰ ਪਾਮੇਲਾ ਨੇ ਹੱਸ ਕੇ ਮੰਨ ਲਿਆ। ਉਹ ਤਾਂ ਆਪਣੀ ਜਿ਼ੰਦਗੀ ਕੀ ਸਭ ਕੁਝ ਬਲਵੀਰ ਦੇ ਨਾਂ ਕਰੀ ਬੈਠੀ ਸੀ। ਬਲਵੀਰ ਵੀ ਉਸਨੂੰ ਛੱਡਣਾ ਨਹੀਂ ਸੀ ਚਾਹੁੰਦਾ । ਉਹ ਕਈ ਵਾਰ ਘਰ ਵਾਲਿਆਂ ਵੱਲ ਦੇਖ ਕੇ ਡਰ ਜਾਂਦਾ ਪਰ ਨਾਲ ਹੀ ਸੋਚਦਾ ਮੈਂ ਉਨਾਂ ਦੀਆਂ ਇੰਨੀਆਂ ਮੰਨੀਆਂ ਉਹ ਮੇਰੀ ਇੱਕ ਵੀ ਨਾ ਮੰਨਣਗੇ। ਕੀ ਉਹ ਮੇਰੀ ਇੱਕ ਖੁਸ਼ੀ ਵੀ ਮੈਨੂੰ ਨਹੀਂ ਦੇ ਸਕਦੇ। ਨਾਲੇ ਜੋ ਕੁਝ ਹੁਣ ਤੱਕ ਬਣਿਆ ਜਾਂ ਬਣ ਰਿਹਾ ਉਹ ਸਾਰਾ ਕੁਝ ਮੈਂ ਤੇ ਪਾਮੇਲਾ ਹੀ ਤਾਂ ਬਣਾ ਰਹੇ ਹਾਂ। ਨਾਲੇ ਬਾਈ ਕਹਿੰਦਾ ਸੀ ਕੋਈ ਅੱਧਖੜ੍ਹ ਜਿਹੀ ਲੱਭ ਕੇ ਪੱਕਾ ਹੋਜੀਂ, ਪਰ ਇਹ ਤਾਂ ਬੜੀ ਸੋਹਣੀ ਤੇ ਚੰਗੀ ਆ, ਨਾਲੇ ਪੰਜਾਬਣਾਂ ਨਾਲੋਂ ਵੀ ਜਿ਼ਆਦਾ ਸਹੁਰੇ ਘਰ ਦਾ ਸੋਚਦੀ ਆ। ਘਰ ਦਿਆਂ ਆਪੇ ਮੰਨ ਜਾਣਾ ਇਨਾਂ ਖਿਆਲਾਂ ਵਿੱਚ ਹੀ ਬਲਵੀਰ ਆਪਣੇ ਦਿਨ ਗੁਜ਼ਾਰਦਾ ਸੀ ਤੇ ਘਰ ਵਾਲਿਆਂ ਨੂੰ ਪੈਸੀ ਭੇਜੀ ਜਾਦਾ ਸੀ।

ਵਿਆਹ ਦੇ ਡੇਢ ਕੁ ਸਾਲ ਬਾਅਦ ਬਲਵੀਰ ਤੇ ਪਾਮੇਲਾ ਦੇ ਘਰ ਇੱਕ ਫੁੱਲ ਵਰਗੀ ਗੁਡੀਆ ਨੇ ਜਨਮ ਲਿਆ। ਜਿਸਦਾ ਨਾਂ ਬਲਵੀਰ ਨੇ ਡੌਲੀ ਰੱਖਿਆ। ਡੌਲੀ ਦੇ ਜਨਮ ਹੋਣ ਤੇ ਬਲਵੀਰ ਨਾਲੋਂ ਜਿਆਦਾ ਖੁਸ਼ੀ ਪਾਮੇਲਾ ਨੂੰ ਹੋ ਰਹੀ ਸੀ। ਜਿੱਥੇ ਪਾਮੇਲਾ ਮਾਂ ਬਣ ਕੇ ਬੜੀ ਖੁਸ਼ ਸੀ ਉੱਥੇ ਬਲਵੀਰ ਵੀ ਬਹੁਤ ਖੁਸ਼ ਸੀ ਇਸੇ ਕਰਕੇ ਬਲਵੀਰ ਆਪਣੇ ਘਰਦਿਆਂ ਤੋਂ ਇਹ ਗੱਲ ਲੁਕਾ ਨਾ ਸਕਿਆ ਤੇ ਉਸਨੇ ਟੈਲੀਫੋਨ ਕਰਕੇ ਘਰ ਦਿਆਂ ਨੂੰ ਜਦੋਂ ਇਸ ਬਾਰੇ ਦੱਸਿਆ ਤਾਂ ਬਲਵੀਰ ਦੇ ਘਰ ਸੋਗ ਦਾ ਮਾਹੌਲ ਬਣ ਗਿਆ। ਘਰ ਵਾਲੇ ਸੋਚਦੇ ਹੁਣ ਇਹ ਸਾਡੇ ਹੱਥੋਂ ਗਿਆ ਕਿ ਗਿਆ। ਉਹ ਹੁਣ ਬਲਵੀਰ ਨੂੰ ਪਾਮੇਲਾ ਤੋਂ ਅੱਡ ਹੋਣ ਬਾਰੇ ਜੋ਼ਰ ਪਾਉਣ ਲੱਗੇ। ਪਰ ਬਲਵੀਰ ਪਾਮੇਲਾ ਨੂੰ ਛੱਡਣ ਬਾਰੇ ਸੋਚਣਾ ਵੀ ਪਾਪ ਸਮਝਦਾ ਸੀ। ਪਰ ਘਰ ਵਾਲਿਆਂ ਨੇ ਬਲਵੀਰ ਤੇ ਜ਼ੋਰ ਪਾਉਣਾ ਜਾਰੀ ਰੱਖਿਆ। ਹੁਣ ਬਲਵੀਰ ਦੇ ਲਈ ਇੱਕ ਅਜਿਹਾ ਮੋੜ ਆ ਗਿਆ ਜਿਸ ਤੇ ਪਹੁੰਚ ਕੇ ਬਲਵੀਰ ਨੂੰ ਇੱਕ ਪਾਸਾ ਚੁਣਨਾ ਪੈਣਾ ਸੀ । ਜਾਂ ਉਹ ਪਾਮੇਲਾ ਨੂੰ ਚੁਣੇ ਜਾਂ ਫਿਰ ਆਪਣੇ ਘਰਦਿਆਂ ਨੂੰ। ਬਲਵੀਰ ਦੇ ਬੇਬੇ ਬਾਪੂ ਨੇ ਤਾ ਬਲਵੀਰ ਨੂੰ ਇੱਥੋਂ ਤੱਕ ਆਖ ਦਿੱਤਾ ਸੀ ਕਿ ਸਾਡੇ ਮਰਿਆਂ ਤੇ ਵੀ ਆਉਣ ਦੀ ਲੋੜ ਨੀ।

ਬਲਵੀਰ ਬੜੀ ਕਸੂਤੀ ਜਿਹੀ ਸਥਿਤੀ ਵਿੱਚ ਫਸ ਗਿਆ ਸੀ। ਉਸਨੇ ਘਰਦਿਆਂ ਨੂੰ ਬੜਾ ਸਮਝਾਉਣ ਦੀ ਕੋਸਿ਼ਸ਼ ਕੀਤੀ ਕਿ ਪਾਮੇਲਾ ਇੱਕ ਬੜੀ ਸਿਆਣੀ ਤੇ ਸਮਝਦਾਰ ਕੁੜੀ ਆ। ਉਹ ਆਪਣੇ ਨਾਲ ਹਰ ਤਰਾਂ ਰਲ ਮਿਲ ਕੇ ਚੱਲਣ ਵਾਲੀ ਹੈ। ਉਸਨੇ ਵਿਆਹ ਤੋਂ ਬਾਅਦ ਕਦੇ ਵੀ ਆਪਣੇ ਬਾਰੇ ਨਹੀਂ ਸੋਚਿਆਂ ਸਗੋਂ ਸਦਾ ਹੀ ਮੇਰੇ ਤੇ ਤੁਹਾਡੇ ਬਾਰੇ ਸੋਚਦੀ ਆਈ ਹੈ। ਜਰਮਨੀ ਵਿੱਚ ਵੀ ਮੇਰੀ ਬੜੀ ਮਦਦ ਕੀਤੀ ਹੈ। ਜੋ ਤੁਸੀਂ ਜ਼ਮੀਨ ਜਾਇਦਾਦ ਖਰੀਦੀ ਹੈ ਉਸ ਵਿੱਚ ਵੀ ਪਾਮੇਲਾ ਨੇ ਬਰਾਬਰ ਦੇ ਪੈਸੇ ਭੇਜੇ ਹਨ। ਕੀ ਹੋਇਆ ਜੇ ਉਹ ਜਰਮਨੀ ਦੀ ਕੁੜੀ ਆ ਪਰ ਹੈ ਤਾਂ ਇਨਸਾਨ ਹੀ। ਪਰ ਬਲਵੀਰ ਦੇ ਘਰ ਦੇ ਉਸ ਨਾਲ ਹੋਰ ਵੀ ਔਖੇ ਹੋ ਗਏ। ਬਲਵੀਰ ਨੇ ਬੜਾ ਸੋਚਿਆ ਤੇ ਅਖੀਰ ਉਹ ਆਪਣੇ ਘਰ ਵਾਲਿਆਂ ਦੇ ਅੱਗੇ ਗੋਡੇ ਟੇਕ ਗਿਆ।

ਇੱਕ ਸ਼ਾਮ ਨੂੰ ਉਸਨੇ ਪਾਮੇਲਾ ਨੂੰ ਇੱਕ ਰੇਸਟੋਰੈਂਟ ਤੇ ਜਾ ਕੇ ਰੋਟੀ ਖਵਾਈ ਤੇ ਬਾਅਦ ਵਿੱਚ ਆਪਣੇ ਘਰ ਦੀ ਮਜਬੂਰੀ ਦੱਸਣ ਦੀ ਕੋਸਿ਼ਸ਼ ਕਰਨ ਲੱਗਾ। ਪਾਮੇਲਾ ਵੀ ਬੜੀ ਹੈਰਾਨ ਸੀ ਕਿ ਅੱਜ ਇਹ ਅਚਾਨਕ ਰੈਸਟੋਰੈਂਟ ਕਿਉਂ ਆਇਆ ਹੈ। ਉਹ ਵੈਸੇ ਵੀ ਕਈ ਦਿਨਾਂ ਤੋਂ ਬਲਵੀਰ ਨੂੰ ਅਪਸੈੱਟ ਜਿਹਾ ਮਹਿਸੂਸ ਕਰਦੀ ਸੀ ਪਰ ਬਲਵੀਰ ਕਦੇ ਥਕਾਵਟ ਤੇ ਕਦੇ ਸਿਰ ਦਰਦ ਦਾ ਬਹਾਨਾ ਬਣਾ ਕੇ ਟਾਲ ਜਾਂਦਾ ਸੀ। ਬਲਵੀਰ ਨੇ ਅੱਜ ਪਾਮੇਲਾ ਨੂੰ ਆਪਣੀ ਮਜਬੂਰੀ ਦੱਸ ਦੇਣੀ ਹੀ ਠੀਕ ਸਮਝੀ। ਉਸਦੇ ਸਾਹਮਣੇ ਆਪਣੀ ਧੀ ਡੌਲੀ ਤੇ ਪਾਮੇਲਾ ਦਾ ਪਿਆਰ ਸੀ ਤੇ ਇੱਕ ਪਾਸੇ ਉਸਦੇ ਬੇਬੇ ਬਾਪੂ, ਭਰਾ ਭਰਜਾਈ ਤੇ ਭੈਣਾਂ ਸਨ। ਉਹਨੇ ਸੋਚਿਆ ਕਿ ਘਰ ਵਾਲਿਆਂ ਨੂੰ ਖੋ ਲਿਆ ਤਾਂ ਸਭ ਕੁਝ ਜਾਂਦਾ ਰਹੇਗਾ। ਮੇਰੀਆਂ ਜੜ੍ਹਾਂ ਤਾਂ ਘਰ ਵਾਲੇ ਹੀ ਹਨ। ਜੇ ਕਰ ਉਹੀ ਮੈਥੋਂ ਮੁਖ ਮੋੜ ਗਏ ਤਾਂ ਮੈਂ ਕੀ ਕਰਾਂਗਾ। ਪਰ ਬਲਵੀਰ ਆਪਣੀਆਂ ਜੜ੍ਹਾਂ ਕਾਰਨ ਆਪਣੇ ਹੱਸਦੇ ਵੱਸਦੇ ਘਰ ਨੂੰ ਖਤਮ ਕਰਨ ਜਾ ਰਿਹਾ ਸੀ। ਆਪਣੇ ਹਰੇ ਭਰੇ ਪਰਿਵਾਰ ਦੇ ਬੂਟੇ ਨੂੰ ਆਪਣੇ ਹੱਥੀਂ ਹੀ ਛਾਂਗਣ ਜਾ ਰਿਹਾ ਸੀ। ਉਸਨੇ ਆਪਣੀਆਂ ਜੜਾਂ ਬਦਲੇ ਆਪਣੇ ਘਰ ਦੇ ਬੂਟੇ ਦੇ ਫੁੱਲ ਡੌਲੀ ਅਤੇ ਬੂਟੇ ਦੇ ਨਰੋਏ ਤਣੇ ਨੂੰ ਇੱਕ ਤਰਾਂ ਅਣਦੇਖਿਆ ਕਰ ਲਿਆ ਸੀ। ਉਹ ਉਨਾਂ ਜੜਾਂ ਤੇ ਜਿਆਦਾ ਉਲਾਰ ਹੋ ਗਿਆ ਜਿਨਾਂ ਨੇ ਅੱਗੇ ਸ਼ਾਇਦ ਬਲਵੀਰ ਤੋਂ ਮੁੱਖ ਮੋੜ ਲੈਣਾ ਸੀ। ਖੈਰ ਬਲਵੀਰ ਨੇ ਪਾਮੇਲਾ ਨੂੰ ਸਾਰੀ ਗੱਲ ਦੱਸ ਦਿੱਤੀ ਤੇ ਨਾਲ ਆਪਣਾ ਫੈਸਲਾ ਵੀ ਸੁਣਾ ਦਿੱਤਾ। ਉਸ ਪਿਉ ਦੀ ਧੀ ਦਾ ਕਸੂਰ ਸਿਰਫ਼ ਇਹੀ ਸੀ ਕਿ ਉਹ ਗੋਰੀ ਸੀ, ਉਹ ਬਾਹਰਲੀ ਸੀ। ਪਰ ਉਸ ਵਿੱਚ ਖੂਬੀਆਂ ਬਹੁਤ ਸਨ ਜਿਨਾਂ ਨੂੰ ਕੋਈ ਨਹੀਂ ਸੀ ਦੇਖਦਾ। ਉਸਨੇ ਜਦੋਂ ਦਾ ਬਲਵੀਰ ਦਾ ਹੱਥ ਫੜਿਆ ਮੁੜ ਪਿੱਛੇ ਮੁੜਕੇ ਵੀ ਨਾ ਦੇਖਿਆ। ਉਹ ਤਾਂ ਆਪਣੇ ਘਰ ਵਾਲਿਆਂ ਨੂੰ ਵੀ ਭੁੱਲ ਗਈ ਸੀ। ਪਰ ਅੱਜ ਉਸਤੇ ਜੋ ਪਹਾੜ ਟੁੱਟਿਆ ਉਸਨੂੰ ਉਹੀ ਜਾਣਦੀ ਸੀ। ਉਸਨੇ ਡੌਲੀ ਨੂੰ ਆਪਣੀ ਛਾਤੀ ਨਾਲ ਘੁੱਟ ਕੇ ਲਾ ਲਿਆ ਤੇ ਇੱਕ ਪੱਥਰ ਦੀ ਸਿੱਲ ਬਣ ਕੇ ਸੁੰਨ ਜਿਹੀ ਹੋ ਗਈ। ਉਸ ਕੋਲੋਂ ਬੋਲਿਆ ਵੀ ਨਹੀਂ ਜਾ ਰਿਹਾ ਸੀ। ਉਸਦੇ ਕੰਨ ਸਾਂ ਸਾਂ ਕਰ ਰਹੇ ਸਨ ਤੇ ਛੱਤ ਘੁੰਮਦੀ ਨਜ਼ਰ ਆ ਰਹੀ ਸੀ। ਪੈਰਾਂ ਹੇਠਲੀ ਜ਼ਮੀਨ ਜਿਵੇਂ ਖਿਸਕਦੀ ਜਾ ਰਹੀ ਹੋਵੇ। ਉਸਨੇ ਇਹ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਬਲਵੀਰ ਉਸ ਨਾਲ ਇੰਝ ਕਰੇਗਾ। ਉਹ ਉੱਠ ਕੇ ਆਪਣੀ ਮਾਂ ਕੋਲ ਚਲੇ ਗਈ ਤੇ ਬਲਵੀਰ ਕਿੰਨਾ ਚਿਰ ਹੀ ਬੈਠਾ ਰਿਹਾ ਤੇ ਉਸਨੇ ਪਾਮੇਲਾ ਦੇ ਜਾਣ ਦੇ ਬਾਅਦ ਸ਼ਰਾਬ ਵੀ ਚੰਗੀ ਪੀ ਲਈ । ਉਸਨੂੰ ਰੈਸਟੋਰੈਂਟ ਵਾਲਿਆਂ ਨੇ ਟੈਕਸੀ ਦੁਆਰਾ ਘਰ ਪੁਚਾਇਆ।

ਅਗਲੇ ਦਿਨ ਪਾਮੇਲਾ ਨੇ ਉਨਾਂ ਦਾ ਵਿਆਹ ਕਰਵਾਉਣ ਵਾਲੇ ਰੈਸਟੋਰੈਂਟ ਦੇ ਮਾਲਿਕ ਨੂੰ ਅਤੇ ਬਲਵੀਰ ਦੇ ਕੁਝ ਦੋਸਤਾਂ ਨੂੰ ਸੱਦ ਕੇ ਕਿਹਾ ਕਿ ਇਸ ਨੂੰ ਸਮਝਾਉ। ਮੈਂ ਉੱਜੜ ਜਾਵਾਂਗੀ, ਮੈਂ ਕਿੱਥੇ ਜਾਵਾਂਗੀ? ਮੇਰੇ ਨਾਲ ਹੁਣ ਕੌਣ ਆਪਣੀ ਦੁਨੀਆ ਵਸਾਵੇਗਾ? ਕੀ ਮੈਨੂੰ ਹੁਣ ਕਿਸੇ ਹੋਰ ਕੱਚੇ ਨੂੰ ਪੱਕਾ ਕਰਨ ਲਈ ਦੁਬਾਰਾ ਵਿਆਹ ਦਾ ਢਕਵੰਝ ਕਰਨਾ ਪਵੇਗਾ? ਨਹੀਂ ਨਹੀਂ ਇਹ ਸਰਾਸਰ ਧੋਖਾ ਹੈ। ਇਸ ਮਾਸੂਮ ਦਾ ਕੀ ਬਣੇਗਾ? ਬਲਵੀਰ ਦੇ ਦੋਸਤਾਂ ਨੇ ਵੀ ਸਮਝਾਇਆ ਕਿ ਤੂੰ ਦੁਬਾਰਾ ਸੋਚ ਲੈ, ਪਰ ਸਭ ਵਿਆਰਥ। ਪਾਮੇਲਾ ਨੇ ਡੌਲੀ ਦਾ ਵੀ ਵਾਸਤਾ ਪਾਇਆ। ਆਪਣੇ ਪਿਆਰ ਦੀ ਦੁਹਾਈ ਦਿੱਤੀ। ਇੱਥੋਂ ਤੱਕ ਵੀ ਕਿਹਾ ਕਿ ਬਲਵੀਰ ਤਲਾਕ ਨਾ ਕਰ ਕੁਝ ਮਹੀਨੇ ਇਕੱਲਾ ਰਹਿ ਕੇ ਦੇਖ ਲੈ ਤੇ ਫਿਰ ਫੈਸਲਾ ਕਰ ਲਈਂ ਕੀ ਕਰਨਾ। ਪਰ ਬਲਵੀਰ ਨੇ ਇੱਕੋ ਗੱਲ ਫੜੀ ਸੀ ਕਿ ਤਲਾਕ ਈ ਕਰਨਾ ਜੋ ਹੁੰਦਾ ਹੋ ਜਾਵੇ। ਉਸਨੇ ਕਾਹਲੀ ਵਿੱਚ ਜਾਂ ਆਪਣੇ ਘਰ ਵਾਲਿਆਂ ਦੀ ਖੁਸ਼ੀ ਖਾਤਰ ਡੌਲੀ ਤੋਂ ਵੀ ਆਪਣਾ ਸਾਰਾ ਹੱਕ ਖਤਮ ਕਰ ਲਿਆ। ਉਸਨੇ ਲਿਖ ਕੇ ਦੇ ਦਿੱਤਾ ਕਿ ਮੈਂ ਆਪਣੀ ਧੀ ਤੇ ਕਦੇ ਵੀ ਦਾਅਵਾ ਨਹੀਂ ਜਿਤਾਵਾਂਗਾ।

ਸਮਾਂ ਆਪਣੀ ਤੋਰੇ ਚੱਲ ਰਿਹਾ ਸੀ ਤੇ ਬਲਵੀਰ ਨੇ ਇੰਡੀਆ ਜਾ ਕੇ ਆਪਣਾ ਦੂਜਾ ਵਿਆਹ ਕਰਵਾ ਲਿਆ। ਘਰ ਵਾਲੇ ਬਹੁਤ ਖੁਸ਼ ਸਨ ਕਿ ਮੁੰਡਾ ਕੁਝ ਕੁ ਸਾਲਾਂ ਵਿੱਚ ਗੋਰੀ ਨਾਲ ਵਿਆਹ ਕਰਵਾ ਕੇ ਜਰਮਨੀ ਪੱਕਾ ਹੋ ਗਿਆ ਤੇ ਤਲਾਕ ਕਰਕੇ ਹੁਣ ਦੂਜਾ ਵਿਆਹ ਵੀ ਕਰਵਾ ਲਿਆ। ਪਰ ਉਹ ਇਹ ਨਹੀਂ ਜਾਣਦੇ ਸਨ ਕਿ ਇਸ ਵਿਆਹ ਪਿੱਛੇ ਉਸ ਗੋਰੀ ਦੇ ਕਿੰਨੇ ਅਰਮਾਨਾਂ ਨੂੰ ਅੱਗ ਲੱਗੀ ਹੈ। ਉਸ ਵਿਚਾਰੀ ਨੇ ਆਪਣਾ ਸਾਰਾ ਕੁਝ ਇੱਕ ਪ੍ਰਦੇਸੀ ਦੇ ਹਵਾਲੇ ਕਰ ਦਿੱਤਾ ਤੇ ਉਸਦਾ ਫਲ਼ ਉਸਨੂੰ ਤਲਾਕ ਦੇ ਰੂਪ ਵਿੱਚ ਮਿਲਿਆ। ਪਤਾ ਨਹੀਂ ਉਸ ਵਰਗੀਆਂ ਹੋਰ ਕਿੰਨੀਆਂ ਕੁ ਹੋਣੀਆਂ ਨੇ ਜਿੰਨਾਂ ਨੇ ਕੱਚਿਆਂ ਨੂੰ ਪੱਕੇ ਕਰਵਾਉਣ ਬਦਲੇ ਕੀ ਕੀ ਸਹਿਆ ਹੋਣਾ ਅਤੇ ਕਿਹੜੇ ਕਿਹੜੇ ਨਤੀਜੇ ਝੱਲੇ ਹੋਣੇ ਨੇ।

ਇੱਧਰ ਵਾਜਿਆਂ ਗਾਜਿਆਂ ਨਾਲ ਬਲਵੀਰ ਦਾ ਵਿਆਹ ਚਰਨਜੀਤ ਨਾਲ ਹੋ ਗਿਆ । ਬਲਵੀਰ ਨੇ ਕੁਝ ਸਮੇਂ ਵਿੱਚ ਹੀ ਚਰਨਜੀਤ ਨੂੰ ਜਰਮਨੀ ਬੁਲਾ ਲਿਆ ਤੇ ਆਪਣੇ ਘਰ ਦੀ ਗੱਡੀ ਨੂੰ ਚਾਲੇ ਪਾ ਲਿਆ। ਪਰ ਪਾਮੇਲਾ ਵਿਚਾਰੀ ਅਜੇ ਇਸ ਸਦਮੇ ਤੋਂ ਉੱਭਰੀ ਨਹੀਂ ਸੀ। ਪਰ ਉਸਨੇ ਡੌਲੀ ਨੂੰ ਆਪਣਾ ਸਭ ਕੁਝ ਸਮਝ ਕੇ ਦਗੀ ਨਾਲ ਸਮਝੌਤਾ ਜਰੂਰ ਕਰ ਲਿਆ ਸੀ। ਜਦੋਂ ਚਰਨਜੀਤ ਜਰਮਨੀ ਆਈ ਤਾਂ ਪਾਮੇਲਾ ਇੱਕ ਦੋਸਤ ਵਾਂਗ ਉਸਨੂੰ ਮਿਲਣ ਆਈ ਸੀ ਤੇ ਇਹ ਕਹਿ ਕੇ ਗਈ ‘ਰੱਬ ਤੈਨੂੰ ਖੁਸ਼ ਰੱਖੇ’ ਕਿਉਂਕਿ ਉਸਨੇ ਬਲਵੀਰ ਕੋਲੋਂ ਪੰਜਾਬੀ ਵੀ ਕੁਝ ਕੁਝ ਸਿੱਖ ਲਈ ਸੀ। ਉਸਦੀਆਂ ਅੱਖਾਂ ਵਿੱਚ ਹੰਝੂ ਦੋ ਮੋਤੀਆਂ ਵਾਂਗ ਤੈਰ ਰਹੇ ਸਨ ਪਰ ਉਸਨੇ ਡਿੱਗਣ ਨਾ ਦਿੱਤੇ। ਚਰਨਜੀਤ ਨੇ ਉਸਦਾ ਦੁੱਖ ਮਹਿਸੂਸ ਕਰ ਲਿਆ ਸੀ ਪਰ ਕੁਝ ਵੀ ਨਾ ਬੋਲੀ, ਕਿਉਂਕਿ ਬਲਵੀਰ ਨੇ ਚਰਨਜੀਤ ਨੂੰ ਆਪਣੇ ਤੇ ਪਾਮੇਲਾ ਬਾਰੇ ਦੱਸ ਦਿੱਤਾ ਸੀ।

ਇਸ ਤਰਾਂ ਦਿਨ ਮਹੀਨੇ ਤੇ ਸਾਲ ਬੀਤਦੇ ਗਏ। ਬਲਵੀਰ ਨੇ ਬੇਸ਼ੱਕ ਡੌਲੀ ਤੋਂ ਆਪਣਾ ਹੱਕ ਖਤਮ ਕਰ ਦਿੱਤਾ ਸੀ ਪਰ ਪਾਮੇਲਾ ਨੇ ਫਿਰ ਵੀ ਡੌਲੀ ਨਾਲ ਬਲਵੀਰ ਦਾ ਮਿਲਣਾ ਜਾਰੀ ਰੱਖਿਆ। ਉਹ ਆਪਣੀ ਧੀ ਨੂੰ ਪਿਉ ਦੇ ਪਿਆਰ ਤੋਂ ਵਾਂਝਾ ਨਹੀਂ ਸੀ ਰੱਖਣਾ ਚਾਹੁੰਦੀ। ਇਸ ਬਹਾਨੇ ਉਹ ਬਲਵੀਰ ਦੀ ਝਲਕ ਵੀ ਦੇਖ ਲਿਆ ਕਰਦੀ ਸੀ। ਪਰ ਕਦੇ ਵੀ ਉਸਨੇ ਆਪਣੀ ਪਹਿਲੀ ਜਗ੍ਹਾ ਲੈਣ ਦੀ ਕੋਸਿ਼ਸ਼ ਨਾ ਕੀਤੀ। ਕਦੇ ਬਲਵੀਰ ਉਸਦੇ ਨੇੜੇ ਹੋਣਾ ਵੀ ਚਾਹੁੰਦਾ ਤਾਂ ਉਹ ਆਪ ਹੀ ਪਾਸਾ ਵੱਟ ਜਾਂਦੀ।
ਦੂਜੇ ਪਾਸੇ ਬਲਵੀਰ ਦਾ ਕੰਮ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਸੀ । ਕਿਉਂਕਿ ਪਹਿਲਾਂ ਪਾਮੇਲਾ ਵੀ ਕੰਮ ਕਰਦੀ ਸੀ ਤੇ ਤਨਖਾਹਾਂ ਦੋ ਆਉਂਦੀਆਂ ਸਨ। ਹੁਣ ਇਕੱਲਾ ਬਲਵੀਰ ਕੰਮ ਕਰਦਾ ਸੀ, ਉੱਤੋਂ ਕੰਮਾਂ ਕਾਰਾਂ ਦਾ ਮੰਦਾ। ਬਲਵੀਰ ਕੋਲੋਂ ਹੁਣ ਘਰ ਨੂੰ ਪੈਸੇ ਨਾ ਭੇਜ ਹੁੰਦੇ। ਘਰਦੇ ਉਸਨੂੰ ਜਦੋਂ ਵੀ ਆਖਦੇ ਬੀਰੇ ਸਾਡਾ ਵੀ ਖਿਆਲ ਰੱਖ । ਇੱਥੇ ਵਾਹੀ ਵਿੱਚ ਕੁਝ ਨੀ ਬੱਚਦਾ। ਅੱਗੋਂ ਬਲਵੀਰ ਆਪਣੀ ਮਜਬੂਰੀ ਦੱਸਦਾ ਤਾਂ ਕੋਈ ਉਸਤੇ ਯਕੀਨ ਨਾ ਕਰਦਾ। ਉਲਟ ਸਾਰੇ ਚਰਨਜੀਤ ਨੂੰ ਬੁਰਾ ਭਲਾ ਆਖਦੇ। ਜਦੋਂ ਦੀ ਗਈ ਆ ਜਾਂਦੀ ਨੇ ਵੱਸ ਕਰ ਲਿਆ, ਹੁਣ ਨੀ ਰਿਹਾ ਪਹਿਲਾਂ ਵਾਲਾ ਬੀਰਾ। ਇਹਦੇ ਨਾਲੋਂ ਤਾਂ ਗੋਰੀ ਚੰਗੀ ਸੀ। ਘਰ ਦੇ ਚਰਨਜੀਤ ਨੂੰ ਕੋਸਦੇ ਰਹਿੰਦੇ। ਕਈ ਤਰਾਂ ਦੀਆਂ ਗੱਲਾਂ ਚਰਨਜੀਤ ਬਾਰੇ ਗੱਲਾਂ ਕਰਦੇ। ਭੁੱਖੀ ਮਰਦੀ ਸੀ ਹੁਣ ਚੰਗਾ ਖਾਂਦੀ ਹੋਣੀ ਤੇ ਚੰਗਾ ਪਹਿਨਦੀ ਹੋਣੀ ਆ। ਪੇਕਿਆਂ ਦੇ ਘਰੇ ਨੀ ਪੂਰੀ ਪੈਂਦੀ ਹੋਣੀ। ਬੀਰਾ ਤਾਂ ਅੱਗੇ ਲਾਈ ਲੱਗ ਆ, ਉਹਦੇ ਜੋਗਾ ਈ ਰਹਿ ਗਿਆ ਹੁਣ। ਇਸ ਤਰਾਂ ਦੀਆਂ ਗੱਲਾਂ ਬਲਵੀਰ ਦੇ ਘਰੇ ਨਿੱਤ ਹੁੰਦੀਆਂ ਸਨ।

ਵਿਆਹ ਤੋਂ ਦੋ ਢਾਈ ਸਾਲ ਬਾਅਦ ਜਦੋਂ ਬਲਵੀਰ ਇੰਡੀਆ ਨੂੰ ਗਿਆ ਤਾਂ ਮਾਂ ਤੋਂ ਬਿਨ੍ਹਾਂ ਘਰ ਦੇ ਕਿਸੇ ਜੀਅ ਨੇ ਬਲਵੀਰ ਨੂੰ ਬਹੁਤਾ ਮੂੰਹ ਨਾ ਲਾਇਆ। ਬਾਪੂ ਨੂੰ ਬੀਰਾ ਖੂਹ ‘ਤੇ ਜਾ ਕੇ ਮਿਲਕੇ ਆਇਆ। ਬਾਪੂ ਨੇ ਬੀਰੇ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਘੁੱਟਦੇ ਹੋਏ ਆਖਿਆ ਪੁੱਤਰਾ ਬੜੀ ਤਾਂਘ ਸੀ ਤੈਨੂੰ ਮਿਲਣ ਦੀ ਚੰਗਾ ਕੀਤਾ ਈ ਆ ਗਿਉਂ।

ਬਾਪੂ ਮੇਰਾ ਕਿਹੜਾ ਜੀਅ ਲੱਗਦਾ ਤੁਹਾਥੋਂ ਬਗੈਰ। ਤੇ ਬਲਵੀਰ ਨੇ ਬਾਹਰਲੀ ਲਿਆਂਦੀ ਬੋਤਲ ਨੂੰ ਥਮਾਂਉਂਦੇ ਹੋਏ ਕਿਹਾ ਬਾਪੂ ਤੇਰੀ ਆ ਜਦੋਂ ਦਿਲ ਕਰੂ ਪੀ ਲਵੀਂ। ਬਲਵੀਰ ਬਾਪੂ ਨਾਲ ਗੱਲਾਂ ਬਾਤਾਂ ਕਰਨ ਤੋਂ ਬਾਅਦ ਆਪਣੇ ਖੇਤਾਂ ਵੱਲ ਗੇੜਾ ਮਾਰਨ ਚਲਾ ਗਿਆ।

ਬਲਵੀਰ ਦੇ ਆਇਆਂ ਅਜੇ ਕੁਝ ਦਿਨ ਹੀ ਹੋਏ ਸਨ ਕਿ ਬਲਵੀਰ ਦਾ ਬਾਪੂ ਮਾੜਾ ਜਿਹਾ ਢਿੱਲਾ ਹੋ ਕੇ ਰੱਬ ਨੂੰ ਪਿਆਰਾ ਹੋ ਗਿਆ। ਬਾਪੂ ਦੇ ਕਿਰਿਆ ਕਰਮ ਸਮੇਂ ਅਤੇ ਹੋਰ ਰਸਮਾਂ ਸਮੇਂ ਬਲਵੀਰ ਦੇ ਭਰਾ ਨੇ ਉਸਨੂੰ ਬਹੁਤਾ ਮੂੰਹ ਨਾ ਲਾਇਆ ਤੇ ਨਾ ਹੀ ਕਿਸੇ ਕੰਮ ਵਿੱਚ ਬਲਵੀਰ ਦੀ ਸਲਾਹ ਲੈਣੀ ਜ਼ਰੂਰੀ ਸਮਝੀ।

ਘਰ ਵਾਲਿਆਂ ਦੇ ਰਵੀਈਏ ਨੂੰ ਦੇਖ ਕੇ ਬਲਵੀਰ ਬੜਾ ਅਚੰਭਤ ਹੋਇਆ। ਉਸਨੇ ਘਰ ਦੇ ਇਕੱਲੇ ਇਕੱਲੇ ਜੀਅ ਨਾਲ ਗੱਲ ਕਰਨੀ ਚਾਹੀ ਪਰ ਕੋਈ ਵੀ ਸਿੱਧੇ ਮੂੰਹ ਗੱਲ ਕਰਨ ਨੂੰ ਤਿਆਰ ਨਹੀਂ ਸੀ। ਬਲਵੀਰ ਨੇ ਘਰ ਦੇ ਸਾਰੇ ਜੀਆਂ ਨੂੰ ਇਕੱਠੇ ਬਿਠਾ ਕੇ ਬੜੇ ਤਰਲੇ ਨਾਲ ਆਖਿਆ ਕਿ ਮੈਂ ਤੁਹਾਡੀ ਖਾਤਰ ਆਪਣਾ ਵਸਿਆ ਵਸਾਇਆ ਘਰ ਉਝਾੜ ਲਿਆ। ਆਪਣੀ ਫੁੱਲ ਵਰਗੀ ਧੀ ਨੂੰ ਆਪਣੇ ਤੋਂ ਜੁਦਾ ਕਰ ਲਿਆ ਤੇ ਹੋਰ ਤੇ ਹੋਰ ਤੁਹਾਡੀ ਖਾਤਰ ਮੈਂ ਪਾਮੇਲਾ ਨਾਲ ਸਰਾਸਰ ਧੋਖਾ ਹੀ ਤਾਂ ਕੀਤਾ ਹੈ। ਜਰਮਨੀ ਵਿੱਚ ਵੀ ਲੋਕਾਂ ਸਾਹਮਣੇ ਫਿੱਕਾ ਪਿਆ ਹਾਂ। ਦੂਜਾ ਵਿਆਹ ਵੀ ਤੁਹਾਡੀ ਮਰਜ਼ੀ ਨਾਲ ਕਰਾ ਲਿਆ ਪਰ ਹੁਣ ਮੇਰੇ ਨਾਲ ਕਿਉਂ ਨੀ ਬੋਲਦੇ?

ਬਲਵੀਰ ਦੀ ਮਾਂ ਨੇ ਆਪਣੇ ਵੱਡੇ ਪੁੱਤ ਤੇ ਭਰਜਾਈ ਨੂੰ ਸਮਝਾਉਂਦੇ ਆਖਿਆ ਕਾਕਾ ਇਹਦਾ ਦਿਲ ਨਾ ਦੁਖਾਉ ਇਹ ਦੋ ਚਾਰ ਦਿਨ ਰਹਿ ਕੇ ਮੁੜਜੂ ਗਾ। ਉੱਥੇ ਜਾ ਕੇ ‘ਕੱਲਾ ਕਲਪੂ ਤੁਸੀਂ ਇਹਦੇ ਨਾਲ ਬੋਲੋ ਚੱਲੋ । ਨਾਲੇ ਬੀਰੇ ਨੇ ਬੜੀ ਬੜੀ ਕਮਾਈ ਕੀਤੀ ਆ ਇਸ ਘਰ ਲਈ। ਬੇਬੇ ਬਲਵੀਰ ਦਾ ਪੱਖ ਲੈ ਕੇ ਆਪਣੇ ਵੱਡੇ ਪੁੱਤ ਨੂੰ ਸਮਝਾਉਣਾ ਚਾਹੁੰਦੀ ਸੀ।

ਬਲਵੀਰ ਦੇ ਭਰਾ ਤੋਂ ਪਹਿਲਾਂ ਹੀ ਉਸਦੀ ਭਰਜਾਈ ਨੇ ਤਾੜ ਕਰਦਾ ਜਵਾਬ ਦਿੰਦੇ ਆਖਿਆ ਬੀਬੀ ਅਸੀਂ ਕਿਹੜਾ ਇਹਤੋਂ ਲੈ ਕੇ ਖਾਨੇ ਆ, ਆਪਣੀ ਕਰਦੇ ਤੇ ਕਮਾਉਂਨੇ ਆ ਫਿਰ ਟੱਬਰ ਪਾਲਦੇ ਆ। ਨਾਲੇ ਬੀਬੀ ਤੂੰ ਬਹੁਤੀ ਉਹਦੀ ਹੇਜੜੀ ਨਾਲ ਬਣ, ਰਹਿਣਾ ਸਾਡੇ ਕੋਲ ਈ ਆ ਉਹ ਤੇ ਤੁਰਜੂ ਜਿੱਥੋਂ ਆਇਆ। ਤੇਰੇ ਕੰਮ ਅਸੀਂ ਈ ਉ ਆਉਣਾ, ਇਹਨੇ ਤੇ ਪਾਣੀ ਵੀ ਪਾਉਣਾ ਤੇਰੇ ਮਰਦੀ ਦੇ ਮੂੰਹ ਵਿੱਚ। ਇੱਕ ਗੱਲ ਹੋਰ ਮਾਂਵਾਂ ਨੂੰ ਪੁੱਤ ਇੱਕੋ ਜਿਹੇ ਹੁੰਦੇ ਆ। ਬਲਵੀਰ ਦੀ ਭਰਜਾਈ ਦਿਲੋਂ ਬਲਵੀਰ ਨਾਲ ਬੜੀ ਔਖੀ ਸੀ ਕਿਉਂਕਿ ਬਲਵੀਰ ਹੁਣ ਕੰਮ ਕਾਰ ਮੰਦਾ ਹੋਣ ਕਰਕੇ ਕੁਝ ਸਮੇਂ ਤੋਂ ਪੈਸੇ ਨਹੀਂ ਸੀ ਪਾ ਸਕਿਆ।

ਬਲਵੀਰ ਦੀ ਮਾਂ ਵਿਚਾਰੀ ਨੇ ਤਾਂ ਆਪਣੇ ਪੁੱਤ ਦੇ ਦੁੱਖ ਨੂੰ ਸਮਝਦੇ ਹੋਏ ਵੱਡੇ ਨੂੰਹ ਪੁੱਤ ਨੂੰ ਸਮਝਾਉਣਾ ਚਾਹਿਆ ਪਰ ਵੱਡੀ ਨੂੰਹ ਦਾ ਤਾਂ ਮੂੰਹ ਕੰਨਾ ਤੱਕ ਪਾਟਾ ਪਿਆ ਸੀ। ਮਾਂ ਵਿਚਾਰੀ ਹਉਕਾ ਭਰ ਕੇ ਰਹਿ ਗਈ । ਉਹ ਜਾਣਦੀ ਸੀ ਕਿ ਜਿਆਦਾ ਬਲਵੀਰ ਦਾ ਪੱਖ ਲਿਆ ਤਾਂ ਇਸ ਨੂੰਹ ਨੇ ਮੁੜ ਮੇਰਾ ਜੀਣਾ ਹਰਾਮ ਕਰ ਦੇਣਾ। ਸੋ ਮਾਂ ਨੇ ਬਲਵੀਰ ਨੂੰ ਕੋਲ ਬਿਠਾ ਇੰਨਾ ਹੀ ਕਿਹਾ ਪੁੱਤ ਮੇਰਾ ਕਹਿੰਦੀ ਦਾ ਕਾਲਜਾ ਪਾਟਦਾ ਪਰ ਕਹਿਣੋਂ ਰਹਿ ਨੀ ਸਕਦੀ ਤੂੰ ਆਪਣੀ ਟਿਕਟ ਬਦਲ ਲੈ ਤੇ ਵਾਪਸ ਚੱਲ ਜਾ। ਇੰਨੀ ਗੱਲ ਕਹਿ ਕੇ ਮਾਂ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਜਦੀ ਹੋਈ ਅੰਦਰ ਜਾ ਵੜੀ। ਉਹ ਨਹੀਂ ਚਾਹੁੰਦੀ ਸੀ ਕਿ ਬਲਵੀਰ ਉਸਦੇ ਅੱਥਰੂਆਂ ਨੂੰ ਦੇਖੇ ਤੇ ਦੁਖੀ ਹੋਵੇ।
ਬਲਵੀਰ ਨੇ ਮਾਂ ਨੂੰ ਕੁਝ ਕਹਿਣਾ ਚਾਹਿਆ ਪਰ ਮਾਂ ਤੱਦ ਤੱਕ ਅੰਦਰ ਚਲੀ ਗਈ ਤੇ ਬਲਵੀਰ ਅਵਾਕ ਖੜਾ ਦੇਖਦਾ ਰਹਿ ਗਿਆ। ਉਸਨੂੰ ਕੁਝ ਸੁੱਝ ਨਹੀਂ ਸੀ ਰਿਹਾ ਕਿ ਕੀ ਕੀਤਾ ਜਾਵੇ। ਅਖੀਰ ਬਲਵੀਰ ਨੇ ਆਪਣੇ ਭਰਾ ਨਾਲ ਗੱਲ ਕਰਨੀ ਚਾਹੀ ਜਿਸਦੀ ਬਲਵੀਰ ਬਹੁਤ ਇੱਜ਼ਤ ਕਰਦਾ ਸੀ। ਬਲਵੀਰ ਭਰਾ ਨਾਲ ਗੱਲ ਕਰਨ ਲਈ ਆਪਣੇ ਖੂਹ ਤੇ ਚਲਾ ਗਿਆ। ਉਸਨੇ ਭਰਾ ਨੂੰ ਫਤਹਿ ਬੁਲਾਈ ਤੇ ਅੱਗੋਂ ਭਰਾ ਨੇ ਮਾੜਾ ਜਿਹਾ ਸਿਰ ਹਿਲਾਇਆ ਤੇ ਉੱਠ ਕੇ ਜਾਣ ਲੱਗਾ ਤਾਂ ਬਲਵੀਰ ਨੇ ਆਖਿਆ ਭਾਜੀ ਮੇਰੀ ਗੱਲ ਸੁਣ ਕੇ ਜਾਇਉ।

ਅੱਗੋਂ ਬਲਵੀਰ ਦਾ ਭਰਾ ਬੋਲਿਆ ਕਿਉਂ ਮੈਂ ਤੇਰਾ ਬੱਝਾ ਹੋਇਆਂ ਕਿ ਗੱਲ ਸੁਣ ਕੇ ਜਾਵਾਂ । ਤੂੰ ਵਿਹਲਾ ਤੇ ਮੈਨੂੰ ਛੱਤੀ ਸੌ ਕੰਮ ਆ ਕਰਨ ਵਾਲੇ । ਜਾਹ ਜਾ ਕੇ ਕਿਸੇ ਹੋਰ ਨੂੰ ਗੱਲ ਸੁਣਾ । ਬਲਵੀਰ ਦਾ ਭਰਾ ਕਿਸੇ ਹਾਲਤ ਵਿੱਚ ਬਲਵੀਰ ਕੋਲ ਖੜਨਾ ਵੀ ਨਹੀਂ ਚਾਹੁੰਦਾ ਸੀ।

ਪਰ ਬਲਵੀਰ ਨੇ ਭਰਾ ਦੀ ਬਾਂਹ ਫੜ ਲਈ ਨਾਲ ਹੀ ਉਸਦਾ ਰੋਣ ਨਿੱਕਲ ਗਿਆ। ਭਰਾ ਨੇ ਝਟਕੇ ਨਾਲ ਬਾਂਹ ਛੁਡਾਉਣੀ ਚਾਹੀ ਪਰ ਬਲਵੀਰ ਨੇ ਬਾਂਹ ਨਾ ਛੱਡੀ। ਸਗੋਂ ਭੁੱਬਾਂ ਮਾਰ ਮਾਰ ਕੇ ਰੋਣ ਲੱਗ ਪਿਆ ਤੇ ਕਹਿਣ ਲੱਗਾ ਮੈਂ ਉਹੀ ਬਲਵੀਰ ਆਂ ਜਿਸਨੂੰ ਜਰਮਨੀ ਭੇਜਣ ਵੇਲੇ ਤੁਸੀਂ ਸਾਰੇ ਘਰ ਦੇ ਵਾਸਤੇ ਪਾਉਂਦੇ ਸੀ। ਮੈਂ ਉਸੇ ਘਰ ਲਈ ਕੀ ਨਹੀਂ ਕੀਤਾ ਪਰ ਅੱਜ ਕੋਈ ਮੈਨੂੰ ਬੁਲਾ ਕੇ ਵੀ ਰਾਜ਼ੀ ਨੀ।

ਅੱਗੋਂ ਭਰਾ ਨੇ ਮੋੜਵਾਂ ਜਵਾਬ ਦਿੰਦੇ ਕਿਹਾ ਬੱਚੂ ਉਦੋਂ ਕਰਜ਼ਾ ਵੀ ਮੈਂ ਈ ਚੱਕਿਆ ਸੀ ਤੈਨੂੰ ਬਾਹਰ ਭੇਜਣ ਲਈ। ਮਿੰਨਤਾਂ ਕਰਕੇ ਪੈਸਾ ਪੈਸਾ ‘ਕੱਠਾ ਕੀਤਾ ਸੀ ਤੈਨੂੰ ਬਾਹਰ ਕੱਢਣ ਲਈ। ਪਰ ਹੁਣ ਤੇਰੇ ਯਾਦ ਨੀ ਮੈਂ ਤੈਨੂੰ ਦੱਸਾਂ! ਵਿਆਹ ਕਾਹਦਾ ਕਰਾ ਲਿਆ ਬੱਸ ਰੰਨ ਦਾ ਹੋ ਕੇ ਬਹਿ ਗਿਆਂ। ਡੇਢ ਸਾਲ ਹੋ ਗਿਆ ਤੈਨੂੰ ਘਰ ਪੰਜੀ ਨੀ ਪਾਈ ਤੂੰ ਵੱਡੇ ਸਿਾਅਣੇ ਨੇ। ਅੱਗੋਂ ਪੁੱਛਦਾ ਮੇਰੇ ਨਾਲ ਕੋਈ ਬੋਲਦਾ ਕਿਉਂ ਨੀ। ਬਲਵੀਰ ਦੇ ਭਰਾ ਨੇ ਆਪਣੀ ਸਾਰੀ ਭੜਾਸ ਕੱਢ ਦਿੱਤੀ ਲੱਗਦੀ ਸੀ।

ਪਰ ਭਾਜੀ ਤੁਸੀਂ ਮੇਰੀ ਮਜਬੂਰੀ ਨਾ ਸੁਣੀ ਤੇ ਨਾ ਵੇਖੀ। ਤੁਹਾਨੂੰ ਕੀ ਪਤਾ ਮੈਂ ਕਿਸ ਤਰਾਂ ਗੁਜ਼ਾਰਾ ਕਰਦਾ ਉੱਥੇ। ਪਹਿਲਾਂ ਮੈਂ ਤੇ ਪਾਮੇਲਾ ਕੰਮ ਕਰਦੇ ਸੀ, ਸਾਡਾ ਵਕਤ ਵਧੀਆ ਲੰਘਦਾ ਸੀ ਤੇ ਹੁਣ ਜਦੋਂ ਦੀ ਪਾਮੇਲਾ ਵੱਖ ਹੋਈ ਆ ਤੇ ਚਰਨਜੀਤ ਉੱਥੇ ਗਈ ਆ ਕੰਮ ਤਾਂ ਮੈਂ ਇਕੱਲਾ ਈ ਕਰਦਾਂ। ਬਾਕੀ ਹੁਣ ਯੂਰਪ ਉਦਾਂ ਵੀ ਪਹਿਲਾਂ ਵਰਗਾ ਨੀ ਰਿਹਾ, ਕੰਮ ਕਾਰ ਮੰਦੇ ਪੈ ਗਏ ਸਾਰੇ। ਇਸ ਕਰਕੇ ਮੇਰੇ ਕੋਲੋਂ ਤੁਹਾਨੂੰ ਖਰਚਾ ਪਾਣੀ ਨੀ ਭੇਜ ਹੋਇਆ। ਜੇ ਇਸ ਕਰਕੇ ਮੇਰੇ ਨਾਲ ਗੁੱਸੇ ਹੋ ਸਾਰੇ ਤਾਂ ਮੇਰੀ ਮਜਬੂਰੀ ਆ।

ਆਹੋ ਹੁਣ ਤੇਰੀ ਮਜਬੂਰੀ ਬਣਗੀ, ਮੈਨੂੰ ਪਤਾ ਉਹ ਪੱਟੀਆਂ ਪੜਾਉਂਦੀ ਹੋਣੀ ਤੈਨੂੰ । ਹੁਣ ਉਹੀ ਤੇਰੇ ਕੰਮ ਆਊ ਅਸੀਂ ਤਾਂ ਹੁਣ ਸ਼ਰੀਕ ਆਂ ਤੇਰੇ ਸ਼ਰੀਕ । ਭਰਾ ਕਿਸੇ ਤਰਾਂ ਵੀ ਬਲਵੀਰ ਨਾਲ ਸਹਿਮਤ ਹੁੰਦਾ ਨਜ਼ਰ ਨਹੀਂ ਆਉਂਦਾ ਸੀ।

ਭਾਜੀ ਮੈਂ ਤਾਂ ਕਦੇ ਇੰਝ ਸੋਚਿਆ ਵੀ ਨੀ ਜਿਵੇਂ ਤੁਸੀਂ ਆਖੀ ਜਾਦੇ ਹੋ। ਬਲਵੀਰ ਦੇ ਬੋਲਾਂ ਵਿੱਚ ਤਰਲੇ ਦੇ ਨਾਲ ਨਾਲ ਦਰਦ ਵੀ ਸਾਫ਼ ਝਲਕਦਾ ਸੀ।
ਨਾ ਨਾ ਸੋਚੀਂ ਵੀ ਨਾ ਹੁਣ ਐਂਵੇਂ ਸਿਰ ਦੁਖੂ ਤੇਰਾ, ਸੋਚਣ ਨੂੰ ਮੈਂ ਜਿਉਂ ਬੈਠਾ। ਨਾਲੇ ਹੁਣ ਬੇਬੇ ਬਾਰੇ ਵੀ ਨਾ ਸੋਚੀਂ ਨਾ ਮੇਰਾ ਵੀਰ। ਆਪੇ ਮੈਂ ਸੋਚ ਲਊਂ ਚੰਗਾ…। ਨਾਲੇ ਮੇਰਾ ਵੀਰ ਤੂੰ ਹੁਣ ਚਲੇ ਜਾਹ ਐਵੇਂ ਸਾਨੂੰ ਬਹੁਤਾ ਪ੍ਰੇਸ਼ਾਨ ਨਾ ਕਰ ।

ਆਪਣੇ ਭਰਾ ਦੇ ਰੁੱਖੇ ਪਣ ਬਾਰੇ ਬਲਵੀਰ ਨੇ ਕਦੇ ਸੋਚਿਆ ਵੀ ਨਹੀਂ ਸੀ। ਉਹ ਧਰਤੀ ਵਿੱਚ ਧੱਸਦਾ ਜਾ ਰਿਹਾ ਸੀ ਤੇ ਉਸਦੇ ਸਿਰ ਨੂੰ ਚੱਕਰ ਆ ਰਹੇ ਸਨ । ੳਹਦੀਆਂ ਅੱਖਾਂ ਦੇ ਮੂਹਰੇ ਹਨੇਰਾ ਛਾਈ ਜਾ ਰਿਹਾ ਸੀ। ਬਲਵੀਰ ਦੇ ਮੂਹੋਂ ਨਾ ਚਾਹੁੰਦੇ ਹੋਏ ਵੀ ਆਪਣੇ ਭਰਾ ਨੂੰ ਇਹ ਕਹਿ ਹੋ ਗਿਆ ਭਾਜੀ ਕਦੇ ਹਿਸਾਬ ਕਰਕੇ ਸੋਚੀਂ ਮੈਂ ਕਿੰਨੇ ਪੈਸੇ ਭੇਜੇ ਤੁਹਾਨੂੰ। ਕੀ ਨਹੀਂ ਕੀਤਾ ਮੈਂ ਤੁਹਾਡੇ ਲਈ। ਰਾਤਾਂ ਲਾ ਲਾ ਕੇ, ਭਾਂਡੇ ਮਾਂਜ ਮਾਂਜ ਕੇ ਮੈਂ ਤੁਹਾਡੇ ਲਈ ਕਮਾਈ ਕਰਦਾ ਰਿਹਾਂ। ਜਿੱਦਣ ਮੈਂ ਬਾਹਰ ਗਿਆ ਸੀ ਤੂੰ ਤਿੰਨਾਂ ਕਿੱਲਿਆਂ ਦੀ ਵਾਹੀ ਕਰਦਾ ਸੀ। ਅੱਜ ਤੈਨੂੰ ਪੱਚੀ ਕਿੱਲਿਆਂ ਦਾ ਮਾਲਕ ਬਣਾ ਤਾ। ਟਰੈਕਟਰ ਤੇਰੇ ਕੋਲ ਨਵਾਂ, ਕਾਰ ਤੇਰੇ ਕੋਲ ਨਵੀਂ, ਚੇਤਾ ਤੈਨੂੰ ਆਪਣੇ ਘਰ ਦੀ ਛੱਤ ਚੋਣੋ ਨੀ ਹੱਟਦੀ ਹੁੰਦੀ ਸੀ ਤੇ ਅੱਜ ਕਿੱਡੀ ਕੋਠੀ ਵਿੱਚ ਤੂੰ ਹੁਣ ਰਹਿਣ ਡਿਹੈਂ, ਜੇ ਤੁਸੀਂ ਮੈਨੂੰ ਬਾਹਰ ਭੇਜਿਆ ਸੀ ਤਾਂ ਮੈਂ ਆਪਣੇ ਬਾਰੇ ਨੀ ਤੁਹਾਡੇ ਬਾਰੇ ਸੋਚਦਾ ਰਿਹੈਂ ਹੁਣ ਤੱਕ। ਪਰ ਤੁਸੀਂ ਤਾਂ ਹੱਦ ਈ ਕਰਤੀ। ਸਾਲ ਪੈਸੇ ਨੀ ਭੇਜ ਹੋਏ ਤਾਂ ਮੂੰਹ ਵੱਟ ਕੇ ਬਹਿਗੇ। ਇਹਦਾ ਮਤਲਬ ਤੁਸੀਂ ਮੈਨੂੰ ਨਹੀਂ ਮੇਰੇ ਪੈਸੇ ਨੂੰ ਪਿਆਰ ਕਰਦੇ ਸੀ। ਵਾਹ ਭਾਜੀ ਵਾਹ ਤੁਹਾਡੇ ਤੇ ਤੁਹਾਡੀ ਸੋਚ ਦੇ। ਉਹ ਤੁਹਾਡੀ ਖਾਤਰ ਮੈਂ ਆਪਣਾ ਹੱਸਦਾ ਵੱਸਦਾ ਘਰ ਉਜਾੜ ਲਿਆ। ਕਿਸੇ ਬੇਗਾਨੀ ਧੀ ਨੂੰ ਛੱਡਤਾ, ਹੋਰ ਤਾਂ ਹੋਰ ਮੈਂ ਆਪਣੀ ਸਕੀ ਧੀ ਨੂੰ ਛੱਡਤਾ। ਪਰ ਤੁਸੀਂ ਆਹ ਕਦਰ ਪਾਈ ਮੇਰੀ। ਲਾਹਨਤ ਆ ਮੇਰੇ ਵਰਗੇ ਸਾਊ ਤੇ ਜੀਹਨੇ ਆਪਣਾ ਸਾਰਾ ਕੁਝ ਤੁਹਾਡੇ ਲਈ ਉਝਾੜਤਾ।

ਬਹੁਤਾ ਸਿਆਣਾ ਨਾ ਬਣ ਤੇ ਤਿੱਤਰ ਹੋ ਏਥੋਂ, ਪੱਚੀ ਕਿੱਲੇ ਤੇਰੇ ਪੈਸਿਆਂ ਦੇ ਨੀ ਮੈਂ ਲਏ। ਆਪ ਕਮਾਈ ਕੀਤੀ ਆ। ਟਰੈਕਟਰ, ਕਾਰ ਤੇ ਕੋਠੀ ਵੱਲ ਨਾ ਝਾਕ ਨਾਲੇ ਤੇਰਾ ਕੋਈ ਲੈਣਾ ਦੇਣਾ ਨੀ। ਹੱਡ ਮੈਂ ਭਨਾਉਂਦਾ ਰਿਹੈ ਤੇ ਗਿਣਤੀ ਤੂੰ ਕਰਾਈ ਜਾਨੈਂ ਵੱਡਾ ਚਲਾਕ। ਹਾਹ ਸਿਆਣਪ ਕਿਸੇ ਹੋਰ ਨੂੰ ਦਿਖਾਈਂ ਜਾ ਕੇ।

ਬਲਵੀਰ ਹੁਣ ਨਿਰਉੱਤਰ ਸੀ ਤੇ ਉਹ ਕੁਝ ਬੋਲਣਾ ਵੀ ਨਹੀਂ ਸੀ ਚਾਹੁੰਦਾ। ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਜ਼ਮੀਨ ਕਿਸਦੀ ਆ। ਪਰ ਆਪਣੇ ਭਰਾ ਦੇ ਇਨਾਂ ਬੋਲਾਂ ਨੇ ਬਲਵੀਰ ਦੇ ਮਾਣ ਨੂੰ ਚਕਨਾਚੂਰ ਕਰ ਦਿੱਤਾ। ਬਲਵੀਰ ਨਿੰਮੋ ਝੂਣਾ ਜਿਹਾ ਹੋ ਕੇ ਘਰ ਨੂੰ ਆ ਗਿਆ। ਘਰ ਆ ਕੇ ਬਲਵੀਰ ਨੇ ਆਪਣੀ ਮਾਂ ਨੂੰ ਕਿਹਾ ਮਾਂ ਮੈਂ ਚਲੇ ਜਾਣਾ ਇਸ ਕਰਕੇ ਮੇਰਾ ਬੈਗ ਮੈਨੂੰ ਦੇ ਦੇ।

ਮਾਂ ਬਲਵੀਰ ਦੀ ਹਾਲਤ ਨੂੰ ਸਮਝਦੀ ਸੀ ਤੇ ਨਾਲ ਹੀ ਵੱਡੇ ਨੂੰਹ ਪੁੱਤ ਦੇ ਬਦਲੇ ਹੋਏ ਰਵਈਏ ਤੋਂ ਵੀ ਭਲੀ ਭਾਂਤ ਜਾਣੂ ਸੀ। ਮਾਂ ਸੀ ਅਕਸਰ ਉਹਦਾ ਕਲੇਜਾ ਪਾਟਦਾ ਸੀ ਪਰ ਮਜਬੂਰ ਜਿਹੀ ਹੋ ਕੇ ਚੁੱਪ ਕਰ ਰਹੀ। ਉਸਨੇ ਇਹੀ ਪੁਛਿਆ ਪੁੱਤ ਉੰਝ ਸਭ ਕੁਸ ਠੀਕ ਆ।

ਹਾਂ ਮਾਂ ਸਾਰਾ ਕੁਸ਼ ਠੀਕ ਆ, ਬੱਸ ਮੈਂ ਹੀ ਥੋੜਾ ਜਿਹਾ ਠੀਕ ਨੀ, ਆਪੇ ਜਾਕੇ ਠੀਕ ਹੋਜੂੰ।

ਬਲਵੀਰ ਦੀ ਮਾਂ ਬਾਹੋਂ ਫੜ੍ਹ ਕੇ ਬਲਵੀਰ ਨੂੰ ਅੰਦਰ ਲਿਜਾਦੇ ਹੋਏ ਪੁਛਿਆ ਪੁੱਤ ਸੱਚ ਦੱਸ ਕੀ ਗੱਲ ਆ। ਜੇ ਮੇਰੇ ਕੋਲ ਲਕੋਵੇਂਗਾ ਤਾਂ ਕਿਸ ਨਾਲ ਢਿੱਡ ਫਰੋਲੇਂਗਾ। ਤੈਨੂੰ ਮੇਰੇ ਸਿਰ ਦੀ ਸਹੁੰ ਦੱਸ ਮੇਰਾ ਪੁੱਤ ਕੀ ਗੱਲ ਹੋਈ ਤੇਰੇ ਭਰਾ ਨਾਲ।

ਮਾਂ ਦੀ ਕਸਮ ਨੇ ਬਲਵੀਰ ਨੂੰ ਸਾਰਾ ਕੁਝ ਦੱਸਣ ਲਈ ਮਜਬੂਰ ਕਰ ਦਿੱਤਾ। ਉਸਨੇ ਸਾਰੀ ਗੱਲਬਾਤ ਜੋ ਵੱਡੇ ਭਰਾ ਨਾਲ ਹੋਈ ਸੀ ਮਾਂ ਨੂੰ ਦੱਸ ਦਿੱਤੀ। ਨਾਲ ਹੀ ਬਲਵੀਰ ਮਾਂ ਦੇ ਗਲ਼ ਲੱਗ ਕੇ ਰੋਣ ਲੱਗ ਪਿਆ । ਬਲਵੀਰ ਦਾ ਰੋਣਾ ਮਾਂ ਕੋਲੋਂ ਜਰਿਆ ਨਾ ਗਿਆ ਤੇ ਮਾਂ ਵੀ ਰੋਣ ਲੱਗ ਪਈ। ਦੋਵਾਂ ਨੇ ਇੱਕ ਦੂਜੇ ਨੂੰ ਚੁੱਪ ਕਰਾਉਣ ਦੀ ਕੋਸਿ਼ਸ਼ ਕੀਤੀ ਤਾਂ ਜਾ ਕੇ ਉਨਾਂ ਦਾ ਰੋਣ ਥੰਮਿਆਂ।

ਪੁੱਤ ਤੂੰ ਆਪਣੇ ਟੱਬਰ ਕੋਲ ਚਲਾ ਜਾਹ ਇਨਾਂ ਦੇ ਲਹੂ ਤਾਂ ਚਿੱਟੇ ਹੋਏ ਪਏ ਆ। ਜਿੰਨਾ ਚਿਰ ਤੂੰ ਪੈਸੇ ਭੇਜਦਾ ਰਿਹਾਂ ਉਨਾ ਚਿਰ ਤੂੰ ਇਨਾਂ ਦਾ ਸੀ ਤੇ ਇਹ ਤੇਰੇ ਸੀ। ਹੁਣ ਤੂੰ ਕੌਣ ਤੇ ਮੈਂ ਕੋਣ ਵਾਲੀ ਗੱਲ ਆ ਮੇਰਿਆ ਸ਼ੇਰਾ। ਮੈ ਜਾਣਦੀ ਆਂ ਸਾਰਾ ਕੁਛ, ਤੂੰ ਆਪਣੇ ਘਰ ਦਾ ਖਿਆਲ ਨੀ ਛੱਡਿਆ ਪਰ ਘਰ ਵਾਲਿਆਂ ਨੇ ਤੇਰਾ ਖਿਆਲ ਛੱਡਤਾ। ਤੇਰੀ ਮਾਂ ਕੁਛ ਨੀ ਕਰ ਸਕਦੀ ਹੋ ਸਕੇ ਮੈਨੂੰ ਨਕਰਮੀ ਨੂੰ ਮਾਫ਼ ਕਰਦੀਂ ਪੁੱਤਰਾ। ਪਾਮੇਲਾ ਕੋਲੋਂ ਵੀ ਮੇਰੇ ਵਲੋਂ ਮਾਫੀ ਮੰਗ ਲਈਂ ਉਦੋਂ ਮੈਂ ਵੀ ਅੜੀ ਨਾ ਸੀ ਛੱਡੀ।

ਨਹੀਂ ਨਹੀਂ ਮਾਂ ਤੂੰ ਇੰਝ ਨਾ ਕਹਿ। ਤੂੰ ਭਾਜੀ ਨੂੰ ਕਹਿ ਦਈਂ ਮੈਨੂੰ ਕੁਛ ਨੀ ਚਾਹੀਦਾ। ਬੱਸ ਮੈਨੂੰ ਹੱਸ ਕੇ ਬੁਲਾ ਲਿਆ ਕਰਨ। ਬਲਵੀਰ ਨੇ ਆਪਣਾ ਸਮਾਨ ਵਾਲਾ ਬੈਗ ਲਿਆ ਤੇ ਘਰੋਂ ਚੱਲ ਪਿਆ। ਉਹ ਸਿੱਧਾ ਜਰਮਨੀ ਆ ਗਿਆ ਤੇ ਆ ਕੇ ਕਦੇ ਵੀ ਉਸਨੇ ਆਪਣੇ ਆਪ ਨੂੰ ਮਾਫ਼ ਨਾ ਕੀਤਾ। ਉਹ ਹੁਣ ਚਰਨਜੀਤ ਤੇ ਨਿਆਣੇ ਲੈ ਕੇ ਕਦੇ ਕਦੇ ਪਾਮੇਲਾ ਤੇ ਆਪਣੀ ਧੀ ਨੂੰ ਮਿਲ ਆਉਂਦਾ ਪਰ ਅੰਦਰੋਂ ਟੁੱਟ ਚੁੱਕਾ ਸੀ।

ਸਮਾਂ ਬੀਤਦਾ ਗਿਆ ਤੇ ਬਲਵੀਰ ਦੀ ਧੀ ਡੌਲੀ ਜਵਾਨ ਹੋ ਗਈ ਸੀ। ਜਿਸ ਦਾ ਬਲਵੀਰ ਨੂੰ ਡਰ ਸੀ ਉਹੀ ਅੱਜ ਹੋ ਗਿਆ ਸੀ। ਬਲਵੀਰ ਦੀ ਜਰਮਨ ਤੀਂਵੀ ਤੋਂ ਪੈਦਾ ਹੋਈ ਉਸਦੀ ਧੀ ਜਰਮਨੀ ਦੇ ਕਲਚਰ ਵਿੱਚ ਜੰਮੀ ਪਲੀ ਤੇ ਵੱਡੀ ਹੋਈ ਸੀ। ਬਲਵੀਰ ਤਾਂ ਉਸ ਕੋਲੋਂ ਬੜਾ ਚਿਰ ਪਹਿਲਾਂ ਕਿਨਾਰਾ ਕਰ ਗਿਆ ਸੀ ਪਰ ਅੱਜ ਅਠਾਰਾਂ ਸਾਲਾਂ ਬਾਅਦ ਆਪਣੀ ਜਵਾਨ ਧੀ ਨੂੰ ਕਿਸੇ ਗੈਰ ਮੁਲਕੀ ਮੁੰਡੇ ਨਾਲ ਤੱਕ ਕੇ ਬਲਵੀਰ ਦੇ ਹੋਸ਼ ਉੱਡ ਗਏ। ਉਸਨੂੰ ਆਪਣੀ ਇੱਕ ਇੱਕ ਗਲਤੀ ਦਾ ਅਹਿਸਾਸ ਹੋ ਗਿਆ। ਉਸਨੂੰ ਪਾਮੇਲਾ ਨਾਲ ਵਿਆਹ ਤੇ ਵਿਆਹ ਤੋਂ ਬਾਅਦ ਡੌਲੀ ਦਾ ਜਨਮ ਤੇ ਪਾਮੇਲਾ ਨਾਲੋਂ ਤਲਾਕ ਫਿਰ ਘਰ ਵਾਲਿਆਂ ਦਾ ਉਸ ਵਲੋਂ ਮੁੱਖ ਮੋੜਨਾ ਬਲਵੀਰ ਲਈ ਬੜਾ ਅਸਿਹ ਸੀ ਪਰ ਉਹ ਸਭ ਕਾਸੇ ਨੂੰ ਆਪਣੇ ਦਿਲ ਵਿੱਚ ਕਿਸੇ ਖੂੰਜੇ ਲੁਕਾ ਕੇ ਬੈਠਾ ਸੀ। ਅੱਜ ਉਸਦੇ ਇਹ ਸਾਰੇ ਨਾਸੂਰ ਇੱਕ ਵਾਰ ਫਿਰ ਹਰੇ ਹੋ ਗਏ ਸਨ। ਬਲਵੀਰ ਆਪਣੇ ਆਪ ਨੂੰ ਇੱਕ ਹਾਰਿਆ ਹੋਇਆ ਤੇ ਸ਼ਰੀਕੇ ਦਾ ਭੰਨਿਆ ਹੋਇਆ ਤੁਰਦਾ ਫਿਰਦਾ ਮੁਰਦਾ ਸਮਝ ਰਿਹਾ ਸੀ। ਬਲਵੀਰ ਸੋਚ ਰਿਹਾ ਸੀ ਪਤਾ ਨਹੀਂ ਮੇਰੇ ਵਰਗੇ ਕਿੰਨੇ ਹੋਣੇ ਜਿਨਾਂ ਨੇ ਪਾਮੇਲਾ ਵਰਗੀਆਂ ਨੂੰ ਵਿਆਹ ਕੇ ਬਾਲ ਬੱਚੇ ਪੈਦਾ ਕਰਕੇ ਛੱਡਤਾ ਹੋਣਾ, ਕਾਹਦੇ ਲਈ ਆਪਣੇ ਆਪ ਨੂੰ ਇੱਥੋਂ ਦਾ ਵਾਸੀ ਬਣਾਉਣ ਲਈ ਜਾਂ ਪਿੱਛੇ ਆਪਣੇ ਘਰ ਦੀ, ਭੈਣ ਭਰਾਵਾਂ ਤੇ ਮਾਪਿਆਂ ਦੀ ਜਿ਼ੰਦਗੀ ਸੰਵਾਰਨ ਲਈ। ਪਰ ਅੱਜ ਮੇਰੇ ਵਾਂਗ ਉਨਾਂ ਦੇ ਕੋਲ ਵੀ ਕੁਝ ਨੀ ਹੋਣਾ ਸਿਵਾਏ ਲਾਚਾਰਗੀ ਤੇ ਬੇਵਸੀ ਦੇ, ਸਿਵਾਏ ਅੰਦਰੋ ਅੰਦਰੀ ਰਿੱਝਣ ਦੇ। ਬਲਵੀਰ ਨਸ਼ੇ ਵਿੱਚ ਹੀ ਬੋਲੀ ਜਾਂਦਾ ਸੀ। ਬਲਵੀਰ ਬੋਤਲ ਪੂਰੀ ਚਾੜ੍ਹ ਕੇ ਸ਼ਰਾਬੀ ਹੋ ਗਿਆ ਸੀ ਤੇ ਉੱਥੇ ਹੀ ਸੋਫ਼ੇ ਤੇ ਢੇਰੀ ਹੋ ਗਿਆ।

ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਟੈਲੀਫੋਨ 0039 320 217 6490
chahal_italy@yahoo.com      
bindachahal@gmail.com

24/02/2013

ਹੋਰ ਕਹਾਣੀਆਂ  >>    


  baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2013,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2013,  5abi.com