ਪਹਿਲੇ
ਆਗਾਜ਼ ਥਾ ਅੰਜਾਮ ਸੇ ਖ਼ਾਇਫ਼ ਲੇਕਿਨ ਆਜ ਅੰਜਾਮ ਕੋ ਆਗਾਜ਼ ਸੇ ਡਰ ਲਗਤਾ ਹੈ। - (ਮੁਹੰਮਦ ਰਫ਼ੀ)
ਭਾਵ ਪਹਿਲਾਂ ਸ਼ੁਰੂਆਤ ਵੇਲੇ ਹੀ ਨਤੀਜੇ ਦਾ ਡਰ ਹੁੰਦਾ ਸੀ ਪਰ ਹੁਣ ਤਾਂ
ਨਤੀਜਾ (ਅੰਜਾਮ) ਹੀ ਸ਼ੁਰੂਆਤ ਤੋਂ ਡਰਦਾ ਹੈ। ਕਿਉਂਕਿ ਹੁਣ ਲੋਕ ਕੁਝ ਵੀ ਕਰਨ
ਲੱਗਿਆਂ ਨਤੀਜੇ ਦੀ ਪ੍ਰਵਾਹ ਨਹੀਂ ਕਰਦੇ। ਇਸ ਹਾਲਾਤ ਵਿਚ ਜੋ ਕੁਝ ਸ੍ਰੀ ਅਕਾਲ ਤਖ਼ਤ
ਸਾਹਿਬ 'ਤੇ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਘੱਲੂਘਾਰੇ ਵਿਚ ਸ਼ਹੀਦ ਹੋਏ
ਕੌਮੀ ਸ਼ਹੀਦਾਂ ਦੀ ਯਾਦ ਵਿਚ ਹੋਣ ਵਾਲੇ ਸਮਾਗਮ ਸੰਬੰਧੀ ਸੁਣਾਈ ਦੇ ਰਿਹਾ ਹੈ, ਉਹ
ਸੱਚਮੁਚ ਡਰਾਉਣ ਵਾਲਾ ਹੈ, ਕੀ ਅਸੀਂ ਭਰਾ ਮਾਰੂ ਜੰਗ ਦੀ ਸ਼ੁਰੂਆਤ ਤਾਂ ਨਹੀਂ ਕਰ
ਰਹੇ? ਜਦੋਂ ਤੱਕ ਇਹ ਕਾਲਮ ਪਾਠਕਾਂ ਦੇ ਹੱਥਾਂ ਵਿਚ ਪਹੁੰਚੇਗਾ ਤਦ ਤੱਕ 6 ਜੂਨ ਦੀ
ਸਵੇਰ ਹੋ ਚੁੱਕੀ ਹੋਵੇਗੀ। ਇਸ ਲਈ ਇਥੇ ਇਸ ਟਕਰਾਅ ਨੂੰ ਟਾਲਣ ਲਈ ਕੀ ਕੀਤਾ ਜਾਵੇ,
ਬਾਰੇ ਕੁਝ ਲਿਖਣਾ ਵੀ ਵਧੇਰੇ ਸਾਰਥਿਕ ਨਹੀਂ ਹੈ।
ਪਰ ਸਾਡੇ ਕੋਲ ਛਣ-ਛਣ ਕੇ
ਪੁੱਜੀਆਂ ਜਾਣਕਾਰੀਆਂ ਅਨੁਸਾਰ ਇਹ ਲੇਖ ਲਿਖਣ ਵੇਲੇ ਤੱਕ ਦੋਵੇਂ ਧਿਰਾਂ ਆਪੋ-ਆਪਣੀ
ਜ਼ਿੱਦ 'ਤੇ ਅੜੀਆਂ ਹੋਈਆਂ ਹਨ, ਟਕਰਾਅ ਸਿੱਖਰ 'ਤੇ ਹੈ। ਹਾਲਾਂਕਿ ਦਮਦਮੀ ਟਕਸਾਲ ਦੇ
ਹਮਾਇਤੀਆਂ ਨੂੰ ਆਪਣੀ ਜਿੱਤ ਦਾ ਪੂਰਾ ਭਰੋਸਾ ਹੈ। ਉਨ੍ਹਾਂ ਦਾ ਪ੍ਰਭਾਵ ਹੈ ਕਿ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜਥੇਦਾਰ ਗਿਆਨੀ
ਕੁਲਦੀਪ ਸਿੰਘ ਗੜਗੱਜ ਨੂੰ ਉਥੇ ਨਾ ਆਉਣ ਲਈ ਮਨਾ ਲੈਣਗੇ। ਇਹ ਗੌਰਤਲਬ ਹੈ ਕਿ ਸ.
ਧਾਮੀ ਅਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖ਼ਾਲਸਾ ਦੀ ਨੇੜਤਾ ਕਿਸੇ ਤੋਂ ਲੁਕੀ
ਹੋਈ ਨਹੀਂ।
ਸਾਡੀ ਜਾਣਕਾਰੀ ਅਨੁਸਾਰ ਅਕਾਲੀ ਦਲ ਬਾਦਲ ਵਲੋਂ ਤੇਜਿੰਦਰ
ਸਿੰਘ ਮਿੱਡੂਖੇੜਾ ਅਤੇ ਅਕਾਲੀ ਦਲ ਦੇ ਸਾਬਕਾ ਐਕਟਿੰਗ ਪ੍ਰਧਾਨ ਬਲਵਿੰਦਰ
ਸਿੰਘ ਭੂੰਦੜ ਦੀ ਟੀਮ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਤਾਂ ਕਰ ਰਹੀ ਹੈ, ਪਰ ਇਹ ਕਾਲਮ
ਲਿਖਣ ਵੇਲੇ ਤੱਕ ਗੱਲ ਕਿਸੇ ਸਿਰੇ ਨਹੀਂ ਸੀ ਲੱਗੀ। ਹਵਾ ਵਿਚ ਇਹ 'ਸਰਗੋਸ਼ੀਆਂ' ਵੀ
ਹਨ ਕਿ ਜੇਕਰ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਨੂੰ ਸ਼੍ਰੋਮਣੀ
ਕਮੇਟੀ ਵਲੋਂ ਸੰਦੇਸ਼ ਪੜ੍ਹਨ ਤੋਂ ਜਾਂ ਇਸ ਸਮਾਗਮ ਵਿਚ ਸ਼ਾਮਿਲ ਹੋਣ ਤੋਂ ਰੋਕਿਆ ਗਿਆ
ਤਾਂ ਉਹ ਜਥੇਦਾਰ ਦੇ ਅਹੁਦੇ ਤੋਂ ਅਸਤੀਫ਼ਾ ਵੀ ਦੇ ਸਕਦੇ ਹਨ, ਜੋ ਅਕਾਲੀ ਦਲ ਬਾਦਲ ਲਈ
ਇਕ ਹੋਰ ਵੱਡੀ ਰਾਜਨੀਤਕ ਸੱਟ ਹੋ ਸਕਦੀ ਹੈ।
ਖ਼ੈਰ ਇਕ ਗੱਲ ਸਪੱਸ਼ਟ ਹੈ ਕਿ
ਜੇ 6 ਜੂਨ, 2025 ਨੂੰ ਅਕਾਲ ਤਖ਼ਤ ਸਾਹਿਬ 'ਤੇ ਕੋਈ ਝਗੜਾ ਹੋਇਆ ਤਾਂ ਇਸ ਵਿਚ ਕੋਈ
ਵੀ ਧਿਰ ਬਰੀ-ਉਲ-ਜਿੰਮਾ ਕਰਾਰ ਨਹੀਂ ਦਿੱਤੀ ਜਾ ਸਕੇਗੀ ਕਿਉਂਕਿ ਇਹ ਲੜਾਈ ਭਾਵੇਂ
ਲੜੀ ਤਾਂ ਸਿੱਖੀ ਸਿਧਾਂਤਾਂ ਤੇ ਅਸੂਲਾਂ ਦੇ ਨਾਮ ਤੇ ਜਾ ਰਹੀ ਹੈ, ਪਰ ਅਸਲ ਵਿਚ ਤਾਂ
ਇਹ ਨਿੱਜੀ ਹੰਕਾਰ, ਹਉਮੈ ਅਤੇ ਜ਼ਿੱਦ ਦੀ ਲੜਾਈ ਵਧੇਰੇ ਜਾਪਦੀ ਹੈ। ਇਸ ਤੋਂ ਵੀ
ਜ਼ਿਆਦਾ ਇਹ ਦੋਵੇਂ ਧਿਰਾਂ ਦੀਆਂ ਰਾਜਨੀਤਕ ਖਾਹਿਸ਼ਾਂ ਦੀ ਪੂਰਤੀ ਦੀ ਲੜਾਈ ਵੀ ਜਾਪਦੀ
ਹੈ। ਉਂਝ ਚੰਗਾ ਹੋਵੇ ਕਿ ਇਸ ਵੇਲੇ ਦੋਵੇਂ ਧਿਰਾਂ ਕੋਈ ਵੀ ਬਿਆਨਬਾਜ਼ੀ ਕਰਨ ਦੀ ਬਜਾਏ
ਸਮਾਗਮ ਨੂੰ ਨਾਮ ਸਿਮਰਨ ਤੇ ਗੁਰਬਾਣੀ ਪਾਠ ਕਰਕੇ ਹੀ ਮਨਾ ਲੈਣ।
ਬਾਅਦ ਵਿਚ
ਇਸ ਘੱਲੂਘਾਰੇ ਸੰਬੰਧੀ ਆਪਣੇ ਅੰਦਰ ਝਾਤ ਮਾਰਨ ਲਈ ਅਤੇ ਆਪਣੀਆਂ ਗ਼ਲਤੀਆਂ ਤੇ
ਊਣਤਾਈਆਂ ਨੂੰ ਸਮਝਣ ਲਈ ਕੋਈ ਸੈਮੀਨਾਰ ਵੀ ਜ਼ਰੂਰ ਕਰਨ।
ਕੀ ਇਹ
ਪੀੜ ਕਦੇ ਖ਼ਤਮ ਨਹੀਂ ਹੋਵੇਗੀ? ਬੇ-ਨਾਮ ਸਾ ਯੇ ਦਰਦ ਠਹਿਰ ਕਯੂੰ ਨਹੀਂ
ਜਾਤਾ। ਜੋ ਬੀਤ ਗਯਾ ਹੈ ਵੋ ਗੁਜ਼ਰ ਕਯੂੰ ਨਹੀਂ ਜਾਤਾ।
(ਨਿਦਾ ਫਾਜ਼ਲੀ)
ਸਿੱਖ ਕੌਮ ਨੇ 1984
ਦੇ ਘੱਲੂਘਾਰੇ ਤੋਂ ਵੀ ਵੱਡੇ ਵੱਡੇ ਜ਼ੁਲਮ ਸਹੇ ਹਨ, ਗੁਰੂ ਸਾਹਿਬਾਨ ਵੇਲੇ ਵੀ
ਸ਼ਹੀਦੀਆਂ ਦੀ ਇੰਤਹਾ ਹੋਈ, ਜੰਗਾਂ ਵੀ ਹੋਈਆਂ, ਸਿੱਖਾਂ ਦਾ ਖ਼ੁਰਾ-ਖੋਜ ਮਿਟਾਉਣ ਦੀਆਂ
ਮੁਹਿੰਮਾਂ ਵੀ ਵਕਤ ਦੇ ਹਾਕਮਾਂ ਨੇ ਚਲਾਈਆਂ, ਇਸ ਲਈ ਸਿੱਖਾਂ ਦੇ ਸਿਰਾਂ ਦੇ ਮੁੱਲ
ਜੰਗਲੀ ਜਾਨਵਰਾਂ ਦੇ ਸ਼ਿਕਾਰ ਦੀਆਂ ਕੀਮਤਾਂ ਵਾਂਗ ਰੱਖੇ ਗਏ ਸਨ, ਸਿੱਖਾਂ ਨੇ ਇਸ ਪੀੜ
ਨੂੰ ਆਪਣੇ 'ਤੇ ਹਾਵੀ ਨਹੀਂ ਸੀ ਹੋਣ ਦਿੱਤਾ, ਪਰ ਹੁਣ ਅਸੀਂ 1947 ਤੋਂ ਬਾਅਦ
ਲਗਾਤਾਰ ਆਪਣੇ-ਆਪ ਨੂੰ ਇਕ ਵਿਕਟਿਮ (ਪੀੜਤ) ਵਜੋਂ ਹੀ ਪੇਸ਼ ਕਰਦੇ ਆ ਰਹੇ
ਹਾਂ।
ਅਸੀਂ ਉੱਘੇ ਵਿਦਵਾਨ ਤੇ ਸਮਾਜ ਸ਼ਾਸਤਰੀ ਡਾ. ਹਰਵਿੰਦਰ ਸਿੰਘ ਭੱਟੀ ਦੇ
ਇਸ ਨਤੀਜੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਬੇਸ਼ੱਕ ਆਜ਼ਾਦੀ ਤੋਂ ਬਾਅਦ ਸਿੱਖਾਂ
ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ, ਬੇਸ਼ੱਕ ਪੰਜਾਬ ਨਾਲ ਧੱਕੇ ਹੋਏ ਹਨ ਤੇ ਹੋ ਵੀ
ਰਹੇ ਹਨ ਪਰ ਜਿਸ ਤਰ੍ਹਾਂ ਦਾ ਵਿਵਹਾਰ ਅਸੀਂ ਕਰ ਰਹੇ ਹਾਂ, ਉਹ ਸਿੱਖੀ ਸੋਚ ਤੇ ਗੁਰੂ
ਸਾਹਿਬ ਦੇ ਆਸ਼ੇ ਮੁਤਾਬਿਕ ਬਿਲਕੁਲ ਠੀਕ ਨਹੀਂ ਹੈ ਕਿਉਂਕਿ ਸਿੱਖ ਫਲਸਫ਼ਾ ਆਪਣੀ ਪੀੜ
ਦਾ ਰੌਲਾ ਪਾ ਕੇ ਹਮਦਰਦੀ ਲੈਣ ਦਾ ਫਲਸਫ਼ਾ ਨਹੀਂ ਹੈ ਸਗੋਂ ਸਿੱਖੀ ਦਾ ਫਲਸਫ਼ਾ ਤਾਂ
ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦਾ ਫਲਸਫ਼ਾ ਹੈ।
ਸਿੱਖੀ, ਸਿਮਰਨ ਤੇ ਦਇਆ
ਦੀ ਪ੍ਰਤੀਕ ਵੀ ਹੈ। ਇਹ ਠੀਕ ਹੈ ਕਿ ਸਿੱਖ ਫਲਸਫ਼ਾ ਜ਼ੁਲਮ ਸਹਿਣ ਦਾ ਨਹੀਂ ਪਰ ਇਹ
ਜ਼ੁਲਮ ਕਰਨ ਦਾ ਫਲਸਫ਼ਾ ਵੀ ਨਹੀਂ ਹੈ। ਲੰਮੇ ਸਮੇਂ ਤੋਂ ਅਸੀਂ ਤਸਵੀਰ ਦਾ ਸਿਰਫ਼ ਇਕ
ਪਾਸਾ ਹੀ ਦੇਖਦੇ ਆ ਰਹੇ ਹਾਂ। ਬੇਸ਼ੱਕ ਕੋਈ ਕੁਝ ਕਹੇ ਪਰ ਇਹ ਵੀ ਸੱਚ ਹੈ ਕਿ ਸਿਰਫ਼ 2
ਫ਼ੀਸਦੀ ਦੀ ਘੱਟ-ਗਿਣਤੀ ਹੋਣ ਦੇ ਬਾਵਜੂਦ ਆਜ਼ਾਦੀ ਤੋਂ ਬਾਅਦ ਵੀ ਸਿੱਖਾਂ ਤੇ
ਪੰਜਾਬੀਆਂ ਨੇ ਆਪਣੀ ਸ਼ਾਨ ਬਣਾਈ ਹੈ। ਉਹ 2 ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ,
ਰਾਸ਼ਟਰਪਤੀ ਦੇ ਅਹੁਦੇ 'ਤੇ ਬੈਠੇ, ਕਈ ਵਾਰ ਦੇਸ਼ ਦੇ ਰੱਖਿਆ ਮੰਤਰੀ, ਵਿਦੇਸ਼ ਮੰਤਰੀ
ਤੇ ਗ੍ਰਹਿ ਮੰਤਰੀ ਵੀ ਬਣੇ, ਭਾਰਤ ਦੀ ਸਰਬਉੱਚ ਅਦਾਲਤ ਦੇ ਮੁੱਖ ਜੱਜ ਅਤੇ ਫ਼ੌਜ ਮੁਖੀ
ਵੀ ਬਣੇ ਹੋਰ ਕਈ ਅਹੁਦਿਆਂ 'ਤੇ ਵੀ ਸਿੱਖ ਸ਼ਾਨ ਨਾਲ ਪੁੱਜੇ, ਬੇਸ਼ੱਕ ਇਹ ਵੀ ਠੀਕ ਹੈ
ਕਿ 1984 ਦਾ ਸਾਕਾ ਸ੍ਰੀ ਦਰਬਾਰ ਸਾਹਿਬ ਵੀ ਇਕ ਸਿੱਖ ਦੇ ਰਾਸ਼ਟਰਪਤੀ ਹੋਣ ਵੇਲੇ ਹੀ
ਵਾਪਰਿਆ ਸੀ। ਬੇਸ਼ੱਕ ਭਾਰਤ ਦੀਆਂ ਕਈ ਸਰਕਾਰਾਂ ਚਾਹੇ ਉਹ ਕਾਂਗਰਸੀ ਸਨ ਜਾਂ ਹੁਣ
ਵਾਲੀ ਭਾਜਪਾ ਸਰਕਾਰ, ਉਨ੍ਹਾਂ ਨੇ ਸਿੱਖਾਂ ਨੂੰ ਤੇ ਪੰਜਾਬ ਨੂੰ ਕਦੇ ਵੀ ਪੂਰਨ
ਇਨਸਾਫ਼ ਨਹੀਂ ਦਿੱਤਾ, ਪਰ ਇਹ ਕਹਿਣਾ ਠੀਕ ਨਹੀਂ ਕਿ ਸਿੱਖ ਭਾਰਤ ਵਿਚ ਦੂਸਰੇ ਦਰਜੇ
ਦੇ ਸ਼ਹਿਰੀ ਹਨ।
ਉਂਜ ਗੌਰਤਲਬ ਹੈ ਕਿ ਕੋਈ ਵੀ ਕੌਮ ਅੱਗੇ ਨਹੀਂ ਵਧ ਸਕਦੀ,
ਜੇ ਉਹ ਆਪਣੇ ਇਤਿਹਾਸ ਤੇ ਆਪਣੀਆਂ ਗ਼ਲਤੀਆਂ ਤੋਂ ਸਬਕ ਨਹੀਂ ਸਿੱਖਦੀ, ਇਤਿਹਾਸ ਯਾਦ
ਰੱਖਣਾ ਤੇ ਆਪਣੇ ਵੱਡੇ ਵਡੇਰਿਆਂ ਦਾ ਸਨਮਾਨ ਕਰਨਾ ਬਹੁਤ ਜ਼ਰੂਰੀ ਹੈ ਪਰ ਇਹੀ ਮੌਕਾ
ਆਪਣੇ ਅੰਦਰ ਝਾਤੀ ਮਾਰਨ ਦਾ ਵੀ ਤਾਂ ਹੁੰਦਾ ਹੈ, ਕਿ ਅਸੀਂ ਕਿਉਂ ਕਿਸੇ ਮੰਜ਼ਿਲ ਤੱਕ
ਨਹੀਂ ਪਹੁੰਚੇ।
ਸੱਚ ਤਾਂ ਇਹ ਹੈ ਕਿ ਅਸੀਂ 'ਪੰਜਾਬੀ ਸੂਬੇ' ਦੀ ਲੜਾਈ ਤੋਂ
ਬਿਨਾਂ ਕਿਸੇ ਵੀ ਲੜਾਈ ਦੇ ਮਕਸਦ ਸੰਬੰਧੀ ਸਪੱਸ਼ਟ ਨਹੀਂ ਰਹੇ। ਅਸੀਂ ਆਪਣੇ ਮਕਸਦਾਂ
ਤੋਂ ਥਿੜਕਦੇ ਰਹੇ ਹਾਂ। ਅਸੀਂ ਕਦੇ ਨਹੀਂ ਵਿਚਾਰਿਆ ਕਿ ਅਸੀਂ ਕਿਥੇ ਕੀ ਗ਼ਲਤੀ ਕੀਤੀ
ਹੈ, ਸਿਰਫ਼ ਸ਼ਹੀਦੀ ਪਾ ਲੈਣੀ ਪ੍ਰਾਪਤੀ ਨਹੀਂ ਹੁੰਦੀ, ਸ਼ਹੀਦੀ ਤਾਂ ਕਿਸੇ ਮਕਸਦ ਦੀ
ਪ੍ਰਾਪਤੀ ਦਾ ਰਾਹ ਹੁੰਦਾ ਹੈ। ਅਸੀਂ ਕਦੇ ਨਹੀਂ ਸੋਚਿਆ ਕੀ ਅਸੀਂ ਜੋ ਗ਼ਲਤੀਆਂ
ਕੀਤੀਆਂ ਉਨ੍ਹਾਂ ਦੇ ਨਤੀਜੇ ਕੀ ਨਿਕਲੇ, ਉਹ ਗ਼ਲਤੀਆਂ ਕਿਵੇਂ ਸੁਧਾਰੀਆਂ ਜਾਣ ਤੇ ਮੁੜ
ਦੁਹਰਾਈਆਂ ਵੀ ਨਾ ਜਾਣ।
ਸਾਡੇ ਆਗੂ ਜਨ ਸਾਨੂੰ ਸੰਗਤ ਨਹੀਂ ਸਗੋਂ ਭੀੜ ਬਣਾ
ਦਿੰਦੇ ਹਨ। ਕਦੇ ਵੀ ਕੋਈ ਭੀੜ ਬਹੁਤਾ ਨਹੀਂ ਕੁਝ ਸੋਚਦੀ। ਕਈ ਵਾਰ ਤਾਂ ਇੰਜ ਲਗਦਾ
ਹੈ ਕਿਤੇ ਅਸੀਂ ਏਜੰਸੀਆਂ ਦੇ ਜਾਲ ਵਿਚ ਤਾਂ ਨਹੀਂ ਫਸ ਰਹੇ? ਇਹ ਸੱਚ ਹੈ
ਕਿ ਅੱਜ ਦੇ ਆਧੁਨਿਕ ਯੁੱਗ ਵਿਚ ਹੁਕਮਰਾਨਾਂ ਨੂੰ ਇਹ ਸੂਤ ਬੈਠਦਾ ਹੈ ਕਿ ਉਹ ਜਿਸ
ਕੌਮ, ਖਿੱਤੇ ਜਾਂ ਰਾਜ ਨੂੰ ਤਬਾਹ ਕਰਨਾ ਜਾਂ ਉਸ ਦੀ ਤਰੱਕੀ ਨੂੰ ਪਿੱਛੇ ਪਾਉਣਾ
ਚਾਹੁੰਦੇ ਹੋਣ, ਉਸ 'ਤੇ ਜੁਲਮ ਕਰਦੇ ਹਨ ਤੇ ਫਿਰ ਉਨ੍ਹਾਂ ਵਿਚੋਂ ਅੱਤਵਾਦ ਪੈਦਾ
ਕਰਦੇ ਹਨ। ਫਿਰ ਅੱਤਵਾਦ ਖ਼ਤਮ ਕਰਨ ਦੇ ਨਾਂਅ 'ਤੇ, ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੇ
ਨਾਂਅ 'ਤੇ ਪੂਰੇ ਖਿੱਤੇ, ਪੂਰੀ ਕੌਮ ਜਾਂ ਕਈ ਵਾਰ ਪੂਰੇ ਰਾਜ ਨੂੰ ਵੀ ਸਜ਼ਾ ਦਿੰਦੇ
ਹਨ।
ਸਾਡੇ ਸਾਹਮਣੇ ਹੈ ਇਰਾਕ ਦੇ ਰਾਸ਼ਟਰਪਤੀ ਸੱਦਾਮ ਹੁਸੈਨ ਕੋਲ ਜਿਸ
ਤਰ੍ਹਾਂ ਦੇ ਮਾਰੂ ਹਥਿਆਰ ਹੋਣ ਤੇ ਮਨੁੱਖਤਾ ਦਾ ਮੁਜ਼ਰਿਮ ਹੋਣ ਦੇ ਇਲਜ਼ਾਮ ਲਾਏ ਗਏ
ਸਨ, ਪਰ ਜਦੋਂ ਉਸ ਨੂੰ ਮਾਰਿਆ ਗਿਆ ਤਾਂ ਇਰਾਕ ਕੋਲ ਪ੍ਰਚਾਰੇ ਗਏ ਮਨੁੱਖਤਾ ਵਿਰੋਧੀ
ਹਥਿਆਰਾਂ ਵਿਚੋਂ ਸ਼ਾਇਦ ਹੀ ਕੋਈ ਮਿਲਿਆ ਹੋਵੇ। ਹੁਣ 'ਹਮਾਸ' ਦਾ ਇਜ਼ਰਾਈਲ 'ਤੇ ਹਮਲਾ,
ਆਮ ਫਲਸਤੀਨੀਆਂ 'ਤੇ ਇਜ਼ਰਾਈਲ ਦੀ ਕਾਰਵਾਈ ਦਾ ਮੌਕਾ ਬਣਿਆ। ਫਲਸਤੀਨ ਤਾਂ ਦੂਰ ਦੀ
ਗੱਲ, ਪੂਰੇ 'ਗਾਜ਼ਾ' ਦੇ ਖਾਤਮੇ ਦਾ ਖਤਰਾ ਬਣ ਗਿਆ ਹੈ। ਸੋ, ਸਿੱਖ ਕੌਮ ਦੇ ਮੌਜੂਦਾ
ਕਥਿਤ ਰਹਿਬਰਾਂ ਨੂੰ ਵਾਸਤਾ ਹੈ, ਕਿ ਨਿੱਜੀ ਹਉਮੈ, ਜ਼ਿੱਦ ਅਤੇ ਆਪਣੀਆਂ ਰਾਜਨੀਤਕ
ਖਾਹਿਸ਼ਾਂ ਦੇ ਮੱਦੇਨਜ਼ਰ ਪੂਰੀ ਕੌਮ ਨੂੰ ਭਰਾ ਮਾਰੂ ਜੰਗ ਵੱਲ ਨਾ ਧੱਕੋ ਅਤੇ
ਇਮਾਨਦਾਰੀ ਨਾਲ ਇਕੱਠੇ ਬੈਠ ਕੇ ਆਪਣੇ ਦਿਲ ਵਿਚ ਝਾਤੀ ਮਾਰੋ। ਸ਼ੁਰੂਆਤ ਆਪਸੀ ਲੜਾਈ
ਨਾਲ ਨਹੀਂ ਸਗੋਂ ਆਪਣੀਆਂ ਗ਼ਲਤੀਆਂ ਦੀ ਪਹਿਚਾਣ ਅਤੇ ਉਨ੍ਹਾਂ ਲਈ ਸੰਗਤ ਤੋਂ ਮੁਆਫ਼ੀ
ਮੰਗ ਕੇ ਕਰੋ।
ਕਭੀ ਜੋ ਝਾਂਕੋ ਅਪਨੇ ਦਿਲ ਕੀ ਬਸਤੀ ਮੇਂ ਤੋ ਦੇਖੋਗੇ,
ਖ਼ਤਾਏਂ ਖ਼ੁਦ ਕੀ ਕਯਾ ਕਯਾ ਹੈਂ, ਸਭੀ ਕੁਛ ਜਾਨ ਜਾਓਗੇ।
(ਲਾਲ ਫਿਰੋਜ਼ਪੁਰੀ)
ਸਰਕਾਰ
ਤੋਂ ਕੀ ਮੰਗੀਏ? ਪਹਿਲੀ ਗੱਲ ਤਾਂ ਇਹ ਹੈ ਕਿ ਭਾਵੇਂ 1984 ਦਾ ਸ੍ਰੀ
ਦਰਬਾਰ ਸਾਹਿਬ ਦਾ ਸਾਕਾ ਅਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ
ਤੇ ਫਿਰ ਹਜ਼ਾਰਾਂ ਬੇਦੋਸ਼ੇ ਸਿੱਖਾਂ ਦੀ ਨਸਲਕੁਸ਼ੀ ਇਕ ਲੜੀ ਦਾ ਹਿੱਸਾ ਸਨ, ਪਰ ਅੱਜ
ਗੱਲ ਸਿਰਫ਼ ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰਦੁਆਰਿਆਂ ਵਿਚ ਵਾਪਰੇ ਘੱਲੂਘਾਰੇ ਦੀ
ਕਰਦਿਆਂ ਅਸੀਂ ਕੇਂਦਰ ਸਰਕਾਰ ਤੋਂ ਕੁਝ ਮੰਗਾਂ ਕਰਦੇ ਹਾਂ, ਇਨ੍ਹਾਂ ਬਾਰੇ ਇਕ ਵਾਰ
ਸਾਬਕ ਮੈਂਬਰ ਰਾਜ ਸਭਾ ਸ. ਤਰਲੋਚਨ ਸਿੰਘ ਨੇ ਰਾਜ ਸਭਾ ਵਿਚ ਸਵਾਲ ਵੀ ਉਠਾਏ ਸਨ।
ਪਹਿਲੀ ਗੱਲ ਤਾਂ ਇਹ ਕਿ ਸ੍ਰੀ ਦਰਬਾਰ ਸਾਹਿਬ ਸਮੇਤ ਹੋਰ ਗੁਰਦੁਆਰਿਆਂ 'ਤੇ
ਕੀਤੇ ਗਏ ਆਰਮੀ 'ਆਪ੍ਰੇਸ਼ਨ ਬਲਿਊ ਸਟਾਰ' ਦੀ ਉਹ ਅਧਿਕਾਰਤ ਰਿਪੋਰਟ ਜਨਤਕ ਕੀਤੀ
ਜਾਵੇ, ਜੋ ਫ਼ੌਜ ਦੇ ਅਧਿਕਾਰੀਆਂ ਨੇ ਸਰਕਾਰ ਨੂੰ ਬਣਾ ਕੇ ਦਿੱਤੀ ਸੀ।
ਦੂਸਰਾ ਕੇਂਦਰ ਸਰਕਾਰ ਦੇ ਇਸ ਆਪ੍ਰੇਸ਼ਨ ਨੂੰ ਹਰੀ ਝੰਡੀ ਦੇਣ ਤੋਂ ਪਹਿਲਾਂ
ਜੋ ਵੀ ਖਤੋ-ਕਿਤਾਬਤ ਕੀਤੀ ਗਈ, ਚਾਹੇ ਉਹ ਪੰਜਾਬ ਦੇ ਰਾਜਪਾਲ ਨਾਲ ਹੋਈ, ਚਾਹੇ
ਪੰਜਾਬ ਦੇ ਅਕਾਲੀ ਜਾਂ ਹੋਰ ਨੇਤਾਵਾਂ ਨਾਲ ਤੇ ਚਾਹੇ ਉਹ ਜਿਵੇਂ ਇਲਜ਼ਾਮ ਲਗਦੇ ਹਨ,
ਰੂਸ ਤੇ ਬਰਤਾਨੀਆ ਨਾਲ ਹੋਈ ਹੋਵੇ, ਸਾਰੀ ਹੀ ਜਾਰੀ ਕੀਤੀ ਜਾਵੇ ਤਾਂ ਜੋ ਸਾਰਾ ਸੱਚ
ਸਾਹਮਣੇ ਆ ਸਕੇ।
ਇਸ ਤੋਂ ਬਿਨਾਂ ਇਸ ਹਮਲੇ ਲਈ ਫ਼ੌਜੀਆਂ ਨੂੰ ਦਿੱਤੇ
ਪੁਰਸਕਾਰ ਵਾਪਸ ਲਏ ਜਾਣ, ਇਹ ਕੋਈ ਕਿਸੇ ਦੂਸਰੇ ਦੇਸ਼ 'ਤੇ ਹਮਲਾ ਨਹੀਂ ਸੀ, ਚੌਥੀ
ਗੱਲ ਕਿ ਇਸ ਹਮਲੇ ਦੌਰਾਨ ਬੈਰਕਾਂ ਛੱਡਣ ਵਾਲੇ ਸਿੱਖ ਫ਼ੌਜੀਆਂ ਨੂੰ ਆਮ ਮੁਆਫ਼ੀ ਦੇ
ਨਾਲ-ਨਾਲ ਉਨ੍ਹਾਂ ਦਾ ਸਨਮਾਨ ਬਹਾਲ ਕੀਤਾ ਜਾਵੇ ਤੇ ਪੈਨਸ਼ਨਾਂ ਜਾਰੀ ਕੀਤੀਆਂ ਜਾਣ।
ਉਹ ਦੇਸ਼ ਵਿਰੋਧੀ ਨਹੀਂ ਸਨ, ਉਨ੍ਹਾਂ ਲਈ ਆਪਣੇ ਵੱਡੇ ਧਾਰਮਿਕ ਸਥਾਨ ਦੀ
ਬਰਬਾਦੀ ਦੀ ਖ਼ਬਰ ਅਸਹਿ ਸੀ ਅਤੇ ਸਭ ਤੋਂ ਜ਼ਰੂਰੀ ਗੱਲ ਇਹ ਕਿ ਇਸ ਹਮਲੇ ਲਈ
ਪਾਰਲੀਮੈਂਟ ਵਿਚ ਬਾਕਾਇਦਾ ਮਤਾ ਲਿਆ ਕੇ ਮੁਆਫ਼ੀ ਮੰਗੀ ਜਾਵੇ, ਬੇਸ਼ੱਕ ਆਪਣੇ ਤੌਰ 'ਤੇ
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪਾਰਲੀਮੈਂਟ ਵਿਚ ਮੁਆਫ਼ੀ ਮੰਗ ਚੁੱਕੇ ਹਨ।
1044, ਗੁਰੂ ਨਾਨਕ ਸਟਰੀਟ,
ਸਮਰਾਲਾ ਰੋਡ, ਖੰਨਾ ਮੋਬਾਈਲ : 92168-60000
hslall@ymail.com
|