WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਸਿਆਸਤਦਾਨ, ਨੈਤਿਕਤਾ ਅਤੇ  ਸਿਆਸੀ ਧੰਦੇਬਾਜ਼ੀ    
ਕੇਹਰ ਸ਼ਰੀਫ਼, ਜਰਮਨੀ                (20/02/2022)

kehar

10ਆਮ ਹੀ ਕਿਹਾ ਜਾਂਦਾ ਹੈ ਕਿ ਸੰਸਦੀ ਜਮਹੂਰੀਅਤ ਦਾ ਰਾਮ-ਰੌਲਾ ਬੜਾ ਦਿਲਲਭਾਊ/ਖਿੱਚਪਾਊ ਜਿਹਾ ਸੁਪਨਾ ਜਾਪਦਾ ਹੈ ਜਿਸ ਅੰਦਰ ਲੋਕਾਂ ਦੀ ਸ਼ਮੂਲੀਅਤ ਦਾ ਬੜਾ ਢੰਡੋਰਾ ਪਿੱਟਿਆ ਜਾਂਦਾ ਹੈ। ਪਰ ਇਹ ਢੰਡੋਰਾ ਚੋਣਾਂ ਦੇ ਦਿਨਾਂ ਤੱਕ ਹੀ ਸੀਮਤ ਹੁੰਦਾ ਹੈ। ਜਦੋਂ ਲੋਕਾਂ ਦੇ ਕਹੇ ਜਾਂਦੇ ਨੁਮਾਂਇਦੇ ਚਾਰ ਕੁ ਦਿਨ ਲੋਕਾਂ ਅੱਗੇ ਹੱਥ ਜੋੜਦੇ ਹਨ, ਵੋਟਾਂ ਵਟੋਰਨ ਵਾਸਤੇ ਮਿੰਨਤ-ਤਰਲਾ ਵੀ ਕਰਦੇ ਹਨ, ਧੱਕਾ-ਧੌਂਸ ਅਤੇ ਕਈ ਹੋਰ ਢੰਗ ਵਰਤਣ ਦੀ ਚਰਚਾ ਵੀ ਨਾਲ ਹੀ ਤੁਰੀ ਰਹਿੰਦੀ ਹੈ। ਪਰ, ਚੁਣੇ ਜਾਣ ਤੋਂ ਬਾਅਦ ਇਹ ਲੋਕ ਸੂਬਾਈ ਵਿਧਾਨ ਸਭਾ ਜਾਂ ਸੰਸਦ ਅੰਦਰ ਪਹੁੰਚ ਜਾਂਦੇ ਹਨ ਤਾਂ ਫੌਰਨ ਤੋਂ ਪਹਿਲਾਂ ਰੰਗ ਬਦਲ ਲੈਂਦੇ ਹਨ। ਇਨ੍ਹਾਂ ਦੇ ਝੂਠ ਦਾ ਮੁਲੰਮਾ ਬੜੀ ਛੇਤੀ ਉਤਰ ਜਾਂਦਾ ਹੈ।
 
ਸੇਵਾ ਦਾ ਸਬੰਧ ਨੈਤਿਕਤਾ ਨਾਲ ਹੁੰਦਾ ਹੈ, ਪਰ ਸਿਆਸਤਦਾਨ ਸੇਵਾ ਦੇ ਨਾਮ 'ਤੇ ਹੀ ਧੰਦਾ ਕਰਦੇ ਹਨ। ਧਨਾਢ ਲੋਕਾਂ ਵਾਸਤੇ ਸਿਆਸਤ ਧੰਦਾ (ਨਿਵੇਸ਼) ਹੈ, ਵੱਧ ਮੁਨਾਫਾ ਕਮਾਉਣ ਦਾ ਸਾਧਨ, ਜਿਸਨੂੰ ਉਹ ਸੇਵਾ ਕਹਿੰਦੇ ਹਨ ਪਰ, ਸੇਵਾ ਕਰਦੇ ਹਨ ਆਪਣੀ ਤੇ ਆਪਣਿਆਂ ਦੀ।
 
ਸ਼ਾਇਦ ਅਜਿਹੇ ਨੂੰ ਦੇਖਦਿਆਂ ਹੀ ਇੰਗਲੈਂਡ ਦੇ ‘ਜਾਰਜ ਚੌਥੇ’ ਨੇ ਕਈ ਸਦੀਆਂ ਪਹਿਲਾਂ ਕਿਹਾ ਸੀ ਕਿ "ਸਿਆਸਤ ਲੁੱਚਿਆਂ ਦੀ ਖੇਡ ਹੈ",  ਹੁਣ ਇਹ ਸਭ ਦੇ ਸਾਹਮਣੇ ਖੇਡੀ ਜਾ ਰਹੀ ਹੈ, ਲੋਕ ਦੇਖ ਰਹੇ ਹਨ। ਇਹ ਕਿਵੇਂ ਹੋ ਸਕਦਾ ਹੈ ਕਿ ਸਿਆਸੀ ਆਗੂ ਸੰਵਿਧਾਨਕ ਅਹੁਦਿਆਂ 'ਤੇ ਪਹੁੰਚਦਿਆਂ ਹੀ ਆਪਣੇ ਫਰਜ਼ਾਂ ਦੀ ਇਮਾਨਦਾਰੀ ਨਾਲ ਪੂਰਤੀ ਕਰਨ ਦੀ ਸਹੁੰ ਖਾ ਕੇ ਵੀ ਤੁਰੰਤ ਨੈਤਿਕਤਾ ਦਾ ਪੱਲਾ ਛੱਡ ਦੇਣ। ਇਹ ਤਾਂ ਅਵਾਰਾ ਹੋ ਜਾਣ ਦੀ ਕਵਾਇਦ ਹੀ ਕਹੀ ਜਾ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਹੀ ਲੋਕਰਾਜੀ ਰਵਾਇਤਾਂ ਦਾ ਘਾਣ ਹੁੰਦਾ ਹੈ। ਇਸ ਨਾਲ ਲੋਕਾਂ ਦਾ ਸਿਆਸਦਾਨਾਂ ਤੋਂ ਵਿਸ਼ਵਾਸ ਵੀ ਉੱਠ ਜਾਂਦਾ ਹੈ।
 
ਚੋਣਾਂ ਲੜਨੀਆਂ ਹਰ ਨਾਗਰਿਕ ਦਾ ਅਧਿਕਾਰ ਹੈ, ਪਰ ਚੋਣਾਂ ਲੜਨ ਵਾਲੇ ਵਿਅਕਤੀ ਲੋਕਾਂ ਨਾਲ ਵਾਅਦਾ ਕਰਦੇ ਹਨ ਕਿ ਜਿੱਤ ਕੇ ਅਸੀਂ ਤੁਹਾਡੇ ਹੱਕਾਂ ਦੀ ਰਾਖੀ ਦਾ ਵਚਨ ਦਿੰਦੇ ਹਾਂ। ਪੰਜ ਸਾਲ ਦੀ ਮਿਆਦ ਵਾਸਤੇ ਚੋਣ ਹੁੰਦੀ ਹੈ।
 
ਇਸ ਵੇਲੇ ਪੰਜਾਬ ਦੇ ਚੋਣ ਦ੍ਰਿਸ਼ ਅੰਦਰ ਦੋ ਵਿਅਕਤੀ ਅਜਿਹੇ ਚੋਣ ਲੜ ਰਹੇ ਹਨ ਜਿਨ੍ਹਾਂ ਨੇ 2019 'ਚ ਸੰਸਦ ਦੀਆਂ ਚੋਣਾਂ ਲੜੀਆਂ ਤੇ ਜਿੱਤ ਕੇ ਵਾਅਦਾ ਕੀਤਾ ਕਿ ਅਸੀਂ ਪੰਜ ਸਾਲ ਵਾਸਤੇ (2019 ਤੋਂ 2024 ਤੱਕ) ਸੰਸਦ ਅੰਦਰ ਤਹਾਡੇ ਹੱਕਾਂ ਦੀ ਰਾਖੀ ਕਰਾਂਗੇ। ਪਰ ਹੁਣ ਦੋਵੇਂ ਸੰਸਦ ਵਿਚ ਪਹੁੰਚੇ ਹੋਏ ਮੈਂਬਰ ਵੱਧ ਮੁਨਾਫੇ ਵਾਲੀ ਹੱਟੀ (ਮੁੱਖ ਮੰਤਰੀ ਦਾ ਅਹੁਦਾ) ਖਾਤਰ ਲੋਕਾਂ ਨਾਲ ਕੀਤਾ ਆਪਣਾ ਵਾਅਦਾ ਤੋੜ ਰਹੇ ਹਨ।
 
ਇੱਥੇ ਹੋ ਸਕਦਾ ਕਾਨੂੰਨੀ ਪੱਖੋਂ ਉਹ ਠੀਕ ਵੀ ਹੋਣ ਪਰ ਨੈਤਿਕ ਪੱਖੋਂ ਸਰਾਸਰ ਗਲਤ ਹੀ ਨਹੀਂ, ਇਹ ਤਾਂ ਲੋਕਾਂ ਨਾਲ ਧੋਖਾ ਕਰਨ ਦੇ ਬਰਾਬਰ ਹੈ। ਕਿਉਂਕਿ ਜੇ ਉਹ ਜਿੱਤ ਜਾਣ ਤਾਂ ਸੰਸਦ ਵਾਲੀ ਸੀਟ ਛੱਡਣਗੇ, ਜਿਸ ਨਾਲ ਦੁਬਾਰਾ ਉਸ ਸੀਟ 'ਤੇ ਜਿਮਨੀ ਚੋਣ ਹੋਵੇਗੀ। ਉਨ੍ਹਾਂ ਦੀ ਵੱਧ ਇਸ ਮੁਨਾਫੇ ਵਾਲੀ ਸਿਆਸੀ ਹਵਸ (ਹੱਟ) ਦਾ ਲੋਕ ਕਿਉਂ ਮੁੱਲ ਤਾਰਨ ?
 
ਪੰਜਾ ਸਾਲ ਵਾਸਤੇ (ਅਜੇ ਦੋ ਸਾਲ ਹੋਰ ਰਹਿੰਦੇ ਹਨ) ਦਿੱਤੇ ਹੋਏ ਉਨ੍ਹਾਂ ਦੇ ਵਚਨ ਦਾ ਕੀ ਬਣੇਗਾ ? ਕੀ ਉਹ ਆਪਣੇ ਆਪ ਨੂੰ ਨੈਤਿਕਤਾਵਾਦੀ ਅਖਵਾ ਸਕਣਗੇ ? ਸਾਡੇ ਸਮਾਜਿਕ ਅਤੇ ਧਾਰਮਿਕ ਜੀਵਨ ਦਾ ਅਧਾਰ ਹੀ ਤਕੜੀ ਨੈਤਿਕਤਾ ਹੈ, ਇਸੇ ਨੂੰ ਹੀ ਮਨੁੱਖ ਦਾ ਚਰਿਤ੍ਰ ਵੀ ਕਿਹਾ ਜਾਂਦਾ ਹੈ । ਨੈਤਿਕਤਾ ਨੂੰ ਤਿਲਾਂਜਲੀ ਦੇਣ ਵਾਲੇ ਇਨਸਾਨ ਕੋਲ ਬਚਦਾ ਹੀ ਕੀ ਹੈ ? ਇਹ ਇਨਸਾਨੀ ਕਦਰਾਂ-ਕੀਮਤਾਂ ਤੋਂ ਮੁਨਕਰ ਹੋਣਾ ਵੀ ਹੈ।
 
ਪੰਜਾ ਸਾਲ ਪਹਿਲਾਂ ਹੋਈਆਂ ਚੋਣਾਂ ਅੰਦਰ ਲੋਕਾਂ ਦੇ ਟੈਕਸਾਂ ਦਾ ਪੈਸਾ ਖਰਚ ਹੋਇਆ, ਹੁਣ ਦੁਬਾਰਾ ਫੇਰ ਸੀਟ ਖਾਲੀ ਹੋਣ ਦੀ ਸੂਰਤ ਵਿਚ ਲੋਕਾਂ ਦੇ ਟੈਕਸਾਂ ਦਾ ਪੈਸਾ ਹੀ 'ਫੂਕਿਆ' ਜਾਵੇਗਾ, ਬਿਨਾ ਕਿਸੇ ਕਾਰਨ। ਸਿਰਫ ਕਿਸੇ ਨੂੰ ਵੱਧ ਮੁਨਾਫਾ ਕਮਾਉਣ ਦਾ ਲੋਭ ਹੈ ਇਸ ਕਰਕੇ ਅਜਿਹੇ ਸਮੇਂ ਉਨ੍ਹਾਂ ਚੋਣ ਲੜਨ ਦੇ ਚਾਹਵਾਨ ਵਿਅਕਤੀਆਂ ਨੂੰ ਇਖ਼ਲਾਕੀ ਜ਼ੁੰਮੇਵਾਰੀ ਸਮਝਦਿਆਂ ਹੋਇਆਂ ਪਹਿਲਾਂ ਆਪਣੀ ਸੰਸਦ ਦੀ ਸੀਟ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਦੋ ਵਾਰ ਚੋਣਾਂ ਦਾ ਸਰਕਾਰੀ ਖਰਚ ਹੋਇਆ ਪੈਸਾ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਕਰਵਾਉਣਾ ਚਾਹੀਦਾ ਹੈ, ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਸਬੰਧਤ ਵਿਅਕਤੀ ਮਾੜੇ-ਮੋਟੇ ਇਖ਼ਲਾਕ ਦਾ ਮਾਲਕ ਹੈ, ਅਤੇ ਨੈਤਿਕਤਾ ਦੀ ਸ਼ਰਮ ਖਾਂਦਾ ਹੈ।
 
ਜੇ ਅਜਿਹਾ ਨਹੀਂ ਹੁੰਦਾ ਤਾਂ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਅਜਿਹੇ ਵੱਧ ਮੁਨਾਫਾ ਕਮਾਉਣ ਦੀ ਬਿਰਤੀ ਵਾਲੇ ਸਿਆਸੀ ਧੰਦੇਬਾਜਾਂ ਨੂੰ ਹਰ ਹੀਲੇ ਨਕਾਰਨ ਦਾ ਜਤਨ ਕਰਨ, ਨਹੀਂ ਤਾਂ ਲੋਕ ਵੀ ਇਸ ਇਖ਼ਲਾਕਹੀਣਤਾ ਦੀ ਸਹਾਇਤਾ ਕਰਨ ਵਾਲਿਆਂ ਵਿਚ ਸ਼ਾਮਲ ਹੋ ਜਾਣਗੇ । ਲੋਕਰਾਜੀ ਰਵਾਇਤਾਂ ਦੀ ਰਾਖੀ ਕਰਨੀ, ਗਲਤ ਨੂੰ ਗਲਤ ਅਤੇ ਠੀਕ ਨੂੰ ਠੀਕ ਕਹਿਣਾ ਅਤੇ ਉਸ ਉੱਤੇ ਅਮਲ ਕਰਨਾ ਹਰ (ਚੰਗੇ ਇਨਸਾਨ) ਨਾਗਰਿਕ ਦਾ ਫ਼ਰਜ਼ ਹੁੰਦਾ ਹੈ।
 
ਅਜਿਹਾ ਹੀ ਕਿੱਸਾ ਹੁੰਦਾ ਹੈ ਜਦੋਂ ਕੋਈ ਵਿਅਕਤੀ ਇੱਕੋ ਸਮੇਂ ਦੋ ਵਿਧਾਨ ਸਭਾ ਹਲਕਿਆਂ ਅੰਦਰ ਚੋਣ ਲੜ ਰਿਹਾ ਹੋਵੇ, ਦੋਵੇਂ ਥਾਹੀਂ ਜਿੱਤ ਜਾਣ ਤੋਂ ਬਾਅਦ ਉਸ ਨੇ ਵੀ ਇਕ ਸੀਟ ਖਾਲੀ ਕਰਨੀ ਹੁੰਦੀ ਹੈ। ਅਜਿਹੇ ਵਿਅਕਤੀ ਤੋਂ ਵੀ ਉਸ ਸੀਟ 'ਤੇ ਦੋ ਵਾਰ ਬਿਨਾਂ ਕਿਸੇ ਕਾਰਨ ਹੋਇਆ ਸਰਕਾਰੀ ਖਰਚਾ (ਲੋਕਾਂ ਦੈ ਟੈਕਸਾਂ ਦਾ ਪੈਸਾ) ਵਸੂਲ ਕੀਤਾ ਜਾਣਾ ਚਾਹੀਦਾ ਹੈ, ਤਾਂ ਹੀ ਇਸ ਗਲਤ ਰੁਝਾਨ ਨੂੰ ਰੋਕਿਆ ਜਾ ਸਕਦਾ ਹੈ। ਇਹ ਕਹੀ ਜਾਣਾ ਕਿ ਕਾਨੂੰਨ ਇਜ਼ਾਜਤ ਦਿੰਦਾ ਹੈ, ਕਿਸੇ ਬੁਰਾਈ ਦੀ ਹਮਾਇਤ ਕਰਨ ਦੇ ਬਰਾਬਰ ਹੈ। ਜੋ ਕਾਨੂੰਨ ਬੁਰਾਈ ਨੂੰ ਵਧਾਉਂਦਾ ਹੋਵੇ ਉਸ ਨੂੰ ਬਦਲਿਆ ਜਾਣਾ ਚਾਹੀਦਾ ਹੈ।
 
ਕਿਉਂਕਿ ਸਿਆਸਤ ਬਾਕੀ ਧੰਦਿਆ ਵਾਂਗ ਨਿਰੋਲ ਧੰਦਾ (ਬਿਜ਼ਨਸ) ਹੀ ਹੋ ਗਿਆ ਹੈ ਸ਼ਾਇਦ ਇਸ ਕਰਕੇ ਹੀ ਭਾਰਤ ਦੇ ਉੱਘੇ ਲੇਖਕ ਅਤੇ ਚਿੰਤਕ ‘ਰਾਹੀ ਮਾਸੂਮ ਰਜ਼ਾ’ ਨੇ ਕਈ ਸਾਲ ਪਹਿਲਾਂ ਇਸ ਬਾਰੇ ਲਿਖਿਆ ਸੀ ਕਿ “ਆਧੁਨਿਕ ਭਾਰਤ ਅੰਦਰ ਇਹ ਤੈਅ ਕਰਨਾ ਮੁਸ਼ਕਿਲ ਹੈ ਕਿ ਧਰਮ ਵੱਡਾ ਵਿਉਪਾਰ ਹੈ ਜਾਂ ਰਾਜਨੀਤੀ, ਪਰੰਤੂ ਦੋਹਾਂ ਵਿਉਪਾਰਾਂ ਵਿਚ ਪੈਸਾ ਸਮਗਲਿੰਗ ਤੋ ਵੀ ਜ਼ਿਆਦਾ ਹੈ। ਇਸ ਕਰਕੇ ਹੀ ਜਿਸ ਨੂੰ ਵੀ ਦੇਖੋ ਉਹ ਹੀ ਰਾਜਨੀਤੀ ਅਤੇ ਧਰਮ ਦੇ ਧੰਦੇ ਵਿਚ ਜਾਣ ਵਾਸਤੇ ਕਾਹਲ਼ਾ ਹੈ”)। ਅਜੋਕੀ ਸਥਿਤੀ ਵੱਲ ਨਿਗਾਹ ਮਾਰਦਿਆਂ ਕਿਹਾ ਜਾ ਸਕਦਾ ਕਿ ‘ਰਾਹੀ’ ਦਾ ਕਿਹਾ ਬਿਲਕੁੱਲ ਸੱਚ ਹੈ।
 
ਆਪ ਵਿਕਣ ਵਾਲੇ ਸਿਆਸੀ ਨੇਤਾ ਲੋਕਾਂ ਨੂੰ ਵੋਟ ਨਾ ਵੇਚਣ ਦਾ ਹੋਕਾ ਦੇ ਰਹੇ ਹਨ। ਵਿਕਾਊ ਲੀਡਰੋ!"ਸ਼ਾਬਾਸ਼ੇ" ਤੁਹਾਡੀ ਨੈਤਿਕਤਾ ਅਤੇ "ਅਣਖ" ਦੇ, ਜਿਹੜੀ ਤੁਹਾਡੇ ਕੋਲ ਹੈ ਹੀ ਨਹੀਂ। ਆਪ ਦੂਸਰਿਆਂ ਨੂੰ ਮੱਤਾ ਦੇ ਰਹੇ ਹਨ। ਜੇ ਇਸਦਾ ਸਬੂਤ ਭਾਲਦੇ ਹੋ ਤਾਂ ਵੱਖੋ-ਵੱਖ ਸਿਆਸੀ ਦਲਾਂ ਵਿਚ ਹੁਣੇ ਸ਼ਾਮਲ ਹੋਏ (ਟਿਕਟਾਂ ਦੇ ਚਾਹਵਾਨ) ਅਤੇ ਪਾਰਟੀ ਦੇ ਐਲਾਨੇ ਉਮੀਦਵਾਰਾਂ ਦੀ ਲਿਸਟ 'ਤੇ ਇਕ ਵਾਰ ਨਿਗਾਹ ਜਰੂਰ ਮਾਰ ਲਿਉ, "ਦਰਸ਼ਣ" ਕਰਿਉ "ਮਹਾਂਪੁਰਸ਼ਾਂ" ਦੇ।
 
ਅਗਲਾ ਸੱਚ ਇਹ ਵੀ ਹੈ ਕਿ ਇਨ੍ਹਾਂ ਨਕਲੀ "ਸੇਵਾਦਾਰਾਂ" ਦੀਆਂ ਜਾਇਦਾਦਾਂ ਵੱਲ ਨਿਗਾਹ ਮਾਰੋ ਤਾਂ ਹੈਰਾਨੀ ਹੁੰਦੀ ਹੈ। ਕਰੋੜਾਂ ਤੋਂ ਅਰਬਾਂਪਤੀ ਬਣ ਰਹੇ ਹਨ। ਚੋਣਾਂ 'ਤੇ ਬੇਹਿਸਾਬਾ ਖਰਚ ਕਰਦੇ ਹਨ। (ਚੋਣ ਕਮਿਸ਼ਨ ਨੂੰ ਖਰਚ ਦੇ ਦਿੱਤੇ ਅੰਕੜੇ ਸ਼ੱਕੀ ਹੁੰਦੇ ਹਨ) ਚੋਣ ਲੜਨ ਸਮੇਂ ਹਰ ਉਮੀਦਵਾਰ ਵਲੋਂ ਜਾਇਦਾਦ ਦਾ ਵੇਰਵਾ ਦਿੱਤਾ ਜਾਂਦਾ ਹੈ। ਪਹਿਲੀ ਗੱਲ ਕਿ ਕਿੰਨੇ ਕੁ ਹਨ  ਜਿਹੜੇ ਜਾਇਦਾਦ ਬਾਰੇ ਸੱਚ ਬੋਲਦੇ ਹਨ? ਚੋਣ ਕਮਿਸ਼ਨ ਵੇਰਵੇ ਵਾਲਾ ਹਲਫਨਾਮਾ ਫੜ ਕੇ ਰੱਖ ਲੈਂਦਾ ਹੈ। ਇਹ ਕਿਉਂ ਨਹੀਂ ਪੁੱਛਿਆ ਜਾਂਦਾ ਕਿ ਇਹ ਮਾਲ-ਮੱਤਾ ਆਇਆ ਕਿੱਥੋਂ। ਚੋਣ ਲੜ ਰਹੇ ਉਮੀਦਵਾਰਾਂ ਦੇ ਹਲਫਨਾਮੇ ਦੇਖੋਗੇ ਤਾਂ ਹੈਰਾਨ ਰਹਿ ਜਾਵੋਗੇ ਕਿ ਗਰੀਬ ਸੂਬੇ ਦੇ ਇੰਨੇ ਅਮੀਰ ਸਿਆਸਤਦਾਨ। ਜੇ ਇਹ ਇਮਾਨਦਾਰ ਹਨ ਤਾਂ ਇਨ੍ਹਾਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਦੀਆਂ ਅਵਾਗੌਣ ਜਾਇਦਾਦਾਂ ਵਧਾਉਣ ਵਾਲੀ "ਟਕਸਾਲ" ਕਿੱਥੇ ਲੱਗੀ ਹੈ ? ਇਨ੍ਹਾਂ ਦੀ ਆਮਦਨ ਦੇ ਸਾਰੇ ਸ੍ਰੋਤ ਪੁੱਛੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਘੋਖਵੀਂ ਪੜਤਾਲ ਕੀਤੀ ਜਾਣੀ ਚਾਹੀਦੀ ਹੈ,  ਦਿੱਤੇ ਤੱਥਾਂ ਵਾਲਾ ਹਲਫਨਾਮਾ ਝੂਠਾ ਸਾਬਤ ਹੋਣ ਵਾਲੇ ਵਾਸਤੇ ਕਿਸੇ ਨਾ ਕਿਸੇ ਬਣਦੀ ਸਜ਼ਾ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ।
 
ਸਿਆਸਤਦਾਨ ਜਿਸ ਸੂਬੇ  ਦੀ "ਸੇਵਾ" ਕਰਨ ਦਾ ਦੰਭ ਕਰ ਰਹੇ ਹਨ ਉੱਥੇ ਹਰ ਪਾਸੇ ਮੰਦਹਾਲੀ / ਬਦਹਾਲੀ ਵਧ ਰਹੀ ਹੋਵੇ। ਨਾ ਚੱਜ ਦੀ ਸਿੱਖਿਆ, ਨਾ ਸਿਹਤ ਸਹੂਲਤਾਂ, ਸੂਬੇ ਦੇ ਸਿਰ ਕਰਜ਼ਾ ਛਾਲਾਂ ਮਾਰ ਕੇ ਵਧ ਰਿਹਾ ਹੋਵੇ ਅਤੇ ਉਹ ਖਰਚਿਆ ਕਿੱਥੇ ਜਾ ਰਿਹਾ ਹੈ ਲੋਕਾਂ ਨੂੰ ਪਤਾ ਤਾਂ ਲੱਗੇ, ਕਿ ਸੂਬੇ ਦੇ "ਵਿਕਾਸ ਕਾਰਜ" ਕਰਨ 'ਤੇ ਕਿੰਨਾ ਖਰਚ ਹੋਇਆ ਅਤੇ ਸਿਆਸਤਦਾਨਾਂ ਦੇ ਆਪਣੇ ਘਰੀਂ ਕਿੰਨਾ ਗਿਆ?
 
ਪੰਜਾਬ ਦੇ ਲੋਕਾਂ ਦੀ ਬਦਹਾਲੀ ਵਧ ਰਹੀ ਹੋਵੇ, ਲੋਕਾਂ ਸਿਰ ਕਰਜ਼ਾ ਚੜ੍ਹ ਰਿਹਾ ਹੋਵੇ। ਪੰਜਾਬ ਦੇ ਸਿਰ 1980 ਤੱਕ 1009 ਕਰੋੜ ਰੁਪਏ ਦਾ ਕਰਜ਼ਾ ਸੀ ਜੋ ਹੁਣ ਵਧ ਕੇ ਕਰੀਬਨ 3 ਲੱਖ ਕਰੋੜ ਰੁਪਏ ਹੋ ਗਿਆ ਹੈ, ਕਿਵੇਂ ਹੋਇਆ ਇਹ?
 
ਇਹ ਵੀ ਆਮ ਸੁਣਨ ਵਿਚ ਆਉਂਦਾ ਹੈ ਕਿ ਪੰਜਾਬ ਸਿਰ ਕੁੱਲ ਕਰਜ਼ਾ 5 ਲੱਖ ਕਰੋੜ ਰੁਪਏ ਦੇ ਲੱਗਪਗ ਹੈ। ਆਮ ਵਿਅਕਤੀ ਦੀ ਆਮਦਨ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ। ਲੋਕਾਂ ਦੀ ਖਰੀਦ ਸ਼ਕਤੀ ਲਗਾਤਾਰ ਘਟ ਰਹੀ ਹੋਵੇ ਅਤੇ ਧਨਾਢਾਂ ਅਤੇ ਸਿਆਸਤਦਾਨਾਂ ਦੇ ਅਸਾਸੇ ਲਗਾਤਾਰ ਬਿਨਾਂ ਰੋਕ-ਟੋਕ ਵਧ ਰਹੇ ਹੋਣ। ਸਰਕਾਰੀ ਸਹੂਲਤਾਂ ਨਾਲ ਇਨ੍ਹਾਂ ਲੋਕ ਸੇਵਕਾਂ ਦੇ ਵਾਰੇ-ਨਿਆਰੇ ਹੋ ਰਹੇ ਹੋਣ।
 
ਸਰਮਾਏ ਦਾ ਚਲਣ ਉਵੇਂ ਨਹੀਂ ਹੋ ਰਿਹਾ ਜਿਵੇਂ ਹੋਣਾ ਚਾਹੀਦਾ ਹੈ, ਇਹ ਕੁੱਝ ਹੱਥਾਂ ਵਿਚ ਸੀਮਤ ਹੋ ਰਿਹਾ ਹੈ, ਇਸ ਦੇ ਸਿੱਟੇ ਵਜੋਂ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਹੇ ਹਨ।
 
ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਲੀਡਰ ਸਟੇਜਾਂ ਤੋਂ ਆਮ ਹੀ ਬਾਬੇ ਨਾਨਕ ਦੇ ਕਹੇ "ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨ" ਦਾ ਗੁਣ-ਗਾਣ ਕਰਦੇ ਰਹਿੰਦੇ ਹਨ। ਚੋਣਾਂ ਵੇਲੇ ਬਾਬੇ ਦਾ ਆਦੇਸ਼ ਕਿਉਂ ਯਾਦ ਨਹੀਂ ਰਹਿੰਦਾ? ਟਿਕਟਾਂ ਵੰਡਣ ਵੇਲੇ ਸਾਰੀਆਂ ਸਿਆਸੀ ਧਿਰਾਂ ਨੇ ਗੁਰੂ ਸਾਹਿਬ ਦੇ ਇਸ ਸੰਦੇਸ਼ ਵੱਲ ਪਿੱਠ ਕਰਕੇ ਆਪਣੇ ਉਮੀਦਵਾਰ ਤੈਅ ਕੀਤੇ ਹਨ। ਕੋਈ ਵੀ ਸਿਆਸੀ ਧਿਰ ਇਸ ਦਾ ਜਵਾਬ ਨਹੀਂ ਦਿੰਦੀ ਕਿ ਉਨ੍ਹਾਂ ਨੇ ਅੱਧੀ ਆਬਾਦੀ ਨੂੰ ਅਣਗੌਲਿਆਂ ਕਿਉਂ ਕੀਤਾ?
 
ਕਿਸਾਨ ਸਮਾਜ ਮੋਰਚੇ ਦੇ ਆਗੂਆਂ ਨੂੰ ਹੋਰ ਵੀ ਸਖਤੀ ਨਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਕਿਸਾਨ ਸੰਘਰਸ਼ ਵੇਲੇ ਬੀਬੀਆਂ ਦਾ ਯੋਗਦਾਨ ਤੁਹਾਨੂੰ ਕਿਉਂ ਚੇਤੇ ਨਹੀਂ ਰਿਹਾ? ਇਹ ਬੀਬੀਆਂ ਦੀ ਕਦਰ ਘਟਾਈ ਕਰਨਾ ਨਹੀਂ ਹੈ ਤਾਂ ਹੋਰ ਕੀ ਹੈ?
 
ਸਦੀਆਂ ਤੋਂ ਤੁਰੀ ਆਉਂਦੀ ਪੰਜਾਬੀ ਰੀਤ-ਰਵਾਇਤ ਸਰਬੱਤ ਦਾ ਭਲਾ ਚਾਹੁਣ ਵਾਲੇ, ਮਰਦ-ਮੌਰਤ ਦੀ ਬਰਾਬਰੀ ਵਾਲਾ ਸਮਾਜ ਸਿਰਜਣ ਦੇ ਚਾਹਵਾਨ ਹਰ ਵਿਅਕਤੀ ਨੂੰ ਇਸ ਮਰਦਾਵੀ ਧੌਂਸ ਵਾਲੇ ਵਰਤਾਰੇ ਦਾ ਵਿਰੋਧ ਕਰਨਾ ਚਾਹੀਦਾ ਹੈ।
 
ਆਪੇ ਹੀ ਸਿਆਸਤ ਦੇ "ਪੌਂਗਾ ਪੰਡਿਤ" ਬਣਕੇ ਘੁੰਮਣ ਵਾਲੇ ਸਿਆਸੀ ਪਾਰਟੀਆਂ ਨਾਲ ਜੁੜੇ ਲੋਕ ਵੀ ਪੰਜਾਬ ਦੀ ਬਿਹਤਰੀ ਵਾਸਤੇ ਆਪੋ ਆਪਣੇ ਲੀਡਰਾਂ ਅੱਗੇ ਪੰਜਾਬ ਦੇ ਮਸਲਿਆਂ ਪ੍ਰਤੀ ਆਵਾਜ਼ ਚੁੱਕਣ। ਇਹ ਵੀ ਭੁੱਲੋ ਨਾ ਕਿ ਤੁਸੀਂ ਸਿਆਸੀ ਕਾਮੇ/ਕਾਰਕੁੰਨ ਹੋ, ਪਰ ਜਿਨ੍ਹਾਂ ਨੂੰ ਤੁਸੀਂ ਆਪਣੇ ਲੀਡਰ ਸਮਝਦੇ ਹੋ ਉਹ ਤੁਹਾਨੂੰ ਆਪਣੇ ਸਿਆਸੀ ਢੱਗੇ ਬਣਾ ਕੇ ਵਰਤ ਰਹੇ ਹਨ। ਅਜਿਹੇ ਲੋਕ ਦੁਸ਼ਮਣ ਵਰਤਾਰਿਆਂ ਨੂੰ ਨਾਂਹ ਕਹਿਣੀ ਸਿੱਖੋ, ਤੁਸੀਂ ਸਿਆਸੀ ਢੱਗੇ ਨਾ ਬਣੋ ਆਪਣੇ ਪੰਜਾਬ ਨੂੰ ਬਚਾਉ, ਇਹੀ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਨੂੰ ਬਚਾਉਣ ਦਾ ਵੇਲਾ ਤੇ ਰਾਹ ਹੈ, ਜੇ ਖੁੰਝ੍ਹ ਗਏ ਤਾਂ ਭੁੱਲਿਉ ਨਾ ਕਿ ਰਾਹੋਂ ਭਟਕਿਆਂ ਨੂੰ ਕੋਈ ਨਹੀਂ ਪੁੱਛਦਾ ਹੁੰਦਾ ।
 
ਪੰਜਾਬੀਆਂ ਦਾ ਮਾਣ ਰਾਜਾ ਪੋਰਸ’ ਦੁਨੀਆਂ ਦੀ ਮਹਾਨ ਸਲਤਨਤ ਦੇ ਮਾਲਕ ਕਹੇ ਜਾਂਦੇ ‘ਸਿਕੰਦਰ ਮਹਾਨ’ ਅੱਗੇ ਵੀ ਨਹੀਂ ਸੀ ਝੁਕਿਆ, ਪਰ ਹੁਣ ਦੇ ਪੰਜਾਬੀ ਖਾਸ ਕਰਕੇ ਸਿਆਸਤ ਪਿੜ ਵਿਚਲੇ ਲਾਲਚੀ, ਛੋਟੇ-ਮੋਟੇ ਸਿਆਸੀ ਅਹੁਦੇ ਦੀ ਉਡੀਕ ਵਿਚ ਹੀ ਕਿਸੇ ਵੀ "ਅਲੀ ਬਾਬਾ" ਦੀ ਲੱਤ ਹੇਠ ਲੰਘਣ ਵਾਸਤੇ ਲਾਲਚ ਵੱਸ ਆਪ ਹੀ ਤਿਆਰ ਹੋ ਜਾਂਦੇ ਹਨ। ਪਹਿਲਾਂ ਪੰਜਾਬ ਵਿਚ ਇਕ "ਅਲੀ ਬਾਬਾ" ਦੀ ਤੇ ਉਹਦੇ ਚਾਲ਼ੀ ਚੋਰਾਂ ਦੀ ਚਰਚਾ ਹੁੰਦੀ ਸੀ, ਪਰ ਹੁਣ ਦੂਸਰੇ ਹੋਰ "ਅਲੀ ਬਾਬਿਆਂ" ਤੇ ਉਨ੍ਹਾਂ ਦੇ ਪੰਜਤਾਲੀ ਤੇ ਪਚਵੰਜਾ ਚੋਰਾਂ ਦਾ ਰੌਲ਼ਾ ਪੈ ਰਿਹਾ। ਪੰਜਾਬ ਅਣਖ ਗੁਆ ਕੇ ਜਾਊ ਕਿੱਧਰ ਨੂੰ ? ਇਨ੍ਹਾਂ ਚੋਣਾਂ ਵੇਲੇ ਵੀ ਸੋਚਣਾ ਪੈਣਾ ਹੈ ਕਿ ਅਸੀਂ ਕਿਸ ਸੋਚ ਦੇ ਵਾਰਿਸ ਹਾਂ?
 
ਪੰਜਾਬੀਉ ! ਸਵਾਲ ਅਣਖ ਦਾ ਹੈ, ਇਸ ਨਿਘਾਰ ਬਾਰੇ ਸੋਚਿਉ, ਗੱਲ ਸਹੇ ਦੀ ਨਹੀਂ ਪਹੇ ਦੀ ਕਰਨੀ ਪਵੇਗੀ।
 
ਯਾਦ ਰੱਖਿਉ, ਧੁੱਪ ਦਾ ਰੰਗ ਕਾਲਾ ਦੱਸਣ ਵਾਲੇ ਨਕਲੀ ਸੁਪਨਸਾਜ਼ ਤੁਹਾਡੀ ਅਣਗਹਿਲੀ ਕਰਕੇ, ਆਪਣੀਆਂ ਸਿਆਸੀ ਗਰਜਾਂ ਦੀ ਪੂਰਤੀ ਵਾਸਤੇ ਤੁਹਾਡੇ ਧੁੱਪ ਵਰਗੇ ਭਵਿੱਖ ਨੂੰ ਕਾਲਾ ਕਰ ਦੇਣਗੇ। ਹਰ ਕਿਸੇ ਨੂੰ ਆਪਣੀ ਜੁੰਮੇਵਾਰੀ ਸਮਝਣੀ ਅਤੇ ਦੂਜਿਆਂ ਨੂੰ ਸਮਝਾਉਣੀ ਪਵੇਗੀ।
 
ਸੰਪਰਕ : +491733546050
 

 
 

 
10ਸਿਆਸਤਦਾਨ, ਨੈਤਿਕਤਾ ਅਤੇ  ਸਿਆਸੀ ਧੰਦੇਬਾਜ਼ੀ    
ਕੇਹਰ ਸ਼ਰੀਫ਼, ਜਰਮਨੀ
09ਪੰਜਾਬ ਚੋਣਾਂ ਦੀ ਭਵਿੱਖਬਾਣੀ: ਮਹਾਂ-ਟੇਢੀ ਖੀਰ    
ਹਰਜਿੰਦਰ ਸਿੰਘ ਲਾਲ
08ਪੰਜਾਬ ਚੋਣਾਂ: ਤਸਵੀਰ ਅਜੇ ਵੀ ਧੁੰਦਲ਼ੀ
ਹਰਜਿੰਦਰ ਸਿੰਘ ਲਾਲ
07ਕੀ ਟੁੱਟੇ ਲੱਕ ਵਾਲਾ ਪੰਜਾਬ ਉੱਠ ਸਕੇਗਾ?
ਡਾ. ਹਰਸ਼ਿੰਦਰ ਕੌਰ, ਪਟਿਆਲਾ
06ਜਦ ਆਗੂ ਹੀ ਪਾਉਣ ਆਪਣੀ ਹੀ ਬੇੜੀ ਵਿੱਚ ਵੱਟੇ   
ਹਰਜਿੰਦਰ ਸਿੰਘ ਲਾਲ
05ਮੁੱਦੇ ਅਤੇ ਵਿਚਾਰਧਾਰਾ ਸਿਆਸੀ ਪਾਰਟੀਆਂ ਲਈ ਮਹੱਤਵਪੂਰਨ ਨਹੀਂ ਰਹੇ   
ਹਰਜਿੰਦਰ ਸਿੰਘ ਲਾਲ
04ਦੇਸੀ ਏਅਰਲਾਈਨਾਂ ਸਾਨੂੰ ਕਦੇ ਵੀ ਵਫ਼ਾ ਨਹੀਂ ਕਰਨਗੀਆਂ - ਪ੍ਰਵਾਸੀਆਂ ਨੂੰ ਉਹ ਸਿਰਫ਼ ਮੁੰਨਣ ਵਾਲ਼ੀਆਂ ਭੇਡਾਂ ਹੀ ਸਮਝਦੇ ਨੇ     
ਸ਼ਿਵਚਰਨ ਜੱਗੀ ਕੁੱਸਾ, ਲੰਡਨ
03ਕਾਂਗਰਸ ਦੀ ਛਵ੍ਹੀ ਉੱਤੇ ਈ. ਡੀ. ਦੇ ਛਾਪੇ
ਹਰਜਿੰਦਰ ਸਿੰਘ ਲਾਲ
02ਮੋਦੀ ਜੀ ਦੀ ਰੈਲੀ ਰੱਦ ਹੋਣ ਬਾਦ ਕਿਉਂ  ਭੜਕੀ ਭਾਜਪਾ?    
ਬੁੱਧ ਸਿੰਘ ਨੀਲੋਂ  
01ਮੋਦੀ ਜੀ ਦੇ ਪੰਜਾਬ ਦੌਰੇ ਦੇ ਸੰਭਾਵੀ ਨਤੀਜੇ
ਹਰਜਿੰਦਰ ਸਿੰਘ ਲਾਲ 
  912021 ਦਾ ਸਤਿਕਾਰਤ ਸਰਵੋਤਮ ਪੰਜਾਬੀ
ਪੰਜਾਬੀਆਂ ਦਾ ਮਾਣ: ਡਾ ਸਵੈਮਾਨ ਸਿੰਘ ਪੱਖੋਕੇ  
ਉਜਾਗਰ ਸਿੰਘ, ਪਟਿਆਲਾ
90ਏਕਤਾ ਕਮਜ਼ੋਰ ਨਹੀਂ ਹੋਰ ਮਜਬੂਤ ਕਰਨ ਦੀ ਲੋੜ 
ਕੇਹਰ ਸ਼ਰੀਫ਼, ਜਰਮਨੀ 
89ਪੰਜਾਬ ਦਾ ਚੋਣ ਦ੍ਰਿਸ਼ ਅਜੇ ਵੀ ਅਸਪਸ਼ਟ 
ਹਰਜਿੰਦਰ ਸਿੰਘ ਲਾਲ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com