ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ


ਜੱਟ ਤੇ ਰਾਣਾ ਅੱਜ ਇੱਕ ਵੱਖਰੇ ਕੰਮ ਨੂੰ ਅੰਜਾਮ ਦੇਣ ਦੇ ਮਨਸੂਬੇ ਨਾਲ ਕਾਲਿਜ ਤੋਂ ਇੱਕ ਕਿਲੋਮੀਟਰ ਦੂਰ ਇਸ ਮੋੜ ਤੇ ਆ ਖਲੋਤੇ ਸਨ। ਕਾਲਿਜ ਅੱਗਿਉਂ ਲੰਘਦੀ ਸੜਕ ਵਿਚ ਇਹ ਮੋੜ ਬੜਾ ਕਸੂਤਾ ਸੀ ਇਸ ਲਈ ਹਰ ਆਉਣ-ਜਾਣ ਵਾਲੇ ਨੂੰ ਸਾਧਨ ਹੋਲੀ ਕਰਨਾ ਪੈਂਦਾ ਸੀ। ਲੋਈ ਦੀ ਬੁੱਕਲ ਮਾਰੀ ਜੱਟ ਨੇ ਰਾਣੇ ਨੂੰ ਸਮਝਾਉਂਦਿਆਂ ਹੋਇਆਂ ਆਖਿਆ, "ਆਖਰੀ ਮੌਕਾ ਈ ਰਾਣਿਆ! ਵੇਖ ਲਾ!  ਜੇ ਹੋਰ ਕੋਈ ਰਾਹ ਹੈਗਾ? ਕਿਉਂ ਆਪਾਂ ਸਾਰੇ ਘਰਦਿਆਂ ਨੂੰ ਵੀ ਮਰਵਾਉਣਾ।" "ਕਿਉਂ ਮੋਕ ਮਾਰੀ ਜਾਨਾ ਪੰਡਿਤਾ! ਘਬਰਾ ਨਾ! ਪਹਿਲੀ ਗੋਲ਼ੀ ਮੈਂ ਹੀ ਮਾਰੂੰ।" ਰਾਣੇ ਨੂੰ ਐਸ ਵੇਲੇ ਕੁਝ ਵੀ ਸੋਚਣ ਦੀ ਲੋੜ ਨਹੀ ਸੀ। ਉਸਦਾ ਇਰਾਦਾ ਪੱਕਾ ਸੀ। ਅੱਜ ਅਚਾਨਕ ਰਾਣੇ ਦੇ ਮੂੰਹੋ ਪੰਡਿਤ ਸੁਣਕੇ ਜੱਟ ਨੂੰ ਅੰਦਰੋ-ਅੰਦਰੀ ਅੰਤਾਂ ਦਾ ਗੁੱਸਾ ਆਇਆ। ਉਸਦਾ ਸੱਜਾ ਹੱਥ ਇਕ ਵਾਰ ਮੱਲੋ-ਮੱਲੀ ਨੇਂਘ ਵਿਚ ਅੜਾਏ ਦਾਤਰ ਵੱਲ ਚਲਾ ਗਿਆ। ਖੱਬਾ ਹੱਥ ਰਾਣੇ ਦੇ ਮੋਢੇ ਤੇ ਰੱਖਿਦਿਆ ਜੋਰ ਨਾਲ ਘੁੱਟਦਿਆਂ ਉਸਨੇ ਕਿਹਾ" ਮੋਕ ਮਾਰਨ ਵਾਲੀ ਕੋਈ ਗੱਲ ਨਹੀ ਰਾਣਿਆ! ਬਸ ਉਂ ਈਂ! ਘਰਦਿਆਂ ਨੂੰ ਜੱਬ ਨਾ ਪੈ ਜਾਵੇ, ਕਿਤੇ ਆਪਣੇ ਕਰਕੇ।" ਰਾਣੇ ਨੂੰ ਉਹਦਾ ਮੋਢੇ ਨੂੰ ਘੁੱਟਣਾ ਚੰਗਾ ਨਾ ਲੱਗਿਆ।ਰਾਣੇ ਦੀਆਂ ਕਹੀਆਂ ਗੱਲਾਂ ਨੂੰ ਮਨੋ-ਮਨੀ ਸੋਚਦਿਆਂ ਜੱਟ ਲਈ ਫੈਸਲਾ ਕਰਨਾ ਔਖਾ ਹੋ ਰਿਹਾ ਸੀ । ਉਹ ਆਪਣੇ ਆਪ ਨੂੰ ਸਵਾਲ ਕਰ ਰਿਹਾ ਸੀ। ਕੀ ਉਹ ਪੂਰਾ ਸਿੱਖ ਬਣ ਗਿਆ? ਜਾਂ ਹਾਲੇ ਵੀ ਪੰਡਿਤਾਂ ਦਾ ਵਿਸ਼ਾਲ ਹੈ? ਉਧਰੋਂ ਉਨ੍ਹਾ ਦੀ ਨਿਗਾ ਹਾਂਡੇ ਤੇ ਆਉਦੇ ਰਾਜੇ ਤੇ ਪਈ। ਮੋੜ ਕੋਲ ਆ ਕੇ ਜਿਉਂ ਹੀ ਮੋਟਰਸਾਈਕਲ ਦੀ ਸਪੀਡ ਘਟੀ ਰਾਣੇ ਨੇ ਪੂਰੇ ਜੋਰ ਵਿਚ ਭੱਜ ਕੇ ਰਾਜੇ ਨੂੰ ਪਿੱਛੋਂ ਜੱਫਾ ਭਰ ਲਿਆ। ਦੂਜੇ ਪਾਸਿਉਂ ਜੱਟ ਨੇ ਚਾਬੀ ਖਿੱਚ ਲਈ। "ਉ ਕਿਹੜੇ ਜੇ ਤੁਸੀ! ਤਾਹਡੀ ਮੈਂ ਭੈਣ ਨੂੰ!" ਹਾਲੇ ਰਾਜੇ ਦੇ ਮੂੰਹੋਂ ਇਹੋ ਲਲਕਾਰ ਦੇ ਬੋਲ ਨਿਕਲੇ ਸੀ ਕੇ ਉਸਦੀ ਹੀ ਡੱਬ ਵਿਚੋਂ ਪਸਤੌਲ ਖਿੱਚ ਕੇ ਜੱਟ ਨੇ ਤਾੜ-ਤਾੜ ਕਰਦੀਆਂ ਦੋ ਗੋਲੀਆਂ ਉਸਦੀ ਛਾਤੀ ਵਿਚ ਲੰਘਾ ਦਿੱਤੀਆਂ। ਇਹ ਸਭ ਦੇਖ ਕੇ ਰਾਣਾ ਹੈਰਾਨ ਰਹਿ ਗਿਆ ਕਿਉਂ ਕੇ ਪਲਾਨ ਮੁਤਾਬਿਕ ਗੋਲੀ ਰਾਣੇ ਨੇ ਮਾਰਨੀ ਸੀ। ਉਹਨਾ ਮੋਟਰਸਾਈਕਲ ਚੁੱਕਿਆ ਤੇ ਫਰਾਰ ਹੋ ਗਏ।ਰਾਣੇ ਦੇ ਪਿੱਛੇ ਬੈਠ ਜਾਂਦਿਆਂ ਜੱਟ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਸੀਟ ਜਾਣੀ-ਪਛਾਣੀ ਹੋਵੇ। ਉਸਨੂੰ ਚੇਤੇ ਆਇਆ ਕੇ ਕਿਵੇਂ ਰਵੀ ਨੇ ਉਸਨੂੰ ਨਵੇਂ ਹਾਂਡੇ ਪਿੱਛੇ ਬਿਠਾ ਕੇ ਗੁਰਦੁਆਰੇ ਮੱਥਾ ਟੇਕਣ ਪਿੱਛੋਂ ਫਿਰਨੀ ਵਿਚ ਚੱਕਰ ਕੱਢੇ ਸੀ। ਜਾਚ ਸਿਖਦਿਆਂ-ਸਿਖਦਿਆਂ ਜਦੋਂ ਉਹ ਪਾਥੀਆਂ ਪੱਥਦੀ ਤਾਈ ਬੀਰੋ ਉੱਤੇ ਹਾਂਡਾ ਚੜਾ ਦੇਣ ਲੱਗਾ ਸੀ ਤਾਂ ਪਿੱਛੇ ਬੈਠੇ ਵੱਡੇ ਵੀਰ ਨੇ ਸੰਭਾਲ ਲਿਆ ਸੀ। ਉਹ ਕਿਵੇਂ ਭੁੱਲ ਸਕਦਾ ਸੀ ਕੇ ਪਿੰਡ ਵਾਲੇ ਉਸਨੂੰ ਹੱਥਾਂ ‘ਤੇ ਚੁੱਕੀ ਫਿਰਦੇ ਕਿਉਂ ਕਿ ਜੱਟ ਭਾਊ ਦਾ ਛੋਟਾ ਭਰਾ ਸੀ। ਨਹਿਰ ਕੰਢੇ ਜਾ ਕੇ ਉਹਨਾ ਦੋਹਾਂ ਨੇ ਮੋਟਰਸਾਈਕਲ ਨੂੰ ਚੁੱਕ ਕੇ ਵਗਦੇ ਪਾਣੀ ਚ ਮਾਰਿਆ ਤੇ ਫਿਰ ਪਸਤੌਲ, ਦਾਤਰ ਤੇ ਆਪਣੀਆਂ ਲੋਈਆਂ ਵੀ । ਨਹਿਰ ਦੇ ਪੁੱਲ ਤੇ ਤੁਰਿਆਂ ਜਾਂਦਿਆਂ ਜੱਟ ਨੇ ਪਿੱਛੇ-ਭੌਂ ਕੇ ਮੋਟਰਸਾਈਕਲ ਵਾਲੀ ਜਗਾ ਤੋਂ ਪਾਣੀ ਦੇ ਨਿਕਲਦੇ ਬੁਲਬਲਿਆਂ ਨੂੰ ਵੇਖਿਆ। ਦਸ ਕੁ ਕਿੱਲਿਆਂ ਦਾ ਧੁੰਦ ਵਿਚ ਪੈਂਡਾ ਮੁਕਾ ਉਹ ਲਾਗਲੇ ਪਿੰਡ ਦੇ ਬੱਸ ਅੱਡੇ ਪਹੁੰਚੇ।ਵਾਰੀ- ਵਾਰੀ ਨਲਕਾ ਗੇੜ ਕੇ ਇੱਕ ਦੂਜੇ ਦਾ ਮੂੰਹ ਧੁਵਾਇਆ।ਫਿਰ ਦੋਹਾਂ ਨੇ ਪਹਿਲਾਂ ਕੰਘੀਆਂ ਕੱਢ ਕੇ ਵਾਲਾਂ ਤੇ ਫੇਰੀਆਂ ਤੇ ਫਿਰ ਨੇਂਘ ਵਿਚ ਅੜਾਈਆਂ ਕਿਤਾਬਾਂ ਕੱਢ ਕੇ ਹੱਥਾਂ ਵਿਚ ਫੜ ਲਈਆਂ। ਅੱਡੇ ‘ਤੇ ਪਹਿਲਾਂ ਤੋਂ ਬੈਠੀਆਂ ਜਨਾਨੀਆਂ ਵਿੱਚੋਂ ਉਹਨਾ ਵੱਲ ਵੇਖ ਇੱਕ ਵੱਡੀ ਉਮਰ ਦੀ ਬੇਬੇ ਨੇ ਦੂਜੀ ਨੂੰ ਕਿਹਾ, “ਵੇਖ ਲਾ ਅੱਜ ਦੇ ਪਾੜ੍ਹੇ ਭੈਣੇ! ਕਿਤਾਬਾਂ, ਜਿਨ੍ਹਾਂ ਨੇ ਵਿਦਿਆ ਦੇਣੀ ਆ, ਗੁੱਛੂ-ਮੁੱਛੂ ਕਰਕੇ ਨਾਲੇ ‘ਚ ਫਸਾਈਆਂ ਵਾਂ ਤੇ ਠਰਦੇ ਪਾਣੀ ਨਾਲ ਬੋਦੇ ਚੋਪੜੀ ਜਾਂਦੇ। ਸਰਦਾਰਾਂ ਦੇ ਮੁੰਡੇ ਇਸ ਮਾਹੋਲ ਬਹਾਨੇ ਬਾਹਮਣਾਂ ਵਾਲੇ ਸ਼ੌਂਕ ਪੂਰੇ ਕਰਦੇ ਫਿਰਦੇ। ਕੌਣ ਸਮਝਾਵੇ ਇਹਨਾਂ ਨੂੰ ਬੀ ਸਾਡੇ ਗੁਰੂ ਬਾਲ ਪਰਿਵਾਰ ਵਾਰ ਗਏ ਸਿੱਖੀ ਬਚਾਉਂਦੇ।” ਗੱਲਾਂ ਭਾਵੇਂ ਉਹ ਹੋਲੀ-ਹੋਲੀ ਕਰਦੀਆਂ, ਪਰ ਜੱਟ ਤੇ ਰਾਣਾ ਸੁਣ ਰਹੇ ਸਨ। ਰਾਣੇ ਨੇ ਜੱਟ ਦੀ ਪਿੱਠ ਤੇ ਥਾਪੀ ਦਿੰਦਿਆਂ ਆਖਿਆ, "ਉ ਪੰਡਿਤਾ! ਤੂੰ ਤਾਂ ਕਈ ਨੀਲੀਆਂ-ਪੀਲੀਆਂ ਬੰਨਣ ਵਾਲਿਆਂ ਨੂੰ ਪਿੱਛੇ ਛੱਡਤਾ ਅੱਜ।ਕਿਥੋਂ ਆਇਆ ਏਨਾ ਗੁੱਸਾ?" ਜੱਟ ਨੇ ਬਿਨਾ ਕੁਝ ਬੋਲੇ ਦੂਰ ਦਿਸਦੇ ਕਮਾਦ ਵੱਲ ਹੱਥ ਵਿਚ ਫੜੀ ਕਾਪੀ ਨਾਲ ਇਸ਼ਾਰਾ ਕੀਤਾ। ਸਾਇਦ ਇਹ ਉਹੋ ਜਗਾ ਸੀ ਜਿੱਥੋਂ ਛੇ ਕੁ ਮਹੀਨੇ ਪਹਿਲਾਂ ਪੁਲੀਸ ਨੇ ਭਾਊ ਦੀ ਲਾਸ਼ ਬਰਾਮਦ ਕੀਤੀ ਸੀ।

ਅਸਲ ਵਿਚ ਜੱਟ ਪੰਡਿਤਾਂ ਦਾ ਮੁੰਡਾ ਸੀ ਤੇ ਨਾਂ ਉਹਦਾ ਵਿਸ਼ਾਲ ਕੁਮਾਰ ਸੀ। ਜੋਟੀਦਾਰ ਸਾਰੇ ਸਿੱਖ ਸਰਦਾਰ ਸੀ। ਪਰ ਨਿੱਕੇ ਹੁੰਦਿਆਂ ਵਿਸ਼ਾਲ ਤੇ ਉਹਦੇ ਵੱਡੇ ਭਰਾ ਰਵੀ ਨੇ ਜਿੱਦ ਕਰਕੇ ਜੂੜੇ ਰੱਖ ਲਏ ਸੀ ।ਇਹਨਾ ਦਾ ਪਿਉ ਕ੍ਰਿਸ਼ਨ ਕਾਂਤ ਬੜਾ ਪੱਕਾ ਬ੍ਰਾਹਮਣ ਸੀ।ਉਹ ਨਹੀ ਸੀ ਚਾਹੁੰਦਾ ਕੇ ਉਹਦੇ ਮੁੰਡੇ ਜੋਟੀਦਾਰਾਂ ਦੇ ਪਿੱਛੇ ਲੱਗ ਕੇ ਚੋਟੀ-ਧੋਤੀ ਨੂੰ ਭੁੱਲ ਜਾਣ। ਵਿਸ਼ਾਲ ਦੇ ਨਾਲ- ਨਾਲ ਉਸਦੇ ਵੱਡੇ ਭਰਾ ਰਵੀ ਦਾ ਵਰਤ-ਵਰਤਾ ਵੀ ਸਿੱਖਾਂ ਦੇ ਮੁੰਡਿਆਂ ਵਾਂਗ ਬਣ ਗਿਆ।ਬੜਾ ਹੀ ਸਿਆਣਾ ਤੇ ਠੰਡੇ ਸੁਭਾਅ ਵਾਲਾ ਸੀ ਰਵੀ। ਪਿੰਡ ਵਿਚ ਸਾਰੇ ਉਸਨੂੰ ਭਾਊ ਕਹਿੰਦੇ ਸੀ। ਸਮੇਂ ਦੀ ਨਜਾਕਤ ਨੂੰ ਦੇਖਦਿਆਂ ਜਦੋਂ ਕਈ ਸਰਦਾਰਾਂ ਦੇ ਮੁੰਡੇ ਵਾਲ ਕਟਾ ਰਹੇ ਸਨ ਤਾਂ ਉਸਨੇ ਕਿਸੇ ਦੀ ਨਾ ਮੰਨੀ। ਮਾੜੇ ਮਾਹੋਲ ਕਾਰਨ ਕਾਲਜ ਵਿਚ ਵੀ ਸਾਰੇ ਰੋਡੇ-ਭੋਡੇ ਬਣ ਗਏ । ਪਰ ਉਹ ਪੋਚਵੀਂ ਪੱਗ ਨਾਲ ਖੁੱਲੀ ਦਾਹੜੀ ਤੇ ਮੁੱਛਾਂ ਨੂੰ ਤਾਅ ਦੇ ਕੇ ਹੀ ਰੱਖਦਾ ਸੀ। ਜਦੋਂ ਉਸਨੂੰ ਸਬਰਸੰਮਤੀ ਨਾਲ ਕਾਲਜ ਦਾ ਪ੍ਰਧਾਨ ਬਣਾ ਦਿਤਾ ਤਾਂ ਰਾਜਾ ਉਸ ਨਾਲ ਖਾਰ ਖਾਣ ਲੱਗ ਪਿਆ ਸੀ। ਇਕ ਵਾਰ ਰਾਜੇ ਨੇ ਭਾਊ ਦੇ ਪਿੰਡ ਦੀ ਕੁੜੀ ਵੀਰੋ ਦੀ ਕਾਲਿਜ ਆਉਂਦਿਆਂ ਬਾਂਹ ਫੜਨ ਦੀ ਜੁਰਤ ਕੀਤੀ। ਕਾਲਿਜ ਦੀਆਂ ਕੁੜੀਆਂ ਦੇ ਦੱਸਣ ਤੇ ਭਾਊ ਨੇ ਰਾਜੇ ਦੀ ਖੁਬ ਤੌਣੀ ਲਾਈ। ਇਲਾਕੇ ਦੀਆਂ ਕੁੜੀਆਂ ਨੂੰ ਉਹ ਧੀਆਂ-ਭੈਣਾਂ ਮੰਨਦਾ ਸੀ। ਰਵੀ ਜਿਉਂ-ਜਿਉਂ ਸਿਆਣਾ ਹੁੰਦਾ ਗਿਆ ਆਪਣੇ ਪਿਉ ਨੂੰ ਸਮਝਾਉਣ ਲੱਗ ਪਿਆ। ਉਹ ਅਕਸਰ ਕਹਿੰਦਾ ਸੀ ਜੇ ਗੂਰੂਆਂ ਨੇ ਸਾਡੀ ਧੋਤੀ-ਚੋਟੀ ਕਰਕੇ ਜਾਨਾਂ ਵਾਰ ਦਿਤੀਆਂ ਸਨ ਤੇ ਮੈਂ ਆ ਜਰਾ ਕੁ ਮਾਹੋਲ ਖ਼ਰਾਬ ਹੋਣ ਕਰਕੇ ਵਾਲ ਕਟਵਾ ਦਵਾਂ? ਆਖਿਰ ਉਹੋ ਹੋਇਆ ਜਿਸਦਾ ਡਰ ਸੀ।ਸ਼ੱਕ ਦੀ ਬਿਨਾਹ ਤੇ ਰਵੀ ਨੂੰ ਮੋਟਰਸਾਈਕਲ ਸਮੇਤ ਕਾਲਿਜੋਂ ਆਉਦਿਆਂ ਰਾਜੇ ਦੇ ਮਾਮੇ ਦੇ ਕਹਿਣ ਤੇ ਪੁਲਿਸ ਨੇ ਚੁੱਕ ਲਿਆ। ਪਿੰਡ ਦੀ ਸਾਰੀ ਪੰਚਾਇਤ ਕ੍ਰਿਸ਼ਨ ਕਾਂਤ ਨੂੰ ਨਾਲ ਲੈ ਕੇ ਮਹੀਨਾ ਕੁ ਥਾਣਿਆਂ-ਚੋਂਕੀਆਂ ਦੇ ਚੱਕਰ ਕੱਢਦੀ ਰਹੀ ਸੀ, ਪਰ ਕੁਝ ਹੱਥ-ਪੱਲੇ ਨਾ ਪਿਆ। ਥਾਣੇਦਾਰ ਨੇ ਕਹਿ ਦਿੱਤਾ ਕੇ ਰਵੀ ਭੱਜ ਗਿਆ ਹੈ। ਇਕ ਦਿਨ ਉਸਦੀ ਮ੍ਰਿਤਕ ਦੇਹ ਕਮਾਦ ਵਿਚੋਂ ਪੁਲਿਸ ਨੂੰ ਮਿਲੀ ਸੀ ਤੇ ਨਵਾਂ-ਨਕੋਰ ਹਾਂਡਾ ਪਤਾ ਨਹੀ ਕਿਥੇ ਗਿਆ। ਰਾਜੇ ਦੇ ਮਾਮੇ ਦਾ ਮੁੰਡਾ ਕਿਸੇ ਪਿੰਡ ਵਾਲੇ ਨੇ ਸਹਿਰ ਰਵੀ ਵਾਲਾ ਹੀਰੋ-ਹਾਂਡਾ ਚਲਾਈ ਜਾਂਦਾ ਦੇਖਿਆ। ਜਦੋਂ ਕ੍ਰਿਸ਼ਨ ਕਾਂਤ ਨੂੰ ਇਹ ਗੱਲ ਦੱਸੀ ਤਾਂ ਉਹਨੇ ਚੁੱਪ ਰਹਿਣ ਵਿਚ ਹੀ ਸਿਆਣਪ ਸਮਝੀ। ਰਾਜੇ ਦੇ ਮਾਮੇ ਦੀ ਪਹੁੰਚ ਉਸਤੋਂ ਲੁਕੀ ਨਹੀ ਸੀ। ਇਕ ਪੁੱਤ ਤਾਂ ਮਾਹੋਲ ਦੀ ਬਲੀ ਚੜ੍ਹ ਗਿਆ ਸੀ। ਇਹ ਗੱਲ ਉਸਨੇ ਵਿਸ਼ਾਲ ਨਾਲ ਵੀ ਸਾਂਝੀ ਨਹੀ ਸੀ ਕੀਤੀ। ਰਾਣਾ ਤੇ ਜੱਟ ਕਿੰਨਾ ਹੀ ਚਿਰ ਚੁੱਪ-ਚਾਪ ਬੈਠੇ ਰਹੇ। ਦੋਵੇ ਜਾਣੇ ਇਕ ਦਮ ਤ੍ਰਬਕ ਗਏ ਜਦੋਂ ਸਾਈਕਲ ਦੱਬੀ ਜਾਂਦੇ ਦੋਧੀ ਨੇ ਪੁੱਛਿਆ, “ਬਈ ਪਾੜਿਉ ਕੀ ਟੈਮ ਕਰਤਾ?” ਸਾਢੇ ਨੌ ਭਾਊ!” ਜੱਟ ਨੇ ਕਾਹਲੀ ‘ਚ ਦੱਸਿਆ।ਜਿਉਂ ਹੀ ਦੋਧੀ ਦਾ ਸਾਈਕਲ ਧੁੰਦ ਵਿਚ ਦਿਸਣੋ ਹੱਟਿਆ,ਉਹਨਾਂ ਦੇ ਕੰਨੀ ਕਿਸੇ ਬੱਸ-ਟਰੱਕ ਦੇ ਆਉਣ ਦੀ ਆਵਾਜ ਪਈ। ਬੱਸ ਵਿੱਚੋਂ ਕੁਝ ਸਵਾਰੀਆਂ ਉਤਰੀਆਂ ਤੇ ਉਹ ਦੋਵੇਂ ਵੀ ਬਾਕੀ ਸਵਾਰੀਆਂ ਨਾਲ ਚੜ ਗਏ।ਉਹਨਾ ਆਪੋ-ਆਪਣੀ ਸ਼ਹਿਰ ਦੀ ਟਿਕਟ ਲਈ, ਜਿੱਥੋਂ ਬਾਦ ਵਿਚ ਕਾਲਿਜ ਦੀ ਬਸ ਫੜਨੀ ਸੀ।ਸ਼ਹਿਰ ਵੱਲ ਜਾਂਦੀ ਬਸ ਰਾਹ ਤੋਂ ਸਵਾਰੀਆਂ ਚੁੱਕਦੀ ਤੇ ਲਾਹੁੰਦੀ ਰਹੀ।ਬੈਠੇ ਭਾਵੇਂ ਉਹ ਬੱਸ ਵਿਚ ਅੱਡੋ-ਅੱਡੀ ਸਨ, ਪਰ ਇਸ ਵੇਲੇ ਦੋਹਾਂ ਦੇ ਮਨਾਂ ਵਿੱਚ ਇੱਕੋ ਜਿਹਾ ਕੁਝ ਚਲ ਰਿਹਾ ਸੀ ਕਿ ਬਾਕੀ ਦੇ ਤਿੰਨ ਜਾਣੇ ਵੀ ਮੋਰਚਾ ਫਤਿਹ ਕਰਕੇ ਵਾਪਸੀ ਪਾ ਚੁੱਕੇ ਹੋਣਗੇ। ਇਕ ਦਿਨ ਪਹਿਲਾਂ ਤੇ ਅੱਜ ਦੀ ਸਵੇਰ ਵਿਚ ਉਹਨਾਂ ਨੂੰ ਕਈ ਸਾਲਾਂ ਦਾ ਫਰਕ ਲਗਿਆ। ਹਾਲੇ ਕੱਲ ਤ੍ਰਕਾਲਾਂ ਦੇ ਛੇ ਵਜੇ ਤਾਂ ਇਹ ਪਲਾਨ ਬਣਿਆ ਸੀ ਕਿ ਦੋ ਜਾਣੇ ਕੱਲ ਨੂੰ ਭਣੇਵੇ ਨੂੰ ਸਵੇਰੇ ਕਾਲਿਜ ਅਉਂਦਿਆਂ ਗੱਡੀ ਚਾੜਨਗੇ ਤੇ ਤਿੰਨ ਮਾਮੇ ਨੂੰ ਸੈਰ ਕਰਦਿਆਂ ਝਟਕਾਉਣਗੇ। ਸਵੇਰੇ ਜਦ ਉਹ ਸਾਰੇ ਘਰਾਂ ਤੋਂ ਨਿਕਲੇ ਸੀ, ਉਹਨਾ ਨੂੰ ਕੀ ਪਤਾ ਸੀ ਅੱਜ ਸ਼ਾਮ ਉਹ ਜੱਗੋਂ ਤੇਰਵੀਂ ਗੱਲ ਕਰਨ ਦਾ ਪ੍ਰਣ ਕਰਕੇ ਦੋਸ਼ੀਆਂ ਨੂੰ ਮੌਤ ਦੇ ਘਾਟ ਉਤਾਰਨ ਲਈ ਤਿਆਰ ਹੋ ਜਾਣਗੇ। ਇਹ ਕਾਲਿਜ ਵਿਚ ਸਾਰਿਆਂ ਦੀ ਜਮਾਤ ਦਾ ਆਖਰੀ ਦਿਨ ਸੀ। ਕੱਲ ਤੋਂ ਕਾਲਜ ਦੇ ਵਿਦਿਆਰਥੀਆਂ ਨੂੰ ਤਿੰਨ ਹਫ਼ਤਿਆਂ ਲਈ ਪੇਪਰਾਂ ਦੀ ਤਿਆਰੀ ਕਰਨ ਵਾਸਤੇ ਫ੍ਰੀ ਕਰ ਦਿਤਾ ਸੀ। ਏਸੇ ਕਰਕੇ ਸ਼ਾਮ ਨੂੰ ਇਕ ਵਿਦਿਆਇਗੀ ਪਾਰਟੀ ਜੂਨੀਅਰ ਵਿਦਿਆਰਥੀਆਂ ਵੱਲੋ ਰੱਖੀ ਗਈ ਸੀ। ਫਿਰ ਪਤਾ ਨਹੀ ਕਦੋਂ ਕਿਸੇ ਨੇ ਮਿਲ ਬਹਿਣਾ ਸੀ। ਅੱਜ ਦੁਪਹਿਰੇ ਤਾਂ ਜੀਤੇ ਨੇ ਕਾਲਿਜ ਕੰਟੀਨ ਦੀਆਂ ਪੌੜੀਆਂ ਤੇ ਬੈਠਿਆਂ ਗੱਲ ਕੁਝ ਇਵੇਂ ਤੋਰੀ ਸੀ "ਕਾਲਜ ਤੋਂ ਨਿਕਲ ਕੇ ਕੀ-ਕੀ ਕਰ ਰਹੇ ਬਈ ਸਾਰੇ ਦੱਸੋ ਖਾਂ ਭਲਾ?"  "ਮੈਂ ਤਾਂ ਚੱਲਿਆਂ ਵੱਡੇ ਭਰਾ ਕੋਲ ਇੰਗਲੈਡ। ਮਾਹੌਲ ਠੀਕ ਹੋਊ ਫਿਰ ਵਾਪਸ ਆ ਜਾਵਾਂਗੇ।' ਦੜ ਵੱਟ ਜਮਾਨਾ ਕੱਟ ,ਭਲੇ ਦਿਨ ਆਉਣਗੇ', ਘਰ ਦੇ ਕਾਲਜ ਵਾਲੀ ਘਟਨਾ ਕਰਕੇ ਬਾਹਲਾ ਹੀ ਡਰ ਗਏ ਯਾਰ!",ਛਿੰਦਾ ਬੋਲਿਆ।" ਦੇਸ਼ ਛੱਡ ਕੇ ਭੱਜਣਾ ਤੈਨੂੰ ਠੀਕ ਲਗਦਾ ਛਿੰਦਿਆ?ਜਦੋਂ ਸਾਡਾ ਧਰਮ ਤੇ ਪਛਾਣ ਖਤਰੇ ਵਿਚ ਆ।ਸਾਨੂੰ ਤਾਂ ਚਾਹੀਦਾ…" ਰਾਣੇ ਦੀ ਇਸ ਤੋਂ ਅਗਲੀ ਗੱਲ ਵਿੱਚੋ ਹੀ ਕੱਟਦਿਆਂ ਵਿਸਾਖਾ ਬੋਲਿਆ," ਮਾਮਾ! ਤੂੰ ਬਹੁਤਾ ਸਿਆਣਾ ਨਾ ਬਣ।

ਸਿਆਸਤ ਨਾਲ ਆਢਾ ਲਾਉਣਾ ਸਾਡੇ ਵੱਸ ਦੀ ਖੇਡ ਨਹੀ। ਪਿਛਲੇ ਇਕ ਸਾਲ ਤੋਂ ਤੈਨੂੰ ਸਮਝਾ ਰਹੇ ਹਾਂ ਅਸੀਂ ਕਿ ਭੁੱਲ ਜਾ ਉਹ ਸਭ। ਅੱਜ ਆਖਰੀ ਦਿਨ ਆਪਣਾ ਏਥੇ ਕਲਾਸ ਦਾ।ਤੇ ਤੂੰ! ਉਹੀ ਗੱਲ ਵਾਂਗ । ਬਸ! 'ਮੁੜ-ਘੁੜ ਖੋਤੀ ਬੋਹੜ ਥੱਲੇ।' ਪਤਾ ਸਾਨੂੰ ਤੇਰੇ ਦਾਦਿਆਂ-ਪੜਦਾਦਿਆਂ ਨੇ ਗਦਰ ਮਚਾਇਆ ਸੀ। ਬਥੇਰੇ ਹੈਗੇ ਦੇਸ਼ ਕੌਮ ਦਾ ਫਿਕਰ ਕਰਨ ਵਾਲੇ ਪੜ੍ਹੇ-ਲਿਖੇ।" ਏਨੇ ਚਿਰ ਨੂੰ ਦੋ ਕੁੜੀਆਂ ਇਹਨਾਂ ਸਾਰਿਆਂ ਨੂੰ ਘੂਰਦਿਆਂ ਹੋਇਆਂ ਨੇੜਿਉਂ ਲੰਘੀਆਂ ਜਿਨ੍ਹਾਂ ਵਿਚੋਂ ਇਕ ਰਾਣੇ ਦੇ ਪਿੰਡ ਦੀ ਵੀਰੋ ਸੀ ਤੇ ਦੂਜੀ ਉਸਦੀ ਕਿਸੇ ਹੋਰ ਪਿੰਡ ਤੋਂ ਸਹੇਲੀ ਸੀ। ਥੋੜਾ ਜਿਹਾ ਦੂਰ ਜਾ ਕੇ ਵੀਰੋ ਨੇ ਦੂਜੀ ਕੁੜੀ ਨੂੰ ਮਲੂਕੜੇ ਜਿਹੇ ਆਖਿਆ, "ਹੂੰ! ਗਦਰੀ!" ਹੋਰ ਤਾਂ ਕਿਸੇ ਦਾ ਪਤਾ ਨਹੀ ਸੀ ਲੇਕਿਨ ਰਾਣੇ ਦੇ ਕੰਨਾਂ ਨੇ ਹਵਾ ਵਿਚ ਜਾਂਦੇ ਇਹ ਮਿਹਣੇ ਦੇ ਬੋਲ ਸੁਣ ਲਏ। ਪਿੰਡ ਵਿਚ ਰਾਣੇ ਕੇ ਟੱਬਰ ਦੀ ਅੱਲ ਗਦਰੀ ਸੀ। ਉਹਨਾਂ ਦੇ ਨਿਡਰ ਵੱਡੇ-ਵਡੇਰੇ ਗਦਰ ਲਹਿਰ ਵਿਚ ਦੇਸ਼ ਆਜਾਦ ਕਰਵਾਉਣ ਲਈ ਕੁੱਦੇ ਸਨ ਅਤੇ ਜਾਨਾਂ ਵੀ ਵਾਰੀਆਂ ਸਨ। ਪਰ ਮਾਹੌਲ ਖ਼ਰਾਬ ਹੋਣ ਕਰਕੇ ਜਦੋਂ ਰਾਣੇ ਨੇ ਆਪਣੇ ਜਮਾਤੀਆਂ ਦੇ ਕਹਿਣ ਤੇ ਵਾਲ ਕਟਵਾ ਦਿੱਤੇ ਸੀ ਤਾਂ ਪਿੰਡ ਵਾਲੇ ਉਸਨੂੰ ਡਰਾਕਲ ਕਹਿ-ਕਹਿ ਕੇ ਮਹਿਣੇ ਮਾਰਦੇ ਸਨ। ਭਾਵਂ ਕਿ ਰਾਣਾ ਕੇਸ ਕਤਲ ਕਰਵਾਉਣ ਦੇ ਹੱਕ ਵਿਚ ਨਹੀ ਸੀ ਤੇ ਜਿੱਦ ਕਰਕੇ ਕਾਫੀ ਚਿਰ ਅੜਿਆ ਰਿਹਾ ਸੀ।"ਉਏ!ਏਸੇ ਗੱਲ ਦਾ ਹਿਰਖ ਏ। ਪਹਿਲਾਂ ਕਾਲਿਜਾਂ ਵਾਲਾ ਸਾਰਾ ਪੜ੍ਹਿਆਂ-ਲਿਖਿਆਂ ਦਾ ਲਾਣਾ ਸਾਨੂੰ ਅਲਫਿਆਂ-ਬੀਟਿਆਂ,ਕਵਿਤਾ,ਕਹਾਣੀਆਂ ਵਿਚ ਧੱਕੀ ਜਾਂਦਾ ਤੇ ਫਿਰ ਯੂਨੀਵਰਸਿਟੀਆਂ ਵਾਲੇ ਹੀਰਾਂ, ਸੱਸੀਆਂ, ਮਹੀਂਵਾਲਾਂ,ਰਾਂਝਿਆਂ ਦੇ ਵਾਦਾਂ-ਵਿਵਾਦਾਂ ਤੇ ਖੋਜ ਕਰਵਾ-ਕਰਵਾ ਕੇ ਸਾਡੀ ਮੱਤ ਮਾਰੀ ਜਾਂਦੇ।" ਰਾਣੇ ਦੀ ਆਵਾਜ ਵਿਚ ਰੋਸ ਤੇ ਚਿਹਰੇ ਤੇ ਨਿਰਾਸ਼ਾ ਸੀ।" ਕੀ ਬੁਝਾਰਤਾਂ ਪਾਈ ਜਾਨਾ? ਸਿੱਧੀ ਗੱਲ ਦੱਸ!" ਵਿਸਾਖਾ ਫਿਰ ਵਿਚੋਂ ਹੀ ਬੋਲ ਪਿਆ।" ਤਹਾਨੂੰ ਮੇਰੀਆਂ ਬੁਝਾਰਤਾਂ ਰਾਤ ਲੰਘਣ ਤੋਂ ਬਾਦ ਹੀ ਸਮਝ ਆਉਣੀਆਂ।ਮੈਨੂੰ ਤਾਂ ਲਗਦਾ ਤੁਸੀਂ ਇਹ ਸਭ ਜਾਣਬੁਝ ਕੇ ਸਮਝਣਾ ਹੀ ਨਹੀ ਚਾਹੁੰਦੇ। ਕੀ ਅਸੀਂ ਮੋਕੇ ਤੇ ਵਾਪਰਦੀਆਂ ਘਟਨਾਂਵਾਂ ਦੀ ਹਕੀਕਤ ਨੂੰ ਦਿਲ ਦਿਮਾਗ ਬੰਦ ਕਰਕੇ ਨਹੀ ਵੇਖਦੇ? ਕੀ ਸਾਡਾ ਸਭਿਆਚਾਰ ਬਸ ਇਹਨਾ ਕਿੱਸਿਆਂ-ਕਹਾਣੀਆਂ ਤੱਕ ਹੀ ਸੀਮਤ ਨਹੀ ਹੋਈ ਜਾ ਰਿਹਾ? ਕੀ ਇਹਨਾਂ ਚੋਟੀ ਦੇ ਵਿਦਵਾਨਾਂ ਨੇ ਸਿਰਫ ਡਾਕਟਰ, ਇੰਨਜੀਨੀਅਰ ਜਾਂ ਫਿਰ ਹੀਰ-ਰਾਂਝੇ ਹੀ ਪੈਦਾ ਕਰਨੇ ਹਨ? ਕੀ ਨਲੂਏ ਵਰਗੇ ਜਰਨੈਲ ਤੇ ਸ਼ਾਮ ਸਿੰਘ ਅਟਾਰੀ ਵਰਗੇ ਯੋਧੇ ਬਣਾਉਣ ਲਈ ਸਾਨੂੰ ਨੋਜਵਾਨ ਪੀੜੀ ਨੂੰ ਇਹਨਾਂ ਅਦਾਰਿਆਂ ਤੋਂ ਦੂਰ ਰੱਖਣਾ ਪਊ? ਜੇ ਇਹਨਾਂ ਪੜ੍ਹਿਆਂ-ਲਿਖਿਆਂ ਦੀ ਕਲਮ ਸਹੀ ਚਲਦੀ ਹੁੰਦੀ ਤਾਂ ਕਈ ਕੁਝ ਬਚਾਇਆ ਜਾ ਸਕਦਾ ਸੀ ਅਤੇ ਹੋਰ ਕਿੰਨਾ ਕੁਝ ਹੋਣੋ ਹਾਲੇ ਵੀ ਰੋਕਿਆ ਜਾ ਸਕਦਾ।ਸੋਚੋ ! ਜੇ ਦਾਤੀਆਂ, ਰੰਭੀਆਂ, ਕਹੀਆਂ ਬਣਾਉਣ ਵਾਲਾ ਲੁਹਾਰ ਡਰਦਾ ਮਾਰਾ ਇਹ ਸੋਚਣ ਲੱਗ ਪਵੇ ਕੇ ਅੱਗ ਵਾਂਗ ਗਰਮ ਹੋਇਆ ਲੋਹਾ ਕਿਤੇ ਅੰਗ-ਪੈਰ ਨੂੰ ਲੱਗ ਗਿਆ ਤਾਂ ਸਾੜ ਦੇਊ ਫਿਰ ਗੰਦ ਦੀ ਸਫਾਈ ਵਾਲੇ ਸੰਦ ਬਣਨੇ ਬੰਦ। ਕੀ ਸਿਖਿਆ ਆਪਾਂ ਤਿੰਨ ਸਾਲਾਂ ਵਿਚ ਕਾਲਜ ਵਿਚ ਬੀ.ਏ.ਕਰਕੇ ?"  ਰਾਣੇ ਨੇ ਸਾਰਿਆਂ ਵੱਲ ਸਵਾਲੀਆ ਲਹਿਜੇ 'ਚ ਵੇਖਦਿਆਂ ਪੁੱਛਿਆ।" ਇਹੋ ਬਈ ਸਮੇਂ ਦੇ ਹਾਣੀ ਬਣਕੇ ਰਹਿਣਾ ਹੀ ਪੜ੍ਹਿਆਂ-ਲਿਖਿਆਂ ਦੀ ਪਛਾਣ ਆ।" ਮੋਢੇ ਜਿਹੇ ਚੜਾਉਦਿਆਂ ਜਿੰਦੀ ਨੇ ਮਸ਼ਕਰੀ ਜਿਹੀ ਕਰਦਿਆਂ ਜਵਾਬ ਦਿੱਤਾ। ਹਾਲਾਂ ਕਿ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਕੇ ਰਾਣੇ ਦੇ ਸਵਾਲ ਬੜੀ ਹੀ ਡੂੰਗੀ ਸੋਚ 'ਚੋ ਨਿਕਲੇ ਸੀ ਤੇ ਜਿੰਦੀ ਦੀ ਮਸਕਰੀ ਨੇ ਰਾਣੇ ਨੂੰ ਹੋਰ ਤੱਤਾ ਕਰ ਦੇਣਾ। ਉਹ ਤਾਂ ਚਾਹੁੰਦੇ ਸੀ ਕੇ ਇਹ ਟੋਪਕ ਕਮ-ਸੇ-ਕਮ ਅੱਜ ਰਾਣਾ ਨਾ ਹੀ ਛੇੜੇ। ਇਸ ਲਈ ਸਾਰਿਆਂ ਨੇ ਮੂੰਹ ਤੇ ਉਂਗਲਾਂ ਰੱਖ ਜਿੰਦੀ ਨੂੰ ਚੁੱਪ ਰਹਿਣ ਦਾ ਇਸ਼ਾਰਾ ਵੀ ਕੀਤਾ।" ਗੱਲ ਤੇਰੀ ਪੱਕੀ ਆ ਜਿੰਦੀ ! ਤਾਂਹੀਉਂ ਤਾਂ ਜੰਮਣ ਤੋਂ ਲੈ ਕੇ ਬੀ.ਏ. ਸੈਕਿੰਡ ਈਅਰ ਤੱਕ ਅਸੀਂ ਨੀਲੀਆਂ-ਖੱਟੀਆਂ ਬੰਨਦੇ ਰਹੇ ਤੇ ਪਿਛਲੇ ਸਾਲ ਦੀਆਂ ਸਾਰਿਆਂ ਨੇ ਪੈਂਟਾਂ ਦੀਆਂ ਪਿਛਲੀਆਂ ਜੇਬਾਂ ਵਿਚ ਕੰਘੀਆਂ ੜਾ ਲਈਆਂ। ਮੈਂ ਦੱਸਦਾਂ ਤਹਾਨੂੰ ਕੀ ਸਿਖਿਆ ਆਪਾਂ,'ਹੁਣ ਆਪਾਂ ਨੂੰ ਇਤਿਹਾਸ ਪੜ੍ਹਕੇ ਇਹ ਪਤਾ ਲੱਗ ਗਿਆ ਕੇ ਵੱਖ-ਵੱਖ ਸਮਿਆਂ ਵਿਚ ਸੱਤਾ ਪਰਿਵਰਤਨ ਲਈ ਲੜਾਈ ਕਦੋਂ ਤੇ ਕਿੱਥੇ ਹੋਈ।

ਵਿਗਿਆਨ ਨੇ ਸਾਨੂੰ ਦੱਸਿਆ ਕੇ ਧਰਤੀ ਸੂਰਜ ਦੁਆਲੇ ਘੁੰਮਦੀ,ਮਨੁੱਖ ਚੰਦਰਮਾ ਤੇ ਕਿਵੇਂ ਪਹੁੰਚਿਆ,ਦਵਾਈਆਂ ਕਿਸਤੋਂ ਬਣਦੀਆਂ।ਸਾਹਿਤ ਪੜਿਆ ਤਾਂ ਜਾਣਿਆ ਕਿ ਕਿਸੇ ਕਵਿਤਾ ਕਹਾਣੀ ਨੂੰ ਕਲਮਬੰਦ ਕਰਨ ਵੇਲੇ ਲੇਖਕ ਉਤੇ ਮਾਰਕਸ, ਫਰਾਇਡ, ਰੁਮਾਂਸ, ਯਥਾਰਥ, ਆਧੁਨਿਕਤਾ ਦਾ ਪ੍ਰਭਾਵ ਹੁੰਦਾ।' ਇਹ ਇਸ਼ਕ-ਮੁਸ਼ਕ ਦੀਆਂ ਪੜਾਈਆਂ ਜਾਂ ਖੋਜਾਂ ਕਰ-ਕਰ ਵੱਡੀਆਂ ਕਿਤਾਬਾਂ ਲਿਖਣ ਦਾ ਸਾਨੂੰ ਫਾਇਦਾ ਕੀ?ਅਸੀਂ ਐਸੀ ਪੜਾਈ ਕੋਲੋਂ ਦਾਣੇ ਲੈਣੇ, ਜੇ ਅਸੀਂ ਕਿਸੇ ਗਰੀਬ ਦੀ ਧੀ ਦੀ ਪੱਤ ਰੋਲਣ ਵਾਲੇ ਨੂੰ ਸਿਰਫ ਇਸ ਕਰਕੇ ਸਬਕ ਨਹੀ ਸਿਖਾ ਸਕਦੇ ਕੇ ਕਾਨੂੰਨ ਹੱਥ ਵਿਚ ਲੈਣਾ ਜੁਰਮ ਹੈ ਜਾਂ ਫਿਰ ਪੁਲਿਸ ਦਾ ਵੱਡਾ ਅਫਸਰ ਉਸਦਾ ਰਿਸ਼ਤੇਦਾਰ ਏ। ਅਫਸਰਸ਼ਾਹੀ ਦੇ ਹੱਥੀਂ ਚੜਿਆ ਕਾਨੂੰਨ ਜੇ ਅੱਖਾਂ ਮੀਟ ਲਵੇ ਤਾਂ ਦੱਸੋ ? ਉਹਨਾਂ ਪੜ੍ਹੇ-ਲਿਖਿਆਂ, ਚੋਟੀ ਦੇ ਵਿਦਵਾਨਾਂ, ਸਮੇਂ ਦੇ ਹਾਣੀਆਂ ਦਾ ਕੀ ਕਰੀਏ? ਜਿਹੜੇ ਆਪ ਜਾਂ ਜਿਨ੍ਹਾਂ ਦੀ ਕਲਮ ਮੌਨ ਧਾਰ ਲੈਂਦੀ ਆ?" ਰਾਣੇ ਦੀ ਕਹੀ ਇਸ ਗੱਲ ਨਾਲ ਉਸਦਾ ਸਾਹ ਵੀ ਤੇਜ ਹੋ ਗਿਆ ਤੇ ਚਿਹਰੇ ਦਾ ਰੰਗ ਵੀ ਲਾਲ ਹੋ ਗਿਆ। ਇਸ ਕਰਕੇ ਕੱਲਾ ਜਿੰਦੀ ਹੀ ਨਹੀ ਸਾਰੇ ਚੁੱਪ ਹੋ ਗਏ ਤੇ ਨੀਂਵੀਂ ਪਾ ਲਈ।ਦੋ ਘੜੀਆਂ ਬਾਕੀਆਂ ਨਾਲ ਚੁੱਪ ਬੈਠਾ ਭੁੱਲਰ ਗੁੱਸੇ 'ਚ ਬੋਲਿਆ"ਐਵੇਂ ਲੋਹਾ-ਲਾਖਾ ਨਾ ਹੋਈ ਜਾਹ। ਵੱਡਿਆ ਧਰਮੀਆਂ! ਨੀਲੀਆਂ-ਖੱਟੀਆਂ ਬੰਨ ਲੈਣ ਨਾਲ ਤੁਸੀਂ ਚੰਗੇ ਤਾਂ ਨਹੀ ਬਣ ਜਾਂਦੇ? ਕੰਮ ਚੰਗੇ ਕਰਨੇ ਪੈਂਦੇ।ਪੈਂਟਾਂ ਦੀਆਂ ਮਗਰਲੀਆਂ ਜੇਬਾਂ ਵਿਚ ਕੰਘੀਆਂ ਅੜਾਈਆਂ ਸੀ, ਤਾਂਹੀ ਤਾਂ ਬੈਠੇ ਆਂ ਏਥੇ ।ਨਹੀ ਤਾਂ ਬਾਕੀਆਂ ਵਾਂਗ ਸਾਡੀ ਵੀ ਦੱਸ-ਧੁੱਖ ਨਹੀ ਸੀ ਨਿਕਲਣ ਦੇਣੀ ਅਗਲਿਆਂ ਨੇ। ਇਹਨਾ ਝਮੇਲਿਆਂ ਵਿਚ ਕਿਉਂ ਪੈਣਾ ਆਪਾਂ? ਸਾਡਾ ਮਕਸਦ ਭਰਾਵਾ ਨੋਕਰੀ ਲੈਣਾ ਹੈ! ਭਾਵੇਂ ਉਹ ਵਿਗਿਆਨ ਦੀ ਖੋਜ ਕਰਕੇ ਮਿਲਦੀ ਹੈ ਜਾਂ ਫਿਰ ਮਾਰਕਸਵਾਦ ਦੀਆਂ ਪਰਤਾਂ ਫਰੋਲ ਕੇ। ਇਸ ਲਈ ਭਾਵੇਂ ਜਮਾਂ-ਘਟਾਉ ਕਰਨੀ ਪਵੇ ਤੇ ਜਾਂ ਫਿਰ ਹੀਰਾਂ-ਰਾਂਝਿਆਂ ਦੀਆਂ ਕਬਰਾਂ ਫਰੋਲੀਣੀਆਂ ਪੈਣ। ਜੀਉਂਦੇ-ਜਾਗਦਿਆਂ ਲਈ ਸਮੇਂ ਦੇ ਨਾਲ ਚਲਦੇ ਰਹਿਣਾ ਹੀ ਠੀਕ ਹੁੰਦਾ! ਖਲੋਤਾ ਤਾਂ ਪਾਣੀ ਵੀ ਗੰਦਾ ਹੋ ਜਾਂਦਾ!" "ਸਮੇਂ ਦਾ ਹਾਣੀ ਬਣਨ ਦਾ ਏਹੋ ਫਾਇਦਾ ਤਾਂ ਹੈ ਕਿ ਬੰਦਾ ਮਰ ਕੇ ਲਾਸ਼ ਨਹੀ ਬਣਦਾ ਉਹਨਾ ਸੱਤਾਂ ਦੀ ਤਰ੍ਹਾਂ। ਲੇਕਿਨ ਜਿਊਂਦੀ ਲਾਸ਼ ਬਣਕੇ ਤੁਰਿਆ ਜਰੂਰ ਫਿਰਦਾ ਸਾਡੇ ਵਾਂਗ ਅਤੇ ਭਰਮ ਇਹ ਪਾਲੀ ਰੱਖਦਾ ਕਿ ਮੇਰੀ ਪੁਜ਼ੀਸ਼ਨ ਲੜਾਈ ਵਿਚ ਨਿਊਟਲ ਹੈ, ਜਿਵੇਂ ਕੇ ਪੜ੍ਹੇ-ਲਿਖੇ ਵਿਦਵਾਨ ਕਹਿੰਦੇ ਆ। ਜੇ ਮਕਸਦ ਨੋਕਰੀ ਲੈਣਾ ਹੀ ਰਹਿ ਗਿਆ ਫਿਰ ਤਾਂ ਸਾਨੂੰ ਕੱਲ ਨੂੰ ਕੋਈ ਕਹੇ ਕੇ…… " , ਆਖਦਿਆਂ ਰਾਣੇ ਨੇ ਸਾਰਿਆਂ ਵੱਲ ਰੋਹ ਭਰੀਆਂ ਅੱਖਾਂ ਨਾਲ ਤੱਕਿਆ। ਸ਼ਾਇਦ ਉਹ ਏਹੋ ਹੀ ਸੋਚ ਕੇ ਆਇਆ ਸੀ ਕੇ ਅੱਜ ਇਸ ਮੁੱਦੇ 'ਤੇ ਬਹਿਸ ਛਿੜ ਕੇ ਏਥਂੋ ਤੱਕ ਪਹੁੰਚ ਜਾਵੇ ਕੇ ਪਿਛਲੇ ਇਕ ਸਾਲ ਤੋਂ ਉਸਦੇ ਅੰਦਰ ਬਲ਼ਦੀ ਚੰਗਿਆੜੀ ਦਾ ਲਾਬੂੰ ਬਣਕੇ ਕਿਸੇ ਦੁਸ਼ਟ ਨੂੰ ਸਾੜ ਦੇਵੇ।" "ਕੀ ਮਤਲਬ ਤੇਰਾ? ਸਾਡੇ ਵਾਂਗ? ਅੱਜ ਆਪਣਾ ਕਲਾਸ ਦਾ ਆਖਰੀ ਦਿਨ ਆ ਤੇ ਤੇਰੀ ਸੂਈ ਉਥੇ ਹੀ ਅੜੀ। ਪੁਰਾਣੇ ਜ਼ਖ਼ਮ ਛੇੜ ਕੇ ਕੀ ਮਿਲਦਾ ਤੈਨੂੰ?  ਪ੍ਰਸ਼ਾਸਨ ਹੈਗਾ ਨਾ ਲੋਕਾਂ ਦੇ ਭਲੇ ਵਾਸਤੇ।ਫਿਰ ਅਸੀ ਕਿਉਂ ਕਾਲੇ ਨਾਗ ਨੂੰ ਹੱਥ ਲਾਈਏ। ਇਹ ਵੀ ਸਾਨੂੰ ਪੜਾਈ ਨੇ ਸਿਖਿਆਇਆ ਕੇ ਕਾਨੂੰਨ ਨੂੰ ਹੱਥ ਵਿਚ ਨਹੀ ਲੈਣਾ। ਤੂੰ ਹੀ ਦੱਸ? ਵਧੀਆ ਡਿਗਰੀਆਂ ਲੈ ਕੇ ਰੁਜਗਾਰ 'ਤੇ ਲੱਗਣਾ ਅਤੇ ਟੱਬਰ ਪਾਲਣਾ ਧਰਮ ਨਹੀ?ਦੋ ਧਿਰਾਂ ਦੀ ਲੜਾਈ ਵਿਚ ਜਦੋਂ ਸਾਨੂੰ ਇਹ ਹੀ ਨਹੀ ਪਤਾ ਕੇ ਕੋਣ ਸਹੀ ਤੇ ਕਿਹੜਾ ਗਲਤ ਹੈ ਤਾਂ ਕਿਉਂ ਐਂਵੇ ਰੁੱਕ ਕੇ ਬਲ਼ਾ ਮੁੱਲ ਲਈਏ? ਕੀ ਦੋ ਜਾਣਿਆਂ ਦੀ ਲੜਾਈ ਕੋਲੋਂ ਚੁੱਪ-ਚਾਪ ਲੰਘ ਜਾਣਾ ਦੋਸ਼ ਹੈ? ਨਿਊਟਲ ਰਹਿਣ ਵਿਚ ਹਰਜ ਕੀ ਏ?ਸਾਨੂੰ ਤਾਂ ਸਗੋਂ ਮਾਣ ਹੋਣਾ ਚਾਹੀਦਾ ਬਈ ਅਸੀਂ ਦੋਹਾਂ ਧਿਰਾਂ ਵੱਲੋਂ ਕਿਸੇ ਦੀ ਸਾਇਡ ਨਹੀ ਲਈ। ਊਂ! ਸਾਡੇ ਮਾਪੇ ਵੀ ਤਾਂ ਏਹੋ ਚਾਹੁੰਦੇ ਕਿ ਧੀਆਂ-ਪੁੱਤ ਪੜ੍ਹਨ-ਲਿਖਣ ਨਾਲ ਵਾਸਤਾ ਰੱਖਣ।ਬਾਕੀ ਰੱਬ ਦੇਖਦਾ ਚੰਗਾ-ਮੰਦਾ। ਹਥਿਆਰ ਚੁੱਕ ਲੈਣ ਨਾਲ ਮਸਲੇ ਹੱਲ ਨਹੀ ਹੁੰਦੇ ਸਗੋਂ ਵਿਗੜਦੇ ਆ ।ਇਸੇ ਕੰਮ ਲਈ ਤਾਂ ਕਾਨੂੰਨ ਬਣਿਆ ਬਈ ਕਿਸੇ ਗਰੀਬ ਦੀ ਲੁੱਟ ਨਾ ਹੋਵੇ।" ਜੱਟ ਦੀਆਂ ਰਾਣੇ ਨੂੰ ਕਹੀਆਂ ਇਹਨਾ ਗੱਲਾਂ ਨੇ ਦੂਜਿਆਂ ਨੂੰ ਸੰਤੁਸ਼ਟੀ ਦਾ ਅਹਿਸਾਸ ਕਰਵਾਇਆ। ਪਰ ਰਾਣੇ ਦੀ ਹਵਾ ਵਿਚ ਦੋ ਤਾੜੀਆਂ ਮਾਰਕੇ ਅਫਸੋਸ ਵਿਚ ਸਿਰ ਹਿਲਾਉਂਦਿਆਂ ਗਾੜਲੀ ਕਹੀ ਜਾਣ ਵਾਲੀ ਗੱਲ ਦਾ ਜਵਾਬ ਕਿਸੇ ਕੋਲ ਨਹੀ ਸੀ,"ਵਾਹ ! ਉ ਤੇਰੇ! ਬੀ.ਏ. ਪਾਸ ਦੇ। ਆ ਬਰਾਤ ਤਾਂ ਫਿਰ ਗਿਆਰਾਂ ਬੰਦਿਆਂ ਤੋਂ ਢਾਈ ਸੌ ਹੋ ਗਈ ਆ ਫਿਰ ਤੇ ਦਾਜ ਦੀ ਟਰਾਲੀਆਂ ਭਰ-ਭਰ ਆਉਣ ਲੱਗ ਪਈਆ। ਕੀ ਇਹ ਲੁੱਟ ਨਹੀ? ਕੀ ਕਰਦਾ ਕਾਨੂੰਨ? ਜਿਹੜੇ ਸੱਤ ਸਾਡੀ ਜਮਾਤ ਵਿਚੋਂ ਕੱਢ ਕੇ ਮਾਰੇ ਕੀ ਕਸੂਰ ਸੀ ਉਹਨਾ ਦਾ?  ਬਸ ਇਨਾ ਕੇ ਗਰੀਬ ਘਰਾਂ ਦੀਆਂ ਪੜਨ ਆਉਂਦੀਆਂ ਕੁੜੀਆਂ ਦੀ ਰਾਹੇ-ਬਰਾਹੇ ਚੁੰਨੀ ਖਿੱਚਣ ਵਾਲੇ ਨੂੰ ਰੋਕਿਆ ਸੀ।ਉਹਨਾ ਸੱਤਾਂ ਨੂੰ ਚੁਕਵਾਉਣ ਵਾਲਾ ਵੀ ਏਥੇ ਹੀ ਚੁੰਨੀਆਂ ਖਿਚਦਾ ਫਿਰਦਾ ਤੇ ਮਰਵਾਉਣ ਵਾਲਾ ਵੀ ਜਿਲ੍ਹੇ ਦਾ ਮਾਲਕ ਬਣ ਗਿਆ।ਉਹ ਸੱਤ ਵੀ ਤਾਂ ਧਰਮ ਪਾਲਣ ਆਏ ਸੀ ਪੜ੍ਹ-ਲਿਖ ਕੇ?ਦੂਜੀ ਗੱਲ ਲੜਾਈ ਦੀ।ਜਦੋਂ ਲੜਾਈ ਸਹੀ-ਗਲਤ ਦੇ ਨਾਲ-ਨਾਲ, ਤਕੜੇ-ਮਾੜੇ ਦੀ ਵੀ ਹੋਵੇ ਅਤੇ ਆਪਣੇ ਵਰਗਾ ਨੇੜਿਉਂ ਇਹ ਕਹਿ ਕੇ ਪੱਲਾ ਝਾੜ ਜਾਵੇ , ਕੇ ਮੈ ਦੋਵਾਂ ਵਿਚੋਂ ਕਿਸੇ ਵੱਲ ਨਹੀ, ਗੱਲ ਹਾਸੋ-ਹੀਣੀ ਜਿਹੀ ਨਹੀ ਲੱਗਦੀ? ਕੀ ਸਾਨੂੰ ਪਤਾ ਨਹੀ ਕਿਹੜੇ ਕੰਜਰ ਨੇ ਉਹਨਾ ਨੂੰ ਕਾਲਜੋਂ ਚੁੱਕਵਾਇਆ ਤੇ ਮਰਵਾਇਆ? ਜਾਂ ਫਿਰ ਤੁਸੀ ਇਸ ਗੱਲ ਤੋਂ ਘੇਸ਼ਲ ਵੱਟ ਰਹੇ ਹੋ ਕੇ। ਉ ਕੰਜਰ ! ਦੀਆਂ ਕਰਤੂਤਾਂ ਹੋਰ ਵੀ ਵੱਧ ਗਈਆਂ ਹਨ।ਸ਼ਰਮ ਕਰੋ! ਆਪਣੇ ਸਾਰਿਆਂ ਨਾਲੋਂ ਤਾਂ ਉਸ ਕੰਜਰ ਦਾ ਪਿਉ ਚੰਗਾ ਸੀ। ਜਿਸਨੇ ਥਾਣੇਦਾਰ ਦੀ ਨੋਕਰੀ ਕਰਦੇ ਹੋਏ ਵੀ ਉਸਨੂੰ ਬੇਦਖਲ ਕਰਕੇ ਨਾਤਾ ਤੋੜ ਲਿਆ ਸੀ ਅਤੇ ਆਪਣੇ ਡੀ.ਐਸ.ਪੀ. ਸਾਲੇ ਨਾਲ ਵੀ ਬੋਲ-ਚਾਲ ਬੰਦ ਕੀਤਾ ਹੋਇਆ। ਜੇ ਉਹ ਵੀ ਆਪਣੇ ਸਾਲੇ ਵਾਲੇ ਰਾਹ ਪਿਆ ਹੁੰਦਾ ਤਾਂ ਤਰੱਕੀ ਮਿਲਦੀ ਸੀ।ਪਰ ਜਿੰਨ੍ਹਾਂ ਦੀ ਜਮੀਰ ਜਾਗਦੀ ਉਹ ਚੌਦਰਾਂ ਨਹੀ ਭਾਲਦੇ।ਉਹਨੂੰ ਪਤਾ ਲੱਗ ਗਿਆ ਸੀ ਕਿ ਇਕ ਪਾਸੇ ਕਾਲਜ ਵਿਚ ਪ੍ਰਧਾਨਗੀ ਲੈਣ ਲਈ ਅਤੇ ਮਨ ਆਈਆਂ ਕਰਨ ਲਈ ਉਹਦਾ ਮੁੰਡਾ ਆਪਣੇ ਮਾਮੇ ਦੇ ਸਿਰਤੇ ਮੱਛਰਿਆ ਫਿਰਦਾ। ਤੇ ਦੂਜੇ ਪਾਸੇ ਉਹਦਾ ਸਾਲਾ ਪੰਜਾਬ ਦੀ ਜੁਆਨੀ ਨੂੰ ਮਿੱਧ-ਮਿੱਧ ਕੇ ਤ੍ਰੱਕੀਆਂ ਲੈਣ ਦੇ ਰਾਹ ਤੇ ਤੁਰ ਪਿਆ ਸੀ।" " ਤੇ ਫਿਰ ਅਸੀਂ ਦੱਸ ਕੀ ਫਾਹ ਲੈ ਲਈਏ?ਜਿਹੜਾ ਆਪਣੇ ਪਿਉ ਦੀ ਨਹੀ ਸੁਣਦਾ ਦੂਜਿਆਂ ਤੇ ਕੀ ਭਲੀ ਗੁਜਾਰੂ। ਜੇ ਤੂੰ ਚਾਹੁੰਦਾ ਬਈ ਆਪਾਂ ਉਹਦੇ ਹੰਕਾਰ ਦੀ ਸਿਰੀ ਭੰਨੀਏ? ਤਾਂ ਇਹ ਕੰਮ ਮੌਤ ਨੂੰ ਮਾਸੀ ਕਹਿਣ ਵਾਲਾ। ਤੂੰ ਇਹ ਕਿਉਂ ਭੁੱਲ ਜਾਨਾ ਵੀ ਜਿਹੜੇ-ਜਿਹੜੇ ਨੇ ਵੀ ਉਹਦੇ ਖ਼ਿਲਾਫ਼ ਦਰਖ਼ਾਸ ਦਿੱਤੀ ਸੀ ਅੱਜ ਤਾਈਂ ਅੰਦਰ ਵਾ, ਤੇ ਉੱਤੋਂ ਜਮਾਨਤਾਂ ਵੀ ਜਬਤ। ਉਸਨੂੰ ਹੱਥ ਲਾਉਣਾ ਤਾਂ ਦੂਰ ਦੀ ਗੱਲ ਅੱਖਾਂ 'ਚ ਅੱਖਾਂ ਪਾ ਕੇ ਘੂਰ ਵੀ ਨਹੀ ਸਕਦੇ।ਡੱਬ ਵਿਚ ਪਸਤੌਲ ਰੱਖਦਾ ਹਰ ਘੜੀ ਉ।" ਜੱਟ ਦੇ ਇਹਨਾ ਬੋਲਾਂ ਵਿੱਚ ਡਰ ਦੇ ਨਾਲ -ਨਾਲ ਰਾਣੇ ਦਾ ਫਿਕਰ ਵੀ ਸੀ।

ਉਹ ਜਾਣਦਾ ਸੀ ਕੇ ਉਸਦੇ ਭਰਾ ਦੇ ਜਿਗਰੀ ਯਾਰ ਰਾਣੇ ਵਿਚ ਗਦਰੀਆਂ ਦਾ ਖੂਨ ਉਬਾਲ਼ੇ ਮਾਰਦਾ ਪਿਆ ਹੈ।ਉਹਨੂੰ ਪਤਾ ਸੀ ਕਿ ਰਾਣੇ ਨੇ ਆਪਣੀ ਬੇਬੇ ਕੋਲੋਂ ਲੋਰੀਆਂ ਘੱਟ ਤੇ ਦਾਦਿਆਂ-ਪੜਦਾਦਿਆਂ ਦੀਆਂ ਹੋਈਆਂ ਦੇਸ਼ ਲਈ ਸ਼ਹੀਦੀਆਂ ਦੇ ਕਿੱਸੇ ਜਿਆਦਾ ਸੁਣੇ ਸੀ।ਏਸੇ ਲਈ ਉਹ ਰਾਣੇ ਨੂੰ ਹਰ ਹੀਲਾ ਕਰਕੇ ਰੋਕਣਾ ਚਾਹੁੰਦਾ ਸੀ। "ਫਾਹ ਲੈਣ ਦੀ ਗੱਲ ਜ਼ਿੰਦਗੀ ਤੋਂ ਹਾਰੇ ਹੋਏ ਲੋਕ ਹੀ ਕਰਦੇ ਜੱਟਾ! ਯਾਰ! ਐਨੇ ਡਰਦੇ ਜੁ ਤੁਸੀ! ਦੁਰ ਫਿੱਟੇ ਮੂੰਹ ਤੁਹਾਡੇ! ਰਾਜਾ ਟਾਉਟ ਹਰਾਮਦਾ ਤੇ ਉਹਦਾ ਡੀ. ਐਸ. ਪੀ ਮਾਮਾ ਬੁੱਚੜ ਆ।ਸੱਤ ਤਾਂ ਕੱਲੇ ਆਪਣੇ ਕਾਲਿਜ ਦੇ ਮੁੰਡੇ ਖਾ ਗਏ।ਜਿਨ੍ਹਾਂ ਦਾ ਕੋਈ ਪਤਾ-ਥਹੁ ਨਹੀ ਹੁਣ ਤੱਕ।ਬਾਹਰ ਵਾਲਿਆਂ ਦੀ ਤੁਸੀਂ ਗਿਣਤੀ ਛੱਡੋ।" ਰਾਣੇ ਨੇ ਜੱਟ ਵੱਲ ਜਰਾ ਗੁੱਸੇ ਨਾਲ ਵੇਖਦਿਆਂ ਕਿਹਾ।" ਪਰ ਇਹਦਾ ਪਿਉ ਤਾਂ ਬੜਾ ਸਾਊ ਬੰਦਾ ਯਾਰ!" ਜੱਟ ਨੇ ਹੁੰਗਾਰਾ -ਭਰਿਆ।"ਇਹ ਤਾਂ ਜਰੂਰੀ ਨਹੀ ਕੇ ਸਾਊ ਦਾ ਧੀ-ਪੁੱਤ ਵੀ ਸਾਊ ਹੀ ਹੋਵੇ।ਚੇਤੇ ਵਿਚ ਲਿਆਉ ਜਰਾ ਭਾਊ ਨੂੰ ਕਿਹੜਾ ਸਾਊ ਸੀ ਉਸ ਜਿੰਨਾ। ਉੱਚੀ-ਸੁੱਚੀ ਸੋਚ ਵਾਲਾ। ਹੀਰਾ ਸੀ ਯਾਰ ਆਪਣਾ। ਸੋਚੋ ਜਰਾ ਵਿਸਾਖੇ ਦਾ ਰਾਜਸਥਾਨ ਵਾਲਾ ਫੁੱਫੜ ਕੀ ਦੱਸਦਾ ਸੀ ਬੀ ਪੰਜਾਬੋਂ ਜਾਂਦੀਆਂ ਨਹਿਰਾਂ ਵਿਚ ਪੰਜ-ਛੇ ਮਹੀਨੇ ਮੁੱਛ-ਫੁੱਟ ਸਿੱਖ ਮੁੰਡਿਆਂ ਦੀਆਂ ਪੁਲਿਸ ਰੋਜ਼ ਦੀਆਂ ਪੰਜ-ਸੱਤ ਲਾਸ਼ਾਂ ਕੱਢਦੀ ਸੀ। ਸਾਡੇ ਕਾਲਜ ਵਾਲਿਆਂ ਸੱਤਾਂ ਵਿਚੋਂ ਕੇਵਲ ਪੰਜਾਂ ਦੇ ਹੀ ਫੁੱਲ ਚੁਗੇ ਗਏ ਸੀ। ਬਾਕੀ ਦੋ ਦਾ ਤਾਂ ਪਤਾ ਨਹੀ ਕੇ ਕਿਹੜੀਆਂ ਇੱਲਾਂ-ਮੱਛੀਆਂ ਦੀ ਖ਼ੁਰਾਕ ਬਣੇ ਹੋਣਗੇ। ਗੰਦਗੀ ਤਾਂ ਬਹੁਤ ਦੂਰ-ਦੂਰ ਤੱਕ ਹੈ। ਪਰ ਅਸੀਂ ਨੇੜਿਉਂ-ਨੇੜਿਉਂ ਤਾਂ ਸਫਾਈ ਕਰੀਏ। ਆਪਣੇ ਇਲਾਕੇ ਵਿੱਚ ਇਹਨਾਂ ਮਾਮੇ-ਭਾਣਜੇ ਨੇ ਬੜੀ ਅੱਤ ਚੁੱਕੀ ਆ।ਕਈ ਘਰ ਖਾ ਗਏ। ਰਾਜਾ ਪ੍ਰਧਾਨ ਪੰਦਰੀਂ ਦਿਨੀ ਮੋਟਰਸਾਈਕਲ ਬਦਲਦਾ ਕਿਥੋਂ ਆਉਂਦੇ ਇਹ।" ਰਾਣੇ ਨੇ ਸਾਰਿਆਂ ਤੇ ਸਵਾਲ ਕੀਤਾ।ਉਸਦਾ ਇਰਾਦਾ ਸੀ ਬਹਿਸ ਵਿੱਚੋ ਹੋਰ ਸਵਾਲ ਨਿਕਲਣ ਤੇ ਉਹ ਜਵਾਬ ਦੇਵੇ।ਉਹ ਚਾਹੁੰਦਾ ਸੀ ਕਿ ਉਸਦੇ ਯਾਰ-ਬੇਲੀ ਇਹ ਨਾ ਸੋਚਣ ਕੇ ਰਾਣਾ ਕਿਸੇ ਮਾੜੀ ਘਟਨਾ ਨੂੰ ਅੰਜਾਮ ਦੇਣ ਲਈ ਉਹਨਾਂ ਦਾ ਹੁੰਗਾਰਾ ਭਰਵਾ ਰਿਹਾ ਹੈ।ਬਹੁਤਿਆਂ ਨੂੰ ਪਤਾ ਤਾਂ ਸੀ ਕੇ ਰਾਣਾ ਸੱਚ ਕਹਿੰਦਾ ਹੈ ਅਤੇ ਉਸਦੀ ਲੜਾਈ ਪ੍ਰਸ਼ਾਸਨ ਨਾਲ ਨਹੀ ਬਲਕਿ ਉਥੇ ਬੈਠੇ ਕੇਵਲ ਗੰਦੇ ਲੋਕਾਂ ਨਾਲ ਸੀ। ਪਰ ਉਹਦੀ ਹਾਂ ਵਿਚ ਹਾਂ ਮਿਲਾਉਂਦਿਆਂ ਘਰਦਿਆਂ ਦਾ ਚੇਤਾ ਆ ਜਾਂਦਾ ਸੀ।“ ਜਰਾ ਸੋਚ ਕੇ ਦੇਖੋ ਜੇ ਸਾਡੇ ਵਿੱਚੋਂ ਕਿਸੇ ਦੇ ਭੈਣ-ਭਰਾ ਨੂੰ ਮਾੜੇ ਮਾਹੌਲ ਦੀ ਭੇਟ ਕਾਲਜ ਦੀ ਪ੍ਰਧਾਨਗੀ ਲਈ ਚਾੜਿਆ ਹੁੰਦਾ ਤਾਂ ਫਿਰ? ਕੋਈ ਸਾਡੀ ਧੀ-ਭੈਣ ਨੂੰ ਰਾਹ-ਗਲੀ ਤੰਗ ਕਰੇ ਤਾਂ ਅਸੀਂ ਪਹਿਲਾਂ ਕਾਨੂੰਨ ਦੇ ਆਉਣ ਦਾ ਇੰਤਜਾਰ ਕਰਾਂਗੇ ਜਾ ਫਿਰ ਏਹ ਵੇਖਾਂਗੇ ਕੇ ਉਸਦੀ ਪਹੁੰਚ ਕਿੰਨੀ ਕੁ ਹੈ?ਜਾਂ ਫਿਰ…." ਰਾਣੇ ਦੀ ਗੱਲ ਅਜੇ ਪੂਰੀ ਨਹੀ ਸੀ ਹੋਈ ਕੇ ਛਿੰਦਾ ਪੂਰੇ ਜੋਸ਼ ਨਾਲ ਕਚੀਚੀਆਂ ਲੈਂਦਾ ਵਿਚੋਂ ਹੀ ਬੋਲ ਪਿਆ,"ਤੁਹਾਡਾ ਤਾਂ ਮੈਨੂੰ ਪਤਾ ਨਹੀ। ਪਰ ਜਿਹੜਾ ਕੰਜਰ ਏਹੋ ਜਿਹੀ ਹਰਕਤ ਕਰੂ ਮੈਂ ਤਾਂ ਚੀਰ ਕੇ ਰੱਖ ਦੂੰ! ਐਨੇ ਟੋਟੇ ਕਰੂੰ ਕੇ ਗਿਣਤੀ ਕਰਨੀ ਔਖੀ ਹੋ ਜਾਊ।ਕਰਨਾ ਕੀ ਹੁਣ ਰਾਣਿਆ? ਤੂੰ ਦੱਸ! ਮੈਂ ਤੇਰੇ ਨਾਲ ਆਂ!ਭਾਂਡੇ 'ਚ ਵੜੇ ਇੰਗਲੈਡ।" ਇਹ ਸੁਣਕੇ ਜੱਟ,ਵਿਸਾਖੇ ਤੇ ਜੀਤੇ ਦੇ ਚਿਹਰਿਆਂ ਤੇ ਵੀ ਲਾਲੀ ਆ ਗਈ। ਹੁਣ ਰਾਣੇ ਦੇ ਚਿਹਰੇ ਤੇ ਖੁਸ਼ੀ ਦਾ ਆਲਮ ਤੇ ਮਨ ਨੂੰ ਤਸੱਲੀ ਸੀ।ਉਸ ਤੋਂ ਪਿੱਛੋਂ ਵਾਹਵਾ ਹਨੇਰੇ ਤੱਕ ਪਤਾ ਨਹੀ ਉਹ ਸਾਰੇ ਜਾਣੇ ਕੀ ਗੱਲਾਂ ਕਰਦੇ ਰਹੇ।

ਅਵਤਾਰ ਸਿੰਘ ਬਸਰਾ ਮੈਲਬੌਰਨ
ਮੋ: (61) 0478186307

 

31/12/2015

ਹੋਰ ਕਹਾਣੀਆਂ  >>    


 
  ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2015,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015,  5abi.com