WWW 5abi.com  ਸ਼ਬਦ ਭਾਲ

ਰੂਪ ਢਿੱਲੋਂ

   

         

ਕਾਂਡ


ਓਂਕਾਰ ਉਸਦਾ ਨਾਂ ਸੀ।

ਉਹ ਇਕ ਰਾਤ ਕੁਮਾਰ ਦੇ ਘਰ ਆਇਆ, ਜਿਵੇਂ ਕੋਈ ਪ੍ਰੇਤ ਆਵੇ ਹਵਾ ਵਾਂਗ ਘਰ ਦੇ ਬੂਹੇ ਵੱਲ ਵਗਦਾ। ਕੁਮਾਰ ਸਾਹਿਬ ਅਤਿਅੰਤ ਖ਼ੁਸ਼ ਸੀ ਉਸ ਨੂੰ ਮਿਲਕੇ, ਕਿਉਂਕਿ ਓਂਕਾਰ ਨੇ ਬਚਨ ਦਿੱਤਾ ਸੀ ਕਿ ਉਹ ਕੁਮਾਰ ਨੂੰ ਧਨਵਾਨ ਬਣਾਵੇਗਾ; ਬਹੁਤ ਪੈਸੇ ਮਿਲਣਗੇ, ਜੇ ਇਸ ਦੇ ਬਦਲੇ ਉਹ ਆਵਦੀ ਇਕ ਧੀ ਓਂਕਾਰ ਨੂੰ ਦੇਵੇ। ਸਿਰਫ਼ ਇਕ ਧੀ ਦੇਣੀ ਸੀ ਬੇਹੱਦ ਦੌਲਤ ਲਈ।ਇੰਝ ਤਾਂ ਹੈ ਨਹੀਂ, ਜਿਵੇਂ ਸੋਨੇ ਵਰਗਾ ਮੁੰਡਾ ਦੇਣਾ ਹੋਵੇ। ਕੁਮਾਰ ਕੋਲ ਤਿੰਨ ਬੇਟੀਆਂ ਸਨ, ਕੇਵਲ ਇਕ ਪੁੱਤਰ। ਸਗੋਂ ਸਿਰ ਦਰਦੀ ਘਟੂਗੀ। ਪੈਸੇ ਦੇ ਲਾਲਚ ਵਿਚ ਸੌਦਾ ਮਨਜ਼ੂਰ ਸੀ। ਓਂਕਾਰ ਨੇ ਦਾਜ ਮੰਗਣ ਦੀ ਥਾਂ ਆਪ ਦਾਜ ਦੇਣਾ ਸੀ! ਘਰ ਦੀ ਕੰਗਾਲੀ ਇਕ ਪਾਪ ਨਾਲ ਮਿਟ ਜਾਣੀ ਸੀ। ਸਾਨੂੰ ਸਭ ਨੂੰ ਹੀ ਪਤਾ, ਕਿ ਲਾਲਚ ਬੁਰੀ ਬਲਾ ਹੈ।ਇਵੇਂ ਤਾਂ ਹੈ ਨਹੀਂ ਕਿ ਕੁੜੀਆਂ ਮਾਂ-ਪਿਓ ਦੀ ਹਿਫਾਜਤ, ਜਾਂ ਆਸਰਾ ਦਿੰਦੀਆਂ ਜਿਵੇਂ ਮੁੰਡੇ ਦਿੰਦੇ ਹਨ। ਇੱਦਾਂ ਤਾ ਨਹੀਂ ਜਿਵੇਂ ਪੁੱਤਰ ਘਰ ਬੈਠੇ ਭੰਗ ਖਾਂਦੇ ਹੋਣ ਅਤੇ ਆਵਦੇ ਫਰਜ ਨੂੰ ਭੁੱਲੀ ਬੈਠੇ ਹੋਣ? ਮੁੰਡੇ ਕੰਮਚੋਰ? ਇਵੇਂ ਕਦੇ ਹੋ ਸਕਦਾ? ਕੁੜੀਆਂ ਤਾਂ ਅੇਵੇਂ ਹੁੰਦੀਆਂ ਹਨ, ਮੁੰਡੇ ਹਮੇਸ਼ਾਂ ਕਮਾਊ ਹੁੰਦੇ ਹਨ। ਨਾਲੇ ਇੰਨ੍ਹੇ ਅਮੀਰ ਆਦਮੀ ਨਾਲ ਤਾਂ ਕੁੜੀ ਸੁਖੀ ਹੀ ਰਵੇਗੀ?

ਜਦ ਦਰਵਾਜ਼ਾ ਖੜਕਿਆ, ਕੁਮਾਰ ਨੇ ਖ਼ੁਸ਼ੀ ਨਾਲ ਬੂਹਾ ਖੋਲ੍ਹ ਕੇ ਸਭ ਤੋਂ ਨਿੱਕੀ ਧੀ ਅੱਗੇ ਕਰ ਦਿੱਤੀ। ਸੌਦੇ ਦੇ ਵੇਰਵੇਚ ਸ਼ਾਦੀ ਦਾ ਸੁਆਲ ਹੀ ਨਹੀਂ ਸੀ। ਪਾਪੀ ਪੇਟ ਦਾ ਸਵਾਲ ਸੀ। ਦੁਨੀਆ ਵਿਚ ਕੋਈ ਪੁੱਤਰੀ ਨਾ ਰਹਿ ਜਾਵੇ ਪਰ ਬੇਅੰਤ ਛੜਿਆਂ ਦੀਆਂ ਫ਼ੌਜਾਂ ਤਾ ਹੋਣ! ਕੁਮਾਰ ਲਈ ਤਾਂ ਕੁੜੀ ਦਾ ਮੁੱਲ ਨਹੀਂ ਸੀ।ਲੜਕੀ ਤਾਂ ਮਾਂ-ਪਿਓ ਲਈ ਵਿਘਨ ਬੋਝ ਹੈ। ਇਸ ਸੋਚ ਨਾਲ ਕੁਮਾਰ ਨੇ ਆਵਦਾ ਮਨ ਹਲਕਾ ਪਹਿਲਾਂ ਹੀ ਕਰ ਲਿਆ ਸੀ।

ਉਂਝ ਮੁੰਡਾ ਤਾਂ ਸੱਤਵੀਂ ਵਾਰੀ ਮਿਲਿਆ। ਛੇ ਕੁੜੀਆਂ ਹੋਈਆਂ, ਪਰ ਤਿੰਨ ਕੁੱਖਚੋਂ ਨਿਕਲਦੀਆਂ ਮਾਰ ਦਿੱਤੀਆਂ। ਮੁੰਡਾ ਤਾਂ ਹਾਲੇ ਪੰਜ ਵਰ੍ਹਿਆਂ ਦਾ ਸੀ। ਵੀਹ ਸਾਲਾਂ ਲਈ ਕੁਮਾਰ ਦੀ ਕੋਸ਼ਿਸ਼ ਸੀ ਇਕ ਪੁੱਤਰ ਪੈਦਾ ਕਰਨ ਦੀ। ਪਰ ਰਬ ਤਾਂ ਕੁੜੀ ਉੱਤੇ ਕੁੜੀ ਹੀ ਭੇਜੀ ਗਿਆ! ਇਸ ਦੇ ਹੱਲ ਲਈ ਪੰਡਤ ਤੋਂ ਸਲਾਹ ਲਈ। ਭਗਵਾਨ ਤੈਨੂੰ ਮੁੰਡਾ ਦਊਗਾ ਜੇ ਤੂੰ ਨ੍ਹਾਉਂਗਾ ਨਹੀਂ। ਸ਼ੰਕਰ ਹੋਣ ਤਕ ਕੁਮਾਰ ਨ੍ਹਾਇਆ ਨਹੀਂ।

ਸਾਰੇ ਪਿੰਡ ਵਿਚ ਲੋਕ ਉਸਦਾ ਮਖੌਲ ਉਡਾਉਂਦੇ ਸੀ, ਪਰ ਉਸਨੂੰ ਕੋਈ ਪਰਵਾਹ ਨਹੀਂ ਸੀ। ਵਹੁਟੀ ਨੂੰ ਵੀ ਮਜ਼ਬੂਰੀ ਵੱਸ ਇਸ ਹਾਲ ਵਿਚ ਉਸਦਾ ਸਾਂਝੀਵਾਲ ਬਣਕੇ ਉਸਨੂੰ ਖ਼ੁਸ਼ ਰੱਖਣਾ ਪਿਆ ਸੀ। ਪੱਕਾ ਸੀ ਕਿ ਭਗਵਾਨ ਉਸਨੂੰ ਮੁੰਡਾ ਦੇਵੇਗਾ। ਵੱਡੀ ਕੁੜੀ ਦਾ ਨਾਂ ਵਿੱਦਿਆ ਸੀ। ਉਸ ਤੋਂ ਬਾਅਦ ਆਈ ਰੀਟਾ। ਰੀਟਾ ਹੋਣ ਤੋਂ ਬਾਅਦ ਪੰਡਤ ਨਾਲ ਗੱਲ ਹੋਈ। ਫਿਰ ਤੀਜੀ ਧੀ, ਸੀਮਾ ਹੋਈ। ਸੀਮਾ ਕਿਸਮਤ ਵਾਲੀ ਸੀ ਕਿਉਂਕਿ ਹਾਲੇ ਤੱਕ ਸਾਇੰਸ ਦਾ ਕਮਾਲ, ਇਲਮ ਦਾ ਸਭ ਤੋਂ ਵਡਾ ਅਜੂਬਾ, ਸਕੈਂਨਰ, ਚਮੋਲੀ, ਉੱਤਰਾਖਾਂਡ ਤੱਕ ਅੱਪਿੜਆ ਨਹੀਂ ਸੀ। ਇਸ ਦਾ ਜਾਦੂ ਸੀ ਕਿ ਜਨਮ ਤੋਂ ਪਹਿਲਾਂ ਕਾਕੀ ਦਾ ਪਤਾ ਲੱਗ ਜਾਂਦਾ ਸੀ। ਕਈ ਡਾਕਟਰ ਖ਼ੁਸ਼ ਸਨ ਪੈਸੇ ਲੈ ਕੇ ਭਰੂਣ ਦਾ ਕਤਲ ਕਰਨ ਲਈ। ਕੁਮਾਰ ਨੇ ਦੋਂ ਵਾਰੀ ਪੈਸੇ ਦੇ ਕੇ ਇਸ ਤਰ੍ਹਾਂ ਧੀਆਂ ਮਰਵਾਈਆਂ। ਇਕ ਨੂੰ ਉਨ੍ਹੇ ਖੁਦ ਗਲ਼ ਉੱਤੇ ਅੰਗੂਠਾ ਲਾ ਕੇ ਖਤਮ ਕਰ ਦਿੱਤਾ।

ਕੁਮਾਰ ਨੇ ਤਿੰਨਾਂ ਨੂੰ ਆਖਿਆ, ਕੌਣ ਓਂਕਾਰ ਨਾਲ ਵਿਆਹ ਕਰਨ ਲਈ ਤਿਆਰ ਸੀ। ਵਿੱਦਿਆ ਦੀ ਖ਼ਾਹਸ਼ ਸੀ ਪੈਸੇ ਵਾਲੇ ਨਾਲ ਫੇਰੇ ਲੈਣ ਦੀ ਪਰ ਇਸ ਤਰੀਕੇ ਨਾਲ ਨਹੀਂ ਅਤੇ ਉਸ ਨੇ ਸੁਣਿਆ ਓਂਕਾਰ ਤਾ ਬੁੱਢਾ ਸੀ। ਰੀਟਾ ਬਾਪੂ ਨੂੰ ਖ਼ੁਸ਼ ਕਰਨ ਤੋਂ ਪਹਿਲਾ ਖੂਹਚ ਛਾਲ ਮਾਰਨ ਲਈ ਤਤਪਰ ਸੀ; ਉਸਨੇ ਕਿਹਾ ਸੀ ਬਿਲਕੁਲ ਨਹੀਂ!। ਕੁਮਾਰ ਕਾਵੜ ਗਿਆ, ਪਰ ਸੀਮਾ (ਜਿਸ ਨੂੰ ਪਿਤਾ ਨਾਲ ਬਹੁਤ ਡੂੰਘਾ ਪਿਆਰ ਸੀ, ਬਾਬਲ ਨੂੰ ਇਸ ਹਾਲ ਵਿਚ ਵੇਹ ਨਹੀਂ ਸੀ ਸਕਦੀ) ਨੇ ਬਾਪ ਨੂੰ ਇਸ਼ਾਰਾ ਦੇ ਦਿੱਤਾ ਸੀ ਕਿ ਵਿਆਹ ਕਬੂਲ ਸੀ। ਉਂਝ ਬਾਪ ਤਾਂ ਕੋਈ ਫਰਿਸ਼ਤਾ ਨਹੀਂ ਸੀ। ਇਕ ਵਾਰੀ ਧੀਆਂ ਦਾ ਬੋਜ ਘਟਾਉਣ ਲਈ ਉਨ੍ਹੇ ਸੀਮਾ ਨੂੰ ਜੰਗਲਚ ਛੱਡ ਦਿੱਤਾ ਸੀ। ਪਰ ਮਾਂ ਨੇ ਚੁਕ ਕੇ ਵਾਪਸ ਘਰ ਲਿਆਂਦੀ। ਇਸ ਲਈ ਜਦ ਕੁਮਾਰ ਨੇ ਵੇਖਿਆ ਸੀਮਾ ਨੇ ਰੋਸ ਨਹੀਂ ਸੀ ਦਿਖਾਇਆ, ਹੁਣ ਉਹਨੂੰ ਦਰ ਅੱਗੇ ਕਰਨਾ ਜ਼ਿਆਦਾ ਮੁਸ਼ਕਿਲ ਨਹੀਂ ਸੀ। ਮਾਂ ਨੂੰ ਤਾ ਦੁਖ ਲੱਗਿਆ, ਪਰ ਉਹ ਕੀ ਕਰ ਸਕਦੀ ਸੀ? ਉਸ ਨੂੰ ਤਾਂ ਆਵਦੀ ਬਾਲੜੀ ਨਾਲ ਪੇ੍ਰਮ ਸੀ। ਪਰ ਇਹ ਹੈ ਇੰਡਿਆ, ਅਤੇ ਇਸ ਇਕ ਪਾਪ ਨਾਲ ਵਿਦਿਆ ਅਤੇ ਰੀਟਾ ਦੀਆਂ ਸ਼ਾਦੀਆਂ ਹੋ ਸਕਦੀਆਂ ਸਨ। ਉਂਝ ਅੰਦਰੋਂ ਕਾਵੜ ਨਾਲ ਮਾਂ ਦੀ ਰੱਤ ਪਈ ਸੜਦੀ ਸੀ। ਓਂਕਾਰ ਨੂੰ ਵਹਿੰਦੀ ਮਾਂ ਪਿੱਛੇ ਹੋ ਗਈ, ਹੱਥ ਮੂੰਹ ਉਪਰ, ਨੈਣ ਹੈਰਾਨ, ਖ਼ੌਫ਼ ਨਾਲ। ਇਹ ਕਿਹੜਾ ਆਭਾਸ ਸੀ ਭਿਆਨਕ ਸੁਫਨੇ ਵਿੱਚੋਂ? ਭੈਣਾਂ ਵੀ ਸਹਿਮ ਗੀਆਂ, ਬੇਗਾਨੇ ਬੰਦੇ ਨੂੰ ਵੇਖ ਕੇ। ਪਿਓ ਨੇ ਓਂਕਾਰ ਬਾਰੇ ਦੱਸਿਆ ਸੀ, ਪਰ ਪਹਿਲੀ ਵਾਰੀ ਟੱਬਰ ਨੇ ਉਸਨੂੰ ਤੱਕਿਆ। ਸੀਮਾ ਵੀ ਡਰ ਗਈ। ਪਰ ਕੀ ਕਰ ਸਕਦੀ ਸੀ? ਇਹ ਆਦਮੀ ਹੁਣ ਉਸਦਾ ਮਾਲਿਕ ਸੀ। ਕੁੜੀ ਨੂੰ ਕੁਰਬਾਨ ਕਰ ਦਿੱਤਾ ਸੀ, ਪੈਸਿਆ ਲਈ।

ਸੀਮਾ ਨੇ ਧਿਆਨ ਨਾਲ ਓਂਕਾਰ ਦੀਆਂ ਅੱਖਾਂ ਵਿੱਚ ਝਾਕਿਆ।ਖਬਰੇ ਰਾਤ ਦੀ ਗੱਲ ਸੀ, ਪਰ ਹਨੇਰੇ ਵਿੱਚ ਆਨੇ ਪੀਲੇ ਜਾਪਦੇ ਸਨ, ਧੀਰਆਂ ਰਾਤ ਤੋਂ ਵੀ ਕਾਲੀਆਂ, ਪਰ ਕੱਚ ਵਾਂਗ ਲਿਸ਼ਕ ਦੀਆਂ। ਕੀ ਪਤਾ ਘਰ ਦੇ ਦਰਵਾਜ਼ੇਚੋਂ ਬਾਹਰ ਡਿੱਗਦੀ ਰੋਸ਼ਨੀ ਸੀਮਾ ਨੂੰ ਭੁਲੇਖੇ ਚ ਪਹੁੰਦੀ ਸੀ?

ਮੁਖੜਾ ਕਹੀ ਵਾਂਗ ਉਪਰੋ ਚੌੜਾ, ਹੇਠੋ ਸੌੜਾ ਸੀ, ਨੱਕ ਇੱਲ ਵਰਗਾ ਤਿੱਖਾ ਸੀ। ਉਂਝ ਅੱਖਾਂ ਵੀ ਉਕਾਬੀ ਸਨ, ਜਿਵੇਂ ਧੀਰਆਂ ਢਾਲ ਅੰਗੋ ਕੋਈ ਸ਼ਰਾਰਤ ਲੁਕਾਉਂਦੀਆਂ ਸਨ। ਹੋਠ ਚਿਣਕੇ ਸਨ; ਆਲੇ ਦੁਆਲੇ ਮੁੱਛ ਨਹੀਂ ਸੀ, ਪਰ ਠੋਡੀ ਉੱਤੇ ਸੰਤਰੇ ਵਾਲ ਸਨ, ਜਿਹੜੇ ਕੰਨਾਂ ਤੱਕ ਚੜ੍ਹਦੇ ਸੀ, ਜਿਵੇਂ ਕਾਢਾ ਚੜ੍ਹਦਾ ਹੁੰਦਾ। ਦਰਅਸਲ ਦਾੜ੍ਹੀ ਨਿਰਾਲੀ ਸੀ। ਜਮ੍ਹਾਂ ਨਾਰੰਗੀ ਸੀ, ਉਂਝ ਵਿਚ ਵਿਚ ਕਾਲੀਆਂ ਰੇਖਾਂ ਸਨ।ਗੱਲ੍ਹਾਂ ਕੋਲ ਦਾੜ੍ਹੀ ਦੂਧੀ ਸੀ। ਸੀਸ ਉੱਤੇ ਵਾਲ ਵੀ ਸੰਗਤਰੇ ਸਨ, ਇਧਰ ਉਧਰ ਕਾਲੀਆਂ ਕਾਲੀਆਂ ਲੀਕਾਂ ਸਨ। ਸਿਰ ਟੋਪੀ ਨਾਲ ਢਕਿਆ ਕਰਕੇ ਸਾਫ਼ ਦਿੱਸਦਾ ਨਹੀਂ ਸੀ। ਟੋਪੀ ਵੀ ਫਰੰਗੀ ਸ਼ੇਲੀ ਦੀ ਸੀ। ਸਲੇਟੀ ਫਲੈਟ ਕੈਪ।ਲੀੜੇ ਵੀ ਸਲੇਟੀ ਸਨ। ਜਿੰਨਾ ਚੇਹਰਾ ਦਿੱਸਦਾ ਸੀ, ਇਸ ਤਰਾਂ ਦਾ ਅਜੀਬ ਸੀ। ਮੂੰਹ ਉੱਤੇ ਝੁਰੜੀਆਂ ਤਾਂ ਦਿਸਦੀਆਂ ਨਹੀਂ ਸੀ। ਪਰ ਫਿਰ ਵੀ ਆਦਮੀ ਜੁੱਲੜ ਲੱਗਦਾ ਸੀ। ਖਿਸ ਕੇ ਪਿੱਛੇ ਹੋ ਗਈ..ਪਰ ਬਾਪ ਨੇ ਅੱਗੇ ਕਰ ਦਿੱਤੀ, ਓਂਕਾਰ ਵੱਲ।

ਸੀਮਾ ਨੇ ਪਿੱਛੇ, ਆਪਣਿਆਂ ਵੱਲ ਇਕ ਆਖ਼ਰੀ ਝਾਤ ਮਾਰੀ। ਰੱਬ ਜਾਣੇ ਕਦ ਫਿਰ ਟੱਬਰ ਵੇਖੂਗੀ। ਜੇ ਕਦੇ ਓਂਕਾਰ ਵਾਪਸ ਵੀ ਲਿਆਇਆ। ਸੌਦੇ ਤੋਂ ਸ਼ੱਕ ਸੀ ਕਿ ਵਾਪਸੀ ਹੋਣੀ ਨਹੀਂ। ਓਂਕਾਰ ਨੇ ਸੀਮਾ ਨੂੰ ਆਪਣੇ ਪਹੁੰਚਿਆਂ ਵਿਚ ਫੜ ਲਿਆ। ਚਮੋਲੀ ਤੋਂ ਲੈ ਗਿਆ, ਰਾਤ ਦੇ ਚੋਗੇ ਵਿਚ, ਇਕ ਸਾਇਆ। ਸੀਮਾ ਨੂੰ ਅਨੇ੍ਹਰੀ ਹੜੱਪ ਕੇ ਹਜ਼ਮ ਕਰ ਗਈ॥

ਚਲਦਾ...

28/12/11

         

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com