WWW 5abi.com  ਸ਼ਬਦ ਭਾਲ

ਰੂਪ ਢਿੱਲੋਂ

   

         

ਕਾਂਡ


ਠਰੰਮ੍ਹੀ ਆਵਾਜ਼ ਨਾਲ ਓਂਕਾਰ ਨੇ ਜਿੰਨਾ ਜਾਣਦਾ ਸੀ ਦਸਿਆ। ਆਵਦੇ ਹਾਲ ਬਾਰੇ ਸਮਝਾਇਆ ਅਤੇ ਸੀਮਾ ਦੇ ਸ਼ੱਕ ਨੂੰ ਤ੍ਰਿਪਤ ਕਰ ਦਿੱਤਾ। ਜਾਂ ਨਹੀਂ। ਕਿਉਂਕਿ ਅਸਲੀ ਗੱਲ ਨੇ ਸੀਮਾ ਦੇ ਸ਼ੱਕ ਨੂੰ ਤਸਦੀਕ ਕਰ ਦਿੱਤਾ। ਹੁਣ ਸੋਚਦੀ ਓਂਕਾਰ ਵੱਲ ਝਾਕਦੀ ਸੀ। ਹਾਰਕੇ ਆਖਿਆ, “ ਤਸਾਂ ਜਾਦੂ ਕਰ ਸੱਕਦੇ ਹੋ?”। ਬਿੰਦ ਬਾਅਦ ਓਂਕਾਰ ਨੇ ਹਾਂ’ਚ ਸਿਰ ਹਲਾਇਆ।

“ ਮੈਂ ਆਵਦਾ ਟੱਬਰ ਅੱਜ ਰਾਤ ਹੀ ਮਿਲਨਾ ਏ। ਭਾਵੇਂ ਉਤੇ ਵਾਪਸ ਲੈ ਕੇ ਜਾ, ਜਾਂ ਕੋਈ ਰਾਹ ਨਾਲ ਮੈਨੂੰ ਓਨ੍ਹਾਂ ਦਾ ਹਾਲ ਚਾਲ ਦਿਖਾ”। ਸੀਮਾ ਪਕੀ ਸੀ। ਓਂਕਾਰ ਨੇ ਸੀਮਾ ਦਾ ਹੱਥ ਫੜ ਕੇ ਟ੍ਰੈੱਲਰ’ਚੋਂ ਬਾਹਰ ਲੈ ਗਿਆ। ਲੰਙ ਮਾਰਦਾ ਮਾਰਦਾ ਉਸਨੂੰ ਜੰਗਲ ਵੱਲ ਲੈ ਗਿਆ। ਸੀਮਾ ਡਰ ਗਈ। ਜੰਗਲ ਹਨੇਰਾ ਸੀ, ਅਜੀਬ ਸੀ ਅਤੇ ਜਾਨਵਰਾਂ ਨਾਲ਼ ਭਰਿਆ। ਓਂਕਾਰ ਨੇ ਸੀਮਾ ਦੀਆਂ ਅੱਖਾਂ’ਚ ਆਵਦੀਆਂ ਅੱਖਾਂ ਪਾਈਆਂ। “ ਡਰ ਲੱਗਦਾ?”। ਬਿੰਦ ਬਾਅਦ ਉੱਤਰ ਦਿੱਤਾ, “ ਜੀ ਨ੍ਹੀਂ”, ਅਤੇ ਓਂਕਾਰ ਨਾਲ਼ ਜੰਗਲ’ਚ ਵੜ ਗਈ।

ਰਾਤ ਕਰਕੇ ਜੰਗਲ ਆਮ ਤੋਂ ਵੀ ਵੱਧ ਡਰਾਉਣਾ ਲੱਗਦਾ ਸੀ। ਸੀਮੇ ਨੇ ਜੋਰ ਦੇਣੀ ਓਂਕਾਰ ਦਾ ਹੱਥ ਫੜਿਆ, ਉਸਨੂੰ ਢਾਰਸ ਚਾਹੀਦੀ ਸੀ। ਓਂਕਾਰ ਦਾ ਹੱਥ ਪਕੜ ਕੇ ਧਿਜਾ ਮਿਲਦਾ ਸੀ। ਆਲੇ ਦੁਆਲੇ ਜੰਗਲ ਦੀ ਆਵਾਜ਼ਾ ਕਾਇਮ ਸਨ। ਸੀਮਾ ਨੇ ਓਂਕਾਰ ਦੀ ਸੁਖਮਈ ਆਵਾਜ਼ ਭਾਲੀ।

“ ਕਿਥੇ ਲੈ ਕੇ ਜਾ ਰਿਹਾ ਫਿਲਾਸਫਰ ਜੀ?”, ਸੀਮਾ ਉਸ ਦੀ ਆਵਾਜ਼ ਦੀ ਹਲੀਮ ਸੁਰ ਸੁਣਕੇ ਵਣ ਤੋਂ ਉਸ ਸੁਰੀਲੇ ਬੋਲ ਦੀ ਢਾਲ ਪਿੱਛੇ ਲੁਕਣਾ ਚਾਹੁੰਦੀ ਸੀ। ਹੁਆਂ ਹੁਆਂ ਕਿਰ ਕਿਰ ਇਸ ਤਰ੍ਹਾਂ ਦੂਰ ਰੱਖਣੀ ਚਾਹੁੰਦੀ ਸੀ। ਜੋ ਮਰਜ਼ੀ ਬੋਲੇ, ਸੀਮਾ ਉਸਦੀ ਆਵਾਜ਼ ਉੱਤੇ ਹੀ ਕੇਂਦ੍ਰਿਤ ਕਰ ਰਹੀ ਸੀ।

“ ਡਰ ਨਾ ਸੀਮਾ, ਮੈਂ ਹਾਂ, ਤੇਰੇ ਪਾਸ”, ਸੀਲ ਸੁਰ’ਚ ਪੋਲੇ ਪੋਲੇ ਸੁੱਖ ਦੇਣ ਵਾਲੇ ਸ਼ਬਦ ਆਏ। ਓਂਕਾਰ ਦੇ ਹੱਥ ਨੂੰ ਹੋਰ ਘੁੱਟਿਆ। “ ਮੈਨੂੰ ਸਵੇਰੇ ਦਾ ਹੁਣ ਕੁੱਝ ਯਾਦ ਏ। ਸਾਝਰੇ ਇਥੇ ਕਿਤੇ ਸਾਂ। ਪਤਾ ਨਹੀਂ...ਪਰ ਜਿਵੇਂ ਧੁੰਧ ਹੌਲੀ ਹੌਲੀ ਹਵਾ ਨੇ ਪਰ੍ਹਾਂ ਕਰ ਦਿੱਤੀ ਹੋਵੇ। ਉਸ ਦੀਆਂ ਯਾਦਾਂ, ਹੁਣ ਤਸੱਵਰ ਕਰ ਲੈ...ਉਸਦੇ ਕਦਮ...ਜਿਵੇਂ ਮੇਰੇ ਕਦਮ...ਜਿਸ ਨੂੰ ‘ਸ਼ੈਤਾਨ’ ਲੋਕ ਆਖਦੇ”। ਦੋਨੋਂ ਪਧਰੇ ਥਾਂ ਆਂ ਖਲੋਏ। ਸੀਮਾ ਨੂੰ ਲੱਗੇ ਜਿਵੇਂ ਕਿੱਕੜ, ਕੈਲ ਅਤੇ ਪਿੱਪਲਾਂ’ਚੋਂ ਆਤਸ਼ੀ ਅੱਖਾਂ ਉਸ ਵੱਲ ਬੁਰੀ ਨਜ਼ਰ ਨਾਲ਼ ਝਾਕਦੀਆਂ ਸਨ। ਓਂਕਾਰ ਦਾ ਗਲ਼ ਫੜ ਲਿਆ। ਦੋਨਾਂ ਦੇ ਦੀਦੇ ਮਿਲੇ। ਫਿਰ ਸੀਮਾ ਨੇ ਨੀਵੀਂ ਪਾਈ।

ਓਂਕਾਰ ਨੇ ਸੀਮਾ ਨੂੰ ਇਕ ਛੱਪੜ ਵੱਲ ਲੈਜਾ ਕੇ ਉਸ ਕੋਲੇ ਬਿਠਾ ਦਿੱਤਾ। ਪਾਣੀ ਵਿਚ ਚੰਦ ਦਾ ਚਿਹਰਾ ਦਿਸਦਾ ਸੀ। ਸੀਮਾ ਨੂੰ ਸੁੜਕਾ ਸੁਣਿਆ। ਡਰ ਗਈ। ਦੂਜੇ ਪਾਸੇ ਕੋਈ ਜਾਨਵਰ ਛੱਪੜ’ਚੋਂ ਪਾਣੀ ਪੀਂਦਾ ਸੀ। ਓਂਕਾਰ ਨੇ ਸੀਮਾ ਨੂੰ ਇਸ਼ਾਰਾ ਦਿੱਤਾ ਕਿ ਡਰਨ ਦੀ ਕੋਈ ਲੋੜ ਨਹੀਂ ਸੀ। ਇਕ ਬਾਰ ਫਿਰ ਸੀਮਾ ਨੇ ਪਾਣੀ ਵਿਚ ਝਾਕਿਆ। ਓਂਕਾਰ ਨੇ ਆਵਦੀ ਬਾਂਹ ਵਿਚ ਪਾਈ। ਬਿੰਦ ਬਾਅਦ ਓਂਕਾਰ ਦੀ ਕੂਹਣੀ ਤਕ ਬਾਂਹ ਸੰਗਤਰੀ ਹੋ ਗਈ। ਰਗਾਂ ਵਰਗੀਆਂ ਕਾਲੀਆਂ ਲੀਕਾਂ ਬਾਂਹ ਉੱਤੇ ਸਨ, ਜਿਵੇਂ ਕੋਈ ਸਪੋਲ਼ੀਏ ਚੜ੍ਹੇ ਹੋਣ। ਓਂਕਾਰ ਦੇ ਨੈਣ ਜੱਲਦੇ ਸਨ, ਵੇਖਣ ਵਿਚ ਸੰਗਤਰੀਆਂ ਬੱਤੀਆਂ ਜਾਪਦੀਆਂ ਸਨ। ਪਾਣੀ ਖੌਲਣ ਲੱਗ ਗਿਆ। ਫਿਰ ਇਕ ਦਮ ਗਹਿਰ ਗੰਭੀਰ ਹੋ ਗਿਆ। ਪਰ ਹੁਣ ਚੰਦ ਨਹੀਂ ਦਿੱਸਦਾ ਸੀ। ਹੁਣ ਇਕ ਆਈਨਾ ਸੀ। ਪਰ ਸੀਮਾ ਅਤੇ ਓਂਕਾਰ ਦੀ ਅਕਸ ਨਹੀਂ ਸੀ। ਕੁਮਾਰ ਸੀ, ਉਸ ਦੀ ਸਤਵੰਤੀ ਅਤੇ ਧੀਆਂ, ‘ਤੇ...’ਤੇ ਪੁੱਤਰ। ਨਾਲ਼ ਤਿੰਨ ਹੋਰ ਜਣੇ ਸਨ। ਤਿੱਖਲ ਦੇ ਨਾਲ਼ ਬਹੁਤ ਸੁੰਦਰ ਕੁੜੀ ਸੀ, ਅਤੇ ਉਸਦੇ ਭੈਣਾਂ ਨਾਲ਼ ਘਰ ਦੇ ਜੁਆਈ ਸਨ।

ਸੀਮਾ ਨੂੰ ਲੱਗਿਆ ਜਿਵੇਂ ਆਈਨਾ ਵਿਚ ਜਜ਼ਬ ਹੋ ਗਈ, ਜਿਵੇਂ ਕੋਈ ਆਕਰਸ਼ਨ ਸ਼ਕਤੀ ਨੇ ਉਸਨੂੰ ਵਿਚ ਖਿਚ ਲਿਆ। ਉਸਨੂੰ ਲੱਗੇ ਜਿਵੇਂ ਕੂਪ’ਚ ਡਿੱਗ ਗਈ ਸੀ ਅਤੇ ਹਾਲੇ ਵੀ ਡਿੱਗਦੀ ਸੀ। ਖਾਰੀ ਦਿਸਦੀ ਨਹੀਂ ਸੀ। ਖੂਹ ਦਾ ਅੰਤ ਨਹੀਂ ਦਿੱਸਦਾ ਸੀ। ਆਲੇ ਦੁਆਲੇ ਧੂੰਆਂ ਸੀ। ਜਿੱਥੇ ਚੱਲੇ ਸੀ, ਖੈਰੀ ਮਿਹਰੀ ਪਹੁੰਚਣਾ ਚਾਹੁੰਦੀ ਸੀ। ਫਿਰ ਆਲੇ ਦੁਆਲੇ ਬੇਸ਼ੁਮਾਰ ਘਣ ਸਨ; ਕਹਿਣ ਦਾ ਮਤਲਬ ਚੌਕੋਰ ਚੀਜ਼ਾਂ ਸਨ। ਨਾਲ਼ ਦੇ ਨਾਲ਼ ਡਿੱਗੀ ਗਈ। ਘਣ ਆਪਸ ਵਿਚ ਜੁੜ ਗਏ ਜਿੱਦਾਂ ਕੋਈ ਅਲਖ ਹੱਥ ਨੇ ਬੁਝਾਰਤ ਦਾ ਹੱਲ ਕੀਤਾ ਹੋਵੇ। ਜਦ ਸਭ ਕੁੱਝ ਜੁੜ ਗਿਆ, ਸੀਮਾ ਦੇ ਸਾਹਮਣੇ, ਆਸ ਪਾਸ ਵੱਡਾ ਡਾਈਨਿੰਗ ਰੂਮ ਸੀ। ਸੀਮਾ ਦੇ ਬਦਨ ਦੇ ਆਲੇ ਦੁਆਲੇ, ਘੱਗਰੀ ਵਾਂਗ ਮੇਜ਼ ਸੀ। ਅੱਠ ਕੁਰਸੀਆਂ ਸਨ, ਜਿੰਨ੍ਹਾਂ ਉੱਤੇ ਕੁਮਾਰ ਟੱਬਰ ਬੈਠਾ ਸੀ। ਦਸਤਰਖਾਨ ਵਿਛਾਇਆ ਸੀ। ਸਾਰੇ ਜਣੇ ਆਪਸ ਵਿਚ ਗੱਲਾਂ ਕਰਦੇ ਸੀ, ਅਤੇ ਕਿਸੇ ਨੂੰ ਸੀਮਾ ਦਿਖਾਈ ਨਹੀਂ ਦਿੰਦੀ ਸੀ। ਸੀਮਾ ਨੇ ਓਨ੍ਹਾਂ ਨਾਲ਼ ਬੋਲਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੂੰ ਆਵਾਜ਼ ਨਹੀਂ ਸੁਣੀ। ਸੀਮੇ ਦੇ ਨੇੜੇ ਖੀਰ ਦਾ ਪਿਆਲਾ ਸੀ, ਕਈ ਦਾਲਾਂ ਦੇ ਵੀ ਸਨ, ਅਤੇ ਸਬਜ਼ੀਆਂ, ਸਾਗ, ਕੋਫ਼ਤੇ, ਚੋਲ੍ਹੇ ਅਤੇ ਰੋਗਨ ਜੋਸ਼, ਬੱਟਰ ਚਿਕੰਨ...ਜਿਆਫਤ ਸੀ! ਸੀਮਾ ਨੇ ਇਕ ਸੇਅ ਨੂੰ ਚੱਕਣ ਲਈ ਹੱਥ ਵੱਧਾਇਆ, ਪਰ ਭੂਤ ਵਾਂਗ ਹੱਥ ਸੇਅ’ਚੋਂ ਲੰਘ ਕੇ ਚੱਲੇ ਗਿਆ।

ਸੀਮਾ ਆਵਦੇ ਟੱਬਰ ਕੋਲ ਸੀ, ਪਰ ਓਨ੍ਹਾਂ ਨੂੰ ਸੀਮਾ ਬਾਰੇ ਕੁੱਝ ਨਹੀਂ ਸੀ ਪਤਾ! ਅਦਰਿਸ਼ਟ ਸੀ, ਅਡਿੱਠ ਛਲਾਵਾ ਸੀ! ਸੀਮਾ ਨੇ ਹੁਣ ਡਾਈਨਿੰਗ ਰੂਮ ਧਿਆਨ ਨਾਲ਼ ਛਾਨ ਬੀਨ ਕੀਤਾ। ਪੁਰਾਣੇ ਘਰ ਨਾਲੋਂ ਕਮਰਾ ਦੂਣਾ ਸੀ! ਛੱਤ ਤੋਂ ਕੰਦੀਲ ਲਮਕਦੀ ਸੀ। ਟੇਬਲ ਦੇ ਪਾਸੇ ਪ੍ਰਧਾਨ ਨੌਕਰ ਖਲੋਇਆ ਸੀ। ਉਸ ਦੀ ਅੱਖ ਨੌਕਰਾਂ’ਤੇ ਸੀ; ਨੌਕਰ ਅੰਦਰ ਬਾਹਰ ਆਉਂਦੇ ਜਾਂਦੇ ਸਨ, ਪਾਣੀ ਨਾਲ਼, ਖਾਣੇ ਨਾਲ਼ ਜਾਂ ਸ਼ਰਾਬ ਨਾਲ਼। ਜਦ ਭੁੰਜੇ ਝਾਕਿਆ, ਵੇਖਿਆ ਫਰਸ਼ ਫਟਕ ਦਾ ਬਣਾਇਆ ਸੀ। ਮਰਮਰ ਉੱਤੇ ਮਹਿੰਗੇ ਗਲੀਚੇ ਸਨ।

ਸੀਮਾ ਦੀ ਅੱਖ ਆਵਦੇ ਡੈਡੀ ਵੱਲ ਗਈ। ਸਾਫ਼ ਸੁਥਰਾ ਮੁਖ, ਵਾਲ ਕੱਟੇ, ਅਲਬੇਲਾ ਲੱਗਦਾ ਸੀ। ਹਜਾਮਤ ਕੀਤੀ ਸੀ। ਕਪੜੇ ਅੰਗੇ੍ਰਜ਼ਾ ਵਰਗੇ ਪਾਏ ਸੀ, ਵੇਖਣ’ਚ ਸਲਮਾਨ ਖਾਨ ਲੱਗਦਾ ਸੀ। ਉਪਰਲੀ ਬੁੱਲ੍ਹ ਉੱਤੇ ਮੁੱਛ ਸੁੰਡੀ ਵਾਂਗ ਲੱਗਦੀ ਸੀ। ਪਿਤਾ ਜੀ ਹਸਦੇ ਸੀ, ਜੁਆਈਆਂ ਨਾਲ਼। ਇੱਕ ਸੁੱਜੇ ਪਾਸੇ ਬੈਠਾ ਸੀ, ਇੱਕ ਖੱਬੇ ਪਾਸੇ। ਪਹਿਲੇ ਨਾਲ਼ ਰੀਟਾ ਬਹਿ ਸੀ। ਪਤਲਾ ਪਤੰਗ ਆਦਮੀ ਸੀ, ਟੇਢਾ ਪੱਗੜ ਬੰਨ੍ਹਿਆ ਸੀ। ਦੂਜੇ ਦਾ ਸੀਸ ਦਸਤਾਰ ਨਾਲ਼ ਸਜਾਇਆ ਨਹੀਂ ਸੀ। ਵਿੱਦਿਆ ਕੋਲ ਸੀ। ਬੰਦਾ ਗੋਲ ਮਟੋਲ ਸੀ, ਵੇਖਣ’ਚ ਬਟੂਆ ਵੀ ਪੈਸਿਆਂ ਠੁੱਲ੍ਹਾ ਹੋਵੇਗਾ, ਜਿਵੇਂ ਵਿੱਦਿਆ ਚਾਹੁੰਦੀ ਸੀ। ਗੱਲਾਂ ਤੋਂ ਸੀਮਾ ਨੂੰ ਪਤਾ ਲੱਗਿਆ ਕਿ ਵਿੱਦਿਆ ਦਾ ਘਰ ਵਾਲਾ ਦਾ ਨਾਂ ਰਿਸ਼ੀ ਗੀਤ ਸੀ ਅਤੇ ਰੀਟਾ ਦੇ ਦਾ ਨਾਂ ਇਕਬਾਲ ਕੋਟਲੀ ਸੀ। ਲਾਡ ਨਾਲ਼ ਇਕਬਾਲ ਨੂੰ ਸਾਰੇ ਬੱਲੀ ਆਖਦੇ ਸੀ। ਪਾਪਾ ਜੀ ਦੇ ਸਾਹਮਣੇ ਮਾਂ ਜੀ ਬੈਠੀ ਸੀ। ਉਸ ਦੇ ਸੱਜੇ ਪਾਸੇ ਸ਼ੰਕਰ ਅਤੇ ਦੂਜੇ ਥਾਂ ਓਹ ਸੁੰਦਰ ਕੁੜੀ ਸੀ...ਘਰ ਦੀ ਨੂੰਹ, ਸ਼ੰਕਰ ਦੀ ਸ਼ਾਨਦਾਰ ਵਹੁਟੀ। ਸੀਮਾ ਦੇ ਲੋਇਣ ਨੂੰਹ’ਤੇ ਜਮ ਗਏ। ਉਸ ਦਾ ਨਾਂ ਮੀਨਾ ਸੀ। ਆਵਦੇ ਵੀਰ ਲਈ ਸੀਮਾ ਬਹੁਤ ਖ਼ੁਸ਼ ਸੀ।

ਮੀਨਾ ਸਰੂ ਕਦ ਲੱਗਦੀ ਸੀ। ਨੱਕ ਤਿੱਖਾ ਸੀ ਪਰ ਨਿੱਕਾ।ਹੋਠ ਭਾਰੇ ਸਨ, ਖਾਖ ਦੇ ਨਾਲ਼ ਨਾਲ਼ ਮਲਾਗੀਰੀ ਦਾਗ ਸਨ। ਦਰਅਸਲ ਦਾਗ ਦੇਖਣ’ਚ ਲੱਗਦੇ ਸੀ, ਕਿਉਂਕਿ ਸਾਰੀ ਸੂਰਤ ਗੋਰੀ ਸੀ। ਪਰ ਸੱਚ ਸੀ ਇਥੇ ਓਥੇ ਸ਼ਾਹੀ ਸੀ, ਜਿਵੇਂ ਮੀਨਾ ਨੇ ਸ਼ਾਮ ਰੰਗ ਨੂੰ ਬੇਰੰਗ ਕਰ ਦਿੱਤਾ ਸੀ। ਪਰ ਪਹਿਲੀ ਨਜ਼ਰ ਨਾਲ਼ ਇਹ ਵੇਰਵਾ ਕਿਸੇ ਨੂੰ ਦਿੱਸਦੇ ਨਹੀਂ ਸੀ। ਸੀਮਾ ਤਾਂ ਗਹੁ ਨਾਲ਼ ਤੱਕਦੀ ਸੀ। ਉੱਡਦੀ ਜਿਹੀ ਨਿਗਾਹ ਨਾਲ਼ ਵੇਖ ਕੇ ਤਾਂ ਗੋਰੀ ਰਾਜਕੁਮਾਰੀ ਜਾਪਦੀ ਸੀ। ਮੀਨਾ ਦੇ ਅੱਖਾਂ ਦੁਆਲੇ ਵੀ ਰੰਗ ਕਾਟ ਦੇ ਚਿੰਨ੍ਹ ਸਨ। ਸੀਮਾ ਸਮਝ ਗਈ ਕਿ ਰਗੜ ਰਗੜ ਕੇ, ਕਰੀਮਾਂ ਲੋਸ਼ਨਾਂ ਲਾ ਲਾ ਕੇ ਆਵਦੇ ਨੈਣ ਨਕਸ਼ ਬਦਲ ਦਿੱਤੇ। ਇਹ ਮੀਨਾ ਦੀ ਇਕ ਕਮਜ਼ੋਰੀ ਨਾਲ਼ ਸੀਮਾ ਨੂੰ ਗੁੱਸਾ ਅ ਾਗਿਆ। ਸੀਮਾ ਦੀ ਨਜ਼ਰ ਵਿਚ ਉਹ ਲੋਕ ਜਿਹੜੇ ਦੇਸ ਚਾਲ ਮਗਰ ਲੱਗਦੇ ਨੇ ਕਮਜ਼ੋਰ, ਖੀਣ ਦਿਮਾਗ ਅਤੇ ਜੱਗਰ ਸੁਭਾਉ ਵਾਲੇ ਨੇ। ਇਕ ਰਾਤ ਇਹ ਗੱਲ ਓਂਕਾਰ ਨਾਲ਼ ਤੁਰੀ ਸੀ, ਅਤੇ ਉਸਨੇ ਸੀਮਾ ਦੀਆਂ ਅੱਖਾਂ ਚੰਗੀ ਤਰ੍ਹਾਂ ਖੋਲ੍ਹ ਦਿੱਤੀਆਂ।

ਸੀਮਾ ਨੂੰ ਪਤਾ ਲੱਗ ਗਿਆ ਕਿ ਦੇਸ਼ ਦੀ ਅਬਾਦੀ ਨੂੰ ਖ਼ਬਤ ਹੋਇਆ ਹੈ ਆਵਦੇ ਰੰਗ ਨੂੰ “ ਗੋਰਾ” ਕਰਨ ਦਾ ਕਿਉਂਕਿ ਸਭ ਦੇ ਮਨ ਵਿਚ ਉੱਚੀ ਜਾਤ ਵਿਚ ਵਿਆਹ ਨਾਲ਼ ਸ਼ਾਮਲ ਹੋਣ, ਜਾ ਸਮਾਜ ਦੇ ਵਿਚ ਸਾਂਝ ਪਾਉਣ, ਅਤੇ ਸੁੰਦਰ ਅਖਵਾਉਣ ਲਈ (ਫਿਰ ਜਨਤਾ ਤੁਹਾਨੂੰ ਕੁੱਝ ਸਮਝੂਗੀ) ਜਰੂਰੀ ਸੀ ਸਾਫ਼ ਰੰਗ ਦੇ ਮੁਖੜੇ ਨਾਲ਼ ਸਾਮ੍ਹਣੇ ਹੋਣ। ਪੱਕਾ ਰੰਗ ਰਾਵਣ ਦਾ ਹੀ ਸੀ। ਪਰ ‘ਕੱਲੀ ਜਾਤ ਦੀ ਗੱਲ ਨਹੀਂ ਸੀ। ਅੱਜ ਕੱਲ੍ਹ ਗਾਉਣ ਵਾਲਿਆਂ ਵਾਂਗ ਜਾਂ ਨਕਲੀਆਂ ( ਕਹਿਣ ਦਾ ਮਤਲਬ ਐਕਟਰ) ਵਾਂਗ ਰੂਪ’ਚ ਹੋਣੇ ਚਾਹੁੰਦੇ ਨੇ। ਪਰ ਓਂਕਾਰ ਨੇ ਉਸ ਵੇਲੇ ਹੱਸ ਹੱਸ ਕੇ ਦੱਸਿਆ, “ ਗੋਰਿਆਂ ਦੇ ਮੁਲਕਾਂ’ਚ ਤਾਂ ਆਵਦੇ ਵਿੱਚ ਸੂਈਆਂ ਪਾ ਪਾ ਕੇ ਰੰਗ ਨੂੰ ਕਾਲਾ ਤੋਂ ਕਾਲਾ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦੇ ਦਿਮਾਗ ਵਿਚ ਜਿੰਨਾ ਕਾਲਾ ਨਸਵਾਰੀ ਰੰਗ ਹੋਵੇ, ਓਨ੍ਹਾ ਅਮੀਰ ਬੰਦਾ ਹੈ, ਓਨ੍ਹਾ ਹੀ ਸਜੀਲਾ ਬੰਦਾ ਜਾਂ ਜਨਾਨੀ ਹੈ। ਟੀਕੇ ਲਾ ਲਾ ਕੇ ਆਵਦੇ ਮਾਸ ਨੂੰ ਘੋੜੇ ਵਾਂਗ ਕੁੱਲੇ ਕਰੀ ਜਾਂਦੇ ਨੇ। ਸਮਾਂ ਗੋਰਾ ਤੋਂ ਗੋਰਾਂ ਰੰਗ ਕੰਗਾਲੀ ਦੀ ਨਿਸ਼ਾਨੀ ਹੈ, ਮਾੜੇ ਆਦਮੀ ਦੀ ਨਿਸ਼ਾਨੀ। ਇਹ ਦੋਂ ਪੁੱਠੇ ਖਿਆਲਾਂ ਦਾ ਪੂਰਾ ਫਾਇਦਾ ਲਿਆ ਹੈ ਕਾਜ਼ਮੇਟਿਕਸਾਜ਼ੀ ਨੇ। ਇਕ ਅੱਧ ਗੋਰਾ ਬਣਨਾ ਚਾਹੁੰਦੇ ਨੇ, ਦੂਜਾ ਕਾਲਾ! ਇਸ ਸਫ਼ੈਦ ਝੂਠ ਨੂੰ ਨਾਮੀ ਤਾਰੇ ਡੱਗੀ ਲਾਉਂਦੇ ਨੇ। ਜੇ ਓਨ੍ਹਾਂ ਦਾ ਰੰਗ ਗੋਰਾ ਵੀ ਹੈ, ਤਾਈਂ ਹੈ ਕਿਉਂਕਿ ਹੋਂਦ ਵਿਚ ਇਵੇਂ ਆਏ ਨੇ। ਪਰ ਲੋਕ ਅਕਲ ਦੇ ਵੈਰੀ ਨੇ, ਮਗਰ ਲੱਗ ਜਾਂਦੇ ਨੇ।

ਸੀਮਾ ਨੂੰ ਓਂਕਾਰ ਨੇ ਸਬੂਤ ਦਿੱਤਾ ਇੰਗਲੈਂਡ ਤੋਂ, ਜਿਸ ਵਿਚ ਦਿਖਾਇਆ ਕਿ ਕ੍ਰੀਮਾਂ ਟੀਕਿਆਂ ਦਾ ਬਹੁਤ ਬੁਰਾ ਅਸਰ ਹੈ। ਅੰਗ੍ਰੇਜ਼ਣਾਂ ਨੂੰ ਨਾਸੂਰ ਬੰਧਕ ਬਣਾ ਰਿਹਾ ਸੀ। ਇੰਗਲੈਂਡ ਵਿਚ ਤਾਂ ਇਹ ਦਵਾਈਆਂ ਤੇ ਠੱਲ੍ਹ ਪਾਈ ਹੈ। ਫਿਰ ਵੀ ਗੋਰੀਆਂ ਇੰਟਾਨੈਟ ਦੇ ਰਾਹ ਖਰੀਦਦੀਆਂ ਨੇ, ਭਾਵੇਂ ਕੈਂਸਰ ਹੋ ਜਾਵੇ। ਗਾਹਕੀ ਇਸ ਲਈ ਬਹੁਤ ਹੈ, ਇੰਡੀਅਨ ਅਤੇ ਪਾਕਿਸਤਾਨੀ ਲੋਕਾਂ ਵਿਚ ਵੀ। ਅਪਣਿਆਂ’ਚ ਮਾਸ ਉੱਤੇ ਧੱਬੇ ਆ ਜਾਂਦੇ ਨੇ, ਜਿਸ ਦਾ ਨਤੀਜਾ ਕੈਂਸਰ ਹੋ ਸੱਕਦਾ ਹੈ। ਇਸ ਤਰ੍ਹਾਂ ਬੱਜ ਲੀਕ ਮੀਨਾ ਦੇ ਚੰਨ ਮੁਖੜੇ ਤੇ ਦਿੱਸਦੇ ਸੀ ਕਰਕੇ ਸੀਮਾ ਨੂੰ ਖਿਝ ਵੀ ਆੳਂਦੀ ਸੀ, ਪਰ ਫਿਕਰ ਵੀ ਪੈਂਦਾ ਸੀ। ‘ਰੰਗ ਨੂੰ ਦਵਾਈ ਕਰੀਮਾਂ ਨਾਲ਼ ਬਦਲਣਾ ਗਲਤ ਹੈ’, ਦੀ ਗੱਲ ਪਰਤੱਖ ਨੂੰ ਪ੍ਰਮਾਨ ਨਹੀਂ। ਸੀਮਾ ਨੂੰ ਦੇਸ਼ ਦੀਆਂ ਕਮਜ਼ੋਰ ਕੁੜੀਆਂ ‘ਤੇ ਖਿਝ ਵੀ ਸੀ ਪਰ ਤਰਸ ਵੀ। ਹਮੇਸ਼ਾਂ ਮਰਦ ਦੀਆਂ ਗੱਲਾਂ ਮਨ ਜਾਂਦੀਆਂ ਨੇ। ਹਮੇਸ਼ਾਂ ਗੋਰੀਆਂ ਬਣਨੀਆਂ ਚਾਹੁੰਦੀਆਂ ਨੇ। ਪਰ ਕਿਉਂ? ਕਿਉਂਕਿ ਮੁੰਡੇ ਕੇਵਲ ਗੋਰੀ ਲੜਕੀ ਚਾਹੁੰਦੇ ਨੇ, ਹੋਰ ਕੀ। ਸੀਮਾ ਦੀ ਅੱਖ ਹੁਣ ਜੀਜਿਆਂ ਵੱਲ ਟਿੱਕ ਗਈ।

ਰਿਸ਼ੀ ਗੀਤ ਇਕ ਦਮ ਦਰਿਆਈ ਘੋੜਾ ਜਾਪਦਾ ਸੀ। ਸਿਰ ਦਾ ਟੋਟਣ ਦਗ ਦਗ ਕਰਦਾ ਸੀ। ਗੱਲਾਂ ਤੋਂ ਬਹੁਤ ਮਿੱਠਾ ਲੱਗਦਾ ਸੀ, ਪਰ ਹੁਣ ਸੀਮਾ ਨੂੰ ਇਕ ਹੋਰ ਅਣਹੋਣੀ ਦੀ ਸਚੇਤ ਹੋਈ। ਸਾਰਿਆਂ ਕੋਲ ਦੋ ਆਵਾਜ਼ਾਂ ਸਨ। ਇਕ ਮੂੰਹ ਵਿਚੋਂ ਗੱਲਾਂ ਬਾਤਾਂ ਵਿਚ ਆਉਂਦੀ ਸੀ। ਪਰ ਦੂਜੀ...ਹਾਂ ਦੂਜੀ ਆਵਾਜ਼ ਓਨ੍ਹਾਂ ਦੇ ਸੋਚਾਂ’ਚੋਂ ਨਿਕਲ ਕੇ ਇਕ ਕਾਂਗ ਵਾਂਗ ਸੀਮਾ ਕੋਲ ਆਉਂਦੀ ਸੀ। ਸੀਮਾ ਨੂੰ ਅੰਤਰਜਾਮਤਾ ਮਿਲ ਰਹੀ ਸੀ। ਜਿਵੇਂ ਕੋਈ ਮੂਵੀ ਕੈਮਰੇ ਨੇ ਤੇਜ ਤੇਜ ਰਿਸ਼ੀ ਦੀ ਸਾਰੀ ਹਯਾਤ ਦਿਖਾ ਦਿੱਤੀ ਸੀ, ਉਦਾਂ ਸੋਚਾਂ ਨੇ ਰਿਸ਼ੀ ਦਾ ਅਸਲੀ ਕਿਰਦਾਰ ਉਜਾਗਰ ਕਰ ਦਿੱਤਾ ਸੀ। ਸੀਮਾ ਨੂੰ ਦਿੱਸਿਆ ਜੋ ਬੀਤਿਆ, ਜੋ ਹੈ ਅਤੇ ਜੋ ਬਾਕੀ ਹੈ। ਰਿਸ਼ੀ ਚੰਗਾ ਵੀ ਸੀ ਅਤੇ ਬੁਰਾ ਵੀ ਸੀ। ਸੀਮਾ ਨੂੰ ਤਸੱਲੀ ਹੋ ਗਈ ਕਿ ਵਿੱਦਿਆ ਅਤੇ ਰਿਸ਼ੀ ਖ਼ੁਸ਼ ਹੋਣਗੇ...ਪਰ ਇਕ ਵੱਜ੍ਹਾ ਕਰਕੇ। ਦੋਨਾਂ ਨੂੰ ਪੈਸਿਆਂ ਦਾ ਸ਼ੌਂਕ ਸੀ, ਵੱਡੇ ਘਰਾਂ ਦਾ, ਅਤੇ ਹੈਸੀਅਤ ਦਾ। ਦੋਨਾਂ ਦੇ ਦਿਮਾਗ ਹੋਰ ਸਭ ਕੁੱਝ ਲਈ ਅੰਨ੍ਹੇ ਸਨ। ਆਵਦੇ ਧਨ ਵੱਧਾਉਣ ਲਈ ਝੂਠ ਬੋਲੂਗੇ, ਲੋਕਾਂ ਦੇ ਕੱਪੜੇ ਲਾਉਗੇ ਅਤੇ ਇਕ ਦੂਜੇ ਦੀ ਹਰਾਮਕਾਰੀ ਵੱਲ ਧਿਆਨ ਨਹੀਂ ਦਿਉਗੇ। ਗਰੀਬ ਲੋਕਾਂ ਵੱਲ ਚਸ਼ਮਪੋਸ਼ੀ ਕਰਦੇ ਹੀ ਰਹਿਣਾ। ਇਹ ਗੱਲ ਸੀਮਾ ਨੂੰ ਪਸੰਦ ਨਹੀਂ ਸੀ। ਪਰ ਜੇ ਖੋਹ ਖਾਣੀ ਦੋਨਾਂ ਪਾਸਿਆਂ ਤੋਂ ਸੀ ਅਤੇ ਦੋਵੇਂ ਹੀ ਮਾਇਆ’ਚ ਖ਼ੁਸ਼ ਸਨ, ਫਿਰ ਕੀ ਕਰ ਸੱਕਦੀ? ਹਾਲੇ ਭਵਿਖ ਆਇਆ ਨਹੀਂ ਸੀ ਅਤੇ ਅੱਗਾ ਸਵਾਰਨ ਲਈ ਮੌਕਾ ਸੀ। ਰੱਬ ਕਰੇ ਇਕ ਦਿਨ ਸੀਮਾ ਆਵਦੇ ਟੱਬਰ ਕੋਲ ਵਾਪਸ ਆਵੇਗੀ, ਅਤੇ ਫਿਰ ਚੰਗੇ ਰਾਹ ਇੰਨ੍ਹਾਂ ਨੂੰ ਲੈ ਕੇ ਜਾਵੇਗੀ। ਇੰਨ੍ਹਾਂ ਵਰਗੇ ਦੇਸ ਵਿਚ ਬਹੁਤ ਲੋਕ ਹਨ। ਕਹਿ ਸਕਦੇ ਵੱਧ ਇਸ ਤਰ੍ਹਾਂ ਦੇ ਹੀ ਹਨ।

ਸੀਮਾ ਨੂੰ ਅਗਾਂਹ ਦਾ ਫਿਕਰ ਨਹੀਂ ਸੀ, ਪਰ ਜੀਜਾ ਦਾ ਕੀਤਾ ਕਤਰਿਆ ਵੇਖ ਕੇ ਉਸ ਦਾ ਰੁੱਗ ਭਰਿਆ ਗਿਆ! ਸੀਮਾ ਦੇ ਸਾਹਮਣੇ ਰਿਸ਼ੀ ਅਤੇ ਉਸਦੇ ਭਣਵਈਏ ਨੇ ਰਿਸ਼ੀ ਦੀ ਸਜਾਈ ਹੋਈ ਭਣੇਵੀਂ ਨੂੰ ਬਾਹਰ ਜਾ ਕੇ ਕੂੜੇ ਵਾਂਗ ਮੈਲ਼ੇ ਢੇਰ ਉੱਤੇ ਸੁੱਟ ਦਿੱਤਾ। ਬਚੀ ਦੀ ਲਾਸ਼ ਨੂੰ ਦੋ ਡਗ ਕੁੱਤਿਆਂ ਨੇ ਜਬੜਾਂ’ਚ ਪਾ ਕੇ ਆਪਸ ਵਿਚ ਖਿੱਚ ਧੂਹ ਕੇ ਵੱਢ ਦਿੱਤੀ ਸੀ।

ਰਿਸ਼ੀ ਦਾ ਭਣਵਈਆ ਖੁਦ ਕੁੱਤਾ ਸੀ। ਕੰਮ ਕਾਰ ਉਸਦਾ ਕਿਤਾਬਾਂ ਛਾਪਣਾ ਸੀ। ਰਿਸ਼ੀ ਥੋੜ੍ਹਾ ਚਿਰ ਉਸਦੇ ਨਾਲ਼ ਸਿਖਾਂਦਰੂ ਸੀ। ਭਣਵਈਏ ਨੇ ਕੀ ਤਾਲੀਮ ਹਾਸਲ ਕੀਤਾ! ਰਿਸ਼ੀ ਨੇ ਸਿਖਿਆ ਮੁਸੰਨਫ਼ ਦੀ ਹਜਾਮਤ ਕਰਨੀ; ਉਸ ਤੋਂ ਪੈਸੇ ਲੈ ਕੇ ਘਟੀਆ ਕਾਪੀਆਂ ਪੇਸ਼ ਕਰਕੇ, ਉਰਾਂ ਪਰਾਂ ਕਰਨਾ। ਹੋਰ ਪੈਸੇ ਮੰਗ ਕੇ ਕੁੱਝ ਨਹੀਂ ਕਰਨਾ। ਉਂਗਲੀ ਵੀ ਨਹੀਂ ਚਕਣੀ ਮਾਲ ਨੰੁੂ ਨਾਮ ਕਮਾਉਣ ਨੂੰ। ਗੱਲਾਂ ਐਸੇ ਕਰਨੀਆਂ ਸਾਰਾ ਸੰਸਾਰ ਘੁੰਮ ਕੇ ਆ ਜਾਣਾ। ਸਾਹਿਤ ਲਈ ਕੋਈ ਪਿਆਰ ਨਹੀਂ, ਸਿਰਫ਼ ਗੰਢੇ ਵੇਚਣ ਦੀ ਗੱਲ ਸੀ। ਲਿਖਾਰੀ ਕੋਲ ਹੋਰ ਰਾਹ ਨਹੀਂ; ਇਸ ਕਰ ਕੇ ਇੱਦਾਂ ਹੀ ਰਹਿੰਦਾ। ਇਸ ਤਰ੍ਹਾਂ ਖਰਬ ਹੋਰ ਉਦਾਹਰਨ ਹਨ ਕਿਵੇਂ ਅਪਣੇ ਹੀ ਲੋਕਾਂ ਨੂੰ ਠੱਗਦਾ ਹੈ। ਓਂਕਾਰ ਨੇ ਤਾਂ ਸੀਮਾ ਨੂੰ ਕਿਹਾ ਸੀ ਕਿ ਅਸਲੀਅਤ ਵਿਚ ਰਾਜ ਕਰਨ ਵਾਲਿਆਂ ਦਾ ਰੰਗ ਰੂਪ ਨਹੀਂ ਬਦਲਿਆ। ਥੋੜ੍ਹੇ ਗੋਰੇ ਜਾਂ ਮੁਗਲ ਇੰਨੇ ਵੱਡੇ ਮੁਲਕ ਦਾ ਰਾਜ ਨਹੀਂ ਕਰ ਸਕਦੇ ਸੀ ਮੁਕਾਮੀ ਮਦਦ ਤੋਂ ਬਿੰਨਾ। ਉਸ ਵੇਲੇ ਅਤੇ ਅੱਜ ਵੀ ਓਈ ਚੋਰ ਹੈ, ਹੇਰਾ ਫੇਰੀ ਕਰਦੇ। ਵੱਧ ਮਾਰ ਧਾੜ ਦੇਸ ਦੀ ਮੁਕਾਮੀ ਬੰਦਿਆਂ ਨੇ ਹੀ ਕੀਤਾ, ਅਤੇ ਹਾਲੇ ਵੀ ਕਰ ਰਹੇ ਹਨ। ਰਿਸ਼ੀ ਵੀ ਉਸ ਊਖਾਤ ਦਾ ਸੀ।

ਰਿਸ਼ੀ ਦਾ ਅਤੀਤ ਜਿਵੇਂ ਕਿਵੇਂ ਵੀ ਹੋਵੇ। ਸੀਮਾ ਨੂੰ ਤਾਂ ਇਕ ਮਤਲਬ ਸੀ, ਉਸਦੀ ਭੈਣ ਖ਼ੁਸ਼ ਰਹੇ। ਜੋ ਦਿੱਸਦਾ ਸੀ ਲੱਗਦਾ ਇੱਦਾਂ ਹੀ ਹੋਵੇਗਾ, ਭਾਵੇਂ ਸੀਮਾ ਨੂੰ ਦੋਨਾਂ ਦੀਆਂ ਆਦਤਾਂ ਭੈੜੀਆਂ ਲੱਗ ਦੀਆਂ ਸੀ। ਸੀਮਾ ਦਾ ਧਿਆਨ ਹੁਣ ਰੀਟਾ ਦੇ ਘਰ ਵਾਲੇ ਵੱਲ ਵੱਧਿਆ।

ਬੱਲੀ ਪੈਂਸਲ ਵਾਂਗ ਪਤਲਾ ਸੀ। ਰਿਸ਼ੀ ਦਾ ਪੂਰਾ ਪੁੱਠਾ। ਸੀਮਾ ਨੂੰ ਬੱਲੀ ਦਾ ਬੀਤਿਆ ਅਤੇ ਬਾਕੀ ਦਿੱਸਦਾ ਸੀ। ਬੱਲੀ ਰੀਟਾ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਹਮੇਸ਼ਾ ਕਰੂਗਾ। ਰੀਟਾ ਵੀ ਵੱਡੀ ਭੈਣ ਤਰ੍ਹਾਂ ਲਾਲਚੀ ਸੀ, ਪਰ ਜਦ ਦੀ ਪਾਪੇ ਕੋਲ਼ ਦੌਲਤ ਆਈ ਲੋੜਾਂ ਪੂਰੀਆਂ ਸਨ। ਕੋਟਲੀ ਦਾ ਘਰਾਣਾ ਵੀ ਬਹੁਤ ਅਮੀਰ ਸੀ। ਸੀਮਾ ਨੂੰ ਦਿੱਸਿਆ ਕਿ ਬੱਲੀ ਦਾ ਬਾਪੂ ਵੱਡਾ ਸਿਆਸਤਦਾਨ ਸੀ ਅਤੇ ਲੋਕਾਂ ਨੂੰ ਡਰਾ ਕੇ, ਜਾਂ ਵੱਢੀ ਦੇ ਕੇ ਜਾਂ ਜਨਤਾ ਖ਼ੁਸ਼ ਕਰਕੇ ਕੁਰਸੀ ਜਿੱਤ ਜਾਂਦਾ ਸੀ। ਕੋਟਲੀ ਸਿਆਸੀ ਟੱਬਰ ਸੀ। ਸਭ ਨੂੰ ਪਤਾ ਸੀ ਕੋਟਲੀ ਗੁੰਡੇ ਸਨ, ਪਰ ਹਮੇਸ਼ਾ ਓਨ੍ਹਾਂ ਲਈ ਵੋਟ ਕਰਦੇ ਸੀ। ਮਿੱਠੀਆਂ ਮਿੱਠੀਆਂ ਗੱਲਾਂ ਨਾਲ਼ ਜਾਂ ਪੈਸੇ ਦੇ ਦੇ ਕੇ ਇੰਤਖਾਬ ਜਿੱਤ ਜਾਂਦੇ ਸੀ। ਲੋਕਾਂ ਨੂੰ ਬਚਨ ਦੇ ਕੇ ਤੋੜ ਦਿੰਦੇ ਸੀ। ਜਦ ਕੁਰਸੀ ਹੱਥ’ਚ ਆ ਜਾਂਦੀ ਸੀ, ਵਾਇਦੇ ਪੂਰੇ ਕਰਨ ਦੀ ਲੋੜ ਨਹੀਂ ਸੀ। ਜਦ ਅਗਲਾ ਮਤਦਾਨ ਆਉਣਾ, ਲੋਕਾਂ ਨੂੰ ਫਿਰ ਰਾਜ਼ੀ ਕਰ ਦਿੰਦੇ ਸਨ। ਜਨਤਾ ਧਰਮਿਕ ਸੀ ਅਤੇ ਧਰਮ ਦੇ ਨਾਂ’ਚ ਤਾਕਤ ਰਖਣ ਲਈ ਬਹੁਤ ਮੌਕੇ ਸਨ। ਧਰਮਿਕ ਪਾਰਟੀਆਂ ਨਾਲ਼ ਸਬੰਦ ਕਰਕੇ ਫਿਰ ਕੁਰਸੀ ਜਿੱਤ ਜਾਂਦੇ ਸੀ। ਝੂਠ ਬੋਲ ਕੇ ਕਿਸੇ ਨੂੰ ਦੇਸ ਦਾ ਵੈਰੀ ਬਣਾ ਕੇ ਕੁੱਟ ਮਾਰ ਕਰਵਾ ਕੇ ਖੇਲ ਜਿੱਤਦੇ ਰਹਿੰਦੇ ਨੇ। ਪਰ ਬੱਲੀ ਬੁਰਾ ਨਹੀਂ ਸੀ। ਟੱਬਰ ਹੀ ਨੰਬਰ ਦੋ ਸੀ।

ਸੀਮਾ ਨੂੰ ਅੱਗੇ ਦਿੱਸਦਾ ਸੀ। ਬੱਲੀ ਦੇ ਭਰਾ ਨੇ ਇੰਗਲੈਂਡ ਤੋਂ ਪਰਤ ਕੇ ਆ ਜਾਣਾ ਸੀ। ਕੋਟਲੀ ਨੇ ਮੁੰਡੇ ਨੂੰ ਕੁਰਸੀ ਲਈ ਤਿਆਰ ਕਰ ਦੇਣਾ ਸੀ। ਬਾਪ ਹੁਣ ਬੁੱਢਾ ਸੀ ਅਤੇ ਉਸ ਨੂੰ ਪਤਾ ਸੀ ਲੋਕ ਉਸ ਨਾਲ਼ ਅੱਕ ਗਏ ਹਨ। ਤਾਕਤ ਘਰ’ਚ ਰੱਖਣ ਲਈ ਪੁੱਤਰ ਤਿਆਰ ਕਰਦਾ ਸੀ। ਜਿਹਾ ਪਿਓ ਤਿਹਾ ਪੁੱਤ। ਬੱਲੀ ਦੀ ਅਦਤ ਹੋਰ ਸੀ। ਉਸ ਲਈ ਤਾਣ ਲਾਉਣ ਦਾ ਕੋਈ ਫਾਇਦਾ ਨਹੀਂ ਸੀ। ਪਰ ਉਸਦੇ ਭਰਾ ਜਿਸ ਦਾ ਨਾਂ ਮੁੰਨਾ ਸੀ, ਨੂੰ ਬਹੁਤ ਫਾਇਦਾ ਸੀ। ਬਾਪੂ ਹਾਲੇ ਵੀ ਜੋਰ ਰੱਖ ਸਕਦਾ ਸੀ, ਕਿਉਂਕਿ ਮੁੰਨੇ ਨੇ ਲੋਕਾਂ ਨੂੰ ਕੁੱਝ ਨਹੀਂ ਦੇਣਾ ਸੀ। ਘੂਸ ਲੈ ਦੇ ਕੇ, ਉਪੱਦਰ ਕਰਵਾ ਕੇ ਆਪ ਲਈ ਪੈਸੇ ਦੱਬ ਲੈਣਾ ਸੀ। ਆਵਦੀ ਮੁੱਠ ਗਰਮ ਕਰਨੀ ਬੁੱਢਾ ਜਾਣਦਾ ਸੀ। ਮਾਲ ਪੈਸਾ ਖੁਦ ਖਾ ਜਾਣਾ ਸੀ। ਬਾਪੂ ਮੁੰਨੀ ਦੇ ਕੰਡ ਤੇ ਹੱਥ ਰੱਖਦਾ ਸੀ ਨਾ, ਫਿਰ ਮੁੰਨੇ ਨੂੰ ਕੀ ਫਿਕਰ ਸੀ? ਲੋਕ ਭੁੱਖੇ ਮਰਦੇ ਨੇ, ਬੁੱਢਾ ਆਮ ਦੋਂ ਤਿੱਤਰ ਰੋਜ ਖਾਂਦਾ ਸੀ। ਜੇ ਕਿਸੇ ਨੇ ਕੁੱਝ ਵੀ ਕਿਹਾ, ਪੁਲਸ ਕੋਟਲੀ ਦੇ ਹੱਥ’ਚ ਸੀ। ਗੁੰਡੇ ਵੀ ਹੱਥ ਵਿੱਚ ਸੀ। ਸਭ ਨਾਲ਼ ਪੁਤਲੀ ਦਾ ਤਮਾਸ਼ਾ ਕਰਦਾ ਸੀ। ਜਮਹੂਰੀਅਤ ਦੇ ਥਾਂ, ਟੱਬਰ ਨੇ ਰਾਜ ਹੀ ਕਰਨਾ ਸੀ। ਸੀਮਾ ਨੂੰ ਇਹ ਸਭ ਦਿੱਸਦਾ ਸੀ, ਭਾਵੇਂ ਹਾਲੇ ਹੋਇਆ ਨਹੀਂ ਸੀ। ਕੋਟਲੀ ਰਾਜ ਕਿਉਂ? ਹੋਣਾ? ਕਿਉਂਕਿ ਮੁੰਨਾ ਦੇ ਖਿਲਾਫ਼ ਬੱਲੀ ਹੀ ਖੜੂਗਾ। ਦੋਨਾਂ’ਚੋਂ ਜਿਹੜਾ ਮਰਜੀ ਜਿੱਤੇ, ਖਾਨਦਾਨ ਦੇ ਹੱਥ ਵਿਚ ਕੁਰਸੀ ਰਹਿਣੀ ਸੀ। ਬੱਲੀ ਨੂੰ ਸਮਝ ਆ ਜਾਣੀ ਸੀ ਕਿ ਲੋਕ ਕੋਟਲੀ ਤੋਂ ਅੱਕਗੇ। ਇਸ ਦਾ ਹੱਲ ਕਰਮ ਲਈ ਬਾਪ ਭਰਾ ਦੇ ਖਿਲਾਫ਼ ਵੋਟਾਂ’ਚ ਖੜ੍ਹ ਜਾਣਾ। ਉਸ ਤੋਂ ਬਾਅਦ ਰੀਟਾ ਕੋਲ਼ ਸਭ ਕੁੱਝ ਹੋਵੇਗਾ। ਜਨਤਾ ਲਈ ਕੁੱਝ ਨਹੀਂ ਬਦਲਣਾ। ਜਿਵੇਂ ਦੁਨੀਆ ਚੱਲਦੀ ਰਹੀ, ਇੰਜ ਹੀ ਚੱਲੀ ਜਾਣੀ। ਜਿੰਨ੍ਹਾਂ ਨੇ ਆਵਦਾ ਕੁੱਝ ਬਣਾਉਣਾ, ਬਾਹਰਲੇ ਮੁਲਕਾ ਵੱਲ ਨੱਸ ਜਾਣਾ। ਪਰ ਸਚਾਈ ਹੈ ਗੋਰਿਆਂ ਦੇ ਦੇਸਾਂ ਦਾ ਥੱਲਾ ਹੋਣ ਲੱਗਿਆ ਸੀ। ਕੋਈ ਬਾਤ ਨਹੀਂ। ਰੀਟਾ ਤਾਂ ਠੀਕ ਹੀ ਹੋਵੇਗੀ। ਬੱਲੀ ਚੰਗਾ ਬੰਦਾ ਸੀ। ਇਸ ਗੱਲ ਤੋਂ ਸੀਮਾ ਬਹੁਤ ਖ਼ੁਸ਼ ਸੀ।

ਸੀਮਾ ਨੂੰ ਫਿਰ ਇਕ ਹੋਰ ਗੱਲ ਦਿੱਸੀ। ਇਕ ਦਿਨ ਗੁਲਾਮ ਜਾਤ ਕੁਜਾਤਾਂ ਨੇ ਅੱਕ ਕੇ ਖੜ੍ਹ ਜਾਣਾ ਹੈ। ਸ਼ੋਰਸ਼ ਸਦੀਆਂ ਦਾ ਅੱਤਿਆਚਾਰ ਨੂੰ ਕਹਿਰ ਨਾਲ਼ ਅੰਤ ਕਰਦੂਗੀ...ਜਦ ਆਮ ਲੋਕਾਂ ਦੀਆਂ ਅੱਖਾਂ ਖੁਲ੍ਹ ਗਈਆਂ...ਜਦ ਜਾਤ ਦਾ ਜੋਰ ਮੁਕ ਗਿਆ। ਜਦ ਲਕਾਂ ਨੂੰ ਅਣਖ ਅਤੇ ਅਕਲ ਆ ਗਈ। ਉਸ ਵਕਤ ਰੀਟਾ ਅਤੇ ਬੱਲੀ ਲਈ ਖਤਰਾ ਹੋ ਸਕਦਾ। ਪਰ ਭਵਿਖ ਗੁਬਾਰ ਵਿਚ ਢਕਿਆ ਹੋਇਆ ਸੀ। ਧੁੱਧ ਸੀ। ਪਰ ਸੀਮਾ ਨੂੰ ਲੱਗਦਾ ਭਾਵੇਂ ਭਿਆਨਕ ਨਤੀਜਾ ਦੋਨਾਂ ਲਈ ਹੋ ਸਕਦਾ। ਭਾਵੇਂ।

ਸੀਮਾ ਨੇ ਇਸ ਸੋਚ ਨੂੰ ਪਾਸੇ ਧੱਕ ਦਿੱਤਾ। ਉਸਦਾ ਧਿਆਨ ਹੁਣ ਮਾਂ ਵੱਲ ਗਿਆ। ਮਾਂ ਜੀ ਦੇਖਣ’ਚ ਸ਼ੰਕਰ’ਤੇ ਮੀਨਾ ਦੀਆਂ ਗੱਲਾਂ ਵਿਚ ਰੁੱਝੀ ਹੋਈ ਸੀ। ਪਰ ਸੀਮਾ ਨੂੰ ਮਨ ਵਿਚ ਦਿੱਸਦਾ ਸੀ। ਜਿਸ ਹਾਲ ਵਿਚ ਓਂਕਾਰ ਦੇ ਤੰਤਰ ਛੱਪਰ ਨੇ ਰੱਖਿਆ ਸੀ, ਜੋ ਬੀਤਿਆ, ਜੋ ਹੋਣਾ, ਜੋ ਹੁੰਦਾ, ਸਭ ਦਿੱਸਦਾ ਸੀ, ਸਭ ਅਨੁਭਵ ਹੁੰਦਾ ਸੀ।

ਮਾਂ ਬਹੁਤ ਖ਼ੁਸ਼ ਸੀ ਕਿ ਸ਼ੰਕਰ ਨੂੰ ਮੀਨਾ ਮਿਲ ਗਈ ਸੀ। ਬਹੁਤ ਖ਼ੁਸ਼ ਸੀ ਆਵਦੀਆਂ ਧੀਆਂ ਨੂੰ ਚੰਗੇ ਮੁੰਡੇ ਮਿਲ ਗਏ ਸਨ। ਪਰ ਸਭ ਤੋਂ ਵੱਧ ਖ਼ੁਸ਼ੀ ਸੀ ਕਿ ਉਸਦਾ ਪਤਨੀ ਬਦਲ ਗਿਆ ਸੀ। ਉਸਨੇ ਕਦੀ ਨਹੀਂ ਹੱਥਾਂ ਵੱਲ ਝਾਕਣਾ। ਪਰ ਮਾਂ ਦਾ ਮਨ ਕੱਲਾ ਖ਼ੁਸ਼ੀਆਂ ਨਾਲ਼ ਨਹੀਂ ਭਰਿਆ ਸੀ। ਉਦਾਸ ਵੀ ਸੀ ਕਿਉਂਕਿ ਮਾਂ ਆਵਦੀ ਕੁੜੀ ਨੂੰ “ਮਿਸ” ਕਰਦੀ ਸੀ। ਬਹੁਤ “ਮਿਸ ਕਰਦੀ ਸੀ”। ਮਾਂ ਦੀਆਂ ਸੋਚਾਂ ਨੇ ਸੀਮਾ ਨੂੰ ਦਸ ਦਿੱਤਾ ਸੀ ਕਿ ਖ਼ਤ ਮਿਲ ਗਿਆ। ਖਤ ਪੜ੍ਹ ਲਿਆ। ਮਾਂ ਨੂੰ ਫਿਕਰ ਸੀ ਕਿਸ ਤਰ੍ਹਾ ਦਾ ਆਦਮੀ ਓਂਕਾਰ ਸੀ, ਅਤੇ ਸ਼ੱਕ ਸੀ ਬੰਦਾ ਨਹੀਂ ਸੀ, ਪਰ ਜਿੰਨ ਸੀ। ਹਾਂ, ਟੱਬਰ ਨੂੰ ਦੌਲਤ ਮਿਲ ਗਈ, ਪਰ ਸੀਮਾ ਦੀ ਜ਼ਿੰਦਗੀ ਬਿਖੜੇ ਰਾਹ ਚੱਲੇ ਗਈ। ਉਪਰੋਂ ਤਾਂ ਮਾਂ ਨੂੰ ਇੰਞ ਹੀ ਲੱਗਦਾ ਸੀ। ਮਾਂ ਨੂੰ ਸਿਰਫ਼ ਇਕ ਸੋਚ ਟੈਂਸ਼ਨ ਦੇ ਕੌੜੇ ਘੁੱਟ ਭਰਨ ਰੋਕ ਦੀ ਸੀ। ਪੰਜਾਬ ਪਹੁੰਚਣ ਤੋਂ ਬਾਅਦ ਸੀਮਾ ਘਰ ਵਾਪਸ ਆ ਸਕਦੀ ਸੀ। ਮਾਂ ਦਾ ਸਭ ਤੋਂ ਵੱਡਾ ਫਿਕਰ ਸੀ ਕਿ ਸੀਮਾ ਨੂੰ ਬੁੱਢੇ ਨੇ ਹੱਥ ਲਾਇਆ। ਹੁਣ ਨਿਸ਼ਚਿੰਤ ਸੀ ਕਿਉਂਕਿ ਸੀਮਾ ਦੀ ਚਿੱਠੀ ਨੇ ਦੱਸ ਦਿੱਤਾ ਕਿ ਓਂਕਾਰ ਲੰਗੋਟ ਦਾ ਢਿੱਲਾ ਨਹੀਂ ਸੀ। ਓਨ੍ਹੇ ਸੀਮਾ ਨੂੰ ਬੁਰੀ ਨਜ਼ਰ ਨਾਲ਼ ਨਹੀਂ ਵੇਖਿਆ। ਲਾਪਤਾ ਧੀ ਦਾ ਹੁਣ ਪਤਾ ਸੀ। ਮੁਸਤਕਬਿਲ ਧੁੰਧ ਦੀ ਬੁਕਲ ਵਿਚ ਲੁਕੋਇਆ ਸੀ, ਪਰ ਸੀਮਾ ਨੂੰ ਅਹਿਸਾਸ ਸੀ ਕਿ ਮਾਂ ਨੂੰ ਹੁਣ ਤੋਂ ਬਾਅਦ ਕੋਈ ਦੁੱਖ ਨਹੀਂ ਹੋਣਾ, ਅਤੇ ਇਕ ਦਿਨ ਫਿਰ ਮਿਲਣਾ ਸੀ।

ਮਾਂ ਦਾ ਸਿਰ ਸੀਮਾ ਵੱਲ ਘੁੰਮਿਆ; ਇੰਜ ਲਗਿਆ ਸੀਮਾ ਨੂੰ ਜਿਵੇਂ ਉਸ ਨੂੰ ਪਤਾ ਸੀ ਸੀਮਾ ਦਸਤਰਖਾਨ ਦੇ ਥਾਂ ਖੜ੍ਹੋਤੀ ਸੀ। ਸੀਮਾ ਨੇ ਮਾਂ ਨੂੰ ਤਬੱਸਮ ਦਿੱਤਾ, ‘ਤੇ ਮਾਂ ਦੀਆਂ ਅੱਖਾਂ ਖ਼ੁਸ਼ੀ ਨਾਲ਼ ਭਰ ਗਈਆਂ। ਮਾਂ ਨੂੰ ਸਮਝ ਨਹੀਂ ਸੀ ਆਈ ਕਿਉਂ, ਪਰ ਉਸਦੀਆਂ ਸੋਚਾਂ’ਚੋਂ ਸੀਮਾ ਨੂੰ ਦਿੱਸਦਾ ਸੀ ਮਾਂ ਹੁਣ ਖ਼ੁਸ਼ ਸੀ। ਪਰਸ਼ਾਨੀ ਸੀਮਾ ਬਾਰੇ ਹੁਣ ਤੱਕ ਚਿੰਤਾ ਦੀ ਪੀੜ ਕਰਾਉਂਦੀ ਸੀ, ਪਰ ਉਹ ਡਰ ਟੁੱਟ ਗਏ। ਸੀਮਾ ਨੇ ਅੱਗੇ ਹੋ ਕੇ ਮਾਂ ਦੇ ਮੁਖੜੇ ਉੱਤੇ ਹੱਥ ਫੇਰਿਆ। ਹਵਾ ਵਾਂਗ ਮਾਂ ਨੂੰ ਮਹਿਸੂਸ ਹੋਇਆ, ਪਰ ਸੀਤ ਤੋਂ ਡਰਣ ਦੇ ਥਾਂ ਬੁੱਲ੍ਹਾਂ ਉੱਤੇ ਮੁਸਕਾਨ ਵੱਧ ਗਈ।

“ ਕੀ ਗੱਲ ਏ ਮਾਂ ਜੀ”, ਸ਼ੰਕਰ ਨੇ ਆਖਿਆ। ਉਸਨੂੰ ਸਾਰਿਆਂ ਵਾਂਗ ਸੀਮਾ ਨਹੀਂ ਦਿੱਸਦੀ ਸੀ।
“ ਕੁੱਝ ਨਹੀਂ ਬੇਟਾ। ਬੱਸ ਸਭ ਕੁਛ੍ਹ ਠੀਕ ਏ। ਪਤਾ ਨਹੀਂ ਕਿਉਂ, ਪਰ ਐਸਾ ਹੀ ਲੱਗਦਾ”।
“ ਮਾਂ ਜੀ ਸੀਮਾ ਬਾਰੇ ਨਾ ਫਿਕਰ ਕਰ, ਮੈਂ...”, ਮੀਨਾ ਨੇ ਸ਼ੁਰੂ ਕੀਤਾ।
“...ਹਾਂ ਬੇਟੀ। ਕੋਈ ਸ਼ੱਕ ਨਹੀਂ ਠੀਕ ਏ,’ਤੇ ਜਰੂਰ ਥੋੜ੍ਹੀ ਦੇਰ ਤੱਕ ਸਾਡੇ ਕੋਲ਼ ਵਾਪਸ ਆ ਜਾਣਾ। ਇਸ ਗੱਲ’ਤੇ ਮੈਨੂੰ ਪੂਰਾ ਭਰੋਸਾ ਹੈ”।

ਮਾਂ ਸੁਖੀ ਸੀ, ਸੀਮਾ ਅਸ਼ੋਕ ਸੀ। ਜੋ ਦੇਖਣਾ ਸੀ ਦੇਖ ਲਿਆ। ਇਕ ਹੀ ਕਮੀ ਰਹਿ ਗਈ। ਓਨ੍ਹਾਂ ਨੂੰ ਛੋਹ ਨਹੀਂ ਸਕੀ; ਓਨ੍ਹਾਂ ਨੂੰ ਸੀਮਾ ਦਾ ਫੇਰਾ ਪਾਉਣ ਦਾ ਕੁੱਝ ਨਹੀਂ ਪਤਾ ਸੀ। ਮਾਂ ਨੂੰ ਪਤਾ ਸੀ। ਪਿਆਰੀ ਮਾਂ ਨੂੰ। ਹੁਣ ਸੀਮਾ ਦੇ ਆਲੇ ਦੁਆਲੇ ਧੁੰਧ ਵਾਪਸ ਆ ਗਈ। ਬਾਂਹ ਜੋਰ ਦੇਣੀ ਖਿੱਚ ਰਹੀ ਸੀ। ਸੀਸ ਪਾਣੀ’ਚੋਂ ਬਾਹਰ ਚੱਕਿਆ।

ਸੀਮਾ ਜੰਗਲ ਵਿੱਚ ਸੀ।
ਉਸਦੇ ਸਾਹਮਣੇ ਓਂਕਾਰ ਸੀ।

ਓਂਕਾਰ ਨੇ ਸੀਮਾ ਦਾ ਗਿੱਲਾ ਮੂੰਹ ਸਾਫ਼ ਕੀਤਾ। ਉਸਦੇ ਬੁੱਲ੍ਹਾਂ ਨੇ ਖੰਡ ਬੋਲ ਕੱਢਿਆ, “ਸੀਮਾ...ਮੇਰੀ ਸੀਮਾ”। ਸੀਮਾ ਆਵਦੇ ਟੱਬਰ ਨੂੰ ਵੇਖਣਾ ਚਾਹੁੰਦੀ ਸੀ ਅਤੇ ਓਂਕਾਰ ਨੇ ਬਚਨ ਪਾਲ ਦਿੱਤਾ ਸੀ। ਭਰਵੀਂ ਨਿਗ੍ਹਾ ਨਾਲ਼ ਉਸਨੇ ਸੀਮਾ ਵੱਲ ਤੱਕਿਆ। ਸੀਮਾ ਵੀ ਕਈ ਚਿਰ ਲਈ ਉਸ ਵੱਲ ਵੇਂਹਦੀ ਰਹੀ। ਆਸ ਪਾਸ ਜੰਗਲ ਧੂਮ ਧਾਮ ਨਾਲ਼ ਚੀਕ ਚਿਹਾੜਾ ਪਾਉਂਦਾ ਸੀ। ਸੀਮਾ ਦਾ ਸਾਹ ਫੁੱਲਣ ਲੱਗ ਪਿਆ। ਸੀਮਾ ਨੇ ਅੱਖਾਂ ਮੀਟੀਆਂ। ਓਂਕਾਰ ਨੇ ਬੁੱਲ੍ਹਾਂ ਨੂੰ ਛਾਂ ਦਿੱਤੀ।

ਪਹੁ ਫੱਟਣ ਤੋਂ ਪਹਿਲਾਂ ਦੋਨੋਂ ਟ੍ਰੇੱਲਰ’ਚ ਵਾਪਸ ਆ ਗਏ ਸਨ। ਘੰਟੇ ਲਈ ਕੈਰਮ ਖੇਡੇ। ਚੁੱਪ ਚਾਪ ਰਹੇ। ਕੋਈ ਨਹੀਂ ਬੋਲਿਆ। ਟੈਪ ਲਾਈ ਸੀ। ਬੋਬੀ ਫਿਲਮ ਦਾ ਗਾਣਾ ਚੱਲਦਾ ਸੀ, “ਹਮ ਤੁਮ ਇਕ ਕਮਰੇ ਮੇ ਬੰਦ ਹੋ ਔਰ ਚਾਬੀ ਖੋ ਜਾਏ ”। ਜਦ ਸ਼ੇਰ ਦਾ ਨਾਂ ਲਿਆ, ਸੀਮਾ ਨੇ ਨੀਝ ਨਾਲ਼ ਓਂਕਾਰ ਵੱਲ ਝਾਕਿਆ। ਮੀਆਂ ਮਿੱਠੂ ਆਵਾਜ਼’ਚ ਉਸਨੇ ਕਿਹਾ, “ ਫਿਕਰ ਨਾ ਕਰ ਮੇਰੀ ਪਿਆਰੀ ਸੀਮਾ”।

ਸੂਰਜ ਉੱਠ ਗਿਆ।

ਓਂਕਾਰ ਜੰਗਲ ਵਿੱਚ ਚੱਲੇ ਗਿਆ।

ਸੀਮਾ ਬਾਰੀ’ਚੋਂ ਬਾਹਰ ਵੇਖਦੀ ਵੇਖਦੀ ਰੋਣ ਲੱਗ ਪਈ।

ਬਾਹਰੋਂ ਓਂਕਾਰ ਦੀਆਂ ਚੀਕਾਂ ਆਈਆਂ॥


         

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com