ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ


ਬਾਨੋਂ ਅੱਜ ਕਾਫ਼ੀ ਉਦਾਸ ਸੀ।

ਭਾਵੇਂ ਉਸ ਦੀ ਰੇੜ੍ਹੀ ਦੇ ਫ਼ਲ ਜ਼ਿਆਦਾ ਵਿਕੇ ਸਨ। ਚੰਗੀ ਵੱਟਤ ਹੋਈ ਸੀ। ਪਰ ਹਰ ਰੋਜ਼ ਵਾਂਗ ਅੱਜ ਉਸ ਨੂੰ ਕਿਸੇ ਦੀ ਤਾਂਘ ਸੀ, ਜੋ ਉਸ ਦਾ ਧਿਆਨ ਰੱਖਦਾ ਅਤੇ ਫ਼ਿਕਰ ਕਰਦਾ ਸੀ। ਹਾਂ, ਸੱਚ ਹੀ ਤਾਂ ਹੈ, ਮੈਨੂੰ ਇੰਤਜ਼ਾਰ ਹੈ ਮੋਹਣ ਬਾਬੂ ਦੇ ਆਉਣ ਦਾ! ਮੇਰੇ ਬੇਟੇ ਜਿੰਨੀ ਹੀ ਉਮਰ ਹੋਣੀ ਹੈ ਉਸ ਦੀ। ਪਰ ਉਸ ਨਾਲ ਰਿਸ਼ਤਾ ਕੀ ਹੈ? ਬੱਸ, ਸ਼ਾਮ ਨੂੰ ਆ ਕੇ ਮੇਰੀ ਰੇੜ੍ਹੀ 'ਤੇ ਫ਼ਲ ਲੈਣ ਦਾ? ਫ਼ਲ ਖਰੀਦਣ ਵਾਲੇ ਇੱਕ ਗਾਹਕ ਦਾ? ਉਹ ਚੁੱਪ ਚਾਪ ਸੋਚ ਰਹੀ ਸੀ। ਸੋਚ ਦੌਰਾਨ ਉਸ ਦੇ ਜ਼ਿਹਨ ਵਿਚ ਆਪਣੇ ਪੁੱਤਰ ਵਿਨੋਦ ਦੇ ਕੁਰੱਖ਼ਤ ਬੋਲ ਗੂੰਜੇ, "ਮਾਂ ਤੂੰ ਤਾਂ ਜਾਣਦੀ ਹੈਂ ਕਿ ਉਸ ਦਾ ਸੁਭਾਅ ਹੀ ਕੌੜਾ ਹੈ, ਘਰ ਵਿਚ ਤੂੰ ਸ਼ਾਂਤੀ ਕਿਉਂ ਨੀ ਬਣਾ ਕੇ ਰੱਖਦੀ?" ਤੇ ਬਾਨੋਂ ਬੋਲੀ ਸੀ, "ਬੇਟੇ ਅੱਜ ਮੈਂ ਸਾਰਾ ਕੰਮ ਕੀਤਾ ਘਰ ਵਿਚ। ਮੈਨੂੰ ਆਪਣੀ ਤਬੀਅਤ ਠੀਕ ਨਹੀਂ ਲੱਗੀ, ਤਾਂਹੀਂ ਮਾੜੇ ਜਿਹੇ ਕੰਮ ਨੂੰ ਤੇਰੀ ਵਹੁਟੀ ਨੂੰ ਕਹਿ ਬੈਠੀ, ਬੱਸ....!" ਬਾਨੋਂ ਮਜਬੂਰੀ ਦੀ ਮੂਰਤ ਬਣੀ ਖੜ੍ਹੀ ਸੀ।

"ਤਬੀਅਤ ਨਹੀਂ ਠੀਕ ਤਾਂ ਇਹਨੂੰ ਕਹੋ ਕਿ ਹਸਪਤਾਲ ਜਾ ਕੇ ਪੈ ਜਾਵੇ! ਐਥੇ ਕੀ ਇਹ ਸੁਆਹ ਕਰਦੀ ਹੈ? ਘਰੇ ਬੈਠੀ ਰਹਿੰਦੀ ਐ ਰੋਟੀਆਂ ਦਾ ਖੌਅ, ਵਿਹਲੜ!" ਇੱਕ ਖੂੰਜਿਓਂ ਬਘਿਆੜ੍ਹੀ ਨੂੰਹ ਦੀ ਅਵਾਜ਼ ਬਾਨੋਂ ਦੇ ਕੰਨਾਂ ਨਾਲ ਟਕਰਾਈ, ਤਾਂ ਉਸ ਦੇ ਪੁੱਤਰ ਵਿਨੋਦ ਨੇ ਖਿਝ ਕੇ ਕਿਹਾ, "ਮਾਂ, ਤੂੰ ਘਰ ਵਿਚ ਕਲੇਸ਼ ਦਾ ਮਾਹੌਲ ਈ ਬਣਾਈ ਰੱਖਦੀ ਹੈਂ, ਕਦੇ ਸ਼ਾਂਤੀ ਵੀ ਰੱਖ ਲਿਆ ਕਰ!" ਇਹ ਨਿੱਤ ਦਾ ਹੀ ਰਵੀਰਾ ਬਣ ਗਿਆ ਸੀ। ਅੱਜ ਵਿਨੋਦ ਨੇ ਫ਼ੈਸਲਾ ਕਰ ਲਿਆ ਸੀ, "ਮਾਂ ਤੂੰ ਆਪਣੇ ਭਰਾ ਦੇ ਘਰ ਚਲੀ ਜਾਹ, ਨਹੀਂ ਤਾਂ ਨਿੱਤ ਦੇ ਕੜ੍ਹੀ ਕਲੇਸ਼ ਨਾਲ ਮੈਂ ਪਾਗਲ ਹੋ ਜਾਊਂਗਾ!"

"ਨਹੀਂ ਬੇਟਾ! ਐਸ ਉਮਰ 'ਚ? ਮੈਂ ਤਾਂ ਤੇਰੇ ਨਾਲ ਰਹਿ ਕੇ ਆਪਣੇ ਪੋਤਰੇ ਨਾਲ ਪਰਚਣਾ ਚਾਹੁੰਦੀ ਆਂ, ਨਹੀਂ ਬੇਟਾ ਹਾੜ੍ਹੇ-ਹਾੜ੍ਹੇ ਇਉਂ ਨਾ ਕਰ! ਪੋਤਰੇ ਬਿਨਾ ਮੇਰਾ ਜੀਅ ਨੀ ਲੱਗਣਾ!" ਉਸ ਨੇ ਪੁੱਤਰ ਅੱਗੇ ਤਰਲਾ ਲਿਆ। ਪਰ ਵਿਨੋਦ ਸ਼ਾਇਦ ਗੁੱਸੇ ਤੋਂ ਡਰਦਾ ਵਹੁਟੀ ਅੱਗੇ ਗੋਡੇ ਟੇਕ ਚੁੱਕਿਆ ਸੀ।

"ਇਹ ਇਉਂ ਨੀ ਨਿਕਲਦੀ! ਲੱਤਾਂ ਦੇ ਭੂਤ ਬਾਤਾਂ ਨਾਲ ਨੀ ਮੰਨਦੇ ਹੁੰਦੇ, ਜਿਉਣਾ ਹਰਾਮ ਕੀਤਾ ਪਿਐ ਇਸ ਮਨਹੂਸ ਨੇ! ਚੁੱਕ ਆਪਣੇ ਕੱਪੜੇ ਤੇ ਦਫ਼ਾ ਹੋਜਾ ਏਥੋਂ! ਮੁੜ ਕੇ ਆਪਣੀ ਭੈੜ੍ਹੀ ਸ਼ਕਲ ਸਾਨੂੰ ਨਾ ਦਿਖਾਈਂ!" ਨੂੰਹ ਨੇ ਉਸ ਦੇ ਚਾਰ ਕੱਪੜੇ ਗੇਟੋਂ ਬਾਹਰ ਵਗਾਹ ਮਾਰੇ। ਪੁੱਤਰ ਮਾਂ ਨਾਲ ਹੁੰਦਾ ਸਾਰਾ ਦੁਰ-ਵਿਵਹਾਰ ਦੇਖ ਕੇ ਵੀ ਮੂਕ ਦਰਸ਼ਕ ਬਣਿਆਂ ਰਿਹਾ, ਕੁਸਕਿਆ ਤੱਕ ਨਾ। ਡਾਢੀ ਪਤਨੀ ਅੱਗੇ ਬੋਲਣ ਦੀ ਉਸ ਦੀ ਹਿੰਮਤ ਨਹੀਂ ਪਈ ਸੀ।

ਬਾਨੋਂ ਇਹ ਸਾਰੀ ਦੁਰਗਤੀ ਸਬਰ ਦੀ ਘੁੱਟ ਭਰ, ਪਾਣੀ ਵਾਂਗ ਪੀ ਗਈ ਅਤੇ ਆਪਣੇ ਪੁਰਾਣੇ ਕੱਪੜੇ ਚੁੱਕ ਆਪਣੀ ਸਹੇਲੀ ਉਰਮਿਲਾ ਕੋਲ ਜਾ ਬੈਠੀ। ਉਸ ਨੇ ਉਰਮਿਲਾ ਕੋਲ ਆਪਣਾ ਸਾਰਾ ਦੁੱਖੜਾ ਰੋਇਆ ਅਤੇ ਦੁਖੀ ਦਿਲ ਦਾ ਅਗਲਾ ਪਿਛਲਾ ਸਾਰਾ ਗੁੱਭ-ਗੁਭਾਟ ਕੱਢ ਮਾਰਿਆ। ਉਸ ਦੀਆਂ ਅੱਖਾਂ ਹੜ੍ਹ ਵਾਂਗ ਵਗੀ ਜਾ ਰਹੀਆਂ ਸਨ।

"ਤੂੰ ਚੁੱਪ ਕਰ! ਹੌਸਲਾ ਰੱਖ, ਰੱਬ ਭਲੀ ਕਰੂਗਾ!" ਉਰਮਿਲਾ ਨੇ ਉਸ ਨੂੰ ਧਰਵਾਸ ਦਿੱਤਾ।

ਸਮਾਂ ਆਪਣੀ ਚਾਲ ਚੱਲਦਾ ਰਿਹਾ।

ਸੂਰਜ ਚੜ੍ਹਦਾ ਅਤੇ ਛੁਪਦਾ ਰਿਹਾ। ਪ੍ਰਕਿਰਤੀ ਆਪਣੇ ਕਾਰੇ ਲੱਗੀ ਰਹੀ।

"ਉਰਮਿਲਾ, ਮੈਂ ਕਿੰਨੇ ਕੁ ਦਿਨ ਤੇਰੇ ਆਸਰੇ ਕੱਟੂੰਗੀ? ਘਰ 'ਚ ਇਕੱਲੀ ਸਾਰਾ ਦਿਨ ਮੱਖੀਆਂ ਮਾਰਦੀ ਰਹਿੰਦੀ ਆਂ।" ਕੁਝ ਦਿਨਾਂ ਬਾਅਦ ਬਾਨੋਂ ਨੇ ਉਰਮਿਲਾ ਨੂੰ ਕਿਹਾ।

"ਦੇਖ, ਤੇਰੇ ਲਈ ਮੈਂ ਇੱਕ ਵੱਖ ਰੇੜ੍ਹੀ ਦਾ ਇੰਤਜ਼ਾਮ ਕਰ ਲਿਆ ਹੈ। ਕੱਲ੍ਹ ਤੋਂ ਤੂੰ ਵੀ ਮੇਰੇ ਨਾਲ ਆਪਣੀ ਰੇੜ੍ਹੀ ਲਾ ਲਿਆ ਕਰ। ਜਗਾਹ ਦੀ ਗੱਲ ਵੀ ਮੈਂ ਨਬੇੜ ਲਈ ਹੈ।"

ਬਾਨੋਂ ਦੀਆਂ ਅੱਖਾਂ ਵਿਚ ਸ਼ੁਕਰਾਨੇਂ ਦੇ ਹੰਝੂ ਕੰਬ ਰਹੇ ਸਨ। ਉਸ ਨੇ ਉਰਮਿਲਾ ਦਾ ਹੱਥ ਫ਼ੜ ਕੇ ਘੁੱਟ ਲਿਆ। ਪਰ ਗਲ ਵਿਚ ਅਟਕੇ ਹੰਝੂਆਂ ਕਾਰਨ ਮੂੰਹੋਂ ਨਾ ਬੋਲ ਸਕੀ। ਭਾਵਨਾ ਦੇ ਸ਼ਬਦ ਹੰਝੂਆਂ ਦੀ ਭੇਂਟ ਚੜ੍ਹ ਗਏ।

ਜੱਗ ਜਹਾਨ ਖ਼ੁਸ਼ੀਆਂ ਵਿਚ ਆਪਣੇ ਸੋਹਿਲੇ ਗਾ ਰਿਹਾ ਸੀ। ਅਸਮਾਨ ਦੇ ਸਿਖ਼ਰ ਉਪਰ ਸੂਰਜ ਦੇਵਤਾ ਆਪਣੇ ਪੂਰੇ ਜੋਬਨ 'ਤੇ ਚਮਕ ਰਿਹਾ ਸੀ, ਪਰ ਬਾਨੋਂ ਦੀ ਆਪਣੀ ਜ਼ਿੰਦਗੀ ਕਾਲੀ ਬੋਲੀ ਰਾਤ ਵਾਂਗ ਧੁਆਂਖੀ ਜਾਪ ਰਹੀ ਸੀ।

ਘਰੇਲੂ ਕੰਮ ਨਬੇੜ ਕੇ ਬਾਨੋਂ ਉਰਮਿਲਾ ਨਾਲ ਅੱਜ ਪਹਿਲੀ ਵਾਰ ਅਧੇੜ ਉਮਰ ਵਿਚ ਰੁਜ਼ਗਾਰ ਲਈ ਰੇੜ੍ਹੀ ਨੂੰ ਧੱਕਾ ਲਾਉਂਦੀ ਤੁਰੀ ਜਾ ਰਹੀ ਸੀ। ਉਸ ਦੀ ਉਪਜੀਵਕਾ ਚੱਲ ਪਈ ਸੀ। ਚਾਹੇ ਪੈਂਡੇ ਬਿਖੜੇ ਹੀ ਸਨ, ਪਰ ਜ਼ਿੰਦਗੀ ਆਪਣੀ ਚਾਲ ਚੱਲ ਪਈ ਸੀ। ਉਸ ਨੇ ਆਪਣੇ ਹਿੱਸੇ ਦਾ ਖਰਚਾ ਉਰਮਿਲਾ ਨੂੰ ਦੇਣਾ ਸ਼ੁਰੂ ਕਰ ਦਿੱਤਾ। ਲੋੜ ਹਮਦਰਦੀ ਦਾ ਪੱਲਾ ਫ਼ੜ ਆਪਣੀ ਚਾਲ ਤੁਰ ਜ਼ਿੰਦਗੀ ਦਾ ਪੰਧ ਨਬੇੜਨ ਲੱਗ ਗਈ ਸੀ।

ਦਿਨ ਤਾਂ ਜਿਵੇਂ ਕਿਵੇਂ ਕੰਮ ਕਾਰ ਵਿਚ ਗੁਜ਼ਰ ਜਾਂਦਾ। ਪਰ ਜਦ ਰਾਤ ਪੈਂਦੀ ਤਾਂ ਮੰਜੇ ਉਪਰ ਪਈ ਬਾਨੋਂ ਦੇ ਇਕਲੌਤਾ ਪੁੱਤਰ ਅਤੇ ਪੋਤਰਾ ਹਿੱਕ ਉੱਤੇ ਆ ਚੜ੍ਹਦੇ, ਤਾਂ ਬਾਨੋਂ ਵੈਰਾਗ ਵਿਚ ਡੁਸਕ ਪੈਂਦੀ ਅਤੇ ਉਸ ਦੇ ਹੰਝੂ ਝੁਰੜ੍ਹੀਆਂ ਵਿਚ ਦੀ ਹੁੰਦੇ ਹੋਏ ਕੰਨਾਂ 'ਤੇ ਡੁੱਲ੍ਹਣ ਲੱਗ ਪੈਂਦੇ।

"ਉਰਮਿਲਾ!" ਇੱਕ ਸਵੇਰ ਬਾਨੋਂ ਨੇ ਕਿਹਾ।
"ਹਾਂ ਦੀਦੀ?"
"ਮੇਰਾ ਇੱਕ ਕੰਮ ਕਰ।"
"ਬੋਲ ਭੈਣਾਂ?"
"ਵਿਨੋਦ ਨੂੰ ਆਖ ਕਿ ਮੈਨੂੰ ਆ ਕੇ ਮਿਲ ਜਾਵੇ, ਤੇ ਨਾਲੇ ਪੋਤਰੇ ਨੂੰ ਮਿਲਾ ਲਿਜਾਵੇ। ਮੇਰਾ ਦੋਵਾਂ ਨੂੰ ਮਿਲਣ ਨੂੰ ਬਹੁਤ ਦਿਲ ਕਰਦੈ।" ਸ਼ਾਇਦ ਰਾਤ ਦੇ ਬਚੇ ਕੋਟੇ ਵਿਚੋਂ ਦੋ ਕੋਸੇ ਹੰਝੂ ਫ਼ਿਰ ਅੱਖਾਂ ਵਿਚੋਂ ਚੱਲ ਹਿੱਕ 'ਤੇ ਜਾ ਡਿੱਗੇ।

"ਠੀਕ ਹੈ! ਕੱਲ੍ਹ ਨੂੰ ਹੀ ਲੈ ਭੈਣਾਂ! ਇਹ ਕਿਹੜੀ ਵੱਡੀ ਗੱਲ ਹੈ?" ਉਰਮਿਲਾ ਨੇ ਕਿਹਾ ਤਾਂ ਸੁਣ ਕੇ ਬਾਨੋਂ ਹੌਲੀ ਫ਼ੁੱਲ ਵਰਗੀ ਹੋ ਗਈ। ਕੋਈ ਆਸ ਸੀ, ਜੋ ਉਸ ਨੂੰ ਜੀਣ ਦਾ ਧਰਵਾਸ ਬਣੀ ਹੋਈ ਸੀ। ਉਸ ਨੂੰ ਪਰਬਤ ਜਿੱਡਾ ਵਿਸ਼ਵਾਸ ਸੀ ਕਿ ਮੇਰਾ ਪੁੱਤਰ ਅਤੇ ਪੋਤਰਾ ਮੈਨੂੰ ਜ਼ਰੂਰ ਮਿਲਣ ਲਈ ਆਉਣਗੇ, ਚਾਹੇ ਨੂੰਹ ਤੋਂ ਚੋਰੀ ਹੀ ਆਉਣ। ਪਰ ਇਹ ਆਸ ਇੱਕ ਭਰਮ ਅਤੇ ਭੁਲੇਖਾ ਹੀ ਬਣੀ ਰਹੀ। ਉਰਮਿਲਾ ਦੇ ਸੁਨੇਹੇਂ ਵਾਰ-ਵਾਰ ਵਿਨੋਦ ਨੂੰ ਮਿਲਦੇ ਰਹੇ। ਪਰ ਥੰਧੇ ਘੜ੍ਹੇ ਉਪਰ ਕਿਸੇ ਵੀ ਸੁਨੇਹੇਂ ਦਾ ਕੋਈ ਅਸਰ ਤੱਕ ਨਾ ਹੋਇਆ ਅਤੇ ਨਾ ਹੀ ਕੋਈ ਉਸ ਨੂੰ ਮਿਲਣ ਆਇਆ। ਬਾਨੋਂ ਦੀਆਂ ਆਸਾਂ ਦਾ ਬੂਰ ਝੜ੍ਹ ਗਿਆ ਅਤੇ ਪੁੱਤ-ਪੋਤਰੇ ਨੂੰ ਹਿੱਕ ਨਾਲ ਲਾਉਣ ਦੀਆਂ ਸਧਰਾਂ ਮਰ ਮੁੱਕ ਗਈਆਂ ਸਨ। ਉਹ ਰੋ-ਧੋ ਕੇ ਚੁੱਪ ਕਰ ਗਈ ਸੀ। ਦਿਲ ਉਸ ਦਾ ਬੰਜਰ ਉਜਾੜ ਬਣਿਆਂ ਪਿਆ ਸੀ। ਪੋਤਰੇ ਨੂੰ ਖਿਡਾਉਣ ਦੀਆਂ ਰੀਝਾਂ ਝੁਲਸ ਗਈਆਂ ਸਨ।

"ਦੇਖ ਤੇਰਾ ਮੋਹਣ ਬਾਬੂ ਤੁਰਿਆ ਆਉਂਦਾ!" ਸੋਚਾਂ ਵਿਚ ਗ਼ਲਤਾਨ ਬਾਨੋਂ ਨੂੰ ਅਚਾਨਕ ਉਰਮਿਲਾ ਨੇ ਝੰਜੋੜ ਕੇ ਕਿਹਾ। ਉਰਮਿਲਾ ਦੇ ਸ਼ਬਦਾਂ ਨੇ ਬਾਨੋਂ ਨੂੰ ਅਤੀਤ ਵਿਚੋਂ ਬਾਹਰ ਘੜ੍ਹੀਸ ਲਿਆ। ਸੁਣ ਕੇ ਬਾਨੋਂ ਦਾ ਬੁਝਿਆ ਮਨ ਖਿੜ ਗਿਆ ਅਤੇ ਦੇਖ ਕੇ ਮਨ ਨੂੰ ਠੰਢਕ ਪੈ ਗਈ। ਮੋਹਣ ਨੂੰ ਤੱਕ ਕੇ ਬਾਨੋਂ ਨੂੰ ਕੋਈ ਅਜੀਬ ਖ਼ੁਸ਼ੀ ਹੁੰਦੀ। ਉਸ ਦੇ ਚਿਹਰੇ 'ਤੇ ਖੇੜਾ ਆ ਜਾਂਦਾ। ਮੋਹਣ ਉਸ ਦੀ ਜ਼ਿੰਦਗੀ ਦਾ ਕੋਈ ਵੱਡਾ ਖੱਪਾ ਪੂਰ ਉਸ ਨੂੰ ਅਧੂਰੀ ਤੋਂ ਭਰਪੂਰ ਬਣਾ, ਜਿਉਣ ਜੋਕਰੀ ਦਿੰਦਾ ਸੀ।

ਸ਼ਾਮ ਗੂੜ੍ਹੀ ਰਾਤ ਵਿਚ ਵਟਦੀ ਜਾ ਰਹੀ ਸੀ।
ਬਜ਼ਾਰ ਵਿਚ ਗਹਿਮਾਂ-ਗਹਿਮੀਂ ਸੀ।
ਮੋਹਣ ਬਾਬੂ ਆਪਣੀ ਪਤਨੀ ਅਤੇ ਦੋ ਨਿੱਕੀਆਂ ਬੱਚੀਆਂ ਸਮੇਤ ਬਾਨੋਂ ਦੀ ਰੇੜ੍ਹੀ ਕੋਲ ਆ ਗਿਆ।
ਹਮੇਸ਼ਾ ਵਾਂਗ ਹਾਲ-ਚਾਲ ਪੁੱਛ ਕੇ ਮੋਹਣ ਬਾਬੂ ਰੇੜ੍ਹੀ ਤੋਂ ਫ਼ਲ ਛਾਂਟਣ ਲੱਗ ਪਿਆ।
"ਦੇਖ ਅੰਮਾਂ, ਹੋ ਗਏ ਹੋਣੇ ਐਂ ਦੋ ਕਿੱਲੋ?" ਲਿਫ਼ਾਫ਼ਾ ਅੱਗੇ ਕਰਦਿਆਂ ਮੋਹਣ ਬਾਬੂ ਨੇ ਕਿਹਾ।

"ਲਿਆ ਬੇਟਾ, ਤੋਲਦੀ ਆਂ!" ਫ਼ਲਾਂ ਦਾ ਲਿਫ਼ਾਫ਼ਾ ਚੁੱਕ ਬਾਨੋਂ ਤੱਕੜੀ ਵਿਚ ਤੋਲਣ ਲੱਗ ਪਈ। ਨਾਲ ਦੀ ਰੇੜ੍ਹੀ ਕੋਲ ਖੜ੍ਹੀ ਉਰਮਿਲਾ ਰੋਜ਼ਾਨਾ ਵਾਂਗ ਉਹਨਾਂ ਦੇ ਪ੍ਰਤੀਕਰਮ ਨੂੰ ਦੇਖ ਅਤੇ ਘੋਖ ਰਹੀ ਸੀ। ਹਮੇਸ਼ਾ ਦੀ ਤਰ੍ਹਾਂ ਮੋਹਣ ਬਾਬੂ ਨੇ ਫ਼ਲਾਂ ਦੇ ਪੈਸੇ ਦਿੱਤੇ ਅਤੇ ਇੱਕ ਫ਼ਲ ਲਿਫ਼ਾਫ਼ੇ 'ਚੋਂ ਕੱਢ ਕੇ ਬਾਨੋਂ ਅੱਗੇ ਕੀਤਾ, "ਅੰਮਾਂ, ਇਹ ਤੇਰੇ ਲਈ ਹੈ!"

"ਬੇਟਾ, ਤੂੰ ਹਰ ਰੋਜ਼ ਹੀ ਇੱਕ ਫ਼ਲ ਮੈਨੂੰ ਦਿੰਨਾਂ ਹੈਂ।"
"ਅੰਮਾਂ, ਫ਼ੇਰ ਕੀ ਹੋਇਆ? ਫ਼ਲ ਵੇਚਣ ਦੇ ਲਾਲਚ ਵਿਚ ਤੂੰ ਆਪ ਤਾਂ ਖਾਂਦੀ ਨੀ ਹੋਣੀਂ?"
ਸੱਚੀ ਗੱਲ ਸੁਣ ਕੇ ਬਾਨੋਂ ਇੱਕ ਫ਼ੌਲਾਦੀ ਚੁੱਪ ਧਾਰ ਗਈ।
"ਅੰਮਾਂ, ਤੈਨੂੰ ਵੀ ਪਤਾ ਹੋਣਾ ਚਾਹੀਦੈ, ਬਈ ਤੇਰੇ ਫ਼ਲਾਂ ਦਾ ਸੁਆਦ ਕਿਹੋ ਜਿਐ!" ਕਹਿ ਕੇ ਦੋਨੋਂ ਪਤੀ ਪਤਨੀ ਹੱਸ ਪਏ।

ਬਾਨੋਂ ਨੇ ਮੁਸਕੁਰਾ ਕੇ ਸੇਬ ਮੋਹਣ ਕੋਲੋਂ ਫ਼ੜ ਲਿਆ। ਉਸ ਦੀਆਂ ਵੈਰਾਗਮਈ ਨਜ਼ਰਾਂ ਭਾਵਨਾ, ਅਸੀਸਾਂ ਅਤੇ ਸ਼ੁਕਰਾਨੇ ਨਾਲ ਲਬਰੇਜ਼ ਸਨ। ਇਹ ਵਰਤਾਰਾ ਹਰ ਰੋਜ਼ ਦਾ ਨਿਤਨੇਮ ਬਣ ਗਿਆ ਸੀ। ਇਹਨਾਂ ਫ਼ਲਾਂ ਦੇ ਰਸ ਵਾਂਗ ਹੀ ਇੱਕ ਗ਼ੈਬੀ ਰਿਸ਼ਤੇ ਦਾ ਆਨੰਦ ਬਾਨੋਂ ਦੀ ਜ਼ਿੰਦਗੀ ਵਿਚ ਘੁਲਦਾ ਜਾ ਰਿਹਾ ਸੀ। ਸਵੇਰੇ ਰੇੜ੍ਹੀ ਲਾਉਣ ਤੋਂ ਲੈ ਕੇ ਸ਼ਾਮ ਮੌਕੇ ਮੋਹਣ ਦੀ ਉਡੀਕ ਤੱਕ ਉਸ ਦੀ ਜ਼ਿੰਦਗੀ ਦਾ ਦਸਤੂਰ ਬਣ ਗਿਆ ਸੀ। ਨਾਲ ਦੀ ਰੇੜ੍ਹੀ ਕੋਲ ਖੜ੍ਹੀ ਉਰਮਿਲਾ ਨੂੰ ਵੀ ਇਹ ਸਾਰਾ ਦ੍ਰਿਸ਼ ਸੁਹਾਵਣਾ ਜਿਹਾ ਲੱਗਦਾ ਅਤੇ ਉਸ ਦੀ ਆਤਮਾ ਸਕੂਨ ਨਾਲ ਬਾਗੋ-ਬਾਗ ਹੋ ਜਾਂਦੀ। ਉਸ ਨੂੰ ਆਪਣੀ ਕੀਤੀ ਮੱਦਦ ਉਪਰ ਨਾਜ਼ ਅਤੇ ਖ਼ੁਸ਼ੀ ਮਹਿਸੂਸ ਹੁੰਦੀ। ਉਹ ਗ਼ੌਰ ਕਰਦੀ ਕਿ ਮੋਹਣ ਦੀ ਆਮਦ ਨਾਲ ਬਾਨੋਂ ਦੀ ਸਾਰੇ ਦਿਨ ਦੀ ਥਕਾਵਟ ਲੱਥ ਜਾਂਦੀ ਅਤੇ ਚਿਹਰਾ ਖਿੜ ਜਾਂਦਾ ਸੀ। ਇੱਕ ਹੋਰ ਗੱਲ ਮਹਿਸੂਸ ਕਰਦੀ ਉਰਮਿਲਾ ਨੇ ਹਿੰਮਤ ਕਰ ਕੇ ਅੱਜ ਬਾਨੋਂ ਨੂੰ ਸੁਆਲ ਕੀਤਾ, "ਬਾਨੋਂ, ਇੱਕ ਗੱਲ ਦੱਸ?"

"ਹਾਂ ਬੋਲ?"
"ਮੈਂ ਹਰ ਰੋਜ਼ ਤੈਨੂੰ ਬੜੀ ਗ਼ੌਰ ਨਾਲ਼ ਦੇਖਦੀ ਹਾਂ, ਕਿ ਤੂੰ ਮੋਹਣ ਬਾਬੂ ਨੂੰ ਉਸ ਦੀ ਮੰਗ ਤੋਂ ਜ਼ਿਆਦਾ ਫ਼ਲ ਤੋਲ ਕੇ ਦਿੰਦੀ ਹੈਂ, ਕਿਉਂ ਭਲਾ? ਇਸ ਦਾ ਕਾਰਨ?"
ਬਾਨੋਂ ਨੇ ਧੁਖ਼ਦੀ ਚਿਖ਼ਾ ਵਰਗਾ ਸਾਹ ਲਿਆ ਅਤੇ "ਹੂੰਅ" ਤੋਂ ਅੱਗੇ ਕੁਝ ਨਾ ਕਹਿ ਸਕੀ।
"ਬੋਲ? ਦੱਸ ਤਾਂ ਸਹੀ, ਕਿਉਂ ਜ਼ਿਆਦਾ ਤੋਲ ਕੇ ਦਿੰਦੀ ਹੈਂ?" ਉਰਮਿਲਾ ਨੇ ਆਪਣੀ ਗੱਲ ਦੁਹਰਾਈ।

"ਦੇਖ ਉਰਮਿਲਾ! ਉਹ ਮਾਂ ਸਮਝ ਕੇ ਮੈਨੂੰ ਹਰ ਰੋਜ਼ ਫ਼ਲ ਦਿੰਦਾ ਹੈ, ਤੇ ਮੈਂ ਵੀ ਉਸ ਨੂੰ ਪੁੱਤਰ ਸਮਝ ਕੇ ਕੁਝ ਜ਼ਿਆਦਾ ਤੋਲ ਕੇ ਦੇਣ ਦਾ ਫ਼ਰਜ਼ ਅਦਾ ਕਰਦੀ ਹਾਂ, ਉਹ ਵੀ ਕਬੀਲਦਾਰ ਹੈ, ਉਸ ਦੇ ਸਿਰ ਉਪਰ ਵੀ ਪ੍ਰੀਵਾਰਕ ਜ਼ਿੰਮੇਵਾਰੀਆਂ ਨੇ! ਮੈਂ ਉਸ ਦੇ ਬੱਚਿਆਂ ਦਾ ਹੱਕ ਕਿਉਂ ਲਵਾਂ?"

ਉਰਮਿਲਾ ਬਾਨੋਂ ਦੀ ਮਮਤਾ ਗੜੁੱਚੀ ਸੋਚ 'ਤੇ ਕੁਰਬਾਨ ਹੋਣ ਵਾਲੀ ਹੋਈ ਖੜ੍ਹੀ ਸੋਚ ਰਹੀ ਸੀ ਕਿ ਇੱਕ ਪਾਸੇ ਵਿਨੋਦ ਇਸ ਦਾ ਆਪਣਾ ਢਿੱਡੋਂ ਜਾਇਆ ਪੁੱਤਰ, ਜਿਸ ਨੇ ਇਸ ਨੂੰ ਮਿਲਣ ਤਾਂ ਕੀ ਆਉਣਾ ਸੀ, ਇਸ ਦੀ ਬਾਤ ਤੱਕ ਨਹੀਂ ਪੁੱਛਦਾ। ਦੂਜੇ ਪਾਸੇ ਕਿਸੇ ਬਿਗਾਨੀ ਮਾਂ ਦਾ ਜਾਇਆ ਮੋਹਣ ਬਾਬੂ ਹੈ, ਜੋ ਇਸ ਨੂੰ ਪੁੱਤਰਾਂ ਵਰਗਾ ਪਿਆਰ ਜਤਾ ਕੇ ਮਾਂ ਦਾ ਰੁਤਬਾ ਦੇ ਰਿਹਾ ਸੀ?? ਕਿਹੜੇ ਰਿਸ਼ਤੇ ਨੂੰ ਨਜ਼ਦੀਕੀ ਰਿਸ਼ਤਾ ਮੰਨਿਆਂ ਜਾਵੇ? ਧੱਕੇ ਮਾਰ ਕੇ ਘਰੋਂ ਕੱਢਣ ਵਾਲਿਆਂ ਨੂੰ, ਜਿੰਨ੍ਹਾਂ ਨੂੰ ਔਰਤ ਨੇ ਜੰਮਣ ਪੀੜਾਂ ਸਹਿ ਕੇ ਜਨਮ ਦਿੱਤਾ ਅਤੇ ਜੱਗ ਦਿਖਾਇਆ ਹੋਵੇ? ਜਾਂ ਉਹਨਾਂ ਨੂੰ, ਜਿਹਨਾਂ ਨਾਲ ਹੱਡ-ਮਾਸ ਅਤੇ ਖ਼ੂਨ ਦਾ ਕੋਈ ਨਾਤਾ ਤੱਕ ਨਹੀਂ, ਪਰ ਉਹ ਤੁਹਾਨੂੰ ਸਕੀ ਮਾਂ ਨਾਲੋਂ ਵੱਧ ਸਤਿਕਾਰ ਅਤੇ ਮਾਣ ਦਿੰਦੇ ਹੋਣ?? ਕਿਹੜਾ ਰਿਸ਼ਤਾ ਰੂਹ ਦੇ ਨੇੜੇ ਮੰਨਿਆਂ ਜਾਵੇ?? ਉਰਮਿਲਾ ਗੁੰਝਲਦਾਰ ਸੁਆਲਾਂ ਵਿਚ ਉਲਝੀ ਹੋਈ ਸੀ।

ਰਾਤ ਸ਼ਾਂਤਮਈ ਢੰਗ ਨਾਲ ਆਪਣੀ ਮਜਾਜਣ ਵਾਲੀ ਤੋਰ ਤੁਰ ਰਹੀ ਸੀ। ਬਾਨੋਂ ਦੀ ਜ਼ਿੰਦਗੀ ਵਿਚ ਅਸ਼ਾਂਤ ਹੋਏ ਰਿਸ਼ਤਿਆਂ ਦਾ ਉਲੇਖ, ਉਸ ਦੀਆਂ ਝੁਰੜੀਆਂ 'ਚੋਂ ਸਾਫ਼ ਪੜ੍ਹਿਆ ਜਾ ਸਕਦਾ ਸੀ।

02/11/2016

ਹੋਰ ਕਹਾਣੀਆਂ  >>    


 
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2015,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015,  5abi.com