ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ


ਮੰਗਲ ਦੀ ਲਾਲ ਧਰਤੀ ਇਸ ਵੇਲੇ ਦੂਰ ਗਗਨ ਦੀ ਛਾਂ ਵਿੱਚ ਛੁਪ ਰਹੇ ਸੂਰਜ ਦੀ ਹਲਕੀ ਗੁਲਾਬੀ ਅਤੇ ਲਾਲ ਰੌਸ਼ਨੀ ਨਾਲ, ਦਿਲਾਂ ਵਿੱਚ ਧੂਹ ਪਾ ਦੇਣ ਵਾਲੇ, ਵਿਚਿੱਤਰ ਜਿਹੇ ਰੰਗ ਨਾਲ ਚਮਕ ਰਹੀ ਸੀ। ਮੰਗਲ ਗ੍ਰਹਿ ਦੀ ਲਾਲ ਗੇਂਦ ਦੇ ਇੱਕ ਪਾਸੇ ਉੱਸਰੀਆਂ, ਇਸਪਾਤ ਦੀਆਂ ਉੱਚੀਆਂ ਉੱਚੀਆਂ ਇਮਾਰਤਾਂ ਵਿੱਚ, ਪੀਲਾ ਪ੍ਰਕਾਸ਼ ਮੁਸਕਰਾਉਣ ਲੱਗ ਪਿਆ ਸੀ। ਛੁਪ ਰਿਹਾ ਸੂਰਜ, ਜਿਹੜਾ ਕਿ ਪ੍ਰਿਥਵੀ, ਮੰਗਲ ਤੇ ਸੂਰਜ ਮੰਡਲ ਦੀਆਂ ਹੋਰ ਵਸਤਾਂ ਦਾ ਜਨਮਦਾਤਾ ਸੀ, ਮੰਗਲ ਗ੍ਰਹਿ ਦੇ ਵਿਕਾਸ ਦਾ ਗਵਾਹ ਸੀ। ਇਸੇ ਦੀ ਹੋਂਦ ਵਿੱਚ ਪ੍ਰਿਥਵੀ ਦੇ ਮਿਹਨਤੀ ਲੋਕਾਂ ਨੇ ਮੰਗਲ ਗ੍ਰਹਿ ਤੇ ਪੱਸਰੇ ਨੀਲੇ ਕੋਹਰੇ ਦੇ ਬੱਦਲਾਂ ਨੂੰ ਹਟਾ ਕੇ ਆਧੁਨਿਕ ਸਭਿਅਤਾ ਦੀ ਜੋਤ ਜਲਾਈ ਸੀ, ਜਿਹੜੀ ਆਪਣੇ ਉੱਜਲ ਪ੍ਰਕਾਸ਼ ਨਾਲ ਮੰਗਲ ਗ੍ਰਹਿ ਦੀ ਲਾਲ ਧਰਤੀ ਨੂੰ ਨਹਿਲਾ ਰਹੀ ਸੀ।

ਰਣਤੇਜ ਆਪਣੇ ਮਕਾਨ ਦੀ ਬਾਲਕੋਨੀ ਵਿੱਚ ਖੜਾ, ਛੁਪ ਰਹੇ ਸੂਰਜ ਦੀ ਸੰਗਤਰੀ ਕਲੋਲ ਵੇਖ ਰਿਹਾ ਸੀ। ਛੁਪ ਰਹੇ ਸੂਰਜ ਨੂੰ ਵੇਖਦਿਆਂ ਸਮੇਂ ਉਸਦੇ ਦਿਮਾਗ ਵਿੱਚ ਕੋਈ ਸੋਚ ਨਹੀਂ ਸੀ, ਪਰ ਜਿਵੇਂ ਹੀ ਸੂਰਜ ਗਗਨ ਦੇ ਵਿਸ਼ਾਲ ਖੰਭਾਂ ਵਿੱਚ ਸਮਾ ਗਿਆ, ਤਿਵੇਂ ਹੀ ਉਸਦੇ ਮਸਤਕ ਵਿੱਚ ਸੋਚਾਂ ਦੀ ਲਹਿਰ ਨੇ ਅੰਗੜਾਈ ਲੈਣੀ ਸ਼ੁਰੂ ਕਰ ਦਿੱਤੀ। ਪ੍ਰਿਥਵੀ ਤੋਂ ਮੰਗਲ ਗ੍ਰਹਿ ਤੇ ਆਇਆਂ, ਉਸਨੂੰ ਹਾਲੇ ਦੋ ਹੀ ਦਿਨ ਹੋਏ ਸਨ। ਉਸਨੇ ਅਕਾਸ਼ ਵੱਲ੍ਹ ਨਜ਼ਰ ਸੁੱਟੀ, ਹਨੇਰਾ ਹੋ ਗਿਆ ਸੀ ਅਤੇ ਫੋਬੋਸ ਤੇ ਦੀਮੋਸ (Phobos and Deimos), ਮੰਗਲ ਦੇ ਦੋ ਉਪਗ੍ਰਹਿ, ਅਤਿਅੰਤ ਹੀ ਪਿਆਰੇ ਦਿਖਾਈ ਦੇ ਰਹੇ ਸਨ।

ਰਣਤੇਜ ਨੂੰ ਪ੍ਰਿਥਵੀ ਤੋਂ, ਮੰਗਲ ਗ੍ਰਹਿ ਦੀ ਛੋਟੀ ਜਿਹੀ ਸੈਨਾ ਦਾ ਕਮਾਂਡਰ ਨਿਯੁਕਤ ਕਰਕੇ ਭੇਜਿਆ ਗਿਆ ਸੀ, ਤਾਂ ਜੋ ਉੱਥੇ ਵੱਸਦੇ ਪਰਿਵਾਰਾਂ, ਜੋ ਕਿ ਵਿਸ਼ੇਸ਼ ਕਰਕੇ ਵਿਗਿਆਨਿਕ ਸਨ, ਦੀ ਰੱਖਿਆ ਕੀਤੀ ਜਾ ਸਕੇ। ਮੰਗਲ ਗ੍ਰਹਿ ਦੀ ਸੈਨਾ ਵਿੱਚ ਵੀ ਗਿਣੇ ਚੁਣੇ ਜਵਾਨ ਸਨ। ਪਰ ਉਹਨਾਂ ਕੋਲ ਅਨੇਕਾਂ ਹੀ ਉੱਚ ਕੋਟੀ ਦੇ ਆਧੁਨਿਕ ਹਥਿਆਰ ਤੇ ਸਪੇਸ ਕਰਾਫ਼ਟ ਸਨ। ਆਉਂਦਿਆਂ ਹੀ ਉਸਨੇ ਸੈਨਾ ਦਾ ਚਾਰਜ ਸੰਭਾਲ ਲਿਆ ਸੀ। ਮੰਗਲ ਗ੍ਰਹਿ 'ਤੇ ਵਸੀ ਅਤਿਅੰਤ ਹੀ ਸੁੰਦਰ ਨਗਰੀ ਵਿੱਚ ਉਸ ਲਈ ਇੱਕ ਫਲੈਟ ਪਹਿਲਾਂ ਹੀ ਰਾਖਵਾਂ ਸੀ। ਉੱਥੇ ਅਜੇ ਸਿਰਫ਼ ਇੱਕ ਹੀ ਨਗਰ ਸੀ - ਜਿਸਦਾ ਨਾਂ "ਗੈਂਗਲੀਅਨ" (Ganglion) ਸੀ, ਵਿੱਚ ਗਿਣੇ ਚੁਣੇ ਕੁੱਲ ਸੌ ਮਕਾਨ ਸਨ। ਮੰਗਲ ਗ੍ਰਹਿ ਤੇ ਖੋਜ ਕਰ ਰਹੇ ਵਿਗਿਆਨਿਕ ਆਪਣੇ ਪਰਿਵਾਰਾਂ ਸਮੇਤ ਇੱਥੇ ਰਹਿ ਰਹੇ ਸਨ। ਉਹਨਾਂ ਦੇ ਬੱਚਿਆਂ ਦੇ ਪੜ੍ਹਨ ਵਾਸਤੇ ਇੱਕ ਸਕੂਲ ਤੇ ਕਾਲਿਜ ਵੀ ਬਣਾਇਆ ਗਿਆ ਸੀ - ਉੱਥੇ ਜ਼ਰੂਰੀ ਵਸਤਾਂ ਦੀ ਖਰੀਦੋ-ਫ਼ਰੋਖ਼ਤ ਲਈ ਇੱਕ ਬਜ਼ਾਰ ਵੀ ਸੀ।

ਰਣਤੇਜ ਸੈਨਾ ਦੇ ਕੰਮ ਤੋਂ ਵਿਹਲਾ ਹੋ ਕੇ ਅੱਜ ਸ਼ਾਮ ਦੇ ਵੇਲੇ ਹੀ ਸ਼ਹਿਰ ਦੇ ਮੱਧ ਦੇ ਵਿੱਚ ਸਥਿੱਤ 'ਪ੍ਰਾਚੀਨ ਅਜਾਇਬਘਰ' ਵਿੱਚ ਗਿਆ ਸੀ। ਉੱਥੇ ਪੁਰਾਣੇ ਮੰਗਲ ਗ੍ਰਹਿ, ਜਿਹੜਾ ਕਿ ਬਹਾਰੋਂ ਸੱਖਣਾ ਸੀ, ਦੇ ਚਿੱਤਰ ਲੱਗੇ ਹੋਏ ਸਨ, ਅਤੇ ਮੰਗਲ ਗ੍ਰਹਿ ਦੀ ਖੁਸ਼ਹਾਲੀ ਲਈ ਜਿਹਨਾਂ ਲੋਕਾਂ ਨੇ ਉੱਦਮ ਕੀਤਾ ਸੀ, ਉਹਨਾਂ ਦੀਆਂ ਤਸਵੀਰਾਂ ਤੇ ਕੰਮ ਦੀ ਪੂਰੀ ਫ਼ਿਲਮ ਪ੍ਰਦਰਸ਼ਿਤ ਸੀ। ਅਜਾਇਬ ਘਰ ਵਿੱਚ ਪ੍ਰਵੇਸ਼ ਕਰਦਿਆਂ ਹੀ, ਵਾਈਕਿੰਗ-1 ਤੇ 2 (Viking-I & II) ਅਤੇ ਮੈਰੀਨਰ (Marinar-9 ) ਸਪੇਸਕਰਾਫ਼ਟ ਚਿੱਤਰਾਂ ਵਿੱਚ ਬੁਲੰਦ ਖੜੇ ਸਨ, ਜਿਨ੍ਹਾਂ ਨੇ ਪਹਿਲਾਂ ਪਹਿਲ ਪ੍ਰਿਥਵੀ ਵਾਸੀਆਂ ਨੂੰ, ਮੰਗਲ ਗ੍ਰਹਿ ਵਾਰੇ ਜਾਣਕਾਰੀ ਦਿੱਤੀ ਸੀ। ਫੇਰ ਉਸਨੇ ਵੀਡੀਓ ਤੇ ਵੇਖਿਆ ਕਿ ਕਿਵੇਂ ਵੀਹਵੀਂ ਸਦੀ ਦੇ ਅੰਤਲੇ ਵਰ੍ਹਿਆਂ ਵਿੱਚ ਮੰਗਲ ਗ੍ਰਹਿ ਤੇ ਜੀਵਨ ਦੀ ਇਕ ਨੰਨ੍ਹੀ ਜਿਹੀ ਚਿੰਗਾਰੀ ਵਸਾਉਣ ਦੇ ਯਤਨ ਅਰੰਭੇ ਗਏ ਸਨ। ਉਸ ਸਮੇਂ ਨੀਲਾ ਕੋਹਰਾ ਮੰਗਲ ਗ੍ਰਹਿ ਦੇ ਚਾਰ-ਚੁਫ਼ੇਰੇ ਆਪਣਾ ਰਾਜ ਜਮਾਈ ਬੈਠਾ ਸੀ। ਹਵਾ ਵਿੱਚ ਕਾਰਬਨ ਡਾਈਓਕਸਾਈਡ ਗੈਸ ਤੇ ਪਾਣੀ ਦੇ ਥੋੜੇ ਥੋੜੇ ਕਤਰੇ ਮੌਜੂਦ ਸਨ। ਪੱਥਰਾਂ ਵਿੱਚ ਉੱਗਣ ਵਾਲ਼ੀ ਕਾਈ (Lichens) ਵੀ ਕਿਤੇ ਕਿਤੇ ਦਿਖਾਈ ਦੇ ਜਾਂਦੀ ਸੀ। ਅਜਿਹੇ ਵਾਤਾਵਰਣ ਵਿੱਚ ਜੀਵਤ ਪ੍ਰਾਣੀ ਅਤੇ ਪੌਦੇ ਭਲਾ ਕਿੰਵੇਂ ਜਿਊਂਦੇ ਰਹਿ ਸਕਦੇ ਸਨ? ਪਰ ਉਸ ਵੇਲੇ ਅਜਿਹੇ ਕਈ ਚਿੰਨ੍ਹ ਮਿਲਣ ਲੱਗੇ ਸਨ, ਜਿਨ੍ਹਾਂ ਤੋਂ ਗ੍ਰਹਿ ਤੇ ਭਵਿੱਖ ਵਿੱਚ ਜੀਵਤ ਪ੍ਰਾਣੀਆਂ ਦੀ ਹੋਂਦ ਦੀ ਆਸ ਰੱਖੀ ਜਾ ਸਕਦੀ ਸੀ। ਇਹ ਚਿੰਨ੍ਹ ਸਨ - ਉੱਥੋਂ ਦੇ ਵਾਯੂਮੰਡਲ ਵਿੱਚ ਪਾਣੀ ਦੇ ਕਤਰੇ, ਬਹੁਤਾ ਤਾਂ ਮੰਗਲ ਗ੍ਰਹਿ ਦਾ ਪ੍ਰਿਥਵੀ ਵਰਗਾ ਆਕਾਰ ਸੀ। ਪ੍ਰਿਥਵੀ ਨਾਲ ਕਈ ਹੋਰ ਸਮਾਨਤਾਵਾਂ ਸਨ ਜਿਵੇਂ ਮੰਗਲ ਗ੍ਰਹਿ ਦਾ ਆਪਣੀ ਧੁਰੀ ਦੁਆਲੇ 24 ਘੰਟੇ 27 ਮਿੰਟ ਵਿੱਚ ਇੱਕ ਚੱਕਰ ਲਗਾਉਣਾ। ਇਸ ਤਰ੍ਹਾਂ ਉੱਥੇ ਵਸਣ ਵਾਲ਼ਿਆਂ ਨੂੰ ਪ੍ਰਿਥਵੀ ਵਰਗਾ ਮਹੌਲ ਸਿਰਜਣ ਵਿੱਚ ਸਫ਼ਲਤਾ ਮਿਲੀ ਸੀ।

ਅਜਾਇਬਘਰ ਵਿੱਚ ਮੰਗਲ ਗ੍ਰਹਿ 'ਤੇ ਜੀਵਨ ਦੀ ਸਿਰਜਣਾ ਦੇ ਉਹ ਸਾਰੇ ਪਲ ਸਾਂਭੇ ਗਏ ਸਨ। ਹਾਲਾਂਕਿ ਮੰਗਲ ਗ੍ਰਹਿ ਦੇ ਸਾਰੇ ਵਾਤਾਵਰਣ ਨੂੰ ਦੂਸ਼ਿਤ ਗੈਸਾਂ ਤੋਂ ਮੁਕਤੀ ਨਹੀਂ ਮਿਲੀ ਸੀ, ਪਰ ਜਿੱਥੇ ਗੈਂਗਲੀਅਨ ਨਗਰ ਆਬਾਦ ਸੀ - ਉਸ ਦੇ ਆਸ-ਪਾਸ ਦੇ ਸੌ ਕਿ: ਮੀ: ਦੇ ਖੇਤਰ ਵਿੱਚ ਕਾਰਬਨ ਡਾਈਓਕਸਾਈਡ ਤੇ ਹੋਰ ਗੈਸਾਂ, ਜਿਹੜੀਆਂ ਜੀਵਤ ਪ੍ਰਾਣੀਆਂ ਵਾਸਤੇ ਹਾਨੀਕਾਰਕ ਸਨ, ਦੀ ਮਾਤਰਾ ਬਹੁਤ ਹੱਦ ਤੱਕ ਘਟਾ ਦਿੱਤੀ ਗਈ ਸੀ। ਉਸ ਖੇਤਰ ਵਿੱਚ ਜ਼ਿੰਦਗੀ ਦੀ ਜ਼ੁੰਬਸ਼ ਲਹਿਰ ਦੁੜਾਉਣ ਵਾਲ਼ੀ ਆਕਸੀਜਨ ਗੈਸ ਬਣਾਉਣ ਵਾਸਤੇ ਇੱਕ ਬਹੁਤ ਹੀ ਵਿਸ਼ਾਲ ਜਨਰੇਟਰ ਲਗਾਇਆ ਗਿਆ ਸੀ। ਉਸ ਸੰਜੀਵਨੀ ਜਨਰੇਟਰ ਦਾ ਨਿਰਮਾਣ ਪ੍ਰਿਥਵੀ ਦੇ ਵਿਗਿਆਨਿਕਾਂ ਨੇ ਰਾਤ-ਦਿਨ ਇੱਕ ਕਰਕੇ ਕੀਤਾ ਸੀ ਆਕਸੀਜਨ ਦੀ ਮਾਤਰਾ ਘੱਟ ਨਾ ਹੋਵੇ, ਇਸ ਲਈ ਪੰਜ ਹੋਰ ਜਨਰੇਟਰ ਤਿਆਰ ਸਨ। ਹਰ ਘਰ ਵਿੱਚ ਇੱਕ ਮਿੰਨੀ-ਜਨਰੇਟਰ ਰੱਖਿਆ ਗਿਆ ਸੀ। ਉੱਥੇ ਪੁੱਜਣ ਵਾਲ਼ੇ ਉੱਦਮੀ ਲੋਕਾਂ ਨੇ ਮੰਗਲ ਗ੍ਰਹਿ ਦੀ ਬੰਜਰ ਧਰਤੀ ਨੂੰ ਰਾਤ-ਦਿਨ ਇੱਕ ਕਰਕੇ ਵਾਹਿਆ-ਗੁੱਡਿਆ ਸੀ। ਬਨਸਪਤੀ ਦੀਆਂ ਕਰੂੰਬਲਾਂ ਉਗਾਉਣ ਲਈ ਅਨੇਕਾਂ ਖਾਦ ਪਦਾਰਥਾਂ, ਰਸਾਇਣਾਂ ਤੇ ਜ਼ਰਖੇਜ਼ ਮਿੱਟੀ ਨੂੰ ਜ਼ਮੀਨ ਵਿੱਚ ਮਿਲਾਇਆ ਸੀ। ਕਾਫ਼ੀ ਸਾਲਾਂ ਦੀ ਮਿਹਨਤ ਤੋਂ ਬਾਅਦ, ਥੋੜ੍ਹੇ ਜਿਹੇ ਹਿੱਸੇ ਵਿੱਚ ਦਰਖ਼ਤ ਪਨਪਣ ਲੱਗ ਪਏ ਸਨ, ਜਿਹੜੇ ਵਾਤਾਵਰਣ ਨੂੰ ਸੁਖਾਵਾਂ ਰੱਖਣ ਵਿੱਚ ਸਹਾਇਤਾ ਕਰ ਰਹੇ ਸਨ।

ਉੱਧਰ ਪ੍ਰਿਥਵੀ ਤੋਂ ਰੋਜ਼ਾਨਾ ਹੀ ਖਾਦ-ਸਮਗਰੀ ਤੇ ਹੋਰ ਜ਼ਰੂਰੀ ਵਸਤਾਂ ਲੈ ਕੇ ਪੁਲਾੜੀ ਯਾਨ (ਸਪੇਸ ਸ਼ਿੱਪ), ਮੰਗਲ ਗ੍ਰਹਿ ਲਈ ਰਵਾਨਾ ਹੁੰਦੇ ਸਨ। ਪ੍ਰਿਥਵੀ ਦੇ ਕਰੋੜਾਂ ਲੋਕਾਂ ਦੀਆਂ ਸ਼ੁੱਭ-ਕਾਮਨਾਵਾਂ ਨਾਲ਼, ਉਹ ਸੁੱਖੀਂ -ਸਾਂਦੀ ਮੰਗਲ ਦੀ ਧਰਤੀ 'ਤੇ ਉੱਤਰਦੇ ਸਨ।

ਮੰਗਲ ਗ੍ਰਹਿ 'ਤੇ ਵਸਣ ਵਾਲ਼ੇ ਲੋਕਾਂ ਨੇ ਵੀ ਹੁਣ ਕੁੱਝ ਜ਼ਰੂਰੀ ਵਸਤਾਂ ਜਿਵੇਂ ਕਣਕ, ਦਾਲਾਂ ਆਦਿ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪ੍ਰਿਥਵੀ ਦੇ ਉੱਚ-ਕੋਟੀ ਦੇ ਖੇਤੀ ਮਾਹਿਰਾਂ ਵਿੱਚੋਂ ਕੁੱਝ ਗਿਣੇ-ਚੁਣੇ ਮਾਹਿਰ ਮੰਗਲ 'ਤੇ ਵੱਸ ਰਹੇ ਸਨ, ਜੋ ਖੇਤੀਬਾੜੀ ਦੀ ਦੇਖਭਾਲ਼ ਕਰਦੇ ਸਨ।

ਵਾਯੂ ਮੰਡਲ ਵਿਚ ਉਪਸਥਿਤ ਕੁੱਝ ਕਿਰਨਾਂ ਅਤੇ ਬਾਹਰੀ ਅੰਤਰਿਖਸ਼ 'ਚੋਂ ਆ ਰਹੀਆਂ ਕਾਸਮਿਕ ਰੈਜ਼ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਬਚਣ ਲਈ ਲੋਕਾਂ ਦੀਆਂ ਪਹਿਨਣ ਵਾਲੀਆਂ ਪੌਸ਼ਾਕਾਂ ਨੂੰ ਖਾਸ ਰਸਾਇਣਾਂ ਵਿਚ ਧੋਇਆ ਜਾਂਦਾ ਸੀ ਅਤੇ ਲੋਕ ਕੁੱਝ ਦਵਾਈਆਂ (Drugs) ਦਾ ਸੇਵਨ ਕਰਦੇ ਸਨ ਤਾਂ ਜੋ ਮਾਰੂ ਬਿਮਾਰੀਆਂ ਤੋਂ ਬਚਾਅ ਹੋ ਸਕੇ- ਜਿਹੜੀਆਂ ਇਹਨਾਂ ਵਿਕਿਰਨਾਂ ਤੋਂ ਉੱਪਜਦੀਆਂ ਸਨ।

ਰਣਤੇਜ ਇਹਨਾਂ ਸਾਰਿਆਂ ਖ਼ਿਆਲਾਂ ਵਿਚ ਗੁੰਮ ਹੋ ਗਿਆ ਸੀ। ਅਜਾਇਬਘਰ ਵਿਚ ਵੇਖੀਆਂ ਸਾਰੀਆਂ ਚੀਜ਼ਾਂ ਉਸ ਦੇ ਮਸਤਕ ਵਿਚ ਕਿਸੇ ਫ਼ਿਲਮ ਵਾਂਗ ਘੁੰਮ ਗਈਆਂ ਸਨ। ਹਰੇ ਤੇ ਪੀਲੇ ਪ੍ਰਕਾਸ਼ ਵਿਚ ਨਹਾ ਰਹੀ ਗੈਂਗਲੀਅਨ ਨਗਰੀ ਇਸ ਵੇਲੇ ਬੜੀ ਹੀ ਖੂਬਸੂਰਤ ਲੱਗ ਰਹੀ ਸੀ। ਉਸ ਨੂੰ ਪਰੀ-ਕਹਾਣੀਆਂ ਵਿਚਲਾਂ ਸੁਪਨ ਲੋਕ ਯਾਦ ਆ ਗਿਆ। ਫੇਰ ਉਸ ਨੂੰ ਸੁਪਨ ਲੋਕ ਵਿਚ ਵਸਦੇ ਲੋਕਾਂ ਦੀ ਯਾਦ ਆ ਗਈ। ਇਹਨਾਂ ਦੋ ਦਿਨਾਂ ਵਿੱਚ, ਉਹ ਲਗਪਗ ਸਾਰੇ ਹੀ ਗ੍ਰਹਿ ਵਾਸੀਆਂ ਨੂੰ ਮਿਲ ਚੁੱਕਾ ਸੀ। ਉਹ ਉਸ ਨੂੰ ਸਾਰੇ ਹੀ ਚੰਗੇ ਇਨਸਾਨ ਲੱਗੇ ਸਨ। ਉਹ ਸਾਰਿਆਂ ਨਾਲ ਇਕ ਸੱਚੀ ਤੇ ਸਨੇਹਮਈ ਅਪੱਣਤ ਨਾਲ, ਗਲਵਕੜੀ ਪਾ ਕੇ ਮਿਲਿਆ ਸੀ ਅਤੇ ਆਪਣੇ ਮੁਸਕਾਂਦੇ ਮੁੱਖੜੇ ਕਾਰਣ ਉਸ ਨੇ ਹਰ ਦਿਲ ਵਿਚ ਆਪਣੀ ਥਾਂ ਬਣਾ ਲਈ ਸੀ। ਸੈਨਾ ਦਾ ਕਮਾਂਡਰ ਹੋਣ ਕਰਕੇ ਵੀ ਉਸ ਨੇ ਹਰੇਕ ਵਾਸੀ ਦਾ ਹਾਲ ਚਾਲ ਪੁਛਿਆ ਸੀ। ਉਸ ਨੇ ਇਸ ਕੰਮ ਵਿਚ ਪ੍ਰਸੰਨਤਾ ਹੀ ਮਹਿਸੂਸ ਕੀਤੀ ਸੀ ਅਤੇ ਹਰ ਵਾਸੀ ਨੂੰ ਪ੍ਰਿਥਵੀ ਦਾ ਸੁੱਖ ਸਮਾਚਾਰ ਦੱਸਿਆ ਸੀ। ਛੇਤੀ ਹੀ ਉਸ ਨੇ ਹਰ ਵਾਸੀ ਦੇ ਫਲੈਟ ਦੇ ਫੋਨ ਨੰਬਰ ਚੇਤੇ ਕਰ ਲਏ ਸਨ ਤਾਂ ਜੋ ਹਰ ਰੋਜ਼ ਉਹਨਾਂ ਦਾ ਸੁੱਖ ਸਮਾਚਾਰ ਪੁਛਿਆ ਜਾ ਸਕੇ।

ਉਸ ਨੇ ਇਕ ਨਜ਼ਰ ਉਠਾ ਕੇ ਦੂਰ ਅਕਾਸ਼ ਵੱਲ ਵੇਖਿਆ। ਤਾਰੇ ਅਤੇ ਹੋਰ ਗ੍ਰਹਿ ਚਮਕ ਰਹੇ ਸਨ। ਉਸ ਨੂੰ ਆਪਣੇ ਮਾਤ-ਗ੍ਰਹਿ ਪ੍ਰਿਥਵੀ ਦਾ ਚੇਤਾ ਆ ਗਿਆ, ਜਿਹੜਾ ਕਿ ਸੁਰਜ ਮੰਡਲ ਵਿਚ ਸਭ ਤੋਂ ਸੁੰਦਰ ਗ੍ਰਹਿ ਸੀ। ਉਸ ਦਾ ਦਿਲ ਮਿੱਠੇ ਦਰਦ ਨਾਲ ਧੜਕਣ ਲੱਗਾ। ਪ੍ਰਿਥਵੀ ਤੇ ਵਸਦੀ ਉਸ ਨੂੰ ਆਪਣੇ ਸੁਪਨਿਆਂ ਦੀ ਸ਼ਹਿਜ਼ਾਦੀ ਵਲੀਨਾ ਦੀ ਯਾਦ ਆ ਗਈ। ਉਸ ਨੂੰ ਇੰਝ ਲੱਗਾ ਕਿ ਅਕਾਸ਼ ਦੇ ਵੱਡੇ-ਵੱਡੇ ਖੰਭਾਂ ਤੇ ਵਲੀਨਾ ਹੀ ਮੁਸਕਾ ਰਹੀ ਹੋਵੇ। ਫੇਰ ਵਲੀਨਾ ਦੇ ਖ਼ਿਆਲ ਗਗਨ ਦੇ ਖੰਭਾਂ ਵਿਚੋਂ ਨਿਕਲ ਕੇ ਉਸ ਦੇ ਸਰੀਰ ਦੇ ਰੋਮ-ਰੋਮ ਵਿਚ ਘਰ ਕਰ ਗਏ। ਉਸ ਦਾ ਦਿਲ ਕਰ ਰਿਹਾ ਸੀ ਕਿ ਉਹ ਉੜ ਕੇ ਪ੍ਰਿਥਵੀ ਤੇ ਆਪਣੀ 'ਜ਼ਿੰਦਗੀ' ਕੋਲ ਚਲਾ ਜਾਵੇ।

ਉਹ ਹਾਲੇ ਹੋਰ ਪਤਾ ਨਹੀਂ ਕਿੰਨੀ ਕੁ ਦੇਰ ਸੋਚਾਂ ਦੇ ਅਕਾਸ਼ ਵਿਚ ਘੁੰਮਦਾ ਰਹਿੰਦਾ ਜੇ ਉਸ ਦੀ ਜੇਬ 'ਚ ਪਿਆ 'ਟਰਾਂਸਮੀਟਰ' ਸਪਾਰਕ ਨਾ ਕਰਦਾ। ਉਸ ਨੇ ਜੇਬ ਵਿਚੋਂ 'ਟਰਾਂਸਮੀਟਰ' ਕੱਢਿਆ ਅਤੇ ਉਸ ਨੂੰ ਚਾਲੂ ਕਰਕੇ ਬੋਲਿਆ-"ਹੈਲੋ! ਰਣਤੇਜ ਹੀਅਰ.....।"

"ਹੈਲੋ, ਸਰ ਮੈਂ ਸਪੇਸ ਕੰਟਰੋਲ ਰੂਮ ਤੋਂ ਬੋਲ ਰਿਹਾਂ ਹਾਂ। ਪ੍ਰਿਥਵੀ ਤੋਂ ਮਿਸ ਵਲੀਨਾ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹੈ.....!"

ਰਣਤੇਜ ਦੇ ਮਸਤਕ ਵਿਚ ਜਿਵੇਂ ਘੰਟੀਆਂ ਵੱਜਣ ਲੱਗ ਪਈਆਂ। "ਹੈਲੋ....!" ਸ਼ਹਿਦ ਵਿਚ ਭਿੱਜਿਆ ਸ੍ਵਰ ਅਜਿਹਾ ਸੀ ਜਿਵੇਂ ਕੋਈ ਬਹੁਤ ਡੂੰਘੇ ਖੂਹ ਦੇ ਅੰਦਰੋਂ ਬੋਲ ਰਿਹਾ ਹੋਵੇ।

ਰਣਤੇਜ ਦਾ ਦਿਲ ਵਲੀਨਾ ਦੀ ਸੁਰੀਲੀ ਤੇ ਛਣਕਦੀ ਅਵਾਜ਼ ਸੁਣ ਕੇ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਉਸ ਨੂੰ ਹੋਸ਼ ਨਹੀਂ ਰਹੀ ਕਿ ਇੰਨੇ ਸਮੇਂ ਵਿਚ ਵਲੀਨਾ ਨਾਲ ਕੀ ਗੱਲਬਾਤ ਹੋਈ। ਬੱਸ ਉਸ ਨੂੰ ਤਾਂ ਇਨਾਂ ਚੇਤੇ ਸੀ ਕਿ ਵਲੀਨਾ ਨੇ ਦਸ ਦਿਨ ਬਾਅਦ ਮੰਗਲ ਗ੍ਰਹਿ ਤੇ ਉਸ ਦੇ ਕੌ, ਉਸ ਦੇ ਦੋਸਤ ਹਰਿੰਦਰ ਨਾਲ ਆਉਣਾ ਏ।

...ਤੇ ਉਸ ਨੂੰ ਫੇਰ ਪਤਾ ਨਹੀਂ ਲੱਗਾ ਕਿ ਸਮੇਂ ਦੇ ਪੰਛੀ ਕਿੰਝ ਖੰਭ ਫੜਫੜਾ ਕੇ ਉਡਾਰੀਆਂ ਲਾ ਗਏ। ਪ੍ਰਿਥਵੀ ਤੋਂ ਮੰਗਲ ਗ੍ਰਹਿ ਤੇ ਪੁੱਜਣ ਲਈ ਦਸ ਦਿਨ ਲਗਦੇ ਸਨ ਅਤੇ ਅੱਜ ਵਲੀਨਾ ਨੂੰ ਪ੍ਰਿਥਵੀ ਤੋਂ ਚਲਿਆਂ ਦਸ ਦਿਨ ਹੋ ਗਏ ਸਨ ਤੇ ਉਹ 'ਸਪੇਸਕਰਾਫ਼ਟ' ਦੇ ਆਉਣ ਦੀ ਉਡੀਕ ਕਰ ਰਿਹਾ ਸੀ।

ਇਹਨਾਂ ਦਸ ਦਿਨਾਂ ਵਿਚ ਉਸ ਨੇ ਗੈਂਗਨੀਅਨ ਨਗਰ ਦੀ ਸਾਰੀ ਵਿਵਸਥਾ ਚੈੱਕ ਕਰ ਲਈ ਸੀ। ਗ੍ਰਹਿ ਵਾਸੀ ਬੜੇ ਆਰਾਮ ਨਾਲ ਰਹਿ ਰਹੇ ਸਨ ਅਤੇ ਭਵਿੱਖ ਲਈ ਮੰਗਲ ਗ੍ਰਹਿ ਨੂੰ ਤਿਆਰ ਕਰ ਰਹੇ ਸਨ ਤਾਂ ਕਿ ਉਥੇ ਵੀ ਹੌਲੀ-ਹੌਲੀ ਪ੍ਰਿਥਵੀ ਜਿਹਾ ਵਾਤਾਵਰਣ ਸਿਰਜਿਆ ਜਾ ਸਕੇ। ਉਹ ਨਿੱਤ ਮੰਗਲ ਗ੍ਰਹਿ ਨੂੰ ਵਿਕਾਸ ਦੀ ਚਰਮ ਸੀਮਾ ਵੱਲ ਲਿਜਾ ਰਹੇ ਸਨ। ਮੰਗਲ ਗ੍ਰਹਿ ਤੇ ਵਸਣ ਵਾਲੇ ਸਾਰੇ ਵਿਅਕਤੀਆਂ ਨਾਲ ਰਣਤੇਜ ਨੇ ਜਾਣ ਪਹਿਚਾਣ ਕਰ ਲਈ ਸੀ ਅਤੇ ਉਹਨਾਂ ਦੀ ਸੁਰਖਿਆ ਵਾਸਤੇ ਹਰ ਤਰ੍ਹਾਂ ਦੀ ਕੁਰਬਾਨੀ ਦਾ ਵਚਨ ਦਿੱਤਾ ਸੀ। ਰਣਤੇਜ ਦੇ ਹੰਸੂ-ਹੰਸੂ ਕਰਦੇ ਸੂਹੇ ਮੁੱਖੜੇ ਨੇ ਹਰ ਇਕ ਦੇ ਦਿਲ ਦੀ ਜੂਹੇ ਜਗ੍ਹਾ ਬਣਾ ਲਈ ਸੀ ਅਤੇ ਆਪਣੇ ਵਿਲੱਖਣ ਗੁਣਾਂ ਕਰਕੇ ਉਹ ਸਾਰੇ ਵਾਸੀਆਂ ਵਿਚ ਹਰਮਨ ਪਿਆਰਾ ਹੋ ਗਿਆ ਸੀ। ਸ਼ਾਮ ਨੂੰ ਬਾਜ਼ਾਰ ਦੇ ਵਿਚ ਵਿਚਰਦਿਆਂ ਹਰ ਇਕ ਦੇ ਨਾਲ ਗੱਲਬਾਤ ਕਰਦਾ ਸੀ। ਲੋਕ ਵੀ ਉਸ ਨੂੰ ਸੱਚੀ ਤੇ ਸਨੇਹਮਈ ਮੁਸਕਾਨ ਨਾਲ ਮਿਲਦੇ।

ਸਪੇਸਕਰਾਫ਼ਟ ਦੀ ਉੱਚੀ ਆਵਾਜ਼ ਉਸ ਦੇ ਕੰਨਾਂ ਨਾਲ ਟਕਰਾਈ ਅਤੇ ਉਹ ਖ਼ਿਆਲਾਂ ਦੇ ਆਕਾਸ਼ ਤੋਂ ਵਰਤਮਾਨ ਦੀ ਸੋਹਲ ਧਰਤੀ ਤੇ ਉਤਰਿਆ। "ਮਾਰਸ ਸਪੇਸ ਸ਼ਿੱਪ" ਪਲੇਟਫ਼ਾਰਮ ਤੇ ਲੈਂਡ ਕਰ ਚੁੱਕਾ ਸੀ ਅਤੇ ਉਸ ਵਿਚੋਂ ਯਾਤਰੀ ਉਤੱਰ ਰਹੇ ਸਨ। ਵਲੀਨਾ ਅਤੇ ਹਰਿੰਦਰ ਨੂੰ ਵੇਖ ਕੇ ਉਸ ਨੇ ਆਪਣੀਆਂ ਦੋਵੇਂ ਬਾਹਵਾਂ ਉੱਚੀਆਂ ਕਰਕੇ ਹਵਾ ਵਿਚ ਲਹਿਰਾਈਆਂ।

ਥੋੜ੍ਹੀ ਦੇਰ ਬਾਅਦ ਵਲੀਨਾ ਅਤੇ ਹਰਿੰਦਰ ਉਸ ਦੇ ਸਾਹਮਣੇ ਸਨ। ਦਿਲਾਂ ਦੇ ਭਾਵ ਕਾਬੂ ਵਿਚ ਨਾ ਰਹੇ ਅਤੇ ਦੋਵੇਂ ਪ੍ਰੇਮੀ ਇਕ ਦੂਸਰੇ ਦੀਆਂ ਬਾਹਵਾਂ ਦੇ ਸੀਮਤ ਘੇਰਿਆਂ ਵਿਚ ਸਮਾ ਗਏ।

ਫੇਰ ਉਸ ਨੇ ਹਰਿੰਦਰ ਨਾਲ ਹੱਥ ਮਿਲਾਇਆ ਅਤੇ ਉਹ ਪਲੇਟ ਫ਼ਾਰਮ ਤੋਂ ਬਾਹਰ ਆ ਗਏ। ਸ਼ਾਮ ਪੈ ਗਈ ਸੀ ਅਤੇ ਗੈਂਗਲੀਆਨ ਨਗਰੀ ਪ੍ਰਕਾਸ਼ ਵਿਚ ਨਹਾਈ ਕਿਸੇ 'ਕਾਰਨੀਵਾਲ' ਵਾਂਗ ਵਿਖਾਈ ਦੇ ਰਹੀ ਸੀ, ਜਿਵੇਂ ਕਿਸੇ ਦੁਲਹਨ ਨੇ ਸਿਤਾਰਿਆਂ ਨਾਲ ਜੜਿਆ ਦੁਪੱਟਾ ਲਿਆ ਹੋਵੇ।

ਉਹ ਮੰਗਲ ਗ੍ਰਹਿ ਦੀਆਂ ਸੜਕਾਂ ਤੇ ਦੋੜਨ ਵਾਲੀਆਂ 'ਬੁਲੇਟ ਕਾਰਾਂ' ਵਿਚੋਂ ਇੱਕ ਤੇ ਸਵਾਰ ਹੋ ਗਏ। ਕਾਰ ਸੜਕ ਤੇ ਦੌੜਨ ਲੱਗੀ- ਬੰਦੂਕ 'ਚੋਂ ਨਿਕਲੀ ਗੋਲੀ ਵਾਂਗ।

ਪਰ ਉਹ ਤਿੰਨੇ ਜਣੇ ਆਪਣੀਆਂ ਗੱਲਾਂ ਵਿਚ ਰੁੱਝੇ ਹੋਏ ਸਨ। ਉਹਨਾਂ ਤਿੰਨਾਂ ਦਿਆਂ ਚਿਹਰਿਆਂ ਤੋਂ ਅਸੀਮ ਖੁਸ਼ੀ ਦੇ ਭਾਵ ਸਾਫ਼ ਝਲਕ ਰਹੇ ਸਨ। ਰਣਤੇਜ ਤਾਂ ਹੋਰ ਵੀ ਜ਼ਿਆਦਾ ਖੁਸ਼ ਸੀ।

ਦੂਸਰੇ ਦਿਨ ਰਣਤੇਜ ਉਹਨਾਂ ਨੂੰ ਗੈਂਗਲੀਅਨ ਸ਼ਹਿਰ ਵਿਖਾਉਂਦਾ ਰਿਹਾ ਅਤੇ ਕਿੰਝ ਵੀਹਵੀਂ ਸਦੀ ਦੇ ਮਨੁੱਖਾਂ ਨੇ ਮੰਗਲਗ੍ਰਹਿ ਤੇ ਜੀਵਨ ਦੇ ਅਰੰਭ ਲਈ ਉਪਰਾਲੇ ਕੀਤੇ ਸੀ - ਇਹ ਦੱਸਦਾ ਇਹਾ।

ਵਲੀਨਾ ਸਾਰੇ ਸ਼ਹਿਰ ਨੂੰ ਅੱਡੀਆਂ ਨਜ਼ਰਾਂ ਨਾਲ ਵੇਖ ਰਹੀ ਸੀ- ਜਿਹੜਾ ਉਸ ਤੋਂ ਵੀ ਸੁੰਦਰ ਹੋ ਨਿਬੜਿਆ ਸੀ। 'ਸੱਚਮੁੱਚ.... ਕਿਸੇ ਪਰੀ ਲੋਕ ਵਰਗਾ। ਇਸ ਸ਼ਹਿਰ ਦਾ ਨਕਸ਼ਾ ਬਣਾਉਣ ਵਾਲਾ ਸੱਚਮੁੱਚ ਮਹਾਨ ਹੋਵੇਗਾ।'

ਫੇਰ ਰਣਤੇਜ ਉਹਨਾਂ ਨੂੰ ਲੈ ਕੇ ਗੈਂਗਲੀਅਨ ਸ਼ਹਿਰ ਤੋਂ ਦੋ ਕਿਲੋਮੀਟਰ ਬਾਹਰ 'ਵਾਈਟ ਸ਼ਾਵਰ' ਨਾਮਕ ਸੱਥਲ ਦਿਖਾਉਣ ਲੈ ਗਿਆ। 'ਵਾਈਟ ਸ਼ਾਵਰ' ਦੋ ਪਹਾੜੀਆਂ ਦੇ ਵਿਚਕਾਰ ਇਕ ਡੂੰਘੀ ਖਾਈ ਸੀ-ਜਿਹੜੀ ਕਿ ਅਤਿਅੰਤ ਧੁੰਦ ਦੇ ਨਾਲ ਭਰੀ ਪਈ ਸੀ ਅਤੇ ਜਿਸ ਵਿਚ ਸੁੱਕੀ ਬਰਫ਼ (Solid CO2) ਦੇ ਅੰਸ਼ ਵੀ ਕੁੱਝ ਮਾਤਰਾ ਵਿਚ ਉਪਸਥਿੱਤ ਸਨ। ਉਹ ਦ੍ਰਿਸ਼ ਸੱਚਮੁੱਚ ਹੀ ਬਹੁਤ ਦਿਲ ਖਿੱਚਵਾਂ ਸੀ। ਸੁਪਨਿਆਂ ਤੋਂ ਵੀ ਪਾਰਲੇ ਪ੍ਰਦੇਸ਼ ਦਾ....।

ਅਜੇ ਵਾਈਟ ਸ਼ਾਵਰ ਦੀ ਪ੍ਰਸੰਸਾ ਵਿਚ ਉਹਨਾਂ ਦੇ ਮੂੰਹੋਂ ਸ਼ਬਦਾਂ ਦਾ ਛਣਕਾਟਾ ਨਿਕਲਣ ਹੀ ਵਾਲਾ ਸੀ ਕਿ ਰਣਤੇਜ ਦੀ ਜੇਬ ਪਿਆ ਟਰਾਂਸਮੀਟਰ ਤੜਪਣ ਲੱਗਾ।

"ਹੈਲੋ, ਰਣਤੇਜ ਹੀਅਰ!"

"ਸਰ, ਮੈਂ ਕੰਟਰੋਲ ਰੂਮ ਵਿਚੋਂ ਜੈੱਕ ਬੋਲ ਰਿਹਾ ਹਾਂ। ਸਰ, ਮੰਗਲ ਗ੍ਰਹਿ ਵੱਲ ਇਕ ਚਮਕਦਾ ਹੋਇਆ ਗੋਲਾ, ਜਿਸ ਦਾ ਵਿਆਸ 20,000 ਮੀਟਰ ਹੈ, ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਕੰਪਿਊਟਰਜ਼ ਉਸ ਵਾਰੇ ਜਾਣਕਾਰੀ ਲੈ ਰਹੇ ਸਨ। ਸਥਿਤੀ ਬਹੁਤ ਸੀਰੀਅਸ ਹੈ ਸਰ.... ਤੁਸੀਂ ਛੇਤੀ ਪੁੱਜੋ।"

"ਮੈਂ ਹੁਣੇ ਆਂਦਾ ਹਾਂ।" ਰਣਤੇਜ ਚੀਖਿਆ।

ਉਸਨੇ ਸਾਰੀ ਗੱਲ, ਉਹਨਾਂ ਦੋਨਾਂ ਨੂੰ ਦੱਸੀ ਅਤੇ ਉਹ ਤੇਜ਼ੀ ਨਾਲ ਬੁਲੇਟਕਾਰ ਵਿਚ ਸਵਾਰ ਹੋ ਗਏ।

ਦੋ ਮਿੰਟਾਂ ਬਾਅਦ ਰਣਤੇਜ ਮੰਗਲ ਗ੍ਰਹਿ ਦੇ ਕੰਟਰੋਲ ਰੂਮ ਵਿਚ ਖੜ੍ਹਾ ਪ੍ਰਕਾਸ਼ੀ ਗੋਲੇ ਦਾ ਚਿੱਤਰ ਸਕਰੀਨ ਤੇ ਵੇਖ ਰਿਹਾ ਸੀ। ਥੋੜ੍ਹੀ ਦੇਰ ਬਾਅਦ ਕੰਪਿਉਟਰ ਨੇ ਆਪਣੀ ਜਾਣਕਾਰੀ ਸੁਣਾਈ- "ਸ਼੍ਰੀਮਾਨ, ਇਸ ਪ੍ਰਕਾਸ਼ੀ ਗੋਲੇ ਦਾ ਤਾਪਮਾਨ 1000 ਕੈਲਵਿਨ ਹੈ ਅਤੇ ਇਹ 10000 ਮੀਟਰ ਪ੍ਰਤਿ ਸਕਿੰਟ ਵੇਗ ਨਾਲ ਮੰਗਲ ਗ੍ਰਹਿ ਵੱਲ ਨੂੰ ਵੱਧ ਰਿਹਾ ਹੈ ਅਤੇ ਇਸ ਦਾ ਨਿਸ਼ਾਨਾ ਸਿੱਧਾ ਗੈਂਗਲੀਅਨ ਨਗਰੀ ਹੈ। ਇਸ ਵੇਲੇ ਇਹ ਸਾਥੋਂ 36000 ਕਿਲੋਮੀਟਰ ਦੂਰ ਹੈ ਅਤੇ ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਇਹ ਇੱਕ ਘੰਟੇ ਬਾਅਦ ਗੈਂਗਲੀਅਨ ਨਗਰੀ ਨਾਲ ਟਕਰਾ ਜਾਵੇਗਾ....!"

"ਕੀ ਇਹ ਕਿਸੇ ਬਾਹਰੀ ਗ੍ਰਹਿ ਵਲੋਂ ਗੈਂਗਲੀਅਨ ਨਗਰੀ ਤਬਾਹ ਕਰਨ ਲਈ ਭੇਜਿਆ ਗੀਆ ਹੈ?" ਰਣਤੇਜ ਨੇ ਪੁਛਿਆ।

"ਨਹੀਂ, ਇਹ ਕੁਦਰਤੀ ਆਫ਼ਤ ਹੈ। ਸਾਡੇ ਸੌਰਮੰਡਲ ਤੋਂ ਬਾਹਰ ਸਥਿੱਤ ਇਕ ਸਿਤਾਰੇ ਵਿਚ ਵਿਸਫੋਟ ਹੋਇਆ ਹੈ, ਜਿਹੜਾ ਆਪਣੇ ਅੰਤਿਮ ਚਰਣ ਤੇ ਸੀ। ਇਹ ਗੋਲਾ ਉਸ ਤੋਂ ਹੀ ਅੱਡ ਹੋ ਕੇ ਸਾਡੇ ਸੋਰ ਮੰਡਲ 'ਚ ਪ੍ਰਵੇਸ਼ ਕਰ ਗਿਆ ਸੀ। ਇਹ ਅਕਾਸ਼ੀ ਪਿੰਡ ਆਪਣੇ ਪੰਧ ਤੋਂ ਅਲੱਗ ਹੋ ਚੁੱਕਾ ਹੈ ਅਤੇ ਹੁਣ ਬੜੀ ਤੇਜ਼ੀ ਨਾਲ ਇੱਧਰ ਵਧ ਰਿਹਾ ਹੈ। ਤੁਹਾਨੂੰ ਤੁਰੰਤ ਕੁਝ ਕਰਨਾ ਚਾਹੀਦਾ ਹੈ! ਸਮਾਂ ਬਹੁਤ ਘੱਟ ਹੈ।"

ਰਣਤੇਜ ਤੁਰੰਤ ਕੰਟਰੋਲ ਰੂਮ ਦੇ ਪਲੇਟ ਫ਼ਾਰਮ ਤੇ ਖੜੇ ਸਭ ਤੋਂ ਉੱਚ ਕੋਟੀ ਦੇ ਲੜਾਕੂ ਯਾਨ ਕੋਲ ਪੁਜਿਆ, ਬਾਕੀ ਵਿਅਕਤੀ ਵੀ ਉਸ ਨਾਲ ਉਥੇ ਪੁੱਜ ਗਏ।

"ਸਰ, ਤੁਸੀਂ ਨਾ ਜਾਵੋਂ, ਅਸੀਂ ਮਾਸਟਰ ਕੰਪਿਊਟਰ ਅਤੇ ਹੋਰ ਲੜਾਕੂ ਰੋਬਟ ਭੇਜ ਦਿੰਦੇ ਹਾਂ।" ਜੈੱਕ ਰਣਤੇਜ ਦੀ ਮੰਸ਼ਾ ਭਾਂਪ ਕੇ ਬੋਲਿਆ।
"ਨਹੀਂ ਜੈੱਕ, ਮੈਂ ਕੋਈ ਵੀ ਰਿਸਕ ਨਹੀਂ ਲੈ ਸਕਦਾ। ਇਸ ਵੇਲੇ ਕਿਸੇ ਮਸ਼ੀਨ ਦੀ ਨਹੀਂ ਇਨਸਾਨ ਦੀ ਲੋੜ ਹੈ। ਯਾਨ ਬਿਲਕੁਲ ਤਿਆਰ ਹੈ।"
"ਯੈਸ, ਸਰ.....।"

ਰਣਤੇਜ ਨੇ ਇਕ ਨਜ਼ਰ ਵਲੀਨਾ ਵੱਲ ਵੇਖਿਆ। ਉਸਦੀ ਚਿਹਰੇ ਦੇ ਹਲਕੀ ਉਦਾਸੀ ਦੇ ਚਿੰਨ੍ਹ ਸਨ। ਉਸਨੇ ਜਬਰਨ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੀ।

ਰਣਤੇਜ ਤੇਜ਼ੀ ਨਾਲ ਯਾਨ ਵਿਚ ਸਵਾਰ ਹੋ ਗਿਆ। ਥੋੜ੍ਹੀ ਦੇਰ ਬਾਅਦ ਯਾਨ ਚਾਲੂ ਹੋ ਚੁੱਕਿਆ ਸੀ। ਉਸਨੇ ਯਾਨ ਵਿਚ ਲੱਗੇ ਮਾਸਟਰ ਕੰਪਿਊਟਰ ਨੂੰ ਇਕ ਵੇਰਾਂ ਯਾਨ ਦਾ ਨਿਰੀਖਣ ਕਰਨ ਦਾ ਆਦੇਸ਼ ਦੇ ਦਿੱਤਾ। ਪੰਜ ਮਿੰਟ ਬਾਅਦ ਮਾਸਟਰ ਕੰਪਿਊਟਰ ਨੇ ਯਾਨ ਦੇ ਸਹੀ ਹੋਣ ਬਾਰੇ ਦੱਸ ਦਿੱਤਾ। ਉਸਨੇ ਟੀ.ਵੀ ਸਕਰੀਨ ਚਾਲੂ ਕਰ ਦਿੱਤੀ। ਉਸ ਉਤੇ ਉਸਨੂੰ ਆਕਾਸ਼ੀ ਪਿੰਡ ਦਾ ਚਿੱਤਰ ਤੈਰ ਰਿਹਾ ਨਜ਼ਰ ਆਇਆ। ਪ੍ਰਮਾਤਮਾ ਦਾ ਨਾਂ ਲੈ ਕੇ ਉਸਨੇ ਯਾਨ ਨੂੰ ਆਕਾਸ਼ ਵੱਲ ਉੜਾ ਦਿੱਤਾ। ਯਾਨ ਬੜੀ ਤੇਜ਼ੀ ਨਾਲ ਆਕਾਸ਼ੀ ਪਿੰਡ ਵੱਲ ਵਧ ਰਿਹਾ ਸੀ। ਪੰਜ ਮਿੰਟ ਬਾਅਦ... ਉਹ ਉਸ ਆਕਾਸ਼ੀ ਪਿੰਡ ਤੋਂ ਕੇਵਲ ਪੰਜ ਸੌ ਕਿਲੋਮੀਟਰ ਦੂਰ ਸੀ। ਹੁਣ ਉਸਨੇ ਯਾਨ ਨੂੰ ਆਕਾਸ਼ ਵੱਲ ਸਥਿਰ ਕਰ ਦਿੱਤਾ ਅਤੇ ਇਕ ਸਕਿੰਟ ਦੀ ਵੀ ਦੇਰ ਨਾ ਕਰਦਿਆਂ ਇਕ ਨਾਬ (knob) ਨੂੰ ਦਬਾ ਦਿੱਤਾ। ਯਾਨ ਦੇ ਬਾਹਰ ਲੱਗੀ ਇਕ ਤੋਪ ਦਾ ਮੂੰਹ ਖੁੱਲਿਆ ਅਤੇ ਉਸਨੇ ਆਕਾਸ਼ੀ ਪਿੰਡ ਦਾ ਨਿਸ਼ਾਨਾ ਸਾਥ ਦਿੱਤਾ। ਬਹੁਤ ਜ਼ਿਆਦਾ ਹਾਈ ਪਾਵਰ ਵਾਲੀ ਲੇਜ਼ਰ ਬੀਮ ਤੋਪ ਦੇ ਮੂੰਹੋ ਨਿਕਲੀ ਅਤੇ ਉਸ ਆਕਾਸ਼ੀ ਪਿੰਡ ਨਾਲ ਜਾ ਟਕਰਾਈ। ਥੋੜ੍ਹੀ ਦੇਰ ਬਾਅਦ ਬਿਜਲੀ ਜਿਹੀ ਚਮਕੀ, ਪਰ ਉਸ ਅਕਾਸ਼ੀ ਪਿੰਡ ਨੂੰ ਸ਼ਾਇਦ ਕੋਈ ਫਰਕ ਨਾ ਪਿਆ।

"ਕੰਪਿਊਟਰ, ਕੋਈ ਇਫੈਕਟ ਪਿਆ?"
"ਸਰ, ਉਸਦੇ ਆਕਾਰ ਵਿਚ ਤਾਂ ਕੋਈ ਤਬਦੀਲੀ ਨਹੀਂ ਆਈ। ਪਰ ਉਸ ਦਾ ਵੇਗ ਪੰਜ ਮੀਟਰ ਪ੍ਰਤਿ ਸਕਿੰਟ ਘੱਟ ਗਿਆ ਹੈ ਤੁਹਾਨੂੰ ਲਗਾਤਾਰ ਪੰਜ ਛੇ ਅਟੈਕ ਕਰਨੇ ਚਾਹੀਦੇ ਹਨ।"

ਰਣਤੇਜ ਨੇ ਉਵੇਂ ਹੀ ਕੀਤਾ। ਕੁਝ ਚਿਰ ਬਿਜਲੀ ਜਿਹੀ ਕੜਕਦੀ ਰਹੀ, ਪਰ ਰਣਤੇਜ ਨੇ ਵੇਖਿਆ ਕਿ ਆਕਾਸ਼ੀ ਪਿੰਡ ਦੇ ਆਕਾਰ ਵਿਚ ਕੋਈ ਫ਼ਰਕ ਨਹੀਂ ਪਿਆ ਤੇ ਨਾ ਹੀ ਉਸਦਾ ਰਸਤਾ ਬਦਲਿਆ।

ਉਸ ਦੀਆਂ ਅੱਖਾਂ ਵਿਚ ਆਕਾਸ਼ੀ ਪਿੰਡ ਨੂੰ ਵੇਖ ਕੇ ਰੋਹ ਦੇ ਭਾਵ ਉੱਭਰ ਆਏ। ਉਸਨੇ ਇੱਕ ਹੋਰ ਤੋਪ ਚਾਲੂ ਕਰ ਲਈ ਅਤੇ ਅਕਾਸ਼ੀ ਪਿੰਡ ਤੇ ਲਗਾਤਾਰ ਪੰਦਰਾਂ ਅਟੈਕ ਕੀਤੇ।

ਪਰ......

ਅਫ਼ਸੋਸ ਕਿ ਉਸ ਤਬਾਹੀ ਦੇ ਗੋਲੇ ਦੀ ਤਬਾਹੀ ਨਾ ਹੋ ਸਕੀ ਅਤੇ ਹੁਣ ਉਹ ਨਿਰੰਤਰ ਮੰਗਲ ਵੱਲ ਨੂੰ ਵੱਧ ਰਿਹਾ ਸੀ। ਰਣਤੇਜ ਦੀਆਂ ਅੱਖਾਂ ਰੋਹ ਨਾਲ ਲਾਲ ਹੋ ਗਈਆਂ। ਉਸਨੇ ਸੋਚਿਆ ਕਿ ਜੇ ਉਹ ਇੰਝ ਹੀ ਅਟੈਕ ਕਰਦਾ ਗਿਆ ਤਾਂ ਉਸ ਗੋਲੇ ਤੇ ਕੋਈ ਅਸਰ ਨਹੀਂ ਹੋਣਾ।

ਉਧਰ ਸਮੇਂ ਦਾ ਰਵਾ (Crystal) ਮਹੌਲ ਦੀ ਗਰਮੀ ਨਾਲ ਪਿੱਘਲਦਾ ਜਾ ਰਿਹਾ ਸੀ।

ਫੇਰ ਅਚਾਨਕ....
ਰਣਤੇਜ ਦੇ ਮਨ ਵਿਚ ਇਕ ਬਹੁਤ ਹੀ ਭਿਆਨਕ ਵਿਚਾਰ ਨੇ ਜਨਮ ਲਿਆ।

ਉਸਨੇ ਯਾਨ ਨੂੰ ਚਾਲੂ ਕਰਕੇ, ਪ੍ਰਕਾਸ਼ ਦੀ ਗਤੀ ਜਿੰਨਾ ਤੇਜ਼ ਕਰ ਦਿੱਤਾ! ਪਲਕ ਝਪਕਦਿਆਂ ਹੀ ਯਾਨ ਕਲਪਨਾ ਜਿੰਨੀ ਗਤੀ ਨਾਲ ਉਸ ਆਕਾਸ਼ੀ ਪਿੰਡ ਨਾਲ ਜਾ ਟਕਰਾਇਆ!

ਅੰਤਰਿਖਸ਼ ਵਿਚ ਇਕ ਤੂਫਾਨ ਜਿਹਾ ਮਚ ਗਿਆ। ਯਾਨ ਦੀ ਟੱਕਰ ਨਾਲ ਕਾਫ਼ੀ ਮਾਤਰਾ ਵਿਚ ਤਾਪ ਉਤਪੰਨ ਹੋਇਆ, ਜਿਸਦੇ ਨਾਲ ਯਾਨ ਬਿਲਕੁਲ ਤਬਾਹ ਹੋ ਗਿਆ ਸੀ।

ਤੇ ਰਣਤੇਜ.....

ਉਹ ਤਾਂ ਉਸੇ ਤਾਪ ਦੀ ਭੇਂਟ ਚੜ੍ਹ ਗਿਆ।

ਉੱਧਰ ਕੰਟਰੋਲ ਰੁਮ 'ਚ ਜਦ ਵਲੀਨਾ, ਹਰਿੰਦਰ, ਜੈੱਕ ਤੇ ਹੋਰ ਲੋਕਾਂ ਨੇ ਇਹ ਦ੍ਰਿਸ਼ ਵੇਖਿਆ ਤਾਂ ਪਲ ਲਈ ਉਹਨਾਂ ਦੇ ਦਿਲ ਜਿਵੇਂ ਧੜਕਣੋਂ ਰੁਕ ਗਏ ਸੀ।

ਇਕ ਪਲ ਤਾਂ ਉਹਨਾਂ ਨੂੰ ਪਤਾ ਹੀ ਨਾ ਚਲਿਆ ਕਿ ਕੀ ਵਾਪਰ ਗਿਆ ਹੈ। ਵਲੀਨਾ ਤਾਂ ਬੇਹੋਸ਼ ਹੋ ਕੇ ਹੀ ਡਿੱਗ ਪਈ। ਹਰਿੰਦਰ ਉਸਨੂੰ ਜ਼ਮੀਨ ਤੋਂ ਚੁੱਕਣ ਲਈ ਦੌੜਿਆ। ਇਸ ਕਸ਼ਮਕਸ਼ ਨੂੰ ਹੁੰਦਿਆਂ ਪੰਤਾਲੀ ਮਿੰਟ ਹੋ ਗਏ ਸਨ। ਪਰ ਉਸ ਆਕਾਸ਼ੀ ਪਿੰਡ ਦਾ ਰਸਤਾ ਬਦਲ ਚੁੱਕਾ ਸੀ। ਰਣਤੇਜ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ ਸੀ..... ਮੰਗਲ ਵਾਸੀਆਂ ਦੀ ਰੱਖਿਆ ਵਾਸਤੇ।

ਹਰ ਦਿਲ ਵਿਚ ਉਸਦੇ ਵਾਸਤੇ ਸਨਮਾਨ ਦੀ ਅਥਾਹ ਭਾਵਨਾ ਸੀ।

ਇਹ ਗੱਲ ਉਦੋਂ ਦੀ ਸੀ, ਜਦੋਂ ਬਸੰਤ ਰੁੱਤ ਹੁੰਦੀ ਹੈ, ਜਦੋ ਫੁੱਲ ਬੂਟੇ ਆਪਣੇ ਪੂਰੇ ਜੋਬਨ ਤੇ ਹੁੰਦੇ ਹਨ। ਤੇ ਹੁਣ ਇਕ ਸਾਲ ਗੁਜ਼ਰ ਚੁੱਕਾ ਸੀ। ਸਰਦੀਆਂ ਤੋਂ ਬਾਅਦ ਬਸੰਤ ਆਈ, ਪਰ ਪ੍ਰਿਥਵੀ ਤੇ ਵਲੀਨਾ ਦਾ ਮਨ ਬਹਾਰੋਂ ਸੱਖਣਾ ਸੀ, ਉਸਨੂੰ ਅਜੇ ਰਣਤੇਜ ਨਹੀਂ ਭੁੱਲਿਆ ਸੀ।

ਅੱਜ ਉਸਦੀ ਪਹਿਲੀ ਬਰਸੀ ਸੀ। ਵਲਿਨਾ, ਹਰਿੰਦਰ ਨਾਲ ਮੰਗਲ ਗ੍ਰਹਿ ਤੇ ਪੁੱਜੀ ਸੀ।

ਰਣਤੇਜ ਦੀ ਮੜ੍ਹੀ ਤੇ ਨਜ਼ਰ ਪੈਂਦਿਆ ਹੀ ਵਲੀਨਾ ਦੇ ਅਥਰੂਆਂ ਦਾ ਸੈਲਾਬ ਵਹਿ ਤੁਰਿਆ ਕਾਫੀ ਚਿਰ ਬਾਅਦ ਉਸ ਤੋਂ ਆਪਣੇ ਆਪ ਤੇ ਕਾਬੂ ਪਾਇਆ ਗਿਆ।

ਉਸਨੇ ਇਕ ਨਜ਼ਰ ਮੜ੍ਹੀ ਵਲ ਵੇਖਿਆ। ਉਸ ਵਿਚ ਜਿਵੇਂ ਰਣਤੇਜ ਦਾ ਹਮੇਸ਼ਾ ਹੱਸਦਾ ਰਹਿਣ ਵਾਲਾ ਚਿਹਰਾ ਇਸ ਵੇਲੇ ਵੀ ਮੁਸਕਾ ਰਿਹਾ ਸੀ। ਫੇਰ ਉਸਨੂੰ ਲੱਗਿਆ ਕਿ ਰਣਤੇਜ ਦਾ ਮੁਸਕਰਾਉਂਦਾ ਚਿਹਰਾ ਪਲ ਪ੍ਰਤੀ ਪਲ ਵਿਸ਼ਾਲ ਹੋਈ ਜਾ ਰਿਹਾ ਅਤੇ ਉਹ ਇੰਨਾ ਵਿਸ਼ਾਲ ਹੋ ਗਿਆ ਕਿ ਸਾਰੇ ਸੂਰਜ ਮੰਡਲ ਵਿਚ ਫੈਲ ਗਿਆ ਅਤੇ ਫੇਰ........

ਸੂਰਜ ਮੰਡਲ ਤੋਂ ਵੀ ਵਿਸ਼ਾਲ ਹੋ ਗਿਆ।

-"ਟੁੱਟਦੇ ਤਾਰਿਆਂ ਦੀ ਦਾਸਤਾਨ (1989)"  ਵਿੱਚੋਂ - ਅੱਜ ਨਾਸਾ ਅਤੇ ਸਪੇਸ-ਐਕਸ (ਈਲੌਨ ਮਸਕ) ਵਰਗੀਆਂ ਕੰਪਨੀਆਂ ਮੰਗਲ ਗ੍ਰਹਿ 'ਤੇ ਜਾਣ ਅਤੇ ਵਸਣ ਦੀਆਂ ਯੋਜਨਾਵਾਂ ਬਣਾ ਰਹੀਆਂ ਹਨ। ਸਿਤੰਬਰ 27, 2016 ਨੂੰ ਮੈਕਸੀਕੋ ਵਿਖੇ ਇੱਕ ਕਾਨਫ਼ਰੰਸ ਵਿੱਚ, ਈਲੌਨ ਮਸਕ ਨੇ ਆਪਣੀ ਕੰਪਨੀ ਦੇ ਅੰਤਰ-ਗ੍ਰਹਿ ਯਾਤਾਯਾਤ ਵਿਵਸਥਾ (Interplanetary Transport System) ਦਾ ਵੇਰਵਾ ਦੱਸਿਆ - ਹੁਣ ਤੱਕ ਸਭ ਤੋਂ ਵੱਧ ਸ਼ਕਤੀ ਵਾਲ਼ਾ ਰੌਕੇਟ ਅਤੇ ਸਪਸਸ਼ਿੱਪ, ਜੋ 100 ਦੇ ਕਰੀਬ ਯਾਤਰੀ ਲਾਲ ਗ੍ਰਹਿ ਤੇ ਲੈ ਕੇ ਜਾਣ ਦੇ ਸਮਰੱਥ ਹੋਵੇਗਾ। ਜੇ ਸਭ ਕੁੱਝ ਯੋਜਨਾ ਦੇ ਅਨੁਸਾਰ ਹੋਇਆ ਤਾਂ ਅਗਲੇ 50-100 ਸਾਲਾਂ ਤੱਕ ਮਨੁੱਖ ਮੰਗਲ ਗ੍ਰਹਿ ਤੇ ਪਹੁੰਚਣ ਅਤੇ ਸਵੈ-ਨਿਰਭਰ ਕਲੋਨੀ ਬਣਾਉਣ ਦੇ ਯੋਗ ਹੋ ਸਕੇਗਾ! ਨਾਸਾ ਦੀ ਯੋਜਨਾ ਜ਼ਿਆਦਾ ਵਾਸਤਵਿਕ ਹੈ - ਨਾਸਾ ਮਨੁੱਖਾਂ ਨੂੰ 2025 ਤੱਕ ਅਕਾਸ਼ੀ ਪਿੰਡਾਂ (asteroids) ਅਤੇ 2035 ਤੱਕ ਮੰਗਲ ਤੇ ਲੈ ਕੇ ਜਾਣ ਵਾਸਤੇ ਤਿਆਰੀ ਕਰ ਰਿਹਾ ਹੈ। ਇਹ ਤਜਰਬਾ ਵਿਗਿਆਨਕਾਂ ਨੂੰ ਪ੍ਰਿਥਵੀ ਦੇ ਨੀਵੇਂ ਅੰਤਰਿਖਸ਼ ਪੱਥ (Beyond low-Earth Orbit) ਤੋਂ ਪਾਰ ਮਨੁੱਖੀ-ਅੰਤਰਿਖਸ਼ ਉੜਾਨ ਨੂੰ ਸਮਝਣ ਵਿੱਚ ਸਹਾਇਕ ਸਿੱਧ ਹੋਏਗਾ - ਜਿਵੇਂ ਕਿ ਸੂਰਜੀ ਤੇ ਬਿਜਲਈ ਸੰਚਾਲਨ ਊਰਜਾ (Solar Electric Propulsion), ਜਿਹੜੀ ਕਿ ਮਾਲ (cargo) ਨੂੰ ਮੰਗਲ ਤੱਕ ਭੇਜਣ ਲਈ ਜ਼ਰੂਰੀ ਹੋਏਗੀ। ਹਵਾਲੇ - space.com, nasa.gov/mars

 

04/11/2016

ਹੋਰ ਕਹਾਣੀਆਂ  >>    


 
  ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2015,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015,  5abi.com