ਕੰਮ
ਤੋਂ ਆਉਂਦਿਆਂ ਕਾਰ ਵਿਚ ਰੇਡਿਉ ਤੋਂ ਖਬਰ ਸੁਣੀ ਭਾਈ ਬਲਵੰਤ ਸਿੰਘ ਰਜੋਆਣਾ ਨੂੰ ਫਾਂਸੀ
ਦਾ ਹੁਕਮ ਸੁਣਾ ਦਿੱਤਾ, ਇਹ ਖਬਰ ਸੁਣਦੇ ਸਾਰ ਹੀ ਕਾਰ ਦਾ ਸਟੇਰਿੰਗ ਮੇਰੇ ਹੱਥਾ ਦੇ ਨਾਲ
ਹੀ ਕੰਬਿਆ। ਕਦੋਂ ਮੁਕੇਗਾ ਇਹ ਫਾਂਸੀਆਂ ਦਾ ਸਿਲਸਲਾ,
ਮੇਰੇ ਦਿਮਾਗ ਨੇ ਮੈਨੂੰ ਹੀ ਪੁੱਛਿਆ। ਜਿਸ ਦਾ ਜਵਾਬ
ਮੇਰੇ ਕੋਲ ਤਾਂ ਕੀ ਹੋਣਾ ਸੀ ਇਸ ਸਮੇਂ ਕਿਸੇ ਕੋਲ ਵੀ ਨਹੀ। ਜੀਭ ਤਾਂ ਕੁੱਝ ਨਾ ਬੋਲੀ,
ਪਰ ਅੱਖਾਂ ਵਗ ਤੁਰੀਆਂ। ਭਗਤ ਸਿੰਘ ਤੋਂ ਲੈ ਕੇ ਹੁਣ ਤਕ ਲਾਈਆਂ ਫਾਂਸੀਆ ਦੇ ਰੱਸੇ ਗਿਣਦਾ
ਘਰ ਤੱਕ ਪਹੁੰਚਿਆ। ਘਰ ਦੀ ਡਿਊੜੀ ਵਿਚ ਜੁੱਤੀ ਹੀ ਖੋਹਲ ਰਿਹਾ ਸੀ ਕਿ ਬਾਪੂ ਜੀ ਜੋ
ਪੰਜਾਬੀ ਚੈਨਲ ਉੱਪਰ ਖਬਰਾਂ ਦੇਖ ਰਹੇ ਸਨ ਬੋਲੇ, “ ਕਾਕਾ, ਆ ਗਿਆ ਕੰਮ ਤੋ।”
“ਹਾਂ ਜੀ।”
“ ਭਾਈ ਬਲਵੰਤ ਸਿੰਘ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ ਏ।”
“ ਅੱਛਾ ਜੀ।” ਇਸ ਤੋਂ ਬਾਅਦ ਮੈ ਕੁੱਝ ਵੀ ਨਾ ਬੋਲਿਆ ਤਾਂ ਬਾਪੂ ਜੀ ਨੇ ਮੇਰੇ ਮੂੰਹ
ਵੱਲ ਦੇਖਿਆ। ਕੋਲ ਬੈਠੇ ਮਾਤਾ ਜੀ ਨੇ ਹੌਲੀ ਅਜਿਹੀ ਬਾਪੂ ਜੀ ਨੂੰ ਕਿਹਾ, “ ਉਹ ਕੰਮ ਤੋਂ
ਥੱਕਾ- ਹਾਰਿਆ ਆਇਆ ਹੈ, ਤੁਸੀ ਉਸ ਨੂੰ ਕਿਹੋ ਜਿਹੀਆਂ ਖਬਰਾਂ ਦੱਸਣ ਲੱਗ ਜਾਂਦੇ ਹੋ,
ਤੁਹਾਨੂੰ ਚੰਗਾ ਭਲਾ ਪਤਾ, ਇਸ ਤਰਾਂ ਦੀ ਖਬਰ ਸੁਨਣ ਨਾਲ ਉਸ ਦਾ ਕੀ ਹਾਲ ਹੋ ਜਾਦਾਂ ਹੈ।”
ਮਨ ਭਰਿਆ ਹੋਣ ਕਾਰਨ ਮੈ ਕੁੱਝ ਵੀ ਨਾ ਬੋਲ ਸਕਿਆ ਅਤੇ ਚੁੱਪ-ਚਾਪ ਸਿਧਾ ਰਸੋਈ ਵਿਚ
ਚਲਾ ਗਿਆ।
“ ਚਾਹ ਪੀਣੀ ਹੈ ਜਾਂ ਰੋਟੀ ਖਾਣੀ ਹੈ।” ਮੇਰੀ ਪਤਨੀ ਨੇ ਫਰਿਜ਼ ਵਿਚੋਂ ਐਪਲ ਜੂਸ ਦਾ
ਡੱਬਾ ਕੱਢਦਿਆਂ ਆਖਿਆ, “ ਚਾਹ ਤਾਂ ਬਣੀ ਪਈ, ਰੋਟੀ ਲਾ ਦੇਵਾਂ।”
“ਭੁੱਖ ਨਹੀ।” ਇਹ ਕਹਿੰਦਾ ਹੋਇਆ ਮੈ ਵੀ ਬਾਪੂ ਜੀ ਦੇ ਕੋਲ ਬੈਠ ਕੇ ਖਬਰਾਂ ਦੇਖਣ ਲੱਗਾ”
“ ਪੰਜਾਬੀਆਂ ਨੂੰ ਹੁਣ ਇਸ ਮਾਮਲੇ ਵਿੱਚ ਇਕੱਠੇ ਹੋ ਜਾਣਾ ਚਾਹੀਦਾ ਹੈ।” ਬਾਪੂ ਜੀ ਨੇ
ਕਿਹਾ, “ ਲੀਡਰਾਂ ਨੂੰ ਚਾਹੀਦਾ ਹੈ ਉਹ ਸਰਕਾਰ ਨਾਲ ਭਾਈ ਬਲਵੰਤ ਸਿੰਘ ਬਾਰੇ ਗੱਲ ਕਰਨ।”
“ ਮੇਰੇ ਕੁੱਝ ਕਹਿਣ ਤੋਂ ਪਹਿਲਾਂ ਹੀ ਮਾਤਾ ਜੀ ਬੋਲੇ, “ਤੁਹਾਡੀ ਤਾਂ ਉਹ ਗੱਲ ਆ,
ਅੰਨ੍ਹੇ ਅੱਗੇ ਮੁਜਰਾ, ਬੋਲ਼ੇ ਅੱਗੇ ਗੱਲ, ਗੁੰਗੇ ਹੱਥ ਸੁਨੇਹੜਾ ਭਾਂਵੇ ਘੱਲ ਨਾ ਘੱਲ”।
“ ਨਹੀ ਕੁੱਝ ਨਾ ਕੁੱਝ ਤਾ ਹੋਵੇਗਾ ਹੀ।” ਬਾਪੂ ਜੀ ਨੇ ਫਿਰ ਕਿਹਾ, “ ਇਹਨਾ ਨੇ ਫਾਂਸੀ
ਦੀ ਸਜਾ ਨੂੰ ਖੇਲ ਹੀ ਬਣਾ ਲਿਆ ਹੈ।”
“ ਬਾਪੂ ਜੀ, “ ਸਾਡੇ ਨਾਲ ਹੀ ਇਹ ਖੇਡ ਖੇਡਦੇ ਨੇ।” ਚਾਹ ਦੇ ਕੱਪ ਚੁੱਕੀ ਲਈ ਆਉਂਦੀ
ਮੇਰੀ ਪਤਨੀ ਨੇ ਕਿਹਾ, “ਚੌਰਾਸੀ ਦੇ ਕਾਤਲ ਅਜੇ ਵੀ ਤੁਰੇ ਫਿਰਦੇ ਨੇ ਕਿਸੇ ਨੂੰ ਨਹੀ
ਫਾਂਸੀ ਦੀ ਸਜਾ ਹੋਈ।”
“ਧੰਨ ਜਿਗਰਾ ਇਸ ਤਰਾਂ ਦੇ ਸੂਰਮਿਆਂ ਦੀਆ ਮਾਵਾਂ ਦੇ।” ਮਾਤਾ ਜੀ ਨੇ ਕਿਹਾ, “ ਇਕ ਮਿੰਟ
ਵੀ ਪੁੱਤ ਕੰਮ ਤੋ ਲੇਟ ਆਵੇ ਤਾਂ ਕਾਲਜ਼ੇ ਨੂੰ ਧੂ ਪੈਣ ਲਗ ਜਾਂਦੀ ਆ।”
ਮੈ ਅਜੇ ਵੀ ਚੁੱਪ-ਚਾਪ ਉਦਾਸ ਚਿਹਰੇ ਨਾਲ ਉਹਨਾਂ ਦੀਆ ਗੱਲਾਂ ਸੁਣ ਰਿਹਾ ਸੀ। ਬਾਪੂ
ਜੀ ਨੇ ਮੇਰੇ ਮੂੰਹ ਵੱਲ ਦੇਖ ਕੇ ਕਿਹਾ, “ ਕਾਕਾ , ਤੂੰ ਤਾਂ ਬਹੁਤਾ ਹੀ ਥੱਕਿਆ ਹੋਇਆ
ਲਗੱਦਾ ਹੈ, ਜਾ ਜਾਕੇ ਅਰਾਮ ਕਰ ਲੈ।”
ਅੱਧ-ਪੀਤੀ ਚਾਹ ਵਿਚੇ ਹੀ ਛੱਡ ਕੇ ਅਰਾਮ ਕਰਨ ਲਈ ਕਮਰੇ ਵੱਲ ਨੂੰ ਤੁਰ ਪਿਆ। ਬੈਡ ਤੇ
ਡਿਗ ਜਿਹਾ ਪਿਆ। ਅੱਖਾਂ ਮੀਟ ਕੇ ਕੋਸ਼ਿਸ਼ ਕਰਨ ਲੱਗਾ ਕਿ ਮਨ ਨੂੰ ਜਰਾ ਚੈਨ ਆ ਜਾਵੈ, ਪਰ
ਜਦੋ ਸੀਨੇ ਵਿਚ ਖੰਜਰ ਖੁੱਭਿਆ ਹੋਵੇ ਤਾਂ ਨੀਂਦ ਵੀ ਫਿਰ ਸਹਿਜੇ ਕਿਤੇ ਲਾਗੇ ਨਹੀ ਲੱਗਦੀ।
ਵੀਰ ਭਗਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕਿਹਰ ਸਿੰਘ, ਵੀਰ ਸੁੱਖਾ-
ਜਿੰਦਾ ਪੁਰਾਣੇ ਅਤੇ ਨਵੀਨ ਸਾਰੇ ਸ਼ਹੀਦਾਂ ਦੀਆਂ ਤਸਵੀਰਾਂ ਮੇਰੇ ਅੱਗੇ ਘੁੰਮਣ
ਲੱਗੀਆਂ।ਮੇਰੀਆਂ ਅੱਖਾ ਇਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੀਆਂ ਝੁੱਕ ਗਈਆਂ ਅਤੇ ਛੇਤੀ ਹੀ
ਕਿਸੇ ਹੋਰ ਦੁਨੀਆਂ ਵਿਚ ਪਹੁੰਚ ਗਈਆ, ਇਕ ਦਲੇਰ ਔਰਤ ਉਦਾਸ ਬੈਠੀ ਦਿਸੀ। ਉਸ ਦਾ ਦੁੱਪਟਾ
ਥੱਲੇ ਖਿਲਰਿਆ ਪਿਆ ਸੀ, ਉਸ ਦੇ ਅਣਵਾਹੇ ਵਾਲ ਉਲਝੇ ਪਏ ਸੀ। ਮੈ ਉਸ ਦੇ ਕੋਲ ਜਾ ਕੇ
ਪੁੱਛਣ ਲੱਗਾ, “ ਤੂੰ ਕੌਣ ਏ? ਕਿਸ ਗੱਲ ਕਰਕੇ ਉਦਾਸ ਹੈ? ” ਉਸ ਨੇ ਹੌਲੀ ਅਜਿਹੀ ਆਪਣਾ
ਸਿਰ ਉਤਾਂਹ ਚੁੱਕਿਆ ਅਤੇ ਹੰਝੂਆਂ ਨੂੰ ਆਪਣੇ ਹੱਥਾਂ ਨਾਲ ਸਾਫ ਕਰਦੀ ਬੋਲੀ, “ ਮੈ ਉਹਨਾਂ
ਅਨੇਕਾਂ ਪੁੱਤਾਂ ਦੀ ਮਾਂ ਹਾਂ ਜੋ ਆਪਣੀ ਕੌਮ ਅਤੇ ਦੇਸ਼ ਤੋਂ ਕੁਰਬਾਨ ਹੋ ਚੁੱਕੇ ਨੇ।”
“ ਤੂੰ ਕਿਤੇ ਪੰਜਾਬ ਦੀ ਧਰਤੀ ਮਾਂ ਤਾਂ ਨਹੀ।” ਮੈ ਇਕਦੱਮ ਪੁੱਛਿਆ, “ ਦੁਨੀਆ ਦੇ
ਇਤਹਾਸ ਵਿਚ ਸਭ ਤੋਂ ਜ਼ਿਆਦਾ ਜਿਸ ਨੇ ਆਪਣੇ ਪੁੱਤਰ ਕੁਰਬਾਨ ਕੀਤੇ।”
“ ਹਾਂ ਮੈ ਉਹ ਹੀ ਹਾਂ।”
“ ਤੇਰਾ ਇਕ ਹੋਰ ਪੁੱਤਰ ਕੁਰਬਾਨ ਹੋਣ ਲਈ ਜਾ ਰਿਹਾ ਏ।” ਮੈ ਕਿਹਾ, “ ਇਸ ਲਈ ਰੌਦੀ ਪਈ
ਆਂ।”
“ ਮਾਂ ਜਿਉਂ ਹਾਂ, ਜਦੋਂ ਵੀ ਪੁੱਤ ਕੁਰਬਾਨ ਹੁੰਦਾ,ਛਾਤੀ ਵਿਚ ਚੀਸ ਤਾਂ ਫਿਰ ਪੈਂਦੀ ਹੀ
ਹੈ।”
“ ਮੈ ਤਾਂ ਸੁਣਿਆ ਪਈ ਤੂੰ ਤਾਂ ਬਹੁਤ ਬਹਾਦਰ ਏ, ਹੁਣ ਕਿਉਂ ਘਬਰਾ ਗਈ?”
“ ਨਹੀ ਨਹੀ ਮੈ ਘਬਰਾਈ ਤਾਂ ਨਹੀ, ਮੈ ਤਾ ਪੁੱਤਾਂ ਨੂੰ ਕੁਰਬਾਨ ਕਰਨ ਦੀ ਆਦੀ ਹੋ ਚੁੱਕੀ
ਹਾਂ।”
“ ਫਿਰ ਤੂੰ ਰੌਂਦੀ ਕਿਉਂ ਪਈ ਏ।”
“ ਮੈ ਤਾਂ ਉਹਨਾਂ ਪੁੱਤਰਾਂ ਨੂੰ ਰੋ ਰਹੀ ਹਾਂ, ਜੋ ਮੇਰੇ ਢਿੱਡੋ ਜੰਮ ਕੇ ਵੀ ਮੇਰੇ ਨਾ
ਬਣੇ।”
“ ਕੌਣ ਨੇ ਉਹ?”
“ ਜਦੋਂ ਵੀ ਜ਼ੁਲਮ ਦੀ ਹਨੇਰੀ ਮੇਰੇ ਘਰ ਆਉਂਦੀ ਹੈ, ਇਹ ਮੇਰੇ ਅਕ੍ਰਿਤਘਣ ਪੁੱਤ ਜ਼ਾਲਮਾ
ਨਾਲ ਜਾ ਰਲਦੇ ਨੇ।”
“ ਜਿਹੜੇ ਤੇਰੇ ਪੁੱਤ ਕੁਰਬਾਨ ਹੋ ਚੁੱਕੇ ਨੇ ਜਾਂ ਹੋ ਰਹੇ ਨੇ ਉਹ ਚਾਹੁੰਦੇ ਕੀ ਨੇ?” ਮੈ
ਜਾਣਦੇ ਹੋਇਆ ਵੀ ਉਸ ਦੇ ਅਕ੍ਰਿਤਘਣ ਪੁੱਤਰਾਂ ਦੀ ਗੱਲ ਟਾਲਦੇ ਹੋਏ ਪੁੱਛਿਆ, “ ਉਹ ਕਿਉਂ
ਕਰ ਰਹੇ ਨੇ ਕੁਰਬਾਨੀ ਉੱਪਰ ਕੁਰਬਾਨੀ।”
“ ਥੋੜ੍ਹੇ ਚਿਰਾਂ ਦੀ ਤਾਂ ਗੱਲ ਆ।” ਉਸ ਨੇ ਲੰਮਾ ਹਾਉਂਕਾ ਭਰਦੇ ਕਿਹਾ, “ ਮੇਰੇ ਇਕ
ਬਹਾਦਰ ਪੁੱਤਰ ਨੇ ਆਪਣਾ ਰਾਜ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਫੈਲਾ ਲਿਆ ਸੀ।”
“ ਤੂੰ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰ ਰਹੀ ਏ।” ਮੈ ਵਿਚੋਂ ਹੀ ਬੋਲਿਆ, “ ਜਿਸ
ਦੀ ਇਕ ਹੀ ਅੱਖ ਸੀ।”
“ ਉਹ ਦੇਖਦਾ ਵੀ ਸਭ ਨੂੰ ਇਕ ਅੱਖ ਨਾਲ ਹੀ ਸੀ।” ਉਸ ਨੇ ਫਖਰ ਨਾਲ ਕਿਹਾ, “ ਉਹ ਵੀ ਦਿਨ
ਸਨ ਮੇਰੇ ਤੇ ਜਦੋਂ ਮੈ ਫੁੱਲੀ ਨਾ ਸਮਾਂਦੀ ਸਾਂ, ਮੇਰੇ ਬਾਗਾਂ ਵਿਚ ਬਹਾਰਾਂ ਸਨ, ਮੇਰੀਆਂ
ਸੱਥਾਂ ਵਿਚ ਰੌਣਕਾਂ ਸਨ।” ਉਸ ਨੇ ਅੱਖਾਂ ਵਿਚ ਖੁਸ਼ੀ ਦੀ ਚਮਕ ਲਿਆਉਂਦਿਆ ਕਿਹਾ, “ ਮੇਰਾ
ਸਾਰਾ ਪ੍ਰੀਵਾਰ ਆਪਸ ਵਿਚ ਪਿਆਰ ਅਤੇ ਸੰਤੌਖ ਭਰੀ ਜ਼ਿੰਦਗੀ ਬਸਰ ਕਰ ਰਿਹਾ ਸੀ।ਮੈ ਆਪਣੇ
ਪੁੱਤ ਦੇ ਕੰਮਾਂ ਤੋਂ ਵਾਰੇ-ਬਲਿਹਾਰੇ ਜਾਂਦੀ ਸਾਂ ਜਦੋਂ ਉਹ ਗੁਰਘਰਾਂ ਦੇ ਨਾਲ ਨਾਲ
ਮਸਜਿਦਾਂ ਅਤੇ ਮੰਦਰਾਂ ਵਿਚ ਵੀ ਸੋਨਾ ਚੜ੍ਹਾਉਂਦਾ ਸੀ,ਗਰੀਬਾਂ ਦੇ ਅੰਨ ਦੀਆ ਪੰਡਾਂ ਆਪਣੇ
ਸਿਰਾਂ ਤੇ ਚੁੱਕ ਉਹਨਾਂ ਘਰਾਂ ਵਿਚ ਛੱਡ ਕੇ ਆਉਂਦਾ ਸੀ।”
“ ਤੇਰਾ ਉਹ ਪੁੱਤਰ ਤਾਂ ਗੁਣਾ ਦੀ ਗੁੱਥਲੀ ਸੀ।” ਮੈ ਉਸ ਦੀ ਹਾਂ ਵਿਚ ਹਾਂ
ਮਿਲਾਉਂਦਿਆ ਕਿਹਾ, “ ਉਸ ਦੇ ਗੁਣ ਤਾਂ ਹੁਣ ਵੀ ਦੁਨੀਆਂ ਗਾਉਂਦੀ ਹੈ। ਗੁਣਾ ਦਾ ਭਰਪੂਰ
ਮਾਲਿਕ ਸੀ ਉਹ।”
ਮੇਰੀ ਵਿਅੰਗ ਅਜਿਹੀ ਨਾਲ ਕੀਤੀ ਗੱਲ ਨੂੰ ਉਸ ਨੇ ਸਮਝਦਿਆ ਝੱਟ ਕਿਹਾ, “ ਉਸ ਵਿਚ ਜੋ
ਦੋ ਚਾਰ ਔਗੁਣ ਸਨ ਵੀ ਉਹ ਤਾਂ ਇੰਨੇ ਗੁਣਾਂ ਵਿਚ ਉੰਝ ਹੀ ਗੁਆਚ ਜਾਂਦੇ ਸੀ।” ਉਸ ਨੇ ਫਿਰ
ਅੱਖਾਂ ਭਰ ਲਈਆਂ ਅਤੇ ਬੋਲੀ ਮੈ ਤਾਂ ਮਰ ਕੇ ਵੀ ਉਸ ਪੁੱਤਰ ਨੂੰ ਨਹੀ ਭੁੱਲਾਂਗੀ।”
“ ਮਰਨ ਤਾਂ ਤੈਨੂੰ ਤੇਰੇ ਪੁੱਤਰ ਕਦੀ ਵੀ ਨਹੀ ਦੇਣਗੇ। ਇਹ ਗੱਲ ਤਾਂ ਮੈ ਦਾਅਵੇ ਨਾਲ
ਕਹਿੰਦਾ ਹਾਂ।” ਮੈ ਆਪਣੇ ਸੀਨੇ ਤੇ ਹੱਥ ਰੱਖਦਿਆ ਕਿਹਾ, “ ਤੂੰ ਦੱਸਿਆ ਹੀ ਨਹੀ ਤੇਰੇ
ਹੁਣ ਇਹ ਪੁੱਤਰ ਚਾਹੁੰਦੇ ਕੀ ਆ”?
“ ਬਸ ਆਪਣੇ ਭਰਾ ਦਾ ਖੁੱਸਿਆ ਹੋਇਆ ਰਾਜ ਜੋ ਧੌਖੇ ਨਾਲ ਗਦਾਰਾਂ ਨੇ ਫਰੰਗੀਆਂ ਦੀ
ਝੋਲੀ ਵਿਚ ਪਾ ਦਿੱਤਾ ਸੀ, ਉਹ ਹੀ ਆਪਣਾ ਹੱਕ ਵਾਪਸ ਚਾਹੁੰਦੇ ਨੇ।” ਉਸ ਨੇ ਵਿਸ਼ਵਾਸ ਨਾਲ
ਕਿਹਾ, “ਉਹ ਤਾਂ ਜਦੋਂ ਕੁਰਬਾਨੀਆ ਦਾ ਮੁੱਲ ਪਿਆ ਇਹਨਾਂ ਨੂੰ ਮਿਲ ਵੀ ਜਾਵੇਗਾ।ਦੁੱਖ ਤਾਂ
ਮੈਨੂੰ ਆਪਣੇ ਨਿਕੰਮੇ ਪੁੱਤਰਾਂ ਦਾ ਹੈ।ਜਿਹਨਾਂ ਦਾ ਹਿਰਦਾ ਮੇਰੀ ਹਾਲਤ ਦੇਖ ਕੇ ਪਸੀਦਾ
ਹੀ ਨਹੀ।”
“ ਵੈਸੇ ਇੰਨੇ ਪੁੱਤਰਾਂ ਵਾਲੀ ਮਾਂ ਨੂੰ ਕੋਈ ਦੁੱਖ ਤਾਂ ਨਹੀ ਹੋਣਾ ਚਾਹੀਦਾ।” ਮੈ ਮਨ
ਵਿਚ ਆਈ ਗੱਲ ਕਹਿ ਦਿੱਤੀ, “ ਤੇਰੇ ਵਿਚ ਏਨੀ ਸ਼ਕਤੀ ਹੈ,ਸਾਰਾ ਭਾਰਤ ਤੇਰਾ ਅਨਾਜ਼ ਖਾਂਦਾ
ਹੈ।”
“ ਤੈਨੂੰ ਦੱਸਿਆ ਤਾਂ ਹੈ ਪੁਤਰਾਂ ਦੀਆਂ ਆਦਤਾਂ ਤੋਂ ਦੁੱਖੀ ਹਾਂ।” ਉਸ ਨੇ ਫਿਰ ਲੰਮਾ
ਹਾਉਕਾ ਭਰਦੇ ਕਿਹਾ, “ ਅੱਧੇ ਨਸ਼ਿਆ ਵਿਚ ਗਰਕ ਹੋ ਰਹੇ ਨੇ, ਅਧਿਆਂ ਤੋਂ ਜ਼ਿਆਦਾ ਨੂੰ ਸਿਰਫ
ਆਪਣੀ ਦਾਲ- ਰੋਟੀ ਤੱਕ ਹੀ ਮਤਲਵ ਹੈ ਉਹਨਾਂ ਵਿਚੋਂ ਕਿੰਨੇ ਅਜਿਹੇ ਨੇ ਜੋ ਆਪਣੇ ਸੂਰਮੇ
ਭਰਾਵਾਂ ਦੇ ਨਾਮ ਲੈਣ ਤੋਂ ਵੀ ਕੰਨੀ ਕਤਰਾਉਂਦੇ ਨੇ,ਦੁਸ਼ਮਨ ਦੀ ਹਾਂ ਵਿਚ ਹੀ ਹਾਂ ਮਿਲਾਈ
ਜਾਣਗੇ।”
ਮੈ ਕੁੱਝ ਵੀ ਨਾ ਬੋਲਿਆ ਤੇ ਉਸ ਨੇ ਫਿਰ ਆਪਣੀ ਕਹਾਣੀ ਦੱਸਣੀ ਸ਼ੁਰੂ ਕਰ ਦਿੱਤੀ, “
ਤੂੰ ਭਾਰਤ ਨੂੰ ਅਨਾਜ਼ ਦੇਣ ਦੀ ਗੱਲ ਕਰਦਾ ਏ, ਮੇਰੇ ਭਗਤ ਸਿੰਘ ਅਤੇ ਅਨੇਕਾਂ ਯੋਧੇ
ਪੁੱਤਰਾਂ ਨੇ ਸ਼ਹੀਦੀਆਂ ਦੇ ਕੇ ਇਸ ਭਾਰਤ ਨੂੰ ਗੁਲਾਮੀ ਦੇ ਪੰਜੇ ਵਿਚੋਂ ਛੁਡਾਇਆ ਸੀ, ਪਰ
ਦੁਸ਼ਮਨ ਨੇ ਚਾਣਕਿਆਂ ਨੀਤੀ ਨਾਲ ਮੈਨੂੰ ਵੱਢ-ਟੁੱਕ ਕੇ ਲੰਗੜੀ ਕਰ ਦਿੱਤਾ,ਮੇਰੇ ਦਰਿਆਂਵਾਂ
ਦਾ ਪਾਣੀ ਅਤੇ ਬਿਜਲੀ ਲੁੱਟ ਲੁੱਟ ਕੇ ਲਈ ਜਾਂਦੇਂ ਨੇ।”
ਮੈ ਵਿਚੋਂ ਹੀ ਫਿਰ ਬੋਲ ਪਿਆ, “ ਤੇਰੇ ਸ਼ਹੀਦ ਪੁੱਤਰਾਂ ਦੀ ਸ਼ਹੀਦੀ ਜਿਸ ਦਿਨ ਰੰਗ
ਲਿਆਈ, ਉਸ ਦਿਨ ਤੇਰੇ ਸਾਰੇ ਰਾਹ ਪੱਧਰੇ ਹੋ ਜਾਣੇ ਆ।” ਮੈ ਉਸ ਨੂੰ ਹੌਂਸਲਾ ਦੇਣ ਲਈ
ਕਿਹਾ, “ ਦੜ ਵਟ ਜ਼ਮਾਨਾ ਕੱਟ, ਭਲੇ ਦਿਨ ਆਉਣਗੇ॥”
“ ਭਲੇ ਦਿਨ ਆਉਣ ਵਿਚ ਮੈਨੂੰ ਕੋਈ ਸ਼ੱਕ ਨਹੀ, ਮੈ ਤਾਂ ਆਪਣੀ ਹੀ ਗੱਲ ਕਰ ਰਹੀ ਹਾਂ,
ਮੇਰੇ ਬਹਾਦਰਾਂ ਨੇ ਦੂਜਿਆਂ ਦੀਆਂ ਧੀਆਂ ਭੈਣਾ ਨੂੰ ਜ਼ਾਲਮਾਂ ਤੋਂ ਬਚਾਉਦਿਆਂ ਜਾਨਾਂ ਦੀ
ਪਰਵਾਹ ਨਹੀ ਕੀਤੀ,ਮੇਰੇ ਬੰਦਾ ਸਿੰਘ ਬਹਾਦਰ ਸੰਤ ਸਿਪਾਹੀਆਂ ਨੇ ਦਿੱਲੀ ਦੀ ਇੱਟ ਨਾਲ ਇੱਟ
ਖੜਕਾ ਕੇ ਇਕ ਦਿਨ ਰਾਜ ਕਾਇਮ ਕੀਤਾ। ਉਸ ਦਿਨ ਵੀ ਦਿੱਲ਼ੀ ਦੀ ਹਕੂਮਤ ਨੂੰ ਭਰਮ ਸੀ ਕਿ
ਮੈਨੂੰ ਗੁਲਾਮ ਬਣਾ ਲਿਆ, ਅੱਜ ਦੀ ਹਕੂਮਤ ਵੀ ਇਹ ਹੀ ਭਰਮ ਪਾਲ ਰਹੀ ਹੈ। ਮੈਨੂੰ ਤਾਂ
ਆਪਣੇ ਸੂਰਮਿਆਂ ਤੇ ਇੰਨਾ ਭਰੋਸਾ ਹੈ ਕਿ ਦਿੱਲੀ ਨੇ ਤਾਂ ਕੀ ਦੁਨੀਆਂ ਦੀ ਕੋਈ ਵੀ ਸ਼ਕਤੀ
ਮੈਨੂੰ ਗੁਲਾਮ ਨਹੀ ਬਣਾ ਸਕਦੀ।”
ਉਹ ਸਾਹ ਲੈਣ ਲਈ ਜਰਾ ਰੁਕੀ ,ਮੈ ਬੋਲਣ ਦੀ ਕੋਸ਼ਿਸ਼ ਕੀਤੀ, ਪਰ ਉਸ ਦਾ ਦਿਲ ਇੰਨਾ ਭਰਿਆ
ਹੋਇਆ ਸੀ ਕਿ ਮੇਰੇ ਬੋਲਣ ਤੋਂ ਪਹਿਲਾਂ ਹੀ ਫਿਰ ਬੋਲ ਉੱਠੀ, “ਰੱਬ ਪੁੱਤਰ ਦੇਵੇ ਨੇਕ
ਮੇਰੇ ਸੂਰਮਿਆਂ ਵਰਗਾ, ਆਹ ਨਲਾਇਕ ਪੁੱਤਰਾਂ ਨਾਲੋ ਤਾਂ ਮੈ ਬਾਂਝ ਹੀ ਚੰਗੀ ਸਾਂ। ਮੇਰਾ
ਕੋਈ ਝਾਟਾ ਪੱਟੇ, ਮੇਰੀਆਂ ਧੀਆਂ ਦੀ ਕੋਈ ਇੱਜ਼ਤ ਲੁੱਟੇ, ਇਹਨਾਂ ਨਿਕੰਮੇ ਪੁੱਤਰਾਂ ਨੂੰ
ਆਪਣੀ ਖੁਦਗਰਜ਼ੀ ਤੱਕ ਹੀ ਮਤਲਵ ਆ ਐਸ਼ਾ ਵਿਚ ਮਸਤ ਨੇ, ਉਹਨਾਂ ਵਿਚ ਤਾਂ ਏਨੀ ਜ਼ੁਰਤ ਵੀ ਨਹੀ
ਕਿ ਉਹ ਕਹਿ ਸਕਣ ਜ਼ਾਲਮੋ ਜੋ ਤੁਸੀ ਸਾਡੇ ਨਾਲ ਕਰ ਰਹੇ ਹੋ, ਉਹ ਗੱਲਤ ਹੈ, ਸਗੋਂ ਜ਼ਾਲਮਾਂ
ਦੀ ਘਨੇੜੀ ਚੜ੍ਹੇ ਮੇਰੇ ਹੋਣਹਾਰ ਪੁੱਤਰਾਂ ਨੂੰ ਬਦਨਾਮ ਕਰੀ ਜਾਣਗੇ, ਮੇਰੇ ਕੁਰਬਾਨ ਹੋਏ
ਪੁੱਤਰਾਂ ਦੇ ਭੋਗ ਤੇ ਵੀ ਨਹੀ ਆਉਣਗੇ, ਦੁਸ਼ਮਣਾ ਦੇ ਜਸ਼ਨਾ ਵਿਚ ਉਹਨਾਂ ਦੇ ਝੰਡੇ ਨੂੰ
ਸਲਾਮੀਆ ਦੇਣਗੇ।”
ਅਰਜੋਈ
ਅੱਜ ਫਿਰ ਉਸ ਹੀ ਦੇਸ਼ ਵਿਚ
ਉਸ ਵਰਗੀ ਸਰਕਾਰ ਦੀ
ਅਦਾਲਤ ਨੇ
ਫੈਸਲਾ ਹੈ ਸੁਣਾਇਆ ।ਉਸ ਹੀ ਮਹੀਨੇ ਵਿਚ
ਭਗਤ ਸਿੰਘ ਯੋਧੇ ਵਾਂਗ
ਬਲਵੰਤ ਸਿੰਘ ਰਾਜੋਆਣਾ ਨੂੰ
ਫਾਂਸੀ ਦਾ ਹੁਕਮ ਹੈ ਲਾਇਆ ।
ਸਿੰਘਾ ਨੇ ਦੇ ਦੇ ਕੇ ਕੁਰਬਾਨੀਆਂ
ਜਿਹਨਾਂ ਨੂੰ
ਨਾਦਰਾਂ ਅਤੇ ਅਬਦਾਲੀਆਂ ਤੋਂ
ਸੀ ਬਚਾਇਆ ।
ਅੱਜ ਉਹਨਾਂ ਹੀ
ਅਹਿਸਾਨ ਫਰਮੋਸ਼ਾਂ ਨੇ
ਸਿੰਘਾ ਨਾਲ, “ਮਿੱਥ ਕੇ”
ਧੋਖਾ ਹੈ ਕਮਾਇਆ ।
ਮੇਰਿਉ ਵੀਰੋ, ਭੈਣੋ,
ਮੇਰੀ ਕੌਮ ਦੇ ਵਾਰਸੋ
ਗਿੱਲੇ- ਸ਼ਿਕਵੇ ਭੁਲਾ ਕੇ
ਹੁਣ ਤਾਂ ਇਕ ਹੋ ਜਾਵੋ ।
ਬਹੁਤ ਕੁੱਝ ਲੁਟਾ ਚੁੱਕੇ ਹੋ
ਖੁਦਗਰਜ਼ੀ ਦੀ ਫੁੱਟ ਵਿਚ
ਹੁਣ ਹੋਰ ਧੋਖਾ ਤਾਂ ਨਾ
ਵੈਰੀ ਤੋਂ ਖਾਵੋ
ਬਣ ਕੇ ਸ਼ਰੀਫ
ਜੋ ਕਰ ਰਹੇ ਨੇ
ਪੰਥ ਨਾਲ ਗਦਾਰੀਆਂ
ਉਹਨਾਂ ਦੇ ਮੂੰਹਾ ਤੋਂ ਪਰਦਾ ਤਾਂ ਉਠਾਵੋ।
ਗੁਰਾਂ ਵਲੋਂ ਦਿੱਤੇ ਰਾਹਾਂ ਉੱਪਰ ਚੱਲ ਕੇ
ਜ਼ਾਲਮ ਨੂੰ
ਗੁਰੂ ਦਾ ਦਿੱਤਾ ਸੰਦੇਸ਼
ਜਰਾ ਕੁ ਸਮਝਾਵੋ।
ਦਾਵੇ ਨਾਲ ਕਹਿੰਦੀ ਹਾਂ
ਜੇ ਤੁਸੀ ਇਕ ਹੋ ਜਾਵੋ
ਭਾਰਤ ਤਾਂ ਕੀ
ਦੁਨੀਆਂ ਦੇ ਜ਼ਾਲਮ ਮੁੱਕ ਜਾਣਗੇ।
ਤੁਹਾਡੀ ਏਕਤਾ ਦੀ ਤਾਕਤ ਦੇਖ
ਜ਼ਾਲਮ ਤਾਂ ਕੀ
ਵੱਡੇ ਵੱਡੇ ਅਹੰਕਾਰੀ ਵੀ
ਘੁਰਨਿਆ ਵਿਚ ਲੁੱਕ ਜਾਣਗੇ।
ਭਗਤ ਸਿੰਘ ਵਾਲੀ ਸੂਰਬੀਰਤਾ
ਅਤੇ ਭਾਈ ਘੱਨਈਆ ਵਾਲੀ
ਤੁਹਾਡੀ ਦਿਆਲਤਾ ਅੱਗੇ
ਉਹ ਝੁੱਕ ਜਾਣਗੇ।
ਕਿਹੜੇ ਜੱਥੇ ਤੋਂ ਅੰਮ੍ਰਿਤ ਛੱਕਿਆ
ਕੌਣ ਮਾਸ ਖਾਂਦਾ ਕੌਣ ਕੀ ਛੱਡੋਂਗੇ
ਇਹ ਸਭ ਕੁੱਝ,ਤਾਂ
ਵੈਰੀ ਵੀ ਮੁੱਕ ਜਾਣਗੇ।
ਅਨਮੋਲ ਕੌਰ |
“ ਤੂੰ ਨਿਕੰਮੇ ਪੁਤਰਾਂ ਦਾ ਗਮ ਨਾ ਕਰ।” ਮੈ ਉਸ ਦਾ ਦੁੱਖ ਘਟਾਉਣ ਦੇ ਹਿਸਾਬ ਨਾਲ
ਕਿਹਾ, “ ਤੇਰੇ ਬਹੁਤ ਪੁੱਤਰ-ਧੀਆਂ ਐਸੇ ਵੀ ਨੇ ਜੋ ਆਪਣੇ ਆਪਣੇ ਢੰਗ ਨਾਲ ਤੇਰੇ ਉੱਪਰ
ਆਈਆਂ ਤਕਲੀਫਾਂ ਦਾ ਜ਼ਿਕਰ ਵੱਖ- ਵੱਖ ਢੰਗਾਂ ਨਾਲ ਕਰ ਰਿਹੇ ਨੇ, ਕੋਈ ਲਿਖ ਕੇ ਕਰ ਰਿਹਾ,
ਕੋਈ ਬੋਲ ਕੇ ਕਰ ਰਿਹਾ ਹੈ, ਕੋਈ ਮੂਵੀਆਂ ਬਣਾ ਕੇ ਕਰ ਰਿਹਾ ਏ।”
“ ਬਹੁਤ ਨਹੀ। ਕੁਝ ਕੁ ਹੀ ਨੇ।” ਉਸਨੇ ਆਪਣੇ ਕਾਲਜ਼ੇ ਨੂੰ ਦੋਹਾਂ ਹੱਥਾਂ ਨਾਲ ਘੁੱਟ
ਦੇ ਕਿਹਾ, “ ਬਹੁਤਿਆ ਦੀਆਂ ਤਾਂ ਮੇਰਾ ਦੁੱਖ ਲਿਖਣ ਲੱਗਿਆਂ ਕਲਮਾਂ ਹੀ ਟੁੱਟ ਜਾਂਦੀਆਂ
ਨੇ, ਸਿਹਾਈਆਂ ਹੀ ਮੁੱਕ ਜਾਂਦੀਆਂ ਨੇ, ਜੀਭਾਂ ਗੂੰਗੀਆਂ ਹੋ ਜਾਂਦੀਆ ਨੇ,ਮੂਵੀਆਂ ਰਾਂਹੀ
ਕੰਜਰ-ਪੋ ਦਿਖਾਈ ਜਾਣਗੇ ਮੇਰੇ ਕੁਰਬਾਨ ਹੋਏ ਪੁੱਤਰ ਦੀ ਫੋਟੋ ਦਿਖਾਉਣ ਲੱਗਿਆਂ ਉਹਨਾਂ ਦਾ
ਕੈਮਰਾ ਟੁੱਟ ਜਾਂਦਾ ਏ।”
“ ਉਹ ਤਾਂ ਮੈਨੂੰ ਵੀ ਪਤਾ ਹੈ।” ਮੈ ਉਸ ਦੇ ਦੁੱਖ ਵਿਚ ਸ਼ਾਮਲ ਹੁੰਦੇ ਕਿਹਾ, “ ਕਈ ਨੇ
ਜੋ ਵਕਤ ਦਾ ਵਹਾਅ ਨਾਲ ਹੀ ਵਗ ਤੁਰਦੇ ਨੇ, ਜਦੋਂ ਤੇਰੇ ਸੂਰਮੇ ਪੁੱਤਰਾਂ ਦੀ ਚੜ੍ਹਤ ਸੀ
ਉਹਨਾਂ ਦੇ ਸੋਹਿਲੇ ਗਾਉਦੇਂ ਹੱਟ ਦੇ ਨਹੀ ਸੀ, ਜਦੋਂ ਜ਼ਾਲਮਾ ਦਾ ਪਾਸਾ ਭਾਰਾ ਹੋਇਆ ਭਾਂਵੇ
ਹੋਇਆ ਥੌੜ੍ਹੀ ਦੇਰ ਲਈ ਹੈ, ਉਹਨਾਂ ਨਾਲ ਜਾ ਰਲੇ।”
“ ਜਦੋਂ ਮੇਰੇ ਪੁੱਤਰਾਂ ਨੇ ਆਪਣੀ ਮੰਜਿਲ ਪ੍ਰਾਪਤ ਕਰ ਲਈ, ਫਿਰ ਦੇਖੀ ਇਹਨਾਂ ਨੇ
ਕਿਵੇ ਪਾਸਾ ਬਦਲਨਾ ਏ।”
“ ਭੱਜੀਆਂ ਬਾਹਵਾਂ ਗੱਲ ਵੱਲ ਹੀ ਆਉਂਦੀਆਂ ਨੇ।” ਮੈ ਕਿਹਾ, “ ਵੈਸੇ ਵੀ ਦੁੱਖ ਵੇਲੇ
ਸਾਰੇ ਹੀ ਪਾਸਾ ਵੱਟ ਜਾਂਦੇ ਨੇ, ਤੂੰ ਉਦਾਸ ਨਾ ਹੋ।”
ਫਿਰ ਉਹ ਇੱਕਦਮ ਹੌਸਲੇ ਜਿਹੇ ਵਿਚ ਉੱਠੀ ਅਤੇ ਆਪਣੇ ਕੇਸਾਂ ਨੂੰ ਚੰਗੀ ਤਰਾਂ ਬੰਨ ਲਿਆ
ਅਤੇ ਦੁੱਪਟੇ ਨਾਲ ਸੋਹਣੀ ਬੁਕਲ ਮਾਰਦਿਆ ਬੋਲੀ, “ ਮੇਰਾ ਸੂਰਮਾ ਸਪੁੱਤਰ ਲਾੜੀ ਮੌਤ ਨੂੰ
ਵਿਹਾਉਣ ਲਈ ਘੋੜੀ ਚੜ੍ਹਨ ਵਾਲਾ ਹੈ, ਮੈ ਕਾਹਤੇ ਸੁੱਖੀ- ਸਾਂਦੀ ਉਦਾਸ ਹੋਵਾਂ, ਮੇਰੇ ਘਰ
ਤਾਂ ਘੋੜੀਆਂ ਗਾਉਣ ਲਈ ਭੈਣਾ ਇਕੱਠੀਆਂ ਹੋਈਆਂ ਹੋਣਗੀਆਂ, ਮੇਰੇ ਪੁੱਤ ਨੇ ਸਾਰੇ
ਰਿਸ਼ਤੇਦਾਰਾਂ, ਸਾਰੇ ਪਿੰਡਾਂ ਦੇ ਲੋਕਾਂ ਨੂੰ ਸਨੇਹੇ ਭੇਜੇ ਨੇ ਕਿ ਵਿਆਹ ਵਾਲੇ ਦਿਨ
ਇਕੱਲਾ ਮੇਰਾ ਘਰ ਹੀ ਨਹੀ ਸਜਾਉਣਾ ਸਗੋਂ ਸਾਰੇ ਹੀ ਆਪਣੇ ਘਰਾਂ ਨੂੰ ਕੇਸਰੀ ਰੰਗ ਦੇ
ਝੰਡੇ- ਝੰਡੀਆਂ ਨਾਲ ਸਜਾਉਣ। ਸਾਰੇ ਸ਼ਗਨਾ ਤੋਂ ਪਹਿਲਾਂ ਜਿਸ ਦਿਨ ਸਾਡਾ ਸਾਰਾ ਪ੍ਰੀਵਾਰ
ਅਕਾਲ-ਤੱਖਤ ਵਿਆਹ ਦਾ ਕਾਰਡ ( ਭਾਈ ਸਾਹਿਬ ਦੀ ਵਸੀਅਤ) ਦੇਣ ਚੱਲਿਆ ਸੀ, ਰਿਸ਼ਤੇਦਾਰ ਤਾਂ
ਉਸ ਦਿਨ ਤੋਂ ਆਉਣੇ ਸ਼ੁਰੂ ਹੋ ਗਏ ਨੇ।ਵਿਆਹ ਦਾ ਕਾਰਡ ਤਾਂ ਬਹੁਤ ਹੀ ਸੋਹਣਾ ਹੈ, ਮੇਰੇ
ਪੁੱਤਰ ਨੇ ਆਪ ਹੀ ਬਣਾਇਆ ਹੈ।”
ਉਹ ਇਹ ਗੱਲਾਂ ਕਰ ਰਹੀ ਸੀ, ਅਤੇ ਮੇਰੀਆਂ ਅੱਖਾ ਵਿਚੋਂ ਹੰਝੂ ਤੇ ਹੰਝੂ ਡਿਗ ਰਿਹਾ
ਸੀ।
“ ਜਿਸ ਤਰਾਂ ਦੀ ਵਹੁਟੀ ਮੇਰੇ ਪੁੱਤਰ ਨੂੰ ਮਿਲਣੀ ਹੈ।” ਉਸ ਤਰਾਂ ਦੀਆਂ ਵਹੁਟੀਆਂ ਤੇ
ਚੰਗੇ ਕਰਮਾਂ ਵਾਲਿਆਂ ਨੂੰ ਹੀ ਮਿਲਦੀਆ ਨੇ।” ਉਸ ਨੇ ਆਪਣੀਆ ਅੱਖਾਂ ਭਰਦੇ ਕਿਹਾ, “ ਤੂੰ
ਦੇਖੀ ਤਾਂ ਸਹੀ, ਮੈਨੂੰ ਪਾਣੀ ਵਾਰਦੀ ਨੂੰ ਸਾਰਾ ਜੱਗ ਦੇਖੂ,ਲੋਕ ਕਹਿਣਗੇ, ਐਦਾਂ ਦਾ
ਪਾਣੀ ਸਾਰੀਆਂ ਮਾਂਵਾ ਨਹੀ ਵਾਰ ਕੇ ਪੀ ਸਕਦੀਆਂ, ਮੇਰੇ ਵਿਚ ਹੀ ਵਾਹਿਗੁਰੂ ਨੇ ਸ਼ਕਤੀ ਪਾਈ
ਹੈ ਜੋ ਵਾਰ ਵਾਰ ਇਹੋ ਜਿਹਾ ਪਾਣੀ ਵਾਰ ਕੇ ਪੀਂਦੀ ਆ।” ਫਿਰ ਉਸ ਨੇ ਮੇਰੇ ਵੱਲ ਥੌੜ੍ਹੇ
ਪਿਆਰ ਭਰੇ ਗੁੱਸੇ ਨਾਲ ਦੇਖਿਆ ਅਤੇ ਕਿਹਾ, “ ਰੋ ਨਾ ਮੇਰੇ ਪੁੱਤ ਦੇ ਵਿਆਹ ਵਿਚ ਬਦਸ਼ਗਨੀ
ਨਾ ਕਰ।”
“ ਤੂੰ ਆਪ ਵੀ ਤਾਂ ਰੌਂਦੀ ਹੈ।” ਮੈ ਆਪਣੇ ਹੁੰਝੂ ਦੋਹਾਂ ਹੱਥਾ ਨਾਲ ਸਾਫ ਕਰਦਿਆ
ਕਿਹਾ, “ ਮੈ ਤਾਂ ਤੇਰੇ ਵੱਲ ਦੇਖ ਕੇ ਹੀ ਰੌਂਦਾ ਹਾਂ।”
“ ਇਹ ਹੰਝੂ ਤਾਂ ਵਿਆਹ ਦੀ ਖੁਸ਼ੀ ਵਿਚ ਨੇ।”ਉਸ ਨੇ ਪਿਆਰ ਨਾਲ ਮੇਰੇ ਸਿਰ ਤੇ ਹੱਥ ਫੇਰਦੇ
ਕਿਹਾ, “ ਮੈ ਤਾਂ ਤੇਰੇ ਵਰਗਿਆਂ ਦੀ ਵੀ ਅਹਿਸਾਨ ਮੰਦ ਹਾਂ ਜਿਹਨਾਂ ਦੇ ਹਿਰਦਿਆਂ ਵਿਚ
ਮੇਰੇ ਦੁੱਖਾਂ ਦਾ ਅਹਿਸਾਸ ਤਾਂ ਹੈ।”
“ ਮਾਂ ਦਾ ਦੁੱਖ ਹਰ ਪੁੱਤਰ ਹੀ ਮਹਿਸੂਸ ਕਰਦਾ ਹੈ।”
“ ਤੂੰ ਫਿਰ ਉਹ ਗੱਲਾਂ ਨਾ ਛੇੜ ਨਹੀ ਤਾਂ ਫਿਰ ਨਿਕੰਮੇ ਪੁਤਰਾਂ ਵਲੋਂ ਮੇਰੇ ਦਿਲ ਵਿਚ
ਪਾਈਆਂ ਝਰੀਟਾਂ ਦੇ ਜੱਖਮ ਜਾਗ ਜਾਣਗੇ, ਮੈ ਆਪਣੇ ਪੁੱਤਰ ਦੇ ਸਾਹੇ ਬੱਝੇ ਦਿਨਾਂ ਵਿਚ
ਕਮਜ਼ੋਰ ਨਹੀ ਪੈਣਾ ਚਾਹੁੰਦੀ।”
“ ਚੰਗਾ ਪੁੱਤ, ਹੁਣ ਮੈ ਜਾਂਦੀ ਹਾਂ, ਗੁਰੂ ਭਲਾ ਕਰੇ।”
“ ਉਸ ਨੂੰ ਜਾਂਦੀ ਦੇਖ ਮੈ ਉੱਚੀ ਅਤੇ ਜੋਰ ਨਾਲ ਅਵਾਜ਼ ਮਾਰੀ, “ ਮਾਂ।”
ਮਾਂ ਸ਼ਬਦ ਦੀ ਗੂੰਜ ਜਦੋਂ ਸਾਰੇ ਘਰ ਵਿਚ ਗੂੰਜੀ ਤਾਂ ਮੇਰੀ ਪਤਨੀ ਅਤੇ ਮਾਤਾ ਜੀ
ਭੱਜਦੀਆਂ ਹੋਈਆਂ ਕਮਰੇ ਵਿਚ ਆਈਆਂ।
“ ਕੀ ਹੋਇਆ, ਪੁੱਤ।” ਮੇਰੀ ਮਾਂ ਨੇ ਮੈਨੂੰ ਜਗਾਉਂਦੇ ਹੋਏ ਕਿਹਾ, “ ਤੇਰਾ ਮੂੰਹ ਤਾਂ
ਗਿੱਲਾ ਹੋਇਆ ਆ, ਤੂੰ ਠੀਕ ਆਂ।”
“ ਕੁੱਝ ਨਹੀ, ਮਾਤਾ ਜੀ।” ਆਪਣੀਆ ਅੱਖਾਂ ਨੂੰ ਆਪਣੀ ਬਾਂਹ ਨਾਲ ਪੂੰਝਦੇ ਕਿਹਾ, “ ਸੁਪਨਾ
ਜਿਹਾ ਆਇਆ ਸੀ।”
“ ਚੱਲ ਉੱਠ ਨਾਂਹ- ਧੋ ਕੇ ਕੁੱਝ ਖਾ।” ਮਾਤਾ ਜੀ ਇਹ ਕਹਿੰਦੇ ਹੋਏ ਕਮਰੇ ਤੋਂ ਬਾਹਰ ਚਲੇ
ਗਏ।
ਨਹਾਉਣ ਤੋਂ ਬਾਅਦ ਮੈਨੂੰ ਆਪਣਾ ਮਨ ਤੇ ਸਰੀਰ ਹੱਲਕਾ ਹੱਲਕਾ ਲੱਗਿਆ, ਇਹ ਪਤਾ ਨਹੀ ਕਿ
ਕੋਸੇ ਪਾਣੀ ਨੇ ਥਕਾਵਟ ਲਾਈ ਸੀ ਜਾਂ ਸੁਪਨੇ ਵਿਚ ਮਾਂ ਨਾਲ ਕੀਤੀਆਂ ਗੱਲਾਂ ਨੇ।
ਪਤਨੀ ਨੂੰ ਚਾਹ ਦਾ ਕੱਪ ਬਣਾਉਣ ਲਈ ਕਿਹਾ ਅਤੇ ਆਪ ਕਾਪੀ ਪੈਨ ਫੜ੍ਹ ਇਹ ਸਾਰਾ ਵਿਸਥਾਰ
ਡਾਇਰੀ ਦੇ ਪੰਨਿਆਂ ਦੀਆਂ ਹਿਕਾਂ ਵਿਚ ਇਸ ਤਰਾਂ ਲਿਖਣ ਲੱਗਾ ਜਿਵੇ ਅਕ੍ਰਿਤਘਣ ਪੁੱਤਰਾਂ
ਦੇ ਸੀਨਿਆਂ ਵਿਚਲੀ ਮਰ ਚੁੱਕੀ ਜ਼ਮੀਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵਾਂ ਕਿ ਉਹ ਮਾਂ
ਦੀ ਗੱਲ ਮੰਨ ਕੇ ਆਪਣੇ ਸੂਰਮੇ ਭਰਾਵਾਂ ਨਾਲ ਖਲੋ ਜਾਣ।
ਅਨਮੋਲ ਕੌਰ |
ਸਫਲਤਾ
ਅਨਮੋਲ ਕੌਰਕਈ ਦਿਨ ਹੋ ਗਏ ਸੋਚਦਿਆਂ ਕਿ ਅੱਜ ਗੁਰਦੁਆਰੇ
ਜਾਂਦੇ ਹਾਂ, ਕੱਲ ਜਾਂਦੇ ਹਾਂ, ਇਸ ਤਰਾਂ ਕਰਦਿਆਂ ਕਈ ਦਿਨ ਨਿਕਲ ਗਏ।ਅੱਜ ਸਵੇਰੇ ਅਜੇ ਉਹ
ਉੱਠੀ ਹੀ ਸੀ ਕਿ ਗਵਾਢੋਂ ਮਾਤਾ ਜੀ ਦਾ ਫੋਨ ਆ ਗਿਆ,
“ਮਨਦੀਪ ਪੁੱਤ, ਕਿਦਾਂ ਉੱਠ ਖੜੇ।”
“ਹਾਂ ਜੀ, ਮਾਤਾ ਜੀ ਹੁਣੇ ਹੀ ਉੱਠੀ ਹਾਂ।” ਮਨਦੀਪ ਨੇ ਅਵਾਸੀ ਲੈਂਦੇ ਕਿਹਾ, “ ਅੱਜ
ਸਨਿਚਰਵਾਰ ਕਰਕੇ ਸੋਣ ਦਾ ਲਾਲਚ ਕਰ ਲਿਆ।
“ਇਸ ਲਈ ਮੈ ਪਹਿਲਾਂ ਫੋਨ ਨਹੀਂ ਕੀਤਾ ਕਿ ਇਕ ਦਿਨ ਹੀ ਨਿਆਣਿਆਂ ਨੇ ਘੜੀ ਸੌਣਾ ਹੁੰਦਾ,
ਉਦਾ ਤਾਂ ਸਾਰਾ ਹਫਤਾ ਤੜਕੇ ਤੋਂ ਚਲ ਸੋ ਚਲ।”
“ਹੈ ਤਾਂ ਏਦਾਂ ਈ ਮਾਤਾ ਜੀ, ਇਹਨੂੰ ਹੀ ਕਨੇਡਾ ਕਹਿੰਦੇ ਨੇ।”
“ਮੈ ਹੋਰ ਹੀ ਗੱਲਾਂ ਲੈ ਤੁਰੀ, ਮੈ ਤਾਂ ਫੋਨ ਕੀਤਾ ਸੀ ਪਈ ਜੇ ਅੱਜ ਤੁਸੀ ਗੁਰਦੁਆਰੇ
ਜਾਣਾ ਹੋਵੇ ਤਾਂ ਮੈਨੂੰ ਵੀ ਲੈ ਚੱਲਿਉ।” ਮਾਤਾ ਜੀ ਨੇ ਫੋਨ ਕਰਨ ਦਾ ਕਾਰਣ ਦੱਸਿਆ, “
ਅੱਗੇ ਤਾਂ ਕਾਕਾ ਹਰ ਐਤਵਾਰ ਗੁਰੂ ਦੇ ਦਰਸ਼ਨ ਕਰਵਾ ਦਿੰਦਾ ਸੀ, ਹੁਣ ਉਹਦੀ ਸ਼ਿਫਟ ਬਦਲ ਗਈ,
ਤੜਕੇ ਆ ਕੇ ਕਿਤੇ ਸੁੱਤਾ।”
“ਤੁਸੀ ਤਿਆਰ ਹੋਵੋ, ਮੈ ਨਹਾ ਕੇ ਹੁਣੇ ਤਹਾਨੂੰ ਲੈ ਚਲਦੀ ਹਾਂ। ਬੱਚਿਆਂ ਦੇ ਸੁੱਤੇ
ਸੁੱਤੇ ਆਪਾਂ ਮੁੜ ਵੀ ਆਉਣਾ ਆ।”
“ਗੁਰੂ ਤੇਰਾ ਭਲਾ ਕਰੇ।”
ਮਨਦੀਪ ਜਲਦੀ ਜਲਦੀ ਨਹਾਉਣ ਲੱਗ ਪਈ, ਨਾਲ ਹੀ ਉਸ ਨੇ ‘ਜੁਪਜੀ ਸਾਹਿਬ’ ਦਾ ਪਾਠ ਸ਼ੁਰੂ
ਕਰ ਲਿਆ ਜੋ ਨਹਾਉਣ ਤੱਕ ਪੂਰਾ ਹੋ ਗਿਆ।ਕਾਰ ਵਿਚ ਸ਼ਬਦਾਂ ਦੀ ਟੇਪ ਲਾ ਕੇ ਅਤੇ ਮਾਤਾ ਜੀ
ਨੂੰ ਨਾਲ ਲੈ ਕੇ ਗੁਰਦੁਆਰੇ ਵੱਲ ਨੂੰ ਚੱਲ ਪਈ।
ਪਾਰਕਿੰਗ ਲਾਟ ਵਿਚ ਹੀ ਸਵਰਨ ਕੌਰ ਆਂਟੀ ਮਿਲ ਗਈ। ਮਨਦੀਪ ਨੂੰ ਦੇਖ ਕੇ ਬਹੁਤ ਖੁਸ਼
ਹੋਈ ਜੱਫੀ ਵਿਚ ਲੈਂਦੀ ਕਹਿਣ ਲੱਗੀ,
“ਕੁੜੇ, ਮਨਦੀਪ ਤੈਨੂੰ ਦੇਖਿਆਂ ਕਿਤੇ ਜੁਗੜੇ ਹੀ ਹੋ ਗਏ। ਗੁਰਦੁਆਰੇ ਵੀ ਤੈਨੂੰ ਘੱਟ
ਹੀ ਦੇਖਿਆ।”
“ਹਾਂ ਜੀ, ਗੁਰਦੁਆਰੇ ਆਉਣ ਨੂੰ ਟਾਈਮ ਹੀ ਨਹੀ ਰਹਿੰਦਾ, ਇਕ –ਅੱਧੀ ਛੁੱਟੀ ਹੁੰਦੀ ਆ ਉਹ
ਸਫਾਈ ਕਰਨ, ਕੱਪੜੇ ਧੋਣ ਅਤੇ ਗਰੌੁਸਰੀ ਲਿਆਉਣ ਵਿਚ ਹੀ ਨਿਕਲ ਜਾਂਦੀ ਆ।”
“ਭਾਈ, ਗੁਰੂ ਘਰ ਲਈ ਟੈਮ ਕੱਢਿਆ ਕਰੋ, ਬਾਕੀ ਕੰਮ ਤਾਂ ਹੁੰਦੇ ਹੀ ਰਹਿਣੇ ਨੇ ।”
“ਭੈਣ ਜੀ, ਵੈਸੇ ਤਾਂ ਘਰ ਵਿਚ ਵੀ ਬੁਜਰਗਾਂ ਦੀ ਦੇਖ-ਭਾਲ ਕਰ ਲਵੇ ਤਾਂ ਉਹ ਵੀ ਗੁਰਦੁਆਰੇ
ਆਉਣ ਤੋਂ ਘੱਟ ਨਹੀ ।” ਮਾਤਾ ਜੀ ਨੇ ਕਿਹਾ।
ਸਵੇਰਾ ਸਵੇਰਾ ਹੋਣ ਕਾਰਨ ਗੁਰਦੁਆਰੇ ਵਿਚ ਸੰਗਤ ਅਜੇ ਘੱਟ ਹੀ ਸੀ।ਪਰ ਰਾਗੀ ਸਿੰਘ
ਕੀਰਤਨ ਕਰਨ ਲੱਗ ਪਏ । ਕੀਰਤਨ ਕਰਦੇ ਨਾਲ ਨਾਲ ਵਿਆਖਿਆ ਵੀ ਕਰੀ ਜਾਂਦੇ।ਕਥਾ ਕਰਦੇ ਕਹਿਣ
ਲੱਗੇ,
“ਅਸੀ ਇੱਥੇ ਇਕ ਗੱਲ ਦੇਖੀ ਹੈ ਕਿ ਬੱਚੇ ਵੱਡਿਆਂ ਦੀ ਕਦਰ ਨਹੀ ਕਰਦੇ, ਮਾਂ-ਬਾਪ ਦੀ
ਸੇਵਾ ਗੁਰੂ ਦੀ ਸੇਵਾ ਬਰਾਬਰ ਹੈ, ਨੂੰਹ ਨੂੰ ਚਾਹੀਦਾ ਹੈ ਕਿ ਉਹ ਆਪਣੇ ਸੱਸ-ਸੁਹਰੇ ਦੀ
ਸੇਵਾ ਆਪਣੇ ਮਾਂ- ਬਾਪ ਸਮਝ ਕੇ ਕਰੇ।”
ਜਦੋਂ ਰਾਗੀ ਸਿੰਘਾ ਦੀ ਇਹ ਗੱਲ ਮਨਦੀਪ ਨੇ ਸੁਣੀ ਤਾਂ ਉਸ ਦਾ ਸਾਰਾ ਧਿਆਨ ਆਪਣੇ ਘਰ
ਵੱਲ ਚਲਾ ਗਿਆ, ਜੋ ਪਿਛੋ ਤੋਂ ਲੈ ਕੇ ਹੁਣ ਤੱਕ ਹੋ ਰਿਹਾ ਹੈ ਸਭ ਕੁੱਝ ਮਨਦੀਪ ਦੇ ਮੱਥੇ
ਵਿਚ ਚਲਣ ਲੱਗਾ । ਮਨਦੀਪ ਨੇ ਆਪਣੇ ਸੱਸ-ਸੁਹਰੇ ਨੂੰ ਮਾਂ-ਬਾਪ ਸਮਝਣ ਦੀ ਪੂਰੀ ਕੋਸ਼ਿਸ਼
ਕੀਤੀ,ਪਰ ਉਸ ਨੂੰ ਲੱਗਿਆ ਕਿ ਉਹ ਸਫਲ ਨਹੀ ਹੋ ਸਕੀ।
“ਤੁਸੀ ਤਰੱਕੀ ਵਾਲੇ ਦੇਸ਼ਾ ਵਿਚ ਹੋ।” ਪੰਥ ਦੇ ਮਸ਼ਹੂਰ ਰਾਗੀ ਸਿੰਘ ਨੇ ਅਗਾਂਹ ਗੱਲ
ਕਰਦੇ ਕਿਹਾ, “ ਜਿੱਥੇ ਖਾਣ-ਪੀਣ ਅਤੇ ਪਹਿਨਣ ਪਰਚਣਿ ਦੀ ਕੋਈ ਕਮੀ ਨਹੀਂ, ਪਰ ਇੱਥੇ ਵੀ
ਮਾਤਾ ਪਿਤਾ ਨੂੰ ਪੂਰਾ ਸਤਿਕਾਰ ਨਹੀ ਦਿੱਤਾ ਜਾਂਦਾ।”
ਇਹ ਗੱਲ ਸੁਣਦਿਆਂ ਹੀ ਮਨਦੀਪ ਨੇ ਆਪਣੇ ਮਨ ਨਾਲ ਫੈਂਸਲਾ ਕੀਤਾ ਕਿ ਕੀਰਤਨ ਤੋਂ ਬਾਅਦ
ਉਹ ਰਾਗੀ ਸਿੰਘ ਨਾਲ ਇਸ ਬਾਰੇ ਜ਼ਰੂਰ ਵਿਚਾਰ ਕਰੇਗੀ।ਅਰਦਾਸ ਤੋਂ ਬਾਅਦ ਰਾਗੀ ਸਿੰਘ ਲੰਗਰ
ਹਾਲ ਵੱਲ ਗਏ ਤਾਂ ਮਨਦੀਪ ਨੇ ਮਾਤਾ ਜੀ ਨੂੰ ਪੁੱਛਿਆ, “ ਮਾਤਾ ਜੀ, ਮੈ ਲੰਗਰ ਹਾਲ ਵਿਚ
ਜਾ ਰਹੀ ਹਾਂ, ਰਾਗੀ ਸਿੰਘ ਨਾਲ ਕੋਈ ਵਿਚਾਰ-ਵਟਾਂਦਰਾ ਕਰਨਾ ਆ।”
“ਮੈ ਵੀ ਤੇਰੇ ਨਾਲ ਹੀ ਚੱਲਦੀ ਹਾਂ।” ਮਾਤਾ ਜੀ ਨੇ ਆਪਣੀ ਸ਼ਾਲ ਚੁੱਕਦਿਆ ਕਿਹਾ, “ਮੈ
ਵੀ ਉਹਨਾਂ ਨਾਲ ਗੱਲ ਕਰਨੀ ਆ, ਤੇਰੀ ਮੇਰੀ ਇਕੋ ਕਹਾਣੀ ਲੱਗਦੀ ਆ।”
ਮਨਦੀਪ ਨੇ ਆਪਣੇ ਮਨ ਵਿਚ ਸੋਚਿਆ ਮਾਤਾ ਜੀ ਬਜ਼ੁਰਗ ਨੇ ਉਹਨਾਂ ਨੂੰ ਇਹ ਗੱਲਾਂ ਪਸੰਦ
ਆਈਆਂ ਹੋਣਗੀਆਂ, ਇਸ ਲਈ ਉਹ ਤਾਂ ਰਾਗੀ ਸਿੰਘਾਂ ਦਾ ਧੰਨਵਾਦ ਹੀ ਕਰਨਗੇ।
ਲੰਗਰ ਹਾਲ ਵਿਚ ਜਾ ਕੇ ਦੇਖਿਆ ਕਿ ਅਜੇ ਰਾਗੀ ਸਿੰਘ ਪਰਸ਼ਾਦਾ ਛੱਕ ਰਹੇ ਨੇ। ਦੋਨੋ ਇਕ
ਖੂੰਜੇ ਉਹਨਾਂ ਦੀ ਉਡੀਕ ਵਿਚ ਬੈਠ ਗਈਆਂ।
ਜਿਉਂ ਹੀ ਰਾਗੀ ਸਿੰਘ ਹੱਥ ਧੋਣ ਲਈ ਸਿੰਕ ਵੱਲ ਵਧੇ, ਮਨਦੀਪ ਉੱਠ ਕੇ ਉਹਨਾਂ ਕੋਲ ਚਲੀ
ਗਈ।
“ਸਤਿ ਸ੍ਰੀ ਅਕਾਲ, ਭਾਈ ਸਾਹਿਬ ਜੀ।” ਮਨਦੀਪ ਨੇ ਹੱਥ ਜੋੜਦਿਆਂ ਕਿਹਾ, “ ਜੇ ਤੁਹਾਡੇ
ਕੋਲ ਸਮਾਂ ਹੋਵੇ ਤਾਂ ਤੁਹਾਡੇ ਨਾਲ ਕੁੱਝ ਵਿਚਾਰਾਂ ਕਰਨੀਆਂ ਚਾਹੁੰਦੀ ਹਾਂ।”
“ਦੱਸੋ ਜੀ।” ਰਾਗੀ ਜੀ ਨੇ ਨਿੱਮਰਤਾ ਸਹਿਤ ਕਿਹਾ, “ਅਸੀ ਸੰਗਤ ਦੇ ਸੇਵਾਦਾਰ ਹਾਂ,
ਤੁਸੀ ਹੁਕਮ ਕਰੋ।”
ਮਨਦੀਪ ਰਾਗੀ ਸਿੰਘ ਨੂੰ ਉੱਥੇ ਹੀ ਲੈ ਆਈ ਜਿੱਥੇ ਮਾਤਾ ਜੀ ਬੈਠੇ ਸਨ। ਫਤਹਿ ਬਲਾਉਣ
ਤੋਂ ਬਾਅਦ ਮਾਤਾ ਜੀ ਨੇ ਗੱਲ ਸ਼ੁਰੂ ਕੀਤੀ, “ ਜਿੱਥੇ ਤੁਸੀ ਸੋਹਣਾ ਕੀਰਤਨ ਕਰਦੇ ਹੋ ਉੱਥੇ
ਕਥਾ ਵੀ ਵਧੀਆ ਕਰਦੇ ਹੋ।”
“ਧੰਨਵਾਦ ਜੀ” ਰਾਗੀ ਸਿੰਘ ਨੇ ਕਿਹਾ, “ਕੀਰਤਨ ਕਥਾ ਸਭ ਪਰਮਾਤਮਾ ਦੀ ਹੀ ਦੇਣ ਹੈ।”
“ਬਹੁਤ ਸਾਰੇ ਕਥਾ ਵਾਚਕ, ਰਾਗੀ ਸਿੰਘ ਜਾਂ ਪਰਚਾਰਕ ਇਹ ਗੱਲ ਤਾਂ ਵਾਰ ਵਾਰ ਕਹਿੰਦੇ ਨੇ
ਕਿ ਬੱਚਿਆਂ ਨੂੰ ਆਪਣੇ ਮਾਂ- ਬਾਪ ਦੀ ਦੇਖਭਾਲ ਚੰਗੀ ਤਰਾਂ ਕਰਨੀ ਚਾਹੀਦੀ ਆ ।” ਮਾਤਾ ਜੀ
ਨੇ ਅਗਾਂਹ ਗੱਲ ਤੋਰੀ, “ਉੱਥੇ ਇਹ ਵੀ ਦੱਸਣਾ ਚਾਹੀਦਾ ਹੈ ਕਿ ਮਾਤਾ ਪਿਤਾ ਨੂੰ ਵੀ ਆਪਣੇ
ਬੱਚਿਆਂ ਨਾਲ ਕਿਸ ਤਰਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ।”
ਮਾਤਾ ਜੀ ਦੀ ਇਹ ਗੱਲ ਸੁਣ ਕੇ ਮਨਦੀਪ ਨੂੰ ਹੈਰਾਨੀ ਹੋਈ ਕਿ ਮਾਤਾ ਜੀ ਨੇ ਤਾਂ ਉਸ ਦੇ
ਦਿਲ ਦੀ ਗੱਲ ਬੁੱਝ ਲਈ, ਪਰ ਨਾਲ ਹੀ ਉਸ ਨੂੰ ਚੇਤਾ ਆ ਗਿਆ, ਗੁਵਾਂਢ ਵਿਚ ਰਹਿੰਦੇ ਹੋਣ
ਕਾਰਨ ਮਾਤਾ ਜੀ ਉਹਨਾਂ ਦੇ ਘਰ ਦੇ ਵੀ ਭੇਤੀ ਨੇ,ਹੋ ਸਕਦਾ ਹੈ ਮਾਤਾ ਜੀ ਇਸ ਕਰਕੇ ਰਾਗੀ
ਸਿੰਘ ਨੂੰ ਕਹਿ ਰਹੇ ਨੇ, “ ਪੁੱਤਰ ਜੀ ਅੱਜਕਲ ਕੱਲਯੁਗ ਦਾ ਪਹਿਰਾ ਹੈ, ਜਿੱਥੇ ਬੱਚੇ
ਮਾਂ-ਬਾਪ ਨਾਲ ਮਾੜਾ ਵਰਤਾਉ ਕਰਦੇ ਨੇ, ਉੱਥੇ ਮਾਂ ਬਾਪ ਵੀ ਘੱਟ ਨਹੀ।”
“ਮਾਤਾ ਜੀ, ਗੱਲ ਤਾਂ ਤੁਹਾਡੀ ਠੀਕ ਹੈ ।” ਰਾਗੀ ਸਿੰਘ ਨੇ ਕਿਹਾ, “ ਆਪਾਂ ਸਾਰੇ ਹੀ
ਬਹੁਤ ਖੁਦਗਰਜ਼ ਹੋ ਗਏ ਹਾਂ,ਦੂਜੇ ਦਾ ਸੁੱਖ ਘੱਟ ਹੀ ਸੋਚਦੇ ਹਾਂ।”
“ਆਪਣਾ ਸੁੱਖ ਤਿਆਗ ਕੇ ਹੀ ਦੂਜੇ ਨੂੰ ਸੁੱਖ ਦੇ ਹੁੰਦਾ ਆ ।” ਮਾਤਾ ਜੀ ਨੇ ਕਿਹਾ, “ਪਰ
ਹੁਣ ਤਾਂ ਇਹ ਗੱਲ ਕੋਈ ਘੱਟ ਹੀ ਸੋਚਦਾ ਆ।
“ਜੇ ਇਕ ਪਾਸਾ ਆਪਣਾ ਸੁੱਖ ਤਿਆਗ ਵੀ ਦੇਵੇ ਤਾਂ ਦੂਜਾ ਆਪਣਾ ਸੁੱਖ ਤਿਆਗਣ ਦੀ ਥਾਂ ਇਹ
ਸੋਚੇਗਾ ਕਿ ਇਹ ਤਾਂ ਕਮਲਾ ਆ। ਇਹਦਾ ਫਾਇਦਾ ਉਠਾਈ ਜਾਵੋ।” ਮਨਦੀਪ ਨੇ ਆਪਣੇ ਘਰ ਵਿਚ ਹੋ
ਰਹੇ ਵਰਤਾਰੇ ਦੀ ਗੱਲ ਕੀਤੀ, “ ਜੇ ਮਾਂ-ਬਾਪ ਆਪਣੇ ਬੱਚਿਆਂ ਦੇ ਸੁੱਖ-ਦੁੱਖ ਦਾ ਅਹਿਸਾਸ
ਨਹੀ ਰੱਖਦੇ ਤਾਂ ਉਹਨਾਂ ਦੇ ਬੱਚੇ ਉਹਨਾਂ ਦੀ ਸੇਵਾ ਕਿਵੇਂ ਕਰਨਗੇ?”
“ਬੀਬੀ ਜੀ, ਮੈ ਤੁਹਾਡੀ ਗੱਲ ਨਾਲ ਸਹਿਮਤ ਹਾਂ।” ਕਿਸੇ ਨੇ ਜਿੰਨਾ ਗੁੜ ਪਾਉਣਾ ਮਿੱਠਾ
ਤਾਂ ਉਹਨਾਂ ਨੂੰ ਉਨਾ ਹੀ ਮਿਲਣਾ।” ਰਾਗੀ ਸਿੰਘ ਨੇ ਕਿਹਾ, “ਘਰਾਂ ਵਿਚ ਬਹੁਤੀਆਂ
ਪਰੇਸ਼ਾਨੀਆਂ ਇਨਸਾਨਾ ਦੇ ਸੁਭਾਵਾਂ ਕਰ ਕੇ ਪੈਦਾ ਹੁੰਦੀਆਂ ਨੇ।”
ਰਾਗੀ ਸਿੰਘ ਨੂੰ ਗੱਲ-ਬਾਤ ਕਰਦਿਆਂ ਦੇਖ ਹੋਰ ਵੀ ਜ਼ਨਾਨੀਆਂ ਇਕੱਠੀਆਂ ਹੋ ਗਈਆਂ।
“ਗਿਆਨੀ ਜੀ, ਮੇਰੀ ਨੂੰਹ ਘਰ ਦਾ ਕੋਈ ਕੰਮ ਨਹੀ ਕਰਦੀ।” ਵਿਚੋਂ ਹੀ ਇਕ ਮਧਰੇ ਅਜਿਹੇ ਕੱਦ
ਦੀ ਜ਼ਨਾਨੀ ਕਹਿਣ ਲੱਗੀ, “ ਉਹਦੇ ਬੱਚੇ ਵੀ ਸਾਂਭਦੀ ਹਾਂ, ਪਰ ਜਦੋਂ ਮੈ ਉਸ ਨੂੰ ਬਲਾਉਂਦੀ
ਹਾਂ ਬੋਲਦੀ ਨਹੀ।”
ਰਾਗੀ ਸਿੰਘ ਦੇ ਜ਼ਵਾਬ ਦੇਣ ਤੋਂ ਪਹਿਲਾਂ ਹੀ ਇਕ ਜ਼ਵਾਨ ਔਰਤ ਬੋਲ ਉੱਠੀ, “ਮੇਰੀ ਸੱਸ
ਗੁਰਦੁਆਰੇ ਜਾਣ ਤੋਂ ਕਦੀ ਨਾਂਗਾ ਤਾ ਨਹੀ ਪਾਉਂਦੀ ਇੱਥੇ ਆ ਕੇ ਦੂਸਰੀਆਂ ਜ਼ਨਾਨੀਆਂ ਦੇ
ਹੱਥਾਂ ਵਿਚੋਂ ਵੀ ਭਾਂਡੇ ਖੋਈ ਜਾਊ ਕਿ ਸੇਵਾ ਮੈ ਹੀ ਕਰਨੀ ਆ, ਘਰੇ ਮੈਨੂੰ ਭਾਂਵੇ ਤਾਪ
ਚੜਿਆ ਹੋਵੇ,ਉਥੇ ਕੰਮ ਕਰਨਾ ਤਾਂ ਇਕ ਪਾਸੇ ਕਦੇ ਜੁਆਕ ਨੂੰ ਵੀ ਘੰਟੇ ਲਈ ਨਹੀ ਫੜਿਆ ਕਿ
ਕਿਤੇ ਨੂੰਹ ਨੂੰ ਅਰਾਮ ਨਾ ਮਿਲ ਜਾਵੇ, ਗੁਰਦੁਆਰੇ ਫਿਰ ਵੀ ਜ਼ਰੂਰ ਜਾਣਾ।”
“ਮੇਰੀ ਸੱਸ ਸਵੇਰੇ ਹੀ ਡਰਾਮੇ ਦੇਖਣ ਟੀ.ਵੀ ਦੇ ਅੱਗੇ ਬੈਠ ਜਾਂਦੀ ਹੈ।” ਇਕ ਹੋਰ ਬੋਲੀ,
“ ਜਦੋਂ ਮੈ ਕੰਮ ਤੋਂ ਵਾਪਸ ਆਉਂਦੀ ਹਾਂ, ਫਿਰ ਵੀ ਟੀ.ਵੀ ਦੇ ਅੱਗੇ ਹੀ ਬੈਠੀ ਹੁੰਦੀ
ਹੈ,ਸਿੰਕ ਭਾਡਿਆਂ ਨਾਲ ਭਰਿਆ ਹੁੰਦਾ ਆ,ਕੰਮ ਤੇ ਅੱਠ ਘੰਟੇ ਲਾ ਕੇ ਫਿਰ ਘਰ ਦਾ ਸਾਰਾ ਕੰਮ
ਆ ਕੇ ਕਰਦੀ ਹਾਂ, ਭਾਈ ਜੀ ਹੁਣ ਤੁਸੀ ਦੱਸੋ ਉਸ ਸੱਸ ਦੀ ਸੇਵਾ ਕਰਿਆਂ ਕਰਾਂ?
ਰਾਗੀ ਸਿੰਘ ਅਜੇ ਇਹਨਾਂ ਗੱਲਾਂ ਦਾ ਜ਼ਵਾਬ ਦੇਣ ਦਾ ਸੋਚ ਹੀ ਰਹੇ ਸਨ ਕਿ ਇਕ ਬਜ਼ੁਰਗ
ਔਰਤ ਬੋਲ ਪਈ, “ ਮੇਰੀ ਨੂੰਹ ਦਾ ਕੋਈ ਪੇਕਿਆਂ ਦਾ ਆ ਜਾਵੇ ਤਾਂ , ਉਹਨਾਂ ਦੇ
ਅੱਗੇ-ਪਿੱਛੇ ਸੇਵਾ ਕਰਦੀ ਦੌੜੀ ਫਿਰੂ, ਮੇਰਾ ਕੋਈ ਰਿਸ਼ਤੇਦਾਰ ਆ ਜਾਵੇ ਤਾਂ ਚਾਹ ਦਾ ਕੱਪ
ਪਿਲਾ ਕੇ ਵੀ ਰਾਜ਼ੀ ਨਹੀ ਹੁੰਦੀ॥”
“ਮੇਰੀ ਸੱਸ ਵੀ ਇਦਾਂ ਕਰਦੀ ਆ।” ਬੱਚੇ ਨੂੰ ਗੋਦੀ ਚੁੱਕੀ ਪਰੇ ਖੜੀ ਬੋਲੀ, “ ਉਹਦੀ ਧੀ
ਹੀ ਉਹਦੇ ਲਈ ਸਭ ਕੁੱਝ ਆ, ਮੈ ਜਿੰਨਾ ਮਰਜ਼ੀ ਕੰਮ ਕਰੀ ਜਾਵਾਂ, ਪਰ ਉਸ ਨੇ ਸਿਫਤ ਆਪਣੀ ਧੀ
ਦੀ ਹੀ ਕਰਨੀ ਆ।ਮੇਰਾ ਫਿਰ ਦਿਲ ਕਿਸ ਤਰਾਂ ਉਸ ਦੀ ਸੇਵਾ ਕਰਨ ਨੂੰ ਮੰਨੇ?”
“ਮੇਰੇ ਸੱਸ-ਸਹੁਰੇ ਨੂੰ ਪੈਨਸ਼ਨ ਲੱਗੀ ਆ, ਉਹਨਾਂ ਦਾ ਖਰਚਾ ਸਾਰਾ ਅਸੀ ਕਰਦੇ ਹਾਂ।” ਇਕ
ਹੋਰ ਨੇ ਦੱਸਿਆ, “ ਉਹਨਾਂ ਕਦੀ ਸਾਡੀ ਕੋਈ ਹੈਲਪ ਨਹੀ ਕੀਤੀ , ਕਦੀ ਨਿਆਣੇ ਨੂੰ ਸਕੂਲ
ਤੱਕ ਵੀ ਛੱਡਣ ਨਹੀ ਗਏ,ਹੁਣ ਤੁਸੀ ਦੱਸੋ ਹੋਰ ਕੀ ਉਹਨਾਂ ਦੀ ਸੇਵਾ ਕਰੀਏ।”
ਹਰ ਔਰਤ ਇਕ ਦੂਜੀ ਤੋਂ ਅੱਗੇ ਹੋ ਕੇ ਆਪਣੀ ਘਰੇਲੂ ਮੁਸ਼ਕਿਲ ਦੱਸਣ ਦਾ ਜਤਨ ਕਰ ਰਹੀ
ਸੀ। ਪਤਾ ਨਹੀ ਕਦੋਂ ਤਕ ਇਹ ਸਿਲਸਲਾ ਲਗਾਤਾਰ ਚਲੱਦਾ ਰਹਿੰਦਾ, ਪਰ ਰਾਗੀ ਸਿੰਘ ਨੇ ਛੇਤੀ
ਹੀ ਮੌਕਾ ਸੰਭਾਲਦੇ ਕਿਹਾ, “ ਮੇਰੀਉ ਭੈਣੋ ਅਤੇ ਮਾਤਾਵੋ, ਜੋ ਵੀ ਤੁਸੀ ਕਿਹਾ ਮੈ ਤੁਹਾਡੇ
ਨਾਲ ਸਹਿਮਤ ਹਾਂ, ਜ਼ਿਆਦਾ ਭੈਣਾ ਦੀ ਸ਼ਕਾਇਤ ਇਹ ਹੀ ਹੈ ਕਿ ਅਸੀ ਪ੍ਰਚਾਰਕ ਲੋਕ ਇਸ ਗੱਲ ਤੇ
ਹੀ ਜ਼ੋਰ ਦਿੰਦੇ ਰਹਿੰਦੇ ਹਾਂ ਕਿ ਮਾ-ਬਾਪ ਦੀ ਸੇਵਾ ਕਰੋ,ਮੈ ਤੁਹਾਡੇ ਨਾਲ ਵਾਅਦਾ ਕਰਦਾ
ਹਾਂ ਕਿ ਅੱਗੋ ਤੋਂ ਜਿੱਥੇ ਮਾਪਿਆ ਦੀ ਸੇਵਾ ਨੂੰ ਮਹੱਤਵ ਦੇਵਾਂਗਾ, ਉੱਥੇ ਮਾਪਿਆਂ ਨੂੰ
ਵੀ ਬੇਨਤੀ ਕਰਾਂਗਾ ਕਿ ਉਹ ਵੀ ਬੱਚਿਆਂ ਦੀ ਸੁੱਖ- ਸਹੂਲਤ ਨੂੰ ਧਿਆਨ ਵਿਚ ਰੱਖ ਕੇ ਉਹਨਾਂ
ਦੀਆਂ ਮੁਸ਼ਕਲਾਂ ਦੂਰ ਕਰਨ ਵਿਚ ਸਹਾਈ ਹੋਣ, ਕੱਲ੍ਹ ਦੇ ਕੀਰਤਨ ਦੀਵਾਨ ਵਿਚ ਇਹ ਗੱਲ
ਸਾਹਮਣੇ ਆ ਜਾਵੇਗੀ।” ਇਹ ਕਹਿ ਕੇ ਰਾਗੀ ਸਿੰਘ ਜ਼ਨਾਨੀਆਂ ਦੇ ਝੁੰਡ ਵਿਚੋਂ ਨਿਕਲਨ ਹੀ
ਲੱਗੇ ਸਨ ਕਿ ਇਕ ਹੋਰ ਬੋਲ ਪਈ,“ ਭਾਈ ਸਾਹਿਬ, ਅਸੀ ਛੁੱਟੀ ਵਾਲੇ ਦਿਨ ਹੀ ਸੋਣਾ ਹੁੰਦਾ
ਆ। ਮੇਰੇ ਸਹੁਰਾ ਸਾਹਿਬ ਤੜਕੇ ਹੀ ਤੁਹਾਡੇ ਸ਼ਬਦਾਂ ਦੀ ਸੀ.ਡੀ ਉੱਚੀ ਉੱਚੀ ਲਾ ਲੈਣਗੇ।”
ਇਹ ਗੱਲ ਸੁਣ ਕੇ ਰਾਗੀ ਸਿੰਘ ਨੇ ਹੱਸਦੇ ਹੋਏ ਕਿਹਾ, “ ਤੁਹਾਡੇ ਸਹੁਰਾ ਸਾਹਿਬ ਨੂੰ ਵੀ
ਬੇਨਤੀ ਕਰਾਂਗਾ ਕਿ ਉਹ ਸਾਡੇ ਸ਼ਬਦਾਂ ਦੀ ਸੀ.ਡੀ ਹੌਲੀ ਲਾ ਕੇ ਸੁਣ ਲਿਆ ਕਰਨ ਜਾਂ ਜਦੋਂ
ਤੁਸੀ ਸਭ ਜਾਗਦੇ ਹੋਣ ੳਦੋਂ ਸੁਣਿਆ ਕਰਨ।”
ਇਕ ਹੋਰ ਬਜ਼ੁਰਗ ਜ਼ਨਾਨੀ ਬੋਲਣ ਲੱਗੀ ਤਾਂ ਮਾਤਾ ਜੀ ਨੇ ਕਿਹਾ, “ਭਾਈ ਸਾਹਿਬ ਨੂੰ ਜਾ
ਲੈਣ ਦਿਉ ਜਾ ਕੇ ਅਰਾਮ ਕਰਨ, ਤੁਸੀ ਸਾਰੀਆਂ ਕੱਲੁ ਨੂੰ ਹੋਣ ਵਾਲੇ ਦੀਬਾਨ ਵਿਚ ਜ਼ਰੂਰ
ਪਹੁੰਚਿਉ, ਨਾਲ ਆਪਣੇ ਪਰਿਵਾਰਾ ਨੂੰ ਵੀ ਲੈ ਕੇ ਆਉਣਾ।”
“ਮਾਤਾ ਜੀ ਦੀ ਬੇਨਤੀ ਜ਼ਰੂਰ ਪਰਵਾਨ ਕਰਨੀ।” ਜਾਂਦੇ ਹੋਏ ਰਾਗੀ ਸਿੰਘ ਨੇ ਕਿਹਾ, “
ਕੱਲ੍ਹ ਨੂੰ ਸਮੇਂ ਸਿਰ ਕੀਰਤਨ-ਕਥਾ ਸੁੱਨਣ ਲਈ ਪਰਿਵਾਰਾਂ ਸਮੇਤ ਪਹੁੰਚਣਾ।”
ਮਨਦੀਪ ਨੇ ਘਰ ਜਾ ਕੇ ਆਪਣੇ ਸੱਸ- ਸਹੁਰੇ ਨੂੰ ਦੱਸ ਦਿੱਤਾ, “ਪਿਤਾ ਜੀ, ਕੱਲ੍ਹ ਨੂੰ
ਸਵੇਰੇ ਹੀ ਤਿਆਰ ਹੋ ਜਾਇਉ, ਗੁਰੂ ਘਰ ਨੂੰ ਚੱਲਣਾ ਹੈ”
“ਕੋਈ ਸਪਸ਼ੈਲ ਪ੍ਰੋਗਰਾਮ ਹੈ।” ਕੋਲ ਬੈਠੇ ਉਸ ਦੇ ਪਤੀ ਨੇ ਪੁੱਛਿਆ, “ਕਿਸੇ ਰਿਸ਼ਤੇਦਾਰ
ਵਲੋਂ ਲੰਗਰ ਆ।”
“ਰਾਗੀ ਸਿੰਘ ਬਹੁਤ ਸੋਹਣਾ ਕੀਰਤਨ ਕਰਦੇ ਨੇ।” ਸਾਰੀ ਗੱਲ ਦੱਸਣ ਦੀ ਥਾਂ ਮਨਦੀਪ ਨੇ ਇੰਨਾ
ਹੀ ਕਿਹਾ, “ ਉਹਨਾਂ ਬੇਨਤੀ ਕੀਤੀ ਕਿ ਸਾਰੇ ਪ੍ਰੀਵਾਰ ਐਤਵਾਰ ਨੂੰ ਤਾਂ ਗੁਰਦੁਆਰੇ ਜ਼ਰੂਰ
ਆਉਣ।”
“ਮਾਤਾ ਜੀ ਨੇ ਵੀ ਆਪਣੇ ਨਾਲ ਹੀ ਜਾਣਾ ਹੈ।” ਪਤੀ ਨੇ ਪੁੱਛਿਆ, “ ਜੇ ਉਹਨੀ ਜਾਣਾ ਹੈ
ਤਾਂ ਵੈਨ ਹੀ ਲੈ ਚੱਲਾਂਗੇ।”
“ਮਾਤਾ ਜੀ ਵੀ ਸਾਡੇ ਨਾਲ ਹੀ ਜਾਣਗੇ।” ਮਨਦੀਪ ਨੇ ਕਿਹਾ, “ ਉਹਨਾ ਦੇ ਪੁੱਤਰ ਦੀ
ਗਰੇਵ ਯਾਰਡ ਸ਼ਿਫਟ ਹੋ ਗਈ ਆ।”
“ਆਹੋ ਕਾਕਾ, ਵੈਨ ਹੀ ਲੈ ਚੱਲੀਂ।” ਪਿਤਾ ਜੀ ਨੇ ਗੁਰੂ ਘਰ ਜਾਣ ਲਈ ਹਾਮੀ ਭਰਦੇ ਕਿਹਾ,
“ਬੱਚਿਆਂ ਨੂੰ ਵੀ ਉਠਾਲ ਲਿਉ।”
ਮਨਦੀਪ ਨੇ ਆਪਣੇ ਨੇਮ ਅਨੁਸਾਰ ਸਵੇਰੇ ਹੀ ਉੱਠ ਕੇ ਘਰ ਦਾ ਕੰਮ ਮੁਕਾ ਲਿਆ ਨਾਲ ਬੱਚਿਆ
ਨੂੰ ਵੀ ਤਿਆਰ ਕਰ ਲਿਆ। ਮਾਤਾ ਜੀ ਨੂੰ ਨਾਲ ਲੈ ਸਾਰਾ ਪ੍ਰੀਵਾਰ ਗੁਰਦੁਆਰੇ ਨੂੰ ਰਵਾਨਾ
ਹੋ ਗਿਆ।
ਗੁਰਦੁਆਰੇ ਦੀ ਡਿਊੜੀ ਵਿਚ ਬਣੇ ਜੋੜੇ ਘਰ ਤੋਂ ਹੀ ਮਨਦੀਪ ਨੇ ਅੰਦਾਜ਼ਾ ਲਾ ਲਿਆ ਕਿ
ਸੰਗਤ ਦਾ ਵਾਹਵਾ ਇਕੱਠ ਲੱਗਦਾ ਹੈ।ਸੰਗਤ ਨਾਲ ਭਰੇ ਦਰਬਾਰ ਵਿਚ ਮਨਦੀਪ ਆਪਣੀ ਸੱਸ ਅਤੇ
ਮਾਤਾ ਜੀ ਨਾਲ ਬੈਠੀ ਹੀ ਸੀ ਕਿ ਰਾਗੀ ਸਿੰਘ ਵੀ ਸਟੇਜ਼ ਤੇ ਬਿਰਾਜ਼ਮਾਨ ਹੋਏ ਅਤੇ ਕੀਰਤਨ
ਕਰਨਾ ਸ਼ੁਰੂ ਕੀਤਾ ‘ ਹਰਿ ਮੰਗਲ ਗਾਉ ਸਖੀ, ਗ੍ਰਹਿ ਮੰਦਰ ਬਣਿਆ’ ਛੇਤੀ ਹੀ ਕੀਰਤਨ ਵਿਚ
ਕਥਾ ਕਰਨੀ ਸ਼ੁਰੂ ਕਰ ਦਿੱਤੀ, “ ਪ੍ਰਮਾਤਮਾ ਦਾ ਨਾਮ ਸਭ ਤੋਂ ਉੱਚਾ ਹੈ, ਉਸ ਦੇ ਗੁਣ ਗਾਉਣ
ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਆ, ਗ੍ਰਹਿ ਮੰਦਰ ਬਣ ਜਾਂਦਾ ਹੈ। ਘਰ ਵਿਚ ਰਹਿਣ ਵਾਲੇ
ਜੀਅ ਆਪਣੇ ਸੋਹਣੇ ਸੁਭਾਵਾਂ ਨਾਲ ਘਰ ਦਾ ਮਾਹੌਲ ਵਧੀਆ ਉਸਾਰ ਸਕਦੇ ਨੇ।
ਪਿਆਰੀ ਸਾਧ-ਸੰਗਤ ਜੀਉ, ਅਸੀ ਹਮੇਸ਼ਾ ਹੀ ਬੇਨਤੀ ਕਰਦੇ ਹਾਂ ਕਿ ਘਰਾਂ ਵਿਚ ਸਤ-ਸੰਤੌਖ
ਨਾਲ ਜੀਵਨ ਵਸਰ ਕਰੋ, ਭਾਵ ਪ੍ਰੀਵਾਰ ਮਿਲ-ਜੁਲ ਕੇ,ਪ੍ਰਮਾਤਮਾ ਵਲੋਂ ਮਿਲੀ ਜ਼ਿੰਦਗੀ ਦਾ
ਅਨੰਦ ਉਠਾਵੇ, ਜਿੱਥੇ ਛੋਟੇ ਵੱਡਿਆਂ ਦਾ ਸਤਿਕਾਰ ਕਰਨ, ਉੱਥੇ ਵੱਡੇ ਵੀ ਆਪਣੇ ਵੱਡੇ ਹੋਣ
ਦੀ ਹਊਮੇ ਨੂੰ ਤਿਆਗ ਕੇ ਛੋਟਿਆਂ ਨੂੰ ਪਿਆਰ ਕਰਨ, ਸੁਭਾਂਵਾ ਵਿਚ ਫਰਕ ਜ਼ਰੂਰ ਹੁੰਦਾ ਹੈ,
“ਮੇਰੇ ਪ੍ਰਭਿ ਸਾਚੇ ਇਕੁ ਖੇਲੁ ਰਚਾਇਆ॥ ਕੋਇ ਨ ਕਿਸ ਹੀ ਜੇਹਾ ਉਪਾਇਆ॥” ਜੇ ਪਿਆਰ ਨਾਲ
ਰਹੋਗੇ ਤਾਂ ਸਭ ਦੇ ਸੁਭਾਅ ਸੁਹਣੇ ਲੱਗਣਗੇ । ਮਾਤਾ ਪਿਤਾ ਨੂੰ ਵੀ ਚਾਹੀਦਾ ਹੈ ਕਿ ਵਿਆਹ
ਕੇ ਲਿਆਂਦੀ ਨੂੰਹ ਨੂੰ ਧੀ ਸਮਝਣ, ਜਦੋਂ ਤੁਸੀ ਢਿੱਲੇ-ਮੱਠੇ ਹੁੰਦੇ ਹੋ ਤਾਂ ਨੂੰਹ ਹੀ
ਤੁਹਾਡੇ ਕੋਲ ਹੁੰਦੀ ਹੈ, ਧੀ ਤਾਂ ਆਪਣੇ ਘਰ ਹੁੰਦੀ ਆ,ਜੇ ਤੁਸੀ ਨੂੰਹ ਨੂੰ ਧੀਆਂ ਵਰਗਾ
ਪਿਆਰ ਦੇਵੋਗੇ ਤਾਂ ਉਹ ਵੀ ਤੁਹਾਨੂੰ ਆਪਣੇ ਮਾਪੇ ਜਾਣੇਗੀ, ਗ੍ਰਹਿਸਥੀ ਧਰਮ ਸਿੱਖਾਂ ਲਈ
ਵੱਡਾ ਧਰਮ ਹੈ, ਜੇ ਘਰ ਵਿਚ ਕੋਈ ਬਿਮਾਰ- ਠੁਮਾਰ ਹੋ ਜਾਂਦਾ ਹੈ ਤਾਂ ਦੋਹਾਂ ਪਾਸਿਆਂ ਦਾ
ਫਰਜ਼ ਹੈ ਇਕ-ਦੂਜੇ ਦੀ ਦੇਖ-ਭਾਲ ਕਰਨ, ਹਮੇਸ਼ਾ ਹੀ ਇਕ- ਦੂਜੇ ਨੂੰ ਸੁੱਖ ਦੇਣ ਦਾ ਸੋਚੋਂਗੇ
ਤਾਂ ਘਰ ਵਿਚ ਬਹਾਰਾਂ ਆਪਣੇ- ਆਪ ਆ ਜਾਣਗੀਆਂ।ਕਥਾ ਵਾਚਕ, ਅਖਬਾਰਾਂ ਵਿਚਲੇ ਲੇਖ ਆਮ ਹੀ
ਗੱਲ ਕਰਦੇ ਨੇ ਬੱਚਿਆਂ ਦੇ ਮਾਪਿਆਂ ਪ੍ਰਤੀ ਕੀ ਫਰਜ਼ ਹਨ। ਮਾਪਿਆਂ ਨੂੰ ਬੱਚਿਆਂ ਪ੍ਰਤੀ
ਕਿਹੋ ਜਿਹਾ ਰੱਵਈਆ ਅਪਨਾਉਣਾ ਚਾਹੀਦਾ ਹੈ, ਉਸ ਦਾ ਵੀ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ।
ਘਰ ਵਿਚ ਮਹਿਮਾਨ ਆ ਜਾਵੇ ਚਾਹੇ ਉਹ ਸੱਸ ਦਾ ਰਿਸ਼ਤੇਦਾਰ ਹੈ ਜਾਂ ਨੂੰਹ ਦਾ ਉਸ ਦੀ ਸੇਵਾ
ਵਿਚ ਭੇਦ-ਭਾਵ ਨਹੀ ਹੋਣਾ ਚਾਹੀਦਾ।ਘਰ ਦੇ ਖਰਚੇ ਮਿਲ-ਜੁਲ ਕੇ ਉਠਾਉ, ਇਕ ਦੇ ਸਿਰ ਤੇ ਭਾਰ
ਪਵੇਗਾ ਤਾਂ ਉਹ ਭਾਰ ਥੱਲੇ ਹੀ ਦੱਬ ਕੇ ਰਹਿ ਜਾਵੇਗਾ।
ਰਾਗੀ ਸਿੰਘ ਨੇ ਹੋਰ ਵੀ ਬਹੁਤ ਇਸ ਤਰਾਂ ਦੀਆਂ ਗੱਲਾਂ ਕੀਤੀਆਂ ਜੋ ਸਾਰੀ ਸੰਗਤ ਨੇ
ਧਿਆਨ ਨਾਲ ਸੁਣੀਆਂ।ਬੀਬੀਆਂ ਦੇ ਮੁਸਕ੍ਰਾਉਂਦੇ ਚਿਹਰੇ ਇਸ ਗੱਲ ਦੀ ਗਵਾਹੀ ਭਰ ਰਹੇ ਸਨ ਕਿ
ਉਹਨਾਂ ਨੇ ਕਥਾ ਦਾ ਅਨੰਦ ਉਠਾਇਆ।ਬਹੁਤ ਸਾਰੀ ਸੰਗਤ ਨੇ ਪਿਆਰ ਨਾਲ ਰਾਗੀ ਸਿੰਘ ਨੂੰ
ਕੀਰਤਨ ਭੇਟਾ ਅਰਪਣ ਕੀਤੀ।
ਮਨਦੀਪ ਨੂੰ ਲੰਗਰ ਹਾਲ ਵਿਚ ਜਿੱਥੇ ਸਭ ਸੰਗਤਾ ਖਿੜੇ ਚਿਹਰਿਆਂ ਵਿਚ ਸ਼ਰਧਾ ਨਾਲ ਲੰਗਰ
ਛੱਕਦੀਆਂ ਨਜ਼ਰ ਆਈਆਂ, ਉੱਥੇ ਉਸ ਨੂੰ ਆਪਣੀ ਸੱਸ ਦਾ ਚਿਹਰਾ ਮੁਸਕ੍ਰਾਟ ਤੋਂ ਬਿਨਾ ਦਿਸਿਆ
।
ਲੰਗਰ ਛੱਕ ਕੇ ਘਰ ਨੂੰ ਜਾਣ ਲਈ ਮਨਦੀਪ ਦਾ ਪ੍ਰੀਵਾਰ ਅਜੇ ਵੈਨ ਵਿਚ ਬੈਠਿਆ ਹੀ ਸੀ ਕਿ
ਉਸ ਦੀ ਸੱਸ ਨੇ ਗੱਲ ਛੇੜ ਲਈ, “ ਰਾਗੀ ਸਿੰਘ ਦਾ ਭਾਸ਼ਨ ਸਨਾਉਣ ਲਈ ਹੀ ਸਾਨੂੰ ਗੁਰਦੁਆਰੇ
ਲੈ ਕੇ ਆਈ ਸੀ।” ਮਨਦੀਪ ਦੇ ਬੋਲਣ ਤੋਂ ਪਹਿਲਾਂ ਹੀ ਉਸ ਦੇ ਸਹੁਰੇ ਨੇ ਜ਼ਵਾਬ ਦਿੱਤਾ, “
ਪਿਛੱਲੀ ਵਾਰੀ ਜਦੋਂ ਆਪਾਂ ਗੁਰਦੁਆਰੇ ਆਏ ਸੀ ਤਾਂ ਕਥਾ ਵਾਚਕ ਭਾਈ ਅਵਤਾਰ ਸਿੰਘ ਨੇ ਸਾਰੀ
ਕਥਾ ਨੂੰਹਾਂ ਪੁੱਤਾ ਤੇ ਹੀ ਕੀਤੀ ਸੀ। ਉਸ ਦਿਨ ਗੁਰੂ ਘਰ ਜਾਣ ਨੂੰ ਕਿਹਾ ਵੀ ਤੂੰ ਹੀ
ਸੀ, ਪਰ ਮਨਦੀਪ ਪੁੱਤਰ ਨੇ ਤੈਨੂੰ ਪੁੱਛਿਆ ਨਹੀ ਸੀ ਕਿ ਤੂੰ ਉਸ ਨੂੰ ਜਾਣ ਕੇ ਲਿਆਈ ਆ।
ਉਹ ਵੀ ਇਤਫਾਕ ਸੀ ਅਤੇ ਇਹ ਵੀ ਇਤਫਾਕ ਆ,ਰਾਗੀ ਸਿੰਘ ਦੀਆਂ ਗੱਲਾਂ ਨੂੰ ਪੱਲੇ ਬੰਨ, ਆ ਨੀ
ਲੜਾਈਏ ਮੇਰੇ ਵਿਹੜੇ ਵਿਚ ਦੀ ਲੰਘ ਕੇ ਜਾਹ, ਵਾਲੀਆਂ ਗੱਲਾਂ ਛੱਡ ਦੇਹ।”
“ਸੁਰਜੀਤ ਸਿੰਹਾਂ, ਤੇਰੀ ਗੱਲ ਸੋਲਾਂ ਆਨੇ ਠੀਕ ਆ।” ਮਾਤਾ ਜੀ ਨੇ ਪਹਿਲੇ ਦਿਨ ਵਾਲੀ
ਗੱਲ-ਬਾਤ ਨੂੰ ਲਕੁਾਂਦਿਆਂ ਆਖਿਆ, “ ਜੋ ਕੁੱਝ ਵੀ ਹੋਇਆ ਸਭ ਰੱਬ ਦੇ ਹੁਕਮ ਵਿਚ ਹੀ
ਹੋਇਆ।”
“ਪਿਤਾ ਜੀ ਤੁਸੀ ਅੱਜ ਪਹਿਲੀ ਵਾਰੀ ਮੇਰੇ ਵੱਲ ਦੀ ਗੱਲ ਇੰਨੇ ਪਿਆਰ ਨਾਲ ਕੀਤੀ,
ਮੈਨੂੰ ਤਾਂ ਇਹ ਹੀ ਬਹੁਤ ਖੁਸ਼ੀ ਹੈ।” ਮਨਦੀਪ ਨੇ ਕਿਹਾ, “ ਉਮੀਦ ਹੈ ਹੌਲੀ ਹੌਲੀ ਤੁਸੀ
ਬੀਬੀ ਜੀ ਨੂੰ ਬਦਲ ਲਉਗੇਂ।”
“ਨਾਲੇ ਚੋਪੜੀਆਂ ਨਾਲੇ ਦੋ ਦੋ ਭਾਲਦੀ ਏ।” ਮਨਦੀਪ ਦੇ ਪਤੀ ਨੇ ਹੱਸਦੇ ਹੋਏ ਕਿਹਾ, “
ਵੈਸੇ ਬੀਬੀ ਵੀ ਬਦਲ ਗਈ ਲੱਗਦੀ ਆ, ਜਿਹੜੀ ਅਜੇ ਤਕ ਕੁੱਝ ਬੋਲੀ ਨਹੀ, ਨਹੀ ਤਾਂ ਹੁਣ
ਨੂੰ…।”
ਮਨਦੀਪ ਦੇ ਪਤੀ ਦੀ ਗੱਲ ਸੁਣ ਕੇ ਜਿੱਥੇ ਬਾਕੀ ਹੱਸੇ ਉੱਥੇ ਉਸ ਦੀ ਸੱਸ ਵੀ ਨਾਲ ਹੀ
ਹੱਸੀ। ਉਸ ਨੂੰ ਹੱਸਦੇ ਦੇਖ ਕੇ ਮਨਦੀਪ ਨੂੰ ਲੱਗਾ ਜਿਸ ਮੰਤਵ ਵਿਚ ਉਹ ਇੰਨੇ ਸਾਲਾ ਵਿਚ
ਅਸੱਫਲ ਰਹੀ ਅੱਜ ਉਸੇ ਹੀ ਮਾਮਲੇ ਵਿਚ ਉਸ ਨੂੰ ਸਫਲਤਾ ਮਿਲ ਗਈ ਹੋਵੇ।
ਅਨਮੋਲ ਕੌਰ |