ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ


ਅੱਜ ਤੋਂ ਬਾਈ ਕੁ ਸਾਲ ਪਹਿਲਾਂ, ਅੱਜ ਦੇ ਦਿਨ ਹੀ ਮੈਂ ਆਪਣੇ ਪ੍ਰੀਵਾਰ ਨਾਲ ਕੈਨੇਡਾ ਆਇਆ ਸਾਂ। ਸਾਰੇ ਰਿਸ਼ਤੇਦਾਰਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ। ਥੋੜ੍ਹੀ ਦੇਰ ਅਸੀ ਆਪਣੀ ਲੜਕੀ ਨਾਲ ਬੇਸਮਿੰਟ ਵਿਚ ਰਿਹੇ। ਮੈਂ ਕਿਤੇ ਹੋਰ ਜਾ ਕੇ ਰਹਿਣ ਦੀ ਸੋਚ ਹੀ ਰਿਹਾ ਸੀ ਕਿ ਮੇਰੀ ਲੜਕੀ ਦਾ ਸਹੁਰਾ ਪ੍ਰੀਵਾਰ ਮੇਰੇ ਨਾਲੋ ਵੀ ਜ਼ਿਆਦਾ ਕਾਹਲਾ ਸੀ। ਉਹਨਾਂ ਦੀ ਕਾਹਲ ਨੂੰ ਧਿਆਨ ਵਿਚ ਲਿਆ ਕੇ, ਇਕ ਦਿਨ ਮੈਂ ਆਪਣੀ ਪਤਨੀ ਨੂੰ ਕਿਹਾ, “ ਬਖਸ਼ੀਸ਼ ਕੋਰੇ, ਆਪਾਂ ਨੂੰ ਰਹਿਣ ਦੀ ਕਿਤੇ ਹੋਰ ਜਗਹ ਦੇਖ ਲੈਣੀ ਚਾਹੀਦੀ ਆ।”

“ ਮੈਂ ਤਾਂ ਜੀ ਆਪ ਤਹਾਨੂੰ ਇਹ ਕਹਿਣ ਨੂੰ ਫਿਰਦੀ ਸੀ।” ਬਖਸ਼ੀਸ ਕੌਰ ਹਾਉਕਾ ਅਜਿਹਾ ਲੈ ਕੇ ਬੋਲੀ, “ ਕਿੰਦੀ ਦੀ ਸੱਸ ਤਾਂ ਕੁਝ ਨਾ ਕੁਝ ਸਣਾਉਂਦੀ ਰਹਿੰਦੀ ਆ।”
“ ਮੈਨੂੰ ਪਤਾ , ਉਹ ਇਹ ਹੀ ਅਹਿਸਾਨ ਜਿਤਾਉਂਦੀ ਰਹਿੰਦੀ ਆ ਕਿ ਅਸੀ ਤਹਾਨੂੰ ਸੱਦਿਆ।”

ਮੈਂ ਕੁੜਮਾਂ ਵਲੋਂ ਦਿੱਤੇ ਪੁਰਾਣੇ ਸੋਫੇ ਉੱਪਰ ਬੈਠਦੇ ਕਿਹਾ, “ ਜੇ ਆਪਣਾ ਗੋਗੀ ਉਸ ਕੁੜੀ ਨੂੰ ਮੰਨ ਜਾਵੇ ਜਿਹਦੀ ਇਹ ਦੱਸ ਪਾਉਂਦੇ ਰਹਿੰਦੇ ਨੇ, ਆਪੇ ਇਹਨਾਂ ਦਾ ਅਹਿਸਾਨ ਉੱਤਰ ਜਾਵੇਗਾ।”

“ ਨਾਲੇ ਜਦ ਅਸੀ ਕਿਰਾਇਆ ਹੀ ਦੇਣਾ ਤਾਂ ਕਿਸੇ ਹੋਰ ਥਾਂ ‘ਤੇ ਵੀ ਰਹਿ ਸਕਦੇ ਹਾਂ।” ਪਤਨੀ ਬੋਲੀ, “ ਕਹਿੰਦੇ ਨਹੀ ਹੁੰਦੇ ਕਿ ਜੇ ਟੱਟੂ ਭਾੜੇ ਦਾ ਕਰਨਾ ਫਿਰ ਕੁੜਮਾਂ ਦਾ ਹੀ ਕਿਉਂ ਕਰਨਾ।”

ਉਸ ਦਿਨ ਗੋਗੀ ਸ਼ਾਮ ਨੂੰ ਕੰਮ ਤੋਂ ਆਇਆ ਤਾਂ ਮੈਂ ਕਿਹਾ, “ ਕਾਕਾ, ਜਿਹੜੀ ਕੁੜੀ ਦਾ ਰਿਸ਼ਤਾ ਤੈਨੂੰ ਕਰਨ ਨੂੰ ਕਿੰਦੀ ਦੀ ਸੱਸ ਜ਼ੋਰ ਪਾਉਂਦੀ ਆ ਉਸ ਨੂੰ ਹਾਂ ਕਰਦੇ ਰੋਜ਼ ਦੀ ਕਿੜ- ਕਿੜ ਮੁੱਕੇ।”
“ ਆਹੋ ਕਾਕਾ, ਬਹੁਤ ਹੀ ਇਹ ਗੱਲ ਚਿਤਾਰਦੇ ਆ ਕਿ ਸਾਡੇ ਕਰਕੇ ਤੁਸੀ ਕੈਨੇਡਾ ਆਏ।” ਪਤਨੀ ਮੇਰੀ ਗੱਲ ਦੀ ਸਹਿਮਤੀ ਲਈ ਹੁੰਗਾਰਾ ਭਰਦੀ ਬੋਲੀ, “ ਵਿਅਹ ਤਾਂ ਤੂੰ ਕਰਾਉਣਾ ਈ ਆ , ਜਿੱਥੇ ਇਹ ਕਹਿੰਦੇ ਉੱਥੇ ਕਰਾ ਲਾ।”
“ ਵਿਆਹ ਜੇ ਮੈਂ ਇਹਨਾਂ ਦੇ ਕਹੇ ਵੀ ਕਰਾ ਲਿਆ ਤਾਂ ਵੀ ਇਹਨਾਂ ਸੱਦਣ ਦਾ ਅਹਿਸਾਣ ਕਰਨੋ ਨਹੀ ਹਟਣਾ।” ਗੋਗੀ ਆਪਣੀ ਮਾਂ ਕੋਲੋਂ ਚਾਹ ਦਾ ਕੱਪ ਫੜਦਾ ਬੋਲਿਆ, “ ਕਿੰਦੀ ਦੀ ਸੱਸ ਇੰਝ ਆਪਣੇ ਆਪ ਸਮਝਦੀ ਆ ਜਿਵੇ ਇੱਥੇ ਗੋਰਿਆਂ ਤੋਂ ਵੀ ਪਹਿਲਾ ਆਈ ਹੋਵੇ। ਆਕੜ ਦਾ ਹੀ ਨਹੀ ਪਤਾ ਲੱਗਦਾ।”
“ ਕਾਕਾ ਹੌਲੀ ਬੋਲ।” ਇਹ ਕਹਿੰਦੀ ਹੋਈ ਮੇਰੀ ਪਤਨੀ ਬੇਸਮਿੰਟ ਵਾਲਾ ਦਰਵਾਜ਼ਾ ਚੈਕ ਕਰਨ ਤੁਰ ਪਈ ਕਿ ਚੰਗੀ ਤਰਾਂ ਬੰਦ ਵੀ ਹੈ।
“ ਮੈਂ ਸੱਚ ਗੱਲ ਦਸਾਂ ਭਾਪਾ ਜੀ।” ਗੋਗੀ ਨੇ ਗਰਮ ਚਾਹ ਦਾ ਘੁੱਟ ਭਰਦੇ ਕਿਹਾ, “ ਮੈਂ ਪੇਪਰਾਂ ਵਿਚ ਸੱਦ ਦੇਂਦਾ ਹਾਂ।”
“ ਮੈਂਨੂੰ ਇਹ ਨਕਲੀ ਅਜਿਹਾ ਕੰਮ ਕਰਨਾ ਚੰਗਾ ਨਹੀ ਲੱਗਦਾ।” ਮੈਂ ਆਪਣੀ ਜ਼ਮੀਰ ਦੀ ਗੱਲ ਦੱਸਣ ਲੱਗਾ, “ ਧੋਖੇ ਨਾਲ ਕੀਤੇ ਕੰਮਾਂ ਦੇ ਨਤੀਜ਼ੇ ਬਹੁਤੇ ਚੰਗੇ ਨਹੀ ਨਿਕਲਦੇ।”
“ ਨਾਲੇ ਕਾਕਾ, ਕੀ ਪਤਾ ਕਿੰਦੀ ਦੇ ਸਹੁਰੇ ਵੀ ਇਸ ਗੱਲ ਨਾਲ ਰਾਜ਼ੀ ਹੋਣ ਜਾਂ ਨਾ ਹੋਣ।” ਮੇਰੀ ਪਤਨੀ ਨੇ ਆਪਣੀ ਸੋਚ ਦੱਸੀ, “ ਬੰਦੇ ਕੋਲੋ ਤਾਂ ਉਦਾ ਹੀ ਬਥੇਰੇ ਗਲਤ ਕੰਮ ਹੁੰਦੇ ਰਹਿੰਦੇ ਨੇ, ਇਹ ਕਾਹਦੇ ਲਈ ਕਰਨਾ।”

ਗੋਗੀ ਹੱਸਦਾ ਹੋਇਆ ਬੋਲਿਆ, “ ਜਿੱਥੇ ਬੰਦਾ ਅੱਗੇ ਗਲਤ ਕੰਮ ਕਰਦਾ, ਇਕ ਹੋਰ ਕਰ ਲਏ।”

“ ਤੇਰੀ ਬੀਬੀ ਦਾ ਮਤਲਵ ਆ ਕਿ ਇਨਸਾਨ ਕੋਲੋ ਅਣਜਾਣੇ ਵਿਚ ਹੀ ਕਈ ਗਲਤੀਆਂ ਹੋ ਜਾਂਦੀਆਂ ਆ।” ਮੈਂ ਗੋਗੀ ਨੂੰ ਸਮਝਾਉਣ ਲੱਗਾ, “ ਜਾਣ ਕੇ ਕਾਹਨੂੰ ਕਰਨੀਆ।”
“ ਇਕ ਦਿਨ ਕਿੰਦੀ ਦੀ ਸੱਸ ਤਾਂ ਨਿੰਮੀ ਬਾਰੇ ਵੀ ਗੱਲ ਕਰਦੀ ਸੀ।” ਬਖਸ਼ੀਸ਼ ਕੌਰ ਨਵੀ ਹੀ ਗੱਲ ਦੱਸਣ ਲਗ ਪਈ, “ ਨਿੰਮੀ ਨਾਲ ਮੇਰਾ ਭਤੀਜਾ ਲੰਘਾ ਦਿਉ।”

ਮੇਰੀ ਛੋਟੀ ਕੁੜੀ ਦਾ ਨਾਮ ਨਿੰਮੀ ਆ। ਉਸ ਦੀ ਉਮਰ ਛੋਟੀ ਹੋਣ ਕਾਰਨ ਮੈਂ ਉਸ ਨੂੰ ਕੰਮ ਦੀ ਥਾਂ ਪੜ੍ਹਨ ਲਗਾ ਦਿੱਤਾ ਸੀ। ਪਤਨੀ ਦੀ ਗੱਲ ਨੇ ਮੈਂਨੂੰ ਹੈਰਾਨ ਕਰ ਦਿੱਤਾ ਸੀ। ਮੈਂ ਤਾਂ ਅਜੇ ਇਕ ਹੈਰਾਨੀ ਨੂੰ ਸੰਭਾਲਣ ਦਾ ਜਤਨ ਕਰ ਰਿਹਾ ਸੀ ਕਿ ਗੋਗੀ ਬੋਲ ਪਿਆ, “ ਬੀਜੀ, ਤਹਾਨੂੰ ਭੁਲੇਖਾ ਲੱਗਾ ਹੋਣਾ ਏ, ਕਿੰਦੀ ਦੀ ਸੱਸ ਦਾ ਭਤੀਜਾ ਨਹੀ ਸਹੁਰੇ ਦੇ ਭਤੀਜੇ ਦੀ ਗੱਲ ਕੀਤੀ ਹੋਣੀ, ਕਿਉਂਕਿ ਇਕ ਦਿਨ ਮਾਸੜ ਜੀ ਨੇ ਮੇਰੇ ਨਾਲ ਆਪਣੇ ਭਤੀਜੇ ਦੀ ਗੱਲ ਕੀਤੀ ਸੀ।”

ਇਕ ਦਿਨ ਸਵੇਰੇ ਸਵੇਰੇ ਉੱਪਰੋਂ ਲੜਨ ਦੀਆਂ ਅਵਾਜ਼ਾ ਆਉਣ। ਮੈਂ ਤਾਂ ਲੜਾਈ ਨੂੰ ਅਣਗੋਲਣ ਦਾ ਯਤਨ ਕੀਤਾ, ਪਰ ਬਖਸ਼ੀਸ਼ ਕੌਰ ਉੱਪਰੋ ਨੂੰ ਜਾਂਦੇ ਦਰਵਾਜ਼ੇ ਕੋਲ ਕੰਨ ਲਾ ਕੇ ਸੁੱਨਣ ਲੱਗੀ। ਮੇਰਾ ਧਿਆਨ ਤਾਂ ਗੁਰਵਿੰਦਰ ਸਿੰਘ ਧਾਲੀਵਾਲ ਜੋ ਟੀਵੀ ਉੱਪਰ ਪੰਥਪ੍ਰੀਤ ਸਿੰਘ ਦੀ ਇੰਟਰਵਿਊ ਲੈ ਰਿਹਾ ਸੀ, ਉਸ ਵੱਲ ਲੱਗਾ ਰਿਹਾ। ਛੇਤੀ ਹੀ ਬਖਸ਼ੀਸ਼ ਕੌਰ ਮੇਰੇ ਕੋਲ ਆ ਕੇ ਕਹਿਣ ਲੱਗੀ, “ ਆਹ ਧਾਲੀਵਾਲ ਨੂੰ ਫਿਰ ਸੁਣ ਲਿਉ, ਪਹਿਲਾਂ ਮੇਰੀ ਗੱਲ ਸੁਣੋ।”

ਮੈਂ ਟੀਵੀ ਦੀ ਅਵਾਜ਼ ਨੂੰ ਹੌਲੀ ਕਰਦੇ ਕਿਹਾ, “ ਬੋਲ।”

“ ਉੱਪਰ ਤਾਂ ਕੁੜਮ-ਕੁੜਮਣੀ ਆਪਸ ਵਿੱਚ ਲੜੀ ਜਾਂਦੇ ਆ।”
“ਕਾਹਤੋ।”
“ ਉਹ ਕਹਿੰਦਾ ਮੈਂ ਆਪਣਾ ਭਤੀਜਾ ਨਿੰਮੀ ਨਾਲ ਲੰਘਾਉਣਾ, ਉਹ ਕਹਿੰਦੀ ਮੈਂ ਆਪਣਾ ਭਤੀਜਾ ਲੰਘਾਉਣਾ।”
“ ਸਾਨੂੰ ਕੀ? ਲੜਦੇ ਆ ਤਾਂ ਲੜੀ ਜਾਣ, ਆਪਾਂ ਤਾਂ ਉਹੀ ਕਰਨਾ ਜੋ ਸਾਡਾ ਜਵਾਈ ਕਹੂ।”
“ ਜਿੰਦਰ ਵੀ ਉੱਪਰ ਈ ਆ, ਉਸ ਨੇ ਸਾਫ ਕਹਿ ਦਿੱਤਾ ਕਿ ਨਿੰਮੀ ਨਾਲ ਕਿਸੇ ਨੂੰ ਨਹੀ ਲੰਘਾਉਣਾ, ਉਸ ਦੀ ਉਮਰ ਕਿੰਨੀ ਛੋਟੀ ਆ, ਉਹ ਪੜ੍ਹਨ ਲੱਗੀ ਆ, ਉਹਨੂੰ ਪੜ੍ਹਨ ਦਿਉ। ਗੋਗੀ ਨਾਲ ਜਿਹਨੂੰ ਲੰਘਾਉਣਾ ਹੈ ਲੰਘਾ ਲਉ।”

ਹੋਇਆ ਵੀ ਇਸ ਤਰਾਂ ਹੀ। ਨਿੰਮੀ ਪੜ੍ਹਦੀ ਰਹੀ ਅਤੇ ਗੋਗੀ ਦਾ ਵਿਆਹ ਜਿੱਥੇ ਸਾਡੇ ਕੁੜਮ ਚਾਹੁੰਦੇ ਸਨ ਉੱਥੇ ਹੋ ਗਿਆ। ਮੈ ਇੱਕ ਗੱਲ ਦੇਖੀ ਹੈ ਕਿ ਜੇ ਬੰਦਾ ਧੁਰ ਅਦੰਰੋਂ ਗਲਤ ਕੰਮ ਨਾ ਕਰਨਾ ਚਾਹੁੰਦਾ ਹੋਵੇ ਤਾਂ ਰੱਬ ਉਸ ਨੂੰ ਬਚਾ ਹੀ ਲੈਂਦਾ ਹੈ। ਇਸ ਤਰਾਂ ਹੀ ਗੋਗੀ ਦੇ ਰਿਸ਼ਤੇ ਦੀ ਗੱਲ ਹੋਈ। ਗੋਗੀ ਕਾਗਜ਼ਾ ਵਿਚ ਕੁੜੀ ਨਾਲ ਝੂਠਾ ਵਿਆਹ ਕਰਨਾ ਚਾਹੁੰਦਾ ਸੀ, ਪਰ ਜਦੋਂ ਕੁੜੀ ਦੇਖੀ ਤਾਂ ਉਸ ਨੂੰ ਚੰਗੀ ਲੱਗੀ। ਕਹਿਣ ਲੱਗਾ, “ ਭਾਪਾ ਜੀ, ਝੂਠਾ ਵਿਆਹ ਕਾਹਦੇ ਲਈ ਕਰਨਾ, ਸੱਚਾ ਹੀ ਕਰ ਲੈਂਦੇ ਆ। ਮੇਰੇ ਲਈ ਤਾਂ ਬਿੱਲੀ ਭਾਣੇ ਛਿੱਕਾ ਟੁੱਟਾ ਸੀ, ਇਸ ਲਈ ਗੋਗੀ ਦੀ ਝੱਟ ਮੰਗਣੀ ਤੇ ਪੱਟ ਵਿਆਹ ਕਰ ਲਿਆ। ਰੱਬ ਦਾ ਸ਼ੁਕਰ ਜਿੱਥੇ ਸਾਡੀ ਨੂੰਹ ਦੇਖਣ ਨੂੰ ਚੰਗੀ ਸੀ, ਉੱਥੇ ਘਰ ਦੇ ਕੰਮ ਵਿਚ ਸੁਚੱਜੀ ਅਤੇ ਅਕਲ ਵਾਲੀ ਸੀ। ਉਹ ਗਲਤ ਨੂੰ ਬੰਦੇ ਨੂੰ ਗਲਤ ਅਤੇ ਠੀਕ ਬੰਦੇ ਨੂੰ ਠੀਕ ਉਸ ਦੇ ਮੂੰਹ ਉੱਪਰ ਹੀ ਕਹਿ ਦੇਂਦੀ। ਇਕ ਵਾਰੀ ਕਿੰਦੀ ਦੀ ਸੱਸ ਉਸ ਨਾਲੋ ਲੜਨੋ ਹੀ ਨਾ ਹਟੇ। ਤੀਜੇ ਕੁ ਦਿਨ ਮੂੰਹ ਜਿਹਾ ਵੱਟ ਕੇ ਬਹਿ ਜਾਇਆ ਕਰੇ। ਆਪਣੇ ਮੂੰਹੋ ਮੀਠੂ ਮੀਆਂ ਬਣਦਾ ਬੰਦਾ ਚੰਗਾ ਤਾਂ ਨਹੀ ਲੱਗਦਾ ਪਰ ਅਸੀ ਕਿੰਦੀ ਨੂੰ ਇਸ ਤਰਾਂ ਪਾਲਿਆ ਸੀ ਕਿ ਉਸ ਵਿੱਚ ਬਹੁਤ ਨਿਮਰਤਾ ਭਰੀ ਸੀ ਅਤੇ ਹਰ ਕੰਮ ਉਸ ਨੂੰ ਆਉਂਦਾ ਸੀ। ਜਦੋਂ ਵੀ ਉਸ ਨੇ ਸੁਹਰਿਆਂ ਦੀ ਕੋਈ ਸ਼ਕਾਇਤ ਕਰਨੀ ਤਾਂ ਅਸੀ ਕਹਿਣਾ, “ ਹਊ ਪਰੇ ਕਰੀਦਾ ਆ, ਗੱਲ ਘਟਾਈਦੀ ਆ।”

ਬਖਸ਼ੀਸ ਕੌਰ ਨੇ ਵੀ ਇਹੀ ਕਹਿਣਾ, “ ਕੋਈ ਨਹੀ ਪੁੱਤ ਕਹਿਣ ਦੇ ਜੋ ਕਹਿੰਦੇ ਨੇ, ਜਿੰਦਰ ਤਾਂ ਤੈਂਨੂੰ ਸਮਝਦਾ ਹੀ ਆ।”

ਪਰ ਸਾਡੀ ਨੂੰਹ ਇਸ ਤਰਾਂ ਦੀਆਂ ਗੱਲਾਂ ਵਿਚ ਬਹੁਤੇ ਹੱਕ ਵਿਚ ਨਹੀ ਸੀ। ਇਕ ਦਿਨ ਕਿੰਦੀ ਦੇ ਛੋਟੇ ਕਾਕੇ ਦਾ ਜਨਮਦਿਨ ਸੀ। ਸਾਡੀ ਨੂੰਹ-ਰਾਣੀ ਰੋਟੀ-ਪਾਣੀ ਦੀ ਮੱਦਦ ਕਰਨ ਲਈ ਕਿੰਦੀ ਦੇ ਕੋਲ ਗਈ ਹੋਈ ਸੀ। ਉਸ ਦੀ ਸੱਸ ਨੇ ਪਤਾ ਨਹੀ ਕੀ ਗੱਲ ਲਾ ਕੇ ਕੀਤੀ, ਭਾਂਵੇ ਸਾਡੀ ਨੂੰਹ ਸੀ ਤਾਂ ਉਹਨਾਂ ਦੀ ਹੀ ਰਿਸ਼ਤੇਦਾਰ ਪਰ ਉਹ ਬੋਲ ਉਠੀ, “ ਭੂਆ ਜੀ, ਤੁਸੀ ਕਿਉਂ ਇਸ ਤਰਾਂ ਦੀ ਗੱਲਾਂ ਕਰਦੇ ਰਹਿੰਦੇ ਹੋ।” ਭੈਣ ਜੀ ਸਾਰੇ ਕੰਮਾਂ ਵਿੱਚ ਹੁਸ਼ਿਆਰ ਆ, ਘਰ ਨੂੰ ਚੰਗੀ ਤਰਾਂ ਸੰਭਾਲ ਦੀ ਆ, ਆਪਣੀ ਸਭ ਜ਼ਿੰਮੇਵਾਰੀ ਨਿਭਾਉਂਦੀ ਆ,  ਫਿਰ ਤੁਸੀ ਉਸ ਨੂੰ ਨਿੰਦਦੇ ਰਹਿੰਦੇ ਹੋ।”

ਇਹ ਗੱਲਾਂ ਸੁਣ ਕੇ ਸਹੁਰਾ ਵੀ ਆ ਗਿਆ, ਬਹੁਤ ਹੀ ਕ੍ਰੋਧੀ ਅਵਾਜ਼ ਵਿੱਚ ਬੋਲਿਆ, “ ਤੂੰ ਕੌਣ ਹੁੰਦੀ ਆ, ਸਾਨੂੰ ਆ ਗੱਲਾਂ ਦੱਸਣ ਵਾਲੀ, ਇਹਨੇ ਤਾਂ ਸਾਡਾ ਮੁੰਡਾ ਆਪਣੇ ਮਗਰ ਲਾ ਲਿਆ, ਉਹਨੂੰ ਖਾਈ ਜਾਂਦੀ ਆ, ਨਾਲੇ ਆਪਣੇ ਲਾਣੇ ਨੂੰ ਖੁਆਈ ਜਾਂਦੀ ਆ।”

ਸਾਡੀ ਨੂੰਹ ਨੇ ਇਕ ਕਹਿ ਕੇ ਹੀ ਗੱਲ ਮੁਕਾ ਦਿੱਤੀ, “ ਤੁਹਾਡੀ ਗੱਲ ਤਾਂ ਉਹ ਹੈ ਕਿ ਖੋਤੇ ਗੱਲ ਲਾਲ ਪਿਆ ਆ, ਤੁਸੀ ਇਸ ਸ਼ਰੀਫ- ਸਮਝਦਾਰ ਕੁੜੀ ਨੂੰ ਨਹੀ ਸਮਝਦੇ, ਮੈਂਨੂੰ ਕਿੱਥੇ ਸਮਝਣਾ। ਉਹ ਦੋਨੋਂ ਬੋਲਦੇ ਰਿਹੇ, ਕਿੰਦੀ ਰੋਂਦੀ ਰਹੀ, ਨੂੰਹ ਸਾਡੀ ਕੰਮ ਮਕਾਉਂਦੀ ਰਹੀ।

ਕਈ ਸਾਲ ਸਾਡੇ ਘਰਾਂ ਵਿੱਚ ਇਸ ਤਰਾਂ ਦੀਆਂ ਗੱਲਾਂ ਚਲਦੀਆਂ ਰਹੀਆਂ। ਨਿੰਮੀ ਦਾ ਵਿਆਹ ਕੈਨੇਡਾ ਵਿਚ ਹੀ ਹੋ ਗਿਆ। ਉਹਦੇ ਸੱਸ-ਸਹੁਰਾ ਸਾਡੇ ਨਾਲੋ ਪੜ੍ਹੇ-ਲਿਖੇ ਅਤੇ ਜਵਾਨ ਸਨ। ਉਹਨਾਂ ਸਾਰਿਆਂ ਦਾ ਆਪਸ ਵਿਚ ਸੂਤ ਸੀ। ਫਿਰ ਵੀ ਜੇ ਕਿਤੇ ਮਾੜੀ-ਮੋਟੀ ਗੱਲ ਹੋਣੀ ਤਾਂ ਛੇਤੀ ਮੁੜ ਠੀਕ ਹੋ ਜਾਣੀ। ਇਹਨਾਂ ਸਾਰੀਆਂ ਗੱਲਾਂ ਦੇ ਹੁੰਦੇ-ਸੁੰਦੇ ਅਸੀ ਸਾਰੇ ਪ੍ਰੀਵਾਰਾਂ ਦਿਨਾ-ਸੁਧਾ ਉੱਪਰ ਇਕੱਠੇ ਹੁੰਦੇ । ਰਲ ਕੇ ਖਾਣ-ਪੀਣਾ, ਬੱਚਿਆਂ ਦੇ ਜਨਮਦਿਨ ਮਨਾਉਣੇ, ਹੱਸਣਾ-ਹਸਾਉਣਾ ਗੱਲ ਕੀ ਜਿਵੇਂ ਇਧਰਲੇ ਬੱਚੇ ਕਹਿੰਦੇ ਹੁੰਦੇ ਆ ਕਿ ਬਹੁਤ ਫਨ ਕਰਨਾ।

ਫਿਰ ਸਮੇਂ ਦੀ ਚਾਲ ਨੇ ਬੱਚੇ ਵੱਡੇ ਕਰ ਦਿੱਤੇ। ਜਨਮਦਿਨ ਮਨਾਉਣੇ ਛੁੱਟ ਗਏ ਅਤੇ ਰਲ ਬੈਠਣ ਦੇ ਮੌਕੇ ਵੀ ਘਟ ਗਏ। ਗੋਗੀ ਸਾਡੇ ਨੂੰ ਵੈਨਕੂਵਰ ਸੋਹਣਾ ਕੰਮ ਮਿਲ ਗਿਆ। ਉਸ ਨੇ ਉੱਥੇ ਹੀ ਘਰ ਲੈ ਲਿਆ। ਅਸੀ ਮੀਆਂ-ਬੀਵੀ ਐਬਸਫੋਰਡ ਵਿੱਚਲੇ ਹੀ ਘਰ ਵਿੱਚ ਰਹੇ। ਸਾਨੂੰ ਪੈਨਸ਼ੈਨ ਲੱਗੀ ਹੋਈ ਆ ਗੁਜ਼ਾਰਾ ਸੋਹਣਾ ਹੋਈ ਜਾਂਦਾ ਏ। ਗਰਮੀਆਂ ਵਿੱਚ ਫਾਰਮਾਂ ਵਿੱਚ ਕੈਸ਼ ਕੰਮ ਵੀ ਕਰ ਲਈਦਾ ਆ, ਜਿਹਦੇ ਨਾਲ ਤਿਆਰਾਂ- ਤਿਉਹਾਰਾਂ ਉੱਪਰ ਬੱਚਿਆਂ ਨੂੰ ਤੋਹਫੇ ਦੇ-ਦੁਈਦੇ ਆ। ਜ਼ਿੰਦਗੀ ਸੋਹਣੀ ਚਲੀ ਜਾ ਰਹੀ ਆ। ਫਿਰ ਵੀ ਮੇਰਾ ਪਿਛਲੇ ਕੁ ਦਿਨਾਂ ਤੋਂ ਦਿਲ ਕਰੀ ਜਾਦਾਂ ਕਿ ਅੱਗੇ ਵਾਂਗੂ ਫਿਰ ਇਕੱਠੇ ਹੋਈਏ ਅਤੇ ਬੈਠ ਕੇ ਗੱਲਾਂ ਬਾਤਾਂ ਕਰੀਏ। ਇਸ ਵਿਚਾਰ ਨੂੰ ਅਸਲੀ ਜਾਮਾ ਦੇਣ ਲਈ ਮੈਂ ਆਪਣੀ ਪਤਨੀ ਨੂੰ ਕਿਹਾ, “ਬਖਸ਼ੀਸ਼ ਕੌਰੇ, ਮੇਰਾ ਦਿਲ ਕਰਦਾ ਹੈ ਕਿ ਇਕ ਦਿਨ ਆਪਾਂ ਸਾਰੇ ਇਕੱਠੇ ਹੋਈਏ ਜਿਵੇ ਪਹਿਲਾਂ ਹੁੰਦੇ ਸੀ। ਇਕ ਦਿਨ ਸਾਰਿਆਂ ਨੂੰ ਆਪਾਂ ਰੋਟੀ ‘ਤੇ ਬੁਲਾ ਲਈਏ।”

“ ਤਹਾਨੂੰ ਚੰਗਾ ਭਲਾ ਪਤਾ ਮੇਰੇ ਕੋਲੋਂ ਹੁਣ ਅੱਗੇ ਵਾਂਗ ਥੋੜਾ ਕੰਮ ਹੁੰਦਾ ਆ।” ਪਤਨੀ ਲੰਮਾ ਜਿਹਾ ਸਾਹ ਖਿੱਚ ਕੇ ਕਿਹਾ, “ ਝੱਟ ਮੇਰੇ ਗੋਡੇ ਅਤੇ ਢੂਈ ਦੁੱਖਣ ਲੱਗ ਜਾਂਦੀ ਆ।”

“ ਇਸ ਤਰਾਂ ਕਰਦੇ ਗੋਗੀ ਦੇ ਘਰ ਪ੍ਰੋਗਰਾਮ ਬਣਾ ਲੈਂਦੇ ਹਾਂ।” ਮੈਂ ਆਪਣੀ ਪਤਨੀ ਨੂੰ ਸੁਝਾਅ ਦਿੱਤਾ, “ ਅੱਜ ਸ਼ਾਮ ਨੂੰ ਗੋਗੀ ਨੂੰ ਫੋਨ ਕਰਕੇ ਪੁੱਛੀ।”
“ ਪੰਜੇ ਦਿਨ ਵਹੁਟੀ ਕੰਮ ‘ਤੇ ਜਾਂਦੀ ਏ।” ਪਤਨੀ ਨੇ ਸਾਫ ਜਵਾਬ ਦਿੱਤਾ, “ ਛੁੱਟੀ ਵਾਲੇ ਦਿਨ ਉਨੀ ਸੋ ਆਪਣੇ ਕੰਮ ਕਰਨੇ ਹੁੰਦੇ ਆ, ਉਹਨਾਂ ਦਾ ਵਿਹਲ ਆ।”
“ ਆਹੋ, ਗੱਲ ਤਾਂ ਤੇਰੀ ਠੀਕ ਆ।” ਮੈਂ ਉਸ ਨਾਲ ਸਹਿਮਤ ਹੁੰਦੇ ਕਿਹਾ, “ ਹੁਣ ਤਾਂ ਉਹਨਾਂ ਨੂੰ ਨਿਆਣੇ ਵੀ ਆਪ ਛੱਡਣੇ- ਚੁਕਣੇ ਪੈਂਦੇ ਆ, ਜਦੋਂ ਇੱਥੇ ਰਹਿੰਦੇ ਸੀ ਉਦੋਂ ਤਾਂ ਮੈ ਹੀ ਇੰਨਾ ਕੁ ਕੰਮ ਕਰ ਦਿੰਦਾਂ ਸੀ।”
“ ਤੁਸੀ ਇਦਾਂ ਕਰੋ ਸਰਿਆਂ ਨੂੰ ਰੈਸਟੋਰੈਂਟ ਵਿਚ ਬੁਲਾ ਲਉ।” ਪਤਨੀ ਨੇ ਸਲਾਹ ਦਿੱਤੀ, “ ਗੋਗੀ ਨਾਲ ਵੀ ਇਹਦੇ ਬਾਰੇ ਸਲਾਹ ਕਰ ਲਿਉ।”
“ ਰੈਸਟੋਂਰੈਂਟ ਵਿਚ ਖਰਚਾ ਜ਼ਿਆਦਾ ਨਹੀ ਹੋ ਜਾਵੇਗਾ।”
“ ਕਿੰਨਾ ਕੁ ਜ਼ਿਆਦਾ ਹੋਣ ਲੱਗਾ।” ਪਤਨੀ ਨੇ ਕਿਹਾ, “ਆਪਣੇ ਨਿਆਣਿਆ ਉੱਪਰ ਹੀ ਕਰਨਾ, ਕਿਸੇ ਹੋਰ ਤੇ ਥੋੜ੍ਹਾ ਕਰਨਾ।”

ਇਹ ਸਾਰੀ ਸਲਾਹ ਕਰਨ ਲਈ ਗੋਗੀ ਨੂੰ ਫੋਨ ਕੀਤਾ, “ ਗੋਗੀ, ਬਹੁਤ ਚਿਰ ਹੋ ਗਿਆ ਆਪਾਂ ਸਾਰਿਆਂ ਨੂੰ ਇੱਕਠਿਆਂ ਹੋਇਆ, ਤੇਰੀ ਬੀਬੀ ਨੇ ਤੇ ਮੈਂ ਸਲਾਹ ਕੀਤੀ ਆ ਆਉਂਦੇ ਸੰਡੇ ਨੂੰ ਆਪਾਂ ਸਾਰੇ ਰੋਟੀ ਉੱਪਰ ਇਕੱਠੇ ਹੋਈਏ।”

“ ਇਕੱਠੇ ਕਿੱਥੇ ਹੋਣਾ?” ਗੋਗੀ ਨੇ ਕਿਹਾ, “ ਨਾਲੇ ਸੰਡੇ ਨੂੰ ਨਹੀ ਹੋ ਹੋਣਾ, ਉਦਣ ਸ਼ਾਮ ਨੂੰ ਗਹਿਰੀ ਦੀ ਗੇਂਮ ਆ।”
“ ਰੈਸਟੋਂਰੈਟ ਵਿਚ, ਘਰ ਤਾਂ ਬੀਬੀ ਤੇਰੀ ਤੋਂ ਇੰਨਾ ਕੰਮ ਹੋਣਾ ਨਹੀ।” ਮੈਂ ਕਿਹਾ, “ ਜੇ ਸੰਡੇ ਨਹੀ ਤਾਂ ਤੁਸੀ ਦਸ ਦਿਉ ਕਿਸ ਦਿਨ ਤੁਹਾਡਾ ਵਿਹਲ ਆ।”
“ ਤੁਸੀ ਕਿੰਦੀ ਅਤੇ ਨਿੰਮੀ ਨੂੰ ਵੀ ਪੁੱਛ ਲਿਉ।” ਗੋਗੀ ਕਹਿਣ ਲੱਗਾ, “ ਉਹ ਕਦੋਂ ਵਿਹਲੀਆਂ ਨੇ, ਉਹਨੀ ਵੀ ਕਈ ਥਾਈਂ ਨਿਆਣੇ ਪਾਇਉ ਆ।”
“ ਉ.ਕੇ ਉਹਨਾਂ ਨੂੰ ਪੁੱਛ ਕੇ ਤੈਨੂੰ ਦੱਸਾਂਗੇ।”
“ ਕੋਈ ਨਹੀ ਦੱਸ ਦਿਉ ਬਣਾ ਲਵਾਂਗੇ ਪ੍ਰੋਗਰਾਮ।”

ਉਸੇ ਸ਼ਾਮ ਮੈਂ ਪਹਿਲਾਂ ਕਿੰਦੀ ਕੇ ਫੋਨ ਕੀਤਾ। ਫੋਨ ਕਿੰਦੀ ਦੇ ਸੱਸ ਨੇ ਚੁੱਕਿਆ ਤਾਂ ਮੈ ਕਿਹਾ, “ ਸਤਿ ਸ੍ਰੀ ਅਕਾਲ ਜੀ।”
“ ਸਾਸਰੀਕਾਲ।” ਉਸ ਪਹਿਲੇ ਹੀ ਨਿਹੋਰੇ ਵਾਂਗ ਕਿਹਾ, “ ਕਿੰਦੀ ਹੈ ਨਹੀ ਘਰੇ।”
“ ਚਲੋ ਕੋਈ ਗੱਲ ਨਹੀ।” ਮੈਂ ਕਿਹਾ, “ ਮੈਂ ਤਹਾਨੂੰ ਹੀ ਦੱਸ ਦਿੰਦਾਂ ਆ, ਇਕ ਦਿਨ ਆਪਾਂ ਸਾਰਿਆਂ ਨੇ ਰੈਸਟੋਰੈਂਟ ਵਿੱਚ ਇਕੱਠੇ ਹੋਣਾ, ਪਹਿਲਾਂ ਵਾਂਗ ਹੀ ਗੱਲਾਂ-ਬਾਤਾਂ ਕਰਾਂਗੇ।”
“ ਅਸੀ ਤਾਂ ਚੋਥੇ ਨੂੰ ਇੰਡੀਆਂ ਜਾਣਾ ਆ।” ਉਸ ਨੇ ਅਵਾਜ਼ ਵਿਚ ਗਰੂਰ ਭਰ ਕੇ ਕਿਹਾ, “ ਬਾਕੀ ਤੁਸੀ ਆਪੇ ਜਿੰਦਰ ਨਾਲ ਗੱਲ ਕਰ ਲਿਉ।”

ਇਹ ਕਹਿ ਉਹ ਫੋਨ ਰੱਖ ਰਹੀ ਸੀ ਨਾਲ ਬੋਲ ਰਹੀ ਸੀ, “ ਹੂੰ, ਕੱਲ ਅਜੇ ਪਿਡੋਂ ਆਏ ਆ, ਹੁਣ ਖਾਣ ਲਈ ਹੋਟਲਾਂ ਨੂੰ ਵੀ ਤੁਰ ਪਏ।”

ਖੈਰ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਅਗਲੇ ਤੋਂ ਅਗਲੇ ਹਫਤੇ ਦਿਨ ਸ਼ਨੀਵਾਰ ਨੂੰ ਸ਼ਾਮ ਦੇ ਛੇ ਕੁ ਵਜੇ ਸਰੀ ਇਕ ਰੈਸਟੋਂਰੈਂਟ ਵਿਚ ਪ੍ਰੋਗਰਾਮ ਬਣ ਗਿਆ।
ਸ਼ਨੀਵਾਰ ਤੜਕੇ ਹੀ ਖੁਸ਼ੀ ਨਾਲ ਮੇਰੀ ਜਾਗ ਖੁੱਲ ਗਈ। ਮੈਂ ਅਵਾਜ਼ਾ ਮਾਰ ਕੇ ਪਤਨੀ ਨੂੰ ਜਗਾਉਣ ਲੱਗਾ, “ ਬਖਸ਼ੀਸ਼ ਕੌਰੇ, ਉੱਠ ਖੜ੍ਹ, ਚਾਹ-ਚੂ ਬਣਾ ਲੈ, ਅੱਜ ਆਪਾਂ ਸਰੀ ਨੂੰ ਵੀ ਜਾਣਾ ਆ।”
“ ਸਰੀ ਨੂੰ ਹੁਣੇ ਤੁਰ ਪੈਣਾ।” ਪਤਨੀ ਨੇ ਖਿੱਝ ਕੇ ਕਿਹਾ, “ਤਹਾਨੂੰ ਤਾਂ ਇਦਾ ਚਾਅ ਚੜ੍ਹਿਆ ਜਿਵੇ ਮੁੰਡੇ ਨੂੰ ਵਿਆਉਣ ਜਾਣਾ ਹੋਵੇ।”
“ ਚਾਅ ਤਾਂ ਹੈਗਾ ਈ ਆ।” ਮੈਂ ਬਿਸਤਰੇ ਤੋਂ ਉੱਠਦੇ ਕਿਹਾ, “ ਇੰਨਾ ਚਿਰ ਬਾਅਦ ਸਾਰੇ ਟੱਬਰ ਨੇ ਇਕੱਠੇ ਹੋਣਾ।”
“ ਮੈਂ ਤਾਂ ਅਜੇ ਠਹਿਰ ਕੇ ਉੱਠਣਾ।” ਪਤਨੀ ਜਵਾਬ ਦਿੱਤਾ, “ ਤੁਸੀ ਨਹਾ ਕੇ ਪਾਠ ਕਰ ਲਉ।”
‘ ਨਾਨਕ ‘ਤੇ ਮੁਖ ਉਜਲੇ ਕਿਤੀ ਛੁੱਟੀ ਨਾਲ’ ਮੈਂ ਅਜੇ ਗੁਰਬਾਣੀ ਦੀ ਇਸ ਤੁਕ ਉੱਪਰ ਹੀ ਸੀ ਕਿ ਮੇਰੀ ਪਤਨੀ ਵੀ ਉੱਠ ਗਈ।

ਚਾਹ ਪੀਂਦਾ ਮੈਂ ਮਿੰਟ ਕੁ ਮਗਰੋਂ ਘੜੀ ਵੱਲ ਦੇਖਣ ਲੱਗ ਜਾਂਦਾ। ਮੈਨੂੰ ਇਸ ਤਰਾਂ ਲੱਗੇ ਜਿਵੇ ਘੜੀ ਇਕ ਥਾਂ ਹੀ ਖੜੋ ਗਈ ਹੋਵੇ। ਮਸੀ ਜਾ ਕੇ ਇਕ ਵੱਜਾ ਤਾਂ ਮੈਂ ਆਪਣੀ ਪਤਨੀ ਨੂੰ ਕਿਹਾ, “ ਚੱਲ ਫਿਰ ਹੋ ਜਾ ਤਿਆਰ।”
“ ਹਾਏ, ਹਾਏ ਤੁਸੀ ਤਾਂ ਹੱਦ ਹੀ ਕਰ ਛੱਡੀ।” ਮੇਰੀ ਪਤਨੀ ਰੋਟੀ ਵਾਲੇ ਭਾਂਡੇ ਧੋਂਦੀ ਰਸੋਈ ਵਿਚੋਂ ਬੋਲੀ, “ ਮੈਂ ਤਾਂ ਘੜੀ- ਬਿੰਦ ਪਹਿਲਾਂ ਅਰਾਮ ਕਰਨਾ ਆ, ਫਿਰ ਤਿਆਰ ਹੋਣਾ, ਹੁਣੇ ਜਾ ਕੇ ਕੀ ਕਰਨਾ, ਕਿੱਥੇ ਮੈਂ ਤਹਾਨੂੰ ਦੱਸ ਬੈਠੀ ਕਿ ਰੈਸਟੋਰੈਂਟ ਵਿਚ ਇਕੱਠੇ ਹੋ ਲਉ।”

ਪਤਨੀ ਦੀ ਗੱਲ ਭਾਂਵੇ ਠੀਕ ਹੀ ਸੀ। ਪ੍ਰੀਵਾਰ ਨਾਲ ਇੱਕਠੇ ਬੈਠਣ ਦੀ ਖੁਸ਼ੀ ਤਾਂ ਸੀ ਹੀ, ਪਰ ਜ਼ਿਆਦਾ ਚਾਅ ਗੱਲਾਂ ਕਰਨ ਦਾ ਸੀ। ਪਤਨੀ ਅਰਾਮ ਕਰਨ ਲਈ ਸੋਫੇ ‘ਤੇ ਪੈ ਗਈ ਅਤੇ ਮੈਂ ਸੋਹਣੀ ਧੁੱਪ ਦੇਖ ਬਾਹਰ ਨਿਕਲ ਗਿਆ। ਕਿਆਰੀਆਂ ਵਿਚੋਂ ਕੱਖ-ਡੀਲਾ ਚੁੱਗਣ ਲੱਗਾ ਤਾਂ ਸਾਡੇ ਘਰ ਤੋਂ ਚੌਥੇ ਘਰ ਵਾਲਾ ਖਾਨਪੁਰੀਆ ਸੂਬੇਦਾਰ ਆ ਗਿਆ।

“ ਕੀ ਗੱਲ ਭਾਈ ਸੈਬ, ਅੱਜ ਠੰਡ ਵਿੱਚ ਹੀ ਕਿਆਰੀਆਂ ਗੁੱਡਣ ਲੱਗੇ ਹੋਏ ਆ।” ਮੇਰੇ ਕੋਲ ਆਉਂਦੇ ਉਸ ਨੇ ਕਿਹਾ, “ ਅਜੇ ਹੋਰ ਪੱਧਰੇ ਦਿਨ ਆਉਣ ਦਿਉ, ਐਂਵੇ ਠੰਡ ਲਗਾ ਬੈਠੋਂਗੇ।”

ਮੈਂ ਉਸ ਨੂੰ ਕਿਵੇ ਦੱਸਦਾ ਕਿ ਅੱਜ ਹੋਣ ਵਾਲੀ ਮੁਲਾਕਾਤ ਠੰਡ ਵਿੱਚ ਵੀ ਮੈਂਨੂੰ ਨਿੱਘ ਦੇ ਰਹੀ ਹੈ। ਪ੍ਰੀਵਾਰ ਨਾਲ ਗੱਲਾਂ ਕਰਨ ਦੀ ਰੀਝ ਕਿਸੇ ਮੋਟੀ ਜੈਕਟ ਤੋਂ ਘੱਟ ਨਹੀ ਕੰਮ ਕਰ ਰਹੀ। ਇਹਨਾਂ ਗੱਲਾਂ ਨੂੰ ਆਪਣੇ ਵਿਚ ਹੀ ਛੁਪਾਉਂਦਾ ਮੈਂ ਬੋਲਿਆ, “ ਧੁੱਪ ਸੋਹਣੀ ਦੇਖ ਬਹਾਨੇ ਨਾਲ ਬਾਹਰ ਨਿਕਲਿਆਂ ਹਾਂ, ਹੋਰ ਕਿਆਰੀਆਂ ਤਾਂ ਕੀ ਗੁੱਡਣੀਆਂ।”

“ ਨਿਕਲਿਆਂ ਤਾਂ ਮੈਂ ਵੀ ਧੁੱਪ ਦੇਖ ਕੇ।” ਸੂਬੇਦਾਰ ਨੇ ਕਿਹਾ, “ ਆ ਜਾਉ ਬਲਾਕ ਦੇ ਦੁਆਲੇ ਗੇੜਾ ਕੱਢ ਕੇ ਆਈਏ।”
“ ਸਟੋਰ ਨੂੰ ਤਾਂ ਮੈਂ ਵੀ ਜਾਣਾ ਸੀ।” ਬਖਸ਼ੀਸ਼ ਕੌਰ ਦੀ ਦੱਸੀ ਗੱਲ ਯਾਦ ਕਰਦਿਆਂ ਕਿਹਾ, “ ਸੇਬ ਲਿਆਉਣੇ ਸੀ।”
“ ਆ ਜਾਉ ਫਿਰ।”

ਮੈਂ ਸੂਬੇਦਾਰ ਨਾਲ ਤੁਰ ਤਾਂ ਪਿਆ, ਵਿਚੋਂ ਫਿਕਰ ਸੀ ਕਿਤੇ ਰੈਸਟੋਂਰੈਂਟ ਜਾਣ ਵਿੱਚ ਲੇਟ ਨਾ ਹੋ ਜਾਵਾਂ। ਛੇਤੀ ਛੇਤੀ ਕਦਮ ਪੁੱਟਦਾ ਮੈਂ ਸੂਬੇਦਾਰ ਨਾਲੋ ਅੱਗੇ ਨਿਕਲ ਗਿਆਂ ਤਾਂ ਉਸ ਨੇ ਮੈਂਨੂੰ ਪਿਛੋਂ ਅਵਾਜ਼ ਮਾਰੀ, “ ਖੜੋ ਜਾਉ, ਮੈਂਨੂੰ ਵੀ ਨਾਲ ਰਲਾ ਲਉ।” ਉਸ ਦੀ ਗੱਲ ਸੁਣ ਮੈਂ ਖਲੋ ਗਿਆ ਅਤੇ ਸੂਬੇਦਾਰ ਜੀ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਲੱਗਾ।

ਰੁਕਦੇ, ਤੁਰਦੇ ਅਤੇ ਗੱਲਾਂ ਕਰਦੇ ਅਸੀ ਸਟੋਰ ਵਿਚ ਪਹੁੰਚ ਗਏ। ਮੈਂ ਸਟੋਰ ਤੋਂ ਸੇਬ ਚੁੱਕ ਲਏ ਅਤੇ ਸੂਬੇਦਾਰ ਨੇ ਕੇਲੇ। ਬੈਗ ਚੁੱਕ ਬਾਹਰ ਹੀ ਨਿਕਲੇ ਸਾਂ ਕਿ ਫਿਰ ਚਿੰਤਾ ਹੋਈ, ਪਤਾ ਨਹੀ ਕੀ ਟਾਈਮ ਹੋ ਗਿਆ ਹੋਵੇਗਾ। ਬਾਹਰੋਂ ਹੀ ਆਉਣ ਕਾਰਨ ਘੜੀ ਅੰਦਰ ਹੀ ਰਹਿ ਗਈ ਸੀ। ਇਸ ਹੀ ਸੋਚ ਵਿੱਚ ਮੈਂ ਕਿਹਾ, “ ਸੂਬੇਦਾਰ ਜੀ ਪਤਾ ਨਹੀ ਕੀ ਟਾਈਮ ਹੋ ਗਿਆ ਹੋਵੇਗਾ।”

“ ਉਹ ਸਾਹਮਣੇ ਆਪਣਾ ਮੁੰਡਾ ਹੀ ਲੱਗਦਾ ਆ।” ਸੂਬੇਦਾਰ ਨੇ ਰਾਏ ਦਿੱਤੀ, “ ਅਵਾਜ਼ ਮਾਰੋ ਖਾਂ, ਉਸ ਨੂੰ, ਟਾਈਮ ਦਾ ਪਤਾ ਲੱਗ ਜਾਵੇਗਾ।”

ਤਿੰਨ ਚਾਰ ਵਾਰੀ ਕਾਕਾ , ਕਾਕਾ ਜੀ ਕਹਿ ਕੇ ਉਸ ਨੂੰ ਅਵਾਜ਼ ਮਾਰੀ, ਪਰ ਉਸ ਨੇ ਕੁਝ ਨਹੀ ਸੁਣਿਆ ਸਗੋਂ ਸਿਧਾ ਆਪਣੇ ਧਿਆਨ ਤੁਰੀ ਗਿਆ।‘ ਬੋਲਦਾ ਹੀ ਨਹੀ।” ਮੈਂ ਹੌਲੀ ਅਜਿਹੀ ਕਿਹਾ, “ ਖਬਰੇ ਸੁਣਿਆ ਹੀ ਨਹੀ।”

“ ਸੁਨਣਾ ਕੀ?” ਸੂਬਦਾਰ ਨੇ ਦੱਸਿਆ, “ ਖੋਪੇ ਜਿਹੇ ਤਾਂ ਕੰਨਾ ਨੂੰ ਚਾੜਿਉ ਆ, ਇਦਾ ਹੀ ਪਿਛਲੇ ਹਫਤੇ ਇਕ ਕੁੜੀ ਗੱਡੀ ਹੇਠ ਆ ਕੇ ਮਰ ਗਈ। ਕੰਨਾ ਨੂੰ ਇਦਾ ਦੇ ਹੀ ਖੋਪੇ ਜਿਹੇ ਚਾੜ ਕੇ ਪਤਾ ਨਹੀ ਕੀ ਸੁਣੀ ਜਾਵੇ, ਉਧਰੋਂ ਗੱਡੀ ਆ ਗਈ, ਲੋਕਾ ਉਸ ਨੂੰ ਬਥੇੜੇ ਹਾਰਨ-ਹੁਰਨ ਮਾਰੇ, ਅਵਾਜ਼ਾ ਮਾਰੀਆਂ, ਪਰ ਭਾਈ ਸੈਬ, ਮੈਂਨੂੰ ਲੱਗਦਾ ਉਹ ਨੂੰ ੳਦੋਂ ਹੀ ਪਤਾ ਲੱਗਾ ਹੋਵੇਗਾ ਜਦੋਂ ਗੱਡੀ ਥੱਲੇ ਆ ਗਈ।”

“ ਨਵੀਆਂ ਨਵੀਆਂ ਚੀਜ਼ਾ ਆਈ ਜਾਂਦੀਆਂ ਨਿਆਣੇ ਇੰਨਾਂ ਵਿੱਚ ਹੀ ਗੁਆਚੀ ਜਾਂਦੇ ਆ।”
“ ਇੰਨਾ ਵਿੱਚ ਚੀਜ਼ਾ ਦਾ ਤਾਂ ਜੀ ਕੋਈ ਦੋਸ਼ ਨਹੀ।” ਸੂਬੇਦਾਰ ਨੇ ਸੋਚ ਕੇ ਕਿਹਾ, “ ਇਹ ਤਾਂ ਚੀਜ਼ਾਂ ਵਰਤਣ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਕਦੋਂ ਅਤੇ ਕਿੱਥੇ ਚੀਜ਼ ਨੂੰ ਵਰਤਨਾ ਚਾਹੀਦਾ ਏ।”

ਸੂਬੇਦਾਰ ਜੀ ਨਾਲ ਗੱਲਾਂ ਕਰਦਾ-ਕਰਾਉਂਦਾ ਜਦੋਂ ਮੈ ਘਰ ਪੁਹੰਚਿਆ ਤਾਂ ਪਤਨੀ ਸੂਟ ਪਾ ਕੇ ਤਿਅਰ ਬੈਠੀ ਦਿਸੀ ਮੈਂਨੂੰ ਦੇਖ ਕੇ ਬੋਲੀ, “ ਸਵੇਰ ਦੇ ਦੁਹਾਈ ਪਾਈ ਜਾਂਦੇ ਸੀ ਕਿ ਤਿਆਰ ਹੋ ਜਾ, ਤਿਆਰ ਹੋਣ ਦਾ ਵੇਲਾ ਆਇਆ ਤਾਂ ਪਤਾ ਨਹੀ ਕਿਧਰ ਨੂੰ ਤੁਰ ਗਏ।”
“ ਜਾਣਾ ਕਿੱਥੇ ਸੀ, ਸੂਬੇਦਾਰ ਹੋਰਾਂ ਨਾਲ ਗੇੜਾ ਕੱਢਣ ਚਲਾ ਗਿਆ ਸੀ, ਆਉਂਦਾ ਹੋਇਆ ਸਟੋਰੋਂ ਸੇਬ ਲੈ ਆਇਆ।” ਮੈਂ ਸੇਬਾ ਵਾਲਾ ਪੀਲਾ ਬੈਗ ਰੋਟੀ ਵਾਲੇ ਮੇਜ ਉੱਪਰ ਰੱਖਦਾ ਬੋਲਿਆ, “ ਮੈਂ ਤਾਂ ਦੋ ਮਿੰਟਾਂ ਵਿੱਚ ਕਪੱੜੇ ਪਾ ਲੈਣੇ ਆ।”
“ ਮੈ ਕਿਹਾ ਜੀ, ਤੁਸੀ ਅੱਜ ਕੋਟ- ਪੈਂਟ ਹੀ ਪਾ ਲਉ।” ਪਤਨੀ ਬੋਲੀ, “ ਨਿਆਣਿਆਂ ਨਾਲ ਫੋਟੋ ਵੀ ਖਿਚਵਾਵਾਗੇ।”

ਪਤਨੀ ਦੀ ਇਸ ਗੱਲ ਤੋਂ ਮੈਨੂੰ ਅੰਦਾਜਾ ਹੋ ਗਿਆ ਕਿ ਟੱਬਰ ਨਾਲ ਬੈਠਣ ਦਾ ਮੈਂਨੂੰ ਇਕੱਲੇ ਨੂੰ ਚਾਅ ਨਹੀ, ਉਸ ਨੂੰ ਵੀ ਹੈ। ਇਹੋ ਅਜਿਹੀਆਂ ਸੋਚਾਂ ਸੋਚਦਾ ਮੈਂ ਝੱਟ-ਪਟ ਵਿਚ ਤਿਆਰ ਹੋ ਪਤਨੀ ਨਾਲ ਬੈਠ ਗਿਆ। ਜਦੋਂ ਕਾਰ ਦੀ ਘੜੀ ਤੇ ਨਿਗਹ ਗਈ ਤਾਂ ਦੇਖਾਂ ਛੇ ਵੱਜਣ ਵਿੱਚ ਅਜੇ ਕਾਫੀ ਟਾਈਮ ਪਿਆ ਸੀ। ਪਤਨੀ ਨੇ ਵੀ ਇਹੋ ਹੀ ਗੱਲ ਕੀਤੀ, “ ਅਜੇ ਤਾਂ ਬਹੁਤ ਟਾਈਮ ਪਿਆ ਛੇ ਵੱਜਣ ਨੂੰ।”

“ ਕੋਈ ਨਹੀ ਆਪਾਂ ਹੌਲੀ ਹੌਲੀ ਚਲਦੇ ਹਾਂ।” ਮੈਂ ਕਿਹਾ, “ ਜੇ ਪਹਿਲਾਂ ਪਹੁੰਚ ਗਏ ਤਾਂ ਪਿੰਡ ਵਾਲੇ ਗੱਜਣ ਸਿੰਘ ਦੇ ਘਰ ਫੇਰਾ ਪਾ ਆਵਾਂਗੇ, ਕਿੰਨਾ ਚਿਰ ਹੋ ਗਿਆ ਉਸ ਨੂੰ ਮਿਲਿਆਂ।”
“ ਫੋਨ ਤਾਂ ਉਹਨਾਂ ਨੂੰ ਕੀਤਾ ਨਹੀ।” ਪਤਨੀ ਬੋਲੀ, “ ਬਗੈਰ ਫੋਨ ਤੋਂ ਕਿਵੇ ਜਾ ਆਵਗੇਂ।”
“ ਲੈ ਫੋਨ ਦਾ ਕੀ ਆ, ਘਰ ਗਿਆਂ ਨੂੰ ਘਰੋਂ ਨਹੀ ਕੱਢਣ ਲੱਗੇ।”
“ ਮੈਂ ਨਹੀ ਏਦਾ ਜਾਣਾ, ਕਰੀ ਵਾਰੀ ਅਗਲੇ ਦਾ ਘਰ ਆਪਣਾ ਕੋਈ ਪ੍ਰੋਗਰਾਮ ਹੁੰਦਾ ਆ, ਕੋਈ ਹੋਰ ਆਇਆ ਹੁੰਦਾ ਆ, ਛੁੱਟੀ ਦਾ ਦਿਨ ਆ।”

ਪਤਨੀ ਦੀ ਗੱਲ ਮੈਂਨੂੰ ਠੀਕ ਲੱਗੀ। ਛੇ ਕਿੱਥੇ ਵਜਾਈਏ? ਇਹ ਸੋਚਦਾ ਸਰੀ ਨੂੰ ਜਾਂਦੀ ਸੜਕ ਉੱਪਰ ਕਾਰ ਦੁੜਾਈਂ ਗਿਆ। ਫਿਰ ਇਕਦਮ ਖਿਆਲ ਆਇਆ ਕਿ ਗੁਰਦੁਆਰੇ ਜਾ ਆਈਏ। ਕੀਤਾ ਵੀ ਅਸੀ ਇਸ ਤਰਾਂ ਹੀ। ਸਕੋਟ ਰੋਡ ਦੇ ਗੁਰਦੁਆਰੇ ਮੱਥਾ ਟੇਕਿਆ, ਪ੍ਰਸ਼ਾਦ ਲੈ ਥੌੜ੍ਹੀ ਦੇਰ ਕੀਰਤਨ ਸੁਣਿਆ। ਸੰਗਤ ਤਾਂ ਕਾਫੀ ਜੁੜੀ ਹੋਈ ਸੀ ਸ਼ਾਇਦ ਕਿਸੇ ਮਰਗ ਦਾ ਭੋਗ ਵੀ ਸੀ। ਛੇ ਵਜਣ ਨੂੰ ਅਜੇ ਪੰਦਰਾਂ ਕੁ ਮਿੰਟ ਸੀ ਅਸੀ ਰੈਸਟੋਂਰੈਂਟ ਨੂੰ ਤੁਰ ਪਏ।

ਰੈਸਟੋਰੈਂਟ ਦੇ ਅੱਗੇ ਬਣੇ ਕਾਉਂਟਰ ਦੇ ਕੋਲ ਖਲੋਤੀ ਕੁੜੀ ਨੂੰ ਮੈਂ ਜਦੋਂ ਦੱਸਿਆ ਕਿ ਅਸੀ ਇੰਨੇ ਕੁ ਜਣਿਆ ਨੇ ਹੋਣਾ ਤਾਂ ਉਹ ਬੋਲੀ, “ ਤਹਾਨੂੰ ਫੋਨ ਕਰਕੇ ਟੇਬਲ ਰਿਜ਼ਾਰਵ ਕਰਾਉਣੇ ਚਾਹੀਦੇ ਸੀ।”
“ ਰੈਸਟੋਰੈਂਟ ਵਿਚ ਚਾਰ ਤਾਂ ਬੰਦੇ ਬੈਠੇ ਆ।” ਬਖਸ਼ੀਸ਼ ਕੌਰ ਬੋਲੀ, “ ਹੁਣ ਨਹੀ ਟੇਬਲ ਮਿਲ ਸਕਦਾ।”

ਕੁੜੀ ਕੁਝ ਬੋਲੀ ਤਾਂ ਨਹੀ, ਪਰ ਉਸ ਨੇ ਮੇਰੇ ਪ੍ਰੀਵਾਰ ਦੇ ਬੈਠਣ ਦਾ ਇੰਤਜ਼ਾਮ ਕਰ ਦਿੱਤਾ। ਅਸੀ ਟੇਬਲ ਮਲ ਕੇ ਨਿਆਣਿਆ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੇ। ਛੇਤੀ ਹੀ ਵਾਰੀ ਵਾਰੀ ਸਭ ਪੁੱਜ ਗਏ। ਵੱਡੀ ਕੁੜੀ ਦੇ ਸੱਸ-ਸਹੁਰੇ ਇੰਡੀਆਂ ਨੂੰ ਚਲੇ ਗਏ ਸੀ, ਪਰ ਛੋਟੀ ਦੇ ਵੀ ਨਾ ਆਏ। ਮੈਂ ਪੁੱਛਿਆ ਤਾਂ ਜਵਾਈ ਨੇ ਦੱਸਿਆ, “ ਭਾਪਾ ਜੀ, ਮੱਮੀ ਦੀ ਸਹੇਲੀ ਦੇ ਪੋਤੇ ਦਾ ਬਰਥਡੇ ਸੀ, ਮੱਮੀ- ਡੈਡੀ ਉੱਥੇ ਗਏ ਆ।”

ਪੋਤੇ-ਪੋਤੀਆਂ, ਦੋਹਤੇ-ਦਹੋਤੀਆਂ ਬਹੁਤ ਹੀ ਪਿਆਰ ਨਾਲ ਜੱਫੀਆਂ ਪਾ ਪਾ ਮਿਲੇ। ਦਿਲ ਬਹੁਤ ਖੁਸ਼ ਹੋਇਆ। ਛੇਤੀ ਹੀ ਇਕ ਹੋਰ ਕੁੜੀ ਆਈ ਅਤੇ ਕਾਲੀਆਂ ਜਿਹੀਆਂ ਕਾਪੀਆਂ ਦੇ ਗਈ। ਜਦੋਂ ਉਹ ਵਾਪਸ ਪਾਣੀ ਦੇ ਗਿਲਾਸ ਲੈ ਕੇ ਆਈ ਤਾਂ ਸਾਰਿਆਂ ਨੇ ਕਾਪੀ ਵਿਚੋਂ ਪੜ੍ਹ ਪੜ੍ਹ ਕੇ ਆਪਣੀ ਪਸੰਦ ਦੀਆਂ ਚੀਜ਼ਾ ਉਸ ਕੁੜੀ ਨੂੰ ਲਿਖਵਾ ਦਿੱਤੀਆਂ।
ਮੈਂ ਗੱਲਬਾਤ ਸ਼ਰੂ ਹੀ ਕੀਤੀ ਸੀ ਕਿ ਗੋਗੀ ਦਾ ਸੈਲਰ ਫੋਨ ਖੜਕ ਪਿਆ।“ਇਕ ਮਿੰਟ ਭਾਪਾ ਜੀ” ਇਹ ਕਹਿ ਕੇ ਉਹ ਫੋਨ ਚੁੱਕ ਕੇ ਬਾਹਰ ਨੂੰ ਤੁਰ ਪਿਆ। ਵੱਡੀ ਕੁੜੀ ਕਿੰਦੀ ਨਾਲ ਗੱਲ ਛੇੜੀ, “ ਕਦੋਂ ਕੁ ਵਾਪਸ ਮੁੜਨਾ ਤੇਰੇ ਸੱਸ ਸਹੁਰੇ ਨੇ।”

“ ਛੇਤੀ ਹੀ ਆ ਜਾਣਾ।” ਉਸ ਨੇ ਅਜੇ ਇੰਨਾ ਹੀ ਕਿਹਾ ਸੀ ਕਿ ਉਸ ਦਾ ਫੋਨ ਗੜੈਂ ਗੜੈਂ ਕਰਨ ਲੱਗਾ, ‘ ਇਕ ਮਿੰਟ ਭਾਪਾ ਜੀ, ਮੈਸਜ ਆਇਆ ਲੱਗਦਾ।” ਉਸ ਨੇ ਫੋਨ ਪਰਸ ਵਿਚੋਂ ਕੱਢਦੇ ਕਿਹਾ, “ ਲੈ ਕੰਮ ਵਾਲਿਆਂ ਦਾ ਆ, ਉਹ ਕਹਿੰਦੇ ਇਕ ਕੁੜੀ ਦਾ ਕੰਮ ਉੱਪਰ ਹੱਥ ਕੱਟ ਹੋ ਗਿਆ ਤੂੰ ਆ ਸਕਦੀ ਤਾਂ ਹੁਣੇ ਹੀ ਆ ਜਾ। ਕਿਦਾਂ ਕਰਾਂ?”

ਅਸੀ ਤਾਂ ਕੁਝ ਨਾ ਬੋਲੇ, ਪਰ ਕਿੰਦੀ ਦਾ ਪ੍ਰਾਹੁਣਾ, ਸਾਡਾ ਜਵਾਈ ਕਹਿਣ ਲੱਗਾ, “ ਦੇਖ ਲੈ ਜੇ ਜਾ ਸਕਦੀ ਤਾਂ ਚਲੀ ਜਾਹ, ਕਿਸੇ ਟਾਈਮ ਆਪ ਨੂੰ ਵੀ ਖੜੇ ਪੈਰ ਲੋੜ ਪੈ ਜਾਂਦੀ ਆ, ਕੰਮ ਵਾਲੇ ਵੀ ਖੁਸ਼ ਰਹਿੰਦੇ ਆ।

ਕਿੰਦੀ ਦੇ ਚਲੀ ਜਾਣ ਤੋਂ ਬਾਅਦ ਅਸੀ ਆਪਣਾ ਧਿਆਨ ਛੋਟੀ ਕੁੜੀ ਨਿੰਮੀ ਅਤੇ ਬਹੂ ਰਾਣੀ ਵੱਲ ਕੀਤਾ, ਪਰ ਉਹਨਾਂ ਦੀਆਂ ਅੱਖਾਂ ਸਾਡੇ ਵੱਲ ਘੱਟ ਸਨ ਫੋਨਾਂ ਉੱਪਰ ਜ਼ਿਆਦਾ ਰਹੀਆਂ। ਕੋਈ ਫੇਸ-ਫੁਸ ਬੁਕ ਦੀ ਗੱਲਾਂ ਕਰਦੀਆ ਫੋਟੋ –ਫਟ ਇਕ ਦੂਜੀ ਨੂੰ ਦਿਖਾਉਂਦੀਆਂ ਸੀ। ਗੋਗੀ ਅਤੇ ਵੱਡੇ ਜਵਾਈ ਨੂੰ ਛੋਟਾ ਪ੍ਰਹਾਉਣਾ ਫੋਨ ‘ਤੇ ਹੀ ਕੁਝ ਦਿਖਾਈ ਜਾਵੇ, ਉਹ ਤਿੰਨੇ ਹੱਸੀ ਜਾਣ। ਮੈਂ ਪੁੱਛਿਆ, “ ਕੀ ਦੇਖ ਕੇ ਹੱਸੀ ਜਾਂਦੇ ਹੋ, ਸਾਡੇ ਨਾਲ ਵੀ ਕੋਈ ਗੱਲ ਕਰ ਲਿਉ।” “ ਕੁਛ ਨਹੀ ਭਾਪਾ ਜੀ, ਆ ਯੂਟਿਊਵ ‘ਤੇ ਕੁਛ ਦੇਖਦੇ ਆਂ।”

ਮੇਰਾ ਦਿਲ ਕਰੇ ਕਿ ਕਹਾਂ ਯੂਟੂਬ ਤਾਂ ਰੋਜ਼ ਵੇਖਦੇ ਹੋਵੋਗੇ, ਅੱਜ ਭਾਪੇ ਵੱਲ ਵੀ ਵੇਖ ਲਉ,ਪਰ ਮੈਂ ਚੁਪ-ਚਾਪ ਵਾਰੋ-ਵਾਰੀ ਉਹਨਾਂ ਦੇ ਚਿਹਰੇ ਤੱਕਦਾ ਰਿਹਾ। ਦਹੋਤੇ-ਦਹੋਤੀਆਂ ਅਤੇ ਪੋਤੇ-ਪੋਤੀਆਂ ਦੇ ਤਾਂ ਮੈ ਚਿਹਰੇ ਵੀ ਚੰਗੀ ਤਰਾਂ ਨਹੀ ਸੀ ਦੇਖ ਸਕਦਾ, ਕਿਉਂਕਿ ਉਹਨਾਂ ਆਪਣੇ ਚਿਹਰੇ ਫੋਨਾਂ ਉੱਪਰ ਪੂਰੇ ਝੁਕਾ ਹੋਏ ਸਨ ਅਤੇ ਉਹਨਾਂ ਦੀ ਉਂਗਲਾ ਫੋਨਾਂ ਦੇ ਬਟਨ ਇੰਝ ਦਬ ਰਹੀਆਂ ਸਨ ਜਿਵੇਂ ਪੱਠੇ ਕੁਤਰਨ ਵਾਲੀ ਬਿਜਲੀ ਦੀ ਮਸ਼ੀਨ ਚਲ ਰਹੀ ਹੋਵੇ। ਉਹ ਤਾਂ ਰੋਟੀ ਖਾਂਦੇ ਖਾਦੇ ਵੀ ਫੋਨਾਂ ਨੂੰ ਹੀ ਚੁੰਬਰੇ ਰਿਹੇ। ਉਹਨਾਂ ਸਾਡੇ ਨਾਲ ਤਾਂ ਕੀ ਗੱਲ ਕਰਨੀ ਉਹ ਤਾਂ ਆਪਸ ਵਿੱਚ ਵੀ ਹੀ ਘੱਟ ਗੱਲ ਕਰ ਰਹੇ ਸਨ। ਮੇਰੀ ਗੱਲਾਂ ਕਰਨ ਦੀ ਤਾਂਘ ਜਿਉਂ ਦੀ ਤਿਉਂ ਹੀ ਰਹੀ, ਪਰ ਇਹ ਤਾਂਘ ਮੈਂ ਹੁਣ ਰੱਖਣੀ ਨਹੀ ਸੀ ਚਾਹੁੰਦਾ। ਮੈਂ ਸਾਫ ਨੈਪਕੀਨ ਚੁੱਕਿਆ ਉਸ ਨਾਲ ਮੈਂ ਆਪਣੇ ਹੱਥ ਇਸ ਤਰਾਂ ਸਾਫ ਕਰਨ ਲੱਗਾ ਜਿਵੇਂ ਆਪਣਾ ਗੱਲਾਂ ਕਰਨ ਦਾ ਚਾਅ ਆਪਣੇ ਅੰਦਰੋਂ ਪੂੰਝ ਰਿਹਾ ਹੋਵਾਂ। ਉਸ ਨੈਪਕੀਨ ਨੂੰ ਖਾਣਾ ਖਾਣ ਵਾਲੀ ਖਾਲੀ ਪਲੇਟ ਵਿੱਚ ਰੱਖਦੇ ਆਪਣੀ ਪਤਨੀ ਨੂੰ ਕਿਹਾ, “ ਚੱਲੀਏ ਫਿਰ।” ਉਸ ਨੇ ਵੀ ਮੈਂਨੂੰ ਇੰਝ ਹੀ ਦੇਖਿਆ ਜਿਵੇਂ ਕਹਿ ਰਹੀ ਹੋਵੇ, “ ਇਕੱਠੇ ਹੋ ਕੇ ਗੱਲਾਂ ਕਰਨ ਦਾ ਆ ਗਿਆ ਸੁਆਦ।” ਇਹ ਸੋਚ ਕੇ ਮੈਂ ਆਪ ਹੀ ਮੁਸਕ੍ਰਾ ਪਿਆ। “ਹੁਣ ਹੱਸੀ ਕਿਉਂ ਜਾਂਦੇ ਹੋ, ਜਾ ਕੇ ਬਿਲ ਦਿਉ।” ਪਤਨੀ ਨੇ ਕਿਹਾ, “ ਨਾਲੇ ਤੁਸੀ ਵੀ ਹੁਣ ਫੋਨ ਹੀ ਲੈ ਲਉ, ਬੋਲਣ ਦਾ ਤਾਂ ਰਿਵਾਜ ਹੀ ਘੱਟ ਗਿਆ।” ਲੱਗਦਾ ਨਹੀ ਸੀ ਨਿਆਣਿਆ ਨੇ ਮੇਰੀ ਪਤਨੀ ਦੀ ਗੱਲ ਸਮਝੀ। ਕਿਉਂਕਿ ਮੁੰਡਾ ਅਤੇ ਜਵਾਈ ਇਕੱਠੇ ਹੀ ਬੋਲੇ, “ ਭਾਪਾ ਜੀ, ਤਹਾਨੂੰ ਸਲੈਰ ਫੋਨ ਤਾਂ ਜ਼ਰੂਰ ਲੈਣਾ ਚਾਹੀਦਾ ਏ, ਅੱਜ-ਕੱਲ੍ਹ ਫੋਨ ਤੋਂ ਬਗੈਰ ਕਹਾਦੀ ਜ਼ਿੰਦਗੀ।”

ਪਰ ਜਦੋਂ ਮੈ ਐਬਸਫੋਰਡ ਨੂੰ ਵਾਪਸ ਮੁੜਨ ਲਈ ਕਾਰ ਸਟਾਰਟ ਕਰਨ ਲੱਗਾ ਤਾਂ ਪਤਨੀ ਬੋਲੀ, “ ਜੀ ਮੈਂ ਕਹਿੰਦੀ ਹਾਂ ,ਤੁਸੀ ਕਿਤੇ ਸੱਚੀ ਨਾ ਫੋਨ ਲੈ ਲਿਉ, ਫਿਰ ਮੇਰੇ ਨਾਲ ਗੱਲਾਂ ਕੌਣ ਕਰੂ।”
“ ਮੈਂ ਨਹੀ ਲੈਣਾ, ਜੇ ਲੈ ਲਿਆ ਫਿਰ ਤਾਂ ਜੋ ਆਪਾਂ ਆਪਸ ਵਿੱਚ ਗੱਲਾਂ ਕਰਦੇ ਉਹਨਾਂ ਦੀ ਤਾਂ ਮੌਤ ਹੀ ਹੋ ਜਾਣੀ ਆ” ਇਹ ਕਹਿ ਕੇ ਮੈਂ ਕਾਰ ਤੋਰ ਲਈ।

ਅਨਮੋਲ ਕੌਰ

21/11/17

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2015,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015,  5abi.com