ਅਣਗੌਲ਼ੀ ਮਾਂ
ਅਜੀਤ ਸਤਨਾਮ ਕੌਰ, ਲੰਡਨ    
 (15/08/2019)

ajit satnam


(ਨਿੱਘੀਆਂ ਯਾਦਾਂ)
maaਹਵਾਈ ਜਹਾਜ਼ ਬੱਦਲਾਂ ਦੀ ਬੁੱਕਲ ਵਿੱਚੋ ਨਿਕਲ ਕੇ ਧਰਤੀ 'ਤੇ ਆ ਉਤਰਿਆ। ਆਸਟਰੀਆ ਦੀ ਧਰਤੀ 'ਤੇ ਜਹਾਜ ਤੋਂ ਉਤਰ ਕੇ ਮੈਂ ਸੁਖ ਦਾ ਸਾਹ ਭਰਿਆ। ਲੰਮੇ ਸਫ਼ਰ ਕਰਕੇ ਮੇਰਾ ਥਕਾਵਟ ਨਾਲ ਬੁਰਾ ਹਾਲ ਸੀ, ਪਰ ਮੈਂ ਖੁਸੀ ਨਾਲ ਉਤਾਵਲੀ ਹੋਈ ਪਈ ਸੀ, ਆਪਣੀ ਭਤੀਜੀ ਪਾਰੂਲ ਨੂੰ ਘੁੱਟ ਕੇ ਜੱਫ਼ੇ ਵਿੱਚ ਲੈਣ ਲਈ। ਮੈਂ ਆਪਣੀ ਭਤੀਜੀ "ਪਾਰੂਲ", ਜਿਸ ਨੂੰ ਮੈਂ ਬੇਟੀ ਵਾਲਾ ਪਿਆਰ ਦਿੱਤਾ ਹੈ, ਤੇ ਉਹ ਵੀ ਮੈਨੂੰ "ਮਾਤੇ" ਕਹਿ ਕੇ ਪੁਕਾਰਦੀ ਹੈ । ਪਾਰੂਲ ਦੇ ਵਿਆਹ ਤੋਂ ਬਾਅਦ ਮੈਂ ਪਹਿਲੀ ਵਾਰ ਉਸ ਦੇ ਘਰ ਜਾ ਰਹੀ ਸੀ। ਮੇਰਾ ਸ਼ੁਰੂ ਤੋਂ ਹੀ ਧੀਆਂ ਵੱਲ ਮੋਹ ਰਿਹਾ ਹੈ। ਪਾਰੂਲ ਨੂੰ ਨਿੱਕੀ ਹੁੰਦੇ ਮੈਂ ਬਹੁਤ ਖਿਡਾਇਆ ਹੈ।
 
ਜਦੋਂ ਪਾਰੂਲ ਤਿੰਨ ਸਾਲ ਦੀ ਨਿੱਕੀ ਜਿਹੀ ਜੁਆਕੜੀ ਸੀ, ਕੁਦਰਤ ਨੇ ਬੇ-ਇਨਸਾਫ਼ੀ ਕੀਤੀ, ਉਸ ਦੀ ਮਾਂ ਕੈਂਸਰ ਦੀ ਸ਼ਿਕਾਰ ਹੋ ਗਈ ਅਤੇ ਦੋ ਨਿੱਕੇ ਜੁਆਕ ਛੱਡ ਕੇ ਪ੍ਰਲੋਕ ਦੀ ਗੋਦ ਵਿੱਚ ਸਦੀਵੀ ਸਮਾਅ ਗਈ। "ਸੰਯੋਗੁ ਵਿਯੋਗੁ ਦੋਇ ਕਾਰ ਚਲਾਵਹਿ" ਦੇ ਮਹਾਂਵਾਕ ਨੂੰ ਮੰਨਦੇ ਹੋਏ ਪ੍ਰੀਵਾਰ ਨੇ, ਬੱਚੇ ਛੋਟੇ ਹੋਣ ਕਾਰਨ ਕੁਝ ਸਾਲ ਬਾਅਦ ਵੀਰ ਜੀ ਦਾ ਵਿਆਹ ਕਰਨ ਦਾ ਫ਼ੈਸਲਾ ਕੀਤਾ। ਨਵੀਂ ਭਾਬੀ ਨਿਰਾ ਰੱਬ ਦਾ ਹੀ ਰੂਪ! ਇਹੀ ਵਜ੍ਹਾ ਹੈ ਕਿ ਪਾਰੂਲ ਬਹੁਤ ਲਾਡਾਂ-ਪਿਆਰਾਂ ਨਾਲ ਪਲੀ ਹੈ। ਮੇਰੇ ਨਾਲ ਪਾਰੂਲ ਦਾ ਕੁਝ ਰੂਹ ਦਾ ਸਬੰਧ ਕੁਦਰਤੀ ਹੀ ਬਣ ਗਿਆ ਸੀ, ਕਿਉਂਕਿ ਮੇਰੇ ਆਪਣੇ ਕੋਈ ਧੀ ਨਹੀਂ ਸੀ, ਸ਼ਾਇਦ ਆਹ ਵੀ ਇਕ ਵਜ੍ਹਾ ਰਹੀ ਸੀ। ਮੈਂ ਜਦੋਂ ਵੀ ਛੁੱਟੀਆਂ ਵਿਚ ਪੇਕੈ ਜਾਣਾਂ, ਪਾਰੂਲ ਮੇਰੇ ਮਗਰ-ਮਗਰ ਹੀ ਫਿਰਦੀ ਰਹਿੰਦੀ ਸੀ। ਆਹ ਜਿਵੇਂ ਕੱਲ੍ਹ ਦੀ ਹੀ ਗੱਲ ਸੀ, ਅੱਜ ਪਾਰੂਲ ਇੱਕ ਬੱਚੇ ਦੀ ਮਾਂ ਹੈ, ਸਮੇਂ ਦਾ ਕੁਝ ਪਤਾ ਹੀ ਨਹੀਂ ਲੱਗਦਾ, ਕਿਵੇਂ ਖੰਭ ਲਾ ਉਡ ਜਾਂਦਾ ਹੈ…

"ਮਾਤੇ…! ਮਾਤੇ…. ਕਿੱਥੇ ਗਵਾਚੇ ਤੁਰੇ ਜਾ ਰਹੇ ਹੋ?" ਪਾਰੂਲ ਨੇ ਏਅਰਪੋਰਟ 'ਤੇ ਆ ਜੋਰ ਦੀ ਜੱਫ਼ਾ ਮਾਰ, ਮੈਨੂੰ ਹੈਰਾਨ ਕਰ ਦਿੱਤਾ।

"ਉਈ ਈ ਈ!!!..... ਬੱਲੇ ਬੱਲੇ, ਕੁੜੀਏ ਤੂੰ ਤੇ ਮੈਨੂੰ ਸਿਆਣ ਵਿੱਚ ਹੀ ਨਹੀ ਆਈ।" ਮੈਂ ਪਾਰੂਲ ਨੂੰ ਵੇਖ ਕੇ ਕਿਹਾ। ਕਿਉਂਕਿ ਇਸ ਕੁੜੀ ਨੇ ਤੇ ਆਸਟਰੀਆ ਆ ਕੇ ਆਪਣਾ ਸਾਰਾ ਹੁਲੀਆ ਹੀ ਬਦਲ ਲਿਆ ਸੀ।

"ਲੁਕ ਐਟ ਮੀ ….. ਮਾਤੇ!!" ਆਖ ਕੇ ਚਾਂਭਲ਼ਦੇ ਹੋਏ ਪਾਰੂਲ ਨੇ ਗੇੜੀ ਜਿਹੀ ਦਿੱਤੀ।

ਗੋਡਿਆਂ ਤੋਂ ਪਾਟੀ ਜਿਹੀ ਜੀਨ, ਉਪਰ ਛੋਟਾ ਜਿਹਾ ਬਲਾਊਜ਼, ਦੋ ਰੰਗਾਂ ਵਿੱਚ ਰੰਗੇ ਕੱਟੇ ਵਾਲ, ਹੀਲ ਵਾਲੇ ਸੈਂਡਲ ਅਤੇ ਮੂੰਹ 'ਤੇ ਖੂਬ ਸਾਰਾ ਮੇਕਅੱਪ। ਪਰੰਤੂ ਫੱਬਦਾ ਜਿਹਾ। ਬਿਲਕੁਲ ਵਿਦੇਸ਼ੀ ਰੰਗ ਵਿੱਚ ਰੰਗੀ "ਦੇਸੀ ਗੋਰੀ" ਲੱਗ ਰਹੀ ਸੀ। ਸਾਇਦ ਇਸ ਲਈ ਹੀ ਮੈਨੂੰ ਪਛਾਣ ਨਹੀਂ ਸੀ ਆਈ। ਮੈਂ ਤਾਂ ਪਾਰੂਲ ਦੀ ਅਸਲੀ ਖੂਬਸੂਰਤੀ ਨੂੰ ਲੱਭ ਰਹੀ ਸੀ। ਮੈਂ ਬੱਸ ਪਾਰੂਲ ਦੀਆਂ ਗੱਲਾਂ ਸੁਣ ਰਹੀ ਸੀ। ਬੋਲਣ ਦਾ ਮਨ ਨਹੀਂ ਸੀ। ਪਾਰੂਲ ਕਾਰ ਚਲਾਉਂਦੀ ਹੋਈ ਲਗਾਤਾਰ ਅੰਗਰੇਜ਼ੀ ਵਿੱਚ ਗੱਲਾਂ ਕਰੀ ਜਾ ਰਹੀ ਸੀ। ਉਸ ਦਾ ਪੰਜਾਬੀ ਬੋਲਣ ਦਾ ਤਰੀਕਾ ਵੀ ਅਜੀਬ ਜਿਹਾ ਹੋ ਗਿਆ ਸੀ।

"ਹੈਵ ਯੂ ਸੀਨ ਮਾਈ ਡਰਾਇਵਿੰਗ, ਮਾਤੇ?" ਘਰ ਦੇ ਨੇੜੇ ਕਾਰ ਘੁੰਮਾ ਕੇ ਖਲਾਰ੍ਹਦੇ ਹੋਏ ਪਾਰੂਲ ਬੋਲੀ। ਤੇਜ਼ ਰੁਕਦੀ ਗੱਡੀ ਦੇ ਟਾਇਰਾਂ ਨੇ "ਚੀਂਅ" ਦੀ ਅਵਾਜ਼ ਕੀਤੀ ਸੀ।

"ਘਰ ਆ ਵੀ ਗਏ?  ਮੇਰੀ ਤੇ ਸਫ਼ਰ ਵਿਚਕਾਰ ਕਦੇ-ਕਦੇ ਅੱਖ ਹੀ ਲੱਗੀ ਜਾ ਰਹੀ ਸੀ। ਬਹੁਤ ਤੇਜ਼ ਚਲਾਉਂਦੀ ਹੈਂ ਤੂੰ ਕਾਰ …।" ਆਖਦੇ ਹੋਏ ਮੈਂ ਬਾਹਰ ਨਿਕਲੀ ਤਾਂ ਸਾਹਮਣੇ ਪਾਰੂਲ ਦਾ ਘਰ ਸੀ। ਵਾਕਈ ਬਹੁਤ ਸੋਹਣਾ ਅਤੇ ਵੱਡਾ ਘਰ ਲੱਗ ਰਿਹਾ ਸੀ। ਮੈਂ ਘਰ ਦੀ ਵਧਾਈ ਦਿੱਤੀ। ਇੱਕ ਮੌਡਰਨ ਜਿਹੀ ਕੁੜੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਪਿਆਰ ਨਾਲ ਮੇਰੇ ਵੱਲ ਹੱਥ ਵਧਾ ਕੇ "ਹੈਲੋ" ਬੋਲਿਆ। ਅੰਦਰ ਆਏ ਤਾਂ ਪਤਾ ਲੱਗਿਆ ਕਿ ਪਾਰੂਲ ਨੇ ਆਪਣੀ ਕਿਸੇ ਸਹੇਲੀ ਨੂੰ ਮੱਦਦ ਲਈ ਬੁਲਾਇਆ ਹੋਇਆ ਸੀ। ਮੇਰਾ ਕਾਫ਼ੀ ਨਿੱਘਾ ਸੁਆਗਤ ਕੀਤਾ ਗਿਆ। "ਵੈਲਕਮ ਕੇਕ", ਡਰਿੰਕਸ, ਡਰਾਈ ਫਰੂਟ, ਨੇਗੇਟਸ, ਵਿੰਗਸ ਬਹੁਤ ਕੁਝ ਪਹਿਲਾਂ ਹੀ ਮੇਜ਼ 'ਤੇ ਸਜਾਇਆ ਹੋਇਆ ਸੀ।

"ਅੰਗਦ, ਸੀ!!.... ਹੂ ਇੱਜ਼ ਹੇਅਰ?" ਆਪਣੇ ਬੇਟੇ ਅੰਗਦ ਨੂੰ ਪਾਰੂਲ ਨੇ ਅਵਾਜ਼ ਮਾਰੀ।
"ਹਾਏ ਨਾਨੀ ਮਾਤੇ….!" ਅੰਗਦ ਨੂੰ ਜਿਵੇਂ ਪਹਿਲਾਂ ਹੀ ਤੋਤੇ ਵਾਂਗ ਰਟਾ ਕੇ ਰੱਖਿਆ ਸੀ। ਮੈਂ ਬੱਚੇ 'ਤੋਂ "ਸਤਿ ਸ੍ਰੀ ਅਕਾਲ" ਦੀ ਆਸ ਕਰੀ ਬੈਠੀ ਸੀ। ਮੈਂ ਅੱਗੇ ਵਧ ਕੇ ਅੰਗਦ ਨੂੰ ਗੋਦ ਵਿੱਚ ਭਰ ਲਿਆ ਅਤੇ ਪੰਜਾਬੀ ਵਿੱਚ ਗੱਲ ਕਰਨ ਲੱਗ ਪਈ।

"ਆਈ ਡੋਂਟ ਨੋਅ ਪੰਜਾਬੀ, ਗਰੈਂਡ ਮੰਮ!" ਅੰਗਦ ਨੇ ਧੀਰੇ ਜਿਹਾ ਦੱਸਿਆ।
      
ਕੁਝ ਬੱਚਕਾਨੇ ਜਿਹੇ ਪ੍ਰਸ਼ਨ ਮੈਂ ਅੰਗਦ ਕੋਲੋਂ ਪੁੱਛੇ, ਜਿਸ ਦਾ ਉਸ ਨੇ ਅੰਗਰੇਜ਼ੀ ਵਿੱਚ ਹੀ ਜਵਾਬ ਦਿੱਤਾ, "ਆਈ ਡੋਂਟ ਲਾਈਕ ਪੰਜਾਬੀ, ਆਈ ਕਾਂਟ ਸਪੀਕ ….।" ਇਤਨਾ ਕਹਿ ਕੇ ਅੰਗਦ ਮੇਰੀ ਗੋਦੀ ਵਿੱਚੋਂ ਭੱਜ ਗਿਆ।

"ਰੋਨੀ ਵੀ ਅੰਗਰੇਜ਼ ਹੀ ਹੋ ਗਿਆ ਹੈ ਕਿ?" ਮੈਂ ਪਾਰੂਲ ਨੂੰ ਉਸ ਦੇ ਪਤੀ "ਰੋਨੀ" ਬਾਰੇ ਪੁੱਛਿਆ। ਰੋਨੀ ਦੋ ਹਫ਼ਤੇ ਲਈ ਕਿਤੇ ਬਾਹਰ ਗਿਆ ਹੋਇਆ ਸੀ।
 
"ਅਰੇ…. ਉਸ ਦਾ ਤਾ ਬੜਾ ਅਜੀਬ ਤਰੀਕਾ ਹੈ, ਖਾਣਾਂ, ਪਹਿਨਣਾਂ, ਅਤੇ ਬੋਲਣਾਂ ਤਾਂ ਗੋਰਿਆ ਵਰਗਾ ਚਾਹੀਦਾ ਹੈ ਰੋਨੀ ਨੂੰ, ਪਰ ਪਤੀ ਦੀ ਸੇਵਾ ਪੂਰੇ ਦੇਸੀ ਤਰੀਕੇ ਨਾਲ ਹੋਣੀ ਚਾਹੀਦੀ ਹੈ।" ਪਾਰੂਲ ਨੇ ਪਤੀ ਦਾ ਵੇਰਵਾ ਦਿੱਤਾ।

ਗੱਲਾਂ ਬਾਤਾਂ ਵਿੱਚ ਹੀ ਖਾਣੇ ਦਾ ਟਾਇਮ ਹੋ ਗਿਆ। ਸਾਰੇ ਪਕਵਾਨਾਂ ਨੂੰ ਮੈਂ ਬੜੇ ਨੀਝ ਨਾਲ ਵੇਖਿਆ। ਸਾਰਾ ਮੇਜ ਵਿਦੇਸ਼ੀ ਪਕਵਾਨਾਂ ਨਾਲ ਸਜ਼ਾਇਆ ਹੋਇਆ ਸੀ। ਵਿਦੇਸ਼ ਵਿੱਚ ਇੱਕ ਆਹ ਵੀ ਬਹੁਤ ਅਸਾਨੀ ਹੈ ਕਿ "ਫਰੋਜ਼ਨ" ਸਮਾਨ ਲਿਆ ਕੇ "ਓਵਨ" ਵਿੱਚ ਤਿਆਰ ਕਰ ਲਵੋ, ਕੌਣ ਤੜਕੇ ਲਾਏ ਦਾਲ-ਸਬਜ਼ੀ ਨੂੰ? ਕੁਝ ਤਾਂ ਵਿਦੇਸ਼ੀ ਮਾਹੌਲ ਆਪਣੀ ਚਾਦਰ ਸਾਡੇ ਉਤੇ ਪਾ ਦਿੰਦਾ ਹੈ, ਅਤੇ ਕੁਝ ਅਸੀ ਵੀ ਜ਼ਿਆਦਾ ਸੌਖੇ ਹੋਣ ਲਈ, ਆਪਣੇ ਆਪ ਨੂੰ ਪੂਰਾ ਹੀ ਇਸ ਵਿੱਚ ਕੱਜ ਲੈਂਦੇ ਹਾਂ। ਜੋ ਮੈਂ ਪਾਰੂਲ ਕੋਲ ਆ ਕੇ ਮਹਿਸੂਸ ਕਰ ਰਹੀ ਸੀ।
 
"ਮਾਤੇ, ਯੂ ਰੈਸਟ ਨਾਓ, ਕੱਲ੍ਹ ਗੱਲ ਕਰਾਗੇ, ਗੁੱਡ ਨਾਈਟ" ਮੈਨੂੰ ਬੈੱਡ ਦਿਖਾ ਕੇ ਪਾਰੂਲ ਨੇ ਲਾਡ ਨਾਲ ਮੈਨੂੰ ਜੱਫ਼ੀ ਪਾਈ। ਮੈਂ ਵੀ ਅਰਾਮ ਦੇ ਮੂਡ ਵਿੱਚ ਹੀ ਸੀ।
 
"ਮਾਤੇ, ਗੁੱਡ ਮੋਰਨਿੰਗ! ਦੱਸੋ ਕੀ ਪੀਓਗੇ? ਕੌਫ਼ੀ ਜਾਂ ਟੀ?" ਇੰਨਾਂ ਕਹਿ ਕੇ ਪਾਰੂਲ ਨੇ ਗਰਮ ਪਾਣੀ ਦੀ ਕੈਟਲ ਨੂੰ ਹੱਥ ਵਿੱਚ ਫ਼ੜ ਲਿਆ।
"ਪਾਰੂਲ, ਮੈਨੂੰ ਤੂੰ ਗੈਸ 'ਤੇ ਉਬਾਲ ਕੇ ਚਾਹ ਬਣਾ ਦੇ, ਦੇਸੀ ਵਾਲੀ।" ਮੈਂ ਹਰ ਚੀਜ਼ ਵਿੱਚ ਅੰਗਰੇਜ਼ ਨਹੀਂ ਬਣਨਾ ਚਾਹੁੰਦੀ ਸੀ, ਇਸ ਲਈ ਬੋਲ ਪਈ।
 
"ਓਹ, ਮਾਤੇ ਤੁਸੀਂ ਲੰਡਨ ਰਹਿ ਕੇ ਵੀ "ਓਥੇ" ਹੀ ਅੜੇ ਪਏ ਹੋ…! ਆਈ ਚੇਂਜਡ ਮਾਈਸੈਲਫ਼ … ਮੇਰਾ 'ਤੇ ਨਾਮ ਵੀ 'ਪਰਲ' ਹੋ ਗਿਆ ਹੈ।" ਪਰਾਏ ਕਲਚਰ ਥੱਲੇ ਪਾਰੂਲ ਆਪਣੀ ਅਸਲੀ ਪਹਿਚਾਣ ਵੀ ਗੁਆ ਰਹੀ ਸੀ। ਆਪਣੇ ਅਣਜਾਣ ਪੁਣੇ ਕਰਕੇ।
 
"ਅਹਾ!! ….. ਦੇਸੀ ਚਾਹ ਦੀਆਂ ਚੁਸਕੀਆਂ ਦਾ ਵੀ ਆਪਣਾ ਹੀ ਮਜ਼ਾ ਹੈ।" ਮੈਂ ਚਾਹ ਫੜੀ ਸੋਚ ਰਹੀ ਸੀ। ਦੁਪਹਿਰ ਪਾਰੂਲ ਮੈਨੂੰ ਨਾਲ ਲੈ ਕੇ ਬਾਜ਼ਾਰ ਗਈ। ਕੁਝ ਖ਼ਰੀਦਦਾਰੀ ਤੋਂ ਬਾਅਦ ਪਾਰੂਲ ਬੋਲੀ, "ਮਾਤੇ, ਇੱਥੇ ਬੜਾ ਵੱਡਾ ਗੁਰਦੁਆਰਾ ਹੈ, ਆਓ ਤੁਹਾਨੂੰ ਵਿਖਾ ਦਿਆਂ, ਨਾਲੇ ਲੰਗਰ ਵਿੱਚ ਦੇਸੀ ਖਾਣਾਂ ਵੀ ਹੋ ਜਾਏਗਾ।" ਮੈਂ ਤਿੱਖੀਆਂ ਜਿਹੀਆਂ ਨਜ਼ਰਾਂ ਨਾਲ ਪਾਰੂਲ ਦੇ ਪਹਿਰਾਵੇ ਵੱਲ ਵੇਖਿਆ। ਉਸ ਨੇ ਗੋਡਿਆਂ ਤੋਂ ਉਚੀ ਫ਼ਰਾਕ ਦੇ ਨਾਲ ਲੰਮੇ ਜੁੱਤੇ ਪਾਏ ਹੋਏ ਸਨ।
 
"ਤੂੰ ਇਹਨਾਂ ਕੱਪੜਿਆਂ ਵਿੱਚ ਕਿਵੇਂ ਮੱਥਾ ਟੇਕੇਂਗੀ? ਘੱਟੋ-ਘੱਟ ਗੁਰੂ ਘਰ 'ਤੇ ਪੂਰੇ ਕੱਪੜੇ ਪਾ ਕੇ ਆਉਣਾ ਚਾਹੀਦਾ ਹੈ।" ਮੈਂ ਮਰਿਆਦਾ ਦਾ ਹਵਾਲਾ ਦਿੰਦਿਆਂ ਕਿਹਾ।
"ਅਰੇ ਮਾਤੇ, ਮੈਂ ਖੜ੍ਹੇ ਰਹਿ ਕੇ ਹੀ ਨਮਸ਼ਕਾਰ ਕਰ ਦਿਊਂਗੀ, ਲੰਗਰ ਟੇਬਲ 'ਤੇ ਖਾ ਲੈਣਾ ….. ਪੀਪਲ ਡੂ ਲਾਇਕ ਦਿਸ ਹੇਅਰ।" ਪਾਰੂਲ ਵਿੱਚ ਮੈਂ ਕਿਤੇ ਵੀ ਸ਼ਰਧਾ ਨਹੀਂ ਵੇਖ ਰਹੀ ਸੀ। ਕਮਾਲ ਹੈ, ਮਰਿਆਦਾ ਨੂੰ ਵੀ ਹੁਣ ਸਹੂਲਤ ਦੇ ਅਨੁਸਾਰ ਬਦਲਿਆ ਜਾ ਰਿਹਾ ਹੈ?

"ਨਹੀਂ, ਮੇਰਾ ਰੱਬ ਦੇ ਘਰ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ, ਜਿਸ ਦਿਨ ਮੱਥਾ ਟੇਕਣਾ ਹੋਇਆ, ਓਸ ਹਿਸਾਬ ਨਾਲ ਹੀ ਆਵਾਂਗੇ।" ਮੇਰੇ ਆਪਣੇ ਵੀ ਅਸੂਲ ਸੀ। ਇਸ ਲਈ ਮੈਂ ਵਾਪਸ ਘਰ ਮੁੜਣ ਨੂੰ ਕਿਹਾ। ਰਾਹ ਵਿੱਚ ਆਉਂਦੇ ਹੋਏ ਮੈਂ ਪਾਰੂਲ ਨੂੰ ਉਸ ਦੀ ਪਹਿਲੀ "ਪਟਿਆਲਾ ਸਲਵਾਰ ਸੂਟ" ਦੀ ਯਾਦ ਦਿਵਾਈ।

"ਅਰੇ… ਹਾਂ ਮਾਤੇ, ਓਸ ਨੂੰ ਮੈਂ ਕਿਵੇਂ ਭੁੱਲ ਸਕਦੀ ਹਾਂ? ਹਰੇ ਰੰਗ ਵਿੱਚ ਨੀਲੇ ਰੰਗ ਦੇ ਫੁੱਲ ਸੀ ਉਸ ਸੂਟ 'ਤੇ, ਮੈਂ ਬਹੁਤ ਹੀ ਰੀਝ ਨਾਲ ਓਸ ਨੂੰ ਪਾਟਣ ਤੱਕ ਹੰਢਾਇਆ ਸੀ।"

ਪਾਰੂਲ ਬਚਪਨ ਦੀ ਯਾਦ ਕਰ ਕੁਝ ਭਾਵੁਕ ਹੋ ਰਹੀ ਸੀ। ਇਸ ਲਈ ਮੈਂ ਉਸ ਦੀ ਲੱਕ ਜਹੀ ਥਪੇੜੀ। ਪਟਿਆਲਾ ਸੂਟ ਮੈਨੂੰ ਹਮੇਸ਼ਾ ਤੋਂ ਹੀ ਬਹੁਤ ਪਸੰਦ ਸੀ। ਗਰਮੀ ਦੀਆਂ ਛੁੱਟੀਆਂ ਵਿੱਚ ਮੈਂ ਜਦ ਵੀ ਪੇਕੇ ਆਉਂਦੀ ਤਾਂ ਪਟਿਆਲਾ ਸਲਵਾਰ ਸੂਟ ਹੀ ਪਾਉਂਦੀ।
 
"ਮਾਤੇ ਤੁਹਾਡੀ ਸਲਵਾਰ ਦੀਆਂ ਚੋਣਾਂ ਕਿੰਨੀਆਂ ਸੋਹਣੀਆਂ ਹੁੰਦੀਆਂ ਹਨ, ਇਥੇ ਇੰਜ ਦੀ  ਨਹੀਂ ਸਿਉਂਦੇ।" ਪਾਰੂਲ ਨੇ ਮੇਰੇ ਸੂਟ ਦੀ ਤਰੀਫ਼ ਕਰਦੇ ਹੋਏ ਕਿਹਾ। ਮੈਂ ਪੰਜਾਬ ਵਿਆਹੀ ਸੀ ਅਤੇ ਮੇਰੇ ਪੇਕੇ ਆਗਰਾ ਸ਼ਹਿਰ ਵਿੱਚ ਸਨ।  ਯੂ-ਪੀ ਵਿੱਚ ਪੰਜਾਬੀ ਸੂਟ ਬਹੁਤ ਚੰਗੇ ਨਹੀ ਸਿਉਂਤੇ ਜਾਂਦੇ। ਅਗਲੀ ਵਾਰ ਮੈਂ ਪਾਰੂਲ ਲਈ ਪਟਿਆਲਾ ਸੂਟ ਸੁਆ ਕੇ ਲੈ ਗਈ ਸੀ, ਜੋ ਇਸਨੂੰ ਬਹੁਤ ਫੱਬਿਆ ਸੀ। ਫੇਰ ਤੇ ਹਰ ਵਾਰ ਦੀ ਹੀ ਮੰਗ ਹੋ ਗਈ ਸੀ ਪਾਰੂਲ ਵੱਲੋਂ! ਪਰ ਮੈਨੂੰ ਅਫ਼ਸੋਸ ਹੋਇਆ ਕਿ ਪਾਰੂਲ ਅੱਜ ਗੁਰੂ ਘਰ ਜਾਣ 'ਤੇ ਵੀ ਸੂਟ ਪਾਉਂਣ ਦੀ ਖੇਚਲ਼ ਨਹੀਂ ਕਰ ਰਹੀ ਸੀ।
 
ਪਾਰੂਲ ਦਾ ਬੇਟਾ ਅੰਗਦ ਵੀ ਪੂਰੀ ਤਰ੍ਹਾਂ ਵਿਦੇਸ਼ੀ ਰੰਗ ਵਿੱਚ ਰੰਗਿਆ ਹੋਇਆ ਸੀ। ਇਸ ਵਿੱਚ ਮੈਂ ਪਾਰੂਲ ਦਾ ਹੀ ਦੋਸ਼ ਮੰਨ ਰਹੀ ਸੀ।
 
"ਪਾਰੂਲ ਤੂੰ ਤੇ "ਦੇਸੀ ਗੋਰੀ" ਬਣ ਗਈ ਹੈਂ, ਖਾਣਾਂ, ਪੀਣਾਂ, ਉਠਣਾਂ, ਬੈਠਣਾਂ ਸਭ ਬਦਲ ਲਿਆ ਹੈ।" ਮੈਂ ਕੁਝ ਸ਼ਿਕਾਇਤ ਕਰਨ ਦੇ ਲਹਿਜੇ ਵਿੱਚ ਕਿਹਾ।
 
ਪਾਰੂਲ ਨੇ ਮੋਢੇ ਜਿਹੇ ਮਾਰ ਕੇ ਕਿਹਾ, "ਜੈਸਾ ਦੇਸ਼ ਵੈਸਾ ਭੇਸ …. ਅਰੇ ਹਾਂ, ਮਾਤੇ, ਤੁਹਾਡੀ "ਰਾਈਟਿੰਗ" ਕਿਵੇਂ ਚੱਲ ਰਹੀ ਹੈ?" ਨਾਲ ਹੀ ਪਾਰੂਲ ਨੇ ਸਵਾਲ ਕਰ ਦਿੱਤਾ। ਮੈਂ ਲੰਡਨ ਵਿੱਚ ਪੰਜਾਬੀ ਸਾਹਿਤ ਸਭਾਵਾਂ ਨਾਲ ਜੁੜੀ ਹਾਂ, ਜੋ ਵਿਦੇਸ਼ ਵਿੱਚ ਪੰਜਾਬੀ ਮਾਂ ਬੋਲੀ ਨੂੰ "ਪ੍ਰਮੋਟ" ਕਰਦੇ ਹਨ।
 
"ਮੈਨੂੰ ਆਪਣੀ ਮਾਂ ਬੋਲੀ ਨੂੰ ਅੱਗੇ ਲੈ ਜਾਣ ਦਾ ਬਹੁਤ ਵਧੀਆ ਮੌਕਾ ਮਿਲਿਆ ਸੀ, ਅਤੇ ਮੈਂ ਇਸ ਮੁਹਿੰਮ ਦਾ ਹਿੱਸਾ ਬਣ ਕੇ ਆਪਣੀ ਮਾਂ ਬੋਲੀ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ।" ਮੈਂ ਬੜੇ ਮਾਣ ਨਾਲ ਦੱਸ ਰਹੀ ਸੀ ਅਤੇ ਆਪਣੀ ਮਾਂ ਨੂੰ ਵੀ ਯਾਦ ਕਰ ਰਹੀ ਸੀ।
 
"ਪਰ… ਮਾਤੇ, ਤੁਸੀ ਤੇ ਆਗਰੇ ਸ਼ਹਿਰ ਹੀ ਪੜ੍ਹੇ ਹੋ, ਓਥੇ ਤਾਂ ਪੰਜਾਬੀ ਪੜ੍ਹਾਈ ਵੀ ਨਹੀਂ ਜਾਂਦੀ, ਤੁਸੀ ਕਿਵੇਂ ਸਿੱਖ ਲਈ ਪੰਜਾਬੀ?" ਪਾਰੂਲ ਥੋੜ੍ਹੀ ਉਤਸ਼ਾਹਿਤ ਹੋ ਕੇ ਪੁੱਛ ਰਹੀ ਸੀ। ਮੇਰੀਆਂ ਅੱਖਾਂ ਵਿੱਚ ਚਮਕ ਆ ਗਈ। ਆਪਣਾਂ ਬਚਪਨ ਯਾਦ ਕਰਕੇ ਮੈਂ ਆਪਣੇ ਬਚਪਨ ਦੀਆਂ ਯਾਦਾਂ ਵਿੱਚ ਡੂੰਘੇ ਜਾਂਦੇ ਹੋਏ, ਅਤੀਤ ਦੇ ਓਹ ਪੰਨੇ ਉਲਟੇ, ਜਿਸ ਵਿੱਚ ਮੇਰੀ ਮਾਂ ਨੇ ਆਪਣੀ ਮਾਂ ਦੀ ਬੋਲੀ ਨੂੰ ਮੈਨੂੰ ਤੋਹਫ਼ੇ ਵਿੱਚ ਦਿੱਤਾ ਅਤੇ ਇਸ ਕੜੀ ਨੂੰ ਮੈਂ ਅੱਗੇ ਜਾਰੀ ਰੱਖਦੇ ਹੋਏ ਵਿਦੇਸ਼ ਵਿੱਚ ਵਸ ਕੇ ਵੀ ਆਪਣੀ ਮਾਂ ਬੋਲੀ ਨੂੰ ਆਪਣੇ ਬੱਚਿਆਂ ਤੱਕ ਪਹੁੰਚਾਇਆ। ਵਿਦੇਸ਼ਾਂ ਵਿੱਚ ਇਕ ਆਹ ਬਹੁਤ ਚੰਗਾ ਸਿਸਟਮ ਹੈ ਕਿ ਵੀਕ-ਇੰਡ 'ਤੇ ਗੁਰਦੁਆਰਿਆਂ ਵਿੱਚ ਪੰਜਾਬੀ ਦੀ ਸਿਖਿਆ ਦਿੱਤੀ ਜਾਂਦੀ ਹੈ। ਮੇਰੀ ਪੜ੍ਹਾਈ ਹਿੰਦੀ ਵਿੱਚ ਹੋਈ ਸੀ। ਪਰ ਘਰ ਵਿੱਚ ਸਿਰਫ਼ ਪੰਜਾਬੀ ਬੋਲਣ ਦਾ ਹੀ ਫੁਰਮਾਣ ਸੀ। ਮਾਂ ਦਾ ਕਹਿਣਾਂ ਸੀ ਕਿ ਪੰਜਾਬ ਤੋਂ ਦੂਰ ਰਹਿਣ ਦਾ ਮਤਲਬ ਆਹ ਨਹੀਂ ਹੈ ਕਿ ਪੰਜਾਬੀਅਤ ਤੋਂ ਦੂਰ ਹੋ ਜਾਓ?

"…..ਹਾਂ…. ਮੇਰਾ ਜਨਮ ਯੂ-ਪੀ ਵਿੱਚ ਹੋਇਆ ਹੈ, ਓਥੇ ਪੰਜਾਬੀ ਨਹੀਂ ਪੜ੍ਹਾਈ ਜਾਂਦੀ। ਇੱਕ ਵਾਰੀ ਮੇਰੀ ਮਾਂ ਜਦ ਆਪਣੇ ਪੇਕੇ ਪੰਜਾਬ ਗਈ ਤਾਂ ਓਥੇ ਇੱਕ ਪੰਜਾਬੀ ਦਾ 'ਕਾਇਦਾ' ਲੈ ਆਈ ਸੀ ਤੇ ਮੈਨੂੰ ਘਰ ਹੀ "ੳ ਅ ੲ ਸ ਹ" ਸਿਖਾ ਕੇ, ਪੰਜਾਬੀ ਭਾਸ਼ਾ ਦੇ ਅੱਖਰਾਂ ਤੋਂ ਜਾਣੂੰ ਕਰਵਾਇਆ ਸੀ …. ਅਤੇ ਬੜੇ ਪਿਆਰ ਨਾਲ ਸਮਝਾਇਆ ਕਿ ਆਹ ਉਹ ਅਨਮੋਲ ਤੋਹਫ਼ਾ ਹੈ, ਜਿਸ ਨਾਲ ਤੇਰੀ ਮਾਂ ਸਦਾ ਹੀ ਤੇਰੇ ਨਾਲ ਰਹੇਗੀ "ਮਾਂ ਬੋਲੀ" ਦੇ ਰੂਪ ਵਿੱਚ। ਬੋਲਣ ਦੇ ਨਾਲ ਜੇਕਰ ਲਿਖਣਾ ਪੜ੍ਹਨਾ ਵੀ ਆ ਜਾਏ, ਤੇ ਗੁਣਾਂ ਵਿੱਚ ਵਾਧਾ ਹੋ ਜਾਵੇਗਾ….।" ਮਾਂਵਾਂ ਕਿਵੇਂ ਦੂਰ ਦ੍ਰਿਸ਼ਟੀ ਰੱਖਦੀਆਂ ਹਨ। ਮੈਨੂੰ ਓਸ ਉਮਰੇ ਤੇ ਨਹੀਂ ਸੀ ਅੰਦਾਜ਼ਾ ਹੋਇਆ ਪਰ ਅੱਜ ਮੇਰੇ ਕਿੰਨ੍ਹੇ ਕੰਮ ਆ ਰਹੀ ਹੈ ਮੇਰੀ ਮਾਂ ਬੋਲੀ? ਮੈਂ ਅੱਖਾਂ ਮੀਟ ਮਾਂ ਨੂੰ ਪ੍ਰਣਾਮ ਕੀਤਾ, ਤਾਂ ਹੰਝੂ ਮੇਰੀ ਅੱਖਾਂ 'ਚੋਂ ਨਿਕਲ ਕੇ ਗੱਲ੍ਹਾਂ 'ਤੇ ਆ ਵਗੇ। ਇੰਜ ਮੈਂ ਪਾਰੂਲ ਨੂੰ ਆਪਣੀ ਜ਼ਿੰਦਗੀ ਦੇ ਕੁਝ ਅਣਫ਼ਰੋਲ਼ੇ ਵਾਕੇ ਦੱਸੇ।
 
"….ਜਦੋਂ ਵੀ ਮੈਂ ਕੁਝ ਲਿਖਦੀ ਹਾਂ, ਓਦੋਂ ਆਪਣੀ ਮਾਂ ਦਾ ਸ਼ੁਕਰਾਨਾ ਜ਼ਰੂਰ ਅਦਾ ਕਰਦੀ ਹਾਂ। ਪਰਦੇਸੀਆਂ ਦੇ ਨਸੀਬ ਵਿੱਚ ਮਾਂਵਾਂ ਨਾਲ ਰਹਿਣਾਂ ਨਹੀਂ ਹੋ ਪਾਉਦਾਂ, ਪਰ ਅੱਜ ਪ੍ਰਦੇਸ ਵਿੱਚ ਵੀ ਮੇਰੀ ਬੋਲੀ ਅਤੇ ਮੇਰੀ ਲੇਖਣੀ ਦੇ ਰੂਪ ਵਿੱਚ ਮਾਂ ਮੇਰੀ ਰਚਨਾਵਾਂ ਵਿੱਚ ਵੱਸਦੀ ਹੈ…।" ਬੋਲਦੇ ਹੋਏ ਮੈਂ ਭਾਵੁਕ ਹੋ ਗਈ।…. ਪਾਰੂਲ ਨੇ ਮੈਨੂੰ ਗਲਵਕੜੀ ਵਿੱਚ ਲੈ ਲਿਆ ਅਤੇ ਆਪਣੀ ਮਾਂ (ਛਮਾਂ) ਨੂੰ ਯਾਦ ਕਰ ਦੱਬਦੇ ਸਾਹਾਂ ਨਾਲ ਓਹ ਵੀ ਰੋ ਪਈ।
 
"ਤੁਹਾਡੀ ਮਾਂ ਬੋਲੀ ਕਿਹੜੀ ਹੈ?" ਇਸ ਸਵਾਲ ਦਾ ਮੈਂ ਲੰਡਨ ਵਿੱਚ ਬਹੁਤ ਵਾਰ ਜਵਾਬ ਦਿੱਤਾ ਹੈ, ਅਤੇ ਨਾਲ ਹੀ ਮਾਣ ਮਹਿਸੂਸ ਕੀਤਾ ਹੈ ਕਿ ਮੈਂ ਪੰਜਾਬੀ ਬੋਲਦੀ ਵੀ ਹਾਂ ਅਤੇ ਲਿਖ ਵੀ ਸਕਦੀ ਹਾਂ। ਮੈਂ ਮਨ ਹੀ ਮਨ ਵਿੱਚ ਆਪਣੀ ਮਾਂ ਤੋਂ ਵਾਰੇ-ਬਲਿਹਾਰੇ ਜਾ ਰਹੀ ਸੀ। ਅਚਾਨਕ 'ਅੰਗਦ' ਆ ਗਿਆ ਕੇ ਬੋਲਿਆ "ਆਈ ਵੋਂਟ ਗੋ ਟੂ ਪਾਰਕ…।" ਆਪਣੀ ਮਾਂ ਪਾਰੂਲ ਨੂੰ ਅੰਗਰੇਜ਼ੀ ਵਿੱਚ ਕੁਝ ਹੋਰ ਫਰਮਾਇਸ਼ਾਂ ਕਰਦਾ ਰਿਹਾ। ਅਸੀਂ ਸਭ ਪਾਰਕ ਗਏ। ਹਰ ਰੋਜ਼ ਘੁੰਮਣਾਂ ਫ਼ਿਰਨਾ ਹੁੰਦਾ ਰਿਹਾ। ਪਰ ਕਿਤੇ ਨਾ ਕਿਤੇ ਮੈਂ ਪਾਰੂਲ ਤੋਂ ਨਿਰਾਸ਼ ਸੀ। ਗੱਲੀਂ ਬਾਤੀਂ ਮੈਂ ਪਾਰੂਲ ਨੂੰ ਕਾਫ਼ੀ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੀ ਰਹੀ।
 
ਇਕ ਦਿਨ ਸਵੇਰੇ ਜਦ ਮੈਂ ਉਠ ਕੇ ਕਮਰੇ ਤੋਂ ਬਾਹਰ ਆਈ ਤਾਂ ਦੇਖਿਆ ਕਿ ਟੇਬਲ ਕਾਫ਼ੀ ਸਾਰੇ ਤੋਹਫ਼ਿਆਂ ਅਤੇ ਖਾਣ-ਪੀਣ ਦੇ ਸਮਾਨ ਨਾਲ ਸਜ਼ਾਇਆ ਹੋਇਆ ਸੀ। ਇੱਕ ਖੂਬਸੂਰਤ ਜਿਹਾ ਕੇਕ ਜਿਸ 'ਤੇ "ਹੈਪੀ ਮਦਰਸ ਡੇ" ਲਿਖਿਆ ਹੋਇਆ ਸੀ।

"ਓਹ ਹ ਹ ਹ!!!! ਅੱਜ 'ਮਦਰਸ ਡੇ' ਹੈ?" ਮੈਨੂੰ ਪਾਰੂਲ ਨੇ ਜੱਫੀ ਪਾਈ ਤੇ ਸ਼ੁਭ-ਕਾਮਨਾਵਾਂ ਲਿਖਿਆ ਇੱਕ ਕਾਰਡ ਦਿੱਤਾ। ਮੈਂ ਵੀ ਬਹੁਤ ਆਸ਼ੀਰਵਾਦ ਦਿੱਤੇ। ਫ਼ੇਰ ਸਭ ਨੇ ਵਾਰੀ-ਵਾਰੀ ਮੈਨੂੰ ਤੋਹਫ਼ੇ ਦਿੱਤੇ। ਉਹਨਾਂ ਸਭ ਵਿੱਚ ਬਹੁਤ ਉਤਸ਼ਾਹ ਸੀ ਵਿਦੇਸ਼ੀ ਤਿਉਹਾਰ ਮਨਾਉਣ ਦਾ! ਸਾਰਾ ਦਿਨ ਫੇਸਬੁੱਕ, ਵੱਟਸਐਪ, ਫ਼ੋਨਾਂ 'ਤੇ ਵਧਾਈਆਂ ਦਾ ਸਿਲਸਿਲਾ ਚੱਲਦਾ ਰਿਹਾ। ਸ਼ਾਮ ਬਾਹਰ ਖਾਣਾਂ ਖਾਣ ਗਏ। ਦੋ ਦਿਨ ਬਾਅਦ ਮੇਰੀ ਲੰਡਨ ਵਾਪਸੀ ਸੀ। ਪਾਰੂਲ ਮੇਰੇ ਕੋਲ ਬੈਠ ਕੇ ਮੇਰੇ ਹੱਥ ਨੂੰ ਫ਼ੜ ਕੇ ਬੋਲੀ, "ਮਾਤੇ, ਤੁਹਾਡੇ ਆਉਣ ਦਾ ਧੰਨਵਾਦ, ਮੇਰੀ ਬੜੀ ਇੱਛਾ ਸੀ ਕਿ ਮੇਰੀ ਮਾਂ ਮੇਰੇ ਕੋਲ ਆ ਕੇ ਰਹੇ…।"

"ਮਾਂ ਤਾਂ ਤੇਰੇ ਕੋਲ ਸਦਾ ਹੀ ਹੈ, ਪਰ ਤੂੰ ਉਸ ਨੂੰ ਅਣਗੌਲਿਆ ਹੀ ਕਰੀ ਰੱਖਿਆ ਹੈ।" ਮੈਂ ਆਪਣੀ ਨਿਰਾਸ਼ਾ ਨੂੰ ਸ਼ਬਦਾਂ ਦਾ ਜਾਮਾ ਪਹਿਨਾਇਆ।
"…ਮੈਂ ਸਮਝੀ ਨਹੀਂ ਮਾਤੇ?" ਪਾਰੂਲ ਨੇ ਭੋਲੇਪਨ ਵਿੱਚ ਕਿਹਾ।
 
"ਮਾਂ ਤਾਂ ਕਈ ਸਾਰੇ ਰੂਪਾਂ ਵਿੱਚ ਸਾਡੇ ਜੀਵਨ ਵਿੱਚ ਹੁੰਦੀ ਹੈ, ਜਿਵੇਂ ਧਰਤੀ ਮਾਂ, ਭਾਰਤ ਮਾਂ, ਦੇਵੀ ਮਾਂ, ਜਨਮ ਦੇਣ ਵਾਲੀ ਮਾਂ, ਅਤੇ ਮਾਂ ਬੋਲੀ ਦੇ ਰੂਪ ਵਿੱਚ ਮਾਂ, ਦੇਸ਼-ਵਿਦੇਸਾਂ ਵਿੱਚ ਸਾਡੇ ਨਾਲ ਹੀ ਰਹਿਦੀਂ ਹੈ। ਭਾਸ਼ਾ ਰੂਪ ਵਿੱਚ, ਜੇਕਰ ਮਾਂ ਨੂੰ ਆਪਣੇ ਨਾਲ ਸਮਝੋ, ਤਾਂ ਮਾਂ ਦੀ ਕਮੀ ਨਹੀਂ ਲੱਗਦੀ। ਮਾਂ ਦੇ ਸਰੀਰ ਨੇ ਸਦਾ ਨਾਲ ਨਹੀਂ ਨਿਭਣਾਂ ਹੁੰਦਾ, ਜੇਕਰ ਅਸੀ ਮਾਂ ਬੋਲੀ ਬੋਲਦੇ ਹਾਂ ਤੇ ਮਾਂ ਜਿਉਂਦੀ ਰਹਿੰਦੀ ਹੈ। ਜੇਕਰ ਮਾਂ ਬੋਲੀ ਨਾ ਬੋਲੀ ਗਈ ਤਾਂ ਇੱਕ ਪੀੜ੍ਹੀ ਤੋਂ ਬਾਅਦ ਮਾਂ ਸਦਾ ਲਈ ਖ਼ਾਮੋਸ਼ ਹੋ ਕੇ ਦਫ਼ਨ ਹੋ ਜਾਂਦੀ ਹੈ।" ਮੈਂ ਆਪਣੇ ਜਜ਼ਬਾਤਾਂ ਨੂੰ ਲੰਡਨ ਵਾਪਸ ਜਾਣ ਤੋਂ ਪਹਿਲਾਂ ਕੱਢ ਦੇਣਾਂ ਚਾਹੁੰਦੀ ਸੀ। ਪਾਰੂਲ ਮੇਰੀ ਗੱਲ ਬਹੁਤ ਗੌਰ ਨਾਲ ਸੁਣ ਰਹੀ ਸੀ।
 
"ਮਦਰਸ ਡੇ ਤਾਂ ਸ਼ਰੀਰ ਦੀ ਹੋਂਦ ਕਰਕੇ ਮਨਾ ਲਿਆ। ਪਰ 'ਮਾਂ ਬੋਲੀ' ਨੂੰ ਤੂੰ ਆਪਣੀ ਸਾਰੀ ਜ਼ਿੰਦਗੀ ਹੀ ਹੋਂਦ ਵਿੱਚ ਰੱਖ ਸਕਦੀ ਹੈਂ। ਕੱਲ੍ਹ 'ਅੰਗਦ' ਜਦ ਵੱਡਾ ਹੋਏਗਾ 'ਤੇ ਕੀ ਦੱਸਿਆ ਕਰੇਗਾ ਕਿ ਮੇਰੀ ਮਾਂ ਬੋਲੀ ਪੰਜਾਬੀ ਹੈ? ਪਰ ਮੈਨੂੰ ਆਉਂਦੀ ਨਹੀਂ ਕਿਉਂਕਿ ਮੇਰੀ ਮਾਂ ਆਪ ਵੀ ਨਹੀਂ ਬੋਲਦੀ ਸੀ। ਇੱਕ ਬੋਲੀ ਹੀ ਐਸੀ ਚੀਜ਼ ਹੈ, ਜੋ ਇੱਕ ਪੂਰੀ ਸੱਭਿਅਤਾ ਨੂੰ ਜਿਉਂਦਾ ਰੱਖ ਸਕਣ ਵਿੱਚ ਸਮਰੱਥ ਹੈ।" ਮੈਂ ਬੋਲਦੇ ਹੋਏ ਪਾਰੂਲ ਦੇ ਚਿਹਰੇ ਦੇ ਭਾਵਾਂ ਨੂੰ ਤਾੜ ਰਹੀ ਸੀ। 
"………………….।"
"ਤੂੰ ਆਪਣੇ ਆਪ ਤੋਂ ਪੁੱਛ ਕਿ ਤੂੰ ਕਿੰਨੀ ਕੁ ਸਹੀ ਹੈ….? ਮਾਂ ਦਾ ਕਰਜ਼ ਤਾਂ ਵੈਸੇ ਵੀ ਕੋਈ ਲਾਹ ਨਹੀਂ ਸਕਦਾ…!" ਮੇਰੇ ਇਸ ਸਵਾਲ 'ਤੇ ਪਾਰੂਲ ਦੀਆਂ ਅੱਖਾਂ ਭਰ ਆਈਆਂ। ਪਰ ਉਹ ਕੁਝ ਤਰਕ ਕਰਨ ਦੀ ਹਿੰਮਤ ਨਹੀਂ ਜੁਟਾ ਸਕੀ। ਦੋ ਦਿਨਾਂ ਬਾਅਦ ਮੇਰੀ ਵਾਪਸੀ ਫ਼ਲਾਈਟ ਸੀ। ਅਖ਼ੀਰ ਮੇਰੇ ਆਸਟਰੀਆ ਤੋਂ ਵਿਦਾਅ ਹੋਣ ਦਾ ਦਿਨ ਵੀ ਆ ਗਿਆ। ਪਾਰੂਲ ਕਾਰ ਚਲਾ ਰਹੀ ਸੀ ਅਤੇ ਮੈਂ ਉਸਦੀ ਖ਼ਾਮੋਸ਼ੀ ਨੂੰ ਤੋੜਨ ਲਈ ਇੱਧਰ-ਉਧਰ ਦੀਆਂ ਗੱਲਾਂ ਕਰਨ ਲੱਗ ਪਈ।

"ਮਾਂ ਵੀ ਕੀ ਚੀਜ਼ ਹੁੰਦੀ ਹੈ? ਉਸ ਤੋਂ ਵਿਛੜਨਾ ਸਦਾ ਹੀ ਦੁੱਖ ਦਿੰਦਾ ਹੈ, ਭਾਵੇਂ ਦੇਸ਼ ਹੋਵੇ ਭਾਵੇਂ ਪ੍ਰਦੇਸ਼….।" ਪਾਰੂਲ ਦਾ ਗਲਾ ਭਰ ਆਇਆ।
 
"ਚੱਲ ਹੁਣ ਮੈਨੂੰ ਨਾ ਰੁਆ, ਇੱਕ ਵਾਕਿਆ ਯਾਦ ਆ ਰਿਹਾ ਹੈ, ਅੱਜ ਓਹੀ ਸੁਣਾਉਂਦੀ ਹਾਂ…।" ਮੈਨੂੰ ਸੁਵਾਮੀ ਵਿਵੇਕਾ ਨੰਦ ਜੀ ਦੀ ਸਵੈ-ਜੀਵਨੀ ਵਿੱਚੋਂ ਇਕ ਘਟਨਾ ਯਾਦ ਆ ਗਈ।

"…ਸੁਣਾ ਮਾਤੇ, ਮੈਨੂੰ ਪਤਾ ਹੈ ਤੁਸੀਂ ਕੁਝ ਮਜ਼ੇਦਾਰ ਹੀ ਸੁਣਾਓਂਗੇ…. ਅੱਜ ਤੋਂ ਬਾਦ ਤੇ ਫਿਰ ਫੋਨ 'ਤੇ ਹੀ ਗੱਲਾਂ ਹੋਇਆ ਕਰਨੀਆਂ ਨੇ।" ਪਾਰੂਲ ਸ਼ਾਇਦ ਮਾਹੌਲ ਵਿੱਚ ਉਦਾਸੀ ਨਹੀਂ ਘੋਲਣਾ ਚਾਹੁੰਦੀ ਸੀ।
 
"ਹਾਂ, ਸੱਚ ਹੀ ਤੇ ਹੈ, ਲੈ ਫਿਰ ਇੱਕ ਅਜਿਹੀ ਘਟਨਾ ਦੱਸਦੀ ਹਾਂ, ਜੋ ਇਸ ਸਫ਼ਰ ਦੀ ਯਾਦਗਾਰ ਬਣ ਜਾਏਗੀ।" ਮੈਂ ਭੁਮਿਕਾ ਬਣਾਉਦੇ ਹੋਏ ਕਿਹਾ, "ਮੈਂ ਸੁਵਾਮੀ ਵਿਵੇਕਾਨੰਦ ਜੀ ਦੀ ਜੀਵਨੀ ਵਿੱਚੋ ਇੱਕ ਘਟਨਾ ਸੁਣਾਉਂਦੀ ਹਾਂ…. ਪਹਿਲੀ ਵਾਰ ਜਦ ਸੁਵਾਮੀ ਵਿਵੇਕਾਨੰਦ ਜੀ ਅਮਰੀਕਾ ਵਿੱਚ ਭਾਰਤ ਦੇ ਸੱਭਿਅਤਾ ਦਾ ਪ੍ਰਚਾਰ ਕਰਨ ਗਏ ਤਾਂ ਉਹ ਭਾਰਤੀ ਲਿਬਾਸ ਵਿੱਚ ਸਨ …. ਜਦ ਸੁਆਮੀ ਵਿਵੇਕਾਨੰਦ ਜੀ ਪ੍ਰੋਗਰਾਮ ਵਿੱਚ ਪਹੁੰਚੇ ਤਾਂ ਉਥੇ ਪੁੱਜੇ ਗੋਰਿਆਂ ਨੇ ਉਨ੍ਹਾਂ ਦੇ ਸੁਆਗਤ ਲਈ ਅੱਗੇ ਵਧ "ਹੈਲੋ" ਕਹਿ ਕੇ ਸੁਆਮੀ ਜੀ ਨਾਲ ਹੱਥ ਮਿਲਾਣ ਲਈ ਹੱਥ ਅੱਗੇ ਵਧਾਇਆ। ਪਰ ਸੁਆਮੀ ਜੀ ਨੇ ਆਪਣੇ ਹੱਥ ਜੋੜ ਕੇ ਨਮਸਕਾਰ ਕੀਤਾ। ਗੋਰਿਆਂ ਨੇ ਸਮਝਿਆ ਕਿ ਸ਼ਾਇਦ ਇਸ ਨੂੰ ਸਮਝ ਨਹੀਂ ਆਈ। ਓਥੇ ਇੱਕ ਬੰਦਾ, ਜਿਸ ਨੂੰ ਥੋੜ੍ਹੀ ਹਿੰਦੀ ਆਉਂਦੀ ਸੀ, ਉਸ ਨੇ ਟੁੱਟੀ ਜਿਹੀ ਹਿੰਦੀ ਵਿੱਚ ਕਿਹਾ, "ਆਪ ਕਾ ਕਿਆ ਹਾਲ ਹੈ?" ਇਸ ਸਵਾਲ ਨੂੰ ਸੁਣ ਕੇ ਸੁਆਮੀ ਜੀ ਨੇ ਉਤਰ ਦਿੱਤਾ, "ਆਈ ਐਮ ਗੁੱਡ, ਥੈਂਕ ਯੂ!"
 
"ਆਹ ਨਜਾਰਾ ਵੇਖ ਉੱਥੇ ਖੜ੍ਹੇ ਲੋਕਾਂ ਨੂੰ ਬਹੁਤ ਹੈਰਾਨੀ ਹੋਈ, ਤੇ ਇੱਕ ਆਦਮੀ ਨੇ ਪੁੱਛ ਹੀ ਲਿਆ, "ਸੁਆਮੀ ਜੀ, ਜਦ ਅਸੀਂ ਅੰਗਰੇਜ਼ੀ ਬੋਲੀ, ਤਾਂ ਤੁਸੀਂ ਹਿੰਦੀ ਬੋਲੀ, ਪਰ ਜਦ ਅਸੀਂ ਹਿੰਦੀ ਬੋਲੀ, ਤਾਂ ਤੁਸੀਂ ਅੰਗਰੇਜ਼ੀ ਵਿੱਚ ਜਵਾਬ ਦਿੱਤਾ, ਇਸ ਦਾ ਕੀ ਮਤਲਬ ਹੋਇਆ ?" ਇਤਨਾ ਵਾਕਿਆ ਸੁਣਾ ਕੇ ਮੈਂ ਜ਼ਰਾ ਚੁੱਪ ਹੋ ਗਈ।

"….ਮਾਤੇ, ਫਿਰ ਸੁਆਮੀ ਜੀ ਨੇ ਕੀ ਜਵਾਬ ਦਿੱਤਾ?" ਪਾਰੂਲ ਵਾਕਈ ਮੇਰੀ ਗੱਲ ਨੂੰ ਬਹੁਤ ਧਿਆਨ ਨਾਲ ਸੁਣ ਰਹੀ ਸੀ।

"….ਹੂੰ…. ਫਿਰ ਸੁਆਮੀ ਵਿਵੇਕਾਨੰਦ ਜੀ ਨੇ ਜਵਾਬ ਦਿੱਤਾ, ਕਿ ਜਦ ਤੁਸੀਂ "ਆਪਣੀ ਮਾਂ" ਨੂੰ ਆਦਰ ਦੇ ਰਹੇ ਸੀ, ਓਸ ਵੇਲੇ ਮੈਂ "ਆਪਣੀ ਮਾਂ" ਦਾ ਸਤਿਕਾਰ ਕਰ ਰਿਹਾ ਸੀ, ਪਰ ਜਦੋਂ ਤੁਸੀਂ ਮੇਰੀ ਮਾਂ ਦਾ ਸਤਿਕਾਰ ਕੀਤਾ, ਤਾਂ ਮੈਂ ਉਦੋਂ ਤੁਹਾਡੀ ਮਾਂ ਨੂੰ ਆਦਰ ਦਿੱਤਾ! ਬੱਸ ਗੱਲ ਐਨੀ ਹੀ ਸੀ।" ਕਹਿ ਕੇ ਸੁਆਮੀ ਜੀ ਸ਼ਾਂਤ ਹੋ ਗਏ। ਪਰ ਆਪਣੇ ਵਿਚਾਰਾਂ ਦਾ ਮਾਹੌਲ ਵਿੱਚ ਤੁਫ਼ਾਨ ਖੜ੍ਹਾ ਕਰ ਦਿੱਤਾ ਸੀ….।" ਇਤਨਾ ਆਖ ਕੇ ਮੈਂ ਆਪਣੀ ਜੁਬਾਨ ਨੂੰ ਅਰਾਮ ਦਿੱਤਾ। ਪਰ ਕੁਝ ਹਲਚਲ ਮੈਂ ਵੀ ਪਾਰੂਲ ਦੇ ਮਨ ਵਿੱਚ ਕਰ ਦਿੱਤੀ ਸੀ।

ਵਿੱਛੜਨ ਮੌਕੇ ਏਅਰਪੋਰਟ 'ਤੇ ਅਸੀਂ ਦੋਵੇਂ ਭਾਵੁਕ ਹੋ ਗਈਆਂ ਸੀ। ਸਾਰੀ ਜਰੂਰੀ ਕਾਰਵਾਈ ਤੋਂ ਬਾਅਦ, ਮੈਂ ਜਹਾਜ਼ ਵਿੱਚ ਆਪਣੀ ਸੀਟ 'ਤੇ ਬੈਠ ਗਈ। ਮੇਰੇ ਫੋਨ ਤੋਂ "ਟਿੰਗ" ਕਰਕੇ ਇੱਕ ਮੈਸਜ ਆਇਆ। ਮੈਂ ਫੋਨ ਦੇਖਿਆ ਤਾਂ ਪਾਰੂਲ ਦਾ ਮੈਸਿਜ਼ ਸੀ, "ਮਾਤੇ, ਤੁਹਾਡਾ ਤਹਿ ਦਿਲ ਨਾਲ ਸ਼ੁਕਰਾਨਾ ਹੈ ਕਿ ਤੁਸੀਂ ਮੈਨੂੰ ਮੇਰੀ ਮਾਂ ਨੂੰ ਸਦਾ ਲਈ ਮੇਰੇ ਕੋਲ ਛੱਡ ਚੱਲੇ ਹੋ, ਜੋ ਕਿ ਮੇਰੀ ਨਾਦਾਨੀ ਕਰਕੇ ਮੇਰੇ ਤੋਂ ਖੁੱਸ ਚੱਲੀ ਸੀ। ਸੁਆਮੀ ਵਿਵੇਕਾਨੰਦ ਜੀ ਸਾਡੇ ਲਈ ਇੱਕ ਅਨੋਖੀ ਉਦਾਹਰਨ ਬਣਾ ਗਏ ਹਨ, ਪਰ ਅਸੀਂ ਮੌਡਰਨਪੁਣੇ ਵਿੱਚ ਇੱਕ ਪੂਰੇ ਸਾਹਿਤ ਨੂੰ ਹੀ ਰੋਲੀ ਜਾ ਰਹੇ ਹਾਂ। ਜਦੋਂ ਜਾਗੋ ਉਦੋਂ ਹੀ ਸਵੇਰਾ ਹੈ, ਤੇ ਮੇਰਾ ਸਵੇਰਾ ਅੱਜ ਹੋ ਗਿਆ ਹੈ। …. ਮੇਰਾ ਮੇਰੇ ਨਾਲ ਹੀ ਵਾਅਦਾ ਹੈ ਕਿ ਘੱਟੋ ਘੱਟ ਅਗਲੀ ਇੱਕ ਪੀੜ੍ਹੀ ਨੂੰ ਮੈਂ ਆਪਣੀ "ਮਾਂ ਬੋਲੀ" ਦਾ ਤੋਹਫ਼ਾ ਜ਼ਰੂਰ ਦੇਵਾਂਗੀ। ਆਪਣਾ ਹਿੱਸਾ ਜਰੂਰ ਪਾਊਂਗੀ। ਆਪਣੇ ਪੰਜਾਬੀ ਸੱਭਿਆਚਾਰ ਵਿੱਚ ਸਾਲ ਦੇ ਅੰਤ 'ਚ ਮੇਰੀ ਮਾਂ ਅਤੇ ਪਿਤਾ ਜੀ ਮੇਰੇ ਕੋਲ ਇੱਕ ਮਹੀਨੇ ਲਈ ਆ ਰਹੇ ਹਨ, ਮੈਂ ਆਪਣੀ ਮਾਂ ਨੂੰ ਉਸ ਦੀ ਹੀ ਮਿੱਠੀ ਬੋਲੀ ਵਿੱਚ ਪਿਆਰ ਦੇ ਕੇ ਮਾਣ ਮਹਿਸੂਸ ਕਰਵਾਉਂਗੀ। ਮੈਂ ਇਸ ਸ਼ਨੀਵਾਰ ਤੋਂ ਹੀ 'ਅੰਗਦ' ਨੂੰ ਨਾਲ ਲੈ ਕੇ ਗੁਰਦੁਆਰੇ ਵਿੱਚ ਗੁਰਮੁਖੀ ਦੀਆਂ ਕਲਾਸਾਂ ਲਵਾਂਗੀ। ਮੈਨੂੰ ਰਾਹ ਦਿਖਾਉਣ ਲਈ ਕੋਟਿਨ-ਕੋਟਿ ਪ੍ਰਣਾਮ ਮਾਤੇ। ਆਹ ਸੱਚ ਹੈ ਕਿ ਮਾਂ ਸਦਾ ਹੀ ਇੱਕ ਗੁਰੂ ਵਾਂਗ ਪ੍ਰੇਰਦੀ ਹੈ। ਅੱਜ ਮੇਰੀਆਂ ਅੱਖਾਂ ਦਾ ਸਮੁੰਦਰ ਰੋਕੇ ਨਹੀਂ ਰੁਕ ਰਿਹਾ। ਮੈਨੂੰ ਮੁਆਾਫ਼ ਕਰ ਦਿਉ ਮੇਰੀ ਮਾਂ!!"

ਇੰਨ੍ਹਾਂ ਸਤਰਾਂ ਵਿੱਚ ਮੈਂ ਪਾਰੂਲ ਦੇ ਪਛਤਾਵੇ ਨੂੰ ਸਾਫ਼ ਅਤੇ ਸਪੱਸ਼ਟ ਮਹਿਸੂਸ ਕਰ ਰਹੀ ਸੀ। ਮੈਂ ਸੋਚ ਰਹੀ ਸੀ ਕਿ "ਮਾਂ ਬੋਲੀ" ਵਿੱਚ ਹੀ ਹਰ ਸੰਸਕ੍ਰਿਤੀ ਨੂੰ ਲਿਖਿਆ ਗਿਆ ਹੈ, ਇਸ ਲਈ ਭਾਸ਼ਾ ਵਿੱਚ ਇੱਕ ਪੂਰਾ ਸਾਹਿਤ ਸਿਮਟਿਆ ਹੁੰਦਾ ਹੈ। ਹੋਰਾਂ ਦੇ ਪਿੱਛੇ ਦੌੜਨ ਅਤੇ ਆਪਣੀ ਭਾਸ਼ਾ ਨੂੰ ਅਣਗੌਲਿਆ ਕਰਨ ਕਰਕੇ, ਕਈ ਭਾਸ਼ਾਵਾਂ ਸਿਰਫ਼ ਲਿਖਿਤ ਇਤਿਹਾਸ ਬਣ ਕੇ ਰਹਿ ਗਈਆਂ ਹਨ। ਅਣਜਾਣੇ-ਪੁਣੇ ਵਿੱਚ ਹੀ ਸਹੀ, ਪਰ ਹਰੇਕ ਮਾਂ ਆਪਣੀ ਸੱਭਿਅਤਾ ਨੂੰ ਜੀਵਤ ਰੱਖਣ ਵਿੱਚ ਆਪਣਾ ਯੋਗਦਾਨ ਦੇ ਰਹੀ ਹੈ, ਅਤੇ ਅੱਜ ਪਾਰੂਲ ਵੀ ਇਸ ਮੁਹਿੰਮ ਵਿੱਚ ਸ਼ਾਮਿਲ ਹੋ ਗਈ ਸੀ। ਸੋਚ ਕੇ ਮੇਰੀਆਂ ਅੱਖਾਂ ਭਰ ਆਈਆਂ। ਇੱਕ ਮਾਂ ਦੀਆਂ ਆਸ਼ਾਵਾਂ ਨੇ ਆਨੰਦ ਦੀ ਉਡਾਰੀ ਭਰੀ ਅਤੇ ਨਾਲ ਹੀ ਜਹਾਜ਼ ਵੀ ਆਪਣੀ ਉਡਾਰੀ ਭਰ ਅਕਾਸ਼ ਦੀਆਂ ਉਚਾਈਆਂ ਵਿੱਚ ਬੱਦਲਾਂ ਸੰਗ ਉਡਣ ਲੱਗ ਪਿਆ।
 

 

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
  maaਅਣਗੌਲ਼ੀ ਮਾਂ
ਅਜੀਤ ਸਤਨਾਮ ਕੌਰ, ਲੰਡਨ
stationਸਟੇਸ਼ਨ ਦੀ ਸੈਰ
ਅਜੀਤ ਸਿੰਘ ਭੰਮਰਾ, ਫਗਵਾੜਾ
pippalਪਿੱਪਲ ਪੱਤੀ ਝੁਮਕੇ
ਅਜੀਤ ਸਤਨਾਮ ਕੌਰ, ਲੰਡਨ 
ਬਚਪਨ ਦੇ ਬੇਰ
ਅਜੀਤ ਸਿੰਘ ਭੰਮਰਾ
kanjkanਅੱਲਾਹ ਦੀਆਂ ਕੰਜਕਾਂ
ਅਜੀਤ ਸਤਨਾਮ ਕੌਰ, ਲੰਡਨ
"ਮਿਆਊਂ -ਮਿਆਊਂ"
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਖੋਜ
ਅਨਮੋਲ ਕੌਰ, ਕਨੇਡਾ  
athruਬੋਲਦੇ ਅੱਥਰੂ
ਅਜੀਤ ਸਤਨਾਮ ਕੌਰ  
ਚਸ਼ਮ ਦੀਦ ਗੁਵਾਹ
ਰਵੇਲ ਸਿੰਘ ਇਟਲੀ
ਕੂੰਜਾਂ ਦਾ ਕਾਫ਼ਲਾ
ਅਜੀਤ ਸਤਨਾਮ ਕੌਰ  
lahuਇਹ ਲਹੂ ਮੇਰਾ ਹੈ
ਅਜੀਤ ਸਤਨਾਮ ਕੌਰ  
chachaਚਾਚਾ ਸਾਧੂ ਤੇ ਮਾਣਕ
ਬਲਰਾਜ ਬਰਾੜ, ਕਨੇਡਾ
susਸੱਸ ਬਨਾਮ ਮਾਂ
ਰੁਪਿੰਦਰ ਸੰਧੂ, ਮੋਗਾ 
hoshਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
teeyanਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2019,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019,  5abi.com