"ਪੁੱਤ, ਕਦੇ ਇੱਕ ਮਾਨੁੱਖ ਪ੍ਰਜਾਤੀ ਹੁੰਦੀ ਸੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ        
 (05/04/2020)

ਕੁੱਸਾ


parjati(ਦੰਦ ਕਥਾ)
 
ਸਵੇਰ ਦਾ ਮੌਕਾ ਸੀ।

ਸਾਫ਼ ਸੁਥਰੀ ਪੌਣ ਰੁਮਕ ਰਹੀ ਸੀ। ਝੀਲ ਦੇ ਪਾਣੀ ਵਾਂਗ ਨਿੱਤਰੇ ਅਸਮਾਨ ਵਿੱਚ ਕੋਈ-ਕੋਈ ਬੱਦਲ਼ੀ ਦਾ ਗੋਹੜ੍ਹਾ ਅੱਠਖੇਲ਼ੀਆਂ ਕਰ ਰਿਹਾ ਸੀ। ਜੰਗਲ ਵਿੱਚ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਪਸਰੀ ਪਈ ਸੀ। ਦੂਰ ਬਾਗਾਂ ਵਿੱਚ ਮਸਤ ਹੋਈ ਕੋਈ ਕੋਇਲ ਕੂਕ ਰਹੀ ਸੀ। ਪ੍ਰਕਿਰਤੀ ਵਿੱਚ ਕੁਦਰਤ ਦਾ ਨਾਦ ਵੱਜ ਰਿਹਾ ਸੀ। ਰੁਮਕਦੀ ਪੌਣ ਦੀ ਬੰਸਰੀ ਦੀਆਂ ਮਧੁਰ ਧੁਨਾਂ, ਸਵਰਗ ਵਰਗੇ ਸ਼ਾਂਤ ਮਾਹੌਲ ਵਿੱਚ ਇਲਾਹੀ ਸੰਗੀਤ ਦੀਆਂ ਤਰੰਗਾਂ ਛੇੜ ਰਹੀਆਂ ਸਨ। ਇੱਕ ਪਾਸੇ ਨਿਰਮਲ ਝਰਨਾਂ ਮਸਤ ਰਾਗ ਅਲਾਪ ਰਿਹਾ ਸੀ।

ਜੰਗਲ ਦਾ ਬਾਦਸ਼ਾਹ ਸ਼ੇਰ ਆਪਣੀ ਰਾਣੀ ਸਮੇਤ ਮਹੱਲ ਤੋਂ ਬਾਹਰ ਨਿਕਲ਼ਿਆ ਤਾਂ ਸਾਰੇ ਦਰਬਾਰੀਆਂ ਨੇ ਉਹਨਾਂ ਨੂੰ ਝੁਕ ਕੇ "ਸਲਾਮ" ਕੀਤਾ। "ਸਲਾਮ" ਮੰਨ ਕੇ ਉਸ ਨੇ ਚਾਰੇ ਪਾਸੇ ਝਾਤੀ ਮਾਰੀ। ਸਾਫ਼-ਸੁਥਰੀ ਅਤੇ ਨਿੱਖਰੀ ਕਾਇਨਾਤ ਦੇਖ ਕੇ ਉਸ ਦਾ ਮਨ ਖਿੜ ਉਠਿਆ ਅਤੇ ਉਸ ਨੇ ਸੂਰਜ ਦੇਵਤਾ ਵੱਲ ਦੇਖ ਕੇ ਨਮਸਕਾਰ ਕੀਤੀ। ਫ਼ਿਰ ਉਸ ਨੇ ਪੂਰੀਆਂ ਨਾਸਾਂ ਖੋਲ੍ਹ ਕੇ ਲੰਬਾ ਸਾਹ ਲਿਆ। ਚੰਦਨ ਵਰਗੀ ਸੁਗੰਧੀ ਨਾਲ਼ ਜਿਵੇਂ ਉਸ ਦਾ ਅੰਦਰ ਮਹਿਕ ਉਠਿਆ ਸੀ। ਆਨੰਦ ਨਾਲ਼ ਉਸ ਦੀ ਜੱਤ ਤਣ ਗਈ ਅਤੇ ਪੂਛ ਨੇ ਵਲ੍ਹਾਅ ਖਾਧਾ।

-"ਬਾਦਸ਼ਾਹ ਸਲਾਮਤ, ਆਪ ਜੀ ਦਾ ਨਾਸ਼ਤਾ ਤਿਆਰ ਐ...!" ਸ਼ੇਰ ਦੇ ਰਸੋਈਏ ਨੇ ਅਦਬ ਫ਼ੁਰਮਾਇਆ।
-"ਰਸੋਈਆ ਜੀ, ਬੱਚੇ ਉਠ ਖੜ੍ਹੇ...?" ਸ਼ੇਰਨੀ ਨੇ ਰਸੋਈਏ ਨੂੰ ਪੁੱਛਿਆ।
-"ਅਸੀਂ ਤਾਂ ਤੁਹਾਡੇ ਤੋਂ ਵੀ ਪਹਿਲਾਂ ਦੇ ਉਠੇ ਹੋਏ ਹਾਂ, ਰਾਣੀ ਮਾਂ...!" ਸ਼ੇਰਨੀ ਦਾ ਬੱਚਾ ਪਿੱਛੋਂ ਬੋਲਿਆ।
-"ਮਾਂ ਸਦਕੇ - ਮਾਂ ਵਾਰੀ, ਬੱਚਿਓ...!"

ਦੋਵਾਂ ਬੱਚਿਆਂ ਨੇ ਸਤਿਕਾਰ ਨਾਲ਼ ਮਾਂ-ਬਾਪ ਨੂੰ ਸਿਰ ਝੁਕਾਇਆ। ਇੱਕ ਨੂੰ ਸ਼ੇਰ ਨੇ ਅਤੇ ਦੂਜੇ ਨੂੰ ਸ਼ੇਰਨੀ ਨੇ ਨਾਲ਼ ਲਾ ਕੇ ਪਿਆਰ ਦਿੱਤਾ ਅਤੇ ਮੂੰਹ ਚੱਟ ਕੇ ਮੋਹ ਜਤਾਇਆ।

-"ਬਾਪੂ ਜੀ, ਤੁਸੀਂ ਸਾਨੂੰ ਕਦੋਂ ਦੇ ਕਹੀ ਜਾਂਦੇ ਹੋ ਕਿ ਤੁਸੀਂ ਸਾਨੂੰ ਮਾਨੁੱਖ ਪ੍ਰਜਾਤੀ ਦੀ ਬਾਤ ਸੁਣਾਉਂਗੇ...? ਕਦੇ ਸੁਣਾਈ ਤਾਂ ਹੈਨ੍ਹੀ...!" ਨਾਸ਼ਤਾ ਕਰਦੇ ਸ਼ੇਰ ਦੇ ਬੱਚੇ ਨੇ ਸ਼ਿਕਵਾ ਕੀਤਾ।

-"ਲਓ ਬੇਟਾ ਜੀ, ਅੱਜ ਹੀ ਲਓ...! ਸੰਤਰੀ ਜੀ...!!"
-"ਜੀ ਮਹਾਰਾਜ...?"
-"ਸਾਰੇ ਜੀਵ-ਜੰਤ, ਪਸ਼ੂ-ਪੰਛੀਆਂ ਨੂੰ ਸੁਨੇਹੇਂ ਪੁਚਾ ਦਿਓ, ਮੈਂ ਮਾਨੁੱਖ ਪ੍ਰਜਾਤੀ ਦੀ ਕਹਾਣੀ ਆਪਣੇ ਸਾਰੇ ਆਰ-ਪ੍ਰੀਵਾਰ ਨੂੰ ਸੁਣਾਉਣਾ ਚਾਹੁੰਦਾ ਹਾਂ...!"
-"ਹੁਕਮ ਤਾਮੀਲ ਹੋਇਆ ਸਮਝੋ, ਮਹਾਰਾਜ...!" ਸੰਤਰੀ ਚਲਿਆ ਗਿਆ।

ਸਵੇਰ ਦੀ ਸੈਰ ਅਤੇ ਨਾਸ਼ਤੇ ਤੋਂ ਬਾਅਦ ਕੁਝ ਸਮਾਂ ਬਾਦਸ਼ਾਹ ਨੇ ਮਹਾਰਾਣੀ ਅਤੇ ਆਪਣੇ ਮੰਤਰੀਆਂ ਨਾਲ਼ ਆਪਣੀ ਜਨਤਾ ਦੀ ਖੁਸ਼ਹਾਲੀ ਅਤੇ ਸਹੂਲਤਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।

-"ਸੰਤਰੀ ਜੀ...!" ਸ਼ੇਰਨੀ ਨੇ ਅਵਾਜ਼ ਦਿੱਤੀ।
-"ਜੀ ਮਹਾਰਾਣੀ ਜੀ...?" ਉਹ ਸ਼ੇਰਨੀ ਦੀ ਅਵਾਜ਼ ਨਾਲ਼ ਖਿੱਚਿਆ, ਹਾਜ਼ਰ ਹੋ ਗਿਆ।
-"ਆਪਣਾ ਸਾਰਾ ਭਾਈਚਾਰਾ ਆ ਗਿਆ...?"
-"ਉਹਨਾਂ ਨੂੰ ਸੂਰਜ ਸਿਰ 'ਤੇ ਆਉਣ ਵੇਲ਼ੇ ਦਾ ਸੱਦਾ ਦਿੱਤਾ ਹੈ, ਅਜੇ ਸੂਰਜ ਸਿਰ 'ਤੇ ਆਇਆ ਨਹੀਂ, ਮਹਾਰਾਣੀ ਸਾਹਿਬਾਂ...!"
-"ਠੀਕ...! ਆਪਣੇ ਘਰ ਦੇ ਕਰਮਚਾਰੀਆਂ ਨੇ ਨਾਸ਼ਤਾ ਬਗੈਰਾ ਕਰ ਲਿਆ...?"
-"ਜੀ ਮਹਾਰਾਣੀ ਜੀ, ਸਭ ਨੇ ਕਰ ਲਿਆ...! ਸਭ ਆਨੰਦ ਪ੍ਰਸੰਨ ਨੇ...!"

ਸੂਰਜ ਸਿਰ 'ਤੇ ਆਇਆ ਤਾਂ ਸਾਰੇ ਜੰਗਲ ਦਾ ਲਾਣਾ-ਬਾਣਾ ਸ਼ੇਰ ਮਹਾਰਾਜਾ ਦੀ ਕਚਿਹਰੀ ਵਿੱਚ ਆ ਹਾਜ਼ਰ ਹੋਇਆ। ਸ਼ੇਰ ਬਾਦਸ਼ਾਹ ਆਪਣੇ ਸਿੰਘਾਸਣ 'ਤੇ ਬਿਰਾਜਮਾਨ ਸੀ। ਸਭ ਨੇ ਜੰਗਲ ਦੇ ਬਾਦਸ਼ਾਹ ਸ਼ੇਰ ਅਤੇ ਮਹਾਰਾਣੀ ਸ਼ੇਰਨੀ ਨੂੰ ਝੁਕ ਕੇ ਅਦਬ ਕੀਤਾ ਸੀ। ਬਾਦਸ਼ਾਹ ਅਤੇ ਮਹਾਰਾਣੀ ਦੇ ਖੱਬੇ-ਸੱਜੇ ਉਸ ਦੇ ਦੋ ਬੱਚੇ ਬੜੀ ਉਤਸੁਕਤਾ ਨਾਲ਼ ਸੁਨਿਹਰੀ ਕੁਰਸੀਆਂ ਉਪਰ ਬਿਰਾਜਮਾਨ ਸਨ। ਉਹਨਾਂ ਨੂੰ "ਮਾਨੁੱਖ ਪ੍ਰਜਾਤੀ" ਦੀ "ਬਾਤ" ਸੁਣਨ ਦਾ ਚਾਅ ਚੜ੍ਹਿਆ ਪਿਆ ਸੀ। ਸਾਰੀ ਕਚਿਹਰੀ ਸਜ ਗਈ ਸੀ। ਕੋਈ ਵੀ ਬੋਲ ਨਹੀਂ ਰਿਹਾ ਸੀ। ਇੱਕ ਚੁੱਪ ਛਾਈ ਹੋਈ ਸੀ। ਤਿਲ਼ ਦਾ ਦਾਣਾ ਡਿੱਗਦਾ ਵੀ ਸੁਣਿਆਂ ਜਾ ਸਕਦਾ ਸੀ।

-"ਮੇਰੇ ਪਿਆਰੇ ਜੰਗਲ ਵਾਸੀਓ, ਸਭ ਤੋਂ ਪਹਿਲਾਂ ਤਾਂ ਤੁਸੀਂ ਸਾਡੇ ਯਾਦ ਕਰਨ 'ਤੇ ਹਾਜ਼ਰ ਹੋਏ, ਇਸ ਲਈ ਮੈਂ ਹਾਰਦਿਕ ਧੰਨਵਾਦ ਕਰਦਾ ਹਾਂ...!" ਸ਼ੇਰ ਨੇ ਕਿਹਾ।
-"ਇਹ ਤਾਂ ਸਾਡੇ ਧੰਨਭਾਗ ਨੇ ਬਾਦਸ਼ਾਹ ਸਲਾਮਤ, ਆਪ ਜੀ ਨੇ ਸਾਨੂੰ ਯਾਦ ਕੀਤਾ...!" ਭਾਈਚਾਰੇ ਦਾ ਮੁਖੀ ਖੜ੍ਹਾ ਹੋ ਕੇ ਬੋਲਿਆ, "ਤੁਹਾਡੇ ਹੁਕਮਾਂ 'ਤੇ ਫੁੱਲ ਚੜ੍ਹਾਉਣਾ ਸਾਡਾ ਮੁਢਲਾ ਫ਼ਰਜ਼ ਤੇ ਕਰਮ ਐਂ ਮਹਾਰਾਜ...!"

-"ਅੱਜ ਮੈਂ ਤੁਹਾਨੂੰ ਮਾਨੁੱਖ ਪ੍ਰਜਾਤੀ ਦੀ ਕਹਾਣੀ ਸੁਣਾਉਂਦਾ ਹਾਂ, ਜੋ ਸਾਡੇ ਦਾਦੇ ਪੜਦਾਦੇ ਸੀਨਾਂ-ਬਸੀਨਾਂ ਸਾਨੂੰ ਸੁਣਾਉਂਦੇ ਆਏ ਨੇ...! ਅਗਰ ਮਾਨੁੱਖ ਪ੍ਰਜਾਤੀ ਬਾਰੇ ਸਾਡੇ ਭਾਈਚਾਰੇ ਵਿੱਚੋਂ ਕਿਸੇ ਨੇ ਵੀ ਕੁਛ ਆਪਣੇ ਬਜ਼ੁਰਗਾਂ ਤੋਂ ਸੁਣਿਆਂ ਹੋਵੇ, ਤਾਂ ਕਿਰਪਾ ਕਰ ਕੇ ਜ਼ਰੂਰ ਸਾਂਝਾ ਕਰੇ, ਤਾਂ ਕਿ ਸਾਡੇ ਭਾਈਚਾਰੇ ਦੇ ਗਿਆਨ ਵਿੱਚ ਵਾਧਾ ਹੋ ਸਕੇ...!" ਸ਼ੇਰ ਦੇ ਕਹਿਣ 'ਤੇ ਸਭ ਨੇ ਸਿਰ ਝੁਕਾ ਕੇ ਹਾਂਮ੍ਹੀਂ ਭਰੀ।

-"ਮਾਨੁੱਖ ਪ੍ਰਜਾਤੀ ਐਨੀ ਜ਼ਾਲਮ, ਨਿਰਦਈ, ਸੁਆਰਥੀ ਤੇ ਭਿਆਨਕ ਸੀ, ਜਿਸ ਨੇ ਖ਼ੁਦ ਆਪਣੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਲਈ ਐਨੇ ਅੰਨ੍ਹੇ ਖੂਹ ਪੱਟੇ, ਓਹਨਾਂ ਦੇ ਰਾਹਾਂ ਵਿੱਚ ਐਨੇ ਕੰਡੇ ਬੀਜੇ, ਸੁਣ ਕੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਐ...!" ਬਾਦਸ਼ਾਹ ਦੀ ਇਤਨੀ ਗੱਲ ਸੁਣ ਕੇ ਹੀ ਇੱਕ ਸੁੰਨ ਵਰਤ ਗਈ, ਕਿ ਅਜਿਹੀ ਕਿਹੜੀ ਪ੍ਰਜਾਤੀ ਸੀ, ਜੋ ਖ਼ੁਦ ਆਪਣੀਆਂ ਆਉਣ ਵਾਲ਼ੀਆਂ ਨਸਲਾਂ ਦੇ ਭਵਿੱਖ ਬਾਰੇ ਇਮਾਨਦਾਰ ਨਹੀਂ ਸੀ...?

-"ਪਹਿਲੀ ਗੱਲ ਤਾਂ ਇਹ ਸੀ ਕਿ ਜਿਵੇਂ ਸਾਡੇ ਮੰਤਰੀ ਜੀ ਅਤੇ ਉਹਨਾਂ ਦੇ ਪ੍ਰਸ਼ਾਸਨ ਨੇ ਤੁਹਾਨੂੰ ਘਰ-ਘਰ ਜਾ ਕੇ ਸੁਨੇਹੇਂ ਪਹੁੰਚਦੇ ਕੀਤੇ, ਮਾਨੁੱਖ ਪ੍ਰਜਾਤੀ ਹੁੰਦੀ, ਤਾਂ ਢੰਡੋਰਾ ਪਿੱਟਦੀ, ਡੌਂਡੀ ਪਿੱਟਵਾਉਂਦੀ...! ਡੌਂਡੀ ਉਹ ਹੁੰਦੀ ਐ, ਕਿ ਇੱਕ ਵੱਡੇ ਬਰਤਨ ਵਰਗਾ ਕੋਈ ਸਾਜ਼ ਹੁੰਦਾ ਸੀ, ਜੀਹਨੂੰ ਉਹ "ਢੋਲ" ਕਹਿੰਦੇ ਸੀ, ਉਹਨੂੰ ਗਲ਼ੀ-ਗਲ਼ੀ, ਮੁਹੱਲੇ-ਮੁਹੱਲੇ ਕੁੱਟ ਕੇ, ਉਚੀ-ਉਚੀ ਰੌਲ਼ਾ ਪਾ ਕੇ ਹੋਕਾ ਦਿੱਤਾ ਜਾਂਦਾ ਸੀ, ਤਾਂ ਜਾ ਕੇ ਕੋਈ ਸੁਨੇਹਾਂ ਲੋਕਾਂ ਤੱਕ ਪਹੁੰਚਦਾ ਸੀ...! ਫ਼ੇਰ ਸਮਾਂ ਪਾ ਕੇ ਸਪੀਕਰ ਆ ਗਏ...! ਫ਼ੇਰ ਹਰ ਗੱਲ ਸਪੀਕਰ 'ਤੇ ਵਾਰ-ਵਾਰ ਦੁਹਰਾ ਕੇ ਹੋਕਾ ਦਿੱਤਾ ਜਾਂਦਾ ਸੀ...!"

-"ਓਸ ਪ੍ਰਜਾਤੀ ਨੂੰ ਉਚਾ ਸੁਣਦਾ ਹੋਊ, ਬਾਪੂ ਜੀ...?" ਸ਼ੇਰ ਦਾ ਮਾਸੂਮ ਬੱਚਾ ਬੋਲਿਆ ਤਾਂ ਸ਼ੇਰ ਮੁਸਕੁਰਾ ਪਿਆ।

-"ਕਾਹਨੂੰ ਪੁੱਤ...! ਸੁਣਦਾ ਤਾਂ ਆਪਣੇ ਵਾਂਗੂੰ ਈ ਸੀ, ਢੀਠਤਾਈ ਤੇ ਮਾੜੀ ਆਦਤ, ਇਹ ਦੋਨੋਂ ਈ ਬਹੁਤ ਖਰਾਬ ਹੁੰਦੀਆਂ ਨੇ...! ਹੋਰ ਤਾਂ ਹੋਰ, ਜਿਵੇਂ ਆਪਾਂ ਟਿਕ ਕੇ ਬੈਠ ਕੇ ਸੁਣੀ ਜਾ ਰਹੇ ਆਂ, ਉਹ ਪ੍ਰਜਾਤੀ ਨਾ ਤਾਂ ਟਿਕ ਕੇ ਬੈਠ ਸਕਦੀ ਸੀ, ਤੇ ਨਾ ਟਿਕ ਕੇ ਸੁਣਦੀ ਸੀ, "ਚੁੱਪ ਕਰੋ ਓਏ - ਰੌਲ਼ਾ ਨਾ ਪਾਓ" ਦੇ ਕੰਨ ਪਾੜਵੇਂ ਹੋਕਰੇ ਮਾਰ-ਮਾਰ ਕੇ ਦੂਜਿਆਂ ਨੂੰ ਚੁੱਪ ਕਰਵਾਉਂਦੇ-ਕਰਵਾਉਂਦੇ ਆਪ ਸਭ ਤੋਂ ਵੱਧ ਰੌਲ਼ਾ ਪਾਉਂਦੇ ਸੀ...! ਬਾਕੀ ਗੱਲਾਂ ਛੱਡੋ, ਮਾਨੁੱਖ ਪ੍ਰਜਾਤੀ ਹੀ ਇੱਕੋ-ਇੱਕ ਪ੍ਰਜਾਤੀ ਸੀ, ਜੋ "ਚੁੱਪ" ਦਾ "ਦਾਨ" ਮੰਗ-ਮੰਗ ਸੰਘ ਸੁਕਾ ਲੈਂਦੀ ਸੀ, ਪਰ ਲੋਕ ਫ਼ੇਰ ਵੀ ਚੁੱਪ ਨੀ ਸੀ ਕਰਦੇ...! ਕਿਸੇ ਸੰਕਟ ਦੇ ਮੌਕੇ ਉਹਨਾਂ ਦੇ ਹੁਕਮਰਾਨ ਜੇ ਬਾਹਰ ਨਿਕਲਣ ਵਾਸਤੇ ਮਨ੍ਹਾਂ ਕਰਦੇ ਸੀ, ਤਾਂ ਨੀ ਸੀ ਮੰਨਦੇ, ਜੇ ਧਾਰਮਿਕ ਆਗੂ ਕੋਈ ਹੁਕਮਨਾਮਾ ਜਾਰੀ ਕਰਦੇ, ਤਾਂ ਨੀ ਸੀ ਮੰਨਦੇ, ਬੜੀ ਜਿੱਦੀ ਤੇ ਮਚਲੀ ਪ੍ਰਜਾਤੀ ਸੀ...! ਆਪਣੇ 'ਚੋਂ ਕੋਈ ਘਾਹ ਖਾਂਦੈ, ਤੇ ਕੋਈ ਮਾਸ, ਤੇ ਮਾਨੁੱਖ ਪ੍ਰਜਾਤੀ ਕੁਛ ਵੀ ਨੀ ਸੀ ਛੱਡਦੀ...! ਘਾਹ ਫ਼ੂਸ ਸਲਾਦ ਕਹਿ ਕੇ ਛਕੀ ਜਾਂਦੀ ਸੀ, ਤੇ ਮਾਸ ਅਖੇ ਕੋਈ ਬਿਮਾਰੀ ਨੀ ਲੱਗਣ ਦਿੰਦਾ...! ਆਪਾਂ ਕੁੱਕੜ ਦੀ ਬਾਂਗ ਨਾਲ਼ ਉਠਦੇ ਐਂ, ਤੇ ਮਾਨੁੱਖ ਪ੍ਰਜਾਤੀ ਕੁੱਕੜਾਂ ਨੂੰ ਆਪਸ 'ਚ ਲੜਾ-ਲੜਾ ਕੇ ਲਹੂ ਲੁਹਾਣ ਕਰਵਾ ਦਿੰਦੀ ਸੀ...! ਕੁੱਤਾ ਉਹਨਾਂ ਦੇ ਵੱਡੇ-ਵਡੇਰਿਆਂ ਵਿੱਚ ਸਭ ਤੋਂ ਵਫ਼ਾਦਾਰ ਜਾਨਵਰ ਮੰਨਿਆਂ ਜਾਂਦਾ ਸੀ, ਉਹ ਕੁੱਤਿਆਂ ਦੀਆਂ ਵੀ ਆਪਸ 'ਚ ਲੜਾਈਆਂ ਕਰਵਾਉਣ ਲੱਗ ਪਏ, ਤੇ ਹੋਰ ਸੁਣ, ਇਨਾਮ ਜਿੱਤਣ ਵਾਸਤੇ ਬਲ਼ਦਾਂ ਦੀਆਂ ਦੌੜਾਂ ਕਰਵਾਉਂਦੇ, ਮਾਰ-ਮਾਰ ਛਮਕਾਂ ਤੇ ਲਾ ਕੇ ਤਿੱਖੀਆਂ ਆਰਾਂ, ਬਿਚਾਰੇ ਬਲ਼ਦਾਂ ਨੂੰ ਮੱਛੀਓਂ ਮਾਸ ਕਰ ਦਿੰਦੇ ਸੀ...!"

-"ਕਮਾਲ ਐ...! ਫ਼ੇਰ ਤਾਂ ਬੜੇ ਅਜੀਬ ਪ੍ਰਜਾਤੀ ਸੀ...!" ਬੱਚਾ ਬੋਲਿਆ।

-"ਪਹਿਲਾਂ ਆਪਣੇ ਊਠਾਂ, ਬਲ਼ਦਾਂ ਤੇ ਹਾਥੀਆਂ ਤੋਂ ਖੇਤਾਂ ਤੇ ਜੰਗਲਾਂ ਵਿੱਚ ਕੰਮ ਲਿਆ ਜਾਂਦਾ ਸੀ, ਓਦੋਂ ਉਹ ਪ੍ਰਜਾਤੀ ਸੁਖਾਲ਼ੀ ਵੀ ਸੀ, ਪਰ ਫ਼ੇਰ ਉਹਨਾਂ ਨੇ ਕੀ ਕੀਤਾ...? ਆਪਸ ਵਿੱਚ ਲੜਨ ਲੱਗਪੇ, ਤੇ ਜਿਹੜੇ ਹਾਥੀ-ਘੋੜ੍ਹੇ ਇਹਨਾਂ ਦੇ ਖੇਤਾਂ 'ਚ ਕੰਮ ਆਉਂਦੇ ਸੀ, ਉਹਨਾਂ ਨੂੰ ਪਿਆ ਕੇ ਨਸ਼ਾ, ਜੰਗਾਂ ਯੁੱਧਾਂ 'ਚ ਵਰਤਣ ਲੱਗ ਪਏ...! ਸਾਡਾ ਸ਼ੇਰਾਂ ਦਾ ਕਬੀਲਾ ਅੱਗ ਤੋਂ ਕਿੰਨਾਂ ਡਰਦੈ, ਤੇ ਉਹ ਸਾਡੇ ਦਾਦੇ-ਪੜਦਾਦਿਆਂ ਨੂੰ ਸਰਕਸਾਂ ਦੇ ਵਿੱਚ ਅੱਗ ਦੇ ਗੋਲ਼ਿਆਂ ਵਿੱਚ ਦੀ ਟਪਾਉਣ ਲੱਗ ਪਏ...!"

-"ਤੇ ਆਪਣੇ ਬਜ਼ੁਰਗ ਚੁੱਪ-ਚਾਪ ਟੱਪੀ ਗਏ...?" ਬੱਚੇ ਨੇ ਪੁੱਛਿਆ, "ਉਹਨਾਂ ਨੇ ਕੋਈ ਵਿਦਰੋਹ ਜਾਂ ਕੋਈ ਵਿਰੋਧਤਾ ਨੀ ਕੀਤੀ...?"

-"ਤੈਨੂੰ ਦੱਸਿਆ ਤਾਂ ਹੈ...? ਇਹ ਮਾਨੁੱਖ ਪ੍ਰਜਾਤੀ ਬੜੀ ਬੇਰਹਿਮ ਸੀ ਪੁੱਤ ਮੇਰਿਆ, ਜੇ ਆਪਣੇ ਪਿਉ ਦਾਦੇ ਅੱਗ ਵਿੱਚ ਦੀ ਨਾ ਟੱਪਦੇ, ਉਹਨਾਂ ਨੂੰ ਭੁੱਖਾ ਰੱਖਦੇ, ਛਾਂਟੇ ਮਾਰਦੇ, ਤਸੀਹੇ ਦਿੰਦੇ, ਬਿਜਲੀਆਂ ਲਾਉਂਦੇ...! ਇੱਕ ਬਿਜਲੀ ਹੁੰਦੀ ਦੱਸਦੇ ਸੀ, ਉਹਦੀ ਇੱਕ ਸ਼ਾਟ ਕਹਿੰਦੇ ਸੌ ਛਾਂਟੇ ਜਿੰਨੀ ਤਕਲੀਫ਼ ਦਿੰਦੀ ਸੀ, ਡਰਦਾ ਜਾਨਵਰ ਕੀ ਨੀ ਕਰਦਾ ਪੁੱਤ...? ਮਜਬੂਰੀ ਦਾ ਨਾਂ ਮਾਸੀ ਹੁੰਦੈ...!" ਸ਼ੇਰ ਦੇ ਸੱਚਾਈ ਦੱਸਣ 'ਤੇ ਸਭ ਨੇ ਇੱਕ ਹਾਉਕਾ ਜਿਹਾ ਲਿਆ। ਕਈ ਜਾਨਵਰਾਂ ਅੰਦਰੋਂ ਵਿਦਰੋਹ ਦਾ ਉਬਾਲ਼ਾ ਵੀ ਉਠਿਆ, ਪਰ ਬਾਦਸ਼ਾਹ ਨੇ ਆਪਣੀ ਗੱਲ ਜਾਰੀ ਰੱਖੀ।

-"ਇਹਨਾਂ ਦਾ ਇੱਕ ਤਿਉਹਾਰ ਆਉਂਦਾ ਸੀ, ਦੀਵਾਲ਼ੀ...! ...ਤੇ ਇੱਕ ਆਉਂਦਾ ਸੀ ਨਵਾਂ ਸਾਲ਼...! ਓਸ ਦਿਨ ਇਹ ਬੜੀ ਸਿੰਗ-ਮਿੱਟੀ ਚੱਕਦੇ, ਬੜੀ ਧਮੱਚੜ ਮਚਾਉਂਦੇ...! ਓਸ ਦਿਨ ਪਤਾ ਨੀ ਕਾਹਦੇ ਨਾਲ਼ ਬੰਬ ਧਮਾਕੇ ਕਰਦੇ, ਅੱਧੇ ਪੰਛੀ ਪ੍ਰਦੂਸ਼ਣ ਨਾਲ਼, ਤੇ ਕਈ ਧਮਾਕਿਆਂ ਦੇ ਸਹਿਮ ਨਾਲ਼ ਹੀ ਮਰ ਜਾਂਦੇ, ਜਿਹੜਾ ਵਾਤਾਵਰਣ ਗੰਧਲ਼ਾ ਹੁੰਦਾ ਸੀ, ਉਹ ਹੋਰ ਵੀ ਡਰਾਉਣਾ ਸੀ...! ਉਹਨਾਂ ਨਾਲ਼ ਇਸ ਪ੍ਰਜਾਤੀ ਦੇ ਆਬਦੇ ਲੋਕਾਂ ਨੂੰ ਵੀ ਸਾਹ, ਦਮੇਂ ਤੇ ਫ਼ੇਫ਼ੜਿਆਂ ਦੇ ਕੈਂਸਰ ਵਰਗੇ ਭਿਆਨਕ ਰੋਗ ਚਿੰਬੜਦੇ ਸੀ...! ....ਤੇ ਆਹ ਸਾਡੇ ਵਫ਼ਾਦਾਰ ਕੁੱਤੇ ਭਰਾ ਓਸ ਦਿਨ ਧਮਾਕਿਆਂ ਤੋਂ ਡਰਦੇ ਰੋਹੀਆਂ ਨੂੰ ਚੜ੍ਹ ਜਾਂਦੇ...!"

-"........................।"

-"ਫ਼ੇਰ...! ਫ਼ੇਰ ਪੁੱਤ ਇਹਨਾਂ ਨੇ ਕਾਢਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਕਿਧਰੇ ਇੰਜਣ, ਕਿੱਧਰੇ ਟਰੈਕਟਰ, ਕਿੱਧਰੇ ਕੰਬਾਈਨਾਂ, ਕਿੱਧਰੇ ਬੱਸਾਂ, ਕਿੱਧਰੇ ਰੇਲਾਂ, ਕਿੱਧਰੇ ਸਮੁੰਦਰੀ ਜਹਾਜ਼, ਕਿੱਧਰੇ ਹਵਾਈ ਜਹਾਜ਼, ਇਹ ਸਾਰਾ ਕੁਛ ਉਹਨਾਂ ਦੇ ਵਾਤਾਵਰਣ ਨੂੰ ਪੁਲੀਤ ਕਰਨ ਵਿੱਚ ਪੂਰਾ ਸਹਾਈ ਹੋਇਆ, ਤੇ ਫ਼ੇਰ ਹਰੀ ਕ੍ਰਾਂਤੀ ਦੇ ਨਾਂ ਹੇਠ ਇਹਨਾਂ ਨੇ ਜ਼ਹਿਰੀਲੀਆਂ ਖਾਦਾਂ ਤੇ ਸਪਰੇਆਂ ਦੀ ਵਰਤੋਂ ਆਰੰਭੀ, ਤੇ ਸੋਨਾਂ ਉਗਲਣ ਵਾਲ਼ੀ ਉਪਜਾਊ ਜ਼ਮੀਨ ਬਾਰੂਦ ਵਰਗੀ ਬਣਾ ਕੇ ਰੱਖਤੀ, ਤੇ ਉਸ ਜ਼ਹਿਰੀਲੀ ਧਰਤੀ ਦਾ ਅਨਾਜ ਖਾਣ ਨਾਲ਼ ਲੋਕਾਂ ਨੂੰ ਭਾਂਤ-ਭਾਂਤ ਦੀਆਂ ਖ਼ਤਰਨਾਕ ਬਿਮਾਰੀਆਂ ਨਾ ਆ ਘੇਰਿਆ....!"

-"ਕਿਹੋ ਜੀਆਂ ਬਿਮਾਰੀਆਂ ਬਾਪੂ ਜੀ...?"

-"ਭਾਈ ਉਹਨਾਂ ਦੀਆਂ ਤਾਂ ਬਿਮਾਰੀਆਂ ਵੀ ਅਵੱਲੀਆਂ ਈ ਦੱਸਦੇ ਸੀ, ਕਿਤੇ ਪਲੇਗ, ਚੇਚਕ, ਸਵਾਈਨ ਫਲੂ, ਏਡਜ਼, ਕੈਂਸਰ, ਕਾਲ਼ਾ ਪੀਲ਼ੀਆ, ਐਰਾ-ਬਗੈਰਾ.... ਲਟਰਮ-ਪਟਰਮ...! ਫ਼ੇਰ ਬਿਮਾਰੀਆਂ ਤੋਂ ਬਾਅਦ ਵਾਇਰਸ ਆਉਣ ਲੱਗਪੇ...! ਉਹਨਾਂ ਨੇ ਪੁੱਤ ਤਬਾਹੀ ਮਚਾਈ ਫ਼ੇਰ ਪੂਰੀ...! ਜਿਹੜੇ ਇੱਕ ਦੂਜੇ ਨਾਲ਼ ਰਲ਼ ਕੇ ਗਿੱਧੇ ਭੰਗੜੇ ਪਾਉਂਦੇ ਸੀ, ਓਸੇ ਬੰਦੇ ਤੋਂ ਬੰਦਾ ਦੈਂਤ ਵਾਂਗੂੰ ਡਰਨ ਲੱਗ ਪਿਆ ਤੇ ਤਮਾਮ ਜਨਤਾ ਵਾਇਰਸ ਤੋਂ ਡਰਦੀ ਕੀੜਿਆਂ ਵਾਲ਼ੇ ਕੁੱਤੇ ਵਾਂਗੂੰ ਅੰਦਰ ਜਾ ਲੁਕੀ....!"

-".......................।" ਸਾਰੇ ਸਾਹ ਰੋਕ ਕੇ ਸੁਣ ਰਹੇ ਸਨ।

-"ਇਸ ਪ੍ਰਜਾਤੀ ਨੇ ਹੋਰ ਵੀ ਦਿਲ ਹਿਲਾਊ, ਤੇ ਅਣ-ਮਾਨੁੱਖੀ ਕੁਰੀਤੀਆਂ ਕੀਤੀਆਂ...! ਲੱਖਾਂ ਕੁੜੀਆਂ ਕੁੱਖਾਂ 'ਚ ਮਾਰੀਆਂ, ਹਜ਼ਾਰਾਂ ਦਾਜ ਕਰ ਕੇ ਸਾੜੀਆਂ...! ਹੋਰ ਦੇਖੋ, ਆਪਾਂ ਨੂੰ ਇਹ ਪ੍ਰਜਾਤੀ "ਜਾਨਵਰ" ਤੇ "ਜਾਹਲ੍ਹ" ਦੱਸਦੀ ਰਹੀ ਐ, ਪਰ ਸਾਡੇ ਵਿੱਚ ਸਮਲਿੰਗੀ ਵਰਤਾਰਾ ਕਿਤੇ ਵੀ ਦੇਖਣ ਨੂੰ ਨੀ ਮਿਲ਼ਦਾ, ਤੇ ਨਾ ਕਦੇ ਮਿਲੇਗਾ...! ਪਰ ਮਾਨੁੱਖ ਪ੍ਰਜਾਤੀ ਵਿੱਚ ਸਮਲਿੰਗੀ ਦੀ ਪ੍ਰਵਿਰਤੀ ਰਹੀ ਹੈ, ਔਰਤ ਨਾਲ਼ ਔਰਤ, ਤੇ ਬੰਦੇ ਨਾਲ਼ ਬੰਦਾ "ਸੰਗ" ਕਰਦਾ ਰਿਹੈ...!"

-"ਦੁਰ ਫ਼ਿੱਟ੍ਹੇ ਮੂੰਹ....!" ਮਾਣੋਂ ਬਿੱਲੀ ਬੋਲੀ, "ਇਹ ਤਾਂ ਬੜੀ ਬੇਸ਼ਰਮ ਤੇ ਬੇਲੱਜ ਪ੍ਰਜਾਤੀ ਐ....!"

-"ਸੁਣ ਮਾਸੀ....! ਇਹ ਪ੍ਰਜਾਤੀ ਥੋਡੇ ਕਬੀਲੇ ਤੋਂ ਬੜੀ ਡਰਦੀ ਸੀ...!" ਸ਼ੇਰ ਬਿੱਲੀ ਨੂੰ ਸੰਬੋਧਨ ਹੁੰਦਾ ਉਚੀ-ਉਚੀ ਹੱਸਿਆ।
-"ਅੱਛਾ ਮਹਾਰਾਜ...?" ਬਿੱਲੀ ਘੋਰ ਹੈਰਾਨ ਸੀ। ਉਸ ਨੇ ਅੱਖਾਂ ਮਟਕਾ ਕੇ ਮੜਕ ਵਾਲ਼ੇ ਅੰਦਾਜ਼ ਨਾਲ਼ ਪੁੱਛਿਆ ਸੀ।
-"ਜਦੋਂ ਕੋਈ ਬਿੱਲੀ ਰਾਹ ਕੱਟ ਜਾਂਦੀ ਸੀ, ਵੱਡੇ-ਵੱਡੇ ਖੱਬੀ ਖਾਨ ਡਰ ਕੇ ਘਰ ਨੂੰ ਮੁੜ ਜਾਂਦੇ ਸੀ...!"
-"ਲੈ....! ਫ਼ੇਰ ਤਾਂ ਮੈਨੂੰ ਵੀ ਮਾਣ ਐਂ, ਕਿ ਸਾਡੇ ਕੋੜਮੇਂ ਕਬੀਲੇ ਤੋਂ ਵੀ ਕੋਈ ਡਰਿਆ ਮਹਾਰਾਜ...!" ਆਕੜ ਵਿੱਚ ਬਿੱਲੀ ਦੀ ਪੂਛ ਡੰਡੇ ਵਾਂਗ ਖੜ੍ਹੀ ਹੋ ਗਈ ਅਤੇ ਉਸ ਨੇ ਢਾਕ ਮਰੋੜ ਕੇ ਨਖਰਾ ਕੀਤਾ।

-"ਉਹ ਪ੍ਰਜਾਤੀ ਹੱਥੀਂ ਕਿਰਤ ਕਰਨ ਨਾਲੋਂ, ਹੱਥਾਂ ਦੀਆਂ ਜਾਂ ਮੱਥੇ ਦੀਆਂ ਲਕੀਰਾਂ 'ਤੇ ਬਹੁਤਾ ਇਤਬਾਰ ਕਰਦੀ ਸੀ...! ਇਹ ਪ੍ਰਜਾਤੀ ਤਰਕ ਨਾਲ਼ ਘੱਟ ਸੋਚਦੀ ਸੀ, ਤੇ ਸੁਪਨਿਆਂ ਵਿੱਚ ਜ਼ਿਆਦਾ ਜਿਉਂਦੀ ਸੀ...!"

-"ਪਰ ਮਹਾਰਾਜ, ਇਹ ਖ਼ਤਮ ਕਿਵੇਂ ਹੋਈ....?"

-"ਇਹਨਾਂ ਦੀ ਪ੍ਰਜਾਤੀ ਵਿੱਚ ਇੱਕ "ਧਰਮ" ਨਾਂ ਦਾ ਸੰਕਲਪ ਸੀ, ਪੁੱਤ....! ਓਹਨੇ ਇਹਨਾਂ ਦਾ ਓਹ ਸੱਤਿਆਨਾਸ ਕੀਤਾ, ਰਹੇ ਰੱਬ ਦਾ ਨਾਂ....! ਓਨਾਂ ਨੁਕਸਾਨ ਇਹਨਾਂ ਦਾ ਜੰਗਾਂ ਯੁੱਧਾਂ ਨੇ ਨੀ ਕੀਤਾ, ਜਿੰਨਾਂ ਇਹਨਾਂ ਦੇ "ਧਰਮ" ਨੇ ਕੀਤਾ। ਸਿਰੇ ਦੇ ਪਾਖੰਡੀਆਂ ਅਤੇ ਮੌਕਾਪ੍ਰਸਤਾਂ ਨੇ ਉਸ ਧਰਮ ਦੇ ਸੰਕਲਪ ਦਾ ਰੱਜ ਕੇ "ਲਾਹਾ" ਲਿਆ, ਇਸ ਦੀ ਆੜ ਹੇਠ ਆਬਦੀ ਨਸਲ ਦਾ ਈ ਘਾਣ ਕਰਦੇ ਰਹੇ, ਬੜਾ ਵੱਢਾਂਗਾ ਕੀਤਾ ਇਹਨਾਂ ਨੇ ਆਪਸ ਵਿੱਚ...! ਅਕਲ ਦੀ ਅੰਨ੍ਹੀ ਵੀ ਬਹੁਤ ਸੀ ਇਹ ਪ੍ਰਜਾਤੀ....! ਇੱਕ ਵਾਰੀ ਕਿਸੇ ਨੇ ਇਹਨਾਂ ਦੀ ਰਾਣੀ ਮਾਰਤੀ ਦਿੱਲੀ 'ਚ, ਬੱਸ ਫ਼ੇਰ ਕੀ ਸੀ....? ਤਿੰਨ-ਚਾਰ ਹਜ਼ਾਰ ਆਬਦੀ ਨਸਲ ਦਾ ਬੰਦਾ ਜਿਉਂਦਾ ਈ ਫ਼ੂਕਤਾ....!"

-"ਜਿਉਂਦਾ....? ਫ਼ੂਕਤਾ....??" ਬੱਚਾ ਫ਼ਿਰ ਕੁਰਲਾ ਉਠਿਆ।

-"ਓਏ ਪੁੱਤਰਾ, ਤੈਨੂੰ ਦੱਸਿਆ ਤਾਂ ਹੈ ਬਈ ਇਹ ਪ੍ਰਜਾਤੀ ਤਾਂ ਬੜੀ ਬੇਦਰਦ ਤੇ ਲਹੂ ਪੀਣੀਂ ਸੀ...! ਉਹਨਾਂ ਨੇ ਤਾਂ ਕੀ ਮਿਜ਼ਾਈਲਾਂ, ਕੀ ਘਾਤਕ ਹਥਿਆਰ, ਕੀ ਪ੍ਰਮਾਣੂੰ ਬੰਬ ਬਣਾ-ਬਣਾ ਕੇ ਅਗਲੀ ਪੀੜ੍ਹੀ ਦੇ ਰਾਹ 'ਚ ਬੜੇ ਕੰਡੇ ਬੀਜੇ, ਕੋਈ ਦਰੱਖ਼ਤ ਨੀ ਵੱਢਣ ਵੱਲੋਂ ਛੱਡਿਆ, ਧਰਤੀ ਦਾ ਸੁਹੱਪਣ ਤੇ ਕੁਦਰਤੀ ਵਸੀਲੇ ਤਬਾਹ ਕਰਤੇ, ਕੁਦਰਤ ਨਾਲ਼ ਵੈਰ ਵਿੱਢੀ ਰੱਖਿਆ, ਕੋਈ ਜੰਗਲ ਬੇਲਾ, ਝੀਲ-ਨਦੀ ਨੀ ਸਾਫ਼-ਸੁੱਚੀ ਰਹਿਣ ਦਿੱਤੀ, ਸਭ ਗੰਧਲ਼ੇ ਕਰ ਮਾਰੇ...! ਸਾਡੇ ਦਾਦੇ-ਪੜਦਾਦਿਆਂ ਦਾ ਇਹਨਾਂ ਨੇ ਸ਼ੌਕ ਪੂਰੇ ਕਰਨ ਵਾਸਤੇ ਸ਼ਿਕਾਰ ਕੀਤਾ...! ਆਪਾਂ ਓਦੋਂ ਕੋਈ ਸ਼ਿਕਾਰ ਮਾਰਦੇ ਆਂ, ਜਦੋਂ ਢਿੱਡ ਦੀ ਭੁੱਖ ਸਤਾਉਂਦੀ ਐ...! ਪਰ ਉਹ ਪ੍ਰਜਾਤੀ ਤਾਂ ਆਪਦੇ ਅਵੱਲੇ ਸ਼ੌਕ ਪੂਰਨ ਵਾਸਤੇ ਅੰਨ੍ਹੇਵਾਹ ਸ਼ਿਕਾਰ ਕਰਦੀ ਸੀ...! ਕੀ ਸ਼ੇਰ, ਕੀ ਸੱਪ, ਤੇ ਕੀ ਹੋਰ ਜਾਨਵਰ, ਮਾਰ-ਮਾਰ ਆਪਦੇ ਤਨ ਸਜਾਉਣ ਵਾਸਤੇ ਉਹਨਾਂ ਦੀਆਂ ਖੱਲਾਂ ਲਾਹੁੰਦੀ ਤੇ ਵਪਾਰ ਕਰਦੀ ਸੀ...!"

-"ਆਖਰ ਇਹਨਾਂ ਦਾ ਅੰਤ ਕਿਵੇਂ ਹੋਇਆ, ਬਾਪੂ ਜੀ...?"

-"ਵਹਿਮ-ਭਰਮ, ਅੰਨ੍ਹੀ ਸ਼ਰਧਾ, ਅੰਨ੍ਹਾਂ ਆਗੂ, ਮੂਰਖ ਪ੍ਰਜਾ, ਪਿਛਲੱਗ ਲਾਣਾਂ, ਆਵੇਸਲ਼ਾਪਣ, ਲਾਪ੍ਰਵਾਹੀ ਤੇ ਵਿਸ਼ਵਾਸਘਾਤ, ਇਹ ਸਭ ਬਹੁਤ ਘਾਤਕ ਚੀਜ਼ਾਂ ਨੇ...! ਨਿਰੀ ਤਬਾਹੀ...! ਪੁੱਤ, ਜਦੋਂ ਕੋਈ ਆਪਣੇ ਵੱਡ-ਵਡੇਰਿਆਂ, ਦੇਵੀ-ਦੇਵਤਿਆਂ ਤੇ ਪੀਰਾਂ ਫ਼ਕੀਰਾਂ ਦੀਆਂ ਗੱਲਾਂ ਨਾ ਮੰਨੇ, ਤੇ ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ ਵਰਗੇ ਪ੍ਰਚਾਰਕਾਂ ਮਗਰ ਅੰਨ੍ਹੇਵਾਹ ਲੱਗ ਤੁਰੇ, ਆਪਦੇ ਰਹਿਬਰਾਂ ਦੇ ਉਪਦੇਸ਼ ਦੇ ਬਿਲਕੁਲ ਉਲਟ ਚੱਲੇ, ਓਦੋਂ ਬੰਦੇ ਦਾ ਅੰਤ ਆਉਂਦੈ, ਤੇ ਅੰਤ ਆਉਂਦਾ ਵੀ ਭੈੜ੍ਹੈ...! ਇਹਨਾਂ ਨੇ ਕਾਦਰ ਦੀ ਕੁਦਰਤ, ਤੇ ਕੁਦਰਤੀ ਵਸੀਲਿਆਂ ਨਾਲ਼ ਮੁਹੱਬਤ ਛੱਡ ਕੇ ਮਸ਼ੀਨਰੀ ਤੇ ਕੰਪਿਊਟਰ ਯੁੱਗ ਨਾਲ਼ ਪ੍ਰੇਮ ਪਾ ਲਿਆ...! ਇੱਕ ਓਦੋਂ ਕਹਿੰਦੇ ਮੋਬਾਇਲ ਫ਼ੋਨ ਆਏ ਸੀ...!"

-"ਉਹ ਕੀ ਸੀ ਬਾਪੂ ਜੀ...?"

-"ਕੋਈ ਦੂਰੋਂ ਗੱਲ ਕਰਨ ਆਲ਼ਾ ਵਿਕਲਪ ਜਿਹਾ ਹੁੰਦਾ ਸੀ, ਜੀਹਦੇ 'ਚ ਮੂਰਤ ਵੀ ਦਿਸਦੀ ਸੀ, ਕਹਿੰਦੇ ਸਾਰਾ ਟੱਬਰ ਓਹਦੇ ਵਿੱਚ ਹੀ ਸਿਰ ਘਸੋਈ ਬੈਠਾ ਰਹਿੰਦਾ ਸੀ, ਜਿਵੇਂ ਹੁਣ ਆਪਾਂ ਬੈਠੇ ਗੱਲਾਂ ਕਰਦੇ ਐਂ, ਉਹ ਤਾਂ ਮੈਨੂੰ ਮੈਦ ਐ ਬਈ ਹਫ਼ਤੇ 'ਚ ਐਨੀਆਂ ਗੱਲਾਂ ਨੀ ਕਰਦੇ ਹੋਣੇ...? ਆਬਦੀਆਂ ਨਿਰਮਲ ਨਦੀਆਂ ਵਿੱਚ ਫ਼ੈਕਟਰੀਆਂ ਦਾ ਜ਼ਹਿਰੀਲਾ ਪਾਣੀ ਪਾਉਣਾ, ਜੰਗਲਾਂ ਦੇ ਜੰਗਲ ਤਬਾਹ ਕਰ ਦੇਣੇ, ਪਰਾਲ਼ੀ ਫ਼ੂਕ-ਫ਼ੂਕ ਵਾਤਾਵਰਣ ਪ੍ਰਦੂਸ਼ਤ ਕਰ ਕੇ ਉਸ ਪ੍ਰਜਾਤੀ ਨੇ ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਸੁਨਿਹਰੇ ਭਵਿੱਖ ਨੂੰ ਲਾਂਬੂ ਲਾਇਆ, ਤੇ ਉਹਨਾਂ ਦੇ ਹੁਕਮਰਾਨ ਤਮਾਸ਼ਬੀਨ ਬਣੇ ਰਹੇ...।"

-"ਤੇ ਨਵੀਂ ਪੀੜ੍ਹੀ ਨੇ ਉਹਨਾਂ ਨੂੰ ਰੋਕਿਆ ਨੀ ਬਾਪੂ ਜੀ...?"

-"ਪੁੱਤ, ਉਹਨਾਂ ਦੇ ਹੁਕਮਰਾਨ ਈ ਭ੍ਰਿਸ਼ਟ ਤੇ ਬੇਈਮਾਨ ਸੀ, ਈਮਾਨਦਾਰੀ ਤਾਂ ਉਹਨਾਂ ਦੇ ਨੇੜੇ-ਤੇੜੇ ਨੀ ਸੀ...! ਨਵੀਂ ਪੀੜ੍ਹੀ ਨੂੰ ਸ਼ੌਕੀਨ, ਐਸ਼ੀ ਪੱਠੇ ਤੇ ਬੇਗ਼ੈਰਤ ਬਣਾਉਣ ਵਾਸਤੇ ਨਵੀਆਂ-ਨਵੀਆਂ ਸ਼ਰਾਬਾਂ, ਤੇ ਨਵੇਂ-ਨਵੇਂ ਨਸ਼ੇ ਉਪਲੱਭਦ ਕਰਵਾਏ ਗਏ...! ਸ਼ਰਾਬ, ਸ਼ਬਾਬ ਤੇ ਕਬਾਬ ਦੀ ਸ਼ਰੇਆਮ ਜਨਤਕ ਤੌਰ 'ਤੇ ਖੁੱਲ੍ਹ ਦਿੱਤੀ ਗਈ...! ਕਦੇ ਉਹਨਾਂ ਨੂੰ ਅੱਤਵਾਦੀ ਕਹਿ ਕੇ ਮਾਰਦੇ ਰਹੇ, ਤੇ ਕਦੇ ਖ਼ੁਦ ਨਸ਼ੇ ਦੇ ਸੌਦਾਗਰ ਬਣ ਕੇ ਨਸ਼ਿਆਂ ਦੀ ਦਲਦਲ ਵਿੱਚ ਧੱਕਦੇ ਰਹੇ...! ਉਹਨਾਂ ਨੂੰ ਰੁਜ਼ਗਾਰ ਦੇਣ ਬਾਰੇ ਤਾਂ ਕਿਸੇ ਹੁਕਮਰਾਨ ਨੇ ਨਾ ਸੋਚਿਆ, ਉਹਨਾਂ ਨੂੰ ਮਾਰਨ, ਜਾਂ ਦਿਸ਼ਾਹੀਣ ਕਰਨ ਵਾਸਤੇ ਅਰਬਾਂ-ਖਰਬਾਂ ਦਾ ਸਰਮਾਇਆ ਖਰਚਦੇ ਰਹੇ...! ਨਸ਼ੇ 'ਚ ਗਰਕ ਹੋਈ ਨਵੀਂ ਪੀੜ੍ਹੀ ਨੇ ਕੀ ਸੋਚਣਾ ਸੀ, ਤੇ ਕੀ ਰੋਕਣਾ ਸੀ...? ਜਿੱਥੇ ਆਪਾਂ ਹੁਣ ਬੈਠੇ ਆਂ, ਇਹ ਪੰਜਾਬ ਦੀ ਧਰਤੀ ਸੀ, ਬੜੀ ਊਪਜਾਊ ਤੇ ਸੋਨੇ ਵਰਗੀ ਧਰਤੀ...! ਐਥੋਂ ਦੇ ਲੋਕ ਐਨੇ ਭੋਲ਼ੇ, ਲਾਈਲੱਗ ਤੇ ਲਕੀਰ ਦੇ ਫ਼ਕੀਰ ਸੀ, ਕਿ ਠੱਗ ਸਿਆਸਤਦਾਨਾਂ ਨੂੰ ਤਿੰਨ-ਤਿੰਨ ਪੀੜ੍ਹੀਆਂ ਵੋਟਾਂ ਪਾ ਕੇ ਜਿਤਾਉਂਦੇ ਰਹੇ, ਨਾਲ਼ੇ ਪਤਾ ਸੀ ਬਈ ਸਾਨੂੰ ਵੱਢਣ ਵਾਲ਼ੇ ਕੁਹਾੜ੍ਹੇ ਦਾ ਦਸਤਾ ਇਹੀ ਆਗੂ ਬਣਦੇ ਨੇ...! ਇਸ ਸੂਬੇ ਦੇ ਨੌਜਵਾਨ ਜਾਂ ਤਾਂ ਮਾਰ ਦਿੱਤੇ, ਜਾਂ ਜੇਲ੍ਹੀਂ ਡੱਕ ਦਿੱਤੇ, ਤੇ ਜਾਂ ਕੁਲਹਿਣੇ ਤਰੀਕੇ ਵਰਤ ਕੇ ਨਸ਼ਿਆਂ ਤੇ ਅਯਾਸ਼ੀ ਵਿੱਚ ਮਸਤ ਕਰ ਦਿੱਤੇ...! ਜਦੋਂ ਜਵਾਨੀ ਨਸ਼ੇ ਵਿੱਚ ਗਰਕ ਕੇ ਅੱਯਾਸ਼ੀ ਵਿੱਚ ਪੈ ਜਾਵੇ, ਫ਼ੇਰ ਉਸ ਪ੍ਰਜਾਤੀ ਨੂੰ ਕੌਣ ਬਚਾ ਸਕਦੈ, ਪੁੱਤ....? ਜਿਹੜੀ ਪ੍ਰਜਾਤੀ ਆਪਦੇ ਗੁਰੂਆਂ, ਪੀਰਾਂ, ਦੇਵੀ-ਦੇਵਤਿਆਂ ਦੀ ਗੱਲ ਨੀ ਮੰਨਦੀ, ਕੁਦਰਤ ਤੇ ਕੁਦਰਤ ਦੇ ਵਸੀਲਿਆਂ ਦੀ ਕਦਰ ਤੇ ਉਹਨਾਂ ਦਾ ਸਤਿਕਾਰ ਨਹੀਂ ਕਰਦੀ, ਉਹ ਪ੍ਰਜਾਤੀ ਕਿੰਨਾਂ ਕੁ ਚਿਰ ਜੀਊਗੀ...? ਜੇ ਜੀਊਗੀ, ਤਾਂ ਹਿਸਾਬ ਲਾ ਲਓ ਕਿ ਕਿਸ ਹਾਲਤ ਵਿੱਚ ਜੀਊਗੀ...?"

-"ਉਹ ਪ੍ਰਜਾਤੀ ਹੁਣ ਵੀ ਕਦੇ ਆਊਗੀ, ਬਾਪੂ ਜੀ...?"

-"ਐਹੋ ਜੀ ਪ੍ਰਜਾਤੀ ਤੋਂ ਬਿਨਾ ਕੀ ਥੁੜਿਆ ਪਿਐ....? ਐਹੋ ਜੀ ਤਾਂ ਨਾ ਈ ਆਵੇ...!" ਬਿੱਲੀ ਮਾਸੀ ਨਿਰਾਸ਼ਾ ਵਿੱਚ ਸਿਰ ਫ਼ੇਰੀ ਜਾ ਰਹੀ ਸੀ। ਬਿੱਲੀ ਦੀ ਗੱਲ ਸੁਣ ਕੇ ਬਾਂਦਰ ਉਚੀ-ਉਚੀ ਹੱਸ ਪਿਆ।

-"ਕਹਿੰਦੇ ਓਸ ਪ੍ਰਜਾਤੀ ਦਾ ਬੰਦਾ ਬਾਂਦਰ ਤੋਂ ਬਣਿਆਂ ਸੀ...!" ਇੱਕ ਪੰਛੀ ਨੇ ਗੱਲ ਸਾਂਝੀ ਕੀਤੀ।
-"ਕੀ ਇਹ ਗੱਲ ਸਹੀ ਐ ਮਹਾਰਾਜ...?" ਬਿੱਲੀ ਦੇ ਕੰਨ ਖੜ੍ਹੇ ਹੋ ਗਏ।
-"ਕਹਿੰਦੇ ਤਾਂ ਇਉਂ ਈ ਐ...!" ਬਾਦਸ਼ਾਹ ਬੋਲਿਆ।
-"ਫ਼ੇਰ ਤਾਂ ਅੱਜ ਵਾਲ਼ੇ ਬਾਂਦਰ ਵੀ ਕਦੇ ਨਾ ਕਦੇ ਬੰਦੇ ਬਣਨਗੇ, ਬਾਪੂ ਜੀ...?" ਬੱਚੇ ਨੇ ਮੁੜ ਸੁਆਲ ਕੀਤਾ।
-"ਬਈ ਪਤਾ ਨੀ...! ਕੁਛ ਕਹਿ ਨੀ ਸਕਦੇ...! ਇਹ ਤਾਂ ਰੱਬ ਈ ਜਾਣੇ...!"
-"ਅਸੀਂ ਤਾਂ ਬਾਂਦਰ ਹੀ ਰਹੀਏ ਭਾਈ...! ਅਸੀਂ ਨੀ ਮਾਨੁੱਖ ਪ੍ਰਜਾਤੀ ਬਣਨਾ...!" ਬਿੱਲੀ ਵੱਲ ਤਿਰਛਾ ਝਾਕ ਕੇ ਬਾਂਦਰ ਬੋਲਿਆ।

-"ਸਾਥੋਂ ਨੀ ਐਨੇ ਪਾਪ ਹੋਣੇ, ਤੇ ਨਾ ਈ ਸਾਥੋਂ ਉਹਨਾਂ ਜਿੰਨੇ ਬੇਕਿਰਕ ਤੇ ਕਸਾਈ ਬਣਿਆਂ ਜਾਣੈ...! ਅਸੀਂ ਤਾਂ ਆਬਦੇ ਬੱਚਿਆਂ ਦੀ ਖਾਤਰ ਜਾਨ ਹੂਲ਼ ਦੇਈਏ...! ਸਾਡੇ ਬਾਰੇ ਤਾਂ ਇਹ ਗੱਲ ਮਸ਼ਹੂਰ ਐ, ਬਈ ਅਸੀਂ ਤਾਂ ਆਬਦਾ ਮਰਿਆ ਵਿਆ ਬੱਚਾ ਵੀ ਸਵਾ ਮਹੀਨਾਂ ਗਲ਼ੋਂ ਨੀ ਲਾਹੁੰਦੇ, ਜਿਉਂਦਿਆਂ ਨਾਲ਼ ਤਾਂ ਕੀ ਗੱਦਾਰੀ ਕਰਨੀ ਸੀ...? ਅਸੀਂ ਤਾਂ ਨੀ ਕਿਸੇ ਸੁਆਰਥ ਵਾਸਤੇ ਆਬਦੇ ਜੁਆਕਾਂ ਦੀ ਰੰਗੀਨ ਜ਼ਿੰਦਗੀ ਨਰਕ ਬਣਾ ਸਕਦੇ ਬਾਦਸ਼ਾਹ ਸਲਾਮਤ, ਸਾਨੂੰ ਤਾਂ ਆਬਦੇ ਰਾਜ 'ਚ ਈ ਨਿਵਾਜੀ ਰੱਖੋ...!" ਬਾਂਦਰੀ ਅੱਖਾਂ ਭਰ ਕੇ ਬੋਲੀ।

-"ਅੱਜ ਸਾਰੇ ਭੈਣਾਂ ਭਰਾਵਾਂ ਨੂੰ ਮੇਰੇ ਵੱਲੋਂ ਦਾਅਵਤ...! ਆਥਣ ਦਾ ਖਾਣਾ ਆਪਾਂ ਸਾਰੇ 'ਕੱਠੇ ਖਾਵਾਂਗੇ...! ਦੀਵੇ ਬਲ਼ਦੇ ਸਾਰ ਹੀ ਤਸ਼ਰੀਫ਼ ਲਿਆਇਓ...! ਨਾਲ਼ੇ ਖਾਣਾ ਖਾਵਾਂਗੇ, ਤੇ ਨਾਲ਼ੇ ਸਾਰੇ ਜੰਗਲ ਵਾਸੀ ਰਲ਼ ਮਿਲ਼ ਕੇ ਭੰਗੜੇ ਪਾਵਾਂਗੇ...!" ਸ਼ੇਰ ਨੇ ਕਿਹਾ ਤਾਂ ਸਾਰੇ ਅਦਬ ਨਾਲ਼ ਉਠੇ ਅਤੇ "ਜੈ-ਜੈ ਕਾਰ" ਕਰਦੇ, ਸਿਰ ਝੁਕਾ ਕੇ ਰਾਹ ਪੈ ਗਏ।
ਰਾਤ ਨੂੰ ਜੰਗਲ ਵਿੱਚ ਮੰਗਲ਼ ਲੱਗਿਆ ਪਿਆ ਸੀ।

 

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
parjati"ਪੁੱਤ, ਕਦੇ ਇੱਕ ਮਾਨੁੱਖ ਪ੍ਰਜਾਤੀ ਹੁੰਦੀ ਸੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ 
ਬੁਰਕੇ ਹੇਠਲਾ ਸੱਚ
ਅਜੀਤ ਸਤਨਾਮ ਕੌਰ, ਲੰਡਨ 
ਸ਼ਹੀਦ
ਡਾ. ਨਿਸ਼ਾਨ ਸਿੰਘ ਰਾਠੌਰ 
ਰਾਈ ਦਾ ਪਹਾੜ
ਗੁਰਪ੍ਰੀਤ ਕੌਰ ਗੈਦੂ, ਯੂਨਾਨ   
078ਬਿਖ਼ਰੇ ਤਾਰਿਆਂ ਦੀ ਦਾਸਤਾਨ
ਅਜੀਤ ਸਤਨਾਮ ਕੌਰ, ਲੰਡਨ 
ਈਰਖਾ ਤੇ ਗੁੱਸਾ
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਤੀਸਰਾ ਨੇਤਰ
ਅਜੀਤ ਸਤਨਾਮ ਕੌਰ, ਲੰਡਨ 
ਉਧਾਰੀ ਮਮਤਾ ਦਾ ਨਿੱਘ
ਅਜੀਤ ਸਤਨਾਮ ਕੌਰ, ਲੰਡਨ 
ਮਸ਼ੀਨੀਮਸ਼ੀਨੀ ਅੱਥਰੂ
ਮਖ਼ਦੂਮ ਟੀਪੂ ਸਲਮਾਨ  
maaਅਣਗੌਲ਼ੀ ਮਾਂ
ਅਜੀਤ ਸਤਨਾਮ ਕੌਰ, ਲੰਡਨ
stationਸਟੇਸ਼ਨ ਦੀ ਸੈਰ
ਅਜੀਤ ਸਿੰਘ ਭੰਮਰਾ, ਫਗਵਾੜਾ
pippalਪਿੱਪਲ ਪੱਤੀ ਝੁਮਕੇ
ਅਜੀਤ ਸਤਨਾਮ ਕੌਰ, ਲੰਡਨ 
ਬਚਪਨ ਦੇ ਬੇਰ
ਅਜੀਤ ਸਿੰਘ ਭੰਮਰਾ
kanjkanਅੱਲਾਹ ਦੀਆਂ ਕੰਜਕਾਂ
ਅਜੀਤ ਸਤਨਾਮ ਕੌਰ, ਲੰਡਨ
"ਮਿਆਊਂ -ਮਿਆਊਂ"
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਖੋਜ
ਅਨਮੋਲ ਕੌਰ, ਕਨੇਡਾ  
athruਬੋਲਦੇ ਅੱਥਰੂ
ਅਜੀਤ ਸਤਨਾਮ ਕੌਰ  
ਚਸ਼ਮ ਦੀਦ ਗੁਵਾਹ
ਰਵੇਲ ਸਿੰਘ ਇਟਲੀ
ਕੂੰਜਾਂ ਦਾ ਕਾਫ਼ਲਾ
ਅਜੀਤ ਸਤਨਾਮ ਕੌਰ  
lahuਇਹ ਲਹੂ ਮੇਰਾ ਹੈ
ਅਜੀਤ ਸਤਨਾਮ ਕੌਰ  
chachaਚਾਚਾ ਸਾਧੂ ਤੇ ਮਾਣਕ
ਬਲਰਾਜ ਬਰਾੜ, ਕਨੇਡਾ
susਸੱਸ ਬਨਾਮ ਮਾਂ
ਰੁਪਿੰਦਰ ਸੰਧੂ, ਮੋਗਾ 
hoshਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
teeyanਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2019,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019,  5abi.com